Thu, 18 April 2024
Your Visitor Number :-   6980604
SuhisaverSuhisaver Suhisaver

ਅਰਜਨਟੀਨਾ ਦਾ ਮੁਦਰਾ ਸੰਕਟ ਸਾਮਰਾਜੀ ਆਰਥਿਕ ਸੰਕਟ ਦੀ ਅਹਿਮ ਕੜੀ -ਮਨਦੀਪ

Posted on:- 27-09-2019

2008 ਦੀ ਵਿਸ਼ਵ ਮੰਦੀ ਤੋਂ ਹੀ ਵਿਸ਼ਵ ਅਰਥਚਾਰੇ ਦੀ ਸਿਹਤ ਲਗਾਤਾਰ ਸੰਕਟਗ੍ਰਸਤ ਚੱਲੀ ਆ ਰਹੀ ਹੈ। 2008 ਵਾਲੇ ਸੰਕਟ ਦੀ ਤਾਬ ਅਮਰੀਕੀ ਸਾਮਰਾਜ ਨੂੰ ਝੱਲਣੀ ਪਈ ਸੀ। ਦਰਅਸਲ, ਇਹ ਸ਼ੁਰੂ ਹੀ ਇਸ ਸਾਮਰਾਜੀ ਕਿਲ੍ਹੇ ਵਿਚੋਂ ਹੋਇਆ ਸੀ। ਉਦੋਂ ਇਸਦਾ ਬੋਝ ਵਿਸ਼ਵ ਦੇ ਪੱਛੜੇ ਮੁਲਕਾਂ ਉੱਤੇ ਪਾ ਕੇ ਅਮਰੀਕੀ ਸਾਮਰਾਜ ਨੇ ਕੁਝ ਅਰਸੇ ਲਈ ਆਰਜੀ ਰਾਹਤ ਹਾਸਲ ਕਰ ਲਈ ਸੀ। ਹਾਲੀਆ ਕੁਝ ਵਰ੍ਹਿਆਂ 'ਚ ਇਸਦੇ ਲੱਛਣ ਮੁੜ ਤੇਜੀ ਨਾਲ ਉਭਰਨੇ ਸ਼ੁਰੂ ਹੋ ਚੁੱਕੇ ਹਨ। ਇਸ ਵਾਰ ਇਸਦੀ ਚਪੇਟ ਵਿੱਚ ਛੋਟੀਆਂ ਅਤੇ ਵੱਡੀਆਂ ਦੋਵੇਂ ਆਰਥਿਕਤਾਵਾਂ ਵਾਲੇ ਦੇਸ਼ ਆ ਰਹੇ ਹਨ।

ਵਿਸ਼ਵੀਕਰਨ ਦੇ ਦੌਰ ਵਿੱਚ ਵਿਸ਼ਵ ਆਰਥਿਕਤਾਵਾਂ ਦੀਆਂ ਤੰਦਾਂ ਆਪਸ ਵਿੱਚ ਜੁੜੀਆਂ ਹੋਣ ਕਰਕੇ ਅਤੇ ਦੂਜਾ ਵਿਸ਼ਵ ਵਪਾਰ ਡਾਲਰ ਨਾਲ ਬੱਝਿਆ ਹੋਣ ਕਰਕੇ ਜੇਕਰ ਇਸਦੀ ਇਕ ਕੜੀ ਪ੍ਰਭਾਵਿਤ ਹੁੰਦੀ ਹੈ ਤਾਂ ਇਹ ਬਾਕੀ ਆਰਥਿਕਤਾਵਾਂ ਤੇ ਵੀ ਅਸਰਅੰਦਾਜ਼ ਹੁੰਦਾ ਹੈ। ਮੌਜੂਦਾ ਆਰਥਿਕ ਸੰਕਟ ਜੋ 2008 ਵਾਲੇ ਸੰਕਟ ਦੀ ਲਗਾਤਾਰਤਾ ਦਾ ਹੀ ਹਿੱਸਾ ਹੈ, ਦਾ ਤਿੱਖਾ ਵਿਸਫੋਟ ਅਮਰੀਕੀ ਮਹਾਂਦੀਪ ਦੇ ਦੱਖਣੀ ਹਿੱਸੇ ਵਿੱਚ ਹੋ ਰਿਹਾ ਹੈ। ਇਸਤੋਂ ਵੀ ਅੱਗੇ ਇਸਨੇ ਦੱਖਣੀ ਅਮਰੀਕੀ ਹਿੱਸੇ ਦੀਆਂ ਸਭ ਤੋਂ ਵੱਡੀਆਂ ਆਰਥਿਕਤਾਵਾਂ (ਬਰਾਜੀਲ, ਅਰਜਨਟੀਨਾ, ਪਰਾਗੁਏ, ਮੈਕਸੀਕੋ ਆਦਿ) ਵਾਲੇ ਮੁਲਕਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹੈ। ਵੈਨਜ਼ੂਏਲਾ ਤੋਂ ਬਾਅਦ ਇਸ ਸੰਕਟ ਦਾ ਚੰਦਰਾ ਪ੍ਰਛਾਵਾਂ ਅਰਜਨਟੀਨਾ ਉੱਤੇ ਪੈ ਚੁੱਕਾ ਹੈ। ਵਿਸ਼ਵ ਆਰਥਿਕਤਾ ਦੇ ਇਤਿਹਾਸ ਵਿਚ ਵੈਨਜ਼ੂਏਲਾ ਅਤੇ ਅਰਜਨਟੀਨਾ ਦੀ ਸਥਿਤੀ ਇਸ ਸਮੇਂ ਸਧਾਰਨ ਨਹੀਂ ਬਲਕਿ ਅਨੂਠੀ (Unique) ਬਣੀ ਹੋਈ ਹੈ।

ਬੀਤੇ 11 ਅਗਸਤ ਨੂੰ ਅਰਜਨਟੀਨਾ ਵਿਚ 27ਵੀਆਂ ਰਾਸ਼ਟਰਪਤੀ ਚੋਣਾਂ ਦਾ ਪਹਿਲਾ ਗੇੜ ਮੁਕੰਮਲ ਹੋਇਆ। ਜਿਸ ਵਿੱਚ ਸੱਤਾ ਧਿਰ ਦੇ ਉਮੀਦਵਾਰ ਤੇ ਮੌਜੂਦਾ ਰਾਸ਼ਟਰਪਤੀ ਮੁਰਸੀਓ ਮਾਕਰੀ ਨੂੰ 'ਖੱਬੇਪੱਖੀ' ਵਿਰੋਧੀ ਧਿਰ ਦੇ ਉਮੀਦਵਾਰ ਅਲਬੇਰਤੋ ਫਰਨਾਡੇਜ਼ ਦੇ ਮੁਕਾਬਲੇ ਕ੍ਰਮਵਾਰ 32.3%-47.4% ਵੋਟਾਂ ਦੇ ਭਾਰੀ ਫਰਕ ਨਾਲ ਹਾਰ ਦਾ ਮੂੰਹ ਦੇਖਣਾ ਪਿਆ। ਚੋਣ ਨਤੀਜਿਆਂ ਦੇ 24 ਘੰਟਿਆਂ ਦੇ ਅੰਦਰ ਅਰਜਨਟੀਨਾ ਦੀ ਸਟੌਕ ਮਾਰਕਿਟ 55 ਫੀਸਦੀ ਡਿੱਗ ਗਈ ਅਤੇ ਸਥਾਨਕ ਮੁਦਰਾ 30 ਫੀਸਦ। ਬਜ਼ਾਰ ਵਿੱਚ ਵੱਡੀ ਸੁਨਾਮੀ ਖੜੀ ਹੋ ਗਈ। ਸੋਮਵਾਰ ਦੀ ਸਵੇਰ ਇਸਦੀ ਮੁਦਰਾ ਪੈਸੋ (Peso) ਅਮਰੀਕੀ ਡਾਲਰ ਮੁਕਾਬਲੇ 45-1 ਦੀ ਕਦਰ ਰੱਖਦੀ ਸੀ ਜਿਸਦੀ ਕਦਰ-ਘਟਾਈ ਸ਼ਾਮ ਸੱਤ ਵਜੇ ਤੱਕ 68-1 ਦੇ ਹੈਰਾਨੀਜਨਕ ਅਨੁਪਾਤ ਤੱਕ ਹੋ ਗਈ। ਪੈਸੋ ਦੀ ਕਦਰ-ਘਟਾਈ ਦੀ ਇਹ ਦਰ 30% ਸੀ ਜੋ ਕਿ ਆਰਥਿਕਤਾ ਦੇ ਇਤਿਹਾਸ ਵਿਚ ਵੱਡਾ ਝਟਕਾ ਹੈ। ਆਰਥਿਕਤਾ ਦੇ ਵਿਸ਼ਵ ਇਤਿਹਾਸ ਵਿੱਚ ਇਹ ਅਜੋਕੇ ਦੌਰ ਦੀ ਸਭ ਤੋਂ ਵੱਡੀ ਤੇ ਇਤਿਹਾਸਕ ਮੁਦਰਾ ਕਦਰ-ਘਟਾਈ ਦੀ ਘਟਨਾ ਬਣ ਗਈ ਹੈ। ਚੋਣ ਨਤੀਜਿਆਂ ਦੇ ਝਟਕੇ ਨਾਲ ਸਰਕਾਰ ਦੀਆਂ ਜੜਾਂ ਹਿੱਲ ਗਈਆਂ ਅਤੇ ਰਾਤੋ-ਰਾਤ ਪੂਰੇ ਦੇਸ਼ ਅੰਦਰ ਅਫਰਾਤਫਰੀ ਅਤੇ ਅਸੁਰੱਖਿਆ ਦਾ ਮਹੌਲ ਬਣ ਗਿਆ। ਆਈਐਮਐਫ ਜੋ ਕਿ ਮਾਕਰੀ ਦੀ ਜਿੱਤ ਲਈ ਚੱਲ ਰਹੀ ਚੋਣ ਮੁਹਿੰਮ ਦੌਰਾਨ ਉਸਦੇ ਹੱਕ ਵਿਚ ਲਗਾਤਾਰ ਬਿਆਨ ਦੇ ਰਹੀ ਸੀ, ਨੂੰ ਵੀ ਵੱਡਾ ਝਟਕਾ ਲੱਗਾ। ਇਸ ਸੰਕਟ ਦੀ ਘੜੀ ਵਿੱਚ ਬੇਵੱਸ ਹੋਏ ਖਜਾਨਾ ਮੰਤਰੀ ਨਿਕੋਲਸ ਦੂਖੋਵਨੇ ਨੇ 'ਅਹਿਮ ਨਵੀਨੀਕਰਨ' ਕਰਨ ਦੀ ਜਰੂਰਤ ਦਾ ਬਿਆਨ ਦੇ ਕੇ ਆਪਣੇ ਪਦ ਤੋਂ ਅਸਤੀਫਾ ਦੇ ਦਿੱਤਾ ਹੈ। ਵਿਦੇਸ਼ੀ ਨਿਵੇਸ਼ਕ ਜੋ ਕਿ ਚੋਣ ਨਤੀਜਿਆਂ ਦੀ ਉਡੀਕ ਵਿੱਚ ਬੈਠੇ ਸਨ, ਸਮਝ ਗਏ ਸਨ ਕਿ ਹੁਣ ਉਹਨਾਂ ਦਾ ਪੱਖੀ ਉਮੀਦਵਾਰ ਅੰਤਿਮ ਜਿੱਤ ਦੇ ਟੀਚੇ ਤੋਂ ਬਹੁਤ ਫਾਡੀ ਰਹਿ ਚੁੱਕਾ ਹੈ, ਨੇ ਆਪਣਾ ਬਚਿਆ-ਖੁਚਿਆ ਸਰਮਾਇਆ ਮੰਡੀ ਵਿਚੋਂ ਖਿਸਕਾ ਲਿਆ। ਉਹ ਜਾਣਦੇ ਸਨ ਕਿ ਅਰਜਨਟੀਨਾ ਦੇ 'ਖੱਬੇਪੱਖੀ' ਆਰਥਿਕ ਖੇਤਰ ਵਿਚ ਸਰਕਾਰੀ ਦਖਲਅੰਦਾਜੀ ਦੀ ਨੀਤੀ ਉੱਤੇ ਚੱਲਦੇ ਹਨ, ਜਿਸ ਕਰਕੇ ਉਹਨਾਂ ਦੇ ਮੁਨਾਫਿਆਂ ਉੱਤੇ ਭਾਰੀ ਸੱਟ ਵੱਜੇਗੀ। ਇਸ ਬੇਭਰੋਸਗੀ ਅਤੇ ਅਸਥਿਰਤਾ ਨੇ ਇਕ ਦਿਨ ਵਿਚ ਹੀ ਦੇਸ਼ ਦੀ ਆਰਥਿਕਤਾ ਦੀਆਂ ਨੀਹਾਂ ਹਿਲਾਕੇ ਰੱਖ ਦਿੱਤੀਆਂ।

ਸਰਕਾਰ ਨੇ ਵਕਤੀ ਰਾਹਤ ਲਈ ਕੇਂਦਰੀ ਬੈਂਕ ਨੂੰ ਆਪਣੇ 255 ਮਿਲੀਅਨ ਡਾਲਰ ਦੇ ਭੰਡਾਰ ਵੇਚਣ ਦਾ ਆਦੇਸ਼ ਜਾਰੀ ਕਰ ਦਿੱਤਾ ਅਤੇ ਤੇਲ ਕੀਮਤਾਂ 90 ਦਿਨ ਲਈ ਸਥਿਰ ਕਰਨ ਦਾ ਐਲਾਨ ਕਰ ਦਿੱਤਾ। ਇਕ ਹਫਤੇ ਲਈ ਦੇਸ਼ ਅੰਦਰ ਵਪਾਰਕ ਵਸਤਾਂ ਉੱਤੇ ਲੱਗਣ ਵਾਲਾ ਸਰਕਾਰੀ ਟੈਕਸ ਮੁਆਫ ਕਰ ਦਿੱਤਾ ਗਿਆ ਹੈ। ਪਰ ਇਹ ਸਭ ਵਕਤੀ ਰਾਹਤ ਹੈ, ਜਿਸਨੇ ਭਵਿੱਖ ਵਿਚ ਇਸਦੀ ਆਰਥਿਕਤਾ ਨੂੰ ਸਥਾਈ ਸੰਕਟ ਵਿਚੋਂ ਨਿਕਲਣ ਲਈ ਕੋਈ ਮਹੱਤਵਪੂਰਨ ਭੂਮਿਕਾ ਅਦਾ ਨਹੀਂ ਕਰਨੀ।

ਪਿਛਲੇ ਸਾਲ ਮਈ ਮਹੀਨੇ ਵਿਚ ਅਮਰੀਕੀ ਡਾਲਰ ਮੁਕਾਬਲੇ ਸਥਾਨਕ ਮੁਦਰਾ ਪੈਸੋ 7% ਡਿੱਗ ਗਈ ਸੀ ਅਤੇ ਮਹਿੰਗਾਈ ਦਰ 40% ਤੱਕ ਵੱਧ ਗਈ ਸੀ। ਉਸ ਸਮੇਂ ਆਈਐਮਐਫ ਨੇ ਮਾਕਰੀ ਵਜ਼ਾਰਤ ਨੂੰ 56 ਅਰਬ ਡਾਲਰ ਦੇ ਬੌਂਡ ਜਾਰੀ ਕੀਤੇ ਸਨ। ਉਸ ਵਕਤ ਇਹ ਪੈਸਾ ਦੇਸ਼ ਦੇ ਲੋਕਾਂ ਦੀਆਂ ਜਰੂਰਤਾਂ ਅਤੇ ਸਹੂਲਤਾਂ ਉੱਤੇ ਲਾਉਣ ਦੀ ਬਜਾਏ ਵਿਸ਼ਵ ਬੈਂਕਰਾਂ, ਵਿਦੇਸ਼ੀ ਨਿਵੇਸ਼ਕਾਂ ਨੂੰ ਬੇਲ ਆਊਟ ਪੈਕਜ਼ ਦੇਣ, ਨਿੱਜੀ ਨਿਵੇਸ਼ਕਾਂ ਅਤੇ ਆਈਐਮਐਫ ਦਾ ਕਰਜ਼ ਮੋੜਨ ਆਦਿ ਉੱਤੇ ਹੀ ਖਰਚ ਕਰ ਦਿੱਤਾ ਗਿਆ ਸੀ। ਇਸ ਸੂਰਤ 'ਚ ਉਲਟਾ ਇਹ 56 ਅਰਬ ਡਾਲਰ ਦੇ ਬੌਂਡ ਦੇਸ਼ ਦੀ ਆਰਥਿਕਤਾ ਲਈ ਹੋਰ ਬੋਝ ਬਣ ਗਏ। ਪੈਸਾ ਪੂੰਜੀਪਤੀਆਂ ਦੀ ਜੇਬ ਵਿੱਚ ਚਲਾ ਗਿਆ ਅਤੇ ਇਸਦਾ ਬਿੱਲ ਸਰਕਾਰੀ ਖਾਤੇ ਵਿੱਚ ਪਾ ਦਿੱਤਾ ਗਿਆ। ਆਈਐਮਐਫ ਦਾ ਕਰਜ਼ਾ ਅਰਜਨਟੀਨਾ ਲਈ ਵੱਡਾ ਬੋਝ ਬਣਿਆ ਹੋਇਆ ਹੈ। ਸਰਕਾਰ ਦੀ ਆਮਦਨ ਦਾ ਵੱਡਾ ਹਿੱਸਾ ਕਰਜ਼ ਦਾ ਵਿਆਜ ਮੋੜਨ ਦੇ ਵੀ ਸਮਰੱਥ ਨਹੀਂ ਹੈ। ਕਰਜ਼ ਤੇ ਉਸਦੇ ਵਿਆਜ ਦੀ ਦੇਣਦਾਰੀ ਅਮਰੀਕੀ ਡਾਲਰ ਵਿਚ ਹੋਣ ਕਰਕੇ ਕਰਜ਼ ਦੀ ਕੀਮਤ ਵੱਧ ਰਹੀ ਹੈ ਅਤੇ ਸਥਾਨਕ ਕਰੰਸੀ ਦੀ ਕੀਮਤ ਘਟਣ ਕਾਰਨ ਇਹ ਬੋਝ ਹੋਰ ਵੱਧ ਰਿਹਾ ਹੈ। ਸਥਾਨਕ ਮੁਦਰਾ ਦੇ ਲਗਾਤਾਰ ਹੇਠਾਂ ਵੱਲ ਜਾਣ, ਆਰਥਿਕ ਅਸਥਿਰਤਾ ਅਤੇ ਕੇਂਦਰੀ ਬੈਂਕ ਵੱਲੋਂ ਵਿਆਜ ਦਰਾਂ ਵਧਾਉਣ (75 ਫੀਸਦ) ਕਾਰਨ ਵਿਦੇਸ਼ੀ ਨਿਵੇਸ਼ ਮੁਲਕ ਵਿਚੋਂ ਲਗਾਤਾਰ ਉਡਾਣ ਭਰ ਰਿਹਾ ਹੈ। ਇਸ ਸਮੇਂ ਅਰਜਨਟੀਨਾ ਦੀ ਮਹਿੰਗਾਈ ਦਰ ਦੀ ਗਤੀ ਸੰਸਾਰ ਵਿਚੋਂ ਸਭ ਤੋਂ ਵੱਧ ਤੇਜ਼ ਹੈ। ਹਾਲਾਤ ਇਸੇ ਰੁਖ ਕਰਵਟ ਬਦਲਦੇ ਰਹੇ ਤਾਂ ਅਰਜਨਟੀਨਾ ਆਉਣ ਵਾਲੇ ਕੁਝ ਸਮੇਂ ਵਿਚ ਹੀ ਲਾਤੀਨੀ ਮਹਾਂਦੀਪ ਦਾ ਦੂਜਾ ਵੈਨਜ਼ੂਏਲਾ ਬਣਕੇ ਉੱਭਰ ਸਕਦਾ ਹੈ।

ਦੇਸ਼-ਵਿਆਪੀ ਮਹਿੰਗਾਈ, ਬੇਰੁਜਗਾਰੀ, ਭ੍ਰਿਸ਼ਟਾਚਾਰ, ਵਿੱਤੀ ਘਾਟਾ, ਵਿਦੇਸ਼ੀ ਮੁਦਰਾ ਭੰਡਾਰਨ, ਜ਼ਖੀਰੇਬਾਜੀ, ਵੱਧ ਵਿਆਜ ਦਰਾਂ, ਮੁਦਰਾ ਦੀ ਕੀਮਤ ਘਟਣ ਆਦਿ ਕਾਰਨਾਂ ਕਰਕੇ ਅੰਦਰੂਨੀ ਅਤੇ ਬਾਹਰੀ ਵਪਾਰਕ ਹਾਲਾਤ ਵਿਗੜ ਰਹੇ ਹਨ। ਲੋਕਾਂ ਦਾ ਜੀਵਨ ਪੱਧਰ ਹੇਠਾਂ ਜਾ ਰਿਹਾ ਹੈ। ਸਜਾਵਟੀ ਵਸਤਾਂ, ਖਿਡਾਉਣੇ, ਫਰਨੀਚਰ, ਆਟੋ ਸਨਅਤ ਆਦਿ ਦਾ ਉਤਪਾਦਨ ਹੇਠਾਂ ਡਿੱਗ ਚੁੱਕਾ ਹੈ ਅਤੇ ਇਹ ਬੁਰੀ ਤਰ੍ਹਾਂ ਮੰਦੀ ਦੀ ਮਾਰ ਹੇਠ ਆ ਚੁੱਕੀਆਂ ਹਨ। ਤੇਲ, ਸੋਇਆ, ਮੱਕੀ, ਕਣਕ, ਮੀਟ, ਸੂਅਰ, ਪਾਸਤਾ ਦੇ ਰੇਟ ਅਸਮਾਨ ਛੋਹ ਰਹੇ ਹਨ ਅਤੇ ਇਹ ਲੋਕਾਂ ਦੀ ਘੱਟ ਆਮਦਨ ਕਰਕੇ ਪਹੁੰਚ ਤੋਂ ਬਾਹਰ ਹੋ ਰਹੇ ਹਨ। ਲੋਕਾਂ ਨੇ ਆਪਣੀਆਂ ਨਿੱਤਾ-ਪ੍ਰਤੀ ਲੋੜਾਂ ਘਟਾ ਲਈਆਂ ਹਨ। ਸ਼ਹਿਰ ਅਤੇ ਦੇਹਾਤ ਦੋਵੇਂ ਇਸ ਸੰਕਟ ਦੀ ਮਾਰ ਹੇਠ ਆਏ ਹੋਏ ਹਨ। ਘਰੇਲੂ ਸਨਅਤ ਤਬਾਹ ਹੋ ਰਹੀ ਹੈ ਅਤੇ ਛੋਟੀ ਕਿਸਾਨੀ ਲਗਾਤਾਰ ਖਤਮ ਹੋ ਰਹੀ ਹੈ। ਵਿਦੇਸ਼ੀ ਮੁਦਰਾ ਦੀ ਬਲੈਕ ਮਾਰਕਿੰਟਗ ਜੋਰਾਂ ਉੱਤੇ ਹੈ। ਵਿੱਤੀ ਘਾਟਾ 4.8% ਤੱਕ ਹੇਠਾਂ ਡਿੱਗ ਗਿਆ ਹੈ ਅਤੇ ਕੁਲ ਘਰੇਲੂ ਪੈਦਾਵਰ 1.9 ਫੀਸਦ ਤੱਕ ਹੇਠਾਂ ਲੁੜਕ ਗਈ ਹੈ। ਇਸਦੀ ਮਹਿੰਗਾਈ ਦਰ 56 ਫੀਸਦ ਸਲਾਨਾ ਦੇ ਹਿਸਾਬ ਨਾਲ ਚੱਲ ਰਹੀ ਹੈ ਜੋ ਕਿ ਵਿਸ਼ਵ ਵਿਚੋਂ ਸਭ ਤੋਂ ਉੱਚੀ ਮਹਿੰਗਾਈ ਦਰ ਹੈ। ਇਸਦੀ ਬੇਰੁਜਗਾਰੀ ਦਰ ਪਿਛਲੇ ਚਾਰ ਸਾਲਾਂ ਵਿੱਚ ਦੁਗਣੀ ਹੋ ਗਈ ਹੈ। ਸਨਅਤੀ ਪੈਦਵਰ 10 ਫੀਸਦ ਹੇਠਾਂ ਡਿੱਗ ਗਈ ਹੈ। ਪੈਨਸ਼ਨਾਂ ਅਤੇ ਸਰਕਾਰੀ ਨੌਕਰੀਆਂ ਉੱਤੇ ਕੱਟ ਤੇ ਘਰਾਂ ਉੱਤੇ ਸਬਸਿਡੀਆਂ ਖਤਮ ਕਰ ਦਿੱਤੀਆਂ ਗਈਆਂ ਹਨ।
ਅਮਰੀਕੀ ਸਾਮਰਾਜ ਨੇ 1929 ਦੀ ਮਹਾਂਮੰਦੀ ਦੇ ਦੌਰ ਵਿਚ (ਉਸਤੋਂ ਬਾਅਦ ਵੀ) ਦੱਖਣੀ ਅਮਰੀਕਾ ਦੇ ਪੱਛੜੀ ਆਰਥਿਕਤਾ ਵਾਲੇ ਦੇਸ਼ਾਂ ਨੂੰ ਲਗਾਤਾਰ ਸਾਮਰਾਜੀ ਸਰਮਾਏ ਦੀ ਬਰਾਮਦ ਲਈ ਵਰਤਿਆ। ਉਸ ਸਮੇਂ ਇਸ ਮਹਾਂਦੀਪ ਦੀਆਂ ਵੱਡੀਆਂ ਆਰਥਿਕਤਾਵਾਂ ਲੰਮਾ ਸਮਾਂ ਸਥਿਰ ਰਹੀਆਂ ਜਿਹਨਾਂ ਵਿੱਚ ਅਰਜਨਟੀਨਾ ਦੀ ਆਰਥਿਕਤਾ ਵਿਸ਼ੇਸ਼ ਜਿਕਰਯੋਗ ਰਹੀ। ਮਹਾਂਮੰਦੀ ਤੋਂ ਬਾਅਦ 1962 'ਚ ਅਰਜਨਟੀਨਾ ਦੀ ਪਰ ਕੈਪਟਾ ਕੁੱਲ ਘਰੇਲੂ ਪੈਦਾਵਾਰ ਆਸਟਰੀਆ, ਇਟਲੀ ਅਤੇ ਜਪਾਨ ਨਾਲੋਂ ਵੀ ਵੱਧ ਸੀ। ਪਰ 80ਵਿਆਂ ਤੱਕ ਆਉਂਦਿਆ ਇਹ ਵਿਦੇਸ਼ੀ ਕਰਜ਼ ਵਿਚ ਫਸ ਗਈ। 1975-90 'ਚ ਖੜੋਤ ਦੇ ਦੌਰ ਵਿੱਚ ਰਹਿਣ ਦੇ ਬਾਵਜੂਦ ਵੀ 1990 ਤੱਕ ਇਸਦੀ ਸਥਾਨਕ ਮੁਦਰਾ ਪੈਸੋ ਦੀ ਕਦਰ ਅਮਰੀਕੀ ਡਾਲਰ ਦੇ ਬਰਾਬਰ ਸੀ। ਅਤੇ ਇਸਦੀ ਕੁਲ ਘਰੇਲੂ ਪੈਦਾਵਾਰ ਇਸ ਮਹਾਂਦੀਪ ਦੀਆਂ ਵੱਡੀਆਂ ਆਰਥਿਕਤਾਵਾਂ ਚਿੱਲੀ, ਬਰਾਜੀਲ ਤੇ ਮੈਕਸੀਕੋ ਤੋਂ ਉਪਰ ਸੀ। ਇਸਦੇ ਮੌਜੂਦਾ ਸੰਕਟ ਦੀ ਤਕਦੀਰ 1983 ਵਿਚ ਹੀ ਲਿਖੀ ਗਈ ਸੀ ਜਦੋਂ ਆਈਐਮਐਫ ਦਾ ਸਟਾਫ ਨਵਉਦਾਰਵਾਦੀ ਨੀਤੀਆਂ ਦਾ ਮਸੌਦਾ ਲੈ ਕੇ ਇਸਦੀ ਰਾਜਧਾਨੀ ਬੋਏਨਸ ਆਇਰਸ ਪਹੁੰਚਿਆ ਸੀ ਅਤੇ ਇਸਦੇ ਆਰਥਿਕ ਖੇਤਰ ਦਾ ਜਾਇਜਾ ਲੈ ਕੇ ਮੋਟੇ ਕਰਜ਼ ਮੁਹੱਇਆ ਕਰਵਾਏ ਗਏ ਸਨ। 1986 ਤੱਕ ਅਰਜਨਟੀਨਾ ਇਸਦੇ ਕਰਜ਼ਜਾਲ ਵਿੱਚ ਫਸ ਚੁੱਕਾ ਸੀ ਅਤੇ 1986 'ਚ ਹੀ ਡਿਫਾਲਟਰ ਹੋ ਗਿਆ ਸੀ। ਇਸੇ ਆੜ ਹੇਠ 1990-95 ਵਿੱਚ ਵਿਸ਼ਵ ਵਪਾਰ ਸੰਸਥਾ ਅਤੇ ਆਈਐਮਐਫ ਨੇ ਅਰਜਨਟੀਨਾ ਅੰਦਰ ਮੁਕਤ ਬਜ਼ਾਰ ਖੜਾ ਕਰਕੇ ਤਿੱਖੇ ਆਰਥਿਕ ਸੁਧਾਰ ਕੀਤੇ। ਭਾਰਤ ਵਾਂਗ ਅਰਜਨਟੀਨਾ ਅੰਦਰ ਵੀ ਵਿਸ਼ਵੀਕਰਨ-ਨਿੱਜੀਕਰਨ ਦਾ ਕਾਲ-ਖੰਡ ਇਕੋ ਹੀ ਸੀ। ਇੱਥੇ ਪਹਿਲੀ ਵਾਰ ਵੱਡੀ ਪੱਧਰ ਉੱਤੇ ਬੰਦਰਗਾਹਾਂ, ਸਰਕਾਰੀ ਕਾਰਖਾਨੇ-ਫੈਕਟਰੀਆਂ, ਖੇਤੀ ਫਾਰਮ ਅਤੇ ਸਰਕਾਰੀ ਟੈਲੀਫੋਨ ਤੱਕ ਨੂੰ ਨਿੱਜੀ ਹੱਥਾਂ ਵਿਚ ਸੌਂਪ ਦਿੱਤਾ ਗਿਆ। 1929 ਵਾਲੀ ਵਿਸ਼ਵ ਮਹਾਂਮੰਦੀ ਦਾ ਸੇਕ ਕਈ ਦਹਾਕਿਆਂ ਤੱਕ ਦੱਖਣੀ ਅਮਰੀਕੀ ਮਹਾਂਦੀਪ ਨੂੰ ਝੱਲਣਾ ਪਿਆ। ਅਤੇ ਇਸ ਵਾਰ 2008 ਤੋਂ ਲਗਾਤਾਰ ਗਹਿਰੇ ਹੁੰਦੇ ਜਾ ਰਹੇ ਸੰਕਟ ਦਾ ਬੋਝ ਕਿੰਨਾ ਸਮਾਂ ਝੱਲਣਾ ਪਵੇਗਾ ਇਹ ਕਿਆਸ ਤੋਂ ਬਾਹਰ ਹੈ।

ਅਰਜਨਟੀਨਾ ਦਾ ਮੌਜੂਦਾ ਸੰਕਟ ਸਾਮਰਾਜੀ ਨਵਉਦਾਰਵਾਦੀ ਨੀਤੀਆਂ ਦੀ ਪੈਦਾਇਸ਼ ਹੈ। ਪਰੰਤੂ ਸਾਮਰਾਜੀ ਮੁਲਕ ਸੰਸਾਰ ਵਿੱਤੀ ਸੰਕਟਾਂ ਨਾਲ ਨਜਿੱਠਣ ਲਈ ਸਥਾਨਕ ਵਿਵਾਦਾਂ ਦਾ ਸਿਆਸੀਕਰਨ ਕਰ ਰਹੇ ਹਨ। ਸਾਮਰਾਜੀ ਮੁਲਕ ਵੱਖ-ਵੱਖ ਦੇਸ਼ਾਂ ਵਿਚ ਉਹਨਾਂ ਦੇ ਸਥਾਨਕ ਮੁੱਦਿਆਂ ਨੂੰ ਤੂਲ ਦੇ ਕੇ ਆਪਣੇ ਆਰਥਿਕ-ਸਿਆਸੀ ਹਿੱਤ ਸਾਧ ਰਹੇ ਹਨ। ਉਹਨਾਂ ਦੇ ਹਿੱਤ ਸੰਕਟਗ੍ਰਸਤ ਮੁਲਕਾਂ ਦੀ ਲੋਕਾਈ ਦਾ ਬੋਝ ਵੰਡਾਉਣ ਦੀ ਥਾਂ ਇਹਨਾਂ ਦੇਸ਼ਾਂ ਨੂੰ ਆਰਥਿਕ-ਸਿਆਸੀ ਤੌਰ ਤੇ ਆਪਣੇ ਉੱਤੇ ਨਿਰਭਰ ਬਣਾਉਣ, ਉੱਥੋਂ ਦੇ ਕੁਦਰਤੀ ਭੰਡਾਰ ਹੜੱਪਣੇ, ਆਪਣੇ ਉਤਪਾਦਾਂ ਲਈ ਮੰਡੀਆਂ ਸਥਾਪਿਤ ਕਰਨਾ ਅਤੇ ਆਪਣੀ ਸਾਮਰਾਜੀ ਧੜੇਬੰਦੀ ਨੂੰ ਮਜਬੂਤ ਕਰਨ 'ਚ ਨਿਹਿਤ ਹਨ। ਇਸ ਖਿੱਤੇ ਵਿੱਚ ਵਿੱਤੀ ਸੰਕਟ ਨੂੰ ਸੰਬੋਧਿਤ ਹੋਣ ਦੀ ਬਜਾਏ ਅਰਜਨਟੀਨਾ, ਵੈਨਜ਼ੂਏਲਾ ਅਤੇ ਬਰਾਜੀਲ ਵਿਚ 'ਖੱਬੇਪੱਖੀ' ਆਰਥਿਕ ਨੀਤੀਆਂ ਨੂੰ ਸੰਕਟ ਦਾ ਜਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਅਤੇ ਉਹਨਾਂ ਦੇ ਵੱਡੇ ਲੀਡਰਾਂ ਨੂੰ ਵੱਖ-ਵੱਖ ਦੋਸ਼ਾਂ ਤਹਿਤ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ। ਇਵੇਂ ਭਾਰਤ ਵਿਚ ਹਿੰਦੂਤਵੀ ਏਜੰਡਿਆਂ ਨੂੰ ਉਭਾਰਕੇ ਭਾਰਤੀ ਅਰਥ ਵਿਵਸਥਾ ਦੇ ਸੰਕਟ ਨੂੰ ਮਿੱਟੀ-ਘੱਟੇ ਰੋਲਿਆ ਜਾ ਰਿਹਾ ਹੈ। ਅਮਰੀਕਾ ਵਿਚ ਇਹ ਵਰਤਾਰਾ ਪ੍ਰਵਾਸ ਅਤੇ ਨਸਲੀ ਹਿੰਸਾ ਦੀ ਆੜ ਹੇਠ ਜਾਰੀ ਹੈ ਅਤੇ ਅਰਬ ਦੇਸ਼ਾਂ ਅੰਦਰ ਅੱਤਵਾਦ ਨਾਲ ਨਜਿੱਠਣ ਦੇ ਨਾਮ ਹੇਠ। ਇਸ ਤਰ੍ਹਾਂ ਵਿਸ਼ਵ ਵਿਆਪੀ ਆਰਥਿਕ ਸੰਕਟ ਦੀ ਮਾਰ ਹੇਠ ਆਏ ਦੇਸ਼ਾਂ ਦਾ ਧਿਆਨ ਵਟਾਇਆ ਜਾ ਰਿਹਾ ਹੈ।

ਈ-ਮੇਲ: mandeepsaddowal@gmail.com

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ