Fri, 19 April 2024
Your Visitor Number :-   6984569
SuhisaverSuhisaver Suhisaver

ਕੌਣ ਸਮਝੇਗਾ ਪਰਦੇਸੀ ਵਸਦੇ ਪੰਜਾਬੀਆਂ ਦੀ ਦਰਦ ਕਹਾਣੀ -ਕਰਮ ਬਰਸਟ

Posted on:- 30-05-2012

suhisaver

ਵਿਕਸਤ ਖਿੱਤਿਆਂ ਵੱਲ ਨੂੰ ਪਰਵਾਸ ਕਰਨਾ ਮਨੁੱਖ ਦੀ ਜਮਾਂਦਰੂ ਪ੍ਰਵਿਰਤੀ ਰਹੀ ਹੈ। ਜਦੋਂ ਤੋਂ ਮਨੁੱਖ ਦਾ ਆਪਣੇ ਪੂਰਵਜਾਂ (ਬਾਂਦਰ, ਗੋਰੀਲਾ, ਚਿਪਾਂਜੀ ਆਦਿ) ਨਾਲੋਂ ਸਿਫ਼ਤੀ ਵਖਰੇਵਾਂ ਹੋਇਆ ਸੀ ਉਦੋਂ ਤੋਂ ਹੀ ਉਹ ਵਧੀਆ ਰੁਜ਼ਗਾਰ ਦੀ ਤਲਾਸ਼ ਵਿਚ ਥਾਂ ਬਦਲੀ ਕਰਦਾ ਆਇਆ ਹੈ। ਭਾਰਤ ਦਾ ਇਤਿਹਾਸ ਤਾਂ ਵਿਸ਼ੇਸ਼ ਕਰਕੇ ਇੱਕ ਤਰ੍ਹਾਂ ਆਰੀਆ ਜਾਤੀ ਤੋਂ ਲੈ ਕੇ ਬਰਤਾਨਵੀ ਬਸਤੀਵਾਦ ਤੱਕ ਅਨੇਕਾਂ ਨਸਲੀ ਮਨੁੱਖੀ ਸਮੂਹਾਂ ਵੱਲੋਂ ਇਸ ਧਰਤੀ 'ਤੇ ਵਸ ਜਾਣ ਦਾ ਇਤਿਹਾਸ ਹੈ। ਇਵੇਂ ਹੀ ਅਮਰੀਕਾ, ਆਸਟਰੇਲੀਆ, ਕੈਨੇਡਾ ਅਤੇ ਨਿਊਜ਼ੀਲੈਂਡ ਵਰਗੇ ਮੁਲਕਾਂ ਨੂੰ ਤਾਂ ਵਿਕਸਤ ਹੀ ਬਰਤਾਨੀਆਂ ਵਿੱਚੋਂ ਪਰਵਾਸ ਕਰਕੇ ਗਏ 'ਗੋਰਿਆਂ' ਨੇ ਕੀਤਾ ਹੈ। ਇਸ ਲਈ ਇੱਕ ਥਾਂ ਤੋਂ ਦੂਜੀ ਥਾਂ 'ਤੇ ਪਰਵਾਸ ਕਰ ਜਾਣਾ ਮਿਹਣੇ ਵਾਲੀ ਗੱਲ ਨਹੀਂ ਹੈ। ਨਵੀਆਂ ਧਰਤੀਆਂ ਲੱਭਣ ਅਤੇ ਨਵੇਂ ਰਾਹ ਤਲਾਸ਼ ਕਰਨ ਦੀ ਲੋਚਾ ਨੇ ਹਮੇਸ਼ਾਂ ਹੀ ਮਨੁੱਖੀ ਪਰਵਾਸ ਨੂੰ ਹੁਲਾਰਾ ਦਿੱਤਾ ਹੈ। ਗੱਲ ਸਿਰਫ਼ ਹਕੀਕਤਾਂ ਨੂੰ ਪ੍ਰਵਾਨ ਕਰਨ ਦੀ ਅਤੇ ਜ਼ਿੰਦਗੀ ਬਾਰੇ ਵਿਗਿਆਨਕ ਨਜ਼ਰੀਆ ਅਪਣਾਉਣ ਦੀ ਹੈ।

ਡਾਲਰਾਂ ਦੀ ਚਕਾਚੌਂਦ ਵਿੱਚ ਗ੍ਰਸੇ ਪੰਜਾਬੀਆਂ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਵਿਦੇਸ਼ਾਂ ਵਿਚ ਡਾਲਰ ਝਾੜੀਆਂ ਨੂੰ ਨਹੀਂ ਲੱਗਦੇ ਕਿ ਹਲੂਣਾ ਦੇ ਕੇ ਬਸ ਬੇਰਾਂ ਵਾਂਗ ਇਕੱਠੇ ਕਰਨੇ ਹੀ ਹੁੰਦੇ ਹਨ। ਅਸਿੱਖਿਅਤ ਅਤੇ ਘੱਟ ਪੜ੍ਹੇ ਪੰਜਾਬੀ ਮਰਦਾਂ ਔਰਤਾਂ ਨੂੰ ਉੱਥੇ ਉਹ ਹਰੇਕ ਕੰਮ ਕਰਨਾ ਪੈਂਦਾ ਹੈ ਜਿਸ ਪ੍ਰਤੀ ਉਹ ਇਧਰ ਨਫ਼ਰਤ ਨਾਲ ਦੇਖਦੇ ਹਨ।



ਸਾਨੂੰ ਆਪਣੇ ਸੱਭਿਆਚਾਰ ਉੱਪਰ ਬੜਾ ਮਾਣ ਹੈ। ਆਪਣੀ ਸੰਸਕ੍ਰਿਤੀ ਉੱਪਰ ਫਖ਼ਰ ਕਰਨਾ ਮਾੜੀ ਗੱਲ ਨਹੀਂ, ਲੇਕਿਨ ਜੇਕਰ ਕਿਸੇ ਭਾਈਚਾਰੇ ਦੇ ਸੰਸਕਾਰ ਵਕਤ ਨਾਲੋਂ ਪਿੱਛੇ ਰਹਿ ਜਾਣ, ਤਾਂ ਉਹ ਮਾਣ ਕਰਨਯੋਗ ਨਹੀਂ, ਬਲਕਿ ਠੱਠੇ ਦਾ ਸਬੱਬ ਬਣ ਜਾਂਦੇ ਹੁੰਦੇ ਹਨ। ਸਾਡੇ ਨਾਲ ਵੀ ਇਹੀ ਕੁਝ ਵਾਪਰ ਰਿਹਾ ਹੈ। ਅਸੀਂ ਹਰ ਕਿਸੇ ਵੱਲ ਨੱਕ ਮੂੰਹ ਵੱਟਦੇ ਹਾਂ। ਬਿਗਾਨੀ ਧਰਤੀ 'ਤੇ ਜਾਕੇ ਡਾਲਰ, ਪੌਂਡ ਜਾਂ ਯੂਰੋ ਤਾਂ ਭਾਲਦੇ ਹਾਂ, ਲੇਕਿਨ ਉੱਥੋਂ ਦੇ ਔਰਤਾਂ ਨੂੰ ਬਰਾਬਰ ਦੇ ਅਧਿਕਾਰ ਦੇਣ ਵਾਲੇ ਅਗਾਂਹਵਧੂ ਸੱਭਿਆਚਾਰ ਨੂੰ ਅਪਨਾਉਣ ਲਈ ਤਿਆਰ ਨਹੀਂ ਹਾਂ।

ਪਰਦੇਸੀ ਵਸਦਿਆਂ ਦੇ ਦੁੱਖਾਂ ਵਿੱਚ ਵਾਧਿਆਂ ਦੀਆਂ ਘਟਨਾਵਾਂ ਦਿਨੋਂ- ਦਿਨ ਵੱਧਦੀਆਂ ਹੀ ਜਾ ਰਹੀਆਂ ਹਨ। ਬਾਹਰ ਜਾਣ ਲਈ ਝੂਠੇ ਵਿਆਹਾਂ ਦੀਆਂ ਗੱਲਾਂ ਤਾਂ ਹੁਣ ਲੱਗਦਾ ਹੈ, ਕਿ ਪੰਜਾਬੀ ਭਾਈਚਾਰੇ ਨੇ ਪ੍ਰਵਾਨ ਕਰ ਲਈਆਂ ਹਨ। ਨਸ਼ਿਆਂ ਦਾ ਵਪਾਰ ਅਤੇ ਗੈਂਗਵਾਰ ਬੀਤੇ ਦੇ ਵਰਤਾਰੇ ਬਣ ਚੁੱਕੇ ਹਨ। ਮਾਣ ਇੱਜ਼ਤ ਲਈ ਧੀਆਂ ਦੇ ਕੀਤੇ ਕਰਵਾਏ ਜਾਂਦੇ ਕਤਲ ਵੀ ''ਪ੍ਰਵਾਨਯੋਗ'' ਦਾਇਰੇ ਵਿਚ ਆ ਗਏ ਹਨ। ਇੱਕ ਪਾਕਿਸਤਾਨੀ ਪੰਜਾਬੀ ਭਾਈ ਵੱਲੋਂ, ਸਿਰਫ ਹਿਜਾਬ ਨਾ ਪਹਿਨਣ ਕਾਰਨ, ਆਪਣੀ ਜਵਾਨ ਧੀ ਦਾ ਕਤਲ ਕਰ ਦੇਣਾ ਕੋਈ ਵੱਡੀ ਖਬਰ ਨਹੀਂ ਬਣਦੀ। ਇਸ਼ਕ ਵਿਚ ਅੰਨ੍ਹੀ ਇਕ ਪੰਜਾਬਣ ਮੁਟਿਆਰ ਨੇ ਆਪਣੀ ਕਥਿਤ ''ਸ਼ੌਂਕਣ'', ਜਿਹੜੀ ਗਰਭਵਤੀ ਸੀ, ਦਾ ਘਿਨਾਉਣਾ ਕਤਲ ਕਰਕੇ, ਚੌਂਦਾ ਸਾਲ ਦੀ ਸਜ਼ਾ ਪਾ ਲਈ ਹੈ। ਨਵੀਂ ਖ਼ਬਰ ਆਈ ਹੈ, ਕਿ ਪੰਜਾਬੀ ਪਿਆਰਿਆਂ ਨੇ ਗਰਭ ਵਿਚ ਧੀਆਂ ਦੇ ਕਤਲ ਕਰਨ ਦਾ ਜੁਗਾੜ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ।

ਇਸੇ ਸਾਲ, ਜਦੋਂ ਪੂਰੀ ਦੁਨੀਆਂ ਅੰਦਰ 'ਕੌਮਾਂਤਰੀ ਔਰਤ ਦਿਵਸ ਮਨਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਤਾਂ ਉਸੇ ਦਿਨ ਦੀ ਸਵੇਰ ਨੂੰ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿਚ ਕੰਮ 'ਤੇ ਜਾ ਰਹੀਆਂ ਤਿੰਨ ਪੰਜਾਬੀ ਔਰਤਾਂ ਦੀ ਭਿਆਨਕ ਸੜਕ ਹਾਦਸੇ ਵਿਚ ਮੌਤ ਹੋ ਗਈ ਅਤੇ ਤੇਰਾਂ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈਆਂ ਸਨ। ਇਹ ਭਾਣਾ ਉਸ ਦੇਸ਼ ਵਿਚ ਵਾਪਰਿਆ ਜੋ ਸਾਡੇ ਨਾਲੋਂ ਕਈ ਗੁਣਾਂ ਵਿਕਸਤ ਹੀ ਨਹੀਂ, ਸਗੋਂ ਔਰਤਾਂ ਦੇ ਅਧਿਕਾਰਾਂ ਪ੍ਰਤੀ ਵੀ ਸੁਚੇਤ ਹੈ। ਇਸ ਦੁਰਘਟਨਾ ਦੇ ਕਾਰਨਾਂ ਦੀ ਜਾਂਚ ਹੁੰਦੀ ਰਹੇਗੀ ਅਤੇ ਤਬਸਰੇ ਵੀ ਹੁੰਦੇ ਰਹਿਣਗੇ, ਲੇਕਿਨ ਇਕ ਗੱਲ ਜ਼ਰੂਰ ਹੀ ਸੋਚਣ ਵਾਲੀ ਰਹੇਗੀ ਕਿ ਪੂੰਜੀਵਾਦੀ ਪ੍ਰਬੰਧ ਅੰਦਰ ਮੁਨਾਫ਼ੇ ਦੀ ਹਿਰਸ ਦੀ ਕੋਈ ਸੀਮਾ ਕਿਉਂ ਨਹੀਂ ਰਹਿੰਦੀ? ਕਿਰਤੀ ਔਰਤਾਂ ਦੇ ਕੰਮ ਦੀਆਂ ਹਾਲਤਾਂ ਅਤੇ ਸੁਰੱਖਿਆ ਦੇ ਮਿਆਰਾਂ ਨਾਲ ਕਿਉਂ ਖਿਲਵਾੜ ਹੋਣ ਦਿੱਤਾ ਜਾਂਦਾ ਹੈ?

ਹਾਦਸੇ ਵਿੱਚ ਮਾਰੀਆਂ ਗਈਆਂ ਅਤੇ ਜ਼ਖ਼ਮੀ ਹੋਈਆਂ ਬਹੁਤੀਆਂ ਔਰਤਾਂ ਪੰਜਾਬ ਦੇ ਜੱਟ ਪਰਿਵਾਰਾਂ ਨਾਲ ਸਬੰਧਤ ਸਨ/ਹਨ। ਇਸ ਮਾੜੀ ਘਟਨਾ ਨੇ ਵਿਦੇਸ਼ੀ ਵਸਦੇ ਪੰਜਾਬੀਆਂ ਦੇ ਕਈ ਰਾਜ਼ ਨਸ਼ਰ ਕੀਤੇ ਹਨ। ਇੱਧਰ ਪਿੰਡਾਂ ਅੰਦਰ 'ਸਰਦਾਰੀਆਂ' ਮਾਣਦੇ ਜੱਟ ਕਿਸਾਨ ਅਤੇ ਉਨ੍ਹਾਂ ਦੀਆਂ ਰਿਸ਼ਤੇਦਾਰ ਔਰਤਾਂ, ਕੈਨੇਡਾ ਦੇ ਖੇਤਾਂ ਅੰਦਰ ਖੇਤ ਮਜ਼ਦੂਰੀ ਕਰਨ ਵਿਚ ਕੋਈ ਸ਼ਰਮ ਜਾਂ ਝਿਜਕ ਮਹਿਸੂਸ ਨਹੀਂ ਕਰਦੇ, ਜਦੋਂ ਕਿ ਖੁਦ ਆਪਣੇ ਖੇਤਾਂ ਵਿਚੋਂ ਪਸ਼ੂਆਂ ਲਈ ਚਾਰੇ ਦੀ ਭਰੀ ਵੀ ਨਹੀਂ ਵੱਢ ਸਕਦੇ। ਕੈਨੇਡਾ ਵਿਚ ਜਾ ਕੇ ਘਾਹ ਖੋਤਣਾ ਕੋਈ ਮਿਹਣੇ ਵਾਲੀ ਗੱਲ ਨਹੀਂ ਕਿਉਂਕਿ ਕਿਰਤ ਨੂੰ 'ਬ੍ਰਾਹਮਣਵਾਦੀ ਦਰਸ਼ਨ' ਤੋਂ ਬਿਨਾਂ ਕਿਤੇ ਵੀ ਛੁਟਿਆਇਆ ਨਹੀਂ ਗਿਆ। ਪੰਜਾਬ ਦੀ ਜੱਟ ਕਿਸਾਨੀ ਦੀ ਰੂਹਾਨੀ ਅਗਵਾਈ ਕਰਨ ਵਾਲੀ ਗੁਰਬਾਣੀ ਵਿਚ ਤਾਂ ਕਿਰਤ ਨੂੰ ਸਰਬੋਤਮ ਦਰਜਾ ਹਾਸਲ ਹੈ। ਫਿਰ ਉਹ ਕਿਹੜੇ ਅਜਿਹੇ ਸੱਭਿਆਚਾਰਕ ਕਾਰਨ ਹਨ ਜਿਨ੍ਹਾਂ ਨੇ ਜੱਟ ਕਿਸਾਨੀ ਨੂੰ ਆਪਣੇ ਹੀ ਖੇਤਾਂ ਵਿੱਚ ਕੰਮ ਕਰਨ ਤੋਂ ਵਰਜ ਦਿੱਤਾ ਹੈ, ਦੀ ਪੁਣਛਾਣ ਕਰਨ ਦੀ ਲੋੜ ਹੈ।

ਪੰਜਾਬ ਦੀ ਮਸ਼ਹੂਰ ਬੋਲੀ,'ਭੱਤਾ ਲੈ ਕੇ ਖੇਤ ਨੂੰ ਚੱਲੀ, ਜੱਟੀ ਪੰਦਰਾਂ ਮੁਰੱਬਿਆਂ ਵਾਲੀ' ਇਸ ਵੇਲੇ ਹਕੀਕਤ ਵਿੱਚੋਂ ਅਲੋਪ ਹੋ ਚੁੱਕੀ ਹੈ। ਪੰਦਰਾਂ ਮੁਰੱਬੇ ਤਾਂ ਦੂਰ, ਪੰਦਰਾਂ ਬਿੱਘਿਆ ਵਾਲੀ ਜੱਟੀ ਵੀ ਖੇਤ ਵਿਚ ਕੰਮ ਕਰਨ ਨੂੰ ਨਫ਼ਰਤ ਕਰਨ ਲੱਗੀ ਹੈ। ਜੱਟ ਕਿਸਾਨੀ ਦੇ ਅੱਧਪੜੇ ਮੁੰਡੇ ਵੀ ਪੜ੍ਹਾਈ ਦੀ ਆੜ ਹੇਠਾਂ ਵਾਹੋਦਾਹੀ ਆਸਟਰੇਲੀਆ ਵੱਲ ਨੂੰ ਭੱਜੇ ਜਾ ਰਹੇ ਹਨ ਅਤੇ ਆਸਟਰੇਲੀਆ ਵਰਗੇ ਦੇਸ਼ਾਂ ਦੀਆਂ ਅਖੌਤੀ ਵਿਦਿਅਕ ਸੰਸਥਾਵਾਂ ਮਣਾਂ ਮੂੰਹੀ ਧਨ ਬਟੋਰ ਰਹੀਆਂ ਹਨ। ਕਥਿਤ ਉਚੇਰੀ ਵਿੱਦਿਆ ਗ੍ਰਹਿਣ ਕਰਨ ਤੋਂ ਬਾਅਦ ਇਨ੍ਹਾਂ ਪੰਜਾਬੀ ਗੱਭਰੂਆਂ ਦੇ ਹਸ਼ਰ ਬਾਰੇ ਕਿਸੇ ਨੂੰ ਭੁਲੇਖੇ ਦੀ ਲੋੜ ਨਹੀਂ ਹੈ। ਉਹ ਬਿਗਾਨੀ ਜ਼ਮੀਨ ਉਪਰ ਖੇਤ ਮਜ਼ਦੂਰ ਬਣਨ ਲਈ ਸਰਾਪੇ ਜਾਣਗੇ। ਮਸਲਾ ਬਿਗਾਨੇ ਖੇਤਾਂ ਵਿਚ ਕੰਮ ਕਰਨ ਦਾ ਨਹੀਂ ਹੈ, ਸਗੋਂ ਆਪਣੇ ਹੀ ਖੇਤਾਂ ਵਿਚ ਕੰਮ ਨਾ ਕਰਨ ਦਾ ਹੈ।

ਪੰਜਾਬੀਆਂ ਵੱਲੋਂ ਬਾਹਰਲੇ ਮੁਲਕਾਂ ਵਿਚ ਜਾਣ ਦੇ ਅਲੱਗ-ਅਲੱਗ ਸਮੇਂ ਤੇ ਅਲੱਗ-ਅਲੱਗ ਕਾਰਨ ਹੋ ਸਕਦੇ ਹਨ, ਪ੍ਰੰਤੂ ਵੀਹਵੀਂ ਸਦੀ ਦੇ ਮੁੱਢ ਤੋਂ ਲੈ ਕੇ ਹੁਣ ਤੱਕ ਦਾ ਵੱਡਾ ਕਾਰਨ ਮਾੜੀ ਆਰਥਿਕ ਹਾਲਤ ਰਹੀ ਹੈ। ਹਰੇ ਇਨਕਲਾਬ ਤੋਂ ਬਾਅਦ ਇਕ ਕਾਰਨ ਹੋਰ ਜੁੜ ਗਿਆ ਹੈ ਕਿ ਪੰਜਾਬ ਦੇ ਲੋਕ ਆਪਣਾ ਉੱਪਰ ਉਠ ਚੁੱਕਿਆ ਜੀਵਨ ਪੱਧਰ ਬਰਕਰਾਰ ਨਹੀਂ ਰੱਖ ਪਾ ਰਹੇ। ਖੇਤੀ ਦੇ ਮਸ਼ੀਨੀਕਰਨ ਨੇ ਸਿਰਫ਼ ਕਿਸਾਨਾਂ ਨੂੰ ਹੀ ਨਹੀਂ, ਸਗੋਂ ਰਵਾਇਤੀ ਖੇਤ ਮਜ਼ਦੂਰਾਂ ਨੂੰ ਵੀ ਵਿਹਲੇ ਕਰਕੇ ਰੱਖ ਦਿੱਤਾ ਹੈ। ਕੰਮ ਦੀ ਘਾਟ ਨੇ ਖੇਤ ਮਜ਼ਦੂਰਾਂ ਦੀਆਂ ਉਜਰਤਾਂ ਜਾਮ ਕਰ ਦਿੱਤੀਆਂ ਹਨ। ਪੁਰਾਣੀਆਂ ਉਜਰਤਾਂ ਉਨ੍ਹਾਂ ਨੂੰ ਵਾਰਾ ਨਹੀਂ ਖਾਂਦੀਆਂ। ਇਸ ਲਈ ਉਨ੍ਹਾਂ ਦੀ ਥਾਂ ਬਿਹਾਰ ਤੋਂ ਆਈ ਸਸਤੀ ਅਤੇ ਮੁਕਾਬਲਤਨ ਦੱਬੂ ਕਿਰਤ ਸ਼ਕਤੀ ਨੇ ਲੈ ਲਈ ਹੈ। ਇਸ ਸਸਤੀ ਕਿਰਤ ਸ਼ਕਤੀ ਨੇ ਜੱਟ ਕਿਸਾਨੀ ਨੂੰ ਵਿਹਲੇ ਰਹਿਣ ਦੀ ਚਾਟ ਹੀ ਨਹੀਂ ਲਗਾਈ, ਸਗੋਂ ਉਹ ਕਿਰਤ ਨੂੰ ਵੀ ਨਫ਼ਰਤਯੋਗ ਸੰਕਲਪ ਵਜੋਂ ਲੈਣ ਲੱਗੇ ਹਨ। ਪੰਜਾਬ ਦੀ ਕਿਸਾਨੀ ਦੇ ਅਜੋਕੇ ਆਰਥਿਕ ਨਿਘਾਰ ਲਈ, ਅਨੇਕਾਂ ਹੋਰ ਕਾਰਨਾਂ ਤੋਂ ਬਿਨਾਂ, ਕਿਰਤ ਨਾਲੋਂ ਮੋਹਭੰਗ ਹੋ ਜਾਣ ਦੀ ਕੁਬਿਰਤੀ ਵਜੋਂ ਵੀ ਦੇਖਿਆ ਜਾਣਾ ਚਾਹੀਦਾ ਹੈ।

ਪੁਰਾਣੇ ਸਮਿਆਂ ਵਿੱਚ ਖੇਤੀ ਨੂੰ ਉਤਮ ਅਤੇ ਚਾਕਰੀ (ਨੌਕਰੀ) ਨੂੰ ਨਖਿੱਧ ਸਮਝਿਆ ਜਾਂਦਾ ਸੀ, ਕਿਉਂਕਿ ਚਾਕਰੀ ਦਾ ਮਤਲਬ ਹੀ ਬਦੇਸ਼ੀ ਹਮਲਾਵਾਰਾਂ (ਭਾਵੇਂ ਉਹ ਮੁਗਲ ਹਾਕਮ ਸਨ ਜਾਂ ਬਰਤਾਨਵੀ ਬਸਤੀਵਾਦੀ) ਦੀ ਫੌਜ ਵਿੱਚ ਭਾੜੇ ਦੇ ਟੱਟੂ ਬਣਨਾ ਸੀ ਅਤੇ ਬਦੇਸ਼ੀ ਹਿੱਤਾਂ ਦੀ ਰਾਖੀ ਖ਼ਾਤਰ ਆਪਣੀ ਬਲੀ ਦੇਣਾ ਸੀ। 1947 ਦੀ ਸੱਤਾ ਬਦਲੀ ਤੋਂ ਬਾਅਦ, ਖਾਸ ਕਰਕੇ ਜਨਤਕ ਸੈਕਟਰ ਦੀ ਵੱਡੇ ਪੱਧਰ 'ਤੇ ਉਸਾਰੀ ਹੋਣ ਨਾਲ ਲੋਕਾਂ ਲਈ ਰੁਜ਼ਗਾਰ ਦੇ ਅਥਾਹ ਮੌਕੇ ਪੈਦਾ ਹੋਏ। ਇਕ ਪਾਸੇ ਹਰੇ ਇਨਕਲਾਬ ਦੇ ਸਿੱਟੇ ਵਜੋਂ ਆਈ ਅਰੰਭਿਕ ਖੁਸ਼ਹਾਲੀ ਅਤੇ ਦੂਸਰੇ ਪਾਸੇ ਸਰਕਾਰੀ ਰੁਜ਼ਗਾਰ ਨੇ ਕਿਸਾਨੀ ਦੇ ਧਨਾਢ ਹਿੱਸੇ ਨੂੰ ਤਕੜਾ ਆਰਥਿਕ ਹੁਲਾਰਾ ਦਿੱਤਾ। ਜੀਵਨ ਪੱਧਰ ਉੱਚਾ ਹੋਣ ਦੇ ਨਾਲ ਨਾਲ ਸੱਭਿਆਚਾਰਕ ਗਿਰਾਵਟ ਦੇ ਚਿੰਨ੍ਹ ਵੀ ਉੱਭਰਨੇ ਸ਼ੁਰੂ ਹੋਏ। ਕਿਸਾਨੀ ਦਾ ਤਕੜਾ ਹਿੱਸਾ ਨਸ਼ਿਆਂ ਦੀ ਗ੍ਰਿਫ਼ਤ, ਫਜ਼ੂਲ ਖਰਚੀ, ਆਪਣੇ ਤੋਂ ਵੱਡਿਆਂ ਦੀ ਰੀਸ ਕਰਨ ਦੇ ਚੱਕਰ ਵਿੱਚ ਬੇਲੋੜੀ ਖੇਤੀ ਮਸ਼ੀਨਰੀ ਅਤੇ ਆਵਾਜਾਈ ਦੇ ਘਰੇਲੂ ਸਾਧਨਾਂ ਦੀ ਖਰੀਦ ਵਿਚ ਵਹਿ ਤੁਰਿਆ। ਹਰੇ ਇਨਕਲਾਬ ਦੀ ਸਾਮਰਾਜੀ ਤਕਨੀਕ ਦੇ ਪੀਲੇ ਪੈਂਦਿਆਂ ਹੀ, ਬਹੁਤਿਆਂ ਦੇ ਹੱਥਾਂ ਵਿੱਚੋਂ ਸਭ ਕੁਝ ਕਿਰ ਗਿਆ। ਰਹਿੰਦੀ ਕਸਰ ਵਿਹਲੇ ਰਹਿਣੇ ਦੀ ਬਿਰਤੀ ਨੇ ਪੂਰੀ ਕਰ ਦਿੱਤੀ।

ਖੇਤੀ ਦਾ ਮਸ਼ੀਨੀਕਰਨ ਹੋਣਾ ਅਤੇ ਸਰਮਾਏਦਾਰੀ ਰਾਹ 'ਤੇ ਪੈ ਜਾਣਾ ਆਪਣੇ ਆਪ ਵਿੱਚ ਮਾੜੀ ਗੱਲ ਨਹੀਂ ਹੁੰਦੀ। ਲੇਕਿਨ ਆਧੁਨਿਕ ਖੇਤੀ ਅਤੇ ਸਨਅਤ ਵਿੱਚ ਗਹਿਰਾ ਸਬੰਧ ਹੁੰਦਾ ਹੈ। ਇਹ ਸਬੰਧ ਪੰਜਾਬ ਵਿਚ ਬਣਨ ਨਹੀਂ ਦਿੱਤਾ ਗਿਆ। ਵਿਹਲੇ ਸਮੇਂ ਨੂੰ ਪੈਦਾਵਾਰਕ ਉਸਾਰੀ ਦੇ ਕੰਮਾਂ ਵਿਚ ਨਹੀਂ ਲਗਾਇਆ ਜਾ ਸਕਿਆ। ਖੇਤੀ ਵਿੱਚੋਂ ਵਾਫਰ ਹੋਈ ਕਿਰਤ ਸ਼ਕਤੀ ਨੂੰ ਬਦਲਵੇਂ, ਟਿਕਾਊ ਅਤੇ ਸਨਮਾਨਯੋਗ ਰੁਜ਼ਗਾਰ ਵਿਚ ਸਮੋਇਆ ਨਹੀਂ ਗਿਆ। ਪੰਜਾਬ ਦੀ ਸਨਅਤ ਵੀ ਸਮਾਲ ਸਕੇਲ ਇੰਡਸਟਰੀ ਦੇ ਜ਼ੁਮਰੇ ਵਿੱਚ ਆਉਂਦੀ ਹੈ। ਘੱਟੋ-ਘੱਟ ਸਰਕਾਰੀ ਉਜ਼ਰਤਾਂ ਅਤੇ ਕੰਮ ਦੀਆਂ ਮਿੱਥੀਆਂ ਹਾਲਤਾਂ ਦੀ ਅਣਹੋਂਦ ਹੈ। ਛੋਟੇ ਮਾਲਕਾਨੇ ਵਾਲੀ ਸਨਅਤ ਵਿੱਚ ਉਜਰਤਾਂ ਦੇ ਘੱਟ ਹੋਣ ਸਮੇਤ ਨਿਜੀ ਮਾਲਕਾਨਾ ਦਾਬਾ ਵੀ ਭਾਰੂ ਰਹਿੰਦਾ ਹੈ। ਕਿਰਤ ਕਾਨੂੰਨ ਵਰਗੀ ਸ਼ੈ ਤਾਂ ਉੱਕਾ ਹੀ ਅਲੋਪ ਹੋ ਜਾਂਦੀ ਹੈ।

ਪੰਜਾਬ ਦਾ ਨੌਜਵਾਨ ਖਾਸ ਕਰਕੇ ਅਖੌਤੀ ਉੱਚੀਆਂ ਜਾਤਾਂ ਵਿੱਚੋਂ ਆਉਂਦਾ ਤਬਕਾ ਅਜਿਹੀ ਸਨਅਤ ਵਿਚ ਕੰਮ ਕਰਨ ਲਈ ਤਿਆਰ ਨਹੀਂ ਹੈ। ਹੋਵੇ ਵੀ ਕਿਉਂ, ਕਿਉਂਕਿ ਇੰਨੀ ਕੁ ਦਿਹਾੜੀ ਤਾਂ ਧਨੀ ਕਿਸਾਨੀ ਆਪਣੇ ਖੇਤਾਂ ਅਤੇ ਘਰਾਂ ਵਿੱਚ ਕੰਮ ਕਰਦੇ ਪਰਵਾਸੀ ਮਜ਼ਦੂਰਾਂ ਜਾਂ ਸਥਾਨਕ ਮਜ਼ਦੂਰਾਂ ਨੂੰ ਦੇ ਦਿੰਦੀ ਹੈ। ਦੂਜਾ, ਸਾਡੀ ਵਿਦਿਅਕ ਨੀਤੀ ਵੀ, ਬਸਤੀਵਾਦੀ ਹਾਕਮਾਂ ਵੱਲੋਂ ਤਿਆਰ ਕੀਤੀ ਨੀਤੀ ਉਪਰ ਹੀ ਖੜ੍ਹੀ ਹੈ, ਜੋ ਉਨ੍ਹਾਂ ਨੇ 'ਕਾਲੇ ਅੰਗਰੇਜ਼' ਪੈਦਾ ਕਰਨ ਲਈ ਘੜੀ ਸੀ। ਇਹ ਵਿੱਦਿਅਕ ਨੀਤੀ ਸਰੀਰਕ ਮਿਹਨਤ ਨੂੰ ਸਿਰਫ ਨਫ਼ਰਤ ਕਰਨਾ ਹੀ ਸਿਖਾਉਂਦੀ ਹੈ। ਨਿਰੰਤਰ ਤੌਰ 'ਤੇ ਅਜਿਹਾ ਚਿੱਟ ਕੱਪੜੀਆ ਵਰਗ ਪੈਦਾ ਹੋ ਰਿਹਾ ਹੈ, ਜੋ ਕੇਵਲ ਸਰਕਾਰੀ ਨੌਕਰੀ ਵਰਗੇ ਅਰਾਮਪੇਸ਼ਾ ਅਤੇ 'ਉਪਰਲੀ ਕਮਾਈ' ਨਾਲ ਲਬਰੇਜ਼ ਧੰਦੇ ਮਗਰ ਦੌੜ ਰਿਹਾ ਹੈ। ਕੇਂਦਰੀ ਅਤੇ ਸੂਬਾ ਸਰਕਾਰਾਂ ਨਵੀਆਂ ਆਰਥਿਕ ਨੀਤੀਆਂ ਦੀ ਅੰਨ੍ਹੀ ਧੁੱਸ ਵਿਚ ਹਾਸਲ ਰੁਜ਼ਗਾਰ ਨੂੰ ਖੋਹਣ ਵਿਚ ਲੱਗੀਆਂ ਹੋਈਆਂ ਹਨ। ਖੇਤੀ ਵਿਚ ਰੁਜ਼ਗਾਰ ਬਚਿਆ ਨਹੀਂ, ਜੇ ਮਾੜਾ ਮੋਟਾ ਹੈ ਵੀ, ਤਾਂ ਚਿੱਟ-ਕੱਪੜੀ ਮਾਨਸਿਕਤਾ ਰਾਹ ਵਿੱਚ ਆ ਖੜ੍ਹਦੀ ਹੈ।

ਆਂਢੀਆਂ-ਗੁਆਂਢੀਆਂ ਦੇ ਮਿਹਣੇ ਵੀ ਟਿਕਣ ਨਹੀਂ ਦਿੰਦੇ ਕਿ ਜੇਕਰ ਸੋਲਾਂ ਜਮਾਤਾਂ ਪੜ੍ਹਕੇ ਵੀ ਖੇਤੀ ਹੀ ਕਰਨੀ ਹੈ, ਤਾਂ ਫੇਰ ਇੰਨੇ ਸਾਲ ਕਾਹਦੇ ਲਈ 'ਬਰਬਾਦ' ਕੀਤੇ। ਠੀਕ ਹੀ ਹੈ, ਜਦੋਂ ਵਿੱਦਿਆ ਦਾ ਮੰਤਵ ਹੀ 'ਗਿਆਨ' ਨਹੀਂ ਹੈ, ਤਾਂ ਸਕੂਲਾਂ ਕਾਲਜਾਂ ਅੰਦਰ ਬਿਤਾਏ ਸਾਲ 'ਬਰਬਾਦੀ' ਹੀ ਲੱਗ ਸਕਦੇ ਹਨ, ਹੋਰ ਕੁਝ ਨਹੀਂ। ਛੋਟੇ ਪੈਮਾਨੇ ਦੀ ਸਨਅਤ ਵਿਚੋਂ ਮਿਲਦੀ ਦਿਹਾੜੀ ਨਾਲ ਦੋ ਡੰਗ ਦੀ ਰੋਟੀ ਵੀ ਨਹੀਂ ਜੁੜਦੀ। ਹਾਸਲ ਹੋ ਚੁੱਕੇ ਜੀਵਨ ਪੱਧਰ ਨੂੰ ਕਾਇਮ ਰੱਖਣਾ ਤਾਂ ਦੂਰ ਦੀ ਗੱਲ ਹੈ। ਫੇਰ ਪੰਜਾਬ ਦੇ ਨੌਜਵਾਨ ਮੁੰਡੇ-ਕੁੜੀਆਂ ਕਰਨ ਤਾਂ ਕੀ ਕਰਨ? ਇਨ੍ਹਾਂ ਆਰਥਿਕ ਸਮਾਜਿਕ ਅਤੇ ਸੱਭਿਆਚਾਰਕ ਸਥਿਤੀਆਂ ਵਿਚੋਂ ਪੈਦਾ ਹੁੰਦੇ ਸਵਾਲਾਂ ਦਾ ਵਾਜਬ ਜਵਾਬ ਲੱਭੇ ਬਿਨਾਂ ਛੁਟਕਾਰਾ ਨਹੀਂ ਹੋਣਾ। ਆਪਣੇ ਘਰ ਵਿਚ ਡੱਕਾ ਨਾ ਤੋੜਨ ਵਾਲਿਆਂ ਵੱਲੋਂ ਗੋਰਿਆਂ ਦੇ ਖੇਤਾਂ ਵਿਚੋਂ ਖੁਸ਼ੀ ਖੁਸ਼ੀ ਘਾਹ ਖੋਤਣਾ, ਕੋਈ ਹੁਣੇ ਹੀ ਪੈਦਾ ਹੋਇਆ ਸੱਭਿਆਚਾਰਕ ਵਿਗਾੜ ਨਹੀਂ ਹੈ। ਇਸ ਦੀਆਂ ਜੜ੍ਹਾਂ ਸਦੀਆਂ ਪੁਰਾਣੇ ਜਾਤਪਾਤੀ ਪ੍ਰਬੰਧ ਵਿਚ ਪਈਆਂ ਹਨ। ਇਹ ਪ੍ਰਬੰਧ ਮਨੁੱਖ ਅੰਦਰ ਦੰਭੀ ਰੁਚੀਆਂ ਦਾ ਲਗਾਤਾਰ ਵਿਕਾਸ ਕਰਦਾ ਆਇਆ ਹੈ ਅਤੇ ਕਰਦਾ ਰਹੇਗਾ। ਜੀਵਨ ਬਸਰ ਕਰਨ ਦੇ ਕਿਸੇ ਵਸੀਲੇ ਨੂੰ ਆਪਣੀ ਧਰਤੀ 'ਤੇ ਸ਼ਰੇਆਮ ਨਾ ਕਰ ਸਕਣਾ ਅਤੇ ਵਿਦੇਸ਼ ਵਿਚ ਜਾਂ ਲੁੱਕ ਛਿਪਕੇ ਕਰ ਲੈਣਾ ਫਰੇਬੀ ਮਾਨਸਿਕਤਾ ਦਾ ਹੀ ਪ੍ਰਗਟਾਵਾ ਹੈ।

ਬਦੇਸ਼ੀ ਧਰਤੀ 'ਤੇ ਮਾਰੇ ਜਾ ਰਹੇ ਪੰਜਾਬੀ ਮਰਦਾਂ ਅਤੇ ਔਰਤਾਂ ਦੇ ਬੇਵਕਤ ਵਿਛੋੜੇ ਦਾ ਹਰੇਕ ਪੰਜਾਬੀ ਨੂੰ ਮਾਤਮ ਮਨਾਉਣਾ ਚਾਹੀਦਾ ਹੈ। ਕਿਸੇ ਵੀ ਮਨੁੱਖ ਵਿਸ਼ੇਸ਼ ਕਰਕੇ ਕਿਰਤੀ ਮਨੁੱਖ ਦੀ ਅਣਿਆਈ ਮੌਤ, ਸ਼ੋਸ਼ਣ ਉੱਪਰ ਉਸਰੇ ਪ੍ਰਬੰਧ ਅੱਗੇ ਸਵਾਲੀਆ ਨਿਸ਼ਾਨ ਲਗਾਉਂਦੀ ਰਹੇਗੀ। ਬਦੇਸ਼ੀ ਸਰਕਾਰਾਂ ਉਪਰ ਦਬਾਅ ਪਾਉਣਾ ਚਾਹੀਦਾ ਹੈ ਕਿ ਮੁਨਾਫ਼ੇ ਦੀ ਹਿਰਸ ਵਿਚ ਆਪਣੇ ਹੀ ਵਤਨ ਵਾਸੀਆਂ ਦਾ ਸ਼ੋਸ਼ਣ ਕਰਨ ਵਾਲੇ ਠੇਕੇਦਾਰ ਕਿਸਮ ਦੇ ਠੱਗ ਲੋਕਾਂ ਅਤੇ ਨਸਲੀ ਜਨੂੰਨੀਆਂ ਨੂੰ ਸਜ਼ਾਵਾਂ ਮਿਲਣ। ਇਹ ਵਕਤੀ ਹੱਲ ਹੀ ਹੋਵੇਗਾ। ਦੁਖਾਂਤ ਇਸ ਤੋਂ ਕਿਤੇ ਵੱਡਾ ਹੈ। ਉਹ ਹੈ ਪੰਜਾਬੀਆਂ ਵਲੋਂ ਆਪਣੇ ਹੀ ਦੇਸ਼ ਵਿਚ ਕਿਰਤ ਤੋਂ ਨਿਰਮੋਹੇ ਹੋਣ ਦਾ ਅਤੇ ਜਾਤਪਾਤੀ ਦੰਭ ਅਧੀਨ ਕੁਝ ਕਿੱਤਿਆਂ ਨੂੰ ਨਫ਼ਤਰ ਕਰਨ ਦਾ। ਇਸ ਲਈ ਜੇਕਰ ਪੰਜਾਬੀਆਂ ਨੂੰ ਬਿਗਾਨੇ ਖੇਤਾਂ ਜਾਂ ਸੜਕਾਂ/ਟਾਪੂਆਂ ਵਿਚ ਮਰਨ ਤੋਂ ਬਚਾਉਣਾ ਹੈ ਤਾਂ ਇਥੇ ਹੀ ਬਾਇੱਜ਼ਤ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਹੋਣਗੇ। ਸਰੀਰਕ ਅਤੇ ਮਾਨਸਿਕ ਕਿਰਤ ਅੰਦਰਲੇ ਪਾੜੇ ਨੂੰ ਮੇਟਣ ਦੇ ਯਤਨ ਕਰਨੇ ਪੈਣਗੇ। ਪੰਜਾਬ ਅਤੇ ਬਾਹਰ ਵਸਦੇ ਪੰਜਾਬੀਆਂ ਨੂੰ ਇਕ ਨਵੀਂ ਸੱਭਿਆਚਾਰਕ ਕ੍ਰਾਂਤੀ ਦੀ ਲੋੜ ਹੈ, ਤਦ ਹੀ ਬਦੇਸ਼ਾਂ ਨੂੰ ਭੱਜਣ ਦੀ ਰੁਚੀ ਨੂੰ ਠੱਲਿਆ ਜਾ ਸਕਦਾ ਹੈ ਅਤੇ ਇਥੇ ਹੀ ਕਿਰਤ ਪ੍ਰਤੀ ਸਨੇਹ ਪੈਦਾ ਕੀਤਾ ਜਾ ਸਕਦਾ ਹੈ।


ਈ ਮੇਲ:   karambarsat@gmail.com

Comments

Iqbal Pathak

Iqbal Pathak ਪੜ੍ਹ ਲਿਆ ਸੋਹਣਾ ਆਰਟੀਕਲ ਹੈ

Yadwinder Singh

pardes vasan di ki lod c 22,,, kise ne dhakke nal thode bheje ne?

dhanwant bath

bilkul theak hai bhaji...........sadi dhaon wich gadya killa sanu oh kam apne desh wich nahi karn dinda jo kam asi baherle mulka wich gorian tan minta kar kar k mangde han......baki sade kuj vadeshi veer india ja k vadesh dian sifta v vida cheda k karde hun jis karke....rahinde kaser sade bharest leader and sarmaydara de gathjood ne kad dite...........

Dr Charanjit Singh Gumtala

Very good well worded article Thanks

Gurdip Singh Sohpal

ਬਰਸਟ ਜਦੋਂ ਲਿਖਦਾ ,ਪੂਰੀ ਡੁਗਾਂਈ ਨਾਲ ਲਿਖਦਾ ਕਿਸੇ ਕਿੰਤੂ ਪਰੰਤੂ ਦੀ ਕਸਰ ਨੀ ਛੱਡਦਾ ....

Avtar Sidhu

ਬਾਈ ਜੀ ,ਜਿਸ ਤਨ ਲਾਗੇ ਵੋਹੀ ਜਾਣੇ ..ਮੇਰਾ ਛੋਟਾ ਜਿਹਾ ਜਬਾਬ ,ਪਰ ਇਸ ਉਪਰ ਪੂਰਾ ਲੇਖ ਵੀ ਹੋ ਸਕਦਾ ,ਜੇ ਕਰ ਮੈਂ ਆਪਣੇ 30 ਸਾਲਾਂ ਦੀ ,ਇਕ ਕਿਸਮ ਦੀ ਜਲਾਵਤਨੀ ਦੀ ਗਲ ਸ਼ੁਰੂ ਕਰਾਂ,ਹੁਣ ਵਕਤ ਨਹੀ ,ਪਰ ਜਬਾਬ ਦੇਣ ਦੀ ਕੋਸ਼ਿਸ਼ ਜਰੁਰ ਕਰਾਂਗਾ !

Raghbir Devgan

Beautifully written article which talk about dignity of labor and in the same breath finds fault in those people who fail to get a good paying job on their own country of origin.

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ