Thu, 18 April 2024
Your Visitor Number :-   6982181
SuhisaverSuhisaver Suhisaver

ਸਰਵਾਈਕਲ : ਕਿਵੇਂ ਬਚੀਏ -ਡਾ. ਅਨਮੋਲ ਗੁਲਾਟੀ

Posted on:- 04-09-2012

suhisaver

ਅੱਜ-ਕੱਲ੍ਹ ਸਰਵਾਈਕਲ ਸਪੌਂਡੇਲਾਇਟਸ ਹੱਡੀਆਂ ਤੇ ਜੋੜਾਂ ਦੀ ਜਾਂਚ ਦੌਰਾਨ ਸਾਹਮਣੇ ਆਉਣ ਵਾਲੀ ਸਭ ਤੋਂ ਆਮ ਬਿਮਾਰੀ ਹੈ। ਜਦ ਗਰਦਨ ਦੀਆਂ ਮਾਸਪੇਸ਼ੀਆਂ ਅਤੇ ਮੋਢੇ ਦੇ ਕੋਲ ਦਰਦ ਹੁੰਦਾ ਹੈ ਤਾਂ ਹਰ ਕੋਈ ਇਸ ਬਾਰੇ ਹੀ ਸੋਚਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕਸਰਤ ਦੀ ਘਾਟ, ਗਲਤ ਬੈਠਣ ਦੀ ਆਦਤ ਅਤੇ ਤਣਾਅਪੂਰਨ ਕੰਮ ਦੇ ਘੰਟਿਆਂ ਕਰਕੇ ਅਸੀਂ ਇਸ ਸਮੱਸਿਆ ਵੱਲ ਵੱਧ ਰਹੇ ਹਾਂ। ਪਹਿਲਾਂ ਇਹ ਬੁਢਾਪੇ ਦੀ ਬਿਮਾਰੀ ਸਮਝੀ ਜਾਂਦੀ ਸੀ ਪਰ ਹੁਣ ਇਸ ਵਿਚ ਜਵਾਨ ਤੋਂ ਜਵਾਨ ਲੋਕ ਵੀ ਸ਼ਾਮਲ ਹੁੰਦੇ ਜਾ ਰਹੇ ਹਨ। ਆਓ, ਇਸ ਬਾਰੇ ਥੋੜ੍ਹਾ ਹੋਰ ਵਿਸਥਾਰ ਨਾਲ ਜਾਣਦੇ ਹਾਂ।



ਕਾਰਨ

- ਕੰਮ ਦਾ ਵਧੇਰੇ ਲੰਮਾ ਸਮਾਂ।
- ਜ਼ਿਆਦਾ ਬੈਠਣ ਵਾਲਾ ਕੰਮ।
- ਉੱਚੇ ਸਰ੍ਹਾਣੇ ਦਾ ਇਸਤੇਮਾਲ।
- ਬਹੁਤ ਨਰਮ ਜਾਂ ਸਖ਼ਤ ਗੱਦੇ।
- ਤਣਾਅ ਅਤੇ ਘੱਟ ਨੀਂਦ ਆਉਣਾ।
- ਬੈਠਣ ਤੇ ਟੈਲੀਵੀਜ਼ਨ ਦੇਖਣ ਸਮੇਂ ਗਲਤ ਆਸਣ ਦਾ ਹੋਣਾ।
- ਕੋਈ ਪਹਿਲੋਂ ਲੱਗੀ ਹੋਈ ਰੀੜ੍ਹ ਦੀ ਹੱਡੀ ਦੀ ਸੱਟ।
- ਗਰਭ ਅਵਸਥਾ ਸਮੇਂ ਅਤੇ ਡਿਲਵਰੀ ਤੋਂ ਬਾਅਦ ਸਮੱਸਿਆ ਦਾ ਵਧਣਾ।
- ਬੱਚੇ ਨੂੰ ਦੁੱਧ ਪਿਲਾਉਣ ਦੀ ਅਵਸਥਾ ਦੌਰਾਨ ਸਰੀਰ 'ਚ ਆਈਆਂ ਕੁਝ ਹਾਰਮੋਨਾਂ ਦੀਆਂ ਤਬਦੀਲੀਆਂ ਕਰਕੇ।
- ਮਾਈਗਰੇਨ ਦੇ ਰੋਗੀਆਂ 'ਚ।

ਲੱਛਣ
- ਗਰਦਨ ਅਤੇ ਮੋਢਿਆਂ ਦੀਆਂ ਮਾਸਪੇਸ਼ੀਆਂ 'ਚ ਦਰਦ ਅਤੇ ਅਕੜਾਅ ਜੋ ਸਵੇਰ ਵੇਲੇ ਜ਼ਿਆਦਾ ਹੁੰਦਾ ਹੈ।
- ਬਾਂਹ ਦੇ ਉੱਪਰ ਵੱਲ ਦਰਦ ਦਾ ਫੈਲਣਾ।
- ਸੁੰਨ ਜਿਹਾ ਮਹਿਸੂਸ ਹੋਣਾ ਜਾਂ ਉਂਗਲਾਂ 'ਚ ਕੀੜੀਆਂ ਚੱਲਣੀਆਂ।
- ਚੱਕਰ ਆਉਣੇ/ਚਾਲ ਵਿਚ ਗੜਬੜ ਹੋਣਾ।
- ਉਲਟੀ ਦਾ ਅਹਿਸਾਸ, ਧੜਕਣ ਵੱਧਣਾ, ਸਿਰ ਚੁੱਕ ਹੋਣਾ।
- ਸਿਰਦਰਦ ਅਤੇ ਉਨੀਂਦਰਾ।  
- ਆਕੜਨ ਨਾਲ ਗਰਦਨ ਫੇਰਨ 'ਚ ਰੁਕਾਵਟ।
- ਵਿਗੜੇ ਹੋਏ ਕੇਸਾਂ 'ਚ ਨਸਾਂ ਕਮਜ਼ੋਰ ਹੋ ਜਾਂਦੀਆਂ ਹਨ ਜਿਵੇਂ ਮਾਸਪੇਸ਼ੀਆਂ ਦੀ ਤਾਕਤ ਘੱਟ ਜਾਂਦੀ ਹੈ ਅਤੇ ਸੁੰਨ ਜਿਹੀ ਮਹਿਸੂਸ ਹੁੰਦੀ ਹੈ।

ਸਧਾਰਣ ਦਰਦ ਦੀ ਮੌਜੂਦਗੀ ਨੂੰ ਅਸੀਂ ਸਰਵਾਈਕਲ ਨਹੀਂ ਕਹਿ ਸਕਦੇ ਬਲਕਿ ਇਸ ਨੂੰ ਸਰਵਾਈਕਲ ਸਪੌਂਡੇਲਾਈਟਸ ਆਖਣ ਲਈ ਦੋ ਤੋਂ ਤਿੰਨ ਹੋਰ ਲੱਛਣਾਂ ਦਾ ਮੇਲ ਹੋਣਾ ਜ਼ਰੂਰੀ ਹੁੰਦਾ ਹੈ।

ਜਾਂਚ
ਇਸ ਦੀ ਜਾਂਚ ਐਕਸ-ਰੇ ਰਾਹੀਂ ਹੁੰਦੀ ਹੈ। ਐਕਸ-ਰੇ 'ਚ ਸਰਵਾਈਕਲ ਸਪਾਈਨ ਸਿੱਧੀ ਆਉਂਦੀ ਹੈ। ਹੱਡੀਆਂ ਵਧਣ ਲੱਗਦੀਆਂ ਹਨ ਅਤੇ ਮਣਕਿਆਂ 'ਚ ਡਿਸਕ ਦੀ ਥਾਂ ਘੱਟ ਜਾਂਦੀ ਹੈ। ਐਮਆਰਆਈ ਦੀ ਲੋੜ ਬਹੁਤ ਹੀ ਘੱਟ ਕੇਸਾਂ 'ਚ ਪੈਂਦੀ ਹੈ (ਜਿਵੇਂ ਨਸਾਂ ਦੀ ਕਮਜ਼ੋਰੀ ਵਾਲੇ ਕੇਸਾਂ 'ਚ)। ਇਸ ਨਾਲ ਬਿਮਾਰੀ ਦੀ ਤੀਬਰਤਾ ਦਾ ਪਤਾ ਲੱਗਦਾ ਹੈ।

ਬਚਾਅ
- ਚੰਗੀ ਨੀਂਦ ਲੈਣ ਦੀ ਕੋਸ਼ਿਸ਼ ਕਰੋ।
- ਗਰਦਨ ਦੀਆਂ ਮਾਸਪੇਸ਼ੀਆਂ ਲਈ ਹਲਕੀ ਫੁਲਕੀ ਕਸਰਤ ਕਰੋ।
- ਖੜ੍ਹਨ ਅਤੇ ਬੈਠਣ ਲਈ ਸਹੀ ਪੋਸਚਰ ਬਣਾਈ ਰੱਖੋ।
- ਆਰਾਮਦਾਇਕ ਕੁਰਸੀ 'ਤੇ ਬੈਠਦੇ ਸਮੇਂ ਗਰਦਨ ਅਤੇ ਕਮਰ ਨੂੰ ਸਹਾਰਾ ਹੋਵੇ।
- ਸਿਹਤਮੰਦ ਖੁਰਾਕ ਅਤੇ ਭਾਰ 'ਤੇ ਕਾਬੂ ਰੱਖੋ।
- ਇਕੋ ਆਸਣ ਵਿਚ ਵਧੇਰੇ ਸਮੇਂ ਤੱਕ ਨਾ ਬੈਠੋ।
- ਉੱਚਾ ਸਰ੍ਹਾਣਾ ਤੇ ਸਖ਼ਤ ਗੱਦੇ ਦਾ ਇਸਤੇਮਾਲ ਨਾ ਕਰੋ।
- ਗਰਦਨ ਦੇ ਪਿੱਛੇ ਜੋਰ ਦੀ ਮਾਲਸ਼ ਨਾ ਕਰੋ।
- ਸਧਾਰਣ ਮਾਸਪੇਸ਼ੀਆਂ ਦੀ ਦਰਦ ਲਈ ਸਖ਼ਤ ਕਾਲਰ ਨਾ ਲਾਓ।

ਇਲਾਜ
ਜੇ ਸਮੇਂ ਸਿਰ ਇਸ ਦਾ ਪਤਾ ਲਾ ਲਿਆ ਜਾਏ ਤਾਂ ਇਲਾਜ ਬਹੁਤ ਆਮ ਹੈ। ਸਧਾਰਣ ਨਾੜਾਂ ਦਾ ਖਿਚਾਅ, ਦਰਦ ਨਿਵਾਰਕ ਅਤੇ ਮਾਸਪੇਸ਼ੀਆਂ ਨੂੰ ਅਰਾਮ ਦੇਣ ਵਾਲੀ ਦਵਾਈ ਨਾਲ ਰੋਕਿਆ ਜਾ ਸਕਦਾ ਹੈ। ਜੈੱਲ ਜਾਂ ਮਲ੍ਹਮ ਨੂੰ ਦਰਦ ਵਾਲੀ ਥਾਂ ਉੱਪਰ ਲਾਇਆ ਜਾ ਸਕਦਾ ਹੈ। ਹੋਰ ਸਬੰਧਤ ਅਲਾਮਤਾਂ ਜਿਵੇਂ ਉਲਟੀ ਆਉਣਾ, ਜੀਅ ਮਚਲਾਉਣਾ ਅਤੇ ਚੱਕਰ ਆਉਣ ਦੀ ਸਥਿਤੀ 'ਚ ਦਵਾਈ ਦਿੱਤੀ ਜਾਂਦੀ ਹੈ।

ਜੇ ਉਂਗਲਾਂ ਕੰਬਦੀਆਂ ਹੋਣ ਤਾਂ ਨਸਾਂ ਨੂੰ ਤਾਕਤ ਦੇਣ ਵਾਲੇ ਟਾਨਿਕ ਵਗੈਰਾ ਦਿੱਤੇ ਜਾ ਸਕਦੇ ਹਨ। ਪਰ ਅਕਾਰਣ ਹੀ ਦਵਾਈਆਂ ਦਾ ਇਸਤੇਮਾਲ ਨਾ ਕਰੋ ਅਤੇ ਜੇ ਦਰਦ ਲਗਾਤਾਰ ਰਹਿੰਦੀ ਹੈ ਤਾਂ ਆਪਣੇ ਡਾਕਟਰ ਨਾਲ ਸਲਾਹ ਕਰੋ। ਇਸ ਵਿਚ ਸਬੰਧਤ ਕਸਰਤਾਂ ਸਭ ਤੋਂ ਜ਼ਰੂਰੀ ਹਨ। ਇਹ ਯਾਦ ਰੱਖੋ ਕਿ ਸਬੰਧਤ ਕਸਰਤਾਂ ਇਸ ਦੇ ਅਗਾਂਹ ਹੋਣ ਵਾਲੇ ਅਟੈਕ ਤੋਂ ਰੋਕਦੀਆਂ ਹਨ ਅਤੇ ਮਾਸਪੇਸ਼ੀਆਂ ਨੂੰ ਮਜਬੂਤ ਬਣਾਉਂਦੀਆਂ ਹਨ। ਇਹ ਸਿਰਫ਼ ਫੀਜ਼ਿਓਥਰੈਪਿਸਟ ਦੀ ਦੇਖ-ਰੇਖ 'ਚ ਹੀ ਕਰਨੀਆਂ ਚਾਹੀਦੀਆਂ ਹਨ।

ਪਹਿਲਾਂ ਹਲਕੀ ਕਸਰਤ ਦੇ ਨਿਯਮਾਂ ਤੋਂ ਸ਼ੁਰੂ ਕਰੋ ਅਤੇ ਹੌਲੀ-ਹੌਲੀ ਜੋਰ ਵਾਲੀਆਂ ਵਰਜਿਸ਼ਾਂ ਵੱਲ ਆਓ। ਪਰ ਇਹ ਕਸਰਤਾਂ ਗੰਭੀਰ ਸਥਿਤੀ 'ਚ ਨਹੀਂ ਕਰਨੀਆਂ ਚਾਹੀਦੀਆਂ। ਇਸ ਬਿਮਾਰੀ 'ਚ ਖਿੱਚ ਲਾਉਣਾ ਹੁਣ ਵਿਵਾਦਗ੍ਰਸਤ ਬਣ ਗਿਆ ਹੈ। ਪਹਿਲਾਂ ਪਹਿਲ ਇਸ ਦਾ ਬਹੁਤ ਇਸਤੇਮਾਲ ਕੀਤਾ ਗਿਆ ਪਰ ਹੁਣ ਇਹ ਸਮਾਂ ਵਹਾਅ ਚੁੱਕੀ ਹੈ ਅਤੇ ਸਮਝਿਆ ਜਾਂਦਾ ਹੈ ਕਿ ਇਹ ਮਾਸਪੇਸ਼ੀਆਂ ਨੂੰ ਕਮਜ਼ੋਰ ਕਰ ਦਿੰਦੀ ਹੈ। ਜਿਨ੍ਹਾਂ ਮਰੀਜ਼ਾਂ ਨੂੰ ਚੱਕਰ ਆਉਂਦੇ ਹਨ, ਉਨ੍ਹਾ ਨੂੰ ਨਰਮ ਕਾਲਰ ਦੀ ਸਲਾਹ ਦਿੱਤੀ ਜਾਂਦੀ ਹੈ।

ਸਰਜੀਕਲ ਇਲਾਜ ਦੀ ਜ਼ਰੂਰਤ ਬਹੁਤ ਘੱਟ ਹੁੰਦੀ ਹੈ। ਇਸ ਦੀ ਲੋੜ ਉਨ੍ਹਾਂ ਕੇਸਾਂ ਵਿਚ ਪੈਂਦੀ ਹੈ ਜਿਨ੍ਹਾਂ ਨੂੰ ਨਸਾਂ ਦੀ ਕਮਜ਼ੋਰੀ ਆ ਜਾਂਦੀ ਹੈ ਜਾਂ ਫਿਰ ਉਨ੍ਹਾਂ ਕੇਸਾਂ ਵਿਚ ਪੈਂਦੀ ਹੈ ਜਦੋਂ ਬਾਕੀ ਸਾਰੇ ਇਲਾਜ ਨਾਕਾਮਯਾਬ ਹੋ ਜਾਂਦੇ ਹਨ। ਇਸ ਲਈ ਉੱਪਰ ਦੱਸੀਆਂ ਕੁਝ ਸਾਵਧਾਨੀਆਂ ਵਰਤ ਕੇ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਹੈਲਥ ਲਾਈਨ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ