Wed, 24 April 2024
Your Visitor Number :-   6997128
SuhisaverSuhisaver Suhisaver

ਅੰਧ-ਵਿਸ਼ਵਾਸਾਂ ਵਿੱਚ ਗੁਆਚੀ ਮੀਡੀਆ ਦੀ ਨੈਤਿਕਤਾ -ਵਿਕਰਮ ਸਿੰਘ ਸੰਗਰੂਰ

Posted on:- 18-07-2012

suhisaver

ਦੁਨੀਆਂ ਦੇ ਨਕਸ਼ੇ 'ਤੇ ਭਾਰਤ ਇੱਕ ਅਜਿਹਾ ਮੁਲਕ ਹੈ, ਜਿੱਥੇ ਮੀਡੀਆ ਦੀ ਪੈਦਾਇਸ਼ ਲੋਕਾਂ ਦੇ ਹਿੱਤਾਂ ਨੂੰ ਨਜ਼ਰ ਵਿੱਚ ਰੱਖ ਕੇ ਇੱਕ ਮਿਸ਼ਨ ਦੇ ਰੂਪ ਵਿੱਚ ਹੋਈ ਸੀ।ਜੇਕਰ ਪ੍ਰਿੰਟ ਮੀਡੀਆ ਤਹਿਤ ਅਖ਼ਬਾਰਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਦੇਸ਼ ਦੀ ਆਜ਼ਾਦੀ ਦਾ ਮਿਸ਼ਨ ਲੈ ਕੇ ਮੈਦਾਨ-ਏ-ਜੰਗ 'ਚ ਉੱਤਰੀਆਂ ਸਨ। ਆਜ਼ਾਦੀ ਪਿੱਛੋਂ ਭਾਰਤ-ਪਾਕਿ ਬਟਵਾਰੇ ਕਾਰਨ ਹਰ ਪੱਖੋਂ ਖੇਰੁੰ-ਖੇਰੁੰ ਹੋਏ ਮੁਲਕ ਦੇ ਸਰਵ-ਪੱਖੀ ਵਿਕਾਸ ਲਈ ਜਿੱਥੇ ਰੇਡੀਓ ਦਾ ਸਹਾਰਾ ਲਿਆ ਗਿਆ, ਉੱਥੇ 50ਵਿਆਂ 'ਚ ਯੂਨੇਸਕੋ ਦੀ ਮਦਦ ਨਾਲ ਗਿਆਨ-ਵਿਗਿਆਨ ਦੇ ਪਰਚਾਰ-ਪਰਸਾਰ ਨੂੰ ਨਜ਼ਰ 'ਚ ਰੱਖਦਿਆਂ ਟੀ.ਵੀ. ਨੂੰ ਇੱਕ ਸਿੱਖਿਆ ਕਰਮੀ  ਵਜੋਂ ਪਹਿਲੀ ਵਾਰ ਦਿੱਲੀ 'ਚ ਸਥਾਪਿਤ ਕੀਤਾ ਗਿਆ।‘ਬਹੁਜਨ ਹਿਤਾਯੇ, ਬਹੁਜਨ ਸੁਖਾਯੇ' ਜਿਹੀ ਭਾਵਨਾ ਨੂੰ ਲੈਕੇ ਚੱਲੇ ਇਹ ਸਭ ਸੰਚਾਰ ਮਾਧਿਅਮ ਜਿੱਥੇ ਆਪਣੇ ਮਿੱਥੇ ਮਿਸ਼ਨਾਂ ਨੂੰ ਸਰ ਕਰਨ ਵਿੱਚ ਸਫ਼ਲ ਹੋਏ, ਉੱਥੇ ਇਨ੍ਹਾਂ ਨੇ ਲੋਕਾਂ ਦਾ ਵਿਸ਼ਵਾਸ ਵੀ ਜਿੱਤਿਆ। ਭਾਰਤ ਵਿੱਚ ਹਰੀ ਕ੍ਰਾਂਤੀ ਲਿਆਉਣ ਲਈ ਜਿੰਨਾ ਯੋਗਦਾਨ ਖੇਤੀਬਾੜੀ ਵਿੱਚ ਕੀਤੀਆਂ ਨਵੀਆਂ ਖੋਜਾਂ ਦਾ ਹੈ, ਓਨਾ ਹੀ ਦੂਰਦਰਸ਼ਨ 'ਤੇ ਚੱਲਦੇ ‘ਕ੍ਰਿਸ਼ੀ ਦਰਸ਼ਨ (1967)' ਅਤੇ ਆਕਾਸ਼ਵਾਣੀ ਜਲੰਧਰ ਤੋਂ ਸੁਣੇ ਜਾਂਦੇ ‘ਭਾਈਆ ਜੀ' ਦੇ ਦੇਹਾਤੀ ਪ੍ਰੋਗਰਾਮ ਦਾ ਵੀ ਹੈ।ਇਸੇ ਤਰ੍ਹਾਂ ਆਕਾਸ਼ਵਾਣੀ ਨੇ ‘ਜੀਵਨ ਸੌਰਭ (1988)', ‘ਵਿਗਿਆਨ ਵਿਧੀ (1989)', ‘ਤਿਨਕਾ ਤਿਨਕਾ ਸੁਖ (1996-97)' ਅਤੇ ਦੂਰਦਰਸ਼ਨ ਨੇ ‘ਹਮ ਲੋਗ (1984)', ਅਤੇ ‘ਬੁਨਿਆਦ (1986)' ਆਦਿ ਜਿਹੇ ਪ੍ਰੋਗਰਾਮਾਂ ਰਾਹੀਂ ਜਿੱਥੇ ਭਾਰਤੀ ਸਮਾਜ ਵਿੱਚ ਵਿਗਿਆਨਕ ਸੋਚ ਦਾ ਪ੍ਰਸਾਰ ਕੀਤਾ ਉੱਥੇ ਇਨ੍ਹਾਂ ਪ੍ਰੋਗਰਾਮਾਂ ਨੇ ਕਈ ਥਾਂ ਸਮਾਜਿਕ ਬੁਰਾਈਆਂ ਨੂੰ ਮਿਟਾਉਣ ਦੀ ਵੀ ਮਿਸਾਲ ਪੇਸ਼ ਕੀਤੀ।
   

ਨੱਬੇਵਿਆਂ ਵਿੱਚ ਨਿੱਜੀ ਬ੍ਰਾਡਕਾਸਇੰਗ ਦਾ ਅਜਿਹਾ ਹੜ੍ਹ ਆਇਆ ਕਿ ਮੀਡੀਆ ਦੇ ਮਿਸ਼ਨ ਅਤੇ ਕਦਰਾਂ-ਕੀਮਤਾਂ ਨੂੰ ਦੂਰ ਤੀਕ ਵਹਾ ਕੇ ਲੈ ਗਿਆ।ਦੂਰਦਰਸ਼ਨ ਦਾ ਹਰ ਚੈਨਲ ਤਾਂ ਅੱਜ ਵੀ ਨਿੱਜੀ ਚੈਲਨਾਂ ਦੇ ਇਸ ਹੜ੍ਹ ਵਿੱਚ ਆਪਣੀ ਬੇੜੀ ਨੂੰ ਨੈਤਿਕਤਾ ਦੇ ਚੱਪੂਆਂ ਨਾਲ ਹੌਲ਼ੀ-ਹੌਲ਼ੀ ਹਰ ਹੀਲੇ ਚਲਾ ਰਿਹਾ ਹੈ, ਪਰ ਨਿੱਜੀ ਚੈਨਲਾਂ ਰੂਪੀ ਵੱਡੇ-ਵੱਡੇ ਵਪਾਰਕ ਬੇੜੇ ਆਪਣੀ ਫ਼ਸੀਲ 'ਤੇ ਅੰਧ-ਵਿਸ਼ਵਾਸ ਦੀ ਤਖ਼ਤੀ ਲਗਾ ਕੇ ਆਪਣੇ ਨਾਲ ਦਿਆਂ ਬੇੜਿਆਂ ਨੂੰ ਹਰ ਘੜੀ ਡੋਬਣ ਦੀ ਤਾਂਘ ਵਿੱਚ ਰੁੱਝੇ ਹੋਏ ਹਨ।

 ਅਜੋਕੀ ਤੇਜ਼-ਤਰਾਰ ਮਨੁੱਖੀ ਜ਼ਿੰਦਗੀ ਵਿੱਚ ਜਾਣਕਾਰੀ ਅਤੇ ਜਾਗਰੂਕਤਾ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਮੀਡੀਆ ਸਮਾਜ ਨੂੰ ਕਿਵੇਂ ਦੀਆਂ ਸੂਚਨਾਵਾਂ ਦੇਣ ਦਾ ਫੈਸਲਾ ਕਰਦਾ ਹੈ।ਜੇਕਰ ਇਸ ਸਵਾਲ ਦੇ ਜੁਆਬ ਲਈ ਅਜੋਕੇ ਮੀਡੀਆ ਦੀ ਵਿਸ਼ਾ ਪੇਸ਼ਕਾਰੀ 'ਤੇ ਪੰਛੀ ਝਾਤ ਮਾਰ ਲਈ ਜਾਵੇ ਤਾਂ ਇਹ ਗੱਲ ਨਿੱਤਰ ਕੇ ਸਾਹਮਣੇ ਆਉਂਦੀ ਹੈ ਕਿ ਅੱਜ ਉਹ ਆਪਣੇ ਬਹੁਤੇ ਪ੍ਰੋਗਰਾਮਾਂ ਦੀ ਪੇਸ਼ਕਾਰੀ ਅੰਧ-ਵਿਸ਼ਵਾਸ ਦੀਆਂ ਖੋਖਲੀਆਂ ਨੀਹਾਂ 'ਤੇ ਕਰ ਰਿਹਾ ਹੈ।ਸਵੇਰੇ ਉੱਠਦੇ ਹੀ ਚਾਹੇ ਟੀ.ਵੀ ਚਾਲੂ ਕਰ ਲਵੋ ਜਾਂ ਅਖ਼ਬਾਰ ਚੁੱਕ ਲਵੋ, ਕੋਈ ਨਾ ਕੋਈ ਅਜਿਹਾ ਪ੍ਰੋਗਰਾਮ ਜਾਂ ਖ਼ਬਰ ਦੇਖਣ/ਸੁਣਨ ਨੂੰ ਜ਼ਰੂਰ ਨਸੀਬ ਹੋ ਜਾਵੇਗੀ, ਜਿਸ ਵਿੱਚ ਕਿਸੇ ਤਾਂਤਰਿਕ, ਜਾਦੂ-ਟੂਣੇ, ਜੋਤਿਸ਼ ਆਦਿ ਦੇ ਚਮਤਕਾਰਾਂ ਦੀ ਗੱਲ ਕੀਤੀ ਹੋਵੇ।ਟੀ.ਵੀ. ਸੁਣਨ-ਦ੍ਰਿਸ਼ ਮਾਧਿਅਮ ਹੋਣ ਕਾਰਨ ਦੂਜੇ ਸੰਚਾਰ ਮਾਧਿਅਮਾਂ ਤੋਂ ਵਧੇਰ ਸ਼ਕਤੀਸ਼ਾਲੀ ਹੈ ਅਤੇ ਇਹੋ ਅੱਜ ਅੰਧ ਵਿਸ਼ਵਾਸਾਂ ਦੀ ਅਜਿਹੀ ਜ਼ਮੀਨ ਤਿਆਰ ਕਰ ਰਿਹਾ ਹੈ, ਜਿਸ ਉੱਤੇ ਚੈਨਲ ਅਤੇ ਬਾਬੇ ਪੈਸਿਆਂ ਦੀ ਖੇਤੀ ਕਰ ਰਹੇ ਹਨ। ਨਿੱਜੀ ਟੀ.ਵੀ. ਚੈਨਲਾਂ ਨੇ ਤਾਂ ਅਜਿਹੇ ਪ੍ਰੋਗਰਾਮ ਪੇਸ਼ ਕਰਨ ਲਈ ਖ਼ਾਸ ਕਲਾਕਾਰ-ਨੁਮਾ ਜੋਤਸ਼ੀ ਔਰਤਾਂ/ਮਰਦ ਰੱਖੇ ਹੋਏ ਹਨ, ਜਿਨ੍ਹਾਂ ਲਈ ਵਿਸ਼ੇਸ਼ ਕਿਸਮ ਦਾ ਮੇਕਅੱਪ, ਕੱਪੜੇ, ਸਰੀਰਿਕ ਹਰਕਤਾਂ ਆਦਿ ਨੂੰ ਖਿੱਚਵਾਂ ਬਣਾਉਣ ਲਈ ਉਨ੍ਹਾਂ ਵੱਲੋਂ ਇੱਕ ਵੱਖਰਾ ਸਟਾਫ ਤੱਕ ਭਰਤੀ ਕੀਤਾ ਗਿਆ ਹੁੰਦਾ ਹੈ।ਇਹ ਕਲਾਕਾਰ ਵਿਸ਼ਵਾਸਹੀਣ ਗੱਲਾਂ ਉੱਤੇ ਵਿਸ਼ਵਾਸ ਦਾ ਅਜਿਹਾ ਲਿਬਾਸ ਪਾਉਂਦੇ ਹਨ ਕਿ ਲੋਕਾਂ ਦੀਆਂ ਅੱਖਾਂ ਚੁੰਬਕ ਵਾਂਗ ਟੀ.ਵੀ. 'ਤੇ ਚਿੱਪਕ ਜਾਂਦੀਆਂ ਹਨ ਅਤੇ ਟੀ.ਵੀ. ਰਿਮੋਰਟ ਜਾਮ ਹੋ ਜਾਂਦੇ ਹਨ।

ਇਸੇ ਵਰ੍ਹੇ ਦੀ 3 ਮਈ ਨੂੰ ਮਨਾਏ ਗਏ ਪ੍ਰੈੱਸ ਆਜ਼ਾਦੀ ਦਿਵਸ ਮੌਕੇ ਪ੍ਰੈੱਸ ਕੌਂਸਲ ਆਫ ਇੰਡੀਆ ਦੇ ਮੁਖੀ ਜਸਟਿਸ ਮਾਰਕੰਡੇ ਕਾਟਜੂ ਨੇ ਕਿਹਾ ਸੀ ਕਿ ਮੀਡੀਆ ਅੰਧ-ਵਿਸ਼ਵਾਸ ਅਤੇ ਰੂੜ੍ਹੀਵਾਦੀ ਸੋਚ ਨੂੰ ਹੁਲਾਰਾ ਦੇ ਰਿਹਾ ਹੈ।ਵਿਗਿਆਨਕ ਸੋਚ ਨੂੰ ਫੈਲਾਉਣ ਦੀ ਥਾਂ ਫ਼ਿਲਮੀ ਅਦਾਕਾਰਾਂ, ਕ੍ਰਿਕਟ, ਭਵਿੱਖਬਾਣੀ ਸਮੇਤ ਕਈ ਹੋਰ ਗ਼ੈਰ-ਮੁੱਦਿਆਂ ਨੂੰ ਉਭਾਰ ਰਿਹਾ ਹੈ।ਉਨ੍ਹਾਂ ਦੀ ਹੀ ਆਖੀ ਇਹ ਗੱਲ, ਕਿ 90 ਫ਼ੀਸਦ ਭਾਰਤੀ ਵਿਗਿਆਨਕ ਸੋਚ ਤੋਂ ਸੱਖਣੇ ਹਨ, ਵੀ ਮੀਡੀਆ ਦੀ ਕਾਰਗੁਜ਼ਾਰੀ 'ਤੇ ਪ੍ਰਸ਼ਨ-ਚਿੰਨ੍ਹ ਲਗਾਉਂਦੀ ਹੈ।
    
ਲੋਕਾਂ ਦੀਆਂ ਅੱਖਾਂ ਵਿੱਚ ਵਹਿਮਾਂ-ਭਰਮਾਂ ਦਾ ਘੱਟਾ ਪਾਉਣ ਵਾਲੇ ਖ਼ਬਰਾਂ ਦੇ ਚੈਨਲਾਂ ਤੋਂ ਬਿਨਾਂ ਜੇਕਰ ਭੂਤਾਂ-ਪ੍ਰੇਤਾਂ ਵਾਲੇ ਟੀ.ਵੀ. ਸੀਰੀਅਲਾਂ ਦੀ ਗੱਲ ਛੇੜੀ ਜਾਵੇ ਤਾਂ ਅਜਿਹੇ ਪ੍ਰੋਗਰਾਮਾਂ ਨੇ 90ਵਿਆਂ ਵਿੱਚ ਹੀ ਮਨੋਰੰਜਨ ਚੈਨਲਾਂ ਜ਼ਰੀਏ ਭਾਰਤੀਆਂ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ ਸੀ। ਹੁਣ ਤਾਂ ਅਜਿਹੇ ਰਿਐਲਟੀ ਸ਼ੋਅ ਵੀ ਬਣਨ ਲੱਗ ਪਏ ਹਨ, ਜਿਨ੍ਹਾਂ 'ਚ ਜਿਊਂਦੇ ਲੋਕ ਹੀ ਨਹੀਂ, ਸਗੋਂ ਮਰੇ ਲੋਕਾਂ ਦੀਆਂ ਆਤਮਾਵਾਂ ਵੀ ਆਪਣਾ ਕਿਰਦਾਰ ਨਿਭਾਉਂਦੀਆਂ ਹਨ।ਜ਼ਿਕਰ ਯੋਗ ਹੈ ਕਿ ਰਿਐਲਟੀ ਸ਼ੋਅ ਅਜਿਹੇ ਸ਼ੋਅ ਹੁੰਦੇ ਹਨ, ਜਿਨ੍ਹਾਂ 'ਚ ਉਨ੍ਹਾਂ ਘਟਨਾਵਾਂ, ਪਾਤਰਾਂ ਆਦਿ ਨੂੰ ਦਿਖਾਇਆ ਜਾਂਦਾ ਹੈ, ਜੋ ਅਸਲੀਅਤ ਵਿੱਚ ਹੋਣ।ਅਗਸਤ, 2010 ਵਿੱਚ ਇੱਕ ਨਿੱਜੀ ਟੀ.ਵੀ. ਚੈਨਲ ਉੱਤੇ ‘ਦਾ ਚੇਅਰ' ਨਾਂਅ ਦਾ ਇੱਕ ਅਜਿਹਾ ਰਿਐਲਟੀ ਸ਼ੋਅ ਸ਼ੁਰੂ ਹੋਇਆ ਸੀ, ਜਿਸ ਵਿਚਲੇ ਪਾਤਰਾਂ ਨੂੰ ਇੱਕ ਡਰਾਉਣੀ ਹਵੇਲੀ ਵਿੱਚ ਕੁਰਸੀ 'ਤੇ ਬਿਠਾ ਕੇ ਆਤਮਾਵਾਂ ਨਾਲ ਗੱਲਬਾਤ ਕਰਵਾਈ ਜਾਂਦੀ ਸੀ।ਇਸ ਰਿਐਲਈ ਸ਼ੋਅ ਅਨੁਸਾਰ ਇਸ ਪ੍ਰੋਗਰਾਮ ਦਾ ਮੰਤਵ ਲੋਕ-ਮਨਾਂ 'ਚੋਂ ਡਰ ਨੂੰ ਕੱਢਣਾ ਅਤੇ ਭਟਕਦੀਆਂ ਆਤਮਾਵਾਂ ਨੂੰ ਮੁਕਤੀ ਦਿਵਾਉਣਾ ਸੀ।ਜੂਨ, 2012 ਵਿੱਚ ਇੱਕ ਟੀ.ਵੀ. ਸ਼ੋਅ ‘ਫੀਅਰ ਫਾਈਲਸ ਡਰ ਕੀ ਸੱਚੀ ਤਸਵੀਰੇਂ' ਸ਼ੁਰੂ ਹੋਇਆ ਹੈ, ਜਿਸ ਨੂੰ ਸੰਬੰਧਤ ਚੈਨਲ ਵੱਲੋਂ ‘ਨਵੀਂ ਊਮੀਦ ਨਵਾਂ ਸ਼ੋਅ' ਆਖ ਕੇ ਵੱਡੀ ਪੱਧਰ 'ਤੇ ਪਰਚਾਰਿਆ ਜਾ ਰਿਹਾ ਹੈ।ਇਹ ਸ਼ੋਅ ਆਪਣੇ ਸ਼ੁਰੂਆਤੀ ਅੱਖਰਾਂ ਵਿੱਚ ਆਖਦਾ ਹੈ ਕਿ, “ਇਹ ਪ੍ਰੋਗਰਾਮ ਲੋਕਾਂ ਦੀ ਜ਼ਿੰਦਗੀਆਂ 'ਚ ਵਾਪਰੀਆਂ ਅਸਲੀ ਘਟਨਾਵਾਂ 'ਤੇ ਅਧਾਰਿਤ  ਹੈ। ਚੈਨਲ ਜਾਂ ਕੰਪਨੀ ਇਸ ਪਿੱਛੇ ਕਿਸੇ ਤਰ੍ਹਾਂ ਦਾ ਅੰਧ-ਵਿਸ਼ਵਾਸ ਫੈਲਾਉਣ ਦਾ ਮੰਤਵ ਲੈ ਕੇ ਨਹੀਂ ਤੁਰਿਆ।ਇਹ ਪ੍ਰੋਗਰਾਮ ਇੱਕ ਕੋਸ਼ਿਸ਼ ਹੈ, ਭਰੋਸੇਹੀਣ ਅਤੇ ਅਨੋਖੀਆਂ ਘਟਨਾਵਾਂ ਪਿੱਛੇ ਲੁੱਕੇ ਸੱਚ ਨੂੰ ਲੋਕਾਂ ਸਾਹਮਣੇ ਲਿਆਉਣ ਦੀ।”  ਜਿਸ ਤਰ੍ਹਾਂ ਦੇ ਡਰ ਦੀ ਤਸਵੀਰ ਇਹ ਸ਼ੋਅ ਪੇਸ਼ ਕਰਦਾ ਹੈ, ਉਸ ਨੂੰ ਦੇਖ ਕੇ ਤਾਂ ਜ਼ਰਾ ਵੀ ਨਹੀਂ ਲੱਗਦਾ ਕੇ ਇਹ ਆਪਣੇ ਹੀ ਆਖੇ ਮੰਤਵ ਦੀਆਂ ਪੈੜਾਂ 'ਤੇ ਚੱਲ ਰਿਹਾ ਹੈ। ਹਾਂ, ਇਹ ਕਾਲਾ ਜਾਦੂ, ਵਾਸਤੂ-ਸ਼ਾਸਤਰ, ਤੰਤਰ-ਮੰਤਰ ਵਿੱਦਿਆ,ਜਿੰਨ ਅਤੇ ਅਦ੍ਰਿਸ਼ ਸ਼ਕਤੀਆਂ ਨੂੰ ਵਿਗਿਆਨ ਦੀ ਪੁੱਠ ਚਾੜ੍ਹਨ ਦੀ ਕੋਸ਼ਿਸ਼ ਜ਼ਰੂਰ ਕਰ ਰਿਹਾ ਹੈ। ਅਸਲ ਵਿੱਚ ਅਜਿਹੇ ਰਿਐਲਟੀ ਸ਼ੋਆਂ ਦੀ ਰਿਐਲਟੀ ਤਾਂ ਡਰੇ ਹੋਏ ਲੋਕਾਂ ਨੂੰ ਹੋਰ ਡਰਾਉਣਾ ਅਤੇ ਪਹਿਲਾਂ ਤੋਂ ਹੀ ਅੰਧ-ਵਿਸ਼ਵਾਸ ਦੀਆਂ ਗੰਢਾਂ ਵਿੱਚ ਬੱਝੇ ਲੋਕਾਂ ਦੀਆਂ ਗ਼ੈਰ-ਵਿਗਿਆਨਕ ਪ੍ਰਵਿਰਤੀਆਂ ਨੂੰ ਵੱਧ ਤੋਂ ਵੱਧ ਗਰਮਾਉਣ ਵਿੱਚ ਲੁੱਕੀ ਹੋਈ ਹੈ, ਤਾਂ ਕਿ ਟੀ.ਵੀ. ਚੈਨਲ ਅਤੇ ਵਪਾਰਕ ਕੰਪਨੀਆਂ ਇਸ ਉ¥ਤੇ ਪੱਕੀਆਂ ਟੀ.ਆਰ.ਪੀ. ਨਾਂਅ ਦੀਆਂ ਰੋਟੀਆਂ ਨੂੰ ਖਾ ਕੇ ਆਪਣੇ ਢਿੱਡਾਂ ਦਾ ਭਾਰ ਵੱਧ ਤੋਂ ਵੱਧ ਵਧਾ ਸਕਣ ।

  

ਖੇਤਰੀ ਅਤੇ ਰਾਸ਼ਟਰੀ ਪੱਧਰ ਦੇ ਟੀ.ਵੀ. ਚੈਨਲਾਂ ਉ¥ਤੇ ਚੱਲਦੇ ਵਿਗਿਆਪਨਾਂ ਨੇ ਵੀ ਅੰਧਵਿਸ਼ਵਾਸ ਦਾ ਰੰਗ ਲੋਕ-ਮਨਾਂ 'ਤੇ ਚੜ੍ਹਾਉਣ ਹਿੱਤ ਕੋਈ ਕਸਰ ਬਾਕੀ ਨਹੀਂ ਛੱਡੀ।ਦਿਲਕਸ਼ ਉਰਦੂ ਸ਼ਾਇਰੀ ਦਾ ਇਸਤੇਮਾਲ ਕਰਕੇ ਕਈ ਤਾਂਤਰਿਕ ਬਾਬੇ ਪਿਆਰ ਪ੍ਰਾਪਤੀ, ਵਿਆਹ ਬਾਰੇ, ਕਿਸੇ ਨੂੰ ਵੱਸ 'ਚ ਕਰਨਾ, ਸੰਤਾਨ ਪ੍ਰਾਪਤੀ, ਜਾਦੂ-ਟੂਣੇ ਤੋਂ ਛੁਟਕਾਰਾ ਆਦਿ ਜਿਹੀਆਂ ਮੁਸ਼ਕਿਲਾਂ ਨੂੰ ਚੁਟਕੀ ਵਿੱਚ ਧਾਗੇ-ਤਾਵੀਤਾਂ ਨਾਲ ਹੱਲ ਕਰਨ ਦਾ ਦਾਅਵਾ ਕਰਦੇ ਨਜ਼ਰ ਆਉਂਦੇ ਹਨ।ਹੋਰ ਤਾਂ ਹੋਰ, ਅੱਜ ਕੱਲ੍ਹ ਇੱਕ ਅਜਿਹੀ ਮੂਰਤੀ ਦਾ ਵਿਗਿਆਪਨ ਇੱਕੋ ਸਮੇਂ ਕਈ ਨਿੱਜੀ ਟੀ.ਵੀ. ਚੈਨਲਾਂ 'ਤੇ ਚੱਲ ਰਿਹਾ ਹੈ, ਜਿਸ 'ਚ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਜੋ ਇਹ ਮੂਰਤੀ ਰੱਖੇਗਾ, ਉਸ ਦੇ ਘਰ ਪੈਸਿਆਂ ਦੀ ਵਰਖਾ ਹੁੰਦੀ ਰਹੇਗੀ।ਇਸ ਤੋਂ ਬਿਨਾਂ ਟੀ.ਵੀ. 'ਤੇ ਇੱਕ ਹੋਰ ਅਜਿਹਾ ਹੀ ਵਿਗਿਆਪਨ ਆਉਂਦਾ ਹੈ, ਜੋ ਲੱਕੜ ਦੇ ਰੁਦਰਾਕਸ਼ ਨੂੰ ਰੱਬ ਦਾ ਅਵਤਾਰ ਅਤੇ ਮਨੁੱਖੀ ਦੁੱਖਾਂ ਦਾ ‘ਆਲ ਇੰਨ ਵੰਨ' ਇਲਾਜ ਦੱਸ ਕੇ ਸ਼ਰੇਆਮ ਲੋਕਾਂ ਦੀਆਂ ਜੇਬਾਂ ਨੂੰ ਢਿੱਲਾ ਕਰਨ ਦੀ ਕੋਸ਼ਿਸ਼ ਵਿੱਚ ਲੱਗਾ ਹੋਇਆ ਹੈ।
  
ਪੰਜਾਬ ਦਾ ਬੱਚਾ-ਬੱਚਾ ਇਸ ਗੱਲ ਤੋਂ ਵਾਕਿਫ਼ ਹੈ ਕਿ ਪੰਜਾਬ ਦੀ ਧਰਤੀ ਉਨ੍ਹਾਂ ਗੁਰੂਆਂ ਪੀਰਾਂ ਦੀ ਧਰਤੀ ਹੈ, ਜਿਨ੍ਹਾਂ ਪੈਦਲ ਯਾਤਰਾਵਾਂ ਕਰਕੇ ਲੋਕਾਂ ਨੂੰ ਅੰਧ-ਵਿਸ਼ਵਾਸ ਦੇ ਹਨੇਰੇ 'ਚੋਂ ਕੱਢਣ ਦਾ ਸੁਨੇਹਾ ਦਿੱਤਾ।ਇਸ ਦੇ ਬਾਵਜੂਦ ਅੱਜ 21ਵੀਂ ਸਦੀ 'ਚ ਪੰਜਾਬ ਦੀ ਹਰ ਸਵੇਰ ਅਜਿਹੇ ‘ਚੜ੍ਹਦੇ ਸੂਰਜ' ਜਾਂ ‘ਤਕਦੀਰ ਦੇ ਸਿਤਾਰਿਆਂ' ਨਾਲ ਸ਼ੁਰੂ ਹੁੰਦੀ ਹੈ, ਜਿਸ 'ਚ ਪੰਜਾਬੀ ਚੈਨਲਾਂ 'ਤੇ ਲੈਪਟਾਪ ਲੈ ਕੇ ਬੈਠੇ ਜੋਤਸ਼ੀ ਸਾਰੇ ਦਿਨ, ਮਹੀਨੇ ਤੇ ਸਾਲ ਦਾ ਹਾਲ ਸੁਣਾਉਂਦਿਆਂ ਨੰਗੀ ਅੱਖ ਨਾਲ ਅਜਿਹੇ ਗ੍ਰਹਿ ਦੀ ਸਥਿਤੀ ਨੂੰ ਵੀ ਪਲਾਂ 'ਚ ਤੱਕ ਲੈਂਦੇ ਹਨ, ਜਿਨ੍ਹਾਂ ਨੂੰ ਅਮਰੀਕਾ ਵਿੱਚ ਨਾਸਾ ਵਿਗਿਆਨੀ ਦੂਰਬੀਨ ਦੀ ਮਦਦ ਨਾਲ ਵੀ ਬੜੀ ਮੁਸ਼ਕਿਲ ਨਾਲ ਦੇਖਦੇ ਹਨ।ਫੋਨ ਰਾਹੀਂ ਸਿੱਧੀ ਗੱਲਬਾਤ ਕਰਦੇ ਅੰਧ-ਵਿਸ਼ਵਾਸਾਂ ਦੀ ਜਿੱਲ੍ਹਣ ਵਿੱਚ ਫਸੇ ਡਾਕਟਰ, ਇੰਜੀਨੀਅਰ, ਅਧਿਆਪਕ ਆਦਿ ਵਿਅਕਤੀਆਂ ਦਾ ਭਾਗ ਤਾਂ ਬੇਸ਼ੱਕ ਇਹ ਜੋਤਸ਼ੀ ਨਾ ਲਿਸ਼ਕਾ ਸਕਣ ਪਰ ਇਨ੍ਹਾਂ 'ਚੋਂ ਕੁਝ ਅਜਿਹੇ ਵੀ ਹਨ, ਜਿਨ੍ਹਾਂ ਦੇ ਚੈਨਲ ਪੰਜਾਬ ਦੀ ਰਾਜਨੀਤੀ ਦਾ ਸ਼ਿਕਾਰ ਹੋ ਕੇ ਜਦੋਂ ਕੇਬਲ ਟੀ.ਵੀ ਤੋਂ ਗ਼ਾਇਬ ਹੁੰਦੇ ਹਨ ਤਾਂ ਇਹ ਆਪਣਾ ਬਿਸਤਰਾ ਬੰਨ੍ਹ ਕੇ ਅਗਲੇ ਹੀ ਦਿਨ ਕਿਸੇ ਦੂਜੇ ਪੰਜਾਬੀ ਚੈਨਲ 'ਤੇ ਪਹੁੰਚ ਕੇ ਚੈਨਲ ਅਤੇ ਆਪਣੀਆਂ ਜੇਬਾਂ ਦਾ ਭਾਗ ਨਿਰਵਿਘਨ ਜ਼ਰੂਰ ਲਿਸ਼ਕਾ ਲੈਂਦੇ ਹਨ।
 
ਪ੍ਰਿੰਟ ਮੀਡੀਆ, ਜਿਸ ਦੇ ਸ਼ਬਦਾਂ 'ਤੇ ਲੋਕਾਂ ਨੂੰ ਆਪਣੇ ਆਪ ਤੋਂ ਵੀ ਵੱਧ ਭਰੋਸਾ ਹੁੰਦਾ ਹੈ, ਵੀ ਇਸ ਅੰਧ-ਵਿਸ਼ਵਾਸਾਂ ਦੇ ਧੂੰਏਂ ਨੂੰ ਚੁਗਿਰਦੇ ਫੈਲਾਉਣ ਵਿੱਚ ਪਿੱਛੇ ਨਹੀਂ ਰਿਹਾ।ਜਿੱਥੇ ਕੁਝ ਅਖ਼ਬਾਰ ਤੱਥਹੀਣ ਅੰਧ-ਵਿਸ਼ਵਾਸੀ ਖ਼ਬਰਾਂ, ਇਸ਼ਤਿਹਾਰ ਆਦਿ ਛਾਪ ਰਹੇ ਹਨ, ਉੱਥੇ ਕਈ ਕਹਿੰਦੇ-ਕਹਾਉਂਦੇ ਅਖ਼ਬਾਰ ਵੀ ਨਿੱਤ ਦਾ ਰਾਸ਼ੀਫਲ ਲੈ ਕੇ ਅੰਧਵਿਸ਼ਵਾਸੀਆਂ ਦਾ ਇੱਕ ਨਵਾਂ ਪਾਠਕ ਵਰਗ ਤਿਆਰ ਕਰ ਰਹੇ ਹਨ।ਨਿਊ-ਮੀਡੀਆ ਤਹਿਤ ਜਿੱਥੇ ਇੰਟਰਨੈੱਟ ਉੱਤੇ ਆਧੁਨਿਕ ਕਿਸਮ ਦੇ ਜੋਤਸ਼ੀ ਆਪਣੀਆਂ ਵੈ¥ਬਸਾਈਟਸ ਰਾਹੀਂ ਦੁਨੀਆਂ ਭਰ 'ਚ ਆਪਣਾ ਚਮਤਕਾਰ ਦਿਖਾ ਰਹੇ ਹਨ, ਉੱਥੇ ਮੋਬਾਈਲ ਅਤੇ ਸਾਫ਼ਟਵੇਅਰ ਕੰਪਨੀਆਂ ਨਾਲ ਵੀ ਇਨ੍ਹਾਂ ਨੇ ਅਜਿਹਾ ਹੱਥ ਮਿਲਾਇਆ ਹੈ ਕਿ ਭਵਿੱਖ ਦੱਸਣ ਵਾਲੇ  ਐੱਸ.ਐੱਮ.ਐੱਸ ਬੇ-ਵਕਤ ਆ ਕੇ ਲੋਕਾਂ ਦੀਆਂ ਅੱਖੀਆਂ 'ਚੋਂ ਨੀਂਦ ਖੋਹ ਰਹੇ ਹਨ। ਕੁੰਡਲੀ, ਪੰਡਿਤ ਜੀ, ਜਿਹੇ ਹਜ਼ਾਰਾਂ ਸਾਫ਼ਟਵੇਅਰ ਮੋਬਾਈਲ ਅਤੇ ਕੰਪਿਊਟਰ ਸਕਰੀਨ 'ਤੇ ਜਦੋਂ ਦੇ ਆਏ ਹਨ, ਉਦੋਂ ਦੇ ਮਨੁੱਖ ਦੀ ਵਿਗਿਆਨਕ ਸੋਚ ਨੂੰ ਵਾਇਰਸ ਬਣ ਕੇ ਖਾ ਰਹੇ ਹਨ।
  
ਮੀਡੀਆ ਆਪਣੇ ਅਧਿਕਾਰਾਂ ਦੀ ਹਮੇਸ਼ਾ ਚਰਚਾ ਕਰਦਾ ਰਹਿੰਦਾ ਹੈ, ਪਰ ਜਦੋਂ ਗੱਲ ਉਸ ਦੇ ਫ਼ਰਜ਼ਾਂ ਦੀ ਆਉਂਦੀ ਹੈ ਤਾਂ ਬੜਬੋਲਾ ਮੀਡੀਆ ਮੋਨ ਵਰਤ ਧਾਰ ਕੇ ਬੈਠ ਜਾਂਦਾ ਹੈ। ਭਾਰਤੀ ਸੰਵਿਧਾਨ ਜਿੱਥੇ ਆਰਟੀਕਲ 19 (1) ਤਹਿਤ ਮੀਡੀਆ ਨੂੰ ਬੋਲਣ ਦੀ ਖੁੱਲ੍ਹ ਦਿੰਦਾ ਹੈ, ਉੱਥੇ ਨਾਲ ਹੀ ਆਰਟੀਕਲ 51 ਏ (ਐੱਚ) ਅਨੁਸਾਰ ਸਾਰੇ ਨਾਗਰਿਕਾਂ ਦਾ ਫ਼ਰਜ਼ ਹੈ ਕਿ ਉਹ ਦੇਸ਼ ਵਿੱਚ ਵਿਗਿਆਨਕ ਮਾਹੌਲ ਬਣਾ ਕੇ ਦੇਸ਼ ਦਾ ਵਿਕਾਸ ਕਰਨ।ਜਿੱਥੋਂ ਤੱਕ ਗੱਲ ਅੰਧ-ਵਿਸ਼ਵਾਸ ਫੈਲਾਉਣ ਵਾਲੇ ਵਿਗਿਆਪਨਾਂ ਦੀ ਹੈ, ਇਸ ਲਈ ਵੀ ‘ਜੜ੍ਹੀ-ਬੂਟੀ ਅਤੇ ਜਾਦੂ-ਟੂਣਾ ਇਲਾਜ (ਇਤਰਾਜ਼ਯੋਗ ਵਿਗਿਆਪਨ) ਕਨੂੰਨ 1954' ਭਾਰਤੀਆਂ ਕੋਲ ਹੈ।ਇਸ ਕਨੂੰਨ ਦੇ ਤਹਿਤ ਅੰਧ-ਵਿਸ਼ਵਾਸ ਫੈਲਾਉਣ ਵਾਲੇ ਵਿਗਿਆਪਨਾਂ 'ਤੇ ਰੋਕ ਲਗਾਉਣ ਦੇ ਨਾਲ-ਨਾਲ  ਤੰਤਰ-ਮੰਤਰ, ਜਾਦੂ- ਟੂਣੇ ਜਾਂ ਜੜ੍ਹੀ-ਬੂਟੀਆਂ ਨਾਲ ਸਰੀਰਿਕ ਬਿਮਾਰੀ ਦੂਰ ਕਰਨ, ਨੌਕਰੀ ਦਿਵਾਉਣ ਜਾਂ ਵਿਆਹ ਕਰਵਾਉਣ ਆਦਿ ਦੇ ਝੂਠੇ ਦਾਅਵੇ ਕਰਨ ਵਾਲੇ ਨੂੰ ਇੱਕ ਸਾਲ ਦੀ ਕੈਦ ਅਤੇ ਜ਼ੁਰਮਾਨੇ ਤੱਕ ਦਾ ਪ੍ਰਬੰਧ ਕੀਤਾ ਗਿਆ ਹੈ। ਮੌਜੂਦਾ ਸਮੇਂ ਪ੍ਰੈੱਸ ਕੌਂਸਲ ਆਫ਼ ਇੰਡੀਆ ਨੂੰ ਛੱਡ ਕੇ ਨਿਊਜ਼ ਬ੍ਰਾਡਕਾਸਟਿੰਗ ਐਸੋਸੀਏਸ਼ਨ, ਇੰਡੀਅਨ ਨਿਊਜ਼ ਪੇਪਰ ਸੋਸਾਇਟੀ, ਬ੍ਰਾਡਕਾਸਟ ਐਡੀਟਰ ਐਸੋਸੀਏਸ਼ਨ ਜਿਹੀਆਂ ਸੰਸਥਾਵਾਂ ਮੀਡੀਆ 'ਤੇ ਨਜ਼ਰ ਰੱਖਣ ਦਾ ਕੰਮ ਕਰ ਰਹੀਆਂ ਹਨ, ਪਰ ਇਨ੍ਹਾਂ ਸੰਸਥਾਵਾਂ ਦੀ ਲਗਾਮ ਉਨ੍ਹਾਂ ਲੋਕਾਂ ਦੇ ਹੱਥਾਂ 'ਚ ਹੈ ਜੋ ਨਿੱਜੀ ਮੀਡੀਆ ਦੇ ਮਾਲਕ ਹਨ। ਭਾਰਤ ਵਿੱਚ ਬਹੁਤਾ ਮੀਡੀਆ ਨਿੱਜੀ ਹੱਥਾਂ 'ਚ ਹੈ ਅਤੇ ਇਹ ਨਿੱਜੀ ਹੱਥ ਪੈਸੇ ਦੀਆਂ ਡੋਰਾਂ ਨੂੰ ਆਪਣੇ ਵੱਲ ਖਿੱਚਣ ਲੱਗੇ ਹੋਏ ਹਨ।ਪੈਸਾ ਕਮਾਉਣਾ ਮਾੜੀ ਗੱਲ ਨਹੀਂ ਹੈ, ਪਰ ਸਮਾਜਿਕ ਜ਼ਿੰਮੇਵਾਰੀਆਂ ਨੂੰ ਮੀਡੀਆ ਵੱਲੋਂ ਛਿੱਕੇ ਟੰਗ ਕੇ ਪੈਸਾ ਕਮਾਉਣਾ ਮੀਡੀਆ ਦੀ ਨੈਤਿਕਤਾ ਦੇ ਖ਼ਿਲਾਫ਼ ਹੈ।
 
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਭਾਰਤੀ ਮੀਡੀਆ ਨੇ ਵਿਕਾਸ ਦੀਆਂ ਲੀਹਾਂ 'ਤੇ ਤੁਰਦਿਆਂ ਬੈਲ ਗੱਡੀ ਤੋਂ ਹਵਾਈ ਜਹਾਜ਼ ਵਿਚਲੇ ਖੱਪੇ ਨੂੰ ਬੜੀ ਤੇਜ਼ੀ ਨਾਲ ਪੂਰਿਆ ਹੈ।ਜਿਸ ਹਵਾਈ ਰਫ਼ਤਾਰ ਨਾਲ ਭਾਰਤੀ ਮੀਡੀਆ ਵਿਕਾਸ ਕਰ ਰਿਹਾ ਹੈ, ਉਸ ਦੇ ਮੁਕਾਬਲੇ ਇੱਥੋਂ ਦੇ ਅੱਧੋਂ ਵੱਧ ਲੋਕਾਂ ਦੀ ਮਾਨਸਿਕਤਾ ਅਜੇ ਵੀ ਬੈਲ ਗੱਡੀ 'ਤੇ ਬੈਠੀ ਹੋਈ ਹੈ।ਇੱਥੇ ਹਾਲੇ ਵੀ ਕਈ ਅਜਿਹੀਆਂ ਸਮੱਸਿਆਵਾਂ ਹਨ, ਜਿਨ੍ਹਾਂ ਦੀਆਂ ਜੜ੍ਹਾਂ ਅੰਧ-ਵਿਸ਼ਵਾਸ ਦੀ ਮਿੱਟੀ ਵਿੱਚ ਲੁੱਕੀਆਂ ਹੋਈਆਂ ਹਨ।ਅਜਿਹੇ ਹਾਲਾਤ ਵਿੱਚ ਲੋੜ ਹੈ ਕਿ ਮੀਡੀਆ ਲੋਕਾਂ ਦੀ ਮਾਨਸਿਕਤਾ ਨੂੰ ਸਮਝਦੇ ਹੋਏ ਇਨ੍ਹਾਂ ਦੇ ਮਨਾਂ ਦੀਆਂ ਪਰਤਾਂ ਤੋਂ ਅੰਧ-ਵਿਸ਼ਵਾਸ ਦੀ ਮਿੱਟੀ ਨੂੰ ਝਾੜੇ, ਨਾ ਕਿ ਵਿਗਿਆਨਕ ਸਾਧਨਾਂ ਦੀ ਮਦਦ ਨਾਲ ਵਹਿਮਾਂ-ਭਰਮਾਂ ਦਾ ਪਰਚਾਰ ਕਰਕੇ ਉਨ੍ਹਾਂ ਦੀ ਸੋਚ ਨੂੰ ਹੋਰ ਖੁੰਢਾ ਕਰੇ।

ਈ-ਮੇਲ: vikramurdu@gmail.com

Comments

navtej

vikram ji j bhart andh vishvash d daldal cho nikal jave taan USA nu v pichad dave... kash eh kadi ho sakdaa ..good keep it up

ਪ੍ਰੋ: ਐਚ ਐਸ ਡਿੰਪਲ, 

ਅੱਜ ਸਵੇਰੇ ਹੀ ਨਵਾਂ ਜ਼ਮਾਨਾ ਵਿਚ ਪੜ੍ਹ ਲਿਆ ਸੀ ਤੁਹਾਡਾ ਇਹ ਵਾਲਾ ਲੇਖ ਇੰਨ-ਬਿੰਨ ਵੀਰ ਜੀ।

Harvinder Sidhu

khaas karke,INDIA T.V. ne taan sharam hi Laah ditti ei...!!

Avtar Gill

ਬਹੁਤ ਹੀ ਜਾਣਕਾਰੀ ਅਤੇ ਸਚਾਈ ਭਰਭੂਰ ਲੇਖ ਹੈ ਜੀ ਧੰਨਵਾਦ ਬਹੁਤ ਹੀ ਜਾਣਕਾਰੀ ਅਤੇ ਸਚਾਈ ਭਰਭੂਰ ਲੇਖ ਹੈ ਜੀ ਧੰਨਵਾਦ

Rupinder Busy Till July

ਕਾਫੀ ਗੱਲਾਂ ਠੀਕ ਲੱਗੀਆਂ । ਪਰ ਵਿਗਿਆਨਿਕ ਸੋਚ ਦਾ ਧਾਰਨੀ ਕੋਈ ਜੇਕਰ ਅਜਿਹੀ ਦਲੀਲ ਦੇਵੇ ਕਿ "ਪੰਜਾਬ ਦੀ ਧਰਤੀ ਉਨ੍ਹਾਂ ਗੁਰੂਆਂ ਪੀਰਾਂ ਦੀ ਧਰਤੀ ਹੈ" ਤਾਂ ਉਸਦੀ ਵਿਚਾਰਧਾਰਾ ਸ਼ੱਕ ਦੇ ਘੇਰੇ ਚ' ਆ ਜਾਂਦੀ ਹੈ । ਪੂੰਜੀਵਾਦੀ ਮੀਡੀਏ ਦੀਆਂ ਬੀਮਾਰੀਆਂ ਤਾਂ ਕਈ ਗਿਣਾ ਦਿੱਤੀਆਂ ਪਰ ਇਸਦਾ ਹੱਲ ਕੀ ਹੈ ? <<""ਸਮਾਜਿਕ ਜ਼ਿੰਮੇਵਾਰੀਆਂ ਨੂੰ ਮੀਡੀਆ ਵੱਲੋਂ ਛਿੱਕੇ ਟੰਗ ਕੇ ਪੈਸਾ ਕਮਾਉਣਾ ਮੀਡੀਆ ਦੀ ਨੈਤਿਕਤਾ ਦੇ ਖ਼ਿਲਾਫ਼ ਹੈ।"" ........"ਅਜਿਹੇ ਹਾਲਾਤ ਵਿੱਚ ਲੋੜ ਹੈ ਕਿ ਮੀਡੀਆ ਲੋਕਾਂ ਦੀ ਮਾਨਸਿਕਤਾ ਨੂੰ ਸਮਝਦੇ ਹੋਏ ਇਨ੍ਹਾਂ ਦੇ ਮਨਾਂ ਦੀਆਂ ਪਰਤਾਂ ਤੋਂ ਅੰਧ-ਵਿਸ਼ਵਾਸ ਦੀ ਮਿੱਟੀ ਨੂੰ ਝਾੜੇ">> ਇਸ ਪੂੰਜੀਵਾਦੀ ਮੀਡੀਏ ਨੂੰ ਨੈਤਿਕਤਾ ਦੇ ਪਾਠ ਪੜ੍ਹਾਉਣ ਨਾਲ ਕੱਖ ਨੀ ਸੰਵਰਣਾ ਤੇ ਨਾ ਹੀ ਇਸ ਪੂੰਜੀਵਾਦੀ ਢਾਂਚੇ ਦੇ ਅੰਦਰ ਇਹਨਾਂ ਸਮਸਿਆਵਾਂ ਦਾ ਹੱਲ ਸੰਭਵ ਹੈ । ਲੋੜ ਹੈ ਇਸ ਪੂੰਜੀਵਾਦੀ ਮੀਡੀਆ ਨੂੰ ਬੇਨਕਾਬ ਕਰਣ ਦੇ ਨਾਂਲ ਵਿਕੱਲਪਿਕ ਮੀਡੀਆ ਦੀ । ਇਸ ਮਾਮਲੇ ਚ' ਜਨਚੇਤਨਾ ਦਾ ਕੰਮ ਬੇਹੱਦ ਸ਼ਲਾਘਾਯੋਗ ਹੈ । ਜੋ ਕਿ ਪ੍ਰਗਤੀਸ਼ੀਲ ਸਾਹਿਤ ਦੀ ਪ੍ਰਖਿਆਤ ਸੰਸਥਾ ਹੈ ।

sukhi

media nal andhvishvash nu bada changi tara byan kita e ji...

Bakhshinder

'ਜੰਗ-ਏ-ਮੈਦਾਨ' ਤੇ 'ਮੈਦਾਨ-ਏ- ਜੰਗ' ਵਿਚ ਕੋਈ ਫ਼ਰਕ ਹੈ? ਜੇ ਹੈ ਤਾਂ ਕੀ ਹੈ? ਮੇਰਾ ਸੁਆਲ ਲੇਖਕ ਨੂੰ ਵੀ ਹੈ ਤੇ ਸੰਪਾਦਕ ਨੂੰ ਵੀ ਹੈ।

Gagan Sran

ਡਾਕਟਰ ਲੱਖਾਂ ਰੁਪਏ ਲੈ ਕੇ ਵੀ ਇਲਾਜ ਨਹੀ ਕਰ ਪਾਉਦੇ ਤੇ ਫਿਰ ਕਹਿੰਦੇ ਨੇ ਸਾਡੀ ਤਾਂ ਸਿਰਫ ਕੋਸ਼ਿਸ਼ ਆ ਅਸੀ ਕਿਹੜਾ ਰੱਬ ਆਂ ਪਰ ਅਸਲੀ ਬਾਬੇ ਸਿਰਫ ਪੰਜ ਦਸ ਰੁਪਏ ਦਾ ਮੱਥਾ ਟਿਕਾਉਦੇ ਨੇ ਤੇ ਇਲਾਜ ਕਰ ਕੇ ਛੱਡਦੇ ਨੇ|ਫਿਰ ਇਹ ਦੱਸੋ ਕਿ ਅਸਲੀ ਠੱਗ ਕੌਣ ਆ? ਜਿਸਦੇ ਸਿਰ ਚ ਪਵੇ ਉਹ ਮੰਨ ਜਾਂਦਾਂ ਤੇ ਬਾਕੀ ਮੂਰਖਾਂ ਲਈ ਅੰਧਵਿਸ਼ਵਾਸ਼ ਰਹਿ ਜਾਂਦਾ ਆ|

owedehons

online casino http://onlinecasinouse.com/# play casino <a href="http://onlinecasinouse.com/# ">online casino games </a> online casinos

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ