Fri, 19 April 2024
Your Visitor Number :-   6984138
SuhisaverSuhisaver Suhisaver

ਰੋਮਾਂਟਿਕ ਪਿਆਰ ਸਾਨੂੰ ਮਾਰ ਰਿਹਾ ਹੈ : ਸਾਡਾ ਧਿਆਨ ਕੌਣ ਰੱਖਦਾ ਹੈ ਜਦ ਅਸੀਂ 'ਸਿੰਗਲ' ਹੁੰਦੇ ਹਾਂ ? -ਸੇਲਬ ਲੂਨਾ

Posted on:- 08-12-2016

ਅਨੁਵਾਦ- ਨਿਕਿਤਾ ਅਜ਼ਾਦ

ਮੈਂ  'ਡਿਪਰੈਸਡ' ਹਾਂ ਪਰ ਅੰਗਰੇਜ਼ੀ ਭਾਸ਼ਾ ਵਿੱਚ ਡਿਪਰੈਸਡ ਇੱਕ ਕਿਰਿਆ ਹੈ, ਕੋਈ ਸਥਿਰ ਨਾਂਵ ਨਹੀਂ ।  ਮੈਂ ਸਮਝਦਾ ਹਾਂ ਕਿ ਮੇਰਾ ਡਿਪਰੈਸ਼ਨ ਸਮਾਜਿਕ ਵੰਡਾਂ, ਬਸਤੀਵਾਦ, ਨਸਲਵਾਦ, ਮੋਟਾਪੇ ਨਾਲ ਜੁੜੀ ਘਿਰਣਾ, ਵਿਤਕਰੇ ਅਤੇ ਵਿਰੋਧਾਭਾਸ ਦਾ ਨਤੀਜਾ ਹੈ । ਮੈਂ ਡਿਪਰੈਸ਼ਨ ਦੀਆਂ ਗੋਲੀਆਂ ਖਾ ਰਿਹਾ ਹਾਂ ਪਰ ਉਹ ਕੇਵਲ ਮੇਰੇ ਦਿਮਾਗ ਦੇ ਰਸਾਇਣਾਂ ਤੇ  ਅਸਰ ਕਰ ਸਕਦੀਆਂ ਹਨ ਪਰ ਮੇਰੇ ਸਮਾਜਿਕ ਅਤੇ ਪਦਾਰਥਕ ਹਲਾਤਾਂ ਤੇ ਨਹੀਂ । ਉਹ ਮੇਰੇ ਦੋਸਤਾਂ ਨੂੰ ਨਹੀ  ਬਦਲ ਸਕਦੀਆਂ ਜਿੰਨ੍ਹਾਂ ਤੋਂ ਮੈਂ ਮੇਰੀ ਪਰਵਾਹ ਕਰਨ ਦੀ ਉਮੀਦ ਕਰਦਾ  ਹਾਂ ।  ਇਹ ਦਵਾਈਆਂ ਦੂਜਿਆਂ ਦੇ ਮਨਾਂ 'ਚ ਬਣੀਆਂ ਮੇਰੇ ਸਰੀਰ ਬਾਰੇ ਧਾਰਨਾਵਾਂ ਅਤੇ ਉਨ੍ਹਾਂ ਦੇ ਆਧਾਰ ਤੇ ਬਣੇ ਰਿਸ਼ਤਿਆਂ ਨੂੰ ਨਹੀਂ ਬਦਲ ਸਕਦੀਆਂ । ਨਾ ਹੀ ਉਨ੍ਹਾਂ ਦੇ ਮੈਨੂੰ ਮਹੱਤਤਾ ਅਤੇ ਤਰਜੀਹ ਨਾ ਦੇਣ ਦੇ ਰਵੱਈਏ ਨੂੰ ਬਦਲ ਸਕਦੀਆਂ ਹਨ ।  

ਮੈਂ ਆਪਣੀ ਜ਼ਿੰਦਗੀ ਦੇ ਇੱਕ ਅਸਥਾਈ ਮੋੜ ਤੇ ਖੜ੍ਹਾ ਹਾਂ ।  ਆਪਣਾ ਇਲਾਕਾ ਛੱਡ ਕੇ ਮੈਂ ਦੇਸ਼ ਦੇ ਦੂਸਰੇ ਕੋਨੇ ਤੇ ਪਹੁੰਚ ਗਿਆ ਹਾਂ ਅਤੇ ਪੋਸਟ ਗਰੈਜੂਏਸ਼ਨ ਦੀ ਸ਼ੁਰੂਆਤ ਕਰ ਲਈ ਹੈ । ਬਾਵਜੂਦ ਇਸ ਦੇ ਕਿ ਮੈਂ ਇੱਥੋਂ ਦੇ ਕੁਝ ਲੋਕਾਂ ਨੂੰ ਜਾਣਦਾ ਹੈ ਪਰ ਇਹ ਕਦਮ ਬੜਾ ਔਕੜਾ ਭਰਿਆ ਲੱਗਦਾ ਹੈ । ਨਵੇਂ ਰਿਸ਼ਤੇ ਬਣਾਉਣਾ ਬਹੁਤ ਔਖਾ ਜਿਹਾ ਜਾਪਦਾ ਹੈ ਅਤੇ ਅਕਸਰ ਹੀ ਮੈਂ ਆਪਣੇ ਪੁਰਾਣੇ ਰਿਸ਼ਤਿਆਂ ਤੇ ਨਿਰਭਰ ਹੋ ਜਾਂਦਾ ਹਾਂ , ਜਿਨ੍ਹਾਂ ਨੇ ਮੈਨੂੰ ਪਹਿਲਾਂ ਸਾਂਭਿਆ ਸੀ ।

ਮੇਰੇ ਸਿੰਗਲ ਜਿਊਣ ਦਾ ਕੀ ਮਤਲਬ ਹੈ ?

ਅੱਜ ਮੈਂ ਜ਼ਿੰਦਗੀ ਦੇ ਅਜੇਹੇ ਪੜਾਅ ਤੇ ਵੀ ਹਾਂ, ਜਦ ਮੈਂ ਸਿੰਗਲ ਹਾਂ ਅਤੇ ਮੇਰੇ ਦੋਸਤ ਕਿਸੇ ਨਾ ਕਿਸੇ ਰੋਮਾਂਟਿਕ ਰਿਸ਼ਤੇ 'ਚ ਹਨ । ਮੈਂ ਅੱਜ ਤੱਕ ਕਦੇ ਵੀ ਰੋਮਾਂਟਿਕ ਸਾਥੀ ਤੋਂ ਬਗੈਰ ਇਕੱਲਾ ਜਾਂ ਅਧੂਰਾ ਮਹਿਸੂਸ ਨਹੀਂ ਕੀਤਾ । ਪਰ ਹੁਣ ਮੈਂ ਇੱਕ ਅਜੀਬ ਜਿਹਾ ਇੱਕਲਾਪਨ ਮਹਿਸੂਸ ਕਰਦਾ ਹਾਂ। ਜੱਦ ਮੈਂ ਆਪਣੇ ਆਸ ਪਾਸ ਰੋਮਾਂਟਿਕ ਰਿਸ਼ਤਿਆਂ ਦੇ ਫਾਇਦਿਆਂ ਬਾਰੇ ਸੋਚਦਾ ਹਾਂ ਜਿਵੇਂ ਅੱਜ ਦੇ ਸੱਭਿਆਚਾਰ ਵਿਚ ਵਿਖਾਇਆ ਜਾਂਦਾ ਹੈ ਜਾਂ ਮੇਰੇ ਦੋਸਤਾਂ ਦੇ ਰਿਸ਼ਤਿਆਂ ਰਾਂਹੀ ਮੈਂ ਮਹਿਸੂਸ ਕਰਦਾ ਹਾਂ, ਤਾਂ ਮੈਨੂੰ ਲੱਗਦਾ ਹੈ ਕਿ ਇੰਨ੍ਹਾਂ ਰਿਸ਼ਤਿਆਂ ਦੇ ਫਾਇਦੇ ਸਿਰਫ਼ ਆਰਥਿਕ ਜਾਂ ਸਰੀਰਕ ਨਹੀਂ ਹੁੰਦੇ ਹਨ ।  ਇਹ ਸਾਡੀ ਰੋਜ਼ਾਨਾ ਜ਼ਿੰਦਗੀ ਦੀਆਂ ਨਿੱਕੀਆਂ ਮੋਟੀਆਂ ਗੱਲਾਂ, ਚੀਜਾਂ ਤੇ ਭਾਵਨਾਵਾਂ ਤੇ ਆਦਾਨ-ਪ੍ਰਦਾਨ ਦੇ ਬਾਰੇ ਵੀ ਹੁੰਦਾ ਹੈ । ਦੂਜੇ ਸ਼ਬਦਾਂ 'ਚ ਇਹ ਇੱਕ-ਦੂਜੇ ਦੀ ਪਰਵਾਹ ਕਰਨ ਅਤੇ ਸਮਾਂ/ਪਿਆਰ ਨਿਵੇਸ਼ ਬਾਰੇ ਹੁੰਦੇ ਹਨ । ਕਿਸੇ ਦੀ ਪਰਵਾਹ ਕਰਨ ਦੀ ਅਤੇ ਉਸ 'ਚ ਆਪਣੀ ਤਾਕਤ/ਸਮਾਂ ਜਾਂ ਕੁੱਝ ਵੀ ਨਿਵੇਸ ਕਰਨ ਦੀ ਇਸ ਕਿਰਿਆ ਰਾਹੀ ਤੁਸੀਂ ਕਿਸੇ ਦੇ ਜੀਵਨ ਦੇ ਅਨਿਖੜਵੇ ਨਾ ਸਹੀ ਪਰ ਜ਼ਰੂਰੀ ਹਿੱਸਾ ਬਣ ਜਾਂਦੇ ਹੋ । ਜਦੋਂ ਮੈਂ ਸਿੰਗਲ ਹੋਣ ਦੀ ਗੱਲ ਕਰਦਾ ਹਾਂ, ਤਦ ਉਹਦਾ ਭਾਵ ਉਸ ਸਥਿਤੀ 'ਚ ਖੜੇ ਹੋਣ ਤੋਂ ਹੈ ਜਦੋਂ ਮੈਨੂੰ ਆਪਣੇ ਲੋਕਾਂ ਤੋਂ ਅਪਣਤ ਅਤੇ ਪਰਵਾਹ ਨਹੀਂ ਮਿਲਦੀ ਕਿਉਂਕਿ ਉਹ ਇਹ ਸਭ ਭਾਵ ਆਪਣੇ ਰੋਮਾਂਟਿਕ ਰਿਸ਼ਤਿਆਂ ਲਈ ਬਚਾ ਕੇ ਰੱਖਦੇ ਹਨ ।

ਪਰ ਇਸਨੂੰ ਰੋਮਾਂਸ ਨਾਲ ਜੋੜਣ ਦੀ ਲੋੜ ਨਹੀਂ ਹੈ । ਮੈਨੂੰ ਲੱਗਦਾ ਹੈ ਕਿ ਮੈਨੂੰ ਅਪਣਤ ਦੀ ਰੋਮਾਂਸ ਨਾਲੋਂ ਕਿਤੇ ਵੱਧ ਲੋੜ ਹੈ । ਕਿਸੇ ਅਜਿਹੇ ਇਨਸਾਨ ਦੇ ਮੇਰੀ ਜ਼ਿੰਦਗੀ 'ਚ ਹੋਣ ਦੀ, ਜਿਹੜਾ ਬਿਮਾਰੀ 'ਚ ਮੇਰੀ ਪਰਵਾਹ ਕਰੇ, ਮੁਸ਼ਕਿਲ ਸਮਿਆਂ 'ਚ ਸਾਥ ਦੇਵੇ । ਮੇਰੇ ਨਾਲ ਦੁੱਖ-ਸੁੱਖ ਸਾਂਝਾ ਕਰੇ । ਇਹ ਪਰਵਾਹ ਕਿਸੇ ਖਾਸ ਲਈ ਨਹੀਂ, ਸਿਰਫ ਮੇਰੇ ਲਈ ਨਹੀਂ, ਹੋਣੀ ਚਾਹੀਦੀ ਚਾਹੀਦੀ ਪਰ ਸਭਿਆਚਾਰਕ ਪੱਧਰ ਤੇ ਲੋਕ ਇਸ ਗੱਲ ਨਾਲ ਸਹਿਮਤ ਹੋ ਚੁੱਕੇ ਹਨ ਕਿ ਇਹ ਸਭ ਸਿਰਫ ਰੋਮਾਂਟਿਕ ਰਿਸ਼ਤਿਆਂ ਲਈ ਹੈ ਅਤੇ ਇਸਨੂੰ ਇਸੇ ਤਰ੍ਹਾਂ ਵੰਡਿਆ ਜਾਣਾ ਚਾਹੀਦਾ ਹੈ ।  ਅਜਿਹਾ ਨਹੀਂ ਕਿ ਮੈਨੂੰ ਇਸ ਤਰ੍ਹਾਂ ਦੀ ਪਰਵਾਹ ਕਦੇ ਨਹੀਂ ਮਿਲੀ । ਜਦ ਮੈਂ ਨਿੱਕਾ ਸਾਂ ਤਦ ਗੈਰ-ਰੋਮਾਂਟਿਕ ਦੋਸਤੀ ਵਾਲੇ ਰਿਸ਼ਤਿਆਂ 'ਚ ਅਜਿਹੀ ਪਰਵਾਹ ਮਿਲਦੀ ਸੀ ਪਰ ਜਿਵੇਂ-ਜਿਵੇਂ ਮੈਂ ਵੱਡਾ ਹੁੰਦਾ ਗਿਆ, ਮੇਰੇ ਦੋਸਤ ਇੱਕ ਤੋਂ ਬਾਅਦ ਇੱਕ ਗੰਭੀਰ ਰੋਮਾਂਟਿਕ ਰਿਸ਼ਤਿਆਂ 'ਚ ਜਾਂਦੇ ਰਹੇ ਅਤੇ ਏਸੀ ਪਰਵਾਹ ਮਿਲਣੀ ਬਿਲਕੁਲ ਖ਼ਤਮ ਹੀ ਹੋ ਗਈ । ਸ਼ਾਇਦ ਜਿਵੇਂ-ਜਿਵੇਂ ਸਾਡੀ ਨਾਦਾਨਗੀ ਘੱਟਦੀ ਜਾਂਦੀ ਹੈ, ਦੁੱਖਾਂ ਭਰੇ ਸਫ਼ਰ 'ਚ ਕਠੋਰਤਾ ਵੱਧਦੀ ਜਾਂਦੀ ਹੈ ਜਾਂ ਉਮਰਾਂ ਦੇ ਕੰਮ ਦੀ ਥਕਾਣ ਵੱਧਦੀ ਜਾਂਦੀ ਹੈ, ਸਾਡੇ ਵਿੱਚ ਇੰਨੀ ਤਾਕਤ ਹੀ ਨਹੀਂ ਬਚਦੀ ਕਿ ਹਰ ਰਿਸ਼ਤੇ ਤੇ ਜ਼ੋਰ ਲਾ ਸਕੀਏ ਅਤੇ ਅਸੀਂ ਧਿਆਨ ਨਾਲ ਚੁਣ ਦੇ ਕੁੱਝ ਖਾਸ ਰਿਸ਼ਤਿਆਂ ਤੇ ਸਮਾਂ ਲਗਾਉਂਦੇ ਹਾਂ ।

ਖ਼ੈਰ, ਪਰਵਾਹ ਦੀਆਂ ਇਹਨਾਂ 'ਆਰਥਿਕਤਾਵਾਂ' (ਜੋ ਮੇਰੇ ਮੁਤਾਬਕ ਸਹੀ ਸਹੀ ਸ਼ਬਦ ਹੈ), ਵਿੱਚ ਹਿੱਸਾ ਲੈਣ ਦੇ ਆਪਣੇ ਪ੍ਰਭਾਵ ਅਤੇ ਨਤੀਜੇ ਨਿਕਲਦੇ ਹਨ । ਖ਼ਾਸ ਕਰਕੇ ਉਹਨਾਂ ਲੋਕਾਂ ਲਈ ਜੋ ਰੋਮਾਂਟਿਕ ਰਿਸ਼ਤਿਆਂ 'ਚ ਨਹੀਂ ਹਨ ਜਾਂ ਫਿਰ ਜਿਹਨਾਂ ਦੇ ਸਰੀਰ, ਸਮਾਜਿਕ ਹਾਲਾਤ(ਜਾਤ, ਲਿੰਗ ਆਦਿ), ਸਮਾਜ 'ਚ ਉਹਨਾਂ ਬਾਰੇ ਨਜ਼ਰੀਆ ਅਤੇ ਵਿਚਾਰ ਉਨ੍ਹਾਂ ਨੂੰ ਲੋਕਾਂ ਵਿੱਚ 'ਅਪਿਆਰਯੋਗ' ਬਣਾ ਕੇ ਪੇਸ਼ ਕਰਦੇ ਹਨ ।

ਕੀ ਪੂੰਜੀਵਾਦ ਅੰਦਰ ਆਪਣੇ ਆਪ ਨੂੰ ਪਿਆਰ ਕਰਨ ਨਾਲ ਮੈਂ ਬਚਿਆ ਰਹਿ ਸਕਦਾ ਹਾਂ ?

ਜਿਵੇਂ ਮੈਂ ਪਹਿਲਾਂ ਇਕ ਲੇਖ 'ਚ ਲਿਖਿਆ ਸੀ ਕਿ ਮੈਨੂੰ ਇਤਿਹਾਸ ਨੇ ਏਸੀ ਹੀ ਅਪਿਆਰਯੋਗ ਸਥਿਤੀ 'ਚ ਖੜਾਇਆ ਹੈ । ਮੋਟਾ, ਭੂਰਾ, ਔਰਤਾਂ 02ਵਰਗੇ ਚਾਲ-ਚਲਣ ਵਾਲਾ -  ਚਾਹੇ ਮੈਂ ਹੋਵਾ, ਜਾਂ ਚੁਣਾ, ਜਾਂ ਨਾ ਹੋਵਾਂ । ਜਦ ਵੀ ਮੈਂ ਇਸ ਚੀਜ਼ ਬਾਰੇ ਕਿਸੇ ਨਾਲ ਗੱਲ ਕਰਦਾ ਹਾਂ ਤਾਂ ਸਭ ਅਕਸਰ ਹੀ ਕਹਿੰਦੇ ਹਨ ਕਿ ਮੈਨੂੰ ਆਪਣੇ ਆਪ ਨੂੰ ਹੋਰ ਪਿਆਰ ਕਰਨਾ ਚਾਹੀਦਾ ਹੈ, ਕਿਉਂਕਿ ਜੇਕਰ ਮੈਂ ਅਜਿਹਾ ਕਰਾਂਗਾ ਤਾਂ ਬਾਕੀ ਵੀ ਇੰਝ ਹੀ ਕਰਨਗੇ।  ਹੋ ਸਕਦਾ ਹੈ ਇਹ ਕੁੱਝ ਖਾਸ ਇਨਸਾਨਾਂ ਲਈ ਠੀਕ ਹੋਵੇ, ਪਰ ਮੈਨੂੰ ਲੱਗਦਾ ਹੈ ਇਹ ਦਲੀਲ ਬੇਹੱਦ ਅਧੂਰੀ ਹੈ । ਇੱਥੇ ਮਸਲਾ ਮੇਰੇ ਬਾਰੇ ਮੇਰੀ ਧਾਰਨਾ ਦਾ ਨਹੀਂ ਹੈ ਪਰ ਉਹਨਾਂ ਸਰੀਰਾਂ ਅਤੇ ਉਨ੍ਹਾਂ ਲੋਕਾਂ ਦਾ ਹੈ ਜਿਸਨੂੰ ਸਮਾਜ ਅਤੇ ਇਤਿਹਾਸ 'ਚ ਅਪਿਆਰਯੋਗ ਅਤੇ ਘਿਰਣਾਯੋਗ ਵੇਖਿਆ ਗਿਆ ਹੈ ।  ਨਾਲ ਹੀ ਇਸ ਫੈਸਲੇ ਦਾ ਹੈ ਕਿ ਸਮਾਜ ਕਿਸ ਕਿਸਮ ਦੇ ਲੋਕ ਅਤੇ ਸਰੀਰਾਂ ਨੂੰ ਪਿਆਰ ਅਤੇ ਪਰਵਾਹ ਦੇ ਕਾਬਲ ਸਮਝਦਾ ਹੈ ।  ਮੈਂ ਸ਼ਾਇਦ ਇਸ ਵਿਚਾਰ ਨਾਲ ਸਹਿਮਤ ਵੀ ਹੋ ਜਾਂਦਾ, ਜੇਕਰ ਉਹ ਲੋਕ ਜੋ ਸਭਿਆਚਾਰਕ ਤੌਰ ਤੇ ਪਿਆਰ ਕਰਨ ਯੋਗ ਮੰਨੇ ਗਏ ਹਨ, ਉਹਨਾਂ ਨੂੰ ਆਪਣੇ ਬਾਰੇ ਆਪਣੀਆਂ ਧਾਰਨਾਵਾਂ ਦੇ ਬਾਵਜੂਦ ਪਿਆਰ ਅਤੇ ਪਰਵਾਹ ਨਾ ਮਿਲਦੀ । ਪਰ ਪੂੰਜੀਵਾਦ ਸਾਨੂੰ ਅਪਣੇ ਆਪ ਪਿਆਰ ਕਰਨਾ ਨਹੀਂ ਸਿਖਾਉਂਦਾ ਅਤੇ ਨਾ ਹੀ ਉਹ ਇਹ ਚਾਹੁੰਦਾ ਹੈ ਅਤੇ ਬਹੁਤ ਹੀ ਘੱਟ ਲੋਕ ਏਨਾ ਪਿਆਰ ਕਰਦੇ ਹਨ, ਪਰ ਇਸ ਦੇ ਬਾਵਜੂਦ ਇਹ ਗੱਲਾਂ ਕੀਤੀਆਂ ਜਾਂਦੀਆਂ ਹਨ ।  ਮੈਂ ਏਸੇ ਇਤਿਹਾਸ ਅਤੇ ਸਮਾਜ ਦੀ ਜ਼ਿੰਮੇਵਾਰੀ ਚੁੱਕਣ ਤੋਂ ਸਾਫ਼ ਇਨਕਾਰ ਕਰਦਾ ਹਾਂ । ਇਹ ਦਲੀਲ ਸਮਾਜ ਦੇ ਮਾੜੇ ਚਰਿੱਤਰ ਦਾ, ਮੇਰਾ ਅਤੇ ਮੇਰੇ ਵਰਗਿਆਂ ਨਾਲ ਹੁੰਦੇ ਮਾੜੇ ਵਰਤਾਓ ਦਾ ਸਾਰਾ ਭਾਰ ਸਾਡੇ ਉੱਤੇ ਸੁੱਟ ਦਿੰਦੀ ਹੈ ।  ਇਹ ਮੰਗ ਕਰਦੀ ਹੈ ਕਿ ਨਾ ਸਿਰਫ਼ ਅਸੀਂ ਆਪਣੇ ਵਾਸਤੇ ਪਰਵਾਹ ਕਰੀਏ ਪਰ ਉਹਨਾਂ ਲੋਕਾਂ ਦੀ ਵੀ ਪਰਵਾਹ ਕਰੀਏ ਜੋ ਇਸ ਨਿਜ਼ਾਮ ਦਾ ਕਾਰਨ ਹਨ ।  ਇਸ ਦਾ ਭਾਰ ਪੂਰੇ ਤੌਰ ਤੇ ਸਭਿਆਚਾਰਕ ਤੌਰ ਦੇ ਮਾੜੇ-ਭੈੜੇ ਮੰਨੇ ਗਏ ਲੋਕਾਂ/ਸਰੀਰਾਂ ਤੇ ਪੈਂਦਾ ਹੈ ਜੋ ਵੈਸੇ ਹੀ ਤੱਥਾਂ ਮੁਤਾਬਕ ਏਸੇ ਡਿਪਰੇਸ਼ਨ ਦਾ ਸ਼ਿਕਾਰ ਹੁੰਦੇ ਹਨ ਕਿ ਆਪਣੀ ਜਾਂ ਕਿਸੇ ਦੀ ਪਰਵਾਹ ਨਾ ਕਰ ਸਕਣ ।  ਇਸ ਤੋਂ ਇਲਾਵਾ ਇਹ ਇੱਕ ਘਟੀਆ ਤਰੀਕਾ ਹੈ, ਉਹਨਾਂ ਲੋਕਾਂ/ਸਰੀਰਾਂ ਨੂੰ ਹੋਰ ਤਵੱਜੋਂ ਅਤੇ ਪਰਵਾਹ ਦੇਣ ਦਾ, ਜਿਹਨਾਂ ਨੂੰ ਪਹਿਲੇ ਹੀ ਖ਼ਾਸ ਮੰਨ ਕੇ ਪਰਵਾਹ ਮਿਲਦੀ ਹੈ ।

ਇਥੇ ਮੈਂ ਜ਼ੋਰ ਪਾ ਕੇ ਕਹਿਣਾ ਚਾਹੁੰਦਾ ਹਾਂ ਕਿ ਮੈਂ ਹਮੇਸ਼ਾ ਅਜਿਹਾ ਨਹੀਂ ਮਹਿਸੂਸ ਕੀਤਾ, ਨਾ ਹੀ ਮੈਂ ਇਹ ਕਰਨਾ ਚਾਹੁੰਦਾ ਹਾਂ ।  ਮੈਂ ਆਪਣੇ ਬਾਰੇ ਬਹੁਤ ਚੰਗਾ ਸੋਚਦਾ ਹਾਂ ਅਤੇ ਆਪਣੇ ਆਪ ਨੂੰ ਪਿਆਰ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਹਾਂ । ਮੈਨੂੰ ਲੱਗਦਾ ਹੈ ਕਿ ਮੇਰੇ ਕੋਲ ਦੂਜਿਆਂ ਨੂੰ ਦੇਣ ਵਾਸਤੇ ਬਹੁਤ ਕੁੱਝ ਹੈ । ਮੈਂ ਆਪਣੇ ਆਪ ਨੂੰ ਦੂਜਿਆਂ ਦਾ ਚੰਗਾ ਦੋਸਤ ਵੀ ਸਮਝਦਾ ਹਾਂ, ਜਿਹਨਾਂ ਦੀ ਮੈਂ ਪਰਵਾਹ ਕਰਨਾ ਚਾਹੁੰਦਾ ਹਾਂ ਅਤੇ ਆਪਣਾ ਸਭ ਕੁੱਝ ਨਿਛਾਵਰ ਕਰ ਦਿੰਦਾ ਹਾਂ । ਪਰ ਤਜ਼ਰਬੇ ਅਤੇ ਇਤਿਹਾਸ ਨੇ ਮੈਨੂੰ ਇਹ ਦਿਖਾਇਆ ਹੈ ਕਿ ਜੋ ਕੁੱਝ ਦੂਜੇ ਮੈਨੂੰ ਦੇ ਸਕਦੇ ਹਨ, ਉਸ ਦੀਆਂ ਕਈ ਸੀਮਾਵਾਂ ਹਨ।  ਉਦੋਂ ਵੀ ਜਦੋਂ ਲੋਕ ਮੇਰੇ ਨਾਲ ਸੰਭੋਗ ਕਰਨ 'ਚ ਦਿਲਚਸਪੀ ਲੈਂਦੇ ਹਨ (ਜੋ ਕਿ ਬਹੁਤ ਵਾਰ ਹੁੰਦਾ ਹੈ), ਉਹਨਾਂ ਦੀ ਦਿਲਚਸਪੀ ਸੰਭੋਗ ਤੋਂ ਪਾਸੋਂ ਨਹੀਂ ਜਾਂਦੀ । ਹਰ ਹਾਲਤ 'ਚ ਮੇਰੀ ਪਰਵਾਹ ਕਰਨ 'ਚ ਕੋਈ ਨਾ ਕੋਈ ਸੀਮਾ ਤੈਅ ਹੁੰਦੀ ਹੈ ਅਤੇ ਇਹ ਪ੍ਰਕਿਰਿਆਵਾਂ ਹਰ ਸਮੇਂ ਚਲਦੀਆਂ ਹਨ, ਭਾਵੇਂ ਮੈਂ ਸਮਝਾ ਜਾਂ ਨਾ, ਉਹਨਾਂ ਨੂੰ ਨਾਮ ਦੇਵਾਂ ਜਾਂ ਨਾ ।  

ਇਸ ਨੂੰ 'ਚੋਣ' ਦੇ ਇਲਾਵਾ ਕਿਸੇ ਹੋਰ ਤਰ੍ਹਾਂ ਵੇਖਣਾ ਔਖਾ ਲੱਗਦਾ ਹੈ । ਦੂਜੇ ਸ਼ਬਦਾਂ ਵਿੱਚ ਮੇਰੇ ਆਸ ਪਾਸ ਦੇ ਲੋਕ ਮੇਰੇ ਤੇ ਉਹਨਾਂ ਦੇ ਰਿਸ਼ਤੇ ਨੂੰ ਇਸ ਲਈ ਘੱਟ ਮਹੱਤਤਾ ਦਿੰਦੇ ਹਨ ਕਿਉਂਕਿ ਉਹ ਆਪਣੇ ਸੈਕਸ਼ੂਅਲ ਤੇ ਰੋਮਾਂਟਿਕ ਰਿਸ਼ਤਿਆਂ ਨੂੰ ਵੱਧ ਮਹੱਤਤਾ ਦੇਣਾ ਚਾਹੁੰਦੇ ਹਨ । ਉਨ੍ਹਾਂ ਰਿਸ਼ਤਿਆਂ ਨੂੰ ਜਿਹਨਾਂ ਵਿੱਚ 'ਆਮ' ਲੋਕ ਹਨ ਜੋ ਗੋਰੇ, ਪਤਲੇ, ਉੱਚੇ ਸਮਾਜਿਕ ਪੱਧਰ ਵਾਲੇ, ਜਾਂ ਅਪਾਹਜ ਨਾ ਹੋਣ ਜਾਂ ਅਜਿਹੇ ਗੁਣਾਂ ਦਾ ਮਿਸ਼ਰਣ ਹੋਣ ਜੋ ਉਹਨਾਂ ਨੂੰ ਪਿਆਰ ਕਰਨ ਯੋਗ ਬਣਾ ਦੇਣ ।

ਅਕਸਰ ਹੀ ਜਦੋਂ ਮੈਂ ਨਵੇਂ ਲੋਕਾਂ ਨੂੰ ਮਿਲਦਾ ਹਾਂ, ਮੈਂ ਆਪਣੇ ਆਪ ਨੂੰ ਪੁੱਛਦਾ ਹਾਂ ਕਿ ਕੀ ਮੈਂ ਉਹਨਾਂ ਨੂੰ ਮੈਂ ਪ੍ਰਭਾਵਸ਼ਾਲੀ ਲੱਗਦਾ ਹਾਂ ਅਤੇ ਮੈਂ ਆਪਣੀਆਂ ਉਮੀਦਾਂ ਉਸਦੇ  ਹਿਸਾਬ ਨਾਲ ਤੈਅ ਕਰ ਲੈਂਦਾ ਹਾਂ । ਸ਼ਾਇਦ ਇਹ ਗੱਲ ਥੋੜੀ ਹੰਕਾਰੀ ਜਾਂ ਘਟੀਆ ਜਾਪਦੀ ਹੋਵੇ ਪਰ ਮੈਨੂੰ ਲੱਗਦਾ ਹੈ ਕਿ ਅਸਲ 'ਚ ਮੈਂ ਇਹ ਪੁੱਛ ਰਿਹਾ ਹੁੰਦਾ ਹਾਂ- ਕੀ ਇਹ ਇਨਸਾਨ ਆਪਣੇ ਆਪ ਨੂੰ ਮੇਰੀ ਪਰਵਾਹ ਕਰਨ ਦਵੇਗਾ? ਕੀ ਉਹ ਲੋੜ ਪੈਣ ਤੇ ਮੈਨੂੰ ਮਹੱਤਤਾ ਦੇਵੇਗਾ? ਕੀ ਉਹ ਮੇਰੇ ਤੇ ਸਮਾਂ ਨਿਵੇਸ਼ ਕਰਨ ਲਈ ਤਿਆਰ ਹੈ ? ਕੀ ਉਹ ਸਾਡੇ ਰਿਸ਼ਤੇ ਨੂੰ ਸਕਾਰਾਤਮਕ ਅਤੇ ਇੱਕ ਦੂਜੇ ਲਈ ਲਾਭਦਾਇਕ ਬਣਾ ਕੇ ਰੱਖਣ ਲਈ ਮਿਹਨਤ ਕਰੇਗਾ ? ਕੀ ਉਹ ਮੈਨੂੰ ਜ਼ਿੰਦਾ ਰੱਖਣ ਦੇ ਔਖੇ, ਥਕਾਣ ਭਰੇ, ਔਕੜਾਂ ਭਰੇ, ਕੋਈ ਧੰਨਵਾਦ ਨਾ ਮਿਲਣ ਵਾਲੇ, ਅਦ੍ਰਿਸ਼ 'ਕੰਮ' ਨੂੰ ਨਿਭਾਉਣ ਦੀ ਕੋਸ਼ਿਸ਼ ਕਰਦੇ ਰਹਿਣਗੇ? ਮੈਂ ਇਹ ਪੁੱਛਦਾ ਹਾਂ ਕਿ ਮੈਂ ਆਪਣੀਆਂ ਉਮੀਦਾਂ ਘੱਟ-ਵੱਧ ਕਰ ਸਕਾਂ, ਤਾਂ ਕਿ ਉਹਨਾਂ ਦੀ ਪਰਵਾਹ ਕਰਦੇ-ਕਰਦੇ ਜੋ ਮੇਰੀ ਪਰਵਾਹ ਨਹੀਂ ਕਰ ਸਕਦੇ, ਮੈਂ ਆਪਣੇ ਸ਼ੋਸ਼ਣ ਦਾ ਕਾਰਨ ਨਾ ਬਣ ਜਾਵਾਂ ।

ਜਦੋਂ ਕੋਈ ਮੇਰਾ ਦੋਸਤ ਬਣਦਾ ਹੈ ਜਾਂ ਜਦ ਮੈਂ ਕਿਸੇ 'ਚ ਨਿਵੇਸ਼ ਅਤੇ ਅ-ਨਿਵੇਸ਼ ਬਾਰੇ ਸੋਚਦਾ ਹਾਂ, ਤਦ ਇਹ ਸਵਾਲ ਮੇਰੇ ਸਾਹਮਣੇ ਵੀ ਆਉਂਦੇ ਹਨ ।  ਮੇਰੇ ਲੋਕਾਂ 'ਚ ਨਿਵੇਸ਼ ਕਰਨ ਤੇ ਨਾ ਕਰਨ ਦੇ ਕੀ ਨਤੀਜੇ ਹੋਣਗੇ? ਇਹ ਭਾਵਨਾਵਾਂ ਕਿਥੋਂ ਆਉਣਗੀਆਂ ਅਤੇ ਕਿਸ ਦੀ ਮੱਦਦ ਕਰਨਗੀਆਂ?  ਪਤਾ ਨਹੀਂ ਕੋਈ ਅਜਿਹਾ ਇਨਸਾਨ ਜੋ ਇੱਕ ਸਨਮਾਨਿਤ ਅਤੇ ਸਭਿਆਚਾਰਕ ਤੌਰ ਤੇ 'ਪਿਆਰ-ਕਰਨ-ਯੋਗ' ਪਿਛੋਕੜ ਤੋਂ ਹੋਵੇ, ਉਹਨੂੰ ਇਹ ਸਭ ਸੋਚਣਾ ਪੈਂਦਾ ਹੈ ਜਾਂ ਨਹੀਂ, ਪਤਾ ਨਹੀਂ ਉਹ ਇਹ ਸਮਝ ਪਾਵੇਗਾ ਜਾਂ ਨਹੀਂ ।

ਇਹ ਵਾਰਤਾਲਾਪ ਵੈਸੇ ਤਾਂ ਮੈਂ ਕਈ ਦੋਸਤਾਂ ਨਾਲ ਕੀਤਾ ਹੈ । ਇਹ ਵੀ ਇੱਕ ਤਰ੍ਹਾਂ ਦੇ ਨਿਵੇਸ਼ ਹੀ ਹਨ ਜਦ ਮੈਂ ਉਹਨਾਂ ਨਾਲ ਗੱਲ ਕਰਦਾ ਹਾਂ, ਛੋਟੇ ਪੱਧਰ ਤੇ ਅਤੇ ਹੋਰ ਪ੍ਰਸੰਗਾਂ ਵਿੱਚ । ਪਰ ਸਿਰਫ਼ ਇਸ ਲਈ ਕਿ ਮੈਂ ਗੱਲ ਕਰ ਲੈਂਦਾ ਹਾਂ ਜਾਂ ਕਿਸੇ ਹੱਦ ਤੱਕ ਪਰਵਾਹ ਦੀਆਂ ਇਹਨਾਂ ਆਰਥਿਕਤਾਵਾਂ 'ਚ ਹਿੱਸਾ ਲੈ  ਲੈਦਾਂ ਹਾਂ, ਇਸਦਾ ਇਹ ਮਤਲਬ ਨਹੀਂ ਕਿ ਇਹ ਠੀਕ, ਬਰਾਬਰ ਜਾਂ ਗੈਰ-ਇਤਿਹਾਸਿਕ ਹਨ । ਇਸਦਾ ਇਹ ਮਤਲਬ ਹੈ ਕਿ ਮੈਂ ਜਾਣਦਾ ਹਾਂ ਕਿ ਕੀ ਹੁੰਦਾ ਹੈ, ਕਿੰਝ ਹੁੰਦਾ ਹੈ ਕਿ ਅਸੀਂ ਸਭਿਆਚਾਰਕ ਤੌਰ ਤੇ ਇੰਝ ਹੀ ਵਿਚਰਦੇ ਹਾਂ, ਕੰਮ ਕਰਦੇ ਹਾਂ - ਇਹਨਾਂ ਖਿਲਾਫ਼ ਲੜਦੇ ਅਤੇ ਨਵੀਂ ਦੁਨੀਆਂ ਬਣਾਉਣ ਦੀਆਂ ਦਲੀਲਾਂ ਦਿੰਦੇ ਹੋਏ ਵੀ ।

ਕੀ ਅਸੀਂ ਇਹ ਮੰਨ ਸਕਦੇ ਹਾਂ ਕਿ ਜਿਸਨੂੰ ਅਸੀਂ ਪਿਆਰ ਕਰਨ ਲਈ ਚੁਣਦੇ ਹਾਂ, ਉਹ ਫੈਸਲਾ ਰਾਜਨੀਤਿਕ ਹੈ ?

ਦਰਅਸਲ ਮੈਂ ਆਪਣੇ ਦੋਸਤਾਂ ਨਾਲ ਲੜ-ਲੜ ਕੇ ਥੱਕ ਗਿਆ ਹਾਂ ।  ਮੈਂ ਇਹ ਮੰਨਵਾ-ਮੰਨਵਾ ਕੇ ਥੱਕ ਗਿਆ ਹਾਂ ਕਿ ਜਿੰਨੇ ਉਹਨਾਂ ਦੇ ਰੋਮਾਂਟਿਕ ਸਾਥੀ ਮਾਇਨੇ ਰੱਖਦੇ ਹਨ, ਮੈਂ ਵੀ ਰੱਖਦਾ ਹਾਂ । ਬਹੁਤ ਤਰ੍ਹਾਂ, ਅਸੀਂ ਜਿਸਨੂੰ ਪਿਆਰ ਕਰਦੇ ਹਾਂ, ਉਹ ਇਸ ਚੀਜ਼ ਦਾ ਵੀ ਫੈਸਲਾ ਹੁੰਦਾ ਹੈ ਕਿ ਅਸੀਂ ਕਿਸ ਵਿੱਚ ਨਿਵੇਸ਼ ਕਰਨ ਲਈ ਤਿਆਰ ਹਾਂ, ਕਿਸ ਨਾਲ ਅਸੀਂ ਉਹ ਸਾਧਨ ਵੰਡਣ ਲਈ ਤਿਆਰ ਹਾਂ ਜੋ ਇੱਕ ਦੂਜੇ ਨੂੰ ਜ਼ਿੰਦਾ ਰੱਖਣਗੇ - ਜਿਸ ਵਿੱਚ ਪਰਵਾਹ ਵੀ ਆਉਂਦੀ ਹੈ । ਮੈਂ ਮੇਰੇ ਦੋਸਤਾਂ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕਰ-ਕਰ ਕੇ ਥੱਕ ਗਿਆ ਹਾਂ ਕਿ ਪਤਲੇਪਣ ਅਤੇ ਚਿੱਟੇਪਣ, ਜਿਸ 'ਚ ਉਹ ਆਪਣੇ ਰੋਮਾਂਟਿਕ ਸਾਥੀਆਂ ਰਾਹੀਂ ਨਿਵਸ਼ ਕਰਦੇ ਹਨ, ਮੈਂ ਵੀ ਉਹਨਾਂ ਦੀ ਤਰਾਂ ਹੀ ਪਿਆਰ, ਸਮਾਂ, ਅਤੇ ਧਿਆਨ ਦੇ ਕਾਬਲ ਹਾਂ । ਮੈਂ ਉਹਨਾਂ ਨੂੰ ਇਹ ਸਮਝਾ-ਬੁਝਾ ਕੇ ਅੱਕ ਚੁੱਕਿਆ ਹਾਂ ਕਿ ਜਿਸਨੂੰ ਅਸੀਂ ਪਿਆਰ ਕਰਨਾ ਚੁਣਦੇ ਹਾਂ ਅਤੇ ਜਿਸ 'ਚ ਨਿਵੇਸ਼ ਕਰਦੇ ਹਾਂ, ਉਹ ਇੱਕ ਰਾਜਨੀਤਿਕ ਫੈਸਲਾ ਹੁੰਦਾ ਹੈ ।

ਲੋਕਾਂ 'ਚ ਨਿਵੇਸ਼ ਕਰਨ ਦਾ ਮਤਲਬ ਹੈ, ਸਰੀਰਾਂ 'ਚ ਨਿਵੇਸ਼ ਕਰਨਾ ਅਤੇ ਇਹ ਇਤਿਹਾਸਿਕ ਮਹੱਤਤਾਵਾਂ ਅਤੇ ਤਰਜੀਹਾਂ ਤੋਂ ਪਰੇ ਦੀ ਗੱਲ ਨਹੀਂ ਹੈ।  ਅਸੀਂ ਆਪਣੀਆਂ ਇਛਾਵਾਂ ਦਾ ਰਾਜਨੀਤੀਕਰਨ ਉਦੋਂ ਹੀ ਰੋਕ ਸਕਦੇ ਹਾਂ ਜਦ ਅਸੀਂ ਉਹਨਾਂ ਇਛਾਵਾਂ ਦੇ ਆਧਾਰ ਤੇ ਆਪਣਾ ਪਿਆਰ ਅਤੇ ਪਰਵਾਹ ਵੰਡਣਾ ਬੰਦ ਕਰ ਦੇਵਾਂਗੇ । ਜਦ ਅਸੀਂ ਆਪਣੀਆਂ ਇਛਾਵਾਂ ਨੂੰ ਉਸ ਖਾਣੇ ਦੀ ਤਰ੍ਹਾਂ ਵਰਤਣਾ ਬੰਦ ਕਰਾਂਗੇ ਜਿਸ ਰਾਹੀਂ ਅਸੀਂ ਤੈਅ ਕਰਦੇ ਹਾਂ ਜਾਂ ਕੋਸ਼ਿਸ਼ ਕਰਦੇ ਹਾਂ ਕਿ ਕਿਸ ਨੂੰ ਜ਼ਿੰਦਾ ਰੱਖਣਾ ਹੈ ਅਤੇ ਕਿਸ ਨੂੰ ਮਰਣ ਲਈ ਛੱਡਣਾ ਹੈ ।

ਮੈਨੂੰ ਲਗ ਰਿਹਾ ਹੈ ਜਿਵੇਂ ਮੈ 'ਫੈਮ' ਆਤਮਘਾਤ ਦੀ ਮਹਾਮਾਰੀ ਦੇ ਇੱਕ ਲੰਮਹੇ ਚੋਂ ਲਿਖ ਰਿਹਾ ਹਾਂ । ਪਿਛਲੇ ਸਾਲਾਂ 'ਚ ਅਸੀਂ ਕਿੰਨੀਆਂ ਹੀ 'ਫੈਮ' ਮਹਾਨਹਸਤੀਆਂ ਖੋ ਦਿੱਤਿਆਂ ।  ਮਹਾਨ ਲੋਕ ਜੋ ਦੂਜਿਆਂ ਲਈ ਤਾਕਤ ਦਾ ਸਰੋਤ ਸਨ । ਲੋਕ ਜਿਹਨਾਂ ਨੇ ਕਲਾ ਬਣਾਈ ਅਤੇ ਅਜਿਹਾ ਸਮੂਹ ਬਣਾਇਆ ਜਿਸ ਨੇ ਕਈਆਂ ਨੂੰ ਜ਼ਿੰਦਾ ਰੱਖਿਆ ਅਤੇ ਕਈਆਂ ਦੇ ਦਿਲਾਂ ਨੂੰ ਛੋਹਿਆ ਅਤੇ ਉਹਨਾਂ ਨੂੰ ਵੀ ਜਿਹਨਾਂ ਨੂੰ ਜ਼ਿੰਦਾ ਨਹੀਂ ਰਹਿਣ ਦਿੱਤਾ ਗਿਆ । ਇਹ ਬਸ ਉਹੀ ਹਨ, ਜਿੰਨ੍ਹਾਂ ਬਾਰੇ ਅਸੀਂ ਜਾਣਦੇ ਹਾਂ । ਪਤਾ ਨਹੀਂ ਇਸ ਅਨੋਖੀ ਛੋਟੀ 'ਮਸ਼ਹੂਰਤਾ' ਦੇ ਪੱਧਰ ਤੱਕ ਕਿੰਨੇ ਹੀ ਨਹੀਂ ਪਹੁੰਚ ਪਾਏ ।

ਮੈਂ ਇਹਨਾਂ ਲੋਕਾਂ ਦੀ ਗੱਲ ਉਹਨਾਂ ਨੂੰ ਇਸ਼ਤੇਮਾਲ ਜਾਂ ਟੋਕਨ ਵਜੋਂ ਵਰਤਣ ਲਈ ਨਹੀਂ ਕਰ ਰਿਹਾ, ਸਗੋਂ ਇਸ ਮਸਲੇ ਦੀ ਗੰਭੀਰਤਾ ਨੂੰ ਦਿਖਾਉਣ ਲਈ ਕਰ ਰਿਹਾਂ ਹਾਂ । ਆਤਮ ਹੱਤਿਆ ਇੱਕ ਔਖਾ ਅਤੇ ਗੁੰਝਲਦਾਰ ਫੈਸਲਾ ਹੁੰਦਾ ਹੈ ਅਤੇ ਸ਼ਾਇਦ ਉਹ ਕੁੱਝ ਲੋਕਾਂ ਦੇ ਪਰਵਾਹ ਕਰਨ ਨਾਲ ਨਹੀਂ ਬਦਲ ਸਕਦਾ ।  ਪਰੰਤੂ ਜਿਹੜੀ ਪਰਵਾਹ ਮੈਨੂੰ ਮਿਲਦੀ ਹੈ ਜਾਂ ਨਹੀਂ ਮਿਲਦੀ ਅਤੇ ਆਤਮਘਾਤ ਦਾ ਉਸ ਨਾਲ ਰਿਸ਼ਤਾ ਅਤੇ ਜਿਸ ਗਤੀ ਅਤੇ ਤੀਬਰਤਾ ਨਾਲ ਆਤਮ ਹੱਤਿਆ ਦਾ ਖ਼ਿਆਲ ਮੇਰੇ ਦਿਮਾਗ 'ਚ ਆਇਆ, ਮੈਨੂੰ ਲੱਗਦਾ ਹੈ ਕਿ ਇਸ ਦਾ ਕੋਈ ਤਾਲੁੱਕ ਹੈ।

ਕੀ ਅਸੀਂ ਇੱਕ ਦੂਜੇ ਨੂੰ ਆਪਣੀ ਜਿਨਸੀ ਪੂੰਜੀ (ਸੰਬੰਧ ਅਤੇ ਇਸ ਨਾਲ ਜੁੜੀਆਂ ਇੱਛਾਵਾਂ) ਦੇ ਬਾਵਜੂਦ ਜ਼ਿੰਦਾ ਰੱਖ ਸਕਦੇ ਹਾਂ ?

ਮੇਰੇ ਜੀਵਨ 'ਚ ਕਈ ਅਜਿਹੇ ਪਲ ਆਏ ਹਨ ਜਦ ਮੈਨੂੰ ਲੱਗਿਆ ਜਾਂ ਲਗਵਾਇਆ ਗਿਆ ਕਿ ਜੇ ਮੈਂ ਨਾ ਰਿਹਾ ਤਾਂ ਕਿਸੇ ਦੇ ਜੀਵਨ 'ਚ ਕੋਈ ਵੱਡੀ ਉਦਾਸੀ ਨਹੀਂ ਛਾਵੇਗੀ । ਹੋ ਸਕਦਾ ਹੈ ਕੁੱਝ ਲੋਕਾਂ ਕੋਲ ਕਦੇ-ਕਦੇ ਕੋਈ ਮੈਸਜ਼ ਕਰਨ ਵਾਲਾ ਨਾ ਹੋਵੇ, ਪਰ ਅਜਿਹਾ ਕੋਈ ਗੇਪ ਜਾਂ ਥਾਂਵਾਂ ਨਹੀਂ ਹਨ ਜੋ ਭਰੀਆਂ ਨਾ ਜਾ ਸਕਣ ਜਾਂ ਨਹੀਂ ਜਾਣਗੀਆਂ ।  ਕਿਸੇ ਦੀ ਰੋਜ਼ ਦੀ ਪਦਾਰਥਕ ਜ਼ਿੰਦਗੀ 'ਚ ਕੋਈ ਫ਼ਰਕ ਨਹੀਂ ਪਵੇਗਾ । ਇਸਦਾ ਮਤਲਬ ਕਿਸੇ ਨੇ ਮੈਨੂੰ ਉਹਨਾਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣਾਉਣ ਲਈ ਨਿਵੇਸ਼/ਕੋਸ਼ਿਸ਼ ਹੀ ਨਹੀਂ ਕੀਤੀ ।  

ਪਿਆਰ ਦੀ ਇਹ ਬਨਾਵਟ ਮੈਨੂੰ ਡਰਾਉਂਦੀ ਹੈ । ਇੱਕ ਪਾਸੇ, ਇੱਕ ਅਜਿਹੇ ਇਨਸਾਨ ਦੀ ਤਰ੍ਹਾਂ ਜੋ ਨਿੱਜੀ ਤੌਰ ਤੇ ਅਤੇ ਇਤਿਹਾਸਿਕ-ਸਭਿਆਚਾਰਕ ਤੌਰ ਤੇ ਪਿਆਰ ਕਰਨ ਯੋਗ ਨਹੀਂ ਹੈ, ਮੇਰੀ ਇਹ ਇੱਛਾ ਹੈ ਕਿ ਕੋਈ ਮੇਰੀ ਪਰਵਾਹ ਕਰੇ ਅਤੇ ਮੈਨੂੰ ਮਹੱਤਤਾ ਦੇਵੇ ਪਰ ਦੂਜੇ ਨਾਲ ਇਹ ਕਰਨਾ ਮੈਨੂੰ ਡਰਾਉਂਦਾ ਵੀ ਹੈ ।  ਇਸ ਲਈ ਨਹੀਂ ਕਿ ਮੈਂ ਪਿਆਰ 'ਚ ਬੱਝਣਾ ਨਹੀਂ ਚਾਹੁੰਦਾ, ਪਰ ਇਸ ਲਈ ਕਿ ਮੈਂ ਕਿਸੇ ਇੱਕੋ ਇਨਸਾਨ  ਲਈ ਪਿਆਰ ਅਤੇ ਪਰਵਾਹ ਰਾਖਵੀਂ ਰੱਖਣ ਲਈ ਮਜ਼ਬੂਰ ਨਹੀਂ ਮਹਿਸੂਸ ਕਰਨਾ ਚਾਹੁੰਦਾ । ਕਿਉਂਕਿ ਇਹ ਸਿਰਫ਼ ਇੱਕ ਇਨਸਾਨ ਨੂੰ ਪਿਆਰ ਕਰਨਾ ਨਹੀਂ ਹੈ ਸਗੋਂ ਦੂਜਿਆਂ ਨੂੰ ਪਿਆਰ ਨਾ ਕਰਨ ਦੀ ਕੀਮਤ ਤੇ ਇੱਕ ਨੂੰ ਪਿਆਰ ਕਰਨਾ ਹੈ । ਮੈਨੂੰ ਨਹੀਂ ਲੱਗਦਾ ਕਿ ਪਿਆਰ ਅਤੇ ਰੋਮਾਂਸ ਇਹ ਹੁੰਦਾ ਹੈ ਪਰ ਸਮਾਜ 'ਚ ਏਸੇ ਤਰ੍ਹਾਂ ਇਹ ਵਾਪਰਦਾ ਹੈ । ਹੋ ਸਕਦਾ ਹੈ ਕਿ ਇਹ ਜਾਣ-ਬੁੱਝ ਕੇ ਨਾ ਵਾਪਰਦਾ ਹੋਵੇ ਜਾਂ ਅਵਚੇਤਨ ਤੌਰ ਤੇ ਵਾਪਰਦਾ ਹੋਵੇ । ਪਰ ਇਸ ਨੂੰ 'ਪੂੰਜੀਵਾਦੀ ਵਿਅਕਤੀਵਾਦ' ਦਾ ਸਿੱਟਾ ਨਾ ਕਹਿਣਾ ਔਖਾ ਲੱਗਦਾ ਹੈ ।  ਅਜਿਹਾ ਪੂੰਜੀਵਾਦ ਜੋ ਵੰਡ ਕੇ ਜਿੱਤਣਾ ਚਾਹੁੰਦਾ ਹੈ (ਫੁੱਟ ਪਾਉ ਤੇ ਰਾਜ ਕਰੋ) ।  ਮੈਂ ਆਪਣਾ ਪਿਆਰ ਅਤੇ ਪਰਵਾਹ ਖੁੱਲ੍ਹੇ ਤੌਰ ਤੇ ਦੇਣਾ ਚਾਹੁੰਦੇ ਹਾਂ ਅਤੇ ਏਸੇ ਤਰ੍ਹਾਂ ਵਾਪਸ ਚਾਹੁੰਦਾ ਹਾਂ - ਬਿਨਾਂ ਕਿਸੇ ਰੋਮਾਂਟਿਕ ਜਾਂ ਸਰੀਰਕ ਰਿਸ਼ਤੇ ਜਾਂ ਮਜ਼ਬੂਰੀ ਦੇ ।

ਮੈਂ ਨਹੀਂ ਚਾਹੁੰਦਾ ਕੋਈ ਮੈਨੂੰ 'ਪਿਆਰ' ਕਰੇ । ਮੈਂ ਚਾਹੁੰਦਾ ਹਾਂ ਕਿ ਕੋਈ ਮੇਰੀ ਪਰਵਾਹ ਕਰੇ, ਤਰਜੀਹ ਦੇਵੇ ਅਤੇ ਮੈਂ ਇੱਕ ਅਜਿਹੀ ਦੁਨੀਆਂ ਬਣਾਉਣਾ ਚਾਹੁੰਦਾ ਹਾਂ, ਜਿੱਥੇ ਰੋਮਾਂਟਿਕ ਪਿਆਰ ਅਜਿਹੇ ਹਾਲਾਤਾਂ ਦੀ ਸ਼ਰਤ ਨਹੀਂ ਹੈ - ਖ਼ਾਸ ਕਰ ਇਸ ਰਾਜ ਅੰਦਰ, ਜਿਸ 'ਚ ਕਿਹੜੇ ਸਰੀਰਾਂ (ਇਨਸਾਨ) ਨੂੰ ਪਿਆਰ ਕੀਤਾ ਜਾ ਸਕਦਾ ਹੈ, ਪਰਵਾਹ ਕੀਤੀ ਜਾ ਸਕਦੀ ਹੈ ਜਾਂ ਨਿਵੇਸ਼ ਕੀਤਾ ਜਾ ਸਕਦਾ ਹੈ, ਇਸ ਦਾ ਘੇਰਾ ਬੜਾ ਹੀ ਸੀਮਿਤ ਹੈ ।

ਪਰ ਅਸੀਂ ਇੱਕ ਦੂਜੇ ਨਾਲ ਇੱਕ ਦੂਜੇ ਨੂੰ ਆਪਣੇ ਸਰੀਰਕ ਰਿਸ਼ਤਿਆਂ ਅਤੇ ਰੁਚਿਆਂ ਦੇ ਬਾਵਜੂਦ ਜ਼ਿੰਦਾ ਰੱਖਣ ਦਾ ਵਾਅਦਾ ਕਰ ਸਕਦੇ ਹਾਂ ।  ਸਾਨੂੰ ਇਹ ਕਰਨ ਦੀ ਲੋੜ ਹੈ ।  'ਆਪਣੇ ਆਪ ਤੇ ਭਰੋਸਾ ਰੱਖਣ' ਵਾਲਾ ਇਹ ਭਰਮ ਨਵ-ਉਦਾਰਵਾਦੀ ਪ੍ਰਬੰਧ ਦੀ ਦੇਣ ਹੈ ਜਿਸ ਦਾ ਇੱਕੋ-ਇੱਕ ਕੰਮ ਹੈ- ਪੀੜਤ ਨੂੰ ਦੋਸ਼ੀ ਠਹਿਰਾਉਣਾ । ਇਹ ਲੋਕਾਂ ਨਾਲ ਹੁੰਦੇ ਧੱਕੇ ਨੂੰ ਸੁਤੰਤਰ ਵਿਚਾਰ ਦੇ ਨਾਂ ਹੇਠ ਉਹਨਾਂ ਦਾ ਗੈਰ-ਰਾਜਨੀਤੀਕਰਨ ਕਰਨ ਦੀ ਅਤੇ ਸਮਿਜਕ ਜਵਾਬਦੇਹੀ ਤੋਂ ਭੱਜਣ ਦੀ ਕੋਸ਼ਿਸ਼ ਹੈ । ਹੁਣ ਸਵਾਲ ਇਹ ਹੈ ਕਿ ਕੀ ਅਸੀਂ 'ਪਿਆਰ' ਦੇ ਬਾਹਰ ਇੱਕ-ਦੂਜੇ ਦੀ ਪਰਵਾਹ ਕਰ ਸਕਦੇ ਹਾਂ ? ਕੀ ਅਸੀਂ ਉਹ ਜਿਹਨਾਂ ਨੂੰ ਪਿਆਰ ਨਹੀਂ ਮਿਲਦਾ ਅਤੇ ਪਿਆਰਕਰਨ ਯੋਗ ਨਹੀਂ ਸਮਝਿਆ ਜਾਂਦਾ, ਉਹਨਾਂ ਨੂੰ ਜ਼ਿੰਦਾ ਰੱਖ ਸਕਦੇ ਹਾਂ ? ਕੀ ਸਾਡੇ 'ਚ ਏਸੀ ਦੁਨੀਆਂ ਬਣਾਉਣ ਦੀ ਹਿੰਮਤ ਹੈ?

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ