Sat, 20 April 2024
Your Visitor Number :-   6988288
SuhisaverSuhisaver Suhisaver

ਅੰਗਰੇਜ਼ੀ ਦੀ ਗ਼ੁਲਾਮੀ ਛੱਡੋ, ਆਪਣੀ ਭਾਸ਼ਾ ਉੱਪਰ ਮਾਣ ਕਰੋ

Posted on:- 12-06-2012

suhisaver

ਭਾਰਤ ਦੇ ਇੱਕ ਕੋਨੇ ਤੋਂ ਦੂਸਰੇ ਕੋਨੇ ਤੱਕ ਅੰਗਰੇਜ਼ੀ ਭਾਸ਼ਾ ਦਾ ਦਬਦਬਾ ਬਰਕਰਾਰ ਹੈ ਅਤੇ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਭਾਰਤੀ ਉਪਮਹਾਂਦੀਪ ਵਿੱਚ ਵਸਦੇ ਵੱਖ-ਵੱਖ ਕੌਮੀਅਤਾਂ ਦੇ ਲੋਕਾਂ ਦੀਆਂ ਭਾਸ਼ਾਵਾਂ ਨੂੰ ਅੰਗਰੇਜ਼ੀ ਨੇ ਨੁੱਕਰੇ ਲਾ ਛੱਡਿਆ ਹੈ। ਸਭ ਰਾਜਾਂ ਅਤੇ ਕੇਂਦਰੀ ਪੱਧਰ ‘ਤੇ ਸਰਕਾਰੀ ਕੰਮਕਾਜ਼ ਦੀ ਭਾਸ਼ਾ ਅੰਗਰੇਜ਼ੀ ਹੈ। ਉਚੇਰੀ ਸਿੱਖਿਆ, ਖਾਸ ਕਰਕੇ ਵਿਗਿਆਨਕ ਅਤੇ ਤਕਨੀਕੀ ਸਿੱਖਿਆ ਦਾ ਮਾਧਿਅਮ ਵੀ ਅੰਗਰੀਜ਼ੀ ਹੀ ਹੈ। ਨੌਕਰੀਆਂ ਅਤੇ ਉੱਚ ਸਿੱਖਿਆ ਲਈ ਲਗਭਗ ਸਾਰੀਆਂ ਪ੍ਰੀਖਿਆਵਾਂ ਦਾ ਮਾਧਿਅਮ ਵੀ ਅੰਗਰੇਜ਼ੀ ਹੀ ਹੈ। ਭਾਰਤ ਵਿੱਚ ਚੰਗੀ ਕਰੀਅਰ ਦਾ ਰਾਹ ਚੰਗੀ ਅੰਗਰੇਜ਼ੀ ਰਾਹੀਂ ਹੀ ਲੰਘਦਾ ਹੈ। ਅੱਜ ਅੰਗਰੇਜ਼ੀ ਇੱਕ ਫੈਸ਼ਨ ਹੈ, ਸਮਾਜਿਕ ਮਾਣ ਸਨਮਾਨ ਦਾ ਇੱਕ ਚਿੰਨ੍ਹ ਹੈ।
ਸਾਡੇ ਦੇਸ਼ ਵਿੱਚ ਬਸਤੀਵਾਦੀ ਗੁਲਾਮੀ ਦੇ ਸਮੇਂ ਤੋਂ ਹੀ ਅੰਗਰੇਜ਼ੀ ਭਾਸ਼ਾ ਦੀ ਚੌਧਰ ਬਾ-ਦਸਤੂਰ ਬਰਕਰਾਰ ਹੈ। 1947 ਵਿੱਚ ਭਾਰਤ ਸਿਆਸੀ ਤੌਰ ‘ਤੇ ਭਾਵੇਂ ਅੰਗਰੇਜ਼ਾਂ ਤੋਂ ਅਜ਼ਾਦ ਹੋ ਗਿਆ, ਪਰ ਬਸਤੀਵਾਦੀ ਵਿਰਾਸਤ ਦੇ ਅਹਿਮ ਅੰਗ ਅੰਗਰੇਜ਼ੀ ਤੋਂ ਅਜ਼ਾਦ ਨਾ ਹੋ ਸਕਿਆ।



ਪੰਜਾਬੀ ਭਾਸ਼ਾ ਦੇ ਸੰਦਰਭ ‘ਚ ਗੱਲ ਕਰਨੀ ਹੋਵੇ ਤਾਂ ਅਸੀਂ ਦੂਹਰੀ ਗ਼ੁਲਾਮੀ ਦੇ ਸ਼ਿਕਾਰ ਹਾਂ। ਅਸੀਂ ਅੰਗਰੇਜ਼ੀ ਦੇ ਨਾਲ਼ -ਨਾਲ਼ ਹਿੰਦੀ ਦੀ ਗ਼ੁਲਾਮੀ ਵੀ ਹੰਢਾ ਰਹੇ ਹਾਂ। ਪੰਜਾਬ ਦੇ ਕਈ ਸ਼ਹਿਰੀ ਖੇਤਰਾਂ ਵਿੱਚ ਅੱਜ ਹਿੰਦੀ ਅਖ਼ਬਾਰਾਂ ਦੀ ਸਰਕੂਲੇਸ਼ਨ ਪੰਜਾਬੀ ਅਖ਼ਬਾਰਾਂ ਨੂੰ ਪਿੱਛੇ ਛੱਡ ਗਈ ਹੈ ਅਤੇ ਕਈ ਥਾਵੇਂ ਬਰਾਬਰ ਦੀ ਟੱਕਰ ਦੇ ਰਹੀ ਹੈ। ਇਸ ਦੀ ਇੱਕ ਵਜ੍ਹਾ ਤਾਂ ਇਹ ਹੈ ਕਿ ਪੰਜਾਬ ਦੇ ਸ਼ਹਿਰਾਂ ਵਿੱਚ ਹਿੰਦੀ ਭਾਸ਼ੀ ਆਬਾਦੀ ਵੱਡੀ ਗਿਣਤੀ ‘ਚ ਆਣ ਵਸੀ ਹੈ। ਨਿਸ਼ਚੇ ਹੀ ਉਨ੍ਹਾਂ ਨੂੰ ਉਨ੍ਹਾਂ ਦੀ ਭਾਸ਼ਾ ਵਿੱਚ ਅਖ਼ਬਾਰ ਅਤੇ ਜਾਣਕਾਰੀ ਦੇ ਹੋਰ ਸਾਧਨ ਮੁਹੱਈਆ ਹੋਣਾ ਕੋਈ ਗ਼ਲਤ ਨਹੀਂ ਹੈ। ਇਸ ਦੀ ਦੂਸਰੀ ਵਜ੍ਹਾ ਇਹ ਹੈ ਕਿ ਅੱਜ ਪੰਜਾਬ ਦਾ ਮੱਧ ਵਰਗ ਅਤੇ ਖਾਸ ਕਰਕੇ ਸ਼ਹਿਰੀ ਮੱਧ ਵਰਗ ਆਪਣੀ ਮਾਂ ਬੋਲੀ ਨਾਲ਼ ਗੱਦਾਰੀ ਕਰ ਗਿਆ ਹੈ। ਉਹ ਅੰਗਰੇਜ਼ੀ ਹਿੰਦੀ ਮਗਰ ਦੌੜ ਰਿਹਾ ਹੈ। ਇਨ੍ਹਾਂ ਘਰਾਂ ‘ਚ ਬੱਚਿਆਂ ਨੂੰ ਬਚਪਨ ਤੋਂ ਹੀ ਅੰਗਰੇਜ਼ੀ ਤੇ ਦੂਜੇ ਨੰਬਰ ‘ਤੇ ਹਿੰਦੀ ਬੋਲਣ ਦੀ ਆਦਤ ਪਾਈ ਜਾ ਰਹੀ ਹੈ। ਪੰਜਾਬੀ ਬੋਲਣ ਨੂੰ ਨਿਰਉਤਸ਼ਾਹਿਤ ਕੀਤਾ ਜਾਂਦਾ ਹੈ। ਪੰਜਾਬ ਦਾ ਮੱਧ ਵਰਗ (ਸ਼ਹਿਰੀ) ਹੁਣ ਅੰਗਰੇਜ਼ੀ ਜਾਂ ਹਿੰਦੀ ਬੋਲਣ ‘ਚ ਹੀ ਮਾਣ ਸਮਝਦਾ ਹੈ।

ਹਿੰਦੀ ਭਾਰਤ ਦੇ ਬਹੁਤ ਵੱਡੇ ਇਲਾਕੇ ਵਿੱਚ ਬੋਲੀ ਜਾਂਦੀ ਹੈ। ਭਾਰਤ ਦੇ ਹਾਕਮ ਇਸ ਨੂੰ ਕੌਮੀ ਭਾਸ਼ਾ ਕਹਿੰਦੇ ਹਨ। ਅਜ਼ਾਦੀ ਤੋਂ ਬਾਅਦ ਉਨ੍ਹਾਂ ਜ਼ਬਰਦਸਤੀ ਭਾਰਤ ਦੇ ਵੱਖ-ਵੱਖ ਭਾਸ਼ਾਵਾਂ ਬੋਲਣ ਵਾਲ਼ੇ ਲੋਕਾਂ ‘ਤੇ ਥੋਪਣ ਦੀ ਕੋਸ਼ਿਸ਼ ਕੀਤੀ। ਜਿਸ ਦਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਖਾਸ ਕਰਕੇ ਦੱਖਣੀ ਸੂਬਿਆਂ ‘ਚ ਜ਼ਬਰਦਸਤ ਵਿਰੋਧ ਹੋਇਆ। ਜਦ ਭਾਰਤ ਹੀ ਇੱਕ ਕੌਮ ਨਹੀਂ ਤਾਂ ਇਸ ਦੀ ਕੋਈ ਕੌਮੀ ਭਾਸ਼ਾ ਵੀ ਨਹੀਂ ਹੋ ਸਕਦੀ। ਭਾਰਤੀ ਉਪਮਹਾਂਦੀਪ ਕਈ ਕੌਮੀਅਤਾਂ ਦਾ ਘਰ ਹੈ। ਸਾਂਝੇ ਖਿਤੇ, ਸਾਂਝੇ ਸੱਭਿਆਚਾਰ ਤੋਂ ਇਲਾਵਾ ਭਾਸ਼ਾ ਉਹ ਅਹਿਮ ਅੰਗ ਹੈ ਜੋ ਮਿਲ਼ਕੇ ਕਿਸੇ ਕੌਮੀਅਤ ਦੀ ਰਚਨਾ ਕਰਦੇ ਹਨ। ਇਸ ਲਈ ਵੱਖ-ਵੱਖ ਕੌਮੀਅਤਾਂ ਦੀਆਂ ਭਾਸ਼ਾਵਾਂ ਨੂੰ ਦਬਾਏ ਜਾਣ ਦਾ ਜ਼ਬਰਦਸਤ ਵਿਰੋਧ ਕੀਤਾ ਜਾਣਾ ਚਾਹੀਦਾ ਹੈ। ਹਾਂ ਭਾਰਤ ‘ਚ ਵਸਦੀਆਂ ਵੱਖ-ਵੱਖ ਕੌਮੀਅਤਾਂ ਦੇ ਲੋਕਾਂ ਨੂੰ ਆਪਸ ਵਿੱਚ ਸੰਚਾਰ ਕਰਨ ਲਈ ਇੱਕ ਸੰਪਰਕ ਭਾਸ਼ਾ ਦੀ ਲੋੜ ਜ਼ਰੂਰ ਹੈ। ਆਪਣੇ ਭਗੌਲਿਕ ਪਸਾਰੇ ਕਾਰਨ ਹਿੰਦੀ ਅਜਿਹੀ ਸੰਪਰਕ ਭਾਸ਼ਾ ਲਈ ਸਭ ਤੋਂ ਯੋਗ ਹੋ ਸਕਦੀ ਹੈ। ਪਰ ਇਸ ਦੀ ਚੋਣ ਵੀ ਭਾਰਤ ਦੀਆਂ ਸਭ ਕੌਮੀਅਤਾਂ ਦੇ ਲੋਕਾਂ ਦੀ ਆਪਸੀ ਸਹਿਮਤੀ ਨਾਲ਼ ਹੋਣੀ ਚਾਹੀਦੀ ਹੈ।

ਪੰਜਾਬ ਵਿੱਚ ਅੱਜ ਅਜਿਹੇ ਸਕੂਲ ਵੀ ਹਨ ਜਿੱਥੇ ਪੰਜਾਬੀ ਬੋਲਣ ਉੱਪਰ ਪਾਬੰਦੀ ਹੈ। ਨਿਸ਼ਚੇ ਹੀ ਭਾਰਤ ਦੇ ਹੋਰਾਂ ਸੂਬਿਆਂ ਚ ਵੀ ਅ ਜਿਹੇ ਸਕੂਲ ਹੋਣਗੇ ਜਿੱਥੇ ਬੱਚਿਆਂ ਦੇ ਮਾਂ ਬੋਲੀ ਬੋਲਣ ਤੇ ਪਾਬੰਦੀ ਹੋਵੇ। ਅਜਿਹੇ ਸਕੂਲਾਂ ਬਾਰੇ ਜਾਣ ਕੇ ਕੀਨੀਆ ਦੇ ਲੇਖਕ ਨਗੂਗੀ ਵਾ ਥਯੋਂਗੋ ਦੇ ਬੋਲ ਯਾਦ ਆਉਂਦੇ ਹਨ। ਨਗੂਗੀ ਦਾ ਕਹਿਣਾ ਹੈ ਕਿ ਜਦੋਂ ਉਸ ਦਾ ਦੇਸ਼ ਬ੍ਰਿਟੇਨ ਦਾ ਗੁਲਾਮ ਸੀ, ਜਿਹੜੇ ਸਕੂਲ ਵਿੱਚ ਉਹ ਬਚਪਨ ਵਿੱਚ ਪੜ੍ਹਦਾ ਸੀ, ਉੱਥੇ ਬੱਚਿਆਂ ਤੇ ਸਥਾਨਕ ਭਾਸ਼ਾ (ਗਿਕਯੂ) ਬੋਲਣ ਤੇ ਪਾਬੰਦੀ ਸੀ। ਜੇਕਰ ਬੱਚੇ ਕਦੇ ਗਲਤੀ ਨਾਲ਼ ਵੀ ਆਪਣੀ ਮਾਂ ਬੋਲੀ ਗੱਲ ਕਰ ਲੈਂਦੇ ਤਾਂ ਉਨ੍ਹਾਂ ਨੂੰ ਬੈਂਤਾਂ ਨਾਲ਼ ਕੁੱਟਿਆ ਜਾਂਦਾ ਸੀ। ਬੱਚੇ ਦੇ ਮੂੰਹ ਕਾਗਜ਼ ਤੁੰਨ ਦਿੱਤੇ ਜਾਂਦੇ ਸਨ, ਫਿਰ ਇੱਕ ਬੱਚੇ ਦੇ ਮੂੰਹ ਚੋਂ ਉਹ ਕਾਗਜ਼ ਕੱਢਕੇ ਦੂਸਰੇ ਬੱਚੇ ਦੇ ਮੂੰਹ ਵਿੱਚ ਤੁੰਨੇ ਜਾਂਦੇ ਸਨ, ਫਿਰ ਇਹੀ ਕਾਗਜ਼ ਤੀਸਰੇ, ਫਿਰ ਚੌਥੇ ਅਤੇ ਅੱਗੇ ਉਨ੍ਹਾਂ ਸਭ ਬੱਚਿਆਂ ਦੇ ਵਿੱਚ ਇਹ ਜੂਠੇ ਕਾਗਜ਼ ਦਿੱਤੇ ਸਨ ਜਿਨ੍ਹਾਂ ਆਪਣੀ ਮਾਂ ਬੋਲੀ ਬੋਲਣ ਦਾ ਗੁਨਾਹਕੀਤਾ ਹੋਵੇ।

ਪੰਜਾਬ ਦੇ ਕਈ ਨਾਮਵਰ ਬੁੱਧੀਜੀਵੀ ਅੰਗਰੇਜ਼ੀ ਵਿੱਚ ਹੀ ਲਿਖਦੇ ਹਨ। ਉੱਘੇ ਮਾਰਕਸਵਾਦੀ ਚਿੰਤਕ ਪ੍ਰੋ. ਰਣਧੀਰ ਸਿੰਘ ਦੀ ਹੀ ਉਦਾਹਰਣ ਲਓ ਸਾਡੀ ਜਾਣਕਾਰੀ ਮੁਤਾਬਕ ਉਨ੍ਹਾਂ ਦਾ ਲਗਭਗ ਸਾਰਾ ਲੇਖਣ (ਗਦਰੀ ਸੂਰਬੀਰ ਨੂੰ ਛੱਡਕੇ) ਅੰਗਰੇਜ਼ੀ ਵਿੱਚ ਹੈ। ਉਨ੍ਹਾਂ ਦੀਆਂ ਜ਼ਿਆਦਾਤਰ ਰਚਨਾਵਾਂ ਦੇ ਤਾਂ ਪੰਜਾਬੀ ਵਿੱਚ ਅਨੁਵਾਦ ਵੀ ਉਪਲਭਧ ਨਹੀਂ ਹਨ। ਪੰਜਾਬ ਦੇ ਉੱਘੇ ਅਰਥਸ਼ਾਸਤਰੀ ਡਾ. ਸੁੱਚਾ ਸਿੰਘ ਗਿੱਲ ਦੇ ਲਗਭਗ ਸਾਰੇ ਹੀ ਪੇਪਰ ਅੰਗਰੇਜ਼ੀ ਵਿੱਚ ਹਨ। ਜਦ ਜੋ ਕੁਝ ਇਨ੍ਹਾਂ ਲਿਖਿਆ ਹੈ ਪੰਜਾਬੀ ਭਾਸ਼ਾ ਉਸ ਸਭ ਨੂੰ ਪ੍ਰਗਟਾਉਣ ਦੇ ਪੂਰੀ ਤਰ੍ਹਾਂ ਸਮੱਰਥ ਹੈ। ਪਤਾ ਨਹੀਂ ਇਹ ਬੁੱਧੀਜੀਵੀ ਲਿਖਦੇ ਕਿਸੇ ਵਾਸਤੇ ਹਨ? ਸਾਡੇ ਬੁੱਧੀਜੀਵੀਆਂ ਦਾ ਇਹ ਅੰਗਰੇਜ਼ੀ ਪ੍ਰੇਮ ਦਿਖਾਉਂਦਾ ਹੈ ਕਿ ਉਹ ਪੰਜਾਬੀ ਜ਼ੁਬਾਨ, ਪੰਜਾਬੀ ਲੋਕਾਂ ਤੋਂ ਇਹ ਲੋਕ ਕਿੰਨਾ ਦੂਰ ਜਾ ਚੁੱਕੇ ਹਨ। ਚਾਹੀਦਾ ਤਾਂ ਇਹ ਹੈ ਆਪਣੀ ਭਾਸ਼ਾ ਵਿੱਚ ਲਿਖਿਆ ਜਾਵੇ ਬਾਅਦ ਵਿੱਚ ਲੋੜ ਮੁਤਾਬਕ ਹੋਰਾਂ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾਵੇ।

ਪੰਜਾਬੀ ਦੇ ਸਾਹਿਤਕ ਪਰਚੇ, ਜਿਨ੍ਹਾਂ ਤੋਂ ਪੰਜਾਬੀ ਭਾਸ਼ਾ ਦੀ ਤਰੱਕੀ ਦੀ ਆਸ ਕੀਤੀ ਜਾਂਦੀ ਹੈ, ਉਹ ਵੀ ਪੰਜਾਬੀ ਭਾਸ਼ਾ ਦਾ ਕਬਾੜਾ ਕਰੀ ਜਾ ਰਹੇ ਹਨ। ਇਨ੍ਹਾਂ ਵਿੱਚ ਛਪਦੇ ਸਾਹਿਤ ਚੋਰ ਲੇਖਕ ਅਕਸਰ ਹਿੰਦੀ ਅਤੇ ਜੇਕਰ ਕਿਸੇ ਦੀ ਪਹੁੰਚ ਹੋਵੇ ਤਾਂ ਅੰਗਰੇਜ਼ੀ ਤੋਂ ਮਾਲਚੋਰੀ ਕਰਦੇ ਹਨ। ਚੋਰੀ ਕੀਤੇ ਹੋਏ ਇਸ ਮਾਲ ਵਿੱਚ ਉਹ ਹਿੰਦੀ, ਅੰਗਰੇਜ਼ੀ ਦੇ ਸ਼ਬਦ ਵੀ ਥੋਕ ਰੂਪ ਵਿੱਚ ਪੰਜਾਬੀ ਭਾਸ਼ਾ ਵਿੱਚ ਲਿਆ ਰਹੇ ਹਨ। ਜਦ ਕਿ ਉਹ ਸਾਰੇ ਸ਼ਬਦ ਪੰਜਾਬੀ ਭਾਸ਼ਾ ਚ ਵੀ ਮੌਜੂਦ ਹੁੰਦੇ ਹਨ, ਜੋ ਹੋਰਾਂ ਭਾਸ਼ਾਵਾਂ ਚੋਂ ਲਏ ਜਾਣ ਵਾਲ਼ੇ ਸ਼ਬਦਾਂ ਦੇ ਅਰਥਾਂ ਨੂੰ ਪ੍ਰਗਟਾਅ ਸਕਦੇ ਹਨ। ਕੁਝ ਸਿਰਫ਼ ਬੌਧਿਕਤਾ ਘੋਟਣ ਲਈ ਵੀ ਹਿੰਦੀ ਅੰਗਰੇਜ਼ੀ ਦਾ ਇਸਤੇਮਾਲ ਕਰਦੇ ਹਨ। ਕਈ ਕਮਿਊਨਿਸਟ ਪਾਰਟੀਆਂ/ਗਰੁੱਪ ਵੀ ਆਪਣੇ ਮੈਗਜ਼ੀਨ, ਅਖ਼ਬਾਰ ਅੰਗਰੇਜ਼ੀ ਵਿੱਚ ਹੀ ਕੱਢਦੇ ਹਨ। ਇੱਥੋਂ ਤੱਕ ਕਿ ਸਾਮਰਾਜਵਾਦੀ ਗੁਲਾਮੀ ਵਿਰੁੱਧ ਸਭ ਤੋਂ ਵੱਧ ਗਰਮਾਗਰਮ ਨਾਹਰੇ ਲਾਉਣ ਵਾਲ਼ਿਆਂ ਦਾ ਵੀ ਇਹੋ ਹਾਲ ਹੈ। ਸਾਮਰਾਜਵਾਦੀ ਗੁਲਾਮੀ ਵਿਰੁੱਧ ਨਾਹਰੇ ਲਾਉਣ ਵਾਲ਼ੇ ਖੁਦ ਹੀ ਮਾਨਸਿਕ ਤੌਰ ਤੇ ਸਾਮਰਾਜਵਾਦੀਆਂ (ਅਮਰੀਕਾ, ਬ੍ਰਿਟੇਨ) ਦੀ ਭਾਸ਼ਾ ਦੇ ਗੁਲਾਮ ਹਨ।

ਪੜ੍ਹੇ ਲਿਖੇਲੋਕਾਂ ਦਰਮਿਆਨ ਰੋਜ਼ਮੱਰ੍ਹਾ ਦੀ ਗੱਲਬਾਤ ਚ ਅੰਗਰੇਜ਼ੀ ਦੇ ਸ਼ਬਦਾਂ ਦਾ ਵੱਡੀ ਪੱਧਰਤੇ ਇਸਤੇਮਾਲ ਇੱਕ ਫੈਸ਼ਨ ਬਣ ਚੁੱਕਾ ਹੈ। ਇਹ ਮਾਨਸਿਕ ਗੁਲਾਮੀ ਦਾ ਇੱਕ ਹੋਰ ਪ੍ਰਗਟਾਵਾ ਹੈ।

ਅੰਗਰੇਜ਼ੀ ਸਾਡੀ ਚੋਣ ਨਹੀਂ ਹੈ, ਮਜਬੂਰੀ ਹੈ। ਸਾਡੇ ਹਾਕਮਾਂ ਨੇ ਸਾਡੇ ਉੱਪਰ ਇੱਕ ਵਿਦੇਸ਼ੀ ਭਾਸ਼ਾ ਥੋਪ ਰੱਖੀ ਹੈ। ਪੰਜਾਬ ਵਿੱਚ ਪਹਿਲਾਂ ਛੇਵੀਂ ਜਮਾਤ ਤੋਂ ਅੰਗਰੇਜ਼ੀ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਈ ਜਾਂਦੀ ਸੀ ਤੇ ਬਾਅਦ ਵਿੱਚ ਜੱਥੇਦਾਰ ਤੋਤਾ ਸਿੰਘ ਨੇ ਇਸ ਨੂੰ ਪਹਿਲੀ ਜਮਾਤ ਤੋਂ ਲਾਜ਼ਮੀ ਬਣਾ ਦਿੱਤਾ। ਅਨੇਕਾਂ ਵਿਦਿਆਰਥੀ ਅੰਗਰੇਜ਼ੀ ਚੰਗੀ ਨਾ ਹੋਣ ਕਾਰਨ ਆਪਣੀ ਪੜ੍ਹਾਈ ਜਾਰੀ ਨਹੀਂ ਰੱਖ ਪਾਉਂਦੇ। ਇਹ ਕੋਈ ਪੈਮਾਨਾ ਨਹੀਂ ਹੋ ਸਕਦਾ ਕਿ ਜੋ ਅੰਗਰੇਜ਼ੀ ਚੰਗੀ ਤਰ੍ਹਾਂ ਜਾਣਦਾ ਹੋਵੇ ਉਹੀ ਵਿਦਿਆਰਥੀ ਬੁੱਧੀਮਾਨ ਹੋਵੇਗਾ। ਸੰਸਾਰ ਵਿੱਚ ਅਨੇਕਾਂ ਅਜਿਹੇ ਦੇਸ਼ ਹਨ ਜੋ ਅੰਗਰੇਜ਼ੀ ਦੇ ਗੁਲਾਮ ਨਹੀਂ ਹਨ। ਉੱਥੋਂ ਦੇ ਲੋਕਾਂ ਨੇ ਆਪਣੀਆਂ ਭਾਸ਼ਾਵਾਂ ਵਿੱਚ ਪੜ੍ਹਾਈ ਕਰਕੇ ਸਾਹਿਤ, ਕਲਾ, ਵਿਗਿਆਨ ਆਦਿ ਗਿਆਨ ਦੇ ਹਰ ਖੇਤਰ ਚ ਨਵੇਂ-ਨਵੇਂ ਕੀਰਤੀਮਾਨ ਬਣਾਏ ਹਨ। ਰੂਸ, ਜਪਾਨ, ਫ਼ਰਾਂਸ, ਜਰਮਨੀ ਆਦਿ ਅਜਿਹੇ ਕਈ ਦੇਸ਼ ਹਨ ਜਿਨ੍ਹਾਂ ਦਾ ਅੰਗਰੇਜ਼ੀ ਤੋਂ ਬਿਨਾਂ ਹੀ ਸਰਦਾ ਹੈ। ਜਿੱਥੇ ਬੱਚਿਆਂ ਨੂੰ ਆਪਣੀ ਮਾਤ ਭਾਸ਼ਾ ਚ ਹੀ ਪੜ੍ਹਨ ਦਾ ਮੌਕਾ ਮਿਲ਼ਦਾ ਹੈ। ਉਂਝ ਦੇਖਿਆ ਜਾਵੇਂ ਤਾਂ ਅੰਗਰੇਜ਼ੀ ਇੰਗਲੈਂਡ, ਅਮਰੀਕਾ, ਕਨੇਡਾ, ਆਸਟਰੇਲੀਆ, ਨਿਊਜ਼ੀਲੈਂਡ ਦੀ ਹੀ ਭਾਸ਼ਾ ਹੈ। ਸੰਸਾਰ ਦੇ ਕਈ ਦੇਸ਼ਾਂ ਖਾਸ ਕਰਕੇ ਅਫ਼ਰੀਕਾ ਅਤੇ ਏਸ਼ੀਆਈ ਦੇਸ਼ਾਂ ਵਿੱਚ ਜਿੱਥੇ ਲਗਭਗ ਪਿਛਲੀ ਇੱਕ ਸਦੀ ਤੋਂ ਅੰਗਰੇਜ਼ੀ ਸਥਾਨਕ ਭਾਸ਼ਾਵਾਂ ਨੂੰ ਦਬਾ ਰਹੀ ਹੈ, ਉੱਥੇ ਇਹ ਵਸੋਂ ਦੇ ਸਿਰਫ਼ ਇੱਕ ਛੋਟੇ ਜਿਹੇ ਹਿੱਸੇ (ਹਾਕਮ ਜਮਾਤਾਂ ਅਤੇ ਸ਼ਹਿਰੀ ਉੱਚ ਮੱਧਵਰਗ) ਦੀ ਹੀ ਭਾਸ਼ਾ ਬਣ ਸਕੀ ਹੈ। ਅੰਗਰੇਜ਼ੀ ਕਿਸੇ ਵੀ ਤਰ੍ਹਾਂ ਕੌਮਾਂਤਰੀ ਭਾਸ਼ਾ ਨਹੀਂ ਹੈ, ਜਿਵੇਂ ਕਿ ਕੁਝ ਲੋਕ ਇਸ ਨੂੰ ਪੇਸ਼ ਕਰਦੇ ਹਨ।

ਬਿਨਾਂ ਸ਼ੱਕ ਸੰਸਾਰ ਭਾਈਚਾਰੇ ਨੂੰ ਇੱਕ ਅਜਿਹੀ ਭਾਸ਼ਾ ਦੀ ਲੋੜ ਹੈ, ਜਿਸ ਵਿੱਚ ਵੱਖ-ਵੱਖ ਭਾਸ਼ਾਵਾਂ ਦੇ ਲੋਕ ਇੱਕ ਦੂਸਰੇ ਨਾਲ਼ ਸੰਚਾਰ ਸਥਾਪਿਤ ਕਰ ਸਕਣ। ਇਹ ਭਾਸ਼ਾ ਅੰਗਰੇਜ਼ੀ ਵੀ ਹੋ ਸਕਦੀ ਹੈ ਅਤੇ ਸੰਸਾਰ ਦੀ ਕੋਈ ਹੋਰ ਭਾਸ਼ਾ ਵੀ। ਇਹ ਤਾਂ ਸੰਸਾਰ ਭਾਈਚਾਰਾ ਆਪਸੀ ਰਜਾਮੰਦੀ ਨਾਲ਼ ਹੀ ਇੱਕ ਕੌਮਾਂਤਰੀ ਸੰਪਰਕ ਭਾਸ਼ਾ ਦੀ ਚੋਣ ਕਰੇਗਾ। ਇਹ ਉਦੋਂ ਹੀ ਸੰਭਵ ਹੋ ਸਕਦਾ ਹੈ ਜਦੋਂ ਸੰਸਾਰ ਦੇ ਲੋਕ ਸਰਮਾਏਦਾਰ-ਸਾਮਰਾਜਵਾਦੀ ਦਾਬੇ ਤੋਂ ਮੁਕਤ ਹੋਣਗੇ। ਅੱਜ ਦੇ ਸਮੇਂ ਵਿੱਚ ਤਾਂ ਭਾਸ਼ਾ ਵੀ ਸਾਮਰਾਜਵਾਦੀਆਂ ਅਤੇ ਉਨ੍ਹਾਂ ਦੇ ਸਥਾਨਕ ਜੋਟੀਦਾਰਾਂ ਦੇ ਹੱਥਾਂ ਵਿੱਚ ਕਿਰਤੀ ਲੋਕਾਂ ਨੂੰ ਲੁੱਟਣ ਦਾ, ਉਨ੍ਹਾਂ ਦੀ ਭਾਸ਼ਾ ਅਤੇ ਸੱਭਿਆਚਾਰ ਨੂੰ ਖ਼ਤਮ ਕਰਨ ਦਾ ਇੱਕ ਜ਼ਬਰਦਸਤ ਹਥਿਆਰ ਹੈ। ਭਾਸ਼ਾ ਉਹ ਸਾਧਨ ਹੈ ਜਿਸ ਰਾਹੀਂ ਇਨਸਾਨ ਆਪਸ ਵਿੱਚ ਸੰਵਾਦ ਕਰਦੇ ਹਨ, ਬੀਤੇ ਸਮੇਂ ਤੋਂ ਸਬਕ ਲੈਂਦੇ ਹਨ ਅਤੇ ਭਵਿੱਖ ਦੇ ਸੁਪਨੇ ਵੇਖਦੇ ਹਨ। ਕਿਰਤੀ ਲੋਕ ਲੁੱਟ ਅਨਿਆਂ ਅਤੇ ਦਾਬੇ ਤੋਂ ਮੁਕਤ ਸਮਾਜ ਦੇ ਸੁਪਨੇ ਆਪਣੀ ਭਾਸ਼ਾ ਚ ਹੀ ਦੇਸ਼ ਸਕਦੇ ਹਨ। ਆਪਣੀ ਭਾਸ਼ਾ ਚ ਹੀ ਉਹ ਸਰਮਾਏਦਾਰ-ਸਾਮਰਾਜਵਾਦੀ ਲੁੱਟ-ਦਾਬੇ ਤੋਂ ਮੁਕਤੀ ਦੀਆਂ ਯੋਜਨਾਵਾਂ ਘੜ ਸਕਦੇ ਹਨ ਅਤੇ ਉਨ੍ਹਾਂ ਨੂੰ ਅਮਲ ਚ ਲਿਆ ਸਕਦੇ ਹਨ। ਭਾਸ਼ਾ ਜਮਾਤੀ ਸੰਘਰਸ਼ ਦਾ ਸਭ ਤੋਂ ਮਹੱਤਵਪੂਰਨ ਹਥਿਆਰ ਹੈ। ਤੇ ਸਾਡੇ ਹਾਕਮ ਸਾਥੋਂ ਇਹ ਹਥਿਆਰ ਖੋਹ ਲੈਣਾ ਚਾਹੁੰਦੇ ਹਨ।

ਭਾਸ਼ਾ ਦੇ ਮਾਮਲੇ ਚ ਸਾਡੇ ਸਮਾਜ ਦੀ ਹਾਲਤ ਬਹੁਤ ਗੰਭੀਰ ਹੈ। ਚਾਰੇ ਪਾਸੇ ਅੰਗਰੇਜ਼ੀ ਦਾ ਬੋਲਬਾਲਾ ਹੈ। ਅੰਗਰੇਜ਼ੀ ਸਿੱਖਣ ਲਈ ਪੂਰੇ ਸਮਾਜ ਵਿੱਚ ਦੌੜ ਜਿਹੀ ਲੱਗੀ ਹੋਈ ਹੈ। ਅੰਗਰੇਜ਼ੀ ਜਾਨਣਾ ਵਿਦਵਾਨਾਂ ਚ ਵੱਡਾ ਵਿਦਵਾਨ ਹੋਣਾ ਹੈ। ਅਤੇ ਜੋ ਅੰਗਰੇਜ਼ੀ ਨਹੀਂ ਸਿੱਖ ਪਾਉਂਦਾ ਉਹ ਹੀਣ ਭਾਵਨਾ ਦਾ ਸ਼ਿਕਾਰ ਰਹਿੰਦਾ ਹੈ। ਅਜਿਹੇ ਸਮੇਂ ਇਸ ਭਾਸ਼ਾਈ ਗੁਲਾਮੀ ਵਿਰੁੱਧ ਬੋਲਣਾ ਧਾਰਾ ਦੇ ਖਿਲਾਫ਼ ਖੜ੍ਹੇ ਹੋਣਾ ਹੈ। ਤੇ ਸਾਨੂੰ ਧਾਰਾ ਦੇ ਖਿਲਾਫ਼ ਖੜ੍ਹੇ ਹੋਣਾ ਹੀ ਹੋਵੇਗਾ। ਅੱਜ ਪੂਰੇ ਭਾਰਤ ਵਿੱਚ ਗਰੀਬ ਕਿਰਤੀ ਲੋਕ ਹੀ ਆਪਣੀਆਂ ਮਾਂ ਭਾਸ਼ਾਵਾਂ ਨੂੰ ਬਚਾ-ਸਾਂਭ ਰਹੇ ਹਨ। ਪੰਜਾਬ ਵਿੱਚ ਵੀ ਪੰਜਾਬ ਦੇ ਕਿਰਤੀ ਲੋਕ ਹੀ ਪੰਜਾਬੀ ਭਾਸ਼ਾ ਨੂੰ ਸਾਂਭ ਰਹੇ ਹਨ। ਤੇ ਕਿਰਤੀ ਲੋਕਾਂ ਦੀ ਪੂਰਨ ਮੁਕਤੀ ਲਈ ਸਮਰਪਿਤ, ਪਾਰਟੀਆਂ/ਜਥੇਬੰਦੀਆਂ ਨੂੰ ਭਾਸ਼ਾਈ ਗੁਲਾਮੀ ਦੇ ਖਿਲਾਫ਼ ਖੜ੍ਹੇ ਹੋਣਾ ਹੀ ਹੋਵੇਗਾ।

ਭਾਸ਼ਾਈ ਗੁਲਾਮੀ ਵਿਰੁੱਧ ਸੰਘਰਸ਼ ਅੱਜ ਮੁਕੰਮਲ ਲੋਕ ਮੁਕਤੀ ਦੇ ਪ੍ਰੋਜੈਕਟ ਦਾ ਅਹਿਮ ਅੰਗ ਹੈ। ਅੰਗਰੇਜ਼ੀਅਤ ਦੀ ਗੁਲਾਮੀ ਵਿਰੁੱਧ ਸਾਨੂੰ ਕੁਝ ਠੋਸ ਕਦਮ ਚੁੱਕਣੇ ਹੋਣਗੇ। ਸਾਨੂੰ ਪੜ੍ਹਾਈ ਲਿਖਾਈ ਆਪਣੀ ਭਾਸ਼ਾ ਵਿੱਚ ਹੀ ਕਰਨੀ ਚਾਹੀਦੀ ਹੈ। ਮਜ਼ਬੂਰੀ ਵਸ ਜੋ ਸਾਡੀ ਭਾਸ਼ਾ ਵਿੱਚ ਮੁਹੱਈਆ ਨਾ ਹੋਵੇ, ਉਹ ਹੀ ਦੂਸਰੀ ਭਾਸ਼ਾ (ਹਿੰਦੀ, ਅੰਗਰੇਜ਼ੀ) ਵਿੱਚ ਪੜ੍ਹਨਾ ਚਾਹੀਦਾ ਹੈ। ਲਿਖਣਾ ਸਾਨੂੰ ਪੰਜਾਬੀ ਚ ਹੀ ਚਾਹੀਦਾ ਹੈ ਅਤੇ ਬਾਅਦ ਵਿੱਚ ਲੋੜ ਮੁਤਾਬਕ ਦੂਜੀ ਭਾਸ਼ਾ ਵਿੱਚ ਅਨੁਵਾਦ ਕੀਤਾ ਜਾਣਾ ਚਾਹੀਦਾ ਹੈ। ਆਮ ਲੋਕਾਂ ਚ ਵੀ ਸਾਨੂੰ ਸਾਰਾ ਕੰਮ ਕਾਜ਼ ਪੰਜਾਬੀ ਵਿੱਚ ਕਰਨ ਦੇ ਸੱਭਿਆਚਾਰ ਨੂੰ ਹੱਲਾਸ਼ੇਰੀ ਦੇਣੀ ਹੋਵੇਗੀ। ਆਮ ਲੋਕਾਂ ਲੇਖਾਂ, ਦੁਵਰਕੀਆਂ, ਜ਼ੁਬਾਨੀ ਅੰਗਰੇਜ਼ੀ ਦੀ ਗੁਲਾਮੀ ਵਿਰੁੱਧ ਪ੍ਰਚਾਰ ਕਰਨਾ ਹੋਵੇਗਾ। ਅੰਗਰੇਜ਼ੀ ਨਾ ਸਿੱਖ ਸਕਣ ਦੀ ਹੀਣ ਭਾਵਨਾ ਚੋਂ ਲੋਕਾਂ ਨੂੰ ਉਭਾਰਨਾ ਹੋਵੇਗਾ। ਆਮ ਲੋਕਾਂ (ਪੰਜਾਬੀ ਭਾਸ਼ੀ) ਨਾਲ਼ ਗਲਬਾਤ ਸਮੇਂ ਦੂਸਰੀਆਂ ਭਾਸ਼ਾਵਾਂ (ਅੰਗਰੇਜ਼ੀ, ਹਿੰਦੀ) ਦੇ ਸ਼ਬਦਾਂ ਦੀ ਵਰਤੋਂ ਤੋਂ ਬਚਦਿਆਂ ਸ਼ੁੱਧ ਪੰਜਾਬੀ ਬੋਲਣੀ ਚਾਹੀਦੀ ਹੈ। ਅੰਗਰੇਜ਼ੀਅਤ ਦੇ ਫੈਸ਼ਨ, ਲਟਕੇ-ਝਟਕਿਆਂ ਦੀ ਖਿੱਲੀ ਉਡਾਈ ਜਾਣੀ ਚਾਹੀਦੀ ਹੈ।

ਸਰਕਾਰ ਤੋਂ ਵੀ ਇਹ ਮੰਗ ਕੀਤੀ ਜਾਣੀ ਚਾਹੀਦੀ ਹੈ ਕਿ ਮਾਤ ਭਾਸ਼ਾ ਨੂੰ ਵਿੱਦਿਆ ਦਾ ਮਾਧਿਅਮ ਬਣਾਇਆ ਜਾਵੇ। ਇਹ ਇੱਕ ਸਰਵ-ਪ੍ਰਵਾਨਤ ਤੱਥ ਹੈ ਕਿ ਇਨਸਾਨ ਜਿਸ ਭਾਸ਼ਾ ਵਿੱਚ ਸੋਚਦਾ ਹੈ ਉਸੇ ਭਾਸ਼ਾ ਚ ਬੇਹਤਰ ਪੜ੍ਹ ਸਕਦਾ ਹੈ। ਭਾਸ਼ਾ ਦਾ ਲੋਕਾਂ ਦੇ ਸੱਭਿਆਚਾਰਕ ਜੀਵਨ, ਉਨ੍ਹਾਂ ਦੇ ਭੂਗੋਲਿਕ ਵਾਤਾਵਰਣ ਨਾਲ਼ ਡੂੰਘਾ ਸਬੰਧ ਹੁੰਦਾ ਹੈ। ਇਸ ਲਈ ਮਨੁੱਖ ਆਪਣੀ ਮਾਤ ਭਾਸ਼ਾ ਹੀ ਬੇਹਤਰ ਤਰੀਕੇ ਨਾਲ਼ ਗਿਆਨ ਹਾਸਲ ਕਰ ਸਕਦਾ ਹੈ। ਹੋਰ ਭਾਸ਼ਾਵਾਂ ਸਿੱਖਣਾ ਕੋਈ ਬੁਰਾਈ ਦੀ ਗੱਲ ਨਹੀਂ, ਸਗੋਂ ਚੰਗੀ ਗੱਲ ਹੈ। ਕੋਈ ਜਿੰਨੀਆਂ ਵਧੇਰੇ ਭਾਸ਼ਾਵਾਂ ਸਿੱਖ ਸਕੇ, ਮਨੁੱਖਤਾ ਦੁਆਰਾ ਸਿਰਜੇ ਗਿਆਨ ਦੇ ਵਸੀਲਿਆਂ ਤੱਕ ਉਸ ਦੀ ਓਨੀ ਹੀ ਵਧੇਰੇ ਪਹੁੰਚ ਹੋਵੇਗੀ। ਪਰ ਕੋਈ ਵੀ ਭਾਸ਼ਾ ਕਿਸੇ ਭਾਸ਼ਾਈ ਸਮੂਹ, ਕੌਮ ਉੱਪਰ ਥੋਪੀ ਨਹੀਂ ਜਾਣੀ ਚਾਹੀਦੀ। ਇਸ ਲਈ ਅੰਗਰੇਜ਼ੀ ਵੀ ਵਿਦਿਆਰਥੀਆਂ ਉੱਪਰ ਇੱਕ ਲਾਜ਼ਮੀ ਵਿਸ਼ੇ ਵਜੋਂ ਥੋਪੀ ਨਹੀਂ ਜਾਣੀ ਚਾਹੀਦੀ, ਸਗੋਂ ਇੱਕ ਚੋਣਵਾਂ ਵਿਸ਼ਾ ਹੋਣੀ ਚਾਹੀਦੀ ਹੈ ਤਾਂ ਕਿ ਜਿਸ ਨੂੰ ਜ਼ਰੂਰਤ ਹੋਵੇ ਅੰਗਰੇਜ਼ੀ ਪੜ੍ਹੇ ਜਿਸ ਨੂੰ ਜ਼ਰੂਰਤ ਨਾ ਹੋਵੇ ਉਹ ਨਾ ਪੜ੍ਹੇ। ਸਿਰਫ਼ ਅੰਗਰੇਜ਼ੀ ਹੀ ਕਿਉਂ ਸੰਸਾਰ ਦੀਆਂ ਹੋਰ ਭਾਸ਼ਾਵਾਂ ਦੀ ਸਿੱਖਿਆ ਵੀ ਵਿਦਿਆਰਥੀਆਂ ਨੂੰ ਮੁਹੱਈਆ ਹੋਣੀ ਚਾਹੀਦੀ ਹੈ। ਪਰ ਭਾਸ਼ਾ ਦੀ ਚੋਣ ਦਾ ਹੱਕ ਵਿਦਿਆਰਥੀਆਂ ਨੂੰ ਦਿੱਤਾ ਜਾਣਾ ਚਾਹੀਦਾ ਹੈ।

ਭਾਸ਼ਾ ਦੀ ਸਮੱਸਿਆ ਉੱਪਰ ਇਹ ਕੋਈ ਅੰਤਮ ਸ਼ਬਦ ਨਹੀਂ ਹਨ। ਇਸ ਮਸਲੇ ਦੇ ਵੱਖ-ਵੱਖ ਪੱਖਾਂ ਉੱਪਰ ਬਹੁਤ ਕੁਝ ਲਿਖਿਆ ਜਾਣਾ ਚਾਹੀਦਾ ਹੈ। ਇੱਥੇ ਅਸੀਂ ਬੱਸ ਕੁਝ ਸਮੱਸਿਆਵਾਂ ਦੀ ਅਤੇ ਉਨ੍ਹਾਂ ਦੇ ਹੱਲ ਦੇ ਕੁਝ ਠੋਸ ਕਦਮਾਂ ਦੀ ਨਿਸ਼ਾਨਦੇਹੀ ਕੀਤੀ ਹੈ। ਲਲਕਾਰਦੇ ਆਉਣ ਵਾਲ਼ੇ ਅੰਕਾਂ ਵਿੱਚ ਅਸੀਂ ਭਾਸ਼ਾ ਦੇ ਸਵਾਲ ਉੱਪਰ ਹੋਰ ਵੀ ਸਮੱਗਰੀ ਪ੍ਰਕਾਸ਼ਤ ਕਰਾਂਗੇ।

‘ਲਲਕਾਰ’ ਦੇ ਅੰਕ ਜੂਨ,2012 ਦੀ ਸੰਪਾਦਕੀ ਵਿੱਚੋਂ।

Comments

Daljit Singh

ਰੁਖ ਦਸਦੇ ਹਨ ਜੱੜ ਨਾਲ ਜੁੜੇ ਰੇਹਨ ਨਾਲ ਹੀ , ਜਿੰਦਗੀ ਹੈ, ਜੱੜ ਤੋਂ ਹਟੇ ਨਹੀਂ ਤੇ ਖਤਮ । Sikhi phir hi kayam je Sikh, Sikhi naal te Punjabi naal jude rehan.

ਇਕਬਾਲ

ਬਹੁਤ ਹੀ ਸੋਹਣਾ ਲੇਖ ਪਰ ਸੀਮਤ ਹੈ ਹੋਰ ਸਮੱਗਰੀ ਦੀ ਉਡੀਕ ਰਹੇਗੀ |

Gurmeet Singh

ਇਕਬਾਲ ਪਾਠਕ ਜੀ, ਇਹ ਲੇਖ ਪੰਜਾਬੀ ਬੋਲੀ ਤੇ ਵਾਕਿਆ ਹੀ ਬਹੁਤ ਹੀ ਸੋਹਣਾ ਹੈ ਅਤੇ ਸਲਾਹੁਣ ਯੋਗ ਹੈ ਪਰ ਉਡੀਕ ਤੇ ਤੁਹਾਡੀ ਕਰਮ ਬਰਸਟ ਦੇ ਲੇਖ "ਸੰਵਾਦ ਕਰੋ ਦੋਸਤੋ, ਵਿਵਾਦ ਨਹੀ" ਤੇ ਹੋ ਰਹੀ ਹੈ । ਸਾਨੂੰ ਜਵਾਬ ਚਾਹੀਦਾ ਹੈ ਇਸ ਕਾਮੈਂਟ ਦਾ {"ਇੱਕ ਗੱਲ ਮੈਂ "ਸੂਹੀ ਸਵੇਰ" ਦੇ ਸੰਪਾਦਕ ਸ੍ਰ: Shivinder Singh ਜੀ ਨੂੰ ਪੁੱਛਣਾ ਚਾਹਾਂਗਾ ਕਿ Mr. Iqbal Pathak ਨੇ ਆਪਣੇ ਕਾਮੈਂਟਾਂ ਵਿੱਚ ਸ੍ਰ: ਸਤਨਾਮ ਸਿੰਘ ਬੱਬਰ ਤੇ "ਸਿਰੇ ਦਾ ਝੂਠਾ" ਹੋਣ ਦੇ ਇਲਜ਼ਾਮ ਲਾਏ ਸਨ ਉਨ੍ਹਾਂ ਦਾ ਤੁਸੀਂ ਕੀ ਨਿਰਣਾ ਕੀਤਾ ਹੈ ? ਮੇਰੇ ਸਮੇਤ ਹੋਰ ਬਹੁਤ ਸਾਰੇ ਵੀਰਾਂ ਨੇ ਇਸ ਗੱਲ ਦੀ ਗਵਾਹੀ ਵੀ ਭਰੀ ਹੈ ਕਿ Mr. Iqbal Pathak ਦੇ ਇਹ ਇਲਜ਼ਾਮ ਬੇਬੁਨਿਆਦ ਹਨ ਕਿ ਸ੍ਰ: ਸਤਨਾਮ ਸਿੰਘ ਬੱਬਰ ਜੀ ਨੇ ਆਪਣੀ ਵੈਬਸਾਇਟ ਸਮੇਂ ਦੀ ਅਵਾਜ਼ www.sameydiawaaz.com ਤੇ Mr. Iqbal Pathak ਦੇ ਪ੍ਰਤੀਕਰਮ ਵਾਲੀ ਕੋਈ ਲਿਖਤ ਨਹੀਂ ਛਾਪੀ । ਸੰਪਾਦਕ ਜੀ ਜਾਂ ਤੇ Mr. Iqbal Pathak ਤੋਂ ਇਸ ਗੱਲ ਦੀ ਮੁਆਫੀ ਮੰਗਵਾਓ ਜਾਂ ਮੇਰੇ ਸਮੇਤ ਉਨ੍ਹਾਂ ਸਭ ਨੂੰ ਜਿਨ੍ਹਾਂ ਇਸ ਗੱਲ ਦੀ ਹਾਮੀ ਭਰੀ ਹੈ ਕਿ ਉਨ੍ਹਾਂ Mr. Iqbal Pathak ਦੀ ਲਿਖਤ "ਸਮੇਂ ਦੀ ਅਵਾਜ਼" ਤੇ ਪੜ੍ਹੀ ਹੈ, ਨੂੰ ਝੂਠੇ ਸਾਬਤ ਕਰ ਦੇਵੋ । ਅੱਜ ਵੀ ਮੈਂ ਇਹ ਕਾਮੈਂਟ ਦੇਣ ਤੋਂ ਪਹਿਲਾਂ ਉਨ੍ਹਾਂ ਦੀ ਵੈਬਸਾਇਟ "ਸਮੇਂ ਦੀ ਅਵਾਜ਼" ਤੇ ਜਾ ਕੇ ਉਹ ਸਾਰੇ ਲਿੰਕ ਆਪ ਖੋਲ੍ਹਕੇ ਵਾਚੇ ਹਨ, ਜੋ ਕਿ ਅੱਜ ਵੀ 100% ਸਹੀ ਚੱਲ ਰਹੇ ਹਨ । ਸੰਪਾਦਕ ਜੀ, ਅਗਰ ਤੇ ਇਸ ਤਰ੍ਹਾਂ ਖਰੂਦੀਆਂ (ਸ਼ਰਾਰਤੀਆਂ) ਨੂੰ ਆਪਣੀ ਬੁੱਕਲ ਵਿੱਚ ਲੈ ਕੇ ਪਾਲਣਾ ਤੇ ਵਿਵਾਦ ਸ਼ੁਰੂ ਕਰਾਕੇ ਸੰਵਾਦ ਦੀ ਭਾਲ ਕਰਨੀ ਹੈ ਤਾਂ ਫਿਰ ਕੋਈ ਅਰਥ ਨਹੀਂ ਰਹਿੰਦਾ ਤੁਹਾਡੇ ਰਚਾਏ ਸੰਵਾਦਾਂ ਦਾ । ਅਗਰ ਤੁਹਾਡੇ ਵਲੋਂ ਇਸ ਬਾਬਤ ਕੋਈ ਨਿਰਣਾਇਕ ਨਿਰਣਾ ਨਹੀਂ ਆਉਂਦਾ ਤਾਂ ਫਿਰ ਤੁਹਾਨੂੰ ਕੋਈ ਹੱਕ ਨਹੀਂ ਸਾਨੂੰ "ਤੱਤੇ - ਠੰਡੇ" ਕਹਿਣ ਦਾ । ਮੈਨੂੰ ਪਤਾ ਹੈ ਕਿ ਮੇਰੀਆਂ ਇਹ ਗੱਲਾਂ ਤੁਹਾਨੂੰ ਕੌੜੀਆਂ ਲੱਗਣਗੀਆਂ ਪਰ ਕੋਈ ਸੂਝਵਾਨ ਵੀਰ ਦੱਸੇ ਕਿ ਕੀ ਜੋ ਤੁਸੀਂ ਹੁਣ ਨਵਾਂ ਵਿਵਾਦ ਛੇੜਕੇ ਕੀਤਾ ਹੈ, ਉਹ ਅਸੂਲਨ ਠੀਕ ਹੈ ?"} ਜਿੰਨਾਂ ਚਿਰ ਤੁਸੀਂ ਜਵਾਬ ਨਹੀਂ ਦੇਵੋਗੇ, ਇਹ ਕਾਮੈਂਟ ਤੁਹਾਡਾ ਪਿੱਛਾ ਨਹੀਂ ਛੱਡੇਗਾ । ........ ਤੁਹਾਡੇ ਜਵਾਬ ਦੀ ਊਡੀਕ ਵਿੱਚ - ਗੁਰਮੀਤ ਸਿੰਘ ਵਾਸ਼ਿੰਗਟਨ

ਇਕਬਾਲ

ਗੁਰਮੀਤ ਸਿੰਘ ਜੀ ਮੈਂ ਜੋ ਆਖਣਾ ਸੀ ਆਪਣੇ ਪ੍ਰਤੀਕਰਮ ਤੇ ਕਮੈਂਟ ਆਦਿ ਰਾਹੀਂ ਆਖ ਦਿੱਤਾ ਹੈ ਮੇਰੇ ਪਾਸ ਗਾਲਾਂ ਵਰਗੀਆਂ ਗੱਲਾਂ ਤੇ ਬਿਨ ਵਜਾਹ ਦੇ ਦਹੁਰਾਅ ਦਾ ਵਕਤ ਨਹੀਂ ਹੈ, ਸੋ ਇਸ ਲਈ ਮਾਫੀ ਦਿਓ, ਜੋ ਗੱਲਾਂ ਤੁਸੀਂ ਆਖੀਆਂ ਹੀ ਨਾ ਹੋਣ ਉਹ ਤੁਹਾਡੇ ਮੂੰਹ ਵਿੱਚ ਪਾਵੇਗਾ ਕੋਈ ਤਾਂ ਤੁਸੀਂ ਕੀ ਕਹੋਗੇ ? ਮੈਂ ਇਸੇ ਲਈ ਜਰੂਰਤ ਹੀ ਨਹੀਂ ਸਮਝੀ ਜਵਾਬ ਦੇਣ ਦੀ ਕਿਉਂਕਿ ਮੇਰੇ ਜਵਾਬ ਨੂੰ ਫਿਰ ਆਪਣੇ ਹੀ ਢੰਗ ਨਾਲ ਸਮਝਿਆ ਤੇ ਤੋੜਿਆ ਮਰੋੜਿਆ ਜਾਵੇਗਾ ਤੇ ਸ਼ੇਖੀਆਂ ਮਾਰੀਆਂ ਜਾਣਗੀਆਂ ਕਿ ਇਕਬਾਲ ਨੂੰ ਫਲਾਣੀ ਗੱਲ ਤੇ ਮਨਾ ਲਿਆ ਵਗੈਰਾ ਵਗੈਰਾ | ਇਹ ਵਤੀਰੇ ਜਾਂ ਤਾਂ ਕਮ ਅਕਲੀ ਦਾ ਸਬੂਤ ਹੁੰਦੇ ਹਨ ਜਾਂ ਬੇਈਮਾਨੀ ਦਾ, ਇਹਨਾਂ ਦੀ ਚਰਚਾ ਵਿੱਚ ਕੋਈ ਥਾਂ ਨਹੀਂ ਹੁੰਦੀ ਜਦ ਇਹਨਾਂ ਦਾ ਸਹਾਰਾ ਲਿਆ ਜਾਣ ਲੱਗੇ ਤਾਂ ਭਲਾ ਇਸੇ ਗੱਲ ਵਿੱਚ ਹੁੰਦਾ ਹੈ ਕਿ ਖੁਦ ਨੂੰ ਪਾਸੇ ਕਰ ਲਿਆ ਜਾਵੇ ਅਜਿਹਾ ਹੀ ਮੈਂ ਕੀਤਾ ਹੈ | ਕਮੈਂਟ ਹੀ ਪੜ੍ਹ ਲਵੋ ਤੇ ਦੇਖ ਲਵੋ ਕਿ ਇਹ ਚਰਚਾ ਦਾ ਕਿਹੜਾ ਢੰਗ ਹੈ | ਕੋਈ ਕਿਉਂ ਇਸਤੇ ਆਪਣਾ ਸਮਾਂ ਖਰਾਬ ਕਰੇਗਾ ਕਿਉਂਕਿ ਕਰਨ ਲਈ ਮੇਰੇ ਪਾਸ ਤਾਂ ਬਹੁਤ ਕੁਝ ਪਿਆ ਹੈ ਬਿਨਾ ਲਿਖਣ ਦੇ ਵੀ | ਮੈਂ ਖੁਦ ਨੂੰ ਪਾਸੇ ਕਰਨ ਬਾਅਦ ਦੋ ਬਹੁਤ ਕੀਮਤੀ ਨਾਵਲ ਪੜ੍ਹੇ ਹਨ ਤੇ ਗੁਲਸ਼ਨ ਦਿਆਲ ਦੀ ਕਵਿਤਾਵਾਂ ਦੀ ਇੱਕ ਕਿਤਾਬ ਪ੍ਰਕਾਸ਼ਿਤ ਕਰਕੇ ਪੰਜਾਬ ਭਰ ਵਾਂਗ ਪਹੁੰਚਾਈ ਹੈ ਮਤਲਬ ਕਿ ਆਪਣੇ ਵਕਤ ਨੂੰ ਸਾਰਥਕ ਪਾਸੇ ਲਾਇਆ ਹੈ | ਜਿਸਨੇ ਗਾਲਾਂ ਹੀ ਦੇਣੀਆਂ ਹਨ ਉਹ ਮੇਰੀ ਗੈਰਹਾਜਰੀ ਵਿੱਚ ਹੋਰ ਵੀ ਸੋਹਣੀ ਤਰਾਂ ਦੇ ਸਕਦਾ ਹੈ ਤੇ ਸ਼ੇਖੀਆਂ ਵੀ ਗੈਰਮੌਜੂਦਗੀ ਵਿੱਚ ਮਾਰੀਆਂ ਜਾ ਸਕਦੀਆਂ ਹਨ ਉਸ ਲਈ ਹਰ ਕੋਈ ਆਜ਼ਾਦ ਹੈ ਮੇਰੇ ਹਾਜਰ ਨਾ ਰਹਿਣ ਤੇ ਵੀ |

Makhan S. London

ਪਰ ਇਕਬਾਲ ਪਾਠਕ ਜੀ, ਅਸਭਿਅਕ ਭਾਸ਼ਾ ਦੀ ਸ਼ੁਰੂਆਤ ਤੇ ਸਭ ਤੋਂ ਪਹਿਲਾਂ ਤੁਹਾਡੇ ਸਮਰਥਕ {"ਹਰਪਾਲ ਸਿੰਘ"} ਨਾਮੀ ਵਿਅਕਤੀ ਨੇ ਇਸ ਕਾਮੈਂਟ ਨਾਲ ਕੀਤੀ ਸੀ ਕਿ {"ਵਧੀਆ ਜਵਾਬ ਦਿੱਤਾ ਇਸ ਨਲਾਇਕ ਨੂੰ ।"} ਉਸਤੋਂ ਬਾਅਦ ਤੁਹਾਡੇ ਸਮਰਥਕ {"ਅਮਰੀਤ ਡੱਟ"} ਨਾਮੀ ਵਿਅਕਤੀ ਨੇ ਵੀ ਕਾਮੈਂਟ ਕੀਤਾ ਕਿ {"pathak veer g baut vadhiya.....tusi taa loon dita per hun gadhiya nu kun put hon da ehsas hona lazmi ah......."} ਇਸ ਤੋਂ ਬਾਅਦ {"ਜਗਜੀਤ"} ਨਾਮੀ ਵਿਅਕਤੀ ਨੇ ਆਪਣੇ ਕਾਮੈਂਟ ਰਾਹੀਂ {"ah iqbaal pathek da muhe wakho vade philosfer da...jiwe bander hunda"} ਕਿਹਾ ਸੀ, ਉਸਤੋਂ ਬਾਅਦ ਤੁਹਾਡੇ ਇੱਕ ਹੋਰ ਸਮਰਥਕ {"ਗੁਰਪ੍ਰੀਤ"} ਨਾਮੀ ਵਿਅਕਤੀ ਨੇ ਤੁਹਾਨੂੰ ਸੰਬੋਧਨ ਹੋ ਕੇ ਸ੍ਰ: ਸਤਨਾਮ ਸਿੰਘ ਬੱਬਰ ਬਾਬਤ ਕਾਮੈਂਟ ਕੀਤਾ ਸੀ ਕਿ {"Iqbaal aah ta Jawan 'Bhion k Shitter' maria.... J is "Vidwaan" ne hale vi apni "Dimagi Kangali" da "Langer" laia ta manu lagda ki koi jaroorat nahi "Majh aage Been Wajaun" di..... Baki jiven Tuhanu Soot lagge..."} ਕੀ ਤੁਸੀਂ ਉਸਨੂੰ ਇਸ ਹਰਕਤ ਤੋਂ ਵਰਜਿਆ ਸੀ ? ਫਿਰ ਉਸਤੋਂ ਬਾਅਦ ਸਾਰਾ ਘਟਨਾਕ੍ਰਮ.......... ਘਟਿਆ ਸੀ । ਤੁਸੀਂ ਸਾਨੂੰ ਇਹ ਦੱਸੋ ਕਿ {"ਨਲਾਇਕ"}, {"ਗਧਿਆਂ ਨੂੰ ਲੂਣ ਦਿੱਤਾ"}, {"ਭਿਓਂ ਕੇ ਛਿੱਤਰ ਮਾਰਿਆ"} ਆਦਿ ਅਲਫਾਜ਼ ਵਰਤਕੇ ਚਰਚਾ ਕਰਨ ਨੂੰ ਤੁਸੀਂ ਸੰਵਾਦ ਕਹਿੰਦੇ ਹੋ ? ਨਾਲੇ ਜਿੱਥੇ ਗੱਲ ਸ਼ੁਰੂ ਕੀਤੀ ਸੀ ਉਥੋਂ ਭੱਜਕੇ ਹੁਣ ਏਥੇ ਆ ਕੇ ਕਿਉਂ ਲੁਕ - ਲੁਕ ਕਾਮੈਂਟ ਕਰਦੇ ਹੋ ?

ਸੰਪਾਦਕ

ਦੋਵਾਂ ਸੱਜਣਾਂ ਇਕ਼ਬਾਲ ਤੇ ਗੁਰਮੀਤ ਸਿੰਘ ਜੀ ਨੂੰ ਬੇਨਤੀ ਹੈ ਕਿ ਇਸ ਲਿਖਤ ਉੱਤੇ ਇਹ ਬੇਹ੍ਸ ਨਾ ਕਰੋ ਸਗੋਂ ਇਹ ਬਹਿਸ ਕਰਮ ਬਰਸਟ ਜੀ ਦੇ ਲੇਖ ਹੇਠਾਂ ਕਰੋ | ਇਥੇ ਸਿਰਫ ਇਸੇ ਲੇਖ ਬਾਬਤ ਕੁਮੈਂਟ ਕੀਤਾ ਜਾਵੇ ਆਸ ਹੈ ਬੇਨਤੀ ਕਬੂਲ ਕਰੋਂਗੇ

ਸੰਪਾਦਕ

Makhan S. London ਜੀ ਨੂੰ ਵੀ ਇਹੀ ਬੇਨਤੀ ਹੈ ਤੇ ਹੋਰਾਂ ਸੱਜਣਾਂ ਨੂੰ ਵੀ

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ