Tue, 16 April 2024
Your Visitor Number :-   6977201
SuhisaverSuhisaver Suhisaver

ਕਿਉਂ ਆਖਿਆ ਜਾਂਦੈ ਅੰਨਦਾਤਾ ਕਿਸਾਨ ਨੂੰ ? -ਗੁਰਚਰਨ ਪੱਖੋਕਲਾਂ

Posted on:- 30-09-2014

suhisaver

ਭਾਵੇਂ ਸਮਾਜ ਦਾ ਅਮੀਰ ਵਰਗ ਹਰ ਪਾਸੇ ਹੀ ਆਪਣੇ ਆਪ ਦੀ ਤਾਰੀਫ ਕਰਵਾਉਂਦਾ ਹੈ ਪਰ ਸਮਾਜ ਅਤੇ ਕੁਦਰਤ ਦੇ ਅਸੂਲ ਕਦੇ ਵੀ ਮਾਇਆ ਧਾਰੀ ਲੋਕਾਂ ਦੀ ਉਸਤਤ ਨਹੀਂ ਬੋਲਦੇ । ਮਨੁੱਖ ਮੰਗਤਾ ਹੈ ਜਾਂ ਬਾਦਸ਼ਾਹੀ ਫਿਤਰਤ ਵਾਲਾ, ਦਾ ਫੈਸਲਾ ਠੂਠਿਆਂ ਜਾਂ ਕੁਰਸੀਆਂ ਨਹੀਂ ਕਰਦੀਆਂ ਬੰਦੇ ਦੀ ਫਿਤਰਤ ਕਰਦੀ ਹੈ । ਜਿਸ ਮਨੁੱਖ ਵਿੱਚ ਲੋੜਵੰਦ ਦੀ ਮਦਦ ਕਰਨ ਦੀ ਤਾਕਤ ਹੁੰਦੀ ਹੈ, ਹਮੇਸ਼ਾਂ ਬਾਦਸ਼ਾਹੀ ਬਿਰਤੀਆਂ ਦਾ ਮਾਲਕ ਹੁੰਦਾ ਹੈ ਰਾਜਗੱਦੀਆਂ ’ਤੇ ਬੈਠਕੇ ਵੀ ਦੁਨਿਆਵੀ ਲੋੜਾਂ ਪ੍ਰਤੀ ਮੰਗਤਾ ਬਣ ਕੇ ਰਹਿਣ ਵਾਲਾ ਰਾਜਸੱਤਾ ਦਾ ਮਾਲਕ ਬਾਦਸਾਹ ਵੀ ਮੰਗਤਾ ਹੀ ਅਖਵਾਉਂਦਾ ਹੈ।

ਸੋ ਜਦ ਕੋਈ ਛੋਟੀ ਸੋਚ ਦਾ ਮਾਲਕ ਜਦ ਕਿਸੇ ਦੇਸ਼ ਦਾ ਜਾਂ ਸੂਬੇ ਦਾ ਮੁੱਖ ਬਣ ਜਾਂਦਾ ਹੈ ਤਦ ਉਸਦਾ ਪਹਿਲਾ ਕਰਮ ਸੂਬੇ ਜਾਂ ਦੇਸ ਦੇ ਹਿੱਤ ਸ਼ੁਰੂ ਹੁੰਦਾ ਹੈ ਪਰ ਜੇ ਉਹ ਵਿਅਕਤੀ ਇਸ ਤਰ੍ਹਾਂ ਦੇ ਵੱਡੇ ਅਹੁਦਿਆਂ ਤੇ ਬੈਠਕੇ ਵੀ ਦੇਸ਼ ਜਾਂ ਸੂਬੇ ਦੇ ਲੋਕਾਂ ਦੇ ਹਿੱਤ ਸੋਚਣ ਦੀ ਥਾਂ ਆਪਣੇ ਧੀਆਂ ਪੁੱਤਰਾਂ ਜਾਂ ਪਰਿਵਾਰ ਨੂੰ ਹੀ ਪਹਿਲ ਦਿੰਦਾ ਰਹੇ ਤਦ ਉਹ ਵਿਅਕਤੀ ਰਾਜ ਗੱਦੀ ਤੇ ਬੈਠਣ ਦੇ ਯੋਗ ਨਹੀਂ ਮੰਨਿਆ ਜਾ ਸਕਦਾ । ਇਸ ਤਰਾਂ ਦੇ ਛੋਟੀ ਸੋਚਣੀ ਦੇ ਬੰਦੇ ਨੂੰ ਪਰੀਵਾਰ ਦੇ ਮੁਖੀ ਤੋਂ ਵੱਡਾ ਅਹੁਦਾ ਮਿਲ ਜਾਣਾ ਉਸ ਦੇਸ ਸੂਬੇ ਦੀ ਬਦਕਿਸਮਤੀ ਹੁੰਦਾ ਹੈ ।

ਦੇਸ਼ ਕੌਮ ਦੇ ਮੁਖੀ ਆਪਣੇ ਪਰਿਵਾਰਾਂ ਜਾਂ ਆਪਣੇ ਹਿੱਤ ਆਪਣੀ ਕੌਮ ਜਾਂ ਆਪਣੇ ਦੇਸ਼ ਦੇ ਤਰੱਕੀ ਨਾਲ ਜੋੜ ਲੈਂਦੇ ਹਨ । ਜਦ ਦੇਸ ਤਰੱਕੀ ਕਰਦਾ ਹੈ ਤਦ ਉੱਥੋਂ ਦੇ ਸਾਰੇ ਬਾਸ਼ਿੰਦੇ ਵੀ ਤਰੱਕੀ ਕਰਦੇ ਹਨ, ਜਿਸ ਵਿੱਚ ਮੁੱਖ ਆਗੂ ਦਾ ਪਰੀਵਾਰ ਵੀ ਹੁੰਦਾ ਹੈ । ਗੁਰੂ ਗੋਬਿੰਦ ਸਿੰਘ ਵਰਗੇ ਮਹਾਨ ਯੁੱਗ ਪੁਰਸ਼ ਨੇ ਆਪਣੇ ਪੁੱਤਰਾਂ ਸਮੇਤ ਸਭ ਕੁਝ ਵਾਰਕੇ ਆਗੂ ਲੋਕਾਂ ਲਈ ਰਾਹ ਦਰਸਾਇਆ ਹੈ ਕਿ ਕਿਸ ਤਰਾਂ ਆਪਣੇ ਲੋਕਾਂ ਲਈ ਕੰਮ ਕਰਨਾ ਚਾਹੀਦਾ ਹੈ । ਇਸ ਤਰ੍ਹਾਂ ਹੀ ਹੋਰ ਵੀ ਬਹੁਤ ਸਾਰੀਆਂ ਮਿਸਾਲਾਂ ਇਤਿਹਾਸ ਵਿੱਚ ਮਿਲਦੀਆਂ ਹਨ ਜਿਹਨਾਂ ਵਿੱਚ ਰਾਜਸੱਤਾ ਦੇ ਮਾਲਕਾਂ ਨੇ ਆਪਣੇ ਦੇਸ਼ ਅਤੇ ਕੌਮਾਂ ਲਈ ਆਪਣੇ ਪਰਿਵਾਰਕ ਹਿੱਤ ਕੁਰਬਾਨ ਕੀਤੇ ਹਨ ।
                       
ਸਮਾਜ ਅਤੇ ਸਰਕਾਰਾਂ ਦੇ ਲਿਤਾੜੇ ਅਤੇ ਲੁੱਟੇ ਜਾਂਦੇ ਕਿਸਾਨ ਵਰਗ  ਨੂੰ ਜਦ ਅੰਨ ਦਾਤਾ ਕਿਹਾ ਜਾਂਦਾ ਹੈ ਤਦ ਇਸ ਦੇ ਕਹਿਣ ਪਿੱਛੇ ਵੀ ਤਿਆਗ ਦੀ ਭਾਵਨਾ ਹੀ ਕੰਮ ਕਰਦੀ ਹੈ । ਸਭ ਤੋਂ ਜ਼ਿਆਦਾ ਸਖਤ ਮਿਹਨਤ ਕਰਨ ਵਾਲਾ ਇਹ ਵਰਗ ਸਭ ਤੋਂ ਜ਼ਿਆਦਾ ਕਰਜ਼ਾਈ ਵੀ ਹੈ, ਪਰ ਇਹ ਵਰਗ ਫਿਰ ਵੀ ਕਿਰਤ ਕਰਨ ਤੋਂ ਮੁੱਖ ਨਹੀਂ ਮੋੜਦਾ । ਕਿਸਾਨ ਵਰਗ ਦੀ ਮਿਹਨਤ ਦਾ ਮੁੱਲ ਉਸ ਨੂੰ ਪੂਰਾ ਨਹੀਂ ਮਿਲਦਾ, ਸਗੋਂ ਉਸ ਦੀ ਮਿਹਨਤ ਵਿੱਚੋਂ ਉਪਜੇ ਅਨਾਜ ਅਤੇ ਫਸਲਾਂ ਨੂੰ ਸਰਕਾਰਾਂ ਅਤੇ ਵਪਾਰੀ ਲੋਕ ਲੁਕਵੇਂ ਢੰਗਾ ਰਾਹੀਂ ਲੁੱਟਕੇ ਲੈ ਜਾਂਦੇ ਹਨ ।  ਆਪਣੇ ਉਤਪਾਦ ਦੀ ਕੀਮਤ ਆਪ ਦੱਸਦੇ ਹਨ, ਪਰ ਕਿਸਾਨ ਵਰਗ ਦੇ ਉਤਪਾਦ ਦੀ ਕੀਮਤ ਸਰਕਾਰਾਂ ਅਤੇ ਵਪਾਰੀ ਲੋਕ ਤਹਿ ਕਰਦੇ ਹਨ । ਇਹ ਵਰਗ ਜਦ ਘਾਟਾ ਸਹਿ ਕੇ ਵੀ ਆਪਣਾ ਉਤਪਾਦਨ ਜਾਰੀ ਰੱਖਦਾ ਹੈ ਤਦ ਵੀ ਇਸਦੇ ਮਨ ਵਿੱਚ ਇਹੀ ਹੁੰਦਾ ਹੈ ਕਿ ਚਲੋ ਉਸਦੇ ਪੈਦਾ ਕੀਤੇ ਅਨਾਜ ਨਾਲ ਲੋਕਾਂ  ਦਾ ਪੇਟ ਤਾਂ ਭਰਦਾ ਹੈ ।

ਦਾਤਾ ਵੀ ਉਸਨੂੰ ਹੀ ਆਖਿਆ ਜਾਂਦਾ ਹੈ, ਜੋ ਦੂਸਰਿਆਂ ਨੂੰ ਕੁਝ ਦਿੰਦਾਂ ਹੈ ਅਤੇ ਕਿਸਾਨ ਆਪਣੀ ਕਿਰਤ ਦੂਸਰੇ ਵਰਗਾਂ ਦੇ ਮੁਕਾਬਲੇ ਤੇ ਦਾਨ ਹੀ ਕਰ ਰਿਹਾ ਹੈ । ਸਰਕਾਰਾਂ , ਅਮੀਰ ਲੋਕ ਅਤੇ  ਦੂਸਰੇ ਸਮਾਜ ਸੇਵੀ ਵਰਗ ਜੋ ਵੱਡੇ ਦਾਨ ਦਾਤਾ ਅਖਵਾਉਂਦੇ ਹਨ ਕੋਲ ਸਾਰੀ ਦੀ ਸਾਰੀ ਜਾਇਦਾਦ ਅਤੇ ਪੈਸਾ ਆਮ ਲੋਕਾਂ ਤੋਂ ਉਗਰਾਹਿਆ ਹੁੰਦਾ ਹੈ ਪਰ ਕਿਸਾਨ ਕੋਲ ਜੋ ਵੀ ਪੈਦਾ ਹੁੰਦਾ ਹੈ ਜ਼ਿਆਦਾਤਰ ਉਸਦੀ ਕਿਰਤ ਅਤੇ ਮਿਹਨਤ ਦੀ ਉਪਜ ਹੁੰਦਾ ਹੈ ਜੋ  ਕਿ ਦਾਨ ਬਣਕੇ ਹੀ ਰਹਿ ਜਾਦੀ ਹੈ । ਦੁਨੀਆਂ ਦਾ ਸਮੁੱਚਾ ਅੰਨ ਪੈਦਾ ਕਰਨ ਵਾਲਾ ਕਿਸਾਨ ਸੀਮਤ ਆਮਦਨ ਕਰਨ ਕਰਕੇ ਅੰਨਦਾਤਾ ਬਣਕੇ ਹੀ ਰਹਿ ਜਾਂਦਾ ਹੈ । ਵੱਡੇ ਉਦਯੋਗਪਤੀ ਆਪਣੇ ਉਦਯੋਗਾਂ ਰਾਂਹੀ ਵੱਡੀਆਂ ਵੱਡੀਆਂ ਮਸ਼ੀਨਾਂ ਤਾਂ ਪੈਦਾ ਕਰ ਸਕਦੇ ਹਨ ਜੋ ਐਸਪ੍ਰਸਤੀ ਅਤੇ ਅਖੌਤੀ ਵਿਕਾਸ ਦਾ ਮਾਡਲ ਅਖਵਾਉਂਦੀਆਂ ਹਨ ਪਰ ਮਨੁੱਖ ਜਾਤੀ ਦੀ ਪਹਿਲ ਲੋੜ ਰੋਟੀ ਨੂੰ  ਸਿਰਫ ਕਿਸਾਨ ਹੀ ਪੈਦਾ ਕਰ ਸਕਦਾ ਹੈ ।

ਕਿਸਾਨ ਸਦਾ ਹੀ ਅੰਨਦਾਤਾ ਬਣਿਆ ਰਹੇਗਾ ਕਿਉਂਕਿ ਇਤਿਹਾਸ ਵਿੱਚ ਕਦੇ ਵੀ ਕਿਸਾਨ ਦੇ ਉਤਪਾਦਨ ਨੂੰ ਮੁਨਾਫੇ ਦਾ ਧੰਦਾ ਨਹੀਂ ਬਣਨ ਦਿੱਤਾ ਗਿਆ ਅਤੇ ਨਾ ਹੀ ਭਵਿੱਖ ਵਿੱਚ ਕਦੇ ਵੀ ਕੋਈ ਸਰਕਾਰ ਇਸਨੂੰ ਮੁਨਾਫੇ ਦਾ ਧੰਦਾ ਬਣਨ ਦੇਵੇਗੀ । ਕਿਸਾਨ ਨੂੰ ਸਿਰਫ ਉਨੀ ਕੁ ਕੀਮਤ ਹੀ ਦਿੰਦੀ ਜਾਂਦੀ ਰਹੀ ਹੈ ਜਿੰਨੀ ਕੁ ਨਾਲ ਉਹ ਗੁਲਾਮਾਂ ਵਾਂਗ ਜਿਉਂਦਾ ਰਹਿ ਸਕੇ ਅਤੇ ਭਵਿੱਖ ਵਿੱਚ ਵੀ ਇਸ ਤਰਾਂ ਹੀ ਹੁੰਦਾ ਰਹਿਣਾ ਹੈ । ਜਦ ਤੱਕ ਕਿਸਾਨ ਦੀ ਕਿਰਤ ਦੀ ਉਪਜ ਨੂੰ ਉਦਯੋਗਿਕ ਉਤਪਾਦਨ ਵਾਂਗ ਮਾਨਤਾ ਨਹੀਂ ਮਿਲੇਗੀ ਤਦ ਤੱਕ ਕਿਸਾਨ ਫਕੀਰਾਂ ਵਰਗੀ ਜ਼ਿੰਦਗੀ ਜਿਉਂਦਿਆਂ ਅੰਨਦਾਤਾ ਹੀ ਅਖਵਾਉਂਦਾ ਰਹੇਗਾ ।

ਸੰਪਰਕ: +91 94177 27245  

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ