Wed, 24 April 2024
Your Visitor Number :-   6996452
SuhisaverSuhisaver Suhisaver

ਜਦੋਂ ਲਾਲ ਹਨੇਰੀ ਝੁੱਲੀ – ਰਣਜੀਤ ਲਹਿਰਾ

Posted on:- 01-04-2016

suhisaver

ਛਿੱਤਰ-ਪੋਲੇ ਅਤੇ ਲਿਖਤੀ ਮੁਆਫ਼ੀਨਾਮੇ ਤੋਂ ਬਾਅਦ ‘ਜਥੇਦਾਰ’ ਦੀ ਬੰਦ-ਖਲਾਸੀ ਤਾਂ ਹੋ ਗਈ ਸੀ ਪਰ ਮਸਲਾ ਖ਼ਤਮ ਨਹੀਂ ਸੀ ਹੋਇਆ। ਪੰਜਾਬ ਸਟੂਡੈਂਟਸ ਯੂਨੀਅਨ ਨਾਂ ਦੀ ਸਾਡੀ ਖਾੜਕੂ ਜਥੇਬੰਦੀ ਸਾਹਮਣੇ ਏਜੰਡਾ ਹੁਣ ਉਸ ਥਾਣੇਦਾਰ ਦੀ ਹੈਂਕੜ ਭੰਨਣ ਅਤੇ ਮੁਆਫ਼ੀ ਮੰਗਵਾਉਣ ਦਾ ਸੀ, ਜਿਸਨੇ ਬਿਨ੍ਹਾਂ ਵਜਾਹ ਵਿਦਿਆਰਥੀਆਂ ’ਤੇ ਡਾਂਗਾਂ ਵਰ੍ਹਾਈਆਂ ਸਨ। ਜਥੇਦਾਰ ਦੇ ਮੁਆਫ਼ੀਨਾਮੇ ਵਾਲੇ ਡਰਾਮੇ ਦੇ ਚਲਦੇ-ਚਲਦੇ ਹੀ ਕੁਝ ਆਗੂ ਪੀ. ਆਰ. ਟੀ. ਸੀ. ਦੇ ਡਿੱਪੂ ਮੈਨੇਜਰ ਕੋਲ ਭੇਜੇ ਗਏ ਤਾਂ ਕਿ ਉਹ ਬਰੇਟਾ ਮੰਡੀ ’ਚ ਪੁਲਸ ਖਿਲਾਫ਼ ਮੁਜ਼ਾਹਰਾ ਕਰਨ ਜਾਣ ਲਈ ਦੋ ਸਪੈਸ਼ਲ ਬੱਸਾਂ ਦਾ ਪ੍ਰਬੰਧ ਕਰਕੇ ਦੇਵੇ। ਕੁਝ ਤਾਂ ਮਸਲਾ ਪੀ. ਆਰ. ਟੀ. ਸੀ. ਦੀ ਬੱਸ ਨਾਲ ਵੀ ਸਬੰਧਤ ਸੀ ਅਤੇ ਕੁਝ ਬੁਢਲਾਡੇ ਦੀਆਂ ਵਿੱਦਿਅਕ ਸੰਸਥਾਵਾਂ ਸਮੇਤ ਇਲਾਕੇ ਵਿੱਚ ਪੀ. ਐਸ. ਯੂ. ਦੀ ਤੂਤੀ ਹੀ ਅਜਿਹੀ ਬੋਲਦੀ ਕਿ ਡਿੱਪੂ ਮੈਨੇਜਰ ਨੇ ਬਿਨ੍ਹਾਂ ਹੀਲ-ਹੁੱਜਤ ਦੇ ਦੋ ਬੱਸਾਂ ਮੁਜ਼ਾਹਰੇ ਲਈ ਕਾਲਜ ਵਿੱਚ ਭੇਜ ਦਿੱਤੀਆਂ।

ਉੱਪਰੋਂ-ਥੱਲੋਂ ਵਿਦਿਆਰਥੀਆਂ ਨਾਲ ਲੱਦੀਆਂ ਦੋ ਬੱਸਾਂ ਬਰੇਟਾ ਮੰਡੀ ਦੀਆਂ ਕੈਂਚੀਆਂ ਕੋਲ ਜਾ ਰੁਕੀਆਂ। ਉੱਥੋਂ ‘ਪੰਜਾਬ ਸਟੂਡੈਂਟਸ ਯੂਨੀਅਨ ਜ਼ਿੰਦਾਬਾਦ’, ‘ਪੰਜਾਬ ਪੁਲਸ ਮੁਰਦਾਬਾਦ’, ‘ਲਾਠੀਚਾਰਜ ਬੰਦ ਕਰੋ-ਬੱਸਾਂ ਦਾ ਪ੍ਰਬੰਧ ਕਰੋ’ ’ਤੇ ‘ਸਿਆਸੀ ਘੜੰਮ ਚੌਧਰੀ-ਮੁਰਦਾਬਾਦ’ ਦੇ ਨਾਅਰੇ ਲਾਉਦੇ ਸੈਂਕੜੇ ਵਿਦਿਆਰਥੀਆਂ ਦਾ ਮੁਜ਼ਾਹਰਾ ਸ਼ਹਿਰ ਵੱਲ ਨੂੰ ਚੱਲ ਪਿਆ।

ਮੰਡੀ ਦੇ ਮੁੱਖ ਚੌਕ (ਮੰਦਰ ਚੌਕ) ਦੇ ਇੱਕ ਪਾਸੇ ਦੀ ਦਾਣਾ ਮੰਡੀ ’ਚ ਥਾਣੇ ਦੀ ਇਮਾਰਤ ਸੀ। ਮੰਡੀ ਦੇ ਦੁਕਾਨਦਾਰਾਂ ਅਤੇ ਮੰਡੀ ਆਏ ਇਲਾਕੇ ਦੇ ਲੋਕਾਂ ਨੂੰ ਸਮਝ ਨਹੀਂ ਸੀ ਆ ਰਹੀ ਕਿ ਸੈਂਕੜੇ ਵਿਦਿਆਰਥੀਆਂ ਦੀ ਇਹ ਹਨੇਰੀ ਅਚਾਨਕ ਕਿੱਧਰੋਂ ਚੜ੍ਹ ਆਈ ਸੀ। ਮੰਡੀ ਦੀਆਂ ਸੜਕਾਂ ’ਤੇ ਪੁਲਸ ਦਾ ਨਾਮੋ-ਨਿਸ਼ਾਨ ਨਹੀਂ ਸੀ। ਸਵੇਰੇ ਡਾਂਗਾਂ ਵਰ੍ਹਾਉਣ ਵਾਲੀ ਪੁਲਸ ਭਿੱਜੀ ਬਿੱਲੀ ਬਣੀ ਥਾਣੇ ’ਚ ਦੁਬਕੀ ਬੈਠੀ ਸੀ। ਸ਼ਹਿਰ ਦੀਆਂ ਸੜਕਾਂ ’ਤੇ ਮਾਰਚ ਕਰਨ ਤੋਂ ਬਾਅਦ ਸਾਡਾ ਵਿਦਿਆਰਥੀਆਂ ਦਾ ਠਾਠਾਂ ਮਾਰਦਾ ਤੇ ਰੋਹਲੇ ਨਾਅਰੇ ਗੂੰਜਾਉਦਾ ਕਾਫ਼ਲਾ ਥਾਣੇ ਦੇ ਗੇਟ ਅੱਗੇ ਵਿਸ਼ਾਲ ਰੈਲੀ ਦਾ ਰੂਪ ਧਾਰ ਗਿਆ। ਲੰਮਾ ਸਮਾਂ ਰੈਲੀ ਕਰਨ ਤੋਂ ਬਾਅਦ ਵਿਦਿਆਰਥੀ ਆਗੂਆਂ, ਜਿਨ੍ਹਾਂ ’ਚ ਅਜਾਇਬ ਸਿੰਘ ਟਿਵਾਣਾ, ਜਸਵੰਤ ਸਿੰਘ, ਜਗਜੀਤ ਕੁੱਬੇ, ਗੁਰਨਾਮ ਸਿੰਘ ਚਚੋਹਰ, ਲੱਖਾ ਸਿੰਘ ਸਹਾਰਨਾ ਆਦਿ ਸ਼ਾਮਲ ਸਨ, ਨੇ ਥਾਣੇ ’ਚ ਦੁਬਕੇ ਬੈਠੇ ਥਾਣੇਦਾਰ ਤੇ ਪੁਲਸ ਨੂੰ ਚਿਤਾਵਨੀ ਜਾਰੀ ਕਰ ਦਿੱਤੀ ਕਿ ਜਿੰਨੀ ਦੇਰ ਤੱਕ ਲਾਠੀਚਾਰਜ ਦਾ ਦੋਸ਼ੀ ਥਾਣੇਦਾਰ ਜਨਤਕ ਤੌਰ ’ਤੇ ਮੁਆਫ਼ੀ ਨਹੀਂ ਮੰਗਦਾ ਉਨੀ ਦੇਰ ਤੱਕ ਵਿਦਿਆਰਥੀ ਸੰਘਰਸ਼ ਜਾਰੀ ਰਹੇਗਾ। ਇਸ ਚਿਤਾਵਨੀ ਨਾਲ ਉਸ ਦਿਨ ਦਾ ਰੋਸ ਮੁਜ਼ਾਹਰਾ ਤਾਂ ਅਮਨ-ਅਮਾਨ ਤੇ ਸਫਲਤਾ ਨਾਲ ਨਿੱਬੜ ਗਿਆ ਤੇ ਵਿਦਿਆਰਥੀ ਉਨ੍ਹਾਂ ਹੀ ਬੱਸਾਂ ’ਤੇ ਸਵਾਰ ਹੋ ਕੇ ਬੁਢਲਾਡੇ ਨੂੰ ਮੁੜ ਗਏ। ਪਰ ਲੱਗਦਾ ਇੰਝ ਸੀ ਕਿ ਇਹ ‘ਤੂਫ਼ਾਨ ਆਉਣ ਤੋਂ ਪਹਿਲਾਂ’ ਵਾਲੀ ਸ਼ਾਂਤੀ ਹੀ ਸੀ। ਲੰਮੇ ਸਮੇਂ ਤੋਂ ਇਸ ਇਲਾਕੇ ਦੇ ਵਿਦਿਆਰਥੀਆਂ-ਨੌਜੁਆਨਾਂ ਦੀ ਇਹ ਰਵਾਇਤ ਚਲੀ ਆ ਰਹੀ ਸੀ ਕਿ ਜਿਸ ਨੇ ਵੀ ਵਿਦਿਆਰਥੀਆਂ-ਨੌਜੁਆਨਾਂ ਨਾਲ ਪੰਗਾ ਲਿਆ ਸੀ ਉਹ ਬਚ ਕੇ ‘ਸੁੱਕਾ’ ਨਹੀਂ ਸੀ ਗਿਆ।

ਉਹੋ ਗੱਲ ਹੋਈ, ਕੁਝ ਦਿਨਾਂ ਦੇ ਵਕਫ਼ੇ ਬਾਅਦ ਪੰਜਾਬ ਸਟੂਡੈਂਟਸ ਯੂਨੀਅਨ, ਬੁਢਲਾਡਾ ਅਤੇ ਨੌਜਵਾਨ ਭਾਰਤ ਸਭਾ, ਇਲਾਕਾ ਬੁਢਲਾਡਾ ਵੱਲੋਂ ਸਾਂਝੇ ਤੌਰ ’ਤੇ ਬਰੇਟਾ ਥਾਣੇ ਦੇ ਘਿਰਾਓ ਦਾ ਪ੍ਰੋਗਰਾਮ ਉਲੀਕ ਦਿੱਤਾ ਗਿਆ। ਇਸ ਘਿਰਾਓ ਦੇ ਖਾੜਕੂ ਐਕਸ਼ਨ ਦੀ ਤਿਆਰੀ ਲਈ ਬੁਢਲਾਡੇ ਦੀਆਂ ਵਿੱਦਿਅਕ ਸੰਸਥਾਵਾਂ ਵਿੱਚ ਤਿਆਰੀ ਲਈ ਸਰਗਰਮੀਆਂ ਤੇ ਮੀਟਿੰਗਾਂ ਚੱਲਣ ਸਦਕਾ ਮੇਰੇ ’ਤੇ ਵੀ ਹੁਣ ‘ਲਾਲ ਰੰਗ’ ਚੜ੍ਹਨ ਲੱਗਿਆ। ਇਸੇ ਲਈ ਘਿਰਾਓ ਵਾਲੇ ਦਿਨ ਜਦੋਂ ਬਰੇਟਾ ਮੰਡੀ ਦੇ ਰੇਲਵੇ ਮਾਲ ਗੋਦਾਮ ਤੋਂ ਸੈਂਕੜੇ ਨੌਜਵਾਨਾਂ ਤੇ ਵਿਦਿਆਰਥੀਆਂ ਦਾ ਝੰਡਿਆਂ-ਮਾਟੋਆਂ ਤੇ ਡਾਂਗਾਂ ਨਾਲ ਲੈਸ ਮੁਜ਼ਾਹਰਾ ਥਾਣੇ ਨੂੰ ਚੱਲਿਆ ਤਾਂ ਸਭ ਤੋਂ ਮੂਹਰਲੀ ਕਤਾਰ ਦੇ ਬੈਨਰ ਦੀ ਇੱਕ ਸੋਟੀ ਮੇਰੇ ਹੱਥ ’ਚ ਸੀ। ਕੋਈ ਬਾਰਾਂ-ਪੰਦਰਾਂ ਸੌ ਪਾੜ੍ਹਿਆਂ ਤੇ ਨੌਜਵਾਨਾਂ ਦਾ ਠਾਠਾਂ ਮਾਰਦਾ ਮੁਜ਼ਾਹਰਾ ਥਾਣੇ ਦੇ ਗੇਟ ਨੂੰ ਘੇਰ ਕੇ ਬੈਠ ਗਿਆ। ਅੱਜ ਇਹ ਕਾਫ਼ਲਾ ਪੁਲਸ ਨਾਲ ਦੋ ਹੱਥ ਕਰਨ ਦੇ ਇਰਾਦੇ ਨਾਲ ਹੀ ਆਇਆ ਸੀ। ਥਾਣੇ ਦੇ ਅੰਦਰ ਨੇੜੇ-ਤੇੜੇ ਦੇ ਥਾਣਿਆਂ-ਚੌਕੀਆਂ ਦੀ ਪੁਲਸ ਤੋਂ ਇਲਾਵਾ ਡੀ. ਐਸ. ਪੀ. ਖੁਦ ਵੀ ਬੈਠਾ ਸੀ, ਪਰ ਥਾਣੇ ਵਿੱਚੋਂ ਬਾਹਰ ਨਿਕਲਣ ਦੀ ਕਿਸੇ ਦੀ ਵੀ ਹਿੰਮਤ ਨਹੀਂ ਸੀ ਪੈ ਰਹੀ। ਝੰਡਿਆਂ, ਮਾਟੋਆਂ, ਬੈਨਰਾਂ ’ਚ ਪਾਈਆਂ ਸੈਂਕੜੇ ਡਾਂਗਾਂ ਪੁਲਸ ਨੂੰ ਕਿਸੇ ਅਣਹੋਣੀ ਦੇ ਵਾਪਰਨ ਦਾ ਸੰਕੇਤ ਦੇ ਰਹੀਆਂ ਸਨ। ਪੁਲਸ ਵਾਲੇ, ਸਮੇਤ ਉਸ ਡੀ. ਐਸ. ਪੀ. ਦੇ, ਜਿਸ ਨੂੰ ਉਸਦੇ ਪੁਲਸ ਅਫਸਰ ਪਿਤਾ ਦੀ ਮਾਡਲ ਟਾੳੂਨ, ਪਟਿਆਲਾ ’ਚ ਨਕਸਲੀਆਂ ਵੱਲੋਂ ਕੀਤੀ ਹੱਤਿਆ ਦੇ ਇਵਜ਼ ’ਚ ਸਿੱਧਾ ਡੀ. ਐਸ. ਪੀ. ਭਰਤੀ ਕੀਤਾ ਗਿਆ ਸੀ, ਥਾਣੇ ਨੂੰ ਅੰਦਰੋਂ ਕੁੰਡੇ-ਜਿੰਦੇ ਲਾ ਕੇ ਦੜੇ ਬੈਠੇ ਸਨ।

ਵਿਦਿਆਰਥੀਆਂ ਤੇ ਨੌਜਵਾਨਾਂ ਦੀਆਂ ਤੱਤੀਆਂ ਤੇ ਚੱਬਵੀਆਂ ਤਕਰੀਰਾਂ, ਜਿਨ੍ਹਾਂ ’ਚੋਂ ਮੈਨੂੰ ਮੱਘਰ ਸਿੰਘ ਕੂਲਰੀਆਂ ਤੇ ਅਜਾਇਬ ਟਿਵਾਣਾ ਦੇ ਬਹੁਤੇ ਬੋਲ ਅੱਜ ਵੀ ਯਾਦ ਹਨ, ਤੇ ਜਿਹੜੀਆਂ ਸਿੱਧੀਆਂ ਡੀ. ਐਸ. ਪੀ. ਨੂੰ ਸੰਬੋਧਤ ਸਨ, ਨਾਲ ਗਰਮ ਤੇ ਜ਼ੋਸ਼ੀਲੇ ਹੋਏ ਮਾਹੌਲ ਵਿੱਚ ਪੁਲਸ ਲਾਇਨ ਬਠਿੰਡਾ ਤੋਂ ਪੁਲਸ ਦੀਆਂ ਭਰੀਆਂ ਦੋ ਨੀਲੇ ਰੰਗ ਦੀਆਂ ਲਾਰੀਆਂ ਆ ਪਹੁੰਚੀਆਂ। ਪੁਲਸ ਦੇ ਜਵਾਨਾਂ ਨੇ ਗੱਡੀਆਂ ਚੋਂ ਉੱਤਰਦਿਆਂ ਆਪਣੇ ਪੁਲਸੀਆਂ ਅੰਦਾਜ਼ ਵਿੱਚ ਡਾਂਗਾਂ ’ਤੇ ਡਾਂਗਾਂ ਮਾਰ ਕੇ ਹੱਬ-ਦੱਬ ਜਿਹੀ ਕੀਤੀ ਤਾਂ ਕਿ ਧਰਨਾਕਾਰੀਆਂ ’ਚ ਭਗਦੜ ਪੈਦਾ ਕਰ ਦਿੱਤੀ ਜਾਵੇ। ਪਰ ਪੁਲਸ ਦੀ ਇਸ ਹਬਕਾ-ਦਬਕਾ ਕਾਰਵਾਈ ਦਾ ਜੋ ਸਿੱਟਾ ਨਿਕਲਿਆ ਉਸ ਦਾ ਨਾ ਤਾਂ ਪੁਲਸੀਆਂ ਨੂੰ ਅੰਦਾਜ਼ਾ ਸੀ ਤੇ ਨਾ ਹੀ ਮੇਰੇ ਵਰਗੇ ‘ਨਵੇਂ ਸਿੰਘ’ ਸਜਿਆਂ ਨੂੰ ਚਿੱਤ-ਚੇਤਾ ਸੀ। ਲਾਰੀਆਂ ’ਚੋਂ ਉੱਤਰਦੇ ਪੁਲਸੀਆਂ ਨੂੰ ਮੁਜ਼ਾਹਰਾਕਾਰੀ ਨੌਜਵਾਨਾਂ ਤੇ ਵਿਦਿਆਰਥੀਆਂ ਦੀਆਂ ਡਾਂਗਾਂ ਦੇ ਅਜਿਹੇ ਜਬਰਦਸਤ ਹਮਲੇ ਦਾ ਸਾਹਮਣਾ ਕਰਨਾ ਪਿਆ ਕਿ ਸੰਭਲਣ ਦਾ ਮੌਕਾ ਹੀ ਨਾ ਮਿਲਿਆ, ਉੱਪਰੋਂ ਤੁਰਲਾ ਇਹ ਕਿ ਬੇਹਿਸਾਬਾ ਰੋੜਾ-ਚਾਰਜ ਹੋ ਗਿਆ। ਵਰ੍ਹਦੀਆਂ ਡਾਂਗਾਂ ਤੇ ਰੋੜਿਆਂ ’ਚ ਪੁਲਸੀਆਂ ਤੋਂ ਥਾਣੇ ’ਚ ਵੀ ਨਾ ਵੜ ਹੋਵੇ, ਕਿਉ ਜੋ ਅੰਦਰ ਦੁਬਕੇ ਬੈਠੇ ਪੁਲਸੀਆਂ ਨੇ ਵੱਡਾ ਗੇਟ ਖੋਲ੍ਹਣ ਦਾ ‘ਰਿਸਕ’ ਨਾ ਲੈਂਦਿਆਂ ਸਿਰਫ਼ ਛੋਟੀ ਖਿੜਕੀ ਹੀ ਖੋਲ੍ਹੀ ਸੀ। ਕਿਵੇਂ ਨਾ ਕਿਵੇਂ ਥਾਣੇ ਅੰਦਰ ਵੜ ਕੇ ਪੁਲਸੀਆਂ ਨੇ ਸਭ ਕੁਝ ਨੂੰ ਕੁੰਡੇ-ਜਿੰਦੇ ਮਾਰ ਲਏ। ਸੱਚੀ ਗੱਲ ਹੈ, ਨਿੱਤ ਰੋਜ਼ ਲੋਕਾਂ ਦੇ ਪੁੜੇ ਸੇਕਦੀ ਤੇ ਬੇਪਤੀਆਂ ਕਰਦੀ ਪੁਲਸ ਨੂੰ ਇਉ ਭੱਜ-ਭੱਜ ਜਾਨ ਬਚਾਉਦਿਆਂ ਤੇ ਥਾਣੇ ’ਚ ਵੜ ਕੇ ਕੁੰਡੇ-ਜਿੰਦੇ ਲਾ ਕੇ ਲੁਕਦਿਆਂ ਮੈਂ ਤਾਂ ਪਹਿਲੀ ਵੇਰ ਦੇਖਿਆ ਸੀ। ਪਾੜ੍ਹੇ-ਨੌਜਵਾਨਾਂ ਦਾ ਹਮਲਾ ਅਜੇ ਰੁਕਿਆ ਨਹੀਂ ਸੀ। ਪੁਲਸ ਦੀਆਂ ਦੋਵੇਂ ਗੱਡੀਆਂ ਬੂਥੇ ਭੰਨਾਈਂ ਖੜ੍ਹੀਆਂ ਸਨ ਅਤੇ ਥਾਣੇ ਦੀਆਂ ਕੰਧਾਂ ਉੱਤੋਂ ਦੀ ਰੋੜਿਆਂ ਦੀ ਬਰਸਾਤ ਥਾਣੇ ਦੇ ਅੰਦਰ ਹੋਈ ਜਾ ਰਹੀ ਸੀ, ਹੋਰ ਤਾਂ ਹੋਰ ਨਾਲ ਦੇ ਘਰਾਂ ਦੇ ਕੋਠਿਆਂ ਤੋਂ ਵੀ ਰੋੜਿਆਂ ਤੇ ਪਾਥੀਆਂ ਦੀ ਬੁਛਾੜ ਔਰਤਾਂ ਕਰ ਰਹੀਆਂ ਸਨ। ਅੰਦਰ ਤੜੇ ਪੁਲਸੀਏ ਹਵਾਈ ਫਾਇਰ ਕਰੀ ਜਾ ਰਹੇ ਸਨ, ਪਰ ਬਾਹਰ ਸਾਹਮਣੇ ਨਿਕਲ ਕੇ ਕੋਈ ਨਹੀਂ ਸੀ ਆ ਰਿਹਾ। ਪੂਰੀ ਤਸੱਲੀ ਤੋਂ ਬਾਅਦ ਮੁਜ਼ਾਹਰਾਕਾਰੀਆਂ ਨੇ ਨਾਅਰੇ ਗੂੰਜਾਉਦੇ ਹੋਏ ਮੁੜ ਰੇਲਵੇ ਸਟੇਸ਼ਨ ਨੂੰ ਚਾਲੇ ਪਾ ਦਿੱਤੇ।

ਏਨੀ ਦੇਰ ਨੂੰ ਪਤਾ ਨਹੀਂ ਕਿਵੇਂ ਅਚਾਨਕ ਪੱਛੋਂ ਵਾਲੇ ਪਾਸਿਓਂ ਅਸਮਾਨ ਦਾ ਰੰਗ ਸੱਚਮੁੱਚ ਲਾਲੋ-ਲਾਲ ਹੋ ਗਿਆ। ਪਲਾਂ ਵਿੱਚ ਹੀ ਰਾਜਸਥਾਨ ਦੇ ਟਿੱਬਿਆਂ ਦੇ ਰੇਤ ਦੀ ‘ਅਜਿਹੀ ਲਾਲ ਹਨੇਰੀ ਝੂਲੀ’, ਜਿਸਦੇ ਨਾਅਰੇ ਅਸੀਂ ‘ਜਿੱਥੇ ਲਹੂ ਲੋਕਾਂ ਦਾ ਡੁੱਲ੍ਹੇ-ਉੱਥੇ ਲਾਲ ਹਨੇਰੀ ਝੁੱਲੇ’ ਗੂੰਜਾ ਰਹੇ ਸਾਂ। ਸੱਚਮੁੱਚ ਦੀ ਲਾਲ ਹਨੇਰੀ ਨੇ ਲਾਲ ਹਨੇਰੀ ਝੁਲਾਉਣ ਵਾਲਿਆਂ ਦੀ ਸਮੇਂ ਸਿਰ ਬਹੁੜ ਕੇ ਮੱਦਦ ਕੀਤੀ ਸੀ। ਹਨੇਰੀ ਤੇ ਗ਼ਰਦੋ-ਗ਼ੁਬਾਰ ਵਿੱਚ ਨੌਜਵਾਨਾਂ ਤੇ ਵਿਦਿਆਰਥੀਆਂ ਦੇ ਆਗੂਆਂ ਨੇ ਮੁਜ਼ਾਹਰਾ ਰੇਲਵੇ ਸਟੇਸ਼ਨ ’ਤੇ ਖ਼ਤਮ ਕਰਨ ਦੀ ਥਾਂ ਬੁਢਲਾਡੇ ਵੱਲ ਨੂੰ ਰੇਲ ਦੀ ਪਟੜੀ ਪਾ ਲਿਆ, ਕਿਉ ਜੋ ਤਜ਼ਰਬੇ ’ਚੋਂ ਉਹ ਜਾਣਦੇ/ਸਮਝਦੇ ਸਨ ਕਿ ਸ਼ਹਿਰ ’ਚ ਮੁਜ਼ਾਹਰਾ ਡਿਸਪਰਸ ਕਰਨ ’ਤੇ ਪੁਲਸ ਮੋੜਵਾਂ ਹਮਲਾ ਕਰਕੇ ਗਿ੍ਰਫਤਾਰੀਆਂ ਕਰੇਗੀ। ਇੱਕ ਸੋਚੀ ਸਮਝੀ ਯੋਜਨਾ ਤਹਿਤ ਮੁਜ਼ਾਹਰਾ ਰੇਲਵੇ ਦੀ ਪਟੜੀ ਪਾਉਣ ਨੇ ਪੁਲਸ ਦਾ ਆਖ਼ਰੀ ਦਾਅ ਵੀ ਠੁੱਸ ਕਰ ਦਿੱਤਾ। ਯੋਜਨਾ ਇਹ ਸੀ ਕਿ ਹੌਲੀ-ਹੌਲੀ ਹਨੇਰੇ ਵਿਚ ਨੇੜਲੇ ਪਿੰਡਾਂ ਵਿੱਚ ਮੁਜ਼ਾਹਰਾਕਾਰੀ ਖਿੰਡਦੇ ਜਾਣਗੇ ਤੇ ਨੇੜਲੇ ਪਿੰਡ ਨੌਜਵਾਨ ਭਾਰਤ ਸਭਾ ਦੇ ਪ੍ਰਭਾਵ ਸਦਕਾ ‘ਲੱਖੀ ਦੇ ਜੰਗਲ’ ਵਾਂਗ ਸਭ ਨੂੰ ਆਪਣੀ ਬੁੱਕਲ ਵਿੱਚ ਸਮੋਅ ਲੈਣਗੇ। ਦੂਜੀ ਗੱਲ, ਰੇਲ ਪਟੜੀ ਸੁਰੱਖਿਆ ਲਾਂਘਾ ਸੀ ਕਿਉ ਜੋ ਇੱਕ ਤਾਂ ਪੁਲਸ ਦੀਆਂ ਗੱਡੀਆਂ ਪਿੱਛਾ ਨਹੀਂ ਸੀ ਕਰ ਸਕਦੀਆਂ, ਦੂਜੇ ਜੇ ਪੁਲਸ ਪੈਦਲ ਪਿੱਛਾ ਕਰੇਗੀ ਤਾਂ ਉਸ ਨੂੰ ਪਛਾੜਨ ਲਈ ਰੋੜਿਆਂ ਦਾ ਵਾਧੂ ‘ਸਟਾਕ’ ਮੌਜੂਦ ਸੀ। ਯੋਜਨਾ ਸਫ਼ਲ ਰਹੀ ਸੀ। ਸਾਰੀ ਵਾਹ ਲਾ ਕੇ ਪੁਲਸ ਉਸ ਦਿਨ ਸਿਰਫ਼ ਤਿੰਨ ਵਿਦਿਆਰਥੀਆਂ ਨੂੰ ਹੀ ਫੜ ਸਕੀ ਸੀ। ਉਸ ਰਾਤ ਮੈਂ ਆਪਣੇ ਇੱਕ ਸਾਥੀ ਨਾਲ ਆਪਣੇ ਨਾਨਕੇ ਪਿੰਡ ਬੱਛੋਆਣੇ ਜਾ ਕੇ ਰਾਤ ਕੱਟੀ ਤੇ ਇਹ ਵੀ ਭੇਤ ਨਾ ਖੋਲ੍ਹਿਆ ਕਿ ਕਿੱਧਰੋਂ ਤੇ ਕਿਵੇਂ ਆ ਬਹੁੜੇ ਹਾਂ।

ਉੱਧਰ ਪੰਜਾਬ ਭਰ ਵਿੱਚ ਵਿਦਿਆਰਥੀ ਆਗੂ ਪਿ੍ਰਥੀਪਲ ਰੰਧਾਵਾ ਦੇ ਕਾਤਲਾਂ ਨੂੰ ਗਿ੍ਰਫਤਾਰ ਕਰਵਾਉਣ ਲਈ ਚੱਲ ਰਹੇ ਨੌਜਵਾਨ ਵਿਦਿਅਰਥੀ ਸੰਘਰਸ਼ ਨੇ ਅਕਾਲੀ ਦਲ ਦੀ ਹਕੂਮਤ ਤੇ ਪ੍ਰਸ਼ਾਸ਼ਨ ਦੀ ਨੀਂਦ ਹਰਾਮ ਕਰ ਰੱਖੀ ਸੀ ਅਤੇ ਏਧਰ ਇਲਾਕੇ ਦੇ ਇੱਕ ਉਭਰਦੇ ਜਥੇਦਾਰ ਦੀ ‘ਮੱਤ ਨੀਵੀਂ, ਮਨ ਉੱਚਾ’ ਵਾਲੀ ਸੌੜੀ ਮਾਨਸਿਕਤਾ ਨੇ ਪ੍ਰਸ਼ਾਸ਼ਨ ਲਈ ਨਵੀਂ ਬਿਪਤਾ ਖੜ੍ਹੀ ਕਰ ਦਿੱਤੀ ਸੀ।

ਪੁਲਸ ਤੇ ਸਿਵਲ ਪ੍ਰਸ਼ਾਸਨ ਬੁਢਲਾਡਾ, ਬਰੇਟਾ, ਮਾਨਸਾ ਦੇ ਪੂਰੇੇ ਇਲਾਕੇ ਦੀ ਨੌਜਵਾਨ ਵਿਦਿਆਰਥੀ ਲਹਿਰ ਦੀ ਜਨਤਕ ਤਾਕਤ ਤੋਂ ਭਲੀ-ਭਾਂਤ ਜਾਣੂ ਸੀ, ਇਸੇ ਲਈ ਉਹ ਮਸਲੇ ਨੂੰ ਹੋਰ ਭੜਕਣ ਤੋਂ ਰੋਕਣਾ ਚਾਹੁੰਦਾ ਸੀ। ਅਖ਼ੀਰ ਕੁਝ ਦਿਨਾਂ ਬਾਅਦ ਪ੍ਰਸ਼ਾਸਨ ਨੇ ਆਈ. ਟੀ. ਆਈ. ਦੇ ਤਤਕਾਲੀ ਪਿ੍ਰੰਸੀਪਲ ਜਰਨੈਲ ਸਿੰਘ, ਜਿਨ੍ਹਾਂ ’ਤੇ ਪੀ. ਐਸ. ਯੂ. ਨੂੰ ਵੀ ਵਾਹਵਾ ਭਰੋਸਾ ਸੀ, ਰਾਹੀਂ ਗੱਲਬਾਤ ਕਰਨ ਤੇ ਮਾਮਲਾ ਨਿਬੇੜਣ ਦੀ ਪੇਸ਼ਕਸ਼ ਕੀਤੀ। ਗੱਲਬਾਤ ਆਈ. ਟੀ. ਆਈ. ’ਚ ਪਿ੍ਰੰਸੀਪਲ ਸਾਹਿਬ ਦੇ ਦਫ਼ਤਰ ’ਚ ਹੋਈ, ਜਿਸ ਵਿੱਚ ਪੀ. ਐਸ. ਯੂ. ਤੇ ਨੌਜਵਾਨ ਭਾਰਤ ਸਭਾ ਦੀ ਸੀਨੀਅਰ ਲੀਡਰਸ਼ਿਪ ਸ਼ਾਮਲ ਹੋਈ ਅਤੇ ਪ੍ਰਸ਼ਾਸਨ ਵੱਲੋਂ ਐਸ. ਡੀ. ਐਮ. ਤੇ ਡੀ. ਐਸ. ਪੀ. ਖ਼ੁਦ ਸ਼ਾਮਲ ਹੋਏ। ਐਸ. ਡੀ. ਐਮ. ਤੇ ਡੀ. ਐਸ. ਪੀ. ਨੇ ਪੁਲਸ ਵਧੀਕੀ ਲਈ ਮੁਆਫ਼ੀ ਮੰਗੀ, ਵਿਦਿਆਰਥੀ ਆਗੂਆਂ ’ਤੇ ਦਰਜ ਸਾਰੇ ਕੇਸ ਤੁਰੰਤ ਵਾਪਸ ਲੈਣ, ਗਿ੍ਰਫ਼ਤਾਰ ਕੀਤੇ ਤਿੰਨੇ ਵਿਦਿਆਰਥੀ ਰਿਹਾ ਕਰਨ ਅਤੇ ਵਿਦਿਆਰਥੀਆਂ ਦੀ ਬੱਸਾਂ ਦੀ ਸਮੱਸਿਆ ਹੱਲ ਕਰਨ ਦਾ ਭਰੋਸਾ ਦਿੰਦਿਆਂ ਇੱਕ ਤਰ੍ਹਾਂ ਨਾਲ ਨੌਜਵਾਨਾਂ-ਵਿਦਿਆਰਥੀਆਂ ਦੀ ਜਥੇਬੰਦ ਤਾਕਤ ਅੱਗੇ ਹੱਥ ਖੜ੍ਹੇ ਕਰ ਦਿੱਤੇ।

ਸੰਪਰਕ: +91 94175 88616

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ