Tue, 16 April 2024
Your Visitor Number :-   6976356
SuhisaverSuhisaver Suhisaver

ਭਾਰਤ ਦਾ ਜਮਹੂਰੀ ਅਕਸ ਖ਼ਤਰੇ ’ਚ -ਕੁਲਦੀਪ ਨਈਅਰ

Posted on:- 24-12-2014

suhisaver

ਪਾਕਿਸਤਾਨੀ ਸ਼ਹਿਰ ਪਿਸ਼ਾਵਰ ‘ਚ ਸਕੂਲੀ ਬੱਚਿਆਂ ਦੇ ਵਹਿਸ਼ੀਆਨਾ ਕਤਲਾਂ ਦਾ ਦਰਦ ਭਾਰਤ ‘ਚ ਵੀ ਮਹਿਸੂਸ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਭਾਰਤੀ ਸਕੂਲੀ ਬੱਚਿਆਂ ਨੂੰ ਕਿਹਾ ਕਿ ਉਹ ਉਨ੍ਹਾਂ ਵਿੱਛੜੇ ਪਾਕਿਸਤਾਨੀ ਬੱਚਿਆਂ ਲਈ ਦੋ ਮਿੰਟ ਦਾ ਮੌਨ ਰੱਖਣ। ਉਨ੍ਹਾਂ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਬੇਝਿਜਕ ਹਰ ਪ੍ਰਕਾਰ ਦੀ ਸਹਾਇਤਾ ਦੀ ਪੇਸ਼ਕਸ਼ ਵੀ ਕੀਤੀ।  ਅਜਿਹੀਆਂ ਪੇਸ਼ਕਸ਼ਾਂ ਕਦੇ ਕਿਸੇ ਸਰਹੱਦਾਂ ਦੀ ਪਰਵਾਹ ਨਹੀਂ ਕਰਦੀਆਂ। ਮੇਰੀ ਇੱਛਾ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਅਜਿਹਾ ਹੀ ਮਾਹੌਲ਼ ਕਾਇਮ ਰਹਿ ਸਕੇ।

ਮੰਦੇਭਾਗੀਂ, ਭਾਰਤ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਹੈ ਕਿ ਉਨ੍ਹਾਂ ਦੇ ਨੌਜਵਾਨ ਇੱਕ-ਦੂਜੇ ਪ੍ਰਤੀ ਆਪਣੇ ਮਨਾਂ ਵਿੱਚ ਦੁਸ਼ਮਣੀਆਂ ਪਾਲਣ ਲੱਗ ਪਏ ਹਨ ਪਰ ਇਸ ਉਪ-ਮਹਾਂਦੀਪ ਤੋਂ ਬਾਹਰ ਬਾਕੀ ਦੇ ਸਾਰੇ ਦੇਸ਼ਾਂ ਵਿੱਚ ਉਹ, ਜਿਨ੍ਹਾਂ ਵਿੱਚ ਬੰਗਲਾਦੇਸ਼ ਦੇ ਨੌਜਵਾਨ ਵੀ ਸ਼ਾਮਲ ਹਨ, ਇੱਕ-ਦੂਜੇ ਦੇ ਪੱਕੇ ਦੋਸਤਾਂ ਵਾਂਗ ਵਿਚਰਦੇ ਹਨ।  ਪਰ ਆਪੋ-ਆਪਣੇ ਦੇਸ਼ਾਂ ਵਿੱਚ, ਉਹ ਸਦਾ ਇੱਕ-ਦੂਜੇ ਨੂੰ ਠਿੱਬੀ ਲਾਉਣ ਦੀਆਂ ਯੋਜਨਾਵਾਂ ਉਲੀਕਦੇ ਰਹਿੰਦੇ ਹਨ ਤਾਂ ਕਿ ਦੁਸ਼ਮਣੀ ਹੋਰ ਪੱਕੀ ਬਣੀ ਰਹੇ।

ਪਾਕਿਸਤਾਨੀ ਅਕਸਰ ਇਹ ਗੱਲ ਆਖਦੇ ਹਨ ਕਿ ਇੱਕ ਵਾਰ ਕਸ਼ਮੀਰ ਮਸਲਾ ਹੱਲ ਹੋ ਜਾਵੇ, ਫਿਰ ਦੋਵੇਂ ਦੇਸ਼ ਦੋਸਤ ਬਣ ਕੇ ਹੀ ਰਹਿਣਗੇ। ਇਸ ਮਾਮਲੇ ‘ਚ ਮੇਰੇ ਕੁਝ ਸ਼ੰਕੇ ਹਨ। ਮੇਰੇ ਖ਼ਿਆਲ ਮੁਤਾਬਕ ਕਸ਼ਮੀਰ ਕੋਈ ਰੋਗ ਨਹੀਂ, ਸਿਰਫ਼ ਇੱਕ ਲੱਛਣ ਹੈ। ਅਸਲ ਬੀਮਾਰੀ ਹੈ- ਇੱਕ ਦੂਜੇ ਪ੍ਰਤੀ ਬੇਭਰੋਸਗੀ।  ਜੇ ਕਿਸੇ ਚਮਤਕਾਰ ਨਾਲ ਕਸ਼ਮੀਰ ਮਸਲਾ ਹੱਲ ਹੋ ਵੀ ਜਾਵੇ ਤਾਂ ਇਸ ਬੇਭਰੋਸਗੀ ਤੇ ਸ਼ੱਕ ਕਾਰਨ ਜ਼ਰੂਰ ਹੀ ਕੋਈ ਹੋਰ ਸਮੱਸਿਆ ਖੜ੍ਹੀ ਹੋ ਜਾਵੇਗੀ।

ਭਾਰਤੀ ਅਤੇ ਪਾਕਿਸਤਾਨੀ ਭਾਵੇਂ ਕਿਤੇ ਵੀ ਜਾਣ, ਉਹ ਆਪਸੀ ਦੁਸ਼ਮਣੀ ਨੂੰ ਜ਼ਰੂਰ ਨਾਲ ਲੈ ਕੇ ਚਲਦੇ ਹਨ। ਦੁੱਖ ਦੀ ਗੱਲ ਇਹ ਹੈ ਕਿ ਸੱਭਿਆਚਾਰਕ ਸਮਾਰੋਹਾਂ ਦੌਰਾਨ ਵੀ ਅਜਿਹੀ ਮਾਨਸਿਕਤਾ ਵੇਖਣ ਨੂੰ ਮਿਲਦੀ ਹੈ।  ਉਦਾਰ ਸਮਝੇ ਜਾਂਦੇ ਦਿੱਲੀ ਪ੍ਰੈਸ ਕਲੱਬ ਵਿੱਚ ਪਾਕਿਸਤਾਨ ਦੇ ਕੱਵਾਲ ਗਾ ਨਾ ਸਕੇ। ਦੂਜੇ ਪਾਸੇ ਭਾਰਤ ਨੂੰ ਹਾਕੀ ਮੈਚ ਵਿੱਚ ਹਰਾਉਣ ਤੋਂ ਬਾਅਦ ਪਾਕਿਸਤਾਨੀ ਖਿਡਾਰੀਆਂ ਨੇ ਅਸ਼ਲੀਲ ਇਸ਼ਾਰਿਆਂ ਨਾਲ ਭਾਰਤ ਦਾ ਮਖ਼ੌਲ ਉਡਾਇਆ।

ਭਾਰਤ ਆਏ ਪਾਕਿਸਤਾਨੀ ਸੰਸਦ ਮੈਂਬਰ ਲੋਕ ਸਭਾ ਦੇ ਸਪੀਕਰ ਸੁਮਿੱਤਰਾ ਮਹਾਜਨ ਨੂੰ ਨਹੀਂ ਮਿਲੇ, ਭਾਵੇਂ ਜਿਸ ਭਾਰਤੀ ਐੱਮ. ਪੀ. ਨੇ ਸਪੀਕਰ ਨਾਲ ਇਸ ਮੀਟਿੰਗ ਦਾ ਬੰਦੋਬਸਤ ਕਰਵਾਇਆ ਸੀ, ਉਸ ਨੇ ਇਹ ਚੈੱਕ ਹੀ ਨਾ ਕੀਤਾ ਕਿ ਸਪੀਕਰ ਕੋਲ ਉਦੋਂ ਸਮਾਂ ਹੈ ਵੀ ਸੀ ਜਾਂ ਨਹੀਂ। ਭਾਰਤੀ ਸੰਸਦ ਮੈਂਬਰਾਂ ਨੂੰ ਕਿਸੇ ਹੋਰ ਤਰੀਕੇ ਕੋਈ ਸੋਧਾਂ ਕਰਨੀਆਂ ਚਾਹੀਦੀਆਂ ਸਨ ਪਰ ਅਜਿਹਾ ਕੋਈ ਉੱਦਮ ਮਹਿਜ਼ ਮੂੰਹ-ਮੁਲਾਹਜ਼ੇ ਲਈ ਵੀ ਨਹੀਂ ਕੀਤਾ ਗਿਆ। ਅਜਿਹੀਆਂ ਘਟਨਾਵਾਂ ਤੋਂ ਤਾਂ ਇਹੋ ਸੰਕੇਤ ਮਿਲਦਾ ਹੈ ਕਿ ਦੇਸ਼ ਦੀ ਵੰਡ ਦੇ 70 ਵਰ੍ਹਿਆਂ ਬਾਅਦ ਵੀ ਹਾਲੇ ਤਕ ਦੋਵੇਂ ਦੇਸ਼ ਆਮ ਸ਼ਿਸ਼ਟਾਚਾਰ ਵੀ ਕਾਇਮ ਨਹੀਂ ਕਰ ਸਕੇ, ਦੋਸਤੀ ਤਾਂ ਬਹੁਤ ਦੂਰ ਦੀ ਗੱਲ ਹੈ। ਹੁਣ ਜਿਸ ਤਰੀਕੇ ਦੁਸ਼ਮਣੀ ਵਿਖਾਉਣ ਲਈ ਹਿੰਦੂ ਪਛਾਣ ਜ਼ਾਹਰ ਕੀਤੀ ਜਾ ਰਹੀ ਹੈ, ਇਸ ਮਾਮਲੇ ਵਿੱਚ ਵੀ ਭਵਿੱਖ ਕੋਈ ਬਹੁਤਾ ਰੋਸ਼ਨ ਨਹੀਂ ਜਾਪਦਾ।

ਕੱਲ੍ਹ ਹਿੰਦੂ ਧਰਮ-ਗ੍ਰੰਥਾਂ ਦੀ ਭਾਸ਼ਾ ਸੰਸਕ੍ਰਿਤ ਸੀ ਤੇ ਅੱਜ ਧਰਮ-ਪਰਿਵਰਤਨ ਹੈ। ਕੁਝ ਮੁਸਲਮਾਨਾਂ ਦਾ ਧਰਮ-ਪਰਿਵਰਤਨ ਕਰਵਾਏ ਜਾਣ ਨਾਲ ਸਮੁੱਚੇ ਵਿਸ਼ਵ, ਖ਼ਾਸ ਕਰਕੇ ਪਾਕਿਸਤਾਨ ਦੀਆਂ ਨਜ਼ਰਾਂ ਵਿੱਚ ਭਾਰਤ ਦਾ ਦਰਜਾ ਨੀਵਾਂ ਹੀ ਹੋਇਆ ਹੈ।  ਜਦੋਂ ਧਰਮ ਪਰਿਵਰਤਨ ਕਰਨ ਵਾਲੇ ਇਹ ਆਖਦੇ ਹਨ ਕਿ ਉਨ੍ਹਾਂ ਨਾਲ ਜ਼ਬਰਦਸਤੀ ਕੀਤੀ ਗਈ ਸੀ ਤੇ ਉਨ੍ਹਾਂ ਨੂੰ ਰਾਸ਼ਨ ਕਾਰਡ ਜਾਂ ‘ਗ਼ਰੀਬੀ ਰੇਖਾ ਤੋਂ ਹੇਠਾਂ ਦੇ ਲੋਕਾਂ ਨੂੰ ਮਿਲਣ ਵਾਲਾ ਕਾਰਡ’ ਦੇਣ ਦੇ ਵਾਅਦੇ ਕੀਤੇ ਗਏ ਸਨ, ਜਿਨ੍ਹਾਂ ਦੀ ਮਦਦ ਨਾਲ ਉਹ ਆਪਣੇ ਪਰਿਵਾਰ ਲਈ ਅਨਾਜ ਤੇ ਲੋੜੀਂਦੀਆਂ ਹੋਰ ਵਸਤਾਂ ਸਸਤੇ ਭਾਅ ਖ਼ਰੀਦਣ ਦੇ ਯੋਗ ਹੋ ਸਕਦੇ ਹਨ, ਇਸ ਤੋਂ ਵੱਧ ਹਨੇਰਗਰਦੀ ਹੋਰ ਕੀ ਹੋ ਸਕਦੀ ਹੈ।

ਪਾਕਿਸਤਾਨ ‘ਚ ਮੂਲਵਾਦ ਆਪਣੇ ਪੈਰ ਪਸਾਰ ਰਿਹਾ ਹੈ, ਇਸ ਤੋਂ ਮੈਨੂੰ ਕੋਈ ਬਹੁਤੀ ਹੈਰਾਨੀ ਨਹੀਂ ਹੁੰਦੀ। ਉਹ ਅਜਿਹਾ ਦੇਸ਼ ਹੈ, ਜਿੱਥੋਂ ਦੇ ਕਾਫ਼ਰ ਕਾਨੂੰਨ ਤਾਂ ਪੰਜਾਬ ਦੇ ਇੱਕ ਉਦਾਰਵਾਦੀ ਗਵਰਨਰ ਦਾ ਕਤਲ ਵੀ ਕਰਵਾ ਸਕਦੇ ਹਨ ਅਤੇ ਕਾਤਲਾਂ ਵਿਰੁੱਧ ਕੋਈ ਕਾਰਵਾਈ ਤਕ ਨਹੀਂ ਕੀਤੀ ਜਾਂਦੀ।  ਇਹ ਮੰਦਭਾਗੀ ਗੱਲ ਹੈ ਪਰ ਜਦੋਂ ਭੈੜੇ ਨਤੀਜਿਆਂ ਦੇ ਡਰ ਤੋਂ ਉਦਾਰਵਾਦੀ ਆਵਾਜ਼ਾਂ ਨੇ ਦੜ ਵੱਟੀ ਹੋਈ ਹੈ, ਤਦ ਅਜਿਹੀ ਹਾਲਤ ‘ਚ ਤਾਂ ਕੱਟੜ ਕਿਸਮ ਦੇ ਲੋਕਾਂ ਦੀ ਗਿਣਤੀ ਵਧਣੀ ਵੀ ਸੁਭਾਵਿਕ ਹੈ ਤੇ ਉਨ੍ਹਾਂ ਦੀਆਂ ਬਦਤਮੀਜ਼ੀਆਂ ਵੀ।

ਚਿੰਤਾ ਦਾ ਅਸਲ ਨੁਕਤਾ ਉਹੀ ਹੈ, ਜੋ ਕੁਝ ਹੁਣ ਭਾਰਤ ‘ਚ ਵਾਪਰ ਰਿਹਾ ਹੈ।  ਇਹ ਦੇਸ਼ ਜਮਹੂਰੀ ਹੈ ਤੇ ਇੱਥੋਂ ਦੀ ਸਰਕਾਰ ਧਰਮ-ਨਿਰਪੇਖ ਹੈ। ਇਸੇ ਕਰਕੇ ਇਸ ਦੀ ਸਮੁੱਚੇ ਵਿਸ਼ਵ ਵਿੱਚ ਕਦਰ ਵੀ ਹੈ। ਇਸ ਨੂੰ ਬਦਕਿਸਮਤੀ ਹੀ ਆਖਿਆ ਜਾਵੇਗਾ ਕਿ ਰਾਜਧਾਨੀ ਨਵੀਂ ਦਿੱਲੀ ਹੁਣ ਤੇਜ਼ੀ ਨਾਲ ਹਿੰਦੂਤਵ ਦਾ ਗੜ੍ਹ ਬਣਦੀ ਜਾ ਰਹੀ ਹੈ, ਜਿਸ ਕਰਕੇ ਵਿਸ਼ਵ ਨੂੰ ਨਿਰਾਸ਼ਾ ਹੋ ਰਹੀ ਹੈ ਅਤੇ ਘੱਟ ਗਿਣਤੀਆਂ ‘ਚ ਦਹਿਸ਼ਤ ਫੈਲਦੀ ਜਾ ਰਹੀ ਹੈ। ਰਾਸ਼ਟਰੀ ਸਵੈਮਸੇਵਕ ਸੰਘ (ਆਰ ਐੱਸ ਅੱੈਸ) ਮੁਖੀ ਮੋਹਨ ਭਾਗਵਤ ਨੇ ਬਿਨਾਂ ਕਿਸੇ ਗੰਭੀਰ ਚੁਣੌਤੀ ਦੇ ਹੀ ਦੁਖੀ ਲਹਿਜ਼ੇ ਵਿੱਚ ਆਖਿਆ ਹੈ ਕਿ ਭਾਰਤ ‘ਚ 800 ਸਾਲਾਂ ਬਾਅਦ ਹਿੰਦੂ ਰਾਜ ਪਰਤਿਆ ਹੈ। ਅਜਿਹੀ ਬਿਆਨਬਾਜ਼ੀ ਸਾਡੇ ਧਰਮ-ਨਿਰਪੇਖ ਪ੍ਰਮਾਣ ਪ੍ਰਤੀ ਕਈ ਤਰ੍ਹਾਂ ਦੇ ਕਿੰਤੂ ਪੈਦਾ ਕਰਦੀ ਹੈ। ਮੈਨੂੰ ਇਸ ਗੱਲ ‘ਤੇ ਕੋਈ ਹੈਰਾਨੀ ਨਹੀਂ ਹੋਈ ਕਿ ਭਾਰਤੀ ਜਨਤਾ ਪਾਰਟੀ ਨੇ ਇਕੱਲੇ ਦਿੱਲੀ ਸ਼ਹਿਰ ਵਿੱਚ ਹੀ ਚਾਰ ਲੱਖ ਨਵੇਂ ਮੈਂਬਰ ਭਰਤੀ ਕਰ ਲਏ ਹਨ। ਅਜਿਹੇ ਜਵਾਰਭਾਟੇ ਨੂੰ ਕਾਂਗਰਸ ਠੱਲ੍ਹ ਪਾ ਸਕਦੀ ਹੈ ਪਰ ਉਹ ਇਸ ਵੇਲੇ ਖ਼ਾਨਦਾਨੀ ਸਿਆਸਤ ਵਿੱਚ  ਉਲਝ ਕੇ ਰਹਿ ਗਈ ਹੈ। ਪਿਛਲੇ ਕੁਝ ਸਮੇਂ ਦੌਰਾਨ, ਪਾਰਟੀ ਦੀ ਸਮਾਨਤਾਵਾਦ ਅਤੇ ਅਨੇਕਵਾਦ ਦੀ ਵਿਚਾਰਧਾਰਾ ਉੱਤੇ ਚਰਚਾ ਹੁੰਦੀ ਰਹੀ ਹੈ ਕਿ ਕੀ ਜਵਾਹਰ ਲਾਲ ਨਹਿਰੂ ਨੇ ਪਹਿਲਾਂ ਇੰਦਰਾ ਗਾਂਧੀ ਨੂੰ ਤਿਆਰ ਕੀਤਾ ਤੇ ਫਿਰ ਬਦਲੇ ‘ਚ ਉਨ੍ਹਾਂ ਅੱਗੇ ਰਾਜੀਵ ਗਾਂਧੀ ਨੂੰ ਸਿਆਸਤ ‘ਚ ਲਿਆਂਦਾ। ਪਰ ਅੱਜ ਕਾਂਗਰਸ  ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਵੀ ਕੇਂਦਰ ‘ਚ ਨਹੀਂ ਸਗੋਂ ਥੋੜ੍ਹੇ ਸੱਜੇ ਹੁੰਦੇ ਦਿਸਦੇ ਹਨ।

ਭਾਰਤ ਦੀ ਸਿਆਸਤ ਆਮ ਤੌਰ ਉੱਤੇ ਸ਼ਖ਼ਸੀਅਤਾਂ ਨਾਲ ਜੁੜਦੀ ਰਹਿੰਦੀ ਹੈ। ਅੱਜ ਨਰਿੰਦਰ ਮੋਦੀ ਦਾ ਸਮਾਂ ਹੈ ਪਰ ਉਸ ਲਈ ਨਹੀਂ, ਜਿਸ ਲਈ ਉਹ ਡਟਦੇ ਹਨ। ਵਿਕਾਸ ਦਾ ਰਾਹ ਕਿਤੇ ਵਿਖਾਈ ਨਹੀਂ ਦਿੰਦਾ। ਭਾਰਤ ਨੂੰ ਤਾਂ ਸਮੁੱਚਾ ਖੇਤਰ ਵਿਕਸਿਤ ਕਰਨ ਦੀ ਪਹਿਲਕਦਮੀ ਕਰਨੀ ਚਾਹੀਦੀ ਹੈ ਪਰ ਜਦੋਂ ਵਿਚਾਰਧਾਰਾ ਦਾ ਆਧਾਰ ਤੰਗ ਨਜ਼ਰੀਆ ਬਣਨ ਲੱਗਦਾ ਹੈ, ਉਦੋਂ ਨਾ ਤਾਂ ਕਿਤੇ ਵਿਕਾਸ ਵਿਖਾਈ ਦਿੰਦਾ ਹੈ ਅਤੇ ਨਾ ਹੀ ਸਮਾਨਤਾਵਾਦ। ਆਮ ਆਦਮੀ ਆਪਣੇ ਆਪ ਨੂੰ ਅਲੱਗ-ਥਲੱਗ ਹੋਇਆ ਅਤੇ ਹਾਸ਼ੀਏ ‘ਤੇ ਮਹਿਸੂਸ ਕਰਦਾ ਹੈ, ਜਿਵੇਂ ਕਿ ਉਹ ਆਜ਼ਾਦੀ ਮਿਲਣ ਦੇ ਬਾਅਦ ਤੋਂ ਚੱਲਿਆ ਆ ਰਿਹਾ ਹੈ।

ਕੇਂਦਰ ‘ਚ ਸੱਤਾਧਾਰੀ ਪਾਰਟੀ ਬਦਲੀ ਹੋ ਸਕਦੀ ਹੈ ਪਰ ਸਿਆਸੀ ਸੱਭਿਆਚਾਰ ਤਾਂ ਉਹੀ ਹੈ। ਸਾਡੀ ਬਾਹਰੀ ਦਿੱਖ ਤਾਂ ਹਾਲੇ ਵੀ ਜਗੀਰੂ ਹੀ ਹੈ।  ਜਮਹੂਰੀ ਸੁਭਾਅ ਨਾਲ ਇਹ ਗੱਲ ਮੇਲ ਨਹੀਂ ਖਾਂਦੀ। ਪਿਛਲੇ ਕੁਝ ਸਮੇਂ ਦੌਰਾਨ ਇਸ ਮਾਮਲੇ ‘ਚ ਕੋਈ ਵੀ ਤਬਦੀਲੀ ਵੇਖਣ ਨੂੰ ਨਹੀਂ ਮਿਲੀ। ਜਿਹੜੇ ਸੱਤਾ ‘ਚ ਆ ਜਾਂਦੇ ਹਨ, ਉਹ ਤਾਨਾਸ਼ਾਹ ਬਣ ਜਾਂਦੇ ਹਨ। ਉਹ ਭਾਵੇਂ ਦਿਖਾਵੇ ਲਈ ਸਦਾ ਇਹੋ ਆਖਦੇ ਹਨ ਕਿ ਅਸਲ ਰਾਜ ਤਾਂ ਆਮ ਲੋਕਾਂ ਦਾ ਹੈ ਪਰ ਵਿਹਾਰਕ ਤੌਰ ‘ਤੇ ਉਹ ਅਜਿਹੇ ਨਹੀਂ ਹੁੰਦੇ ਕਿਉਂਕਿ ਉਨ੍ਹਾਂ ‘ਚੋਂ ਬਹੁਤ ਘੱਟ ਲੋਕ ਸਹੀ ਅਰਥਾਂ ‘ਚ ਦੇਸ਼ ਦੀ ਸੇਵਾ ਕਰਦੇ ਹਨ।

ਸ੍ਰੀ ਨਰਿੰਦਰ ਮੋਦੀ ਨਹਿਰੂ ਦੇ ਗੁੱਟ-ਨਿਰਲੇਪਤਾ ਦੇ ਵਿਚਾਰ ਨੂੰ ਕਿਤੇ ਡੂੰਘਾ ਦੱਬ ਚੁੱਕੇ ਹਨ। ਸੱਚ ਵੀ ਹੈ ਕਿਉਂਕਿ ਇਹ ਲਹਿਰ ਹੁਣ ਆਪਣਾ ਵਜੂਦ ਗੁਆ ਚੁੱਕੀ ਹੈ। ਕਮਿਊਨਿਸਟਾਂ ਅਤੇ ਜਮਹੂਰੀ ਬਲਾੱਕ ਵਿਚਾਲੇ ਸਥਿਤੀ ਟਕਰਾਅਪੂਰਨ ਬਣੀ ਹੋÂਂੀ ਹੈ। ਸਾਲ 1990 ‘ਚ ਸੋਵੀਅਤ ਯੂਨੀਅਨ ਦੇ ਢਹਿ-ਢੇਰੀ ਹੋਣ ਤੋਂ ਬਾਅਦ, ਕਮਿਊਨਿਸਟ ਠੰਢੀ ਜੰਗ ਹਾਰ ਗਏ ਸਨ। ਇਸ ਦੇ ਬਾਵਜੂਦ ਉਹ ਲਹਿਰ ਹਾਲੇ ਵੀ ਉਸ ਇੱਕ ਵਿਚਾਰ ਦੀ ਨੁਮਾਇੰਦਗੀ ਕਰਦੀ ਹੈ ਕਿ ਛੋਟੇ ਦੇਸ਼ਾਂ ਨੂੰ ਵੱਡੇ ਦੇਸ਼ਾਂ ਦੇ ਆਕਾਰ ਜਾਂ ਉਨ੍ਹਾਂ ਦੀ ਤਾਕਤ ਤੋਂ ਡਰਨਾ ਨਹੀਂ ਚਾਹੀਦਾ।  ਮੋਦੀ ਪੂੰਜੀਵਾਦੀ ਵਿਸ਼ਵ ਦੇ ਇੱਕ ਉਤਪਾਦ ਹਨ। ਉਨ੍ਹਾਂ ‘ਚ ਨਾ ਤਾਂ ਨਹਿਰੂ ਯੁੱਗ ਦੇ ਸਮਾਜਵਾਦ ਦੀ ਖਿੱਚ ਹੈ ਤੇ ਨਾ ਹੀ ਮਹਾਤਮਾ ਗਾਂਧੀ ਦੀ ਸਵੈ-ਨਿਰਭਰਤਾ ਦੀ। ਮੋਦੀ ਦੇਸ਼ ਦਾ ਵਿਕਾਸ ਚਾਹੁੰਦੇ ਹਨ, ਉਸ ਲਈ ਭਾਵੇਂ ਕੋਈ ਵੀ ਸਾਧਨ ਅਪਨਾਉਣੇ ਪੈਣ ਤੇ ਅਰਥ ਵਿਵਸਥਾ ਨੂੰ ਕੁਝ ਅਣਕਿਆਸੇ ਰਾਹਾਂ ‘ਤੇ ਵੀ ਕਿਉਂ ਨਾ ਲਿਜਾਣਾ ਪਵੇ।

ਇਹ ਲੇਖ ਖ਼ਤਮ ਕਰਨ ਤੋਂ ਪਹਿਲਾਂ, ਮੈਂ ਉਹ ਗੱਲ ਜ਼ਰੂਰ ਦੱਸਾਂਗਾ, ਜਿਸ ਨੇ ਮੈਨੂੰ ਨਿਰਾਸ਼ ਕੀਤਾ ਹੈ। ਮੇਰਾ ਭਾਵ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਪੁਸਤਕ ਤੋਂ ਹੈ। ਐਮਰਜੈਂਸੀ ਦੇ ਸਮਿਆਂ ਬਾਰੇ ਉਨ੍ਹਾਂ ਵੱਲੋਂ ਇੱਕ ਕਿਤਾਬ ਜਾਰੀ ਕੀਤੀ ਜਾਣੀ ਕੋਈ ਬਹੁਤੀ ਸਿਆਣਪ ਵਾਲੀ ਗੱਲ ਨਹੀਂ ਹੈ। ਉਹ ਇਸ ਤੱਥ ਤੋਂ ਭਲੀਭਾਂਤ ਵਾਕਫ਼ ਹਨ ਕਿ ਜਿਸ ਅਹੁਦੇ ‘ਤੇ ਉਹ ਹਨ, ਉਸ ਦੀ ਕੋਈ ਸਿਆਸੀ ਆਲੋਚਨਾ ਨਹੀਂ ਹੋਣੀ ਚਾਹੀਦੀ। ਫਿਰ ਵੀ, ਰਾਸ਼ਟਰਪਤੀ ਨੇ ਆਪਣੀ ਪੁਜ਼ੀਸ਼ਨ ਦਾ ਲਾਹਾ ਲਿਆ ਤੇ ਐਮਰਜੈਂਸੀ ਦੌਰਾਨ ਉਨ੍ਹਾਂ ਜੋ ਕੁਝ ਵੀ ਕੀਤਾ, ਉਨ੍ਹਾਂ ਨੇ ਉਸ ਨੂੰ ਦਰੁਸਤ ਠਹਿਰਾਉਣ ਲਈ ਇਹ ਕਿਤਾਬ ਲਿਖੀ ਹੈ।

ਰਾਸ਼ਟਰਪਤੀ ਸ੍ਰੀ ਮੁਖਰਜੀ ਉਦੋਂ ਤਾਨਾਸ਼ਾਹੀ ਹਕੂਮਤ ਦਾ ਅਟੁੱਟ ਅੰਗ ਸਨ। ਉਦੋਂ ਉਹ ਉਸ ਸੰਜੇ ਗਾਂਧੀ ਦਾ ਸੱਜਾ ਹੱਥ ਸਨ, ਜਿਹੜਾ ਸੰਵਿਧਾਨ ਤੋਂ ਵੀ ਵੱਧ ਤਾਕਤ ਵਾਲਾ ਵਿਅਕਤੀ ਸੀ ਅਤੇ ਜਿਸ ਨੇ ਦੇਸ਼ ਨੂੰ ਲਗਪਗ ਤਾਨਾਸ਼ਾਹੀ ਨਾਲ ਹੀ ਚਲਾਉਣਾ ਚਾਹਿਆ ਸੀ।  ਸ੍ਰੀ ਮੁਖਰਜੀ ਨੂੰ ਇਸ ਵੇਲੇ ਉਦਾਰਵਾਦੀ ਸਮਝਿਆ ਜਾਂਦਾ ਹੈ ਪਰ ਇਸ ਮੁੱਦੇ ‘ਤੇ ਉਨ੍ਹਾਂ ਤੋਂ ਸਦਾ ਸਵਾਲ ਜ਼ਰੂਰ ਪੁੱਛੇ ਜਾਣਗੇ, ਹੁਣ ਭਾਵੇਂ ਉਨ੍ਹਾਂ ਨੂੰ ਜਿੰਨਾ ਮਰਜ਼ੀ ਅਫ਼ਸੋਸ ਹੋ ਰਿਹਾ ਹੋਵੇ।

Comments

Avtar Singh

good job sir

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ