Wed, 24 April 2024
Your Visitor Number :-   6996294
SuhisaverSuhisaver Suhisaver

ਸ਼ਹੀਦ ਭਗਤ ਸਿੰਘ ਇੱਕ ਚਿੰਤਨਸ਼ੀਲ ਵਿਚਾਰਵਾਨ - ਮਨਦੀਪ

Posted on:- 23-03-2016

suhisaver

ਭਗਤ ਸਿੰਘ ਨੇ ਲਗਭਗ ਦੋ ਸਾਲ ਜੇਲ੍ਹ ‘ਚ ਬਿਤਾਏ। 1927 ‘ਚ ਹੋਈ ਪਹਿਲੀ ਗ੍ਰਿਫਤਾਰੀ ਸਮੇਂ ਉਹ 20 ਵਰ੍ਹਿਆਂ ਦਾ ਮੁੱਛਫੁੱਟ ਗਭਰੂ ਸੀ। ਜੇਲ੍ਹਵਾਸ ਤੋਂ ਪਹਿਲਾਂ ਉਹ ਕੁਝ ਰੁਮਾਂਚਿਕ ਇਨਕਲਾਬੀ ਕਾਰਵਾਈਆਂ ‘ਚ ਸ਼ਾਮਲ ਰਹੇ। ਇਨ੍ਹਾਂ ਇਨਕਲਾਬੀ ਕਾਰਵਾਈਆਂ ਦਾ ਆਪਣਾ ਮਹੱਤਵ ਹੋਣ ਦੇ ਬਾਵਜੂਦ ਉਸ ਸਮੇਂ ਤੱਕ ਭਗਤ ਸਿੰਘ ਦੀ ਸ਼ਖ਼ਸੀਅਤ ਇਕ ਪ੍ਰਪੱਕ ਕਮਿਊਨਿਸਟ ਇਨਕਲਾਬੀ ਦੇ ਤੌਰ ਤੇ ਨਹੀਂ ਸੀ ਉੱਭਰੀ। ਪਰੰਤੂ ਜੇਲ੍ਹਵਾਸ ਦੌਰਾਨ ਕੀਤੇ ਡੂੰਘੇ ਚਿੰਤਨ-ਮਨਨ ਨੇ ਉਨ੍ਹਾਂ ਨੂੰ ਲਹਿਰ ਦੇ ਬਾਕੀ ਇਨਕਲਾਬੀ ਨੌਜਵਾਨਾਂ ‘ਚੋਂ ਸਿਰਕੱਢ ਵਿਚਾਰਵਾਨ ਬਣਾ ਦਿੱਤਾ। ਗੁਪਤਵਾਸ, ਗ੍ਰਿਫਤਾਰੀਆਂ ਤੇ ਜੇਲ੍ਹ ਜੀਵਨ ਦੀਆਂ ਮੁਸ਼ਕਲਾਂ ਤੇ ਸੀਮਿਤ ਪੜ੍ਹਨ-ਲਿਖਣ ਦੇ ਵਸੀਲਿਆਂ ਦੇ ਬਾਵਜੂਦ ਭਗਤ ਸਿੰਘ ਆਪਣੀ ਤਿੱਖੀ ਸੂਝ-ਬੂਝ ਕਾਰਨ ਕੌਮੀ ਤੇ ਕੌਮਾਂਤਰੀ ਲਹਿਰਾਂ ਦੇ ਅਹਿਮ ਵਰਤਾਰਿਆਂ ਨੂੰ ਪਕੜਨ, ਸਮਝਣ, ਵਿਚਾਰਧਾਰਕ ਸਪੱਸ਼ਟਤਾ ਰੱਖਣ ਅਤੇ ਸਹੀ ਨਿਰਣੇ ’ਤੇ ਪਹੁੰਚਣ ਦੀ ਮਿਸਾਲੀ ਸਮਰੱਥਾ ਤੇ ਮੁਹਾਰਤਾ ਰੱਖਦੇ ਸਨ।

ਭਗਤ ਸਿੰਘ ਉਪਰ ਅੱਠ-ਨੌਂ ਸਾਲ ਦੀ ਉਮਰ ‘ਚ ਹੀ ਗ਼ਦਰ ਲਹਿਰ ਦਾ ਪ੍ਰਭਾਵ ਪੈਣਾ ਸ਼ੁਰੂ ਹੋ ਜਾਂਦਾ ਹੈ। ਦੇਸ਼ ਭਗਤ ਪਰਿਵਾਰਕ ਪਿਛੋਕੜ ‘ਚੋਂ ਮਿਲੀ ਦੇਸ਼ ਭਗਤੀ ਦੀ ਸਿੱਖਿਆ ਕਾਰਨ ਦਸ-ਗਿਆਰਾਂ ਸਾਲ ਦੀ ਉਮਰ ‘ਚ ਹੀ ਉਹ ਜਨਤਕ ਲਹਿਰਾਂ ਦਾ ਅਨੁਭਵ ਹਾਸਲ ਕਰਦੇ ਰਹੇ। 12 ਸਾਲਾ ਭਗਤ ਸਿੰਘ ਦੇ ਮਨ ‘ਚ 1919 ‘ਚ ਜਲਿਆਂਵਾਲੇ ਬਾਗ ਦੇ ਨਿਰਦੋਸ਼ ਲੋਕਾਂ ਦੇ ਅੱਖੀਂ ਡਿੱਠੇ ਕਤਲੇਆਮ ਤੋਂ ਬਸਤੀਵਾਦੀ ਹਾਕਮਾਂ ਦੇ ਅਣਮਨੁੱਖੀ ਜਬਰ ਖਿਲਾਫ ਰੋਹ ਦੀ ਚਿਣਗ ਸੁਲਗ ਉੱਠਦੀ ਹੈ, ਤੇ ਵਿਦਰੋਹ ਦੀ ਇਸ ਭਾਵਨਾ ਦਾ ਹੋਣਾ ਇਕ ਉੱਤਮ ਮਾਨਵੀ/ਨੈਤਿਕ ਗੁਣ ਹੁੰਦਾ ਹੈ।

ਇਸ ਸਮੇਂ ਭਗਤ ਸਿੰਘ ਨੇ ਨਿਰਦੋਸ਼ ਲੋਕਾਂ ਦੇ ਹੱਕ ‘ਚ ਤੇ ਅੰਗਰੇਜੀ ਸਰਕਾਰ ਦੇ ਵਿਰੁੱਧ ਤਕਰੀਰ ਕੀਤੀ। 1921 ‘ਚ ਭਗਤ ਸਿੰਘ ਦਸਵੀਂ ਦੀ ਪੜ੍ਹਾਈ ਛੱਡ ਨਾ ਮਿਲਵਰਤਨ ਅੰਦੋਲਨ ‘ਚ ਸ਼ਾਮਲ ਹੋ ਜਾਂਦਾ ਹੈ। 1922 ‘ਚ ਨੈਸ਼ਨਲ ਕਾਲਜ ਲਾਹੌਰ ‘ਚ ਦਾਖਲ ਹੋ ਕੇ ਇਨਕਲਾਬੀ ਵਿਚਾਰਾਂ ਤੇ ਇਨਕਲਬਾਬੀ ਨੌਜਵਾਨਾਂ ਨਾਲ ਸਰਗਰਮ ਤਾਲਮੇਲ ‘ਚ ਆ ਜਾਂਦਾ ਹੈ। 1923-24 ਦੇ ਅਰਸੇ ‘ਚ ਭਗਤ ਸਿੰਘ ‘ਪ੍ਰਤਾਪ’ ਅਖਬਾਰ ‘ਚ ਕੰਮ ਕਰਨ, ਜੈਤੋ ਦੇ ਮੋਰਚੇ ਦੇ ਜੱਥੇ ਦਾ ਸਾਥ ਦੇਣ, ਕਾਨਪੁਰ ਹੜ੍ਹ ਪੀੜਤਾਂ ਦੀ ਮੱਦਦ ਕਰਨ ਤੇ ਲਹਿਰਾਂ ਬਾਰੇ ਜਾਣਨ-ਸਮਝਣ ‘ਚ ਲੱਗੇ ਰਹੇ। ਭਗਤ ਸਿੰਘ ਨੇ 1924 ‘ਚ ਜਦੋਂ ਉਨ੍ਹਾਂ ਦੀ ਉਮਰ 17 ਵਰ੍ਹਿਆਂ ਦੀ ਸੀ, ਲਿਖਣਾ ਸ਼ੁਰੂ ਕੀਤਾ ਸੀ। 1925 ‘ਚ ਹੋਏ ਕਾਕੋਰੀ ਕਾਂਡ ਤੋਂ ਬਾਅਦ ਭਗਤ ਸਿੰਘ ਨੇ ਅਧਿਐਨ ਨਾਲ ਆਪਣਾ ਗੂੜਾ ਰਿਸ਼ਤਾ ਬਣਾ ਲਿਆ। ਇਸਤੋਂ ਬਾਅਦ ਲਗਾਤਾਰ ਅਧਿਐਨ, ਅਨੁਵਾਦ ਕਰਨ ਤੇ ‘ਕਿਰਤੀ’ ਤੇ ‘ਚਾਂਦ ਫਾਂਸੀ ਅੰਕ’ ਦਾ ਸੰਪਾਦਨ ਕਰਨ, ਨੌਜਵਾਨ ਭਾਰਤ ਸਭਾ, ਪੰਜਾਬ ਸਟੂਡੈਂਟ ਯੂਨੀਅਨ ਬਣਾਉਣ ਆਦਿ ਮਹੱਤਤਵਪੂਰਨ ਕੰਮਾਂ ਵਿਚ ਲੱਗੇ ਰਹੇ। 1928 ‘ਚ ਸਾਈਮਨ ਕਮੀਸ਼ਨ ਦੇ ਵਿਰੋਧ ਦੌਰਾਨ ਲਾਲਾ ਲਾਜਪਤ ਰਾਏ ਦੀ ਹੋਈ ਮੌਤ ਦਾ ਬਦਲਾ ਲੈਣ ਅਤੇ ਆਪਣੇ ਸੰਗਠਨ ਦਾ ਉਦੇਸ਼ ਲੋਕਾਂ ਤੱਕ ਲਿਜਾਣ ਲਈ ਸਾਂਡਰਸ ਦਾ ਕਤਲ ਕੀਤਾ। 1929 ‘ਚ ਦੋ ਦਮਨਕਾਰੀ ਕਾਲੇ ਕਾਨੂੰਨਾਂ ਖਿਲਾਫ ਅਸੰਬਲੀ ‘ਚ ਬੰਬ ਸੁੱਟਕੇ ਬਸਤੀਵਾਦੀ ਹਾਕਮਾਂ ਨੂੰ ਭੈਅਭੀਤ ਕਰ ਦਿੱਤਾ। 8 ਅਪ੍ਰੈਲ 1929 ਤੋਂ 23 ਮਾਰਚ 1931 ਤੱਕ ਭਗਤ ਸਿੰਘ ਨੇ ਜੇਲ੍ਹ ‘ਚ ਰਹਿੰਦਿਆਂ ਭੁੱਖ ਹੜਤਾਲਾਂ, ਮੁਕੱਦਮੇ ਦੀ ਪੈਰਵਾਈ, ਚਿੰਤਨ ਤੇ ਲੇਖਣ ਦਾ ਅਮੁੱਲਾ ਕੰਮ ਕੀਤਾ। ਇਹ ਹੈ ਉਸਦੇ ਥੋੜੇ ਜਿਹੇ ਸਮੇਂ ਦੇ ਸਿਆਸੀ ਜੀਵਨ ਦੀਆਂ ਕੁਝ ਅਹਿਮ ਘਟਨਾਵਾਂ ਦਾ ਵੇਰਵਾ।

ਉਨ੍ਹਾਂ ਦੇ ਸਿਆਸੀ ਜੀਵਨ ਦੌਰਾਨ ਉਨ੍ਹਾਂ ਦੇ ਵਿਚਾਰਾਂ ‘ਚ ਵਧੇਰੇ ਸ਼ਪੱਸਟਤਾ ਜੇਲ੍ਹਵਾਸ ਦੌਰਾਨ ਕੀਤੇ ਅਧਿਐਨ ਤੋਂ ਹੀ ਆਉਣੀ ਸ਼ੁਰੂ ਹੋਈ। ਜੇਲ੍ਹ ਦੀ ਬੇਹੱਦ ਮੁਸ਼ਕਲਾਂ ਭਰੀ ਜ਼ਿੰਦਗੀ ਜਦੋਂ ਉਨ੍ਹਾਂ ਨੂੰ ਸਾਥੀਆਂ ਸਮੇਤ ਲੰਮੀਆਂ ਭੁੱਖ-ਹੜਤਾਲਾਂ ਕਰਨੀਆਂ ਪੈਂਦੀਆਂ ਸਨ ਤੇ ਨਾਲ ਹੀ ਆਪਣੇ ਮੁਕੱਦਮੇ ਸਬੰਧੀ ਕਾਨੂੰਨੀ ਲੜਾਈ ਲੜਨੀ ਪੈਂਦੀ ਸੀ ਤਾਂ ਉਦੋਂ ਅਜਿਹੀਆਂ ਹਾਲਤਾਂ ‘ਚ ਡੂੰਘਾ ਚਿੰਤਨ-ਮਨਨ ਤੇ ਲੇਖਣ ਦਾ ਕੰਮ ਕਰਨਾ ਉਸ ਸ਼ਹੀਦ ਨੂੰ ਅੱਜ ਸਾਡਾ ਰਾਹ ਦਰਸਾਵਾ ਤੇ ਪ੍ਰੇਰਨਾ ਸ੍ਰੋਤ ਹੋਣ ਦਾ ਮਾਣ ਦਿੰਦਾ ਹੈ। ਜੇਲ੍ਹ ਵਿਚ ਜੇਕਰ ਉਸਨੂੰ ਇਕ ਵੱਡੀ ਤੰਗੀ ਸੀ ਤਾਂ ਉਹ ਸੀ ਕਿਤਾਬਾਂ ਦੀ ਸਮੇਂ ਸਿਰ ਨਾ ਮਿਲਣ ਦੀ ਤੰਗੀ। ਪੱਗੜੀ ਸੰਭਾਲ ਜੱਟਾ ਲਹਿਰ, ਕੂਕਾ ਲਹਿਰ, ਬੱਬਰ ਅਕਾਲੀ ਲਹਿਰ, ਨਾ ਮਿਲਵਰਤਨ ਅੰਦੋਲਨ, ਗ਼ਦਰ ਲਹਿਰ, ਬੰਗਾਲ, ਮਹਾਂਰਾਸ਼ਟਰ ਦੀਆਂ ਕੌਮੀ ਇਨਕਲਾਬੀ ਲਹਿਰਾਂ ਤੋਂ ਲੈ ਕੇ ਫਰਾਂਸ ਦੀ ਕ੍ਰਾਂਤੀ, ਆਇਰਲੈਂਡ ਤੇ ਇਟਲੀ ਦੇ ਮੁਕਤੀ ਸੰਘਰਸ਼ ਅਤੇ ਰੂਸ ਦੇ ਇਨਕਲਾਬ ਦੀਆਂ ਇਨਕਲਾਬੀ ਲਹਿਰਾਂ ਦਾ ਉਸਦੇ ਨੌਜਵਾਨ ਜਗਿਆਸੂ ਮਨ ਤੇ ਡੂੰਘਾ ਪ੍ਰਭਾਵ ਸੀ। ਹਰ ਕੌਮੀ ਤੇ ਕੌਮਾਂਤਰੀ ਹਲਚਲ ਦਾ ਉਹ ਸਰਗਰਮੀ ਤੇ ਪਹਿਲਕਦਮੀ ਨਾਲ ਗੰਭੀਰ ਨੋਟਿਸ ਲੈਣ ਵਾਲਾ ਬੁੱਧੀਮਾਨ ਨੌਜਵਾਨ ਸੀ। ‘ਨਾ ਮਿਲਵਰਤਨ ਅੰਦੋਲਨ’ ਤੋਂ ਲੈ ਕੇ ਸਮਾਜਵਾਦੀ ਵਿਚਾਰਧਾਰਾ ਵਿਚ ਪ੍ਰਪੱਕਤਾ ਹਾਸਲ ਕਰਨ ਦੇ ਸਫਰ ਦੌਰਾਨ ਭਗਤ ਸਿੰਘ ਦਾ ਬਿੰਬ ਇਕ ਪ੍ਰਬੁੱਧ ਵਿਚਾਰਵਾਨ ਤੇ ਕੁਰਬਾਨੀ ਦੇ ਪੁੰਜ ਦੇ ਰੂਪ ‘ਚ ਉਭਰਕੇ ਸਾਹਮਣੇ ਆਉਂਦਾ ਹੈ। ਉਸਦੀ ਇਨਕਲਾਬੀ ਜ਼ਿੰਦਗੀ ਦਾ ਇਹ ਸਫਰ ਸਮੇਂ ਪੱਖੋਂ ਛੋਟਾ ਪਰ ਆਪਣੇ ਉੱਚੇ ਅਰਥਾਂ-ਆਦਰਸ਼ਾਂ, ਮਹੱਤਤਾ ਤੇ ਉਦੇਸ਼ ਦੀ ਵਿਸ਼ਾਲਤਾ ਪੱਖੋਂ ਇਤਿਹਾਸ ‘ਚ ਵੱਡੀ ਮਹੱਤਤਾ ਰੱਖਦਾ ਹੈ/ਰੱਖਦਾ ਰਹੇਗਾ। ਛੋਟੀ ਉਮਰੇ ਗੁਲਾਮ ਭਾਰਤੀ ਲੋਕਾਂ ਦੀ ਮੁਕਤੀ ਲਈ ਗਾਂਧੀਵਾਦੀ ਮਾਰਗ ਨੂੰ ਰੱਦ ਕਰਕੇ ਉਸਦੀ ਥਾਂ ਸਮਾਜਵਾਦ ਤੇ ਕਮਿਊਨਿਜ਼ਮ ਦੀ ਵਿਚਾਰਧਾਰਾ ਨੂੰ ਕੌਮੀ ਮੁਕਤੀ ਲਈ ਇਕੋ-ਇਕ ਸਹੀ ਮਾਰਗ ਸਮਝਣ ਤੇ ਉਸ ਤਹਿਤ ਭਾਰਤ ‘ਚ ਇਨਕਲਾਬ ਕਰਨ ਦੀ ਤਿਆਰੀ ‘ਚ ਜੁੱਟ ਜਾਣਾ, ਉਸਦੀ ਤੀਖਣ ਪ੍ਰਤਿਭਾ, ਸਮਰਥਾ, ਇਨਕਲਾਬੀ ਪ੍ਰਤੀਬੱਧਤਾ ਤੇ ਕੁਰਬਾਨੀ ਦੀ ਲਟ-ਲਟ ਬਲਦੀ ਭਾਵਨਾ ਦੇ ਦਰਸ਼ਨ ਕਰਵਾਉਂਦਾ ਹੈ।

ਅਧਿਐਨ ਨੇ ਭਗਤ ਸਿੰਘ ਨੂੰ ਰੁਮਾਂਚਿਕ ਇਨਕਲਾਬੀ ਤੋਂ ਇਨਕਲਾਬੀ ਅਤੇ ਇਕ ਆਦਰਸ਼ਵਾਦੀ ਤੋਂ ਯਥਾਰਥਵਾਦੀ ਬਣਾ ਦਿੱਤਾ। ਭਗਤ ਸਿੰਘ ਨੇ ਲੱਗਭਗ ਹਰ ਚਲੰਤ ਕੌਮੀ ਤੇ ਕੌਮਾਂਤਰੀ ਵਰਤਾਰੇ ਉੱਤੇ ਆਪਣਾ ਪ੍ਰਤੀਕਰਮ ਦਿੱਤਾ। ਉਸਨੇ ਧਰਮ, ਹੜਤਾਲਾਂ, ਰਾਜਨੀਤੀ ਆਦਿ ਵਰਗੇ ਅਨੇਕਾਂ ਸਮਾਜਿਕ ਤੇ ਰਾਜਨੀਤਿਕ ਮਸਲਿਆਂ ਦੇ ਨਾਲ-ਨਾਲ ਅਨਾਰਕਿਜ਼ਮ ਵਰਗੇ ਕੌਮਾਂਤਰੀ ਵਰਤਾਰਿਆਂ ਤੇ ਇਨਕਲਾਬੀ ਲਹਿਰਾਂ ਬਾਰੇ ਵੀ ਆਪਣੇ ਲੇਖਾਂ, ਪਰਚਿਆਂ ਤੇ ਭਾਸ਼ਣਾਂ ‘ਚ ਵਿਚਾਰ ਪੇਸ਼ ਕੀਤੇ। ਭਗਤ ਸਿੰਘ ਦੀ ਸਿਆਸੀ ਸੂਝ-ਬੂਝ ਦਾ ਪ੍ਰਭਾਵ ਉਨ੍ਹਾਂ ਘਟਨਾਵਾਂ ਤੋਂ ਵੀ ਮਿਲਦਾ ਹੈ ਜਦੋਂ ਉਹ ਜੇਲ੍ਹਵਾਸ ਦੌਰਾਨ ਭੁੱਖ ਹੜਤਾਲ ਨੂੰ ਤੇ ਮੁਕਦਮੇ ਦੌਰਾਨ ਅਦਾਲਤ ਨੂੰ ਆਪਣੀ ਸਮਾਜਵਾਦੀ ਵਿਚਾਰਧਾਰਾ ਦਾ ਪ੍ਰਚਾਰ-ਪ੍ਰਸਾਰ ਕਰਨ ਲਈ ਇਕ ਸਿਆਸੀ ਮੰਚ ਵਜੋਂ ਵਰਤਕੇ ਅੰਗਰੇਜ਼ ਹਾਕਮਾਂ ਨੂੰ, ਉਨ੍ਹਾਂ ਦੇ ਮਨਸੂਬਿਆਂ ਨੂੰ ਹਾਰੇ ਹੋਏ ਸਿੱਧ ਕਰਦਾ ਹੈ ਅਤੇ ਕੈਦਖਾਨੇ ‘ਚ ਬੰਦ ਰਹਿਕੇ ਵੀ ਆਪਣੇ ਆਪ ਨੂੰ, ਆਪਣੀ ਵਿਚਾਰਧਾਰਾ ਨੂੰ, ਭਵਿੱਖ ‘ਚ ਲੋਕਾਂ ਦੇ ਹੱਕੀ ਸੰਘਰਸ਼ਾਂ ਦੀ ਨਿਰੰਤਰਤਾ ਦੇ ਬਣੇ ਰਹਿਣ ਨੂੰ ਆਖਰੀ ਸਾਹ ਤੱਕ ਜਿੱਤ ਵਜੋਂ ਪੇਸ਼ ਕਰਦਾ ਰਿਹਾ।

ਭਗਤ ਸਿੰਘ ਨੇ ਹਿੰਦੋਸਤਾਨ ਰਿਪਬਲਿਕ ਪਾਰਟੀ ਨੂੰ ਹਿੰਦੋਸਤਾਨ ਸ਼ੋਸ਼ਲਿਸਟ ਰਿਪਬਲਿਕ ਪਾਰਟੀ ਬਣਾਉਣ ‘ਚ ਮੋਹਰੀ ਭੂਮਿਕਾ ਅਦਾ ਕੀਤੀ। ਇਹੀ ਨਹੀਂ ਬਲਕਿ ਪਾਰਟੀ ਉਸਾਰੀ ਦੇ ਕਾਜ਼ ਨੂੰ ਸਮਾਜਵਾਦੀ ਵਿਚਾਰਧਾਰਾ ਅਨੁਸਾਰ ਅੱਗੇ ਵਧਾਉਂਦਿਆਂ ਇਸਦੇ ਉਦੇਸ਼ਾਂ ਦਾ ਸਪੱਸ਼ਟ ਭਵਿੱਖ ਨਕਸ਼ਾ ਪੇਸ਼ ਕੀਤਾ। ਅਜ਼ਾਦੀ ਸੰਗਰਾਮ ‘ਚ ਕਾਂਗਰਸ ਅਤੇ ਐਚ.ਐਸ.ਆਰ.ਏ. ਦੇ ਉਦੇਸ਼ਾਂ ‘ਚ ਸਪੱਸ਼ਟ ਨਿਖੇੜਾ ਕੀਤਾ। ਪਾਰਟੀ ਮੈਨੀਫੈਸਟੋ ‘ਚ ਭਾਰਤ ‘ਚ ਇਨਕਲਾਬ ਲਈ ਹਥਿਆਰਬੰਦ ਇਨਕਲਾਬ ਦੇ ਪੜਾਅ ‘ਚੋਂ ਗੁਜਰਨ ਦੇ ਸੰਕਲਪ ਨੂੰ ਕਲਮਬੱਧ ਕੀਤਾ ਗਿਆ। ਕਿਰਤੀ ਲੋਕਾਂ ਦੀ ਮੱਦਦ ਨਾਲ ਰਾਜਸੱਤਾ ਨੂੰ ਮਜ਼ਦੂਰ ਜਮਾਤ ਦੀ ਇਨਕਲਾਬੀ ਪਾਰਟੀ ਦੇ ਹੱਥਾਂ ‘ਚ ਦੇਣ ਦੀ ਗੱਲ ਕੀਤੀ। ਉਹ ਇਨਕਲਾਬੀ ਫਲਸਫੇ ਦੇ ਮਨੁੱਖਤਾਪੱਖੀ, ਇਕ ਨਿਯਮ, ਇਕ ਉਦੇਸ਼ ਤੇ ਇਕ ਸੱਚ ਹੋਣ ਦਾ ਵਿਚਾਰ ਲੋਕਾਂ ਤੱਕ ਲੈ ਕੇ ਗਏ। ਉਨ੍ਹਾਂ ਨੂੰ ਕਮਿਊਨਿਜ਼ਮ ਦੀ ਅਟੱਲ ਜਿੱਤ ‘ਚ ਪੂਰਨ ਵਿਸ਼ਵਾਸ਼ ਸੀ। ਕੌਮੀ ਮੁਕਤੀ ਲਹਿਰ ਦੇ ਇਨਕਲਾਬੀ ਨੌਜਵਾਨਾਂ ‘ਚੋਂ ਸਭ ਤੋਂ ਪਹਿਲਾਂ ਸਮਾਜਵਾਦੀ ਵਿਚਾਰਾਂ ਨੂੰ ਗ੍ਰਹਿਣ ਕਰਨ ਵਾਲਾ, ਸਭ ਤੋਂ ਪਹਿਲਾਂ ਇਨਕਲਾਬ ਦਾ ਨਾਅਰਾ ਦੇਣ ਵਾਲਾ ਤੇ ਇਨਕਲਾਬ ਦੇ ਨਾਅਰੇ ਨੂੰ ਭਾਰਤੀ ਲੋਕਾਂ ਦੀ ਵਿਸ਼ਾਲ ਵਸੋਂ ਤੱਕ ਲਿਜਾਣ ਵਾਲਾ ਚਿੰਤਨਸ਼ੀਲ ਨੌਜਵਾਨ ਸੀ। ਉਸਨੇ ਸਰਵਵਿਆਪੀ ਰੱਬ ਤੇ ਹੋਰ ਦੈਵੀ ਸ਼ਕਤੀਆਂ ਦੀ ਹੋਂਦ ਉੱਤੇ ਤਰਕਸ਼ੀਲ ਵਿਸ਼ਲੇਸ਼ਣ ਕਰਕੇ ਉਸ ਅੱਗੇ ਵੱਡਾ ਚੈਲੰਜ ਖੜਾ ਕੀਤਾ ਤੇ ਲੋਕਾਂ ਨੂੰ ਧਰਮ ਦੇ ਚੁੰਗਲ ਤੋਂ ਮੁਕਤ ਹੋਣ ਦੇ ਵਿਚਾਰ ਪ੍ਰਤੀ ਸਪੱਸ਼ਟਤਾ ਦੇਣ ਦੀ ਚੰਗੀ ਤੇ ਵੱਡੀ ਕੋਸ਼ਿਸ਼ ਕੀਤੀ। ਉਸਨੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ-ਖਸੁੱਟ ਖਤਮ ਕਰਨ ਲਈ ਲੋਕਾਂ ਲਈ ਲੋਕਾਂ ਵੱਲੋਂ ਰਾਜਸੀ ਤਾਕਤ ਤੇ ਕਬਜਾ ਕਰਕੇ ਇਨਕਲਾਬ ਦੇ ਕਾਜ਼ ਨੂੰ ਨੇਪਰੇ ਚਾੜਨ੍ਹ ਬਾਰੇ ਦੇਸ਼ ਦੇ ਲੋਕਾਂ ਨੂੰ ਦੱਸਿਆ। ਉਸਨੇ ਦੇਸ਼ ਦੇ ਕਿਰਤੀ ਲੋਕਾਂ ਦੀ ਲੁੱਟ, ਜਬਰ ਤੇ ਦਾਬੇ ਤੋਂ ਮੁਕਤੀ ਲਈ ਇਨਕਲਾਬੀ ਪਾਰਟੀ ਦੀ ਅਗਵਾਈ ‘ਚ ਬਸਤੀਵਾਦੀ ਸਾਮਰਾਜਵਾਦ ਖਿਲਾਫ ਜੱਦੋਜਹਿਦ ਕਰਨ ਲਈ ਕਿਹਾ। ਉਹਨਾ ਬਰਤਾਨਵੀਂ ਸਾਮਰਾਜਵਾਦੀਆਂ ਦੇ ਬਸਤੀਵਾਦੀ ਕਬਜਿਆਂ ਨੂੰ ਜਾਬਰ ਤੇ ਨਿਹੱਕੇ ਕਿਹਾ ਤੇ ਇਸਦੇ ਉਲਟ ਲੋਕਾਂ ਦੇ ਵਿਰੋਧ ਸੰਘਰਸ਼ਾਂ ਤੇ ਇਨਕਲਾਬ ਦੇ ਸੰਗਰਾਮ ਨੂੰ ਹੱਕੀ ਤੇ ਨਿਆਈਂ ਕਿਹਾ। ਸਦਾ ਉਦੇਸ਼ਾਂ ’ਤੇ ਪਹਿਰਾ ਦੇਣ ਵਾਲਾ ਇਨਕਲਾਬੀ ਨੌਜਵਾਨ ਭਗਤ ਸਿੰਘ ਇਕ ਅਜ਼ਾਦ ਅਲੋਚਨਾਤਮਿਕ ਵਿਚਾਰਵਾਨ ਸੀ। ਉਹ ਇਸ ਵਿਚਾਰ ਦਾ ਪੱਕਾ ਧਾਰਨੀ ਸੀ ਕਿ ਇਨਕਲਾਬ ਬੰਬਾਂ-ਪਿਸਤੌਲਾਂ ਨਾਲ ਨਹੀਂ ਆਉਂਦਾ ਬਲਕਿ ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਸਾਣ ਤੇ ਤਿੱਖੀ ਹੁੰਦੀ ਹੈ। ਇਨਕਲਾਬੀ ਸਾਥੀਆਂ ਨਾਲ ਮਾਰਕਸਵਾਦੀ ਸਾਹਿਤ ਦਾ ਗੰਭੀਰ ਅਧਿਐਨ ਕਰਦਿਆਂ ਵਿਚਾਰ-ਵਟਾਂਦਰਾ ਤੇ ਬਹਿਸ ਕਰਨ ਦਾ ਭਗਤ ਸਿੰਘ ਦਾ ਆਪਣਾ ਇਕ ਹੁਨਰ ਸੀ ਜੋ ਸਾਥੀ ਇਨਕਲਾਬੀਆਂ ਨੂੰ ਮਾਰਕਸਵਾਦ ਦਾ ਅਧਿਐਨ ਲਈ ਪ੍ਰੇਰਿਤ ਕਰਨ ਵਾਲਾ ਹੁੰਦਾ ਸੀ।

ਜੇਲ੍ਹਵਾਸ ਦੌਰਾਨ ਭਗਤ ਸਿੰਘ ਦੁਆਰਾ ‘ਆਤਮ ਕਥਾ’, ‘ਸਮਾਜਵਾਦ ਦਾ ਆਦਰਸ਼’, ‘ਭਾਰਤ ਵਿਚ ਇਨਕਲਾਬੀ ਸੰਘਰਸ਼’, ਤੇ ‘ਮੌਤ ਦੇ ਦਰਵਾਜੇ ਤੇ’ ਚਾਰ ਪੁਸਤਕਾਂ ਦੀ ਵੀ ਰਚਨਾ ਕੀਤੀ ਗਈ ਜਿਨ੍ਹਾਂ ਇਤਿਹਾਸਕ ਦਸਤਾਵੇਜਾਂ ਦੇ ਖਰੜੇ ਅੱਜ ਤੱਕ ਉਪਲਬਦ ਨਹੀਂ ਹੋ ਸਕੇ। ਇਹ ਦਸਤਾਵੇਜ਼ ਭਗਤ ਸਿੰਘ ਦੇ ਚਿੰਤਕੀ ਪੱਖ ਨੂੰ ਉਨ੍ਹਾਂ ਦੁਆਰਾ ਇਨ੍ਹਾਂ ਪੁਸਤਕਾਂ ਦੀ ਤਿਆਰੀ ਲਈ ਲਏ ਗਏ ਨੋਟਿਸਾਂ ਵਾਲੀ ‘ਜੇਲ੍ਹ ਡਾਇਰੀ’ ਨਾਲੋਂ ਵੀ ਵੱਧ ਉਜਾਗਰ ਕਰਨ ਵਿਚ ਸਹਾਈ ਹੁੰਦੇ। ਇਸ ਤੋਂ ਇਲਾਵਾ ਭਗਤ ਸਿੰਘ ਵਾਈਲਡ, ਸਿੰਕਲੇਅਰ, ਗੋਰਕੀ, ਪ. ਕਰੋਪੋਤਿਕਨ, ਪੈਟਰਿਕ ਹੈਨਰੀ, ਟਾਮਸ ਪੇਨ, ਰੂਸੋ, ਫਿਕਸ, ਮਾਕਰਸ, ਏਂਗਲਜ਼ ਤੇ ਲੈਨਿਨ ਦੀਆਂ ਲਿਖਤਾਂ ਦਾ ਅਧਿਐਨ ਕਰਨ ਵਿੱਚ ਜਿਆਦਾ ਰੁਚਿਤ ਸੀ। ਆਖਰੀ ਵਰ੍ਹਿਆਂ ਦੌਰਾਨ ਭਗਤ ਸਿੰਘ, ਲੈਨਿਨ ਰਚਿਤ ‘ਦੂਜੀ ਕੌਮਾਂਤਰੀ ਦਾ ਪਤਨ’, ‘ਖੱਬੇਪੱਖੀ ਕਮਿਊਨਿਜ਼ਮ ਇਕ ਬਚਕਾਨਾ ਰੋਗ’, ‘ਮਜ਼ਦੂਰ ਇਨਕਲਾਬ ਤੇ ਗਦਾਰ ਕਾਊਟਸਕੀ’, ‘ਰਾਜ ਤੇ ਇਨਕਲਾਬ’, ਮਾਰਕਸ ਰਚਿਤ ‘ ਫਰਾਂਸ ਦੀ ਘਰੇਲੂ ਜੰਗ’ ਏਂਗਲਜ਼ ਰਚਿਤ ‘ਜਰਮਨੀ ‘ਚ ਇਨਕਲਾਬ ਤੇ ਉਲਟ ਇਨਕਲਾਬ’ ਆਦਿ ਮਹੱਤਵਪੂਰਨ ਮਾਰਕਸਵਾਦੀ ਕਿਰਤਾਂ ਦਾ ਅਧਿਐਨ ਕਰਦੇ ਰਹੇ।

ਤੱਥ ਦਸਦੇ ਹਨ ਕਿ ਮਾਰਕਸਵਾਦ ਤੇ ਹੋਰ ਇਨਕਲਾਬੀ ਸਾਹਿਤ ਦਾ ਅਜ਼ਾਦ ਤੌਰ ਤੇ ਅਧਿਐਨ ਕਰਨ ਵਾਲੇ ਭਗਤ ਸਿੰਘ ਅੰਤਲੇ ਸਮੇਂ ਭਾਰਤ ‘ਚ ਇਨਕਲਾਬ ਦੇ ਪ੍ਰਸੰਗ ‘ਚ ਇਸ ਮਹੱਤਵਪੂਰਨ ਸਿੱਟੇ ਤੇ ਪੁੱਜ ਚੁਕੇ ਸਨ ਕਿ ਸੰਸਾਰ ਇਨਕਲਾਬ ਤੋਂ ਬਿਨਾਂ ਕਿਸੇ ਦੇਸ਼ ‘ਚ ਕਮਿਊਨਿਸਟ ਸੱਤਾ ਕੌਮਾਂਤਰੀ ਪੂੰਜੀਵਾਦੀ ਖਤਰਿਆਂ ਤੋਂ ਨਿਰਲੇਪ ਨਹੀਂ ਰਹਿ ਸਕਦੀ। ਉਹ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਨੂੰ ਸੰਸਾਰ ਕਮਿਊਨਿਸਟ ਨਜਰੀਏ ਤੋਂ ਵੇਖਦੇ ਸਨ। ਉਨ੍ਹਾਂ ਨੇ ਇਕ ਇਨਕਲਾਬੀ ਪਾਰਟੀ ਤੇ ਉਸ ਪਾਰਟੀ ਉਸਾਰੀ ਲਈ ਕੁੱਲਵਕਤੀ ਕਾਰਕੁੰਨਾਂ ਦੀ ਲੋੜ ਤੇ ਜੋਰ ਦਿੱਤਾ। ਉਹ ਕੁਲਵਕਤੀ ਕਾਰਕੁੰਨ ਜਿਨ੍ਹਾਂ ਦਾ ਜ਼ਿੰਦਗੀ ‘ਚ ਇਨਕਲਾਬ ਤੋਂ ਬਿਨਾਂ ਹੋਰ ਕੋਈ ਦੂਜਾ ਉਦੇਸ਼ ਨਾ ਹੋਵੇ। ਉਹ ਪਾਰਟੀ ਦੇ ਉਦੇਸ਼ਾਂ ਦਾ ਵੱਡੀ ਪੱਧਰ ਤੇ ਲੋਕਾਂ ਤੱਕ ਪ੍ਰਚਾਰ ਕਰਨ, ਲੋਕਾਂ ਨੂੰ ਸਿਆਸੀ ਤੌਰ ਤੇ ਸਿੱਖਿਅਤ ਕਰਨ ਤੇ ਜੱਥੇਬੰਦ ਕਰਨ ਉਪਰ ਸਦਾ ਜੋਰ ਦਿੰਦੇ ਰਹੇ। ਭਗਤ ਸਿੰਘ ਸਰੀਰ ਨੂੰ ਨਾਸ਼ਵਾਨ ਮੰਨਦੇ ਹੋਏ ਵਿਚਾਰਾਂ ਤੇ ਭਾਵਨਾਵਾਂ ਦੀ ਅਮਰਤਾ ‘ਚ ਵਿਸ਼ਵਾਸ਼ ਰੱਖਦੇ ਹੋਏ ਜਮਾਤੀ ਜੰਗ ਦੇ ਉਦੋਂ ਤੱਕ ਚਲਦੇ ਰਹਿਣ ਦੀ ਗੱਲ ਕਰਦੇ ਰਹੇ ਜਦੋਂ ਤੱਕ ਮਨੁੱਖ ਹੱਥੋਂ ਮਨੁੱਖ ਦੀ ਲੁੱਟ-ਖਸੁੱਟ ਖਤਮ ਨਹੀਂ ਹੋ ਜਾਂਦੀ। ਉਨ੍ਹਾਂ ਦੀ ਲੜਾਈ ਇਕ ਬਰਾਬਰਤਾ ਅਧਾਰਿਤ ਚੰਗੇ ਸਮਾਜ ਦੀ ਉਸਾਰੀ ਲਈ ਸੀ। ਅੱਜ ਉਨ੍ਹਾਂ ਦੀ ਸ਼ਹਾਦਤ ਨੂੰ ਲੰਮਾ ਅਰਸਾ ਬੀਤ ਜਾਣ ਬਾਅਦ ਵੀ ਉਨ੍ਹਾਂ ਦੇ ਵਿਚਾਰ, ਕੁਰਬਾਨੀ ਤੇ ਉਨ੍ਹਾਂ ਦੀ ਪ੍ਰੇਰਨਾ ਸ੍ਰੋਤ ਕਮਿਊਨਿਜ਼ਮ ਦੀ ਵਿਚਾਰਧਾਰਾ ਦੇਸ਼ ਦੇ ਕਿਰਤੀ ਲੋਕਾਂ ਲਈ ਮੁਕਤੀ ਹਾਸਲ ਕਰਨ ਦਾ ਇਕੋ-ਇਕ ਸਹੀ ਰਾਹ ਹੈ।

ਅੱਜ ਦੇਸ਼ ਦੇ ਕਿਰਤੀ ਲੋਕਾਂ ਤੇ ਖਾਸਕਰ ਨੌਜਵਾਨਾਂ ਨੂੰ ਭਗਤ ਸਿੰਘ ਦੀ ਇਨਕਲਾਬੀ ਵਿਚਾਰਧਾਰਾ ਦੇ ਹਕੀਕੀ ਸੰਗੀ ਬਣਨਾ ਚਾਹੀਦਾ ਹੈ। ਉਸਦੇ ਵਿਚਾਰਵਾਨ ਇਨਕਲਾਬੀ ਬਣਨ ਦੇ ਗੁਰ ਨੂੰ ਆਤਮਸ਼ਾਤ ਕਰਨ ਦੀ ਵੱਡੀ ਲੋੜ ਹੈ। ਦੇਸ਼ ਅਤੇ ਸੰਸਾਰ ਕਮਿਊਨਿਸਟ ਲਹਿਰ ਦੇ ਮਹੱਤਵਪੂਰਨ ਸਵਾਲਾਂ ਅਤੇ ਅੱਜ ਦੇ ਸਮਾਜ ਦੇ ਅਹਿਮ ਸਵਾਲਾਂ ਨੂੰ ਜਾਣਨ-ਸਮਝਣ ਤੇ ਹੱਲ ਕਰਨ ਦੇ ਮਿਹਨਤੀ, ਗੰਭੀਰ ਤੇ ਵਿਸ਼ਾਲ ਯਤਨ ਕਰਨ ਦੀ ਕੋਸ਼ਿਸ ਕਰਨੀ ਚਾਹੀਦੀ ਹੈ। ਉਸ ਇਨਕਲਾਬੀ ਨੌਜਵਾਨ ਸ਼ਹੀਦ ਪ੍ਰਤੀ ਸਾਡੇ ਮਨ ਵਿਚਲਾ ਆਦਰ-ਸਤਿਕਾਰ ਸਾਥੋਂ ਸੱਚੇ ਅਰਥਾਂ ‘ਚ ਇਹੀ ਮੰਗ ਕਰਦਾ ਹੈ ਕਿ ਅਸੀਂ ਲੋਕਾਂ ਦੀ ਮੁਕਤੀ ਲਈ ਇਨਕਲਾਬ ਅਤੇ ਕਮਿਊਨਿਜ਼ਮ ਦੀ ਵਿਚਾਰਧਾਰਾ ਦੀ ਰਾਖੀ ਤੇ ਉਸਨੂੰ ਹੋਰ ਵੱਧ ਪ੍ਰਫੂਲਿਤ ਕਰਨ ਦੇ ਯਤਨ ਕਰੀਏ।

ਈ-ਮੇਲ: mandeepsaddowal@gmail.com

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ