Fri, 19 April 2024
Your Visitor Number :-   6983952
SuhisaverSuhisaver Suhisaver

ਫਲਸਤੀਨ ਉੱਤੇ ਹਮਲੇ ਪਿਛਲੇ ਮਕਸਦ - ਮਨਦੀਪ

Posted on:- 17-07-2014

ਇਸਰਾਇਲੀ ਬੁਰਛਾਗਰਦਾਂ ਵੱਲੋਂ ਫਲਸਤੀਨ ਦੀ ਗਾਜ਼ਾ ਪੱਟੀ ਦੇ ਨਿਰਦੋਸ਼ ਲੋਕਾਂ ਉਪਰ ਭਿਆਨਕ ਬੰਬਾਰੀ ਕੀਤੀ ਜਾ ਰਹੀ ਹੈ। ਗਾਜ਼ਾ ਪੱਟੀ ਫਲਸਤੀਨ ਦਾ 15 ਲੱਖ ਵਸੋਂ ਤੇ 350 ਵਰਗ ਮੀਲ ਦੇ ਖੇਤਰ ਵਾਲਾ ਇਕ ਛੋਟਾ ਇਲਾਕਾ ਹੈ। ਵਸੋਂ ਦੇ ਇਸ ਛੋਟੇ ਜਿਹੇ ਹਿੱਸੇ ਉਪਰ ਤਾਜ਼ਾ ਹਮਲਾ ਅਮਰੀਕੀ ਸਾਮਰਾਜੀ ਸ਼ਹਿ ਪ੍ਰਾਪਤ ਇਸਰਾਇਲੀ ਹਾਕਮਾਂ ਵੱਲੋਂ ਕੀਤਾ ਜਾ ਰਿਹਾ 58ਵਾਂ ਅਣਮਨੁੱਖੀ ਹਮਲਾ ਹੈ। ਫਲਸਤੀਨ ਦੇ ਬੇਕਸੂਰ ਲੋਕ 60 ਵਰ੍ਹਿਆਂ ਦੇ ਵੱਧ ਸਮੇਂ ਤੋਂ ਨਿਰੰਤਰ ਇਨ੍ਹਾਂ ਅਣਮਨੁੱਖੀ ਹਮਲਿਆਂ ਦੀ ਮਾਰ ਝੱਲ ਰਹੇ ਹਨ। ਅਖ਼ਬਾਰੀ ਰਿਪੋਰਟਾਂ ਅਨੁਸਾਰ ਮੌਜੂਦਾ ਜਾਰੀ ਹਮਲਿਆਂ ‘ਚ ਫਲਸਤੀਨ ਦੇ 165 ਦੇ ਕਰੀਬ ਬੇਕਸੂਰ ਲੋਕ ਮਾਰੇ ਜਾ ਚੁੱਕੇ ਹਨ।

ਇਸਰਾਇਲੀ ਹਵਾਈ ਸੈਨਾ ਵੱਲੋਂ ਇਸਲਾਮਿਕ ਮੂਲਵਾਦੀ ਹਮਾਸ ਤੇ ਉਸਦੇ ਨਜ਼ਦੀਕੀਆਂ ਦੇ ਟਿਕਾਣਿਆਂ ਉਪਰ ਹਮਲਾ ਕਰਨ ਦੀ ਕਾਰਵਾਈ ਵਿਚ ਦਰਜਨਾਂ ਬੇਦੋਸ਼ੇ ਲੋਕ ਜਾਨਾਂ ਗਵਾ ਚੁੱਕੇ ਹਨ, ਸੈਂਕੜੇ ਗੰਭੀਰ ਜਖ਼ਮੀ ਹਨ ਤੇ ਹਜ਼ਾਰਾਂ ਲੋਕ ਦਰ-ਬ-ਦਰ ਹੋਣ ਲਈ ਮਜ਼ਬੂਰ ਹਨ। ਇਸ ਬੰਬਾਰੀ ‘ਚ ਮਾਸੂਮ ਬੱਚੇ, ਔਰਤਾਂ, ਬਜ਼ੁਰਗਾਂ ਤੇ ਨੌਜਵਾਨਾਂ ਦਾ ਬੇਰਹਿਮੀ ਨਾਲ ਕਤਲੇਆਮ ਕੀਤਾ ਜਾ ਰਿਹਾ ਹੈ। ਲਗਾਤਾਰ ਚਲਦੀ ਆ ਰਹੀ ਇਸ ਜੰਗ ਦੌਰਾਨ ਜਿੱਥੇ ਲੋਕ ਹਮਲਾਵਰਾਂ ਦੀ ਮਾਰ ਝੱਲ ਰਹੇ ਹਨ ਉੱਥੇ ਪਿਛਲੇ ਲੰਮੇ ਸਮੇਂ ਤੋਂ ਸਮੱਗਲਰ, ਚੋਰ, ਬਲੈਕ ਮਾਰਕਿੰਟਿੰਗ ਕਰਨ ਵਾਲੇ ਮਾਫੀਏ ਵੀ ਵੱਡੀ ਪੱਧਰ ਤੇ ਲੋਕਾਂ ਦੀ ਲੁੱਟ ਕਰਨ ‘ਚ ਸਰਗਰਮ ਹਨ। ਹਮਲਿਆਂ ਦੇ ਇਸ ਮਹੌਲ ‘ਚ ਬੇਘਰ ਹੋਏ ਲੋਕਾਂ ਦੀ ਖੁਰਾਕ ਤੇ ਦਵਾਈਆਂ ਦਾ ਪ੍ਰਬੰਧ ਬੇਹੱਦ ਮਾੜਾ ਹੈ।

ਇਨ੍ਹਾਂ ਹਮਲਿਆਂ ਪਿੱਛੇ ਅਮਰੀਕੀ ਸਾਮਰਾਜ ਤੇ ਉਸਦੇ ਹੱਥਠੋਕੇ ਇਸਰਾਇਲ ਦੇ ਦੂਰਰਸ ਲੋਟੂ ਹਿੱਤ ਇਕ ਉਘੜਵੇਂ ਕਾਰਕ ਵਜੋਂ ਕੰਮ ਕਰਦੇ ਹਨ। ਇਹ ਹਿੱਤ ਹਨ ਫਲਸਤੀਨ ਸਮੇਤ ਪੂਰੇ ਮੱਧ ਪੂਰਬ ਦੇ ਤੇਲ ਦੇ ਸ੍ਰੋਤਾਂ ਉੱਪਰ ਕਬਜਾ ਤੇ ਇਸ ਦੀ ਪ੍ਰਾਪਤੀ ਲਈ ਉੱਥੋਂ ਦੇ ਆਰਥਿਕ-ਸਿਆਸੀ ਪ੍ਰਬੰਧ ‘ਤੇ ਕਾਬਜ ਹੋਣਾ। ਇਨ੍ਹਾਂ ਹਿੱਤਾਂ ਦੀ ਪੂਰਤੀ ਲਈ ਫਲਸਤੀਨ ਦੇ ਲੋਕਾਂ ‘ਤੇ ਲਗਾਤਾਰ ਆਰਥਿਕ ਨਾਕਾਬੰਦੀ ਤੇ ਗੋਲੀਬਾਰੀ ਕਰਦਿਆਂ ਉਨ੍ਹਾਂ ਨੂੰ ਲਮਕਵੀਂ ਖੂਨੀ ਜੰਗ ਦੇ ਸਹਿਮ ਹੇਠ ਜਿਊਣ ਲਈ ਮਜ਼ਬੂਰ ਕੀਤਾ ਹੋਇਆ ਹੈ। ਹਮਲਾਵਰ ਤਾਕਤਾਂ ਫਲਸਤੀਨ ਉਪਰ ਹਮਲੇ ਦਾ ਬਹਾਨਾ ਧਾਰਮਿਕ ਕੱਟੜਪੰਥੀ ਤਾਕਤਾਂ ਨੂੰ ਸਬਕ ਸਿਖਾਉਣਾ ਬਣਾਉਦੀਆਂ ਹਨ। ਅਜਿਹੇ ਸਮੇਂ ਅਮਰੀਕਾ ਆਪਣੇ ਆਪ ਨੂੰ ਸੰਸਾਰ ਅਮਨ ਦੇ ਰਾਖਵਾਲੇ ਵਜੋਂ ਦੋਹਾਂ ਧਿਰਾਂ ‘ਚ ਸੁਲਾਹ-ਸਫਾਈ ਕਰਵਾਉਣ ਵਾਲੇ ਵਿਚੋਲੇ ਵਜੋਂ ਪੇਸ਼ ਕਰਦਾ ਆ ਰਿਹਾ ਹੈ ਤੇ “ਅਮਨ ਬਹਾਲੀ” ਦੀ ਦੁਹਾਈ ਪਾ ਰਿਹਾ ਹੈ। ਪਰੰਤੂ ਹਕੀਕਤ ਇਹ ਹੈ ਕਿ ਅਮਰੀਕਾ ਜੋ ਦੂਜੀ ਸੰਸਾਰ ਜੰਗ ‘ਚੋਂ ਸਭ ਤੋਂ ਉਭਰਵੀਂ ਸਾਮਰਾਜੀ ਤਾਕਤ ਵਜੋਂ ਸਾਹਮਣੇ ਆਇਆ ਹੈ ਉਹ ਦੁਨੀਆ ਦੇ ਦੱਬੇ-ਕੁਚਲੇ ਦੇਸ਼ਾਂ ਉੱਪਰ ਆਪਣਾ ਗਲਬਾ ਪਾਉਣ ਦੀ ਨੀਤੀ ਤੇ ਚੱਲ ਰਿਹਾ ਹੈ। ਇਨ੍ਹਾਂ ਦੱਬੇ-ਕੁਚਲੇ ਮੁਲਕਾਂ ਦੇ ਕੀਮਤੀ ਖਣਿਜ ਸ੍ਰੋਤਾਂ ਨੂੰ ਹੜੱਪਣ ਤੇ ਮੱਧ ਪੂਰਬ ਦੇ ਪ੍ਰਸੰਗ ‘ਚ ਉਥੋਂ ਦੇ ਤੇਲ ਦੇ ਖੂਹਾਂ ਤੇ ਕਬਜ਼ੇ ਲਈ ਲਗਾਤਾਰ ਜਾਲਸਾਜ਼ੀਆਂ ਕਰਦਾ ਆ ਰਿਹਾ ਹੈ। ਆਪਣੇ ਪਸਾਰਵਾਦੀ ਹਿੱਤਾਂ ਲਈ ਉਹ ਹਰ ਵਹਿਸ਼ੀ ਤੇ ਅਣਮਨੁੱਖੀ ਹਮਲੇ ਜਾਂ ਜੰਗ ਨੂੰ ਅੰਜਾਮ ਦਿੰਦਾ ਆ ਰਿਹਾ ਹੈ। ਉਹ ਪਿਛਲੇ ਸਮੇਂ ਤੋਂ ਅਰਬ ਦੇਸ਼ਾਂ ਦੇ ਅੰਦਰੂਨੀ ਵਿਰੋਧਾਂ ਨੂੰ ਹਵਾ ਦਿੰਦਿਆਂ ਉੱਥੇ ਜੰਗ ਵਾਲੀਆਂ ਹਾਲਤਾਂ ਪੈਦਾ ਕਰਦਿਆਂ ਆਪਣੀਆਂ ਕੱਠਪੁਤਲੀ ਸਰਕਾਰਾਂ ਬਣਾਉਣ ‘ਚ ਰੁੱਝਿਆ ਹੋਇਆ ਹੈ। ਹਮਲਿਆਂ ਤੇ ਕਬਜਿਆਂ ਦੀ ਇਸੇ ਲੰਮੀ ਲੜੀ ‘ਚੋਂ ਇਰਾਕ, ਅਫਗਾਨਿਸਤਾਨ ਤੇ ਮਿਸਰ ਦਾ ਅਮਲ ਇਸਦੀਆਂ ਤਾਜ਼ਾ ਤੇ ਪ੍ਰਤੱਖ ਉਦਾਹਰਣਾਂ ਹਨ।

ਫਲਸਤੀਨ ਦੇ ਲੋਕ ਪਹਿਲਾਂ ਉਟੋਮਾਨ ਰਾਜਾਸ਼ਾਹੀ (1500 ਈਸਵੀ ਤੋਂ ਪਹਿਲੀ ਸੰਸਾਰ ਜੰਗ ਤੱਕ), ਫਿਰ ਯੂਰਪ ਵਿਚਲੇ ਜਿਊਨਵਾਦੀ ਯਹੂਦੀਆਂ (ਪਹਿਲੀ ਸੰਸਾਰ ਜੰਗ ਤੋਂ ਦੂਜੀ ਸੰਸਾਰ ਜੰਗ ਦੇ ਅੰਤ ਤੱਕ) ਤੇ ਹੁਣ ਅਮਰੀਕੀ ਸ਼ਹਿ ਪ੍ਰਾਪਤ ਇਸਰਾਇਲ ਦੇ ਜਬਰ ਹੇਠ ਲਗਾਤਾਰ ਪਿਸਦੇ ਆ ਰਹੇ ਹਨ। ਇਨ੍ਹਾਂ ਜਾਬਰ ਤਾਕਤਾਂ ਖਿਲਾਫ ਜਿੱਥੇ ਫਲਸਤੀਨੀ ਲੋਕ ਲਗਾਤਾਰ ਛੋਟੀਆਂ-ਵੱਡੀਆਂ ਲੜਾਈਆਂ ਲੜ੍ਹਦੇ ਆ ਰਹੇ ਸਨ ਉੱਥੇ ਇਸਦਾ ਸਭ ਤੋਂ ਉਘੜਵਾਂ ਇਜ਼ਹਾਰ 1960 ‘ਚ ਇਨਕਲਾਬੀ ਉਭਾਰ ਰਾਹੀਂ ਸਾਹਮਣੇ ਆਇਆ। 1965 ‘ਚ ‘ਫਲਸਤੀਨੀ ਗੁਰੀਲਾ ਜੱਥੇਬੰਦੀ’ ਨੇ ਇਜਰਾਇਲ ਵਿਰੁੱਧ ਹਥਿਆਰਬੰਦ ਸੰਘਰਸ਼ ਸ਼ੁਰੂ ਕਰਕੇ ਸਮੁੱਚੇ ਫਲਸਤੀਨ ‘ਚ ਜਮਹੂਰੀ ਤੇ ਧਰਮ ਨਿਰਪੱਖ ਰਾਜ ਦੀ ਸਥਾਪਨਾ ਦੀ ਮੰਗ ਉਭਾਰੀ। ਇਸ ਹੱਕੀ ਅਵਾਜ਼ ਨੂੰ ਖਤਮ ਕਰਨ ਲਈ ਇਸਰਾਇਲ ਨੇ ਸੰਸਾਰ ਅਮਨ ਕਾਨੂੰਨਾਂ ਨੂੰ ਅੱਖੋਂ-ਪਰੋਖੇ ਕਰਕੇ 1967 ‘ਚ “ਛੇ ਦਿਨਾਂ” ਦੀ ਵੱਡੀ ਹਮਲਾਵਾਰ ਜੰਗ ਰਾਹੀਂ ਲੋਕਾਂ ਦੇ ਜਾਨ-ਮਾਲ ਦਾ ਘਾਣ ਕੀਤਾ। 1967 ‘ਚ ਇਸਰਾਇਲ ਨੇ ਸੀਰੀਆ, ਜਾਰਡਨ ਤੇ ਮਿਸਰ ਦੀਆਂ ਫੌਜਾਂ ਨੂੰ ਨਿਹੱਕੀ ਜੰਗ ਛੇੜਕੇ ਹਰਾਇਆ ਤੇ ਇਸ ਜੰਗ ਦਾ ਬਹਾਨਾ ਬਣਾਇਆ ਕਿ ਇਹ ਸੁਰੱਖਿਆ ਦੇ ਪੈਂਤੜੇ ਤੋਂ ਲੜੀ ਗਈ ਹੈ। 1970 ‘ਚ ਇਸਨੇ ਲੀਬੀਆ ਦੇ ਯਾਤਰੀ ਹਵਾਈ ਜਹਾਜ ਉਪਰ ਹਮਲੇ ਕਰਕੇ ਸੈਂਕੜੇ ਨਿਰਦੋਸ਼ ਲੋਕਾਂ ਨੂੰ ਮਾਰ ਮੁਕਾਇਆ। ਇਸੇ ਤਰ੍ਹਾਂ 1982 ‘ਚ ਇਸਰਾਇਲ ਨੇ ਲਿਬਨਾਨ ਤੇ ਟਿਊਨਸ ‘ਤੇ ਭਾਰੀ ਬੰਬਾਰੀ ਕੀਤੀ ਜਿਸ ਵਿਚ 18 ਹਜ਼ਾਰ ਤੋਂ ਵੱਧ ਲੋਕ ਮਾਰੇ ਗਏ ਸਨ। ਇਸ ਬੰਬਾਰੀ ਦਾ ਬਹਾਨਾ ਇਹ ਬਣਾਇਆ ਗਿਆ ਕਿ ਇਹ ਸਭ ਫਲਸਤੀਨੀ ਮੁਕਤੀ ਜੱਥੇਬੰਦੀ (ਪੀ ਐਲ ਓ) ਦਾ ਪਿੱਛਾ ਕਰਨ ਹਿੱਤ ਕੀਤਾ ਗਿਆ। ਇਸ ਤਰ੍ਹਾਂ ਇਸ ਬਹਾਨੇ ਰਾਹੀਂ ਹਮਲਾਵਰ ਹਾਕਮ ਸੈਂਕੜੇ ਬੇਕਸੂਰ ਲੋਕਾਂ ਦੇ ਕਤਲੇਆਮ ਦੀ ਜਿੰਮੇਵਾਰੀ ਤੋਂ ਸੁਰਖਰੂ ਹੋ ਗਏ।

ਇਨ੍ਹਾਂ ਇਕ ਤੋਂ ਬਾਅਦ ਇਕ ਨਿਹੱਕੇ ਜਾਨਲੇਵਾ ਹਮਲਿਆਂ ਤੋਂ ਅੱਕੇ ਫਲਸਤੀਨੀ ਲੋਕਾਂ ‘ਚ ਗੁੱਸੇ ਦੀ ਵਿਆਪਕ ਲਹਿਰ ਉੱਠ ਖੜ੍ਹੀ ਹੋਈ ਤੇ ਉਨ੍ਹਾਂ ਅਮਰੀਕਾ ਪੱਖੀ ਇਸਰਾਇਲੀ ਫੌਜ਼ ਨੂੰ ਗਲੀਆਂ-ਸੜਕਾਂ ‘ਤੇ ਘੇਰਕੇ ਜਵਾਬੀ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਸਿੱਟੇ ਵਜੋਂ ਬਗਾਵਤ ਤੋਂ ਭੈਭੀਤ ਹਮਲਾਵਰ ਹਾਕਮ ਜਬਰ ਦੀ ਨੀਤੀ ਦੇ ਨਾਲ-ਨਾਲ ਅਮਨ ਸਮਝੌਤੇ ਦੀ ਚਾਲ ਚੱਲਣ ਦੀ ਨੀਤੀ ‘ਤੇ ਆ ਗਏ। ਇਸਦੇ ਫਲਸਰੂਪ ਅਮਰੀਕਾ ਦੀ ਵਿਚੋਲਗੀ ਹੇਠ ਫਲਸਤੀਨੀ ਮੁਕਤੀ ਜੱਥੇਬੰਦੀ ਤੇ ਇਸਦੇ ਚੋਟੀ ਦੇ ਆਗੂ ਯਾਸਰ ਅਰਫ਼ੳਮਪ;ਾਤ ਨੇ 1993 ਦੇ ਇਕ ਗੋਡੇਟੇਕੂ ਸਮਝੌਤੇ (ਓਸਲੋ ਸਮਝੌਤਾ) ਰਾਹੀਂ ਇਸਰਾਇਲ ਤੇ ਫਲਸਤੀਨ (ਗਾਜ਼ਾ ਪੱਟੀ ਤੇ ਪੱਛਮੀ ਕੰਢਾ) ਦੋ ਰਾਜ ਸਥਾਪਿਤ ਕਰਨ ਦੀ ਸਹਿਮਤੀ ਦੇ ਦਿੱਤੀ। ਪਰ ਇਹ ਹਮਲਾਵਰ ਤਾਕਤਾਂ ਦੀ ਸਾਜਿਸ਼ ਸੀ ਜਿਸ ਤਹਿਤ ਉਨ੍ਹਾਂ ਨੇ ਇਸ ਵੱਖਰੇ ਸਥਾਪਿਤ ਫਲਸਤੀਨ ਜੋ ਸਮੁੱਚੇ ਫਲਸਤੀਨ ਦੇ ਕੁੱਲ ਹਿੱਸੇ ਦਾ ਮਹਿਜ 10 ਫੀਸਦੀ ਹੀ ਬਣਦਾ ਸੀ, ਦੀ ਤਾਕਤ ਨੂੰ ਖਿੰਡਾ ਦਿੱਤਾ। ਇਸਦੇ ਉਲਟ ਇਸਰਾਇਲ ਨੇ 90 ਫੀਸਦੀ ਹਿੱਸੇ ਤੇ ਕਬਜਾ ਕਰ ਲਿਆ। ਇਸ 90 ਫੀਸਦੀ ਹਿੱਸੇ ਵਿਚ ਸਾਰੀਆਂ ਯੁੱਧਨੀਤਕ ਥਾਵਾਂ, ਗੋਲਾਨ ਦਾ ਉੱਚਾ ਖੇਤਰ, ਮੁੱਖ ਸ਼ਾਹਰਾਹ, ਪ੍ਰਮੁੱਖ ਸਮੁੰਦਰੀ ਰਸਤੇ ਆਦਿ ਮਹੱਤਵਪੂਰਨ ਹਿੱਸਾ ਇਸਰਾਇਲ ਦੇ ਕਬਜੇ ਹੇਠ ਆ ਗਿਆ। ਦੂਜੇ ਪਾਸੇ ਫਲਸਤੀਨ ਦੇ ਗਾਜ਼ਾ ਪੱਟੀ ਤੇ ਪੱਛਮੀ ਕੰਢੇ ਦੇ ਲੋਕਾਂ ਨੂੰ ਰਿਫਿਊਜ਼ੀਆਂ ਵਾਂਗ ਬਿਨਾਂ ਕਿਸੇ ਪੁਖਤਾ ਇੰਤਜਾਮ ਦੇ ਮਹੱਤਵਪੂਰਨ ਇਸਰਾਇਲੀ ਖੇਤਰਾਂ ‘ਚੋਂ ਬਾਹਰ ਧੱਕ ਦਿੱਤਾ ਗਿਆ। ਇਸ ਸਮਝੌਤੇ ਤੋਂ ਬਾਅਦ ਕਦੇ ਵੀ ਹਮਲਾਵਾਰ ਤਾਕਤਾਂ ਨੇ ਫਲਸਤੀਨ ਉਪਰ ਕਬਜੇ ਦੇ ਵਿਚਾਰ ਨੂੰ ਮਨੋਂ ਨਹੀਂ ਸੀ ਵਿਸਾਰਿਆ। ਉਹ ਵਕਤੀ ਤੌਰ ਤੇ ਲੋਕ ਰੋਹ ਨੂੰ ਕਮਜੋਰ ਕਰਨ ਤੇ ਇਨ੍ਹਾਂ ਦੋ ਰਾਜਾਂ ਦੀ ਵੰਡ ਰਾਹੀਂ ਫਲਸਤੀਨ ਦੀ ਸ਼ਕਤੀ ਨੂੰ ਘੱਟ ਕਰਨ ਦੀ ਚਾਲ ਤਹਿਤ ਭਵਿੱਖ ‘ਚ ਫਲਸਤੀਨ ਉਪਰ ਹਮਲਾ ਕਰਨ ਦੀ ਵਿਉਂਤ ਤੇ ਮੌਕੇ ਦੀ ਭਾਲ ਵਿਚ ਜੁੱਟ ਗਏ ਸਨ। ਤੇ ਉਨ੍ਹਾਂ ਦਾ ਬਾਅਦ ਦਾ ਅਮਲ ਉਨ੍ਹਾਂ ਦੇ ਇਰਾਦੇ ਦੀ ਪੁਸ਼ਟੀ ਕਰਦਾ ਹੈ। ਮੌਜੂਦਾ ਹਮਲੇ ਵੀ ਇਸੇ ਕੋਝੇ ਪਸਾਰਵਾਦੀ ਇਰਾਦੇ ਦੇ ਜਾਹਰਾ ਇਜ਼ਹਾਰ ਹਨ।

ਕੁਝ ਸਮੇਂ ਬਾਅਦ ਹੀ ਇਸਰਾਇਲ ਨੇ ‘ਓਸਲੋ ਅਮਨ ਸਮਝੌਤੇ’ ਦੀ ਅਣਦੇਖੀ ਕਰਦਿਆਂ ਫਲਸਤੀਨ ਤੇ ਮੁੜ ਕਬਜਾ ਕਰਨ ਦੀਆਂ ਚਾਲਾਂ ਚੱਲਣੀਆਂ ਸ਼ੁਰੂ ਕਰ ਦਿੱਤੀਆਂ। ਇਸ ਸਮੇਂ ਅਮਰੀਕਾ ਨੇ ਫਲਸਤੀਨ ਦੀਆਂ ਧਾਰਮਿਕ ਤੇ ਲੋਕ ਲਹਿਰਾਂ ਨੂੰ ਕੁਚਲਣ ਲਈ ਦਹਿਸ਼ਤਗਰਦੀ ਵਿਰੋਧੀ ਜੰਗ ਦਾ ਸਹਾਰਾ ਲੈ ਕੇ ਫਲਸਤੀਨ ‘ਤੇ ਮੁੜ ਹਮਲੇ ਸ਼ੁਰੂ ਕਰਵਾ ਦਿੱਤੇ। ਇਸ ਸਮੇਂ ਦਾ ਇਕ ਅਹਿਮ ਪਹਿਲੂ ਇਹ ਹੈ ਕਿ ਜਦੋਂ ਮੂਲਵਾਦੀ ਨੇਤਾ ਯਾਸਰ ਅਰਾਫ਼ੳਮਪ;ਤ ਨੇ ਪਿਛਾਖੜੀ ਸਾਮਰਾਜੀਆਂ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਤਾਂ ਫਲਸਤੀਨੀ ਲੋਕਾਂ ਦਾ ਉਸ ‘ਤੋਂ ਬਚਿਆ-ਖੁਚਿਆ ਵਿਸ਼ਵਾਸ਼ ਵੀ ਉੱਠ ਗਿਆ। ਇਸ ਸਮੇਂ ਹਮਾਸ ਉਭਰਕੇ ਸਾਹਮਣੇ ਆਇਆ। ਅਮਰੀਕਾ ਤੇ ਉਸਦੇ ਕੱਠਪੁਤਲੀ ਇਸਰਾਇਲ ਨੇ ਫਲਸਤੀਨੀ ਲੋਕਾਂ ਤੇ ਹੋਰ ਸੈਕੂਲਰ ਤਾਕਤਾਂ ਦੇ ਸੰਘਰਸ਼ ਨੂੰ ਕਮਜੋਰ ਕਰਨ ਲਈ ਹਮਾਸ ਨੂੰ ਇਜਰਾਈਲ ‘ਚ ਮਜ਼ਬੂਤ ਕੀਤਾ। ਕਿਉਂਕਿ ਹਮਾਸ ਇਸਲਾਮਿਕ ਮੂਲਵਾਦੀ ਵਿਚਾਰਧਾਰਾ ਤੇ ਸਿਆਸਤ ਦਾ ਮੁਦੱਈ ਸੀ। ਸਾਮਰਾਜੀਏ ਆਪਣੀ ਇਸ ਚਾਲ ਵਿਚ ਕਾਫੀ ਹੱਦ ਤੱਕ ਕਾਮਯਾਬ ਹੋਏ। ਪਰੰਤੂ ਮੌਜੂਦਾ ਬਦਲੀਆਂ ਹਾਲਤਾਂ ਵਿਚ ਅਮਰੀਕਾ ਨੇ 2001 ‘ਚ 9/11 ਤੋਂ ਬਾਅਦ ਦਹਿਸ਼ਤਗਰਦੀ ਵਿਰੋਧੀ ਜੰਗ ਦੇ ਨਾਂ ਹੇਠ ਆਮ ਲੋਕਾਂ ਤੇ ਆਪਣਾ ਜਾਬਰ ਹਮਲਾ ਤੇਜ ਕਰ ਦਿੱਤਾ। ਅਤੇ ਨਾਲ ਹੀ ਆਪਣੇ ਹੱਥੀਂ ਪਾਲੇ ਇਸ ਮੂਲਵਾਦ ਨੁੰ ਆਪਣੇ ਵਿਰੁੱਧ ਖੜ੍ਹਾ ਕਰਕੇ ਲੋਕਾਂ ਉਪਰ ਜਬਰੀ ਜੰਗ ਥੋਪਣ ਦਾ ਢਕਵੰਜ ਰਚਿਆ। ਹਮਾਸ ਜਿਸਨੂੰ ਅਮਰੀਕਾ ਨੇ ਪਹਿਲਾਂ ਲੋਕਪੱਖੀ ਤਾਕਤਾਂ ਨੂੰ ਕੁਚਲਣ ਲਈ ਪਾਲਿਆ-ਪੋਸਿਆ ਸੀ ਹੁਣ ਉਹ ਉਸਦੇ ਕਿਸੇ ਕੰਮ ਦਾ ਨਹੀਂ ਸੀ ਰਿਹਾ ਤੇ ਹੁਣ ਉਸਨੂੰ ਦੁਸ਼ਮਣ ਬਣਾਕੇ ਅਮਰੀਕਾ ਦਰਅਸਲ ਫਲਸਤੀਨੀ ਲੋਕਾਂ ਤੇ ਆਪਣਾ ਦਬਾਅ ਬਣਾ ਰਿਹਾ ਹੈ। ਉੱਧਰ ਹਮਾਸ ਦਾ ਏਜੰਡਾ ਯਾਸਰ ਅਰਾਫ਼ੳਮਪ;ਤ ਨਾਲੋਂ ਕੋਈ ਵੱਖਰਾ ਨਹੀਂ ਹੈ। ਉਹ ਫਲਸਤੀਨੀ ਲੋਕਾਂ ਦੇ ਸਾਮਰਾਜ ਖਿਲਾਫ ਉੱਠਦੇ ਵਿਰੋਧ ਨੂੰ ਵਰਤਕੇ ਹਕੂਮਤੀ ਗੱਦੀ ਅਤੇ ਆਪਣੀ ਪਿਛਾਖੜੀ ਵਿਚਾਰਧਾਰਾ ਨੂੰ ਅੱਗੇ ਵਧਾਉਣਾ ਚਾਹੁੰਦਾ ਹੈ, ਜਿਸ ਵਿੱਚ ਲੋਕਾਂ ਦੇ ਹਿੱਤ ਤੇ ਸੁਰੱਖਿਆ ਦਾ ਕੋਈ ਮੁੱਦਾ ਨਹੀਂ ਹੈ। ਹਮਾਸ ਫਲਸਤੀਨ ਤੇ ਇਜਰਾਇਲ ਦੋ ਰਾਜਾਂ ਦੇ ਬਣੇ ਰਹਿਣ ‘ਚ ਹੀ ਲੋਕਾਂ ਦੀ ਭਲਾਈ ਵੇਖਦਾ ਹੈ ਨਾ ਕਿ ਲੁਟੇਰੀ ਤੇ ਜਾਬਰ ਇਜਰਾਇਲੀ ਸੱਤਾ ਨੂੰ ਖਤਮ ਕਰਕੇ ਲੋਕ ਜਮਹੂਰੀ ਫਲਸਤੀਨੀ ਰਾਜ ਦੀ ਸਥਾਪਤੀ ਵਜੋਂ।

ਇਸ ਤਰ੍ਹਾਂ ਫਲਸਤੀਨ ਉਪਰਲੇ ਤਾਜ਼ਾ ਹਮਲੇ ਵਿੱਚ ਪਿਛਾਖੜੀ ਤੇ ਦਬਾਊ ਇਸਲਾਮੀ ਤਾਕਤਾਂ ਜੋ ਹਮਾਸ ਦੀ ਹਮਾਇਤ ਦੇ ਬਿਆਨ ਦੇ ਰਹੀਆਂ ਹਨ ਉਹ ਅਸਲ ਵਿਚ ਇਸਰਾਇਲ ਦੇ ਅਣਮਨੁੱਖੀ ਹਮਲੇ ਤੇ ਲੋਕਾਂ ਦੇ ਹੋ ਰਹੇ ਉਜਾੜੇ ਨਾਲੋਂ ਵੱਧ ਆਪਣੇ ਇਸਲਾਮੀ ਗਣਰਾਜ ਦੇ ਫਿਰਕੂ ਪਿਛਾਖੜੀ ਏਜੰਡੇ ਪ੍ਰਤੀ ਜਿਆਦਾ ਫਿਕਰਮੰਦ ਹਨ। ਇਸੇ ਤਰ੍ਹਾਂ ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਵਲੋਂ ਸ਼ਾਂਤੀਵਾਰਤਾ ਤੇ ਗੋਲੀਬੰਦੀ ਦਾ ਬਿਆਨ ਮੱਗਰਮੱਛ ਦੇ ਹੰਝੂ ਕੇਰਨ ਬਰਾਬਰ ਹੈ। ਕਿਉਂਕਿ ਆਪਣੇ ਪਸਾਰਵਾਦੀ ਆਰਥਿਕ-ਸਿਆਸੀ ਹਿੱਤਾਂ ਲਈ 60 ਵਰ੍ਹਿਆਂ ਤੋਂ ਵੱਧ ਸਮੇਂ ਤੋਂ ਚਲਦੀ ਆ ਰਹੀ ਇਸ ਲਮਕਵੀਂ ਜੰਗ ਨੂੰ ਬੜਾਵਾ ਦੇਣ ‘ਚ ਅਮਰੀਕਾ ਦੀ ਪ੍ਰਮੁੱਖ ਹਿੱਸੇਦਾਰੀ ਜੱਗ ਜਾਹਰ ਹੈ। ਹੁਣ ਜਦੋਂ ਇਰਾਕ ਅਤੇ ਹੋਰ ਅਰਬ ਦੇਸ਼ਾਂ ਉਪਰ ਹਮਲੇ ਦੇ ਬੱਦਲ ਮੰਡਰਾ ਰਹੇ ਹਨ ਤੇ ਜਦੋਂ ਅਮਰੀਕੀ ਸਾਮਰਾਜ ਦੀ ਨੀਤੀਗਤ ਪੱਧਰ ਤੇ ਕੋਈ ਤਬਦੀਲੀ ਸਾਹਮਣੇ ਨਹੀਂ ਆ ਰਹੀ ਅਤੇ ਉਸ ਵੱਲੋਂ ਹਮਲਾਵਰ ਇਸਰਾਇਲ ਉਪਰ ਕੌਮਾਂਤਰੀ ਅਮਨ ਸੰਧੀਆਂ-ਸਮਝੌਤਿਆਂ ਦੀ ਉਲੰਘਣਾ ਕਰਨ ‘ਤੇ ਕੋਈ ਅਮਲੀ ਕਾਰਵਾਈ ਨਹੀਂ ਕੀਤੀ ਗਈ ਤਾਂ ਅਜਿਹੇ ਸਮੇਂ ਸ਼ਾਂਤੀਵਾਰਤਾ ਦੇ ਬਿਆਨ ਮਹਿਜ ਆਪਣੇ ਆਪ ਨੂੰ ਸੰਸਾਰ ਅਮਨ ਸ਼ਾਂਤੀ ਦੇ ਰਖਵਾਲੇ ਵਜੋਂ ਪੇਸ਼ ਕਰਨ ਦੇ ਢਕਵੰਜ ਤੋਂ ਵੱਧ ਕੁਝ ਨਹੀਂ ਹਨ।

ਦੂਜੇ ਪਾਸੇ ਫਲਸਤੀਨ ਦੇ ਲੋਕ ਜਿੱਥੇ ਅੱਧੀ ਸਦੀ ਤੋਂ ਵੱਧ ਸਮੇਂ ਤੋਂ ਜਬਰ-ਜੁਲਮ ਤੇ ਕਤਲੇਆਮ ਦਾ ਸੰਤਾਪ ਆਪਣੇ ਉਪਰ ਹੰਢਾ ਰਹੇ ਹਨ ਉੱਥੇ ਉਨ੍ਹਾਂ ਫਲਸਤੀਨੀ ਲੋਕਾਂ ਦੁਆਰਾ ਸਵੈਮਾਣ ਤੇ ਅਜ਼ਾਦੀ ਦੀ ਜ਼ਿੰਦਗੀ ਜਿਊਣ ਲਈ ਕੌਮੀ ਸੰਘਰਸ਼ਾਂ ‘ਚ ਜੂਝਣ ਤੇ ਕੁਰਬਾਨ ਹੋਣ ਦਾ ਵੀ ਸ਼ਾਨਾਮੱਤਾ ਇਤਿਹਾਸ ਰਿਹਾ ਹੈ। ਜਿਸਨੇ ਸੰਸਾਰ ਭਰ ‘ਚ ਭਿਆਨਕ ਸਾਮਰਾਜੀ ਜੰਗ ਸਾਹਮਣੇ ਲੰਮਾ ਸਮਾਂ ਲੜ੍ਹਦੇ ਰਹਿਣ ਦੇ ਕੀਰਤੀਮਾਨ ਸਥਾਪਿਤ ਕੀਤੇ ਹਨ। ਹਮਲਾਵਰ ਤਾਕਤਾਂ ਫਲਸਤੀਨ ਦੇ ਲੋਕਾਂ ਦੀ ਅਜਾਦ ਜਿੰਦਗੀ ਜਿਊਣ ਦੀ ਚਾਹਤ ਨੂੰ ਕਦੇ ਖਤਮ ਨਹੀਂ ਕਰ ਸਕਦੀਆਂ। ਜਦੋਂ ਤੱਕ ਜਬਰ ਰਹੇਗਾ ਉਸ ਖਿਲਾਫ ਟੱਕਰ ਕਦੇ ਖਤਮ ਨਹੀਂ ਹੋਵੇਗੀ। ਅੱਜ ਦੁਨੀਆਂ ਭਰ ਦੇ ਅਮਨਪਸੰਦ, ਅਗਾਂਹਵਧੂ ਤੇ ਚੇਤੰਨ-ਸੰਘਰਸ਼ਸ਼ੀਲ ਲੋਕ ਫਲਸਤੀਨੀ ਲੋਕਾਂ ਉਪਰ ਘਿਨੌਣੇ ਇਸਰਾਇਲੀ ਹਮਲੇ ਦੀ ਨਿੰਦਾ ਤੇ ਇਸਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਨ। ਫਲਸਤੀਨੀ ਲੋਕਾਂ ਦੇ ਹੱਕ ‘ਚ ਉੱਠ ਰਹੀ ਅਵਾਜ਼ ਉਨ੍ਹਾਂ ਦੇ ਸਵੈਮਾਣ ਤੇ ਬਰਾਬਰੀ ਨਾਲ ਜਿਊਣ ਦੇ ਬੁਨਿਆਦੀ ਹੱਕ ਦੀ ਵਜ਼ਾਹਤ ਕਰ ਰਹੀ ਹੈ। ਪਹਿਲਾਂ ਹੀ ਨੈਤਿਕ ਤੌਰ ਤੇ ਹਾਰ ਚੁੱਕੀਆਂ ਸਾਮਰਾਜੀ ਤਾਕਤਾਂ ਦਾ ਹਸ਼ਰ ਇਸ ਵਾਰ ਵੀ ਹਾਰ ‘ਚ ਹੀ ਹੋਣਾ ਲਾਜ਼ਮੀ ਹੈ।

ਸੰਪਰਕ: +91 98764 42052

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ