Fri, 19 April 2024
Your Visitor Number :-   6983052
SuhisaverSuhisaver Suhisaver

ਵਿੱਦਿਅਕ ਸੁਧਾਰਾਂ ਬਿਨਾਂ ਨਹੀਂ ਬਚੇਗਾ ਪੰਜਾਬ: ਪੰਜਾਬ ਦੇ ਪੁਨਰ-ਨਿਰਮਾਣ ਦਾ ਉਤਰ-ਪੂੰਜੀਵਾਦੀ ਏਜੰਡਾ

Posted on:- 05-06-2020

-ਅਮਰਜੀਤ ਸਿੰਘ ਗਰੇਵਾਲ

ਕੋਰੋਨਾ ਦੇ ਸੰਕਟ ਨੇ ਸਾਬਤ ਕਰ ਦਿੱਤਾ ਹੈ ਕਿ ਕੇਵਲ ਸਰਮਾਏ, ਗਿਆਨ, ਤਕਨਾਲੋਜੀ, ਕਿਰਤ, ਵਸਤੂਆਂ ਅਤੇ ਸੇਵਾਵਾਂ ਦਾ ਹੀ ਨਹੀਂ, ਬਿਮਾਰੀਆਂ ਅਤੇ ਉਨ੍ਹਾਂ ਦੇ ਇਲਾਜਾਂ ਦਾ ਵੀ ਵਿਸ਼ਵੀਕਰਣ ਹੋ ਰਿਹਾ ਹੈ। ਦੁਨੀਆਂ ਦੇ ਦੁਖ ਸੁਖ; ਸੰਕਟ ਸਮਾਧਾਨ ਅਤੇ ਸੁਪਨੇ; ਸਭ ਸਾਂਝੇ ਹੋ ਗਏ ਹਨ। ਸਾਂਝ ਦਾ ਅਰਥ ਸਮਰੂਪੀਕਰਣ ਨਹੀਂ, ਸਹਿਯੋਗ ਅਤੇ ਸਾਂਝੀਵਾਲਤਾ ਹੈ। ਇਸ ਲੇਖ ਵਿਚ ਅਸੀਂ ਦੁਨੀਆਂ ਦੀ ਨਹੀਂ, ਭਾਰਤੀ ਪੰਜਾਬ ਦੇ ਭਵਿਖ ਦੀ ਗੱਲ ਕਰਨੀ ਹੈ। ਭਾਵੇਂ ਇਹ ਪੰਜਾਬ ਦੀਆਂ ਵਿਲੱਖਣ ਸਮੱਸਿਆਵਾਂ ਹੋਣ ਤੇ ਭਾਵੇਂ ਉਨ੍ਹਾਂ ਦੇ ਅਦੁਤੀ ਸਮਾਧਾਨ, ਇਨ੍ਹਾਂ ਨੂੰ ਹੁਣ ਗਲੋਬਲੀ ਪਰਿਪੇਖ ਵਿਚ ਹੀ ਦੇਖਣਾ ਹੋਵੇਗਾ।
ਪੰਜਾਬ ਦੇ ਭਵਿਖ ਬਾਰੇ ਸੋਚਣ ਲਈ, ਇਸ ਦੇ ਮੌਜੂਦਾ ਸੰਕਟ ਨੂੰ ਸਮਝਣਾ ਜ਼ਰੂਰੀ ਹੈ। ਸੰਕਟ ਵਿਚੋਂ ਹੀ ਸੰਭਾਵਨਾਵਾਂ ਨੇ ਜਨਮ ਲੈਣਾ ਹੁੰਦਾ ਹੈ। ਸੁਰਜੀਤ ਪਾਤਰ ਦੀ ਕਵਿਤਾ “ਪੰਛੀ ਤਾਂ ਉਡ ਗਏ ਨੇ” ਇਸ ਸੰਕਟ ਦੇ ਲੱਛਣਾ ਵੱਲ ਸੰਕੇਤ ਕਰਦੀ ਹੈ:

“ਪੰਛੀ ਤਾਂ ਉਡ ਗਏ ਨੇ/ ਰੁੱਖ ਵੀ ਸਲਾਹਾਂ ਕਰਨ:/ ਚਲੋ ਏਥੋਂ ਚੱਲੀਏ// ਘਰ ਘਰ ਪੁੱਤ ਕਹਿਣ:/ ਛੱਡ ਬਾਪੂ ਹੁਣ ਕੀ ਏ ਰੱਖਿਆ ਜ਼ਮੀਨ ਵਿਚ/ਵੇਚ ਕੇ ਸਿਆੜ ਚਾਰ/ ਕਰ ਕੇ ਜੁਗਾੜ ਕੋਈ/ ਚੱਲ ਏਥੋਂ ਚੱਲੀਏ// ਤੂੰ ਨੀ ਸੁਣੇ, ਟਿਕੀ ਰਾਤੇ/ ਪਿੰਡ ਦੇ ਉਜਾੜਾਂ ਵਿਚ/ ਮੋਏ ਕਿਰਸਾਨ ਸਾਰੇ/ ਏਹੀ ਵ੍ਰਿੰਦਗਾਨ ਗਾਉਂਦੇ/ ਚਲੋ ਏਥੋਂ ਚੱਲੀਏ// ਏਹੀ ਹੈ ਵ੍ਰਿੰਦਗਾਨ/ ਏਹੀ ਹੈ ਸਮੂਹ-ਗਾਨ/ ਚਲੋ ਏਥੋਂ ਚੱਲੀਏ// ਇਹ ਜਿਹੜੇ/ ਨਸ਼ਿਆਂ ਦੇ ਉਡਣ-ਖਟੋਲੇ ਵਿਚ ਬੈਠ ਜਾਂਦੇ/ ਓਨ੍ਹਾਂ ਨੇ ਵੀ/ ਬੱਸ ਏਥੋਂ ਜਾਣ ਦਾ ਹੀ ਰਾਹ ਜਾਣੀਂ ਲੱਭਿਆ।”

ਕੇਵਲ ਕਿਸਾਨਾਂ ਦੀਆਂ ਆਤਮ ਹੱਤਿਆਵਾਂ ਅਤੇ ਨਸ਼ਿਆ ਵਿਚ ਦਮ ਤੋੜ ਰਹੀ ਨੌਜੁਆਨ ਪੀੜ੍ਹੀ ਹੀ ਨਹੀਂ, ਪੰਜਾਬ ਵਿਚ ਫੈਲ ਰਹੇ ਜੁਰਮ, ਪ੍ਰਦੂਸ਼ਣ, ਬੇਰੁਜ਼ਗਾਰੀ, ਨਾਬਰਾਬਰੀ, ਭ੍ਰਿਸ਼ਟਾਚਾਰ ਅਤੇ ਸਮਾਜਕ ਕਦਰਾਂ ਕੀਮਤਾਂ ਨੂੰ ਲੱਗਣ ਵਾਲਾ ਖੋਰਾ, ਆਦਿ ਪੰਜਾਬ ਦੇ ਉਸ ਸੰਕਟ ਦੀਆਂ ਅਲਾਮਤਾਂ ਹਨ, ਜਿਸ ਕਾਰਨ ‘ਚਲੋ ਏਥੋਂ ਚੱਲੀਏ’ ਦਾ ਸਮੂਹ-ਗਾਨ ਗਾ ਰਿਹਾ ਪੰਜਾਬ ਆਖਦਾ ਹੈ ਕਿ “ਵੇਚ ਕੇ ਸਿਆੜ ਚਾਰ, ਕਰ ਕੇ ਜੁਗਾੜ ਕੋਈ, ਚੱਲ ਏਥੋਂ ਚੱਲੀਏ।”

ਕਵਿਤਾ ਅਖੀਰ ਵਿਚ ਇਹ ਸੁਆਲ ਛੱਡ ਜਾਂਦੀ ਹੈ ਕਿ ਪੰਜਾਬ ਦੀ ਧਰਤੀ ਨੂੰ ਮੁੜ ਤੋਂ ਵਸਣਯੋਗ ਅਤੇ ਰਸਣਯੋਗ ਕਿਵੇਂ ਬਣਾਇਆ ਜਾਵੇ? ਇਸ ਸੁਆਲ ਦਾ ਜੁਆਬ ਢੂੰਡਣ ਤੋਂ ਪਹਿਲਾਂ ਜ਼ਰੂਰੀ ਹੈ ਕਿ ਉਸ ਸੰਕਟ ਦੀ ਨਿਸ਼ਾਨਦੇਹੀ ਕੀਤੀ ਜਾਵੇ, ਜਿਸ ਸੰਕਟ ਦੀਆਂ ਅਲਾਮਤਾਂ ਦਾ ਇਸ ਕਵਿਤਾ ਵਿਚ ਜ਼ਿਕਰ ਹੋਇਆ ਹੈ।
ਕਿਸਾਨ ਕੇਵਲ ਇਸ ਲਈ ਖੁਦਕੁਸ਼ੀਆਂ ਨਹੀਂ ਕਰ ਰਹੇ ਹਨ ਕਿ ਉਨ੍ਹਾਂ ਦੇ ਸਿਰਾਂ ਤੇ ਕਰਜ਼ੇ ਦਾ ਭਾਰ ਹੈ। ਇਹ ਭਾਰ ਤਾਂ ਉਨ੍ਹਾਂ ਤੇ ਹਮੇਸ਼ਾ ਰਿਹਾ ਹੈ। ਪਹਿਲਾਂ ਇਸ ਭਾਰ ਨੂੰ ਉਤਾਰਨ ਲਈ ਉਨ੍ਹਾਂ ਕੋਲ ਇਕ ਭਰੋਸੇਯੋਗ ਫਾਰਮੂਲਾ ਹੁੰਦਾ ਸੀ: ਦੱਬ ਕੇ ਅਕਲ ਨਾਲ ਵਾਹ ਤੇ ਰੱਜ ਕੇ ਖਾਹ। ਭਾਵ ਕਿ ਜੇ ਤੁਸੀਂ ਸਖਤ ਮਿਹਨਤ ਨਾਲ ਯੂਨੀਵਰਸਟੀ/ ਸਰਕਾਰ ਦੀਆਂ ਸਿਫਾਰਸ਼ਾ ਉਪਰ ਅਮਲ ਕਰਦੇ ਹੋ ਤਾਂ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ: ਪੰਜਾਬ/ ਭਾਰਤ ਦੀ ਆਰਥਕ-ਰਾਜਨੀਤਕ ਵਿਵਸਥਾ ਤੁਹਾਡਾ ਖਿਆਲ ਆਪ ਰੱਖੇਗੀ।

ਪਰ ਹੁਣ ਜਦੋਂ ਇਹ ਫਾਰਮੂਲਾ ਫੇਲ੍ਹ ਹੋ ਚੁਕਿਆ ਹੈ; ਜਦੋਂ ਪਰੰਪਰਾਗਤ ਤਕਨਾਲੋਜੀ ਅਤੇ ਕਿਸਾਨਾਂ ਦੀ ਸਖਤ ਮਿਹਨਤ ਉਨ੍ਹਾਂ ਲਈ ਸਨਮਾਨਯੋਗ ਜ਼ਿੰਦਗੀ ਦਾ ਪ੍ਰਬੰਧ ਕਰਨ ਵਿਚ ਅਸਮਰੱਥ ਹੋ ਗਏ ਹਨ; ਪੰਜਾਬ/ ਭਾਰਤ ਦੀ ਆਰਥਕ-ਰਾਜਨੀਤਕ ਵਿਵਸਥਾ ਵੀ ਉਨ੍ਹਾਂ ਦੀ ਕੋਈ ਮੱਦਦ ਨਹੀਂ ਕਰ ਪਾ ਰਹੀ; ਤਾਂ ਇਨ੍ਹਾਂ ਕਿਸਾਨ ਪਰਿਵਾਰਾਂ ਨੇ ਆਪਣੇ ਬੱਚਿਆ ਦੀ ਪੇਸ਼ੇਵਰ ਸਿਖਿਆ (ਪਰੋਫੈਸ਼ਨਲ ਐਜੂਕੇਸ਼ਨ) ਵਿਚ ਨਿਵੇਸ਼ ਕਰਨਾ ਸ਼ੁਰੂ ਕਰ ਦਿੱਤਾ। ਇੰਜਨੀਅਰਿੰਗ, ਮੈਨੇਜਮੈਂਟ, ਬੀ ਐਡ, ਫਾਰਮੇਸੀ ਅਤੇ ਨਰਸਿੰਗ ਕਾਲਿਜ ਖੁੰਬਾਂ ਵਾਂਗ ਉਗ ਆਏ।
 
ਇਕ ਸਮਾਂ ਸੀ ਜਦੋਂ ਇਨ੍ਹਾਂ ਕਿਸਾਨ ਪਰਿਵਾਰਾਂ ਦੇ ਮੁੰਡੇ ਕੁੜੀਆਂ ਇੰਜਨੀਅਰਿੰਗ ਦੀ ਡਿਗਰੀ ਕਰਕੇ ਸਿੱਧੇ ਐਸ ਡੀ ਓ ਲਗਦੇ ਸਨ। ਸਰਕਾਰੀ ਨੌਕਰੀਆਂ ਦੀ ਸੀਮਾਂ ਹੁੰਦੀ ਹੈ। ਪਰਾਈਵੇਟ ਉਦਯੋਗ ਵਿਕਸਤ ਨਾ ਹੋਇਆ। ਨਤੀਜੇ ਵਜੋਂ ਅੱਜ ਦੇ ਬੱਚੇ ਜਦੋਂ ਉਹੋ ਡਿਗਰੀਆਂ ਹਾਸਲ ਕਰਕੇ ਇਕ ਦਿਹਾੜੀਦਾਰ ਕਾਮੇ ਤੋਂ ਵੀ ਘੱਟ ਤਨਖਹ ਲੈਂਦੇ ਹਨ, ਤਾਂ ਉਨ੍ਹਾਂ ਦਾ ਆਪਣੇ ਮਾਪਿਆਂ ਨੂੰ ਇਹ ਕਹਿਣਾ ਜਾਇਜ਼ ਹੋ ਜਾਦਾ ਹੈ: “ਛੱਡ ਬਾਪੂ ਹੁਣ ਕੀ ਏ ਰੱਖਿਆ ਜ਼ਮੀਨ ਵਿਚ/ਵੇਚ ਕੇ ਸਿਆੜ ਚਾਰ/ ਕਰ ਕੇ ਜੁਗਾੜ ਕੋਈ/ ਚੱਲ ਏਥੋਂ ਚੱਲੀਏ।”

ਬੇਕਾਰੀ ਦੇ ਇਸ ਮਹੌਲ ਵਿਚ ਜਦੋਂ ਸੰਭਾਵਨਾਵਾਂ ਦੇ ਉਹ ਦੁਆਰ ਜੋ ਪੰਜਾਬ/ ਭਾਰਤ ਵਿਚ ਬੰਦ ਹੋ ਗਏ ਸਨ, ਕਨੇਡਾ ਵਰਗੇ ਮੁਲਕਾਂ ਵਿਚ ਖੁਲ੍ਹੇ ਪਏ ਹੋਣ, ਤਾਂ ਪੰਜਾਬ ਦੇ ਉਸ ਸੰਕਟ ਦੀ ਨਿਸ਼ਾਨਦੇਹੀ ਵੀ ਹੋ ਜਾਂਦੀ ਹੈ, ਜਿਸ ਸੰਕਟ ਦੇ ਦੁਖਾਂ ਦਾ ਇਹ ਸਮੂਹਗਾਨ ਅੱਜ ਸਾਰਾ ਪੰਜਾਬ ਗਾ ਰਿਹਾ ਹੈ। ਮੇਰੇ ਪਿੰਡ ਦੇ ਨਿਰਾਸ਼ਾ ਵਿਚ ਘਿਰੇ ਇਕ ਕਿਸਾਨ ਨੇ ਇਸ ਸੰਕਟ ਨੂੰ ਕੁਝ ਇਸ ਤਰ੍ਹਾਂ ਦੇ ਲਫਜ਼ਾਂ ਵਿਚ ਬਿਆਨ ਕੀਤਾ:

“ਇਛਾਵਾਂ ਨਾਲ ਭਰੇ ਜੀਵਨ ਵਿਚ ਬੇਕਾਰੀ ਦੀ ਭਾਵਨਾ ਬੰਦੇ ਨੂੰ ਜੀਣ ਜੋਗਾ ਨਹੀਂ ਛੱਡਦੀ। ਖਾਸ ਕਰਕੇ ਉਸ ਵਕਤ ਜਦੋਂ ਉਸਨੂੰ ਇਹ ਪਤਾ ਹੋਵੇ ਕਿ ਏਥੇ ਕੁਝ ਵੀ ਨਹੀਂ ਹੋ ਸਕਦਾ। ਪਰ ਬੱਚਿਆਂ ਨੂੰ ਪਤਾ ਹੋਵੇ ਕਿ ਬਾਹਰ ਸਭ ਸੰਭਵ ਹੈ।” ਹਰੇ ਇਨਕਲਾਬ ਦੌਰਾਨ ਖੁਸ਼ਹਾਲੀ ਦਾ ਝਲਕਾਰਾ ਲੈ ਚੁਕੇ ਪੰਜਾਬੀ ਬੰਦੇ ਦਾ ਬੱਸ ਇਹੋ ਸੰਕਟ ਹੈ।

ਪੰਜਾਬ ਦੇ ਬਰੈਂਡ ਤੋਂ ਗੱਲ ਸ਼ੁਰੂ ਕਰਦੇ ਹਾਂ। ਹਰੇ ਇਨਕਲਾਬ ਦੌਰਾਨ ਪੰਜਾਬ ਨੂੰ “ਅੰਨ ਦਾਤਾ’ ਕਿਹਾ ਜਾਂਦਾ ਸੀ। ਭਾਰਤ ਵਿਚ ਪੰਜਾਬ ਦੀ ਪ੍ਰਤੀ ਜੀਅ ਆਮਦਨ ਸਾਰੇ ਰਾਜਾਂ ਨਾਲੋਂ ਵੱਧ ਸੀ। ਪੰਜਾਬੀ ਕੇਵਲ ਖਾਣ ਪੀਣ ਵਿਚ ਹੀ ਨਹੀਂ, ਹਰ ਖੇਤਰ ਵਿਚ ਅੱਗੇ ਸਨ। ਉਨ੍ਹਾਂ ਨੇ ਜ਼ਿੰਦਗੀ ਨੂੰ ਸੈਲੀਬਰੇਟ ਕਰਨ ਦੀ ਜਾਚ ਵੀ ਸਿਖ ਲਈ ਸੀ। ਉਹ ਭਾਰਤ ਦੇ ਸਭ ਤੋਂ ਖੁਸ਼ਹਾਲ ਲੋਕ ਸਨ। ਅਤੇ ਉਨ੍ਹਾਂ ਦੀਆਂ ਚਾਹਤਾਂ ਅਸਮਾਨ ਛੂਹ ਰਹੀਆਂ ਸਨ। ਹਰੇ ਇਨਕਲਾਬ ਦੀ ਚਮਕ ਮੱਧਮ ਪੈਣ ਨਾਲ ਪੰਜਾਬ ਦਾ ਵਰਤਮਾਨ ਦੌਰ ਸ਼ੁਰੂ ਹੁੰਦਾ ਹੈ। ਬੌਲੀਵੁਡ ਨੇ ਇਸਨੂੰ “ਉਡਤਾ ਪੰਜਾਬ” ਨਾਮ ਦਿੱਤਾ ਹੈ। ਖੁਸ਼ਹਾਲੀ ਦਾ ਅਨੁਭਵ ਮਾਣ ਚੁਕੀ ਪੜ੍ਹੀ ਲਿਖੀ ਯੂਥ ਨੂੰ ਸਾਂਭਣ ਲਈ, ਕਿਉਂਕਿ ਪੰਜਾਬ ਵਿਚ ਆਧੁਨਿਕ ਸਨਅਤੀ ਸੈਕਟਰ ਦਾ ਨਿਰਮਾਣ ਹੀ ਨਹੀਂ ਸੀ ਕੀਤਾ ਗਿਆ, ਇਸ ਲਈ ਕੁਝ ਦੇਰ ਇਧਰ ਉਧਰ ਭਟਕਣ ਤੋਂ ਬਾਅਦ ਇਹ ਬੇਰੁਜ਼ਗਾਰੀ, ਨਸ਼ਿਆਂ ਅਤੇ ਜੁਰਮ ਦੀ ਦਲਦਲ ਵਿਚ ਡੁਬਦੀ ਚਲੀ ਗਈ।

ਹਰ ਕਿਸੇ ਦੀ ਇਹੋ ਇਛਾ ਹੈ ਕਿ ਇਸ ਬਰੈਂਡ ਨੂੰ ਬਦਲਿਆ ਜਾਵੇ। ਪੰਜਾਬ ਦਾ ਨਵਾਂ ਬਰੈਂਡ ਕੀ ਹੋਵੇ ਅਤੇ ਉਸਨੂੰ ਕਿਵੇਂ ਹਾਸਲ ਕਰਨਾ ਹੈ, ਇਸ ਆਰਟੀਕਲ ਰਾਹੀਂ ਇਹੋ ਖੋਜਣ ਦਾ ਯਤਨ ਕੀਤਾ ਜਾਵੇਗਾ।

ਵਿਦੇਸ਼ਾਂ ਨੂੰ ਦੌੜ ਰਹੀ ਯੂਥ ਇਸ ਗੱਲ ਦੀ ਗਵਾਹ ਹੈ ਕਿ ਉਹ ਦਰਵਾਜ਼ੇ, ਜੋ ਪੰਜਾਬ ਵਿਚ ਬੰਦ ਹਨ, ਕਨੇਡਾ ਵਰਗੇ ਮੁਲਕਾਂ ਵਿਚ ਖੁਲ੍ਹੇ ਪਏ ਹਨ। ਇਸ ਲਈ, ਸਭ ਤੋਂ ਪਹਿਲਾਂ, ਵਿਸ਼ਵ ਪਰਿਪੇਖ ਵਿਚ, ਕਿਰਤ ਦੀਆਂ ਸੰਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਦੂਸਰੇ ਨੰਬਰ ਤੇ ਇਹ ਸਮਝਣ ਦਾ ਯਤਨ ਕਰਾਂਗੇ ਕਿ ਪੰਜਾਬ ਵਿਚ ਉਨ੍ਹਾਂ ਸੰਭਾਵਨਾਵਾਂ ਦੇ ਬੂਹੇ ਬੰਦ ਕਿਉਂ ਹਨ। ਜਦੋਂ ਬੰਦ ਬੂਹਿਆ ਦੇ ਕਾਰਨਾਂ ਦੀ ਸਮਝ ਪੈ ਗਈ, ਫੇਰ ਉਨ੍ਹਾਂ ਨੂੰ ਖੋਲ੍ਹਣ ਦੀ ਨੀਤੀ ਤਿਆਰ ਕਰਨੀ ਮੁਸ਼ਕਿਲ ਨਹੀਂ ਹੋਵੇਗੀ। ਮਿਹਨਤ ਨਾਲ ਵਿਕਸਤ ਕਰਨ ਲਈ ਪੰਜਾਬ ਦਾ ਨਵਾਂ ਬਰੈਂਡ ਵੀ ਮਿਲ ਜਾਵੇਗਾ।

1. ਵਿਸ਼ਵ ਪਰਿਪੇਖ:   
1.1 ਬੇਕਾਰੀ: ਸਮੱਸਿਆ ਬੇਰੁਜ਼ਗਾਰੀ ਦੀ ਨਹੀਂ, ਬੇਕਾਰੀ ਦੀ ਹੈ। ਬੇਰੁਜ਼ਗਾਰ ਬੰਦੇ/ ਔਰਤ ਵਿਚ ਰੁਜ਼ਗਾਰ ਹਾਸਲ ਕਰਨ ਦੀ ਕਾਬਲੀਅਤ ਤਾਂ ਹੁੰਦੀ ਹੈ, ਪਰ ਸਮਾਜ ਵਿਚ ਸਹੂਲਤਾਂ ਦੀ ਘਾਟ ਕਾਰਨ, ਉਸਨੂੰ ਹਾਲੇ ਰੁਜ਼ਗਾਰ ਪ੍ਰਾਪਤ ਨਹੀਂ ਹੋਇਆ ਹੁੰਦਾ।  ਇਸਦੇ ਉਲਟ ਬੇਕਾਰ ਬੰਦਾ ਉਹ ਹੁੰਦਾ ਹੈ ਜਿਸ ਵਿਚ ਰੁਜ਼ਗਾਰ ਹਾਸਲ ਕਰਨ ਦੀ ਕਾਬਲੀਅਤ ਹੀ ਨਾ ਰਹੀ ਹੋਵੇ। ਉਸਦੇ ਪੁਰਾਣੇ ਹੁਨਰ ਦਾ ਸਮਾਜ ਵਿਚ ਕੋਈ ਮੁੱਲ ਨਾ ਰਹਿ ਗਿਆ ਹੋਵੇ ਅਤੇ ਨਵਾਂ ਹੁਨਰ ਸਿਖਣ ਦੀ ਲੋੜ ਸਿਰ ਤੇ ਆ ਪਵੇ। ਬੇਕਾਰੀ ਕੋਈ ਲਾਇਲਾਜ ਬਿਮਾਰੀ ਨਹੀਂ। ਪ੍ਰਾਸੰਗਿਕ ਹੁਨਰ ਗ੍ਰਹਿਣ ਕਰਨ ਨਾਲ ਖਤਮ ਹੋ ਜਾਂਦੀ ਹੈ। ਇਹ ਸੰਭਵ ਹੈ ਕਿ ਤੇਜ਼ ਗਤੀ ਨਾਲ ਤਬਦੀਲ ਹੋ ਰਹੇ ਸੰਸਾਰ ਵਿਚ, ਪੰਜ ਸੱਤ ਸਾਲਾਂ ਬਾਅਦ ਇਸ ਹੁਨਰ ਦਾ ਵੀ ਕੋਈ ਮੁੱਲ ਨਾ ਰਹੇ ਅਤੇ ਕੋਈ ਹੋਰ ਨਵਾਂ ਹੁਨਰ ਸਿਖਣ ਦੀ ਲੋੜ ਪੈ ਜਾਵੇ। ਕਿਰਤ ਅਤੇ ਸਿਖਿਆ ਉਮਰ-ਭਰ ਲਈ ਰਿਸ਼ਤੇ ਵਿਚ ਬੱਝ ਗਏ ਹਨ।

ਤਬਦੀਲੀ ਦੀ ਗਤੀ ਜ਼ਰੂਰ ਵਧੀ ਹੈ। ਤੇਜ਼ੀ ਨਾਲ ਵਧ ਵੀ ਰਹੀ ਹੈ। ਨਵੀਆਂ ਪ੍ਰਸਥਿਤੀਆਂ ਵਿਚ ਢਲਣ ਲਈ ਵਕਤ ਦੀ ਘਾਟ ਕਾਰਨ ਮੁਸ਼ਕਿਲਾਂ ਵੀ ਬਹੁਤ ਆ ਰਹੀਆਂ ਹਨ। ਪਰ ਇਹ ਕੋਈ ਨਵੀਂ ਗੱਲ ਨਹੀਂ, ਹਮੇਸ਼ਾ ਇਸੇ ਤਰ੍ਹਾਂ ਹੁੰਦਾ ਆਇਆ ਹੈ। ਜੇਕਰ ਸਮੱਸਿਆਵਾਂ ਦੀ ਗਤੀ ਵਧੀ ਹੈ, ਤਾਂ ਸਮਾਧਾਨ ਵੀ ਤੇਜ਼ ਹੋ ਜਾਣਗੇ। ਪਰ ਯੂਵਲ ਹਰਾਰੀ ਵਰਗੇ ਲੋਕ, ਆਪਣੀਆਂ ਕਿਤਾਬਾਂ ਵੇਚਣ ਲਈ, ਲੋਕਾਂ ਅੰਦਰ ਇਹ ਸਨਸਨੀ ਫੈਲਾਅ ਰਹੇ ਹਨ ਕਿ ਤਕਨਾਲੋਜੀ ਕੇਵਲ ਉਨ੍ਹਾਂ ਦਾ ਰੁਜ਼ਗਾਰ ਹੀ ਨਹੀਂ, ਸਗੋਂ ਰੁਜ਼ਗਾਰ ਦੀਆਂ ਸੰਭਾਵਨਾਵਾਂ ਵੀ ਖਾ ਜਾਵੇਗੀ। ਜੇਕਰ ਉਹ ਤਕਨਾਲੋਜੀ ਦੀਆਂ ਸੀਮਾਵਾਂ ਨੂੰ ਨਹੀਂ ਦੇਖਣਾ ਚਾਹੁੰਦੇ, ਤਾਂ ਨਾ ਦੇਖਣ। ਕੋਈ ਗੱਲ ਨਹੀਂ। ਪਰ ਮਾਨਵ ਚੇਤਨਾਂ ਦੀਆਂ ਸੰਭਾਵਨਾਵਾਂ ਨੂੰ ਘਟਾ ਕੇ ਦੇਖਣਾ ਤਾਂ ਨਿਸ਼ਚੇ ਹੀ ਗਲਤ ਹੈ।

1.2 ਕਿਰਤ: ਯੋਰਪ ਦੀਆਂ ਕਈ ਵੱਡੀਆਂ ਕੰਪਨੀਆਂ ਲਈ ਸੂਝਵਾਨ ਸਹਾਇਕ (ਇੰਟੈਲੀਜੈਂਟ ਅਸਿਸਟੈਂਟ) ਦਾ ਕੰਮ ਕਰਨ ਵਾਲੀ ਆਮੀਲੀਆ, ਜੋ ਇਕ ਦਰਜਨ ਤੋਂ ਵੀ ਵੱਧ ਜ਼ੁਬਾਨਾਂ ਵਿਚ, ਇਕੋ ਸਮੇਂ ਹਜ਼ਾਰਾਂ ਲੋਕਾਂ ਦੁਆਰਾ ਵੱਖੋ ਵੱਖਰੀਆਂ ਟੈਲੀਫੋਨ ਲਾਈਨਾਂ ਤੇ ਪੁਛੇ ਗਏ ਸੁਆਲਾਂ ਦਾ ਤਸੱਲੀ ਨਾਲ ਜੁਆਬ ਦਿੰਦੀ ਹੈ, ਕੇਵਲ ਸਮਾਰਟ ਰੋਬੋ ਹੀ ਹੋ ਸਕਦੀ ਹੈ।

ਅਮਰੀਕਾ ਵਿਚ ਰਹਿੰਦੇ ਚੇਤਨ ਦੂਬੇ ਦੁਆਰਾ ਵਿਕਸਤ ਕੀਤੀ ਗਈ ਏ ਆਈ (ਆਰਟੀਫੀਸ਼ਲ-ਇੰਟੈਲੀਜੈਂਸ) ਨਾਲ ਲੈਸ, ਬਿਨਾ ਤਨਖਾਹ ਦੇ ਕੰਮ ਕਰਨ ਵਾਲੀ ਇਸ ਰੋਬੋ ਨੇ ਆਪੋ ਆਪਣੇ ਦਫਤਰਾਂ ਵਿਚ ਸੁਰੱਖਿਅਤ ਬੈਠੇ ਲੱਖਾਂ ਕਰੋੜਾਂ ਚਿਟ-ਕਪੜੀਏ ਕਾਮਿਆਂ ਦੇ ਕੰਨਾਂ ਵਿਚ ਖਤਰੇ ਦੀਆਂ ਘੰਟੀਆਂ ਵਜਾ ਦਿੱਤੀਆਂ ਹਨ। ਇਹ ਸੂਝਵਾਨ ਮਸ਼ੀਨਾਂ ਤਨਖਾਹਦਾਰ ਮੁਲਾਜ਼ਮਾਂ ਦੀ ਕਾਰਜਕੁਸ਼ਲਤਾ ਵਧਾਉਣ ਲਈ ਨਹੀਂ, ਉਨ੍ਹਾਂ ਦੀ ਥਾਂ ਲੈਣ ਲਈ ਆ ਰਹੀਆਂ ਹਨ।

ਹੁਣ ਤੱਕ ਅਸੀਂ ਇਹੋ ਸੋਚਦੇ ਰਹੇ ਕਿ ਆਟੋਮੇਸ਼ਨ ਤੋਂ ਕੇਵਲ ਖੇਤਾਂ ਅਤੇ ਫੈਕਟਰੀਆਂ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਹੀ ਖਤਰਾ ਹੈ। ਸੇਵਾ ਸੈਕਟਰ ਵਿਚ ਬੈਠੇ ਪਰੋਫੈਸ਼ਨਲ ਲੋਕ ਆਪਣੇ ਆਪ ਨੂੰ ਸੁਰੱਖਿਅਤ ਸਮਝਦੇ ਰਹੇ। ਉਨ੍ਹਾਂ ਨੂੰ ਵਹਿਮ ਸੀ ਕਿ ਸੋਚ ਵਿਚਾਰ ਵਾਲਾ ਪੜ੍ਹਨ ਲਿਖਣ ਦਾ ਅਤੇ ਫੈਸਲੇ ਲੈਣ ਦਾ ਕੰਮ ਮਸ਼ੀਨਾਂ ਨਹੀਂ ਕਰ ਸਕਦੀਆਂ; ਕੇਵਲ ਮਨੁਖ ਹੀ ਕਰਨਗੇ। ਦੂਸਰੀਆਂ ਮਸ਼ੀਨਾਂ ਵਾਂਗ ਇਹ ਵੀ ਮਨੁਖ ਦੀ ਕਾਰਜ ਕੁਸ਼ਲਤਾ ਹੀ ਵਧਾ ਸਕਦੀਆਂ ਹਨ, ਉਸ ਦੀ ਥਾਂ ਨਹੀਂ ਲੈ ਸਕਦੀਆਂ। ਮਸ਼ੀਨ ਲਰਨਿੰਗ ਨੇ ਇਨ੍ਹਾਂ ਮਸ਼ੀਨਾਂ ਨੂੰ ਪੜ੍ਹਨ, ਲਿਖਣ, ਬੋਲਣ, ਸੁਣਨ, ਪਛਾਨਣ ਅਤੇ ਖੁਦ ਫੈਸਲੇ ਲੈਣ ਦੀ ਸਮਰੱਥਾ ਪ੍ਰਦਾਨ ਕਰ ਦਿੱਤੀ ਹੈ। ਮਾਨਵਜਾਤੀ ਦਾ ਬੌਧਿਕ ਏਕਾਧਿਕਾਰ ਖਤਮ ਹੋ ਰਿਹਾ ਹੈ।

ਕੇਵਲ ਵਿਕਸਤ ਮੁਲਕਾਂ ਵਿਚ ਹੀ ਨਹੀਂ, ਇਹ ਭਾਣਾ ਤਾਂ ਹੁਣ ਸਾਰੀ ਦੁਨੀਆਂ ਵਿਚ ਵਾਪਰੇਗਾ। ਤਨਖਾਹਦਾਰ ਮੁਲਾਜ਼ਮ ਭਲਾ ਇਨ੍ਹਾਂ ਡਿਜੀਟਲ ਕਾਮਿਆਂ ਦਾ ਕੀ ਮੁਕਾਬਲਾ ਕਰਨਗੇ। ਨਾ ਇਨ੍ਹਾਂ ਨੂੰ ਕਿਸੇ ਛੁਟੀ ਦੀ ਲੋੜ ਹੈ। ਨਾ ਕੰਮ ਕਰਨ ਦੀ ਸੀਮਾਂ। ਬਿਮਾਰੀ ਠਮਾਰੀ, ਰਹਾਇਸ਼, ਆਵਾਜਾਈ, ਜਣੇਪੇ, ਕਿਰਤ ਕਾਨੂੰਨ ਅਤੇ ਯੂਨੀਅਨਵਾਦ ਵਰਗੇ ਵੀ ਕੋਈ ਝੰਜਟ ਨਹੀਂ। 

ਵਿਸ਼ਵ ਪੱਧਰ ਤੇ ਵਾਪਰ ਰਹੀ ਇਹ ਵਿਘਨਕਾਰੀ ਤਬਦੀਲੀ ਸਾਡੇ ਸਾਹਮਣੇ ਕਈ ਸੁਆਲ ਖੜ੍ਹੇ ਕਰਦੀ ਹੈ; ਜਿਨ੍ਹਾਂ ਦੇ ਜੁਆਬ ਢੂੰਡਣੇ ਅਤੀ ਆਵੱਸ਼ਕ ਹੋ ਗਏ ਹਨ। ਉਨੀਵੀਂ ਸਦੀ ਸਨਅਤੀ ਉਤਪਾਦਨ ਦੀ ਸਦੀ ਸੀ; ਹੱਥ ਪ੍ਰਧਾਨ ਸੀ। ਪਰ ਵੀਹਵੀਂ ਸਦੀ ਵਿਚ  ਗਿਆਨ ਅਤੇ ਸੰਚਾਰ ਤਕਨਾਲੋਜੀ ਦੇ ਆਉਣ ਨਾਲ ਸਨਅਤੀ ਉਤਪਾਦਨ ਦੀ ਥਾਂ ਸੇਵਾ ਸੈਕਟਰ ਪ੍ਰਧਾਨ ਹੋ ਗਿਆ। ਸਨਅਤੀ ਸੈਕਟਰ ਦੀਆਂ ਜਿੰਨੀਆਂ ਨੌਕਰੀਆਂ ਜਾ ਰਹੀਆਂ ਸਨ, ਉਸਤੋਂ ਕਿਤੇ ਵਧੇਰੇ ਸੇਵਾ ਸੈਕਟਰ ਵਿਚ ਆ ਰਹੀਆਂ ਸਨ। ਨਤੀਜੇ ਵਜੋਂ ਵੀਹਵੀਂ ਸਦੀ ਵਿਚ ਆਕੇ ਹੱਥ ਦੀ ਥਾਂ ਦਿਮਾਗ ਦੀ ਚੌਧਰ ਸਥਾਪਤ ਹੋ ਗਈ। ਕੇਵਲ ਉਹੋ ਨੌਕਰੀਆਂ ਸੁਰੱਖਿਅਤ ਰਹਿ ਗਈਆਂ ਜੋ ਦਿਮਾਗ ਨਾਲ ਜੁੜੀਆਂ ਹੋਈਆਂ ਸਨ।

ਇੰਝ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਜਿਵੇਂ ਉਹ ਦਿਨ ਆਉਣ ਵਾਲਾ ਹੈ ਜਦੋਂ ਆਰਟੀਫੀਸ਼ਲ ਇੰਟੈਲੀਜੈਂਸ, ਇੰਟਰਨੈਟ ਆਫ ਥਿੰਗਜ਼, ਬਿਗ ਡੇਟਾ ਐਨਾਲਿਟਕਸ, 3ਡੀ ਪਰਿੰਟਿੰਗ, ਨੈਨੋ ਤਕਨਾਲੋਜੀ, ਸਿੰਥੈਟਿਕ ਬਾਇਆਲੋਜੀ ਅਤੇ ਬਲੌਕ ਚੇਨ ਵਰਗੀਆਂ ਤਕਨੀਕਾ ਮਨੁਖ ਦੀ ਦਿਮਾਗੀ ਸਮਰੱਥਾ (ਕੇਵਲ ਦਿਮਾਗੀ ਸਮਰੱਥਾ, ਮਨੁਖੀ ਸਮਰੱਥਾ ਨਹੀਂ) ਨੂੰ ਪਾਰ ਕਰ ਜਾਣਗੀਆਂ। ਰੇਅ ਕੁਰਜ਼ਵੇਲ ਨੇ ਇਸ ਨੂੰ ਸਿੰਗੂਲੈਰਿਟੀ ਦਾ ਨਾਮ ਦਿੱਤਾ ਹੈ। ਭਾਵ ਕਿ ਇਕ ਅਜਿਹਾ ਯੁਗ ਆਉਣ ਵਾਲਾ ਹੈ ਜਦੋਂ ਮਸ਼ੀਨ ਇੰਟੈਲੀਜੈਂਸ, ਇਨ੍ਹਾਂ ਤਕਨੀਕਾਂ ਵਿਚ ਘਾਤਕ (ਐਕਸਪੋਨੈਂਸ਼ੀਅਲ) ਵਾਧੇ ਰਾਹੀਂ ਮਾਨਵ ਬੁਧੀ (ਹਿਊਮਨ ਇੰਟੈਲੀਜੈਂਸ) ਨੂੰ ਪਛਾੜ ਦੇਵੇਗੀ।

ਕੀ ਸਚਮੁਚ ਹੀ ਉਹ ਵਕਤ ਆਉਣ ਵਾਲਾ ਹੈ ਜਦੋਂ ਮਸ਼ੀਨਾਂ ਬੰਦਿਆ ਨੂੰ ਕੰਟਰੋਲ ਕਰਿਆ ਕਰਨਗੀਆਂ। ਇਸ ਸੁਆਲ ਦਾ ਜੁਆਬ ਬੰਦੇ ਤੇ ਹੀ ਨਿਰਭਰ ਕਰਦਾ ਹੈ। ਜੇਕਰ ਉਹ ਚਾਹੁੰਦਾ ਹੈ ਕਿ ਆਰਟੀਫੀਸ਼ਲ ਇੰਟੈਲਿਜੈਂਸ ਉਸਨੂੰ ਕੰਟਰੋਲ ਨਾ ਕਰੇ, ਤਾਂ ਉਸਨੂੰ, ਦੂਸਰੇ ਸੰਦਾਂ ਵਾਂਗ ਹੀ, ਇਸ ਨਵੀਂ ਤਕਨਾਲੋਜੀ ਨੂੰ ਵੀ ਆਪਣੇ ਉਦੇਸ਼ਾਂ ਦੀ ਪੂਰਤੀ ਲਈ ਇਸਤਾਮਾਲ ਕਰਨ ਦੀ ਜਾਚ ਸਿਖਣੀ ਹੋਵੇਗੀ।

ਆਰਟੀਫੀਸ਼ਲ ਇੰਟੈਲੀਜੈਂਸ ਨੂੰ ਲੈ ਕੇ ਇਹ ਆਖਿਆ ਜਾ ਰਿਹਾ ਹੈ ਕਿ ਇਨ੍ਹਾਂ ਨਵੀਆਂ ਮਸ਼ੀਨਾਂ ਸਾਹਮਣੇ ਮਨੁਖ ਦਾ ਉਹੋ ਰੁਤਬਾ ਹੋਣ ਵਾਲਾ ਹੈ, ਜੋ ਅੱਜ ਦੇ ਮਨੁਖ ਸਾਹਮਣੇ ਬੰਦਰ ਅਤੇ ਚਿੰਪੈਨਜ਼ੀ ਵਰਗੇ ਉਸਦੇ ਪੂਰਵਜਾਂ ਦਾ ਹੈ। ਨਿਰਸੰਦੇਹ ਸਰੀਰਕ ਸਮਰੱਥਾ ਵਾਂਗ ਬੁਧੀ ਵੀ ਮਨੁਖ ਦੀਆਂ ਸੰਭਾਵਨਾਵਾਂ ਨੂੰ ਉਜਾਗਰ ਕਰਨ ਵਾਲੀ ਇਕ ਹੋਰ ਸਮਰੱਥਾ ਹੀ ਹੈ, ਜਿਸਨੂੰ ਏ ਆਈ ਵਰਗੇ ਬੌਧਿਕ ਸੰਦ (ਕੌਗਨਿਟਵ ਟੂਲ) ਉਵੇਂ ਵਧਾ ਰਹੇ ਹਨ ਜਿਵੇਂ ਮਸ਼ੀਨੀ ਟੂਲ ਸਰੀਰਕ ਸਮਰੱਥਾ ਨੂੰ ਵਧਾਉਂਦੇ ਸਨ। ਨਾ ਸਰੀਰ ਦਾ ਮਹੱਤਵ ਘਟਿਆ ਹੈ, ਨਾ ਬੁਧੀ ਦਾ ਘਟੇਗਾ। ਇਨ੍ਹਾਂ ਦੀ ਸਮਰੱਥਾ ਵਧਾਉਣ ਲਈ ਨਵੇਂ ਨਵੇਂ ਸੰਦ ਆਉਦੇ ਰਹਿਣਗੇ।

ਇਹ ਠੀਕ ਹੈ ਕਿ ਪੇਚਕਸ ਹੱਥ ਦੀ ਥਾਂ ਲੈਣ ਲਈ ਨਹੀਂ ਸੀ ਆਇਆ। ਉਸਦੀ ਸਮਰੱਥਾ ਨੂੰ ਵਧਾਉਂਣ ਲਈ ਆਇਆ ਸੀ। ਪਰ ਹੌਲੀ ਹੌਲੀ ਹੱਥ ਦੇ ਕੰਮਾਂ ਨੂੰ ਆਟੋਮੇਟ ਕਰਕੇ ਬੁਧੀ ਨੇ ਆਪਣੇ ਕੰਟਰੋਲ ਅਧੀਨ ਕਰ ਲਿਆ ਹੈ। ਉਵੇਂ ਹੀ ਅੱਜ ਏ ਆਈ (ਆਰਟੀਫੀਸ਼ਲ ਇੰਟੈਲੀਜੈਂਸ) ਵੀ ਮਾਨਵ ਦੀਆਂ ਨਵੀਆਂ ਸੰਭਾਵਨਾਵਾਂ ਨੂੰ ਉਜਾਗਰ ਕਰਨ ਲਈ ਹੀ ਆਈ ਹੈ। ਪਰ ਲੋਕ ਸੁਆਲ ਕਰਦੇ ਹਨ ਕਿ ਜਿਵੇਂ ਹੱਥ ਦੇ ਕੰਮਾਂ ਨੂੰ ਬੁੱਧੀ ਨੇ ਆਪਣੇ ਕੰਟਰੋਲ ਅਧੀਨ ਕਰ ਲਿਆ ਸੀ, ਉਸੇ ਤਰ੍ਹਾਂ ਹੁਣ ਜਦੋਂ ਬੁਧੀ ਦੇ ਕੰਮ ਆਟੋਮੇਟ ਹੋਏ ਤਾਂ  ਇਨ੍ਹਾਂ ਨੂੰ ਕਿਹੜੀ ਮਾਨਵੀ ਸਮਰੱਥਾ ਕੰਟਰੋਲ ਕਰੇਗੀ।

ਕੀ ਏ ਆਈ ਆਪਣੇ ਆਪ ਨੂੰ ਆਪ ਹੀ ਕੰਟਰੋਲ ਕਰੇਗੀ, ਜਾਂ ਫੇਰ ਕਿ ਮਨੁਖ ਦੀ ਤੀਸਰੀ ਸਮਰੱਥਾ, ਜਿਸ ਨੂੰ ਮਾਨਵ ਚੇਤਨਾ (ਕਾਨਸ਼ਸਨੈਸ) ਦੇ ਨਾਮ ਨਾਲ ਜਾਣਿਆਂ ਜਾਂਦਾ ਹੈ, ਇਸ ਨੂੰ ਆਪਣੇ ਕੰਟਰੋਲ ਅਧੀਨ ਲੈ ਲਵੇਗੀ। ਅਸੀਂ ਜਾਣਦੇ ਹਾਂ ਕਿ ਬੁਧੀ ਤਾਂ ਪਹਿਲਾਂ ਹੀ ਮਾਨਵ-ਚੇਤਨਾ ਦੀ ਨਿਗਰਾਨੀ ਹੇਠ ਕੰਮ ਕਰਦੀ ਹੈ। ਕਿਉਂਕਿ, ਲੱਖ ਕੋਸ਼ਿਸ਼ਾ ਦੇ ਬਾਵਯੂਦ, ਅਸੀਂ ਚੇਤਨਾ ਦੀ ਕੋਈ ਥਹੁ ਨਹੀਂ ਪਾ ਸਕੇ, ਇਸ ਲਈ ਅਸੀਂ ਇਸਨੂੰ ਬੁਧੀ ਦਾ ਹੀ ਭਾਗ ਮੰਨ ਕੇ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਗੱਲ ਨੂੰ ਝੁਠਲਾਇਆ ਨਹੀਂ ਜਾ ਸਕਦਾ ਕਿ ਏ ਆਈ ਦੀ ਸਵੈ-ਚਾਲਕਤਾ ਦਾ ਵਿਚਾਰ, ਸਾਡੀ ਮਾਨਵ-ਚੇਤਨਾ ਬਾਰੇ ਅਗਿਆਨਤਾ ਵਿਚੋਂ ਪੈਦਾ ਹੋਇਆ ਹੈ।
ਜਿਵੇਂ ਉਨੀਵੀਂ ਸਦੀ ਵਿਚ ਹੱਥ ਦੀ ਅਤੇ ਵੀਹਵੀਂ ਸਦੀ ਵਿਚ ਦਿਮਾਗ ਦੀ ਚੌਧਰ ਰਹੀ ਹੈ, ਉਸੇ ਤਰ੍ਹਾਂ ਇਕੀਵੀਂ ਸਦੀ ਵਿਚ ਉਸ ਮਾਨਵੀ ਸਮਰੱਥਾ ਦੀ ਚੌਧਰ ਹੋਵੇਗੀ ਜੋ ਆਪਣੀ ਹੋਂਦ ਨੂੰ ਅਰਥ ਦੇਣ ਲਈ ਸਰੀਰ ਅਤੇ ਬੁਧੀ ਦਾ ਸੰਦਾਂ ਵਾਂਗ ਇਸਤੇਮਾਲ ਕਰਦੀ ਹੈ। ਉਸ ਸਮਰੱਥਾ ਨੂੰ ਚੇਤਨਾ ਕਹਿਣਾ ਚਾਹੋ, ਤਾਂ ਕਹਿ ਸਕਦੇ ਹੋ। ਪਰ ਸੁਰਤ-ਸ਼ਬਦ ਵਧੇਰੇ ਢੁਕਵਾਂ ਨਾਮ ਹੈ। ਇਹ ਨਾਮ ਮਨੁਖੀ ਸਮਰੱਥਾ ਨੂੰ ਉਸਦੇ ਸੰਸਾਰ ਨਾਲੋਂ ਨਿਖੇੜ ਕੇ ਨਹੀਂ, ਉਸ ਨਾਲ ਜੋੜ ਕੇ ਸਮੁਚਤਾ ਵਿਚ ਦੇਖਦਾ ਹੈ। ਸੁਰਤ-ਸ਼ਬਦ ਦੀ ਇਸ ਸਮਰੱਥਾ ਨੂੰ ਵਧਾਉਣ ਲਈ ਕਿਹੜੇ ਹੁਨਰਾਂ, ਕਿਹੜੀਆਂ ਗਿਆਨ ਪਰੰਪਰਾਵਾਂ ਅਤੇ ਕਿਸ ਕਿਸਮ ਦੀ ਵਿਦਿਅਕ ਤਕਨਾਲੋਜੀ ਦੀ ਜ਼ਰੂਰਤ ਹੈ, ਇਸਦੀ ਖੋਜ ਕਰਨੀ ਬਹੁਤ ਜ਼ਰੂਰੀ ਹੈ।

1.3 ਰਿਜ਼ਕ ਅਤੇ ਰੁਜ਼ਗਾਰ: ਜੀਣ ਲਈ ਰਿਜ਼ਕ ਦੀ ਲੋੜ ਹੁੰਦੀ ਹੈ। ਰਿਜ਼ਕ ਕੁਦਰਤ ਪੈਦਾ ਕਰਦੀ ਹੈ। ਜੀਵ ਕੇਵਲ ਸੰਘਰਸ਼ ਕਰਦੇ ਹਨ। ਪਰ ਰੁਜ਼ਗਾਰ ਕੁਦਰਤ ਦੀ ਨਹੀਂ, ਮਨੁਖ ਦੀ ਘਾੜਤ ਹੈ। ਰਿਜ਼ਕ ਜੈਵਿਕ ਵਰਤਾਰਾ ਹੈ ਅਤੇ ਰੁਜ਼ਗਾਰ ਸਭਿਆਚਾਰਕ। ਦੋਨਾਂ ਦਾ ਸਬੰਧ ਕਿਰਤ ਨਾਲ ਹੈ। ਰਿਜ਼ਕ ਦਾ ਸਬੰਧ ਜੀਵ ਦੀਆਂ ਜਿੰਦਾ ਰਹਿਣ ਲਈ ਮਹਿਜ਼ ਸ਼ਰੀਰਕ ਲੋੜਾਂ ਦੀ ਪੂਰਤੀ ਨਾਲ ਜੁੜਿਆ ਹੁੰਦਾ ਹੈ। ਇਸ ਲਈ ਰਿਜ਼ਕ ਨੂੰ ਸਮਝਣ ਵਾਸਤੇ ਡਾਰਵਿਨ ਦੇ ਸਿਧਾਂਤਾਂ ਦੀ ਲੋੜ ਪੈਂਦੀ ਹੈ। ਦੂਸਰੇ ਪਾਸੇ ਰੁਜ਼ਗਾਰ ਦਾ ਸਬੰਧ ਸਭਿਆਚਾਰ ਦੁਆਰਾ ਨਿਰਮਿਤ ਮਨੁਖ ਦੀਆਂ ਅਸੀਮ ਚਾਹਤਾਂ ਨਾਲ ਜੁੜਿਆ ਹੁੰਦਾ ਹੈ। ਇਸ ਲਈ ਰੁਜ਼ਗਾਰ ਦੇ ਮਸਲਿਆਂ ਨੂੰ ਸਮਝਣ ਵਾਸਤੇ, ਕਿਰਤ ਨਾਲ ਸਬੰਧਤ ਸਭਿਆਚਾਰਕ ਅਤੇ ਆਰਥਕ ਫੈਸਲੇ ਲੈਣ ਵਾਲੀ ਰਾਜਨੀਤੀ ਨੂੰ ਜਾਨਣ ਦੀ ਅਵੱਸ਼ਕਤਾ ਹੁੰਦੀ ਹੈ।

ਇਕ ਸੁਆਲ ਕਰਨਾ ਬਣਦਾ ਹੈ। ਜਦੋਂ ਸਰੀਰਕ ਲੋੜਾਂ ਦੀ ਪੂਰਤੀ ਨਾਲ ਜੀਵ ਸੰਸਾਰ ਦਾ ਕੰਮ ਵਧੀਆਂ ਚੱਲ ਰਿਹਾ ਸੀ, ਫੇਰ ਕੁਦਰਤ ਨੇ ਮਨੁਖ ਨੂੰ, ਉਸ ਅੰਦਰ ਚਾਹਤਾਂ ਦੀ ਅਸੀਮ ਹਵਸ ਜਗਾ ਕੇ, ਕੁਦਰਤੀ ਵਸੀਲਿਆਂ ਦੀ ਬਰਬਾਦ ਦੇ ਰਾਹੇ ਕਿਉਂ ਪਾ ਦਿੱਤਾ। ਦੂਸਰੇ ਜੀਵਾਂ ਵਾਂਗ, ਜੰਗਲਾ ਵਿਚੋਂ ਆਪਣਾ ਭੋਜਨ ਇਕੱਤਰ ਕਰਕੇ, ਮਨੁਖ ਵੀ ਚੰਗਾ ਭਲਾ ਜੀਵਨ ਬਤੀਤ ਕਰ ਹੀ ਰਿਹਾ ਸੀ। ਉਸ ਨੂੰ ਖੇਤੀ ਦੇ ਧੰਦੇ ਵਿਚ ਪੈ ਕੇ, ਵਾਧੂ ਅਨਾਜ ਉਤਪਾਦਨ ਰਾਹੀਂ, ਪੁਜਾਰੀਆਂ, ਸੈਨਿਕਾਂ, ਸ਼ਿਲਪੀਆਂ, ਸਿਆਸਤਦਾਨਾਂ ਅਤੇ ਵਿਉਪਾਰੀਆਂ ਆਦਿ ਦੀਆਂ ਪਰਜੀਵੀ ਜਮਾਤਾਂ ਖੜ੍ਹੀਆਂ ਕਰਨ ਦੀ ਕਿਉਂ ਲੋੜ ਪੈ ਗਈ। ਇਹ ਹੀ ਉਹ ਸਭਿਆਚਾਰਕ ਮੋੜ ਹੈ, ਜਦੋਂ ਮਨੁਖ ਦੀਆਂ ਜੈਵਿਕ ਲੋੜਾਂ ਮਾਨਵੀ ਚਾਹਤਾਂ ਵਿਚ ਅਤੇ ਰਿਜ਼ਕ ਰੁਜ਼ਗਾਰ ਵਿਚ ਤਬਦੀਲ ਹੁੰਦੇ ਹਨ। ਮਾਨਵਤਾ ਨੇ ਇਹ ਮੋੜ ਕਿਵੇਂ ਕੱਟਿਆ, ਇਹ ਵੱਡਾ ਸੁਆਲ ਨਹੀਂ। ਵੱਡਾ ਸੁਆਲ ਤਾਂ ਇਹ ਹੈ ਕਿ ਇਸ ਸਭਿਆਚਾਰਕ ਮੋੜ ਪਿਛੇ ਕੁਦਰਤ ਦਾ ਕਿਹੜਾ ਲਕਸ਼ ਅਤੇ ਡਿਜ਼ਾਈਨ ਕੰਮ ਕਰ ਰਿਹਾ ਸੀ।

ਕੁਦਰਤ ਜਿਸ ਦਿਸ਼ਾ ਵੱਲ ਜਾ ਰਹੀ ਹੈ, ਉਹ ਹੈ, ਉਸਦੀ ਐਨਟਰਾਪੀ ਵਿਚ ਨਿਰੰਤਰ ਵਾਧੇ ਦੀ ਦਿਸ਼ਾ। ਊਰਜਾ ਦੀ ਵੱਧ ਤੋਂ ਵੱਧ ਖਪਤ ਰਾਹੀਂ, ਉਸ ਵਿਚੋਂ ਪੈਦਾ ਹੋਣ ਵਾਲੇ ਪ੍ਰਦੂਸ਼ਣ (ਵੇਸਟ) ਦੇ ਨਤੀਜੇ ਵਜੋਂ ਕੁਦਰਤ ਦਾ ਆਪਣੇ ਅੰਤ ਵੱਲ ਵਧਣਾ ਤਹਿ ਹੈ। ਪਰ ਡਾਰਵਿਨ ਦਾ ਸਿਧਾਂਤ ਸ਼ਰੀਰਾ ਦੇ ਵਿਨਾਸ਼ ਦੀ ਨਹੀਂ, ਉਨ੍ਹਾਂ ਦੇ ਵਿਕਾਸ ਦੀ ਕਹਾਣੀ ਪੇਸ਼ ਕਰਦਾ ਹੈ। ਇਹ ਕੋਈ ਵਿਰੋਧਾਭਾਸ ਨਹੀਂ। ਕੁਦਰਤ ਜੈਵਿਕ ਸੰਸਾਰ ਦਾ ਇਸ ਲਈ ਨਿਰਮਾਣ ਕਰਦੀ ਹੈ ਕਿਉਂਕਿ ਨਿਰਜੀਵ ਸੰਸਾਰ ਦੇ ਮੁਕਾਬਲੇ ਜੈਵਿਕ ਸੰਸਾਰ ਊਰਜਾ ਦੀ ਵਧੇਰੇ ਵਰਤੋਂ ਰਾਹੀਂ ਐਨਟਰਾਪੀ ਦੇ ਵਾਧੇ ਦੀ ਦਰ ਨੂੰ ਤੇਜ਼ ਕਰ ਦਿੰਦਾ ਹੈ। ਇਸੇ ਤਰ੍ਹਾਂ ਮਾਨਵ ਦੀਆਂ ਅਸੀਮ ਚਾਹਤਾਂ ਐਨਟਰਾਪੀ ਵਿਚ ਵਾਧੇ ਦੀ ਇਸ ਦਰ ਨੂੰ ਹੋਰ ਵੀ ਤੇਜ਼ ਕਰ ਦਿੰਦੀਆਂ ਹਨ। ਕੇਵਲ ਏਨਾ ਹੀ ਕਹਿਣ ਦੀ ਕੋਸ਼ਿਸ ਕੀਤੀ ਜਾ ਹਰੀ ਹੈ ਕਿ ਕੁਦਰਤ ਦੀ ਤਬਦੀਲੀ ਵਿਚ ਵਾਧੇ ਦੀ ਦਰ ਅਤੇ ਉਸਦੀ ਦਿਸ਼ਾ ਕੁਦਰਤ ਦੀ ਆਪਣੀ ਸੰਰਚਨਾ ਵਿਚ ਹੀ ਉਸਦੇ ਲਕਸ਼ ਵਜੋਂ ਨਿਹਿਤ ਹੈ। ਬਾਪਿਸ ਨਹੀਂ ਮੁੜਿਆ ਜਾ ਸਕਦਾ ਹੈ। ਵਾਤਾਵਰਣ ਦੀ ਸਾਂਭ-ਸੰਭਾਲ ਦਾ ਮਾਰਗ ਵੀ ਹੁਣ ਤਕਨਾਲੋਜੀ ਦੇ ਵਿਕਾਸ ਵੱਲ ਹੀ ਜਾਂਦਾ ਹੈ। ਚਾਹਤਾਂ ਤੋਂ ਲੋੜਾਂ ਵੱਲ ਬਾਪਿਸ ਪਰਤਣਾ ਹੁਣ ਸੰਭਵ ਨਹੀਂ ਰਿਹਾ। ਰਿਜ਼ਕ ਵੱਲ ਬਾਪਿਸੀ ਨਹੀਂ, ਰੁਜ਼ਗਾਰ ਦੀਆਂ ਅਨੰਤ ਸੰਭਾਵਨਾਵਾਂ ਨਾਲ ਅੱਗੇ ਵਧਣ ਦੀ ਚਨੌਤੀ ਹੀ ਮਾਨਵਤਾ ਦੀ ਹੋਣੀ ਹੈ।

1.4 ਕਾਢ ਰੁਜ਼ਗਾਰ ਦੀ ਮਾਂ ਹੈ: ਇਸ ਡਰ ਅਧੀਨ, ਕਿ ਮਸ਼ੀਨੀ ਖੱਡੀਆਂ ਉਨ੍ਹਾਂ ਦੀ ਰੋਜ਼ੀ-ਰੋਟੀ ਖਾ ਜਾਣਗੀਆਂ, ਇੰਗਲੈਂਡ ਦੇ ਜੁਲਾਹਿਆਂ ਨੇ 1811 ਵਿਚ ਮਸ਼ੀਨੀਕਰਨ ਵਿਰੁਧ ਸੰਘਰਸ਼ ਦੌਰਾਨ, ਇਨ੍ਹਾਂ ਮਸ਼ੀਨੀ ਖੱਡੀਆਂ ਦੀ ਬਹੁਤ ਤੋੜ ਭੰਨ ਕੀਤੀ। ਉਨ੍ਹਾਂ ਦਾ ਡਰ ਏਨਾ ਗਲਤ ਵੀ ਨਹੀਂ ਸੀ। ਮਸ਼ੀਨ ਉਨ੍ਹਾਂ ਨੂੰ ਵਿਹਲੇ ਕਰ ਰਹੀ ਸੀ। ਕਈ ਸਾਲ ਉਨ੍ਹਾਂ ਨੂੰ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਨਵੀਆਂ ਪ੍ਰਸਥਿਤੀਆਂ ਅਨੁਸਾਰ ਢਲਣ ਵਿਚ ਸਮਾਂ ਤਾਂ ਲੱਗਿਆ, ਪਰ ਹੌਲੀ ਹੌਲੀ ਜੁਲਾਹਾ ਕੰਮ ਕਰਨ ਵਾਲੇ ਲੋਕਾਂ ਦੀ ਮੰਗ ਘਟਣ ਦੀ ਥਾਂ ਵਧਣ ਲੱਗ ਪਈ।

ਹੱਥੀਂ ਕੰਮ ਕਰਨ ਦੀ ਥਾਂ, ਜਦੋਂ ਉਹੋ ਕੰਮ ਮਸੀਨਾਂ ਦੀ ਸਹਾਇਤਾ ਨਾਲ ਕੀਤਾ ਜਾਂਦਾ ਹੈ, ਤਾਂ ਕੰਮ ਦੀ ਕਾਰਜ-ਕੁਸ਼ਲਤਾ ਵਧ ਜਾਂਦੀ ਹੈ। ਪੈਦਾਵਾਰ ਵਧਣ ਨਾਲ ਕੀਮਤਾਂ ਘਟ ਜਾਂਦੀਆਂ ਹਨ। ਮੰਗ ਵਧ ਜਾਂਦੀ ਹੈ। ਉਨੀਵੀਂ ਸਦੀ ਦੇ ਸ਼ੁਰੂ ਸ਼ੁਰੂ ਵਿਚ, ਜਦੋਂ ਕੱਪੜਾ ਹਾਲੇ ਹੱਥੀਂ ਬਣਾਇਆ ਜਾਂਦਾ ਸੀ, ਲੋਕਾਂ ਕੋਲ ਬਹੁਤ ਘੱਟ ਕੱਪੜੇ ਹੁੰਦੇ ਸਨ। ਪਰ ਸਦੀ ਦੇ ਅੰਤ ਤੱਕ, ਮਸ਼ੀਨਾਂ ਦੇ ਆਉਣ ਨਾਲ ਕੱਪੜੇ ਦੀ ਪੈਦਾਵਾਰ ਵਧਣ ਅਤੇ ਕੀਮਤਾਂ ਘਟਣ ਕਾਰਨ ਕੱਪੜੇ ਦੀ ਖਪਤ ਵਿਚ ਤੇਜ਼ੀ ਨਾਲ ਵਾਧਾ ਹੋਣਾ ਸ਼ੁਰੂ ਹੋ ਗਿਆ। ਲੋਕਾਂ ਨੇ ਵੰਨ ਸਵੰਨੇ ਕੱਪੜਿਆ ਦੇ ਕਈ ਕਈ ਸੈਟ ਖਰੀਦਣੇ ਸ਼ੁਰੂ ਕਰ ਦਿੱਤੇ। ਖਿੜਕੀਆਂ ਤੇ ਪਰਦੇ, ਫਰਸ਼ਾਂ ਤੇ ਗਲੀਚੇ ਅਤੇ ਫਰਨੀਚਰ ਉਪਰ ਗਿਲਾਫ ਚੜ੍ਹਨੇ ਸ਼ੁਰੂ ਹੋ ਗਏ। ਕੱਪੜੇ ਦੀ ਮੰਗ ਦੇ ਤੇਜ਼ੀ ਨਾਲ ਵਧਣ ਕਰਕੇ ਮਸ਼ੀਨਾਂ ਅਤੇ ਮਸ਼ੀਨਾ ਉਪਰ ਕੰਮ ਕਰਨ ਵਾਲੇ ਮਜ਼ਦੂਰਾਂ, ਫੋਰਮੈਨਾਂ, ਸੁਪਰਵਾਈਜ਼ਰਾਂ ਅਤੇ ਮਿਲ ਮਨੇਜਰਾਂ, ਆਦਿ ਦੀ ਮੰਗ ਵੀ ਵਧਣ ਲੱਗੀ। ਕੱਪੜੇ ਦੇ ਵਪਾਰ ਵਿਚ ਹੀ ਨਹੀਂ, ਰੁਜ਼ਗਾਰ ਵਿਚ ਵੀ ਵਾਧਾ ਹੋਇਆ।

ਜਦੋਂ ਅਸੀਂ ਵਿਭਿੰਨ ਖੇਤਰਾਂ ਵਿਚ ਮਸ਼ੀਨੀਕਰਨ ਦੇ ਰੋਲ ਬਾਰੇ ਸੋਚਦੇ ਹਾਂ, ਤਾਂ ਸਿਰ ਚਕਰਾ ਜਾਂਦਾ ਹੈ।  ਇਹ ਜੁਲਾਹੇ ਕਲਪਨਾ ਵੀ ਨਹੀਂ ਸਨ ਕਰ ਸਕਦੇ ਕਿ ਮਸ਼ੀਨੀ ਯੁਗ ਵਿਚ ਲੋਕਾਂ ਕੋਲ ਕਿੰਨਾ ਕੱਪੜਾ ਅਤੇ ਕਿੰਨਾ ਭੋਜਨ ਹੋਵੇਗਾ। ਪਹਾੜਾਂ ਵਿਚ ਸੁਰੰਗਾਂ ਬਨਾਉਣੀਆ ਅਤੇ ਹਵਾਈ ਜਹਾਜ਼ਾਂ ਰਾਹੀਂ ਘੰਟਿਆਂ ਵਿੱਚ ਮਹਾਂਦੀਪਾਂ ਨੂੰ ਪਾਰ ਕਰ ਲੈਣਾ ਇਹਨਾ ਦੀ ਕਲਪਨਾ ਵਿਚ ਵੀ ਨਹੀਂ ਸੀ ਆ ਸਕਦਾ। ਕੀ ਇਹ ਲੋਕ ਕਦੀ ਮਾਰੂਥਲਾਂ ਵਿਚ ਅੱਧੀ ਅੱਧੀ ਮੀਲ ਉਚੀਆਂ ਇਮਾਰਤਾਂ ਖੜ੍ਹੀਆਂ ਕਰਨ ਅਤੇ ਪੁਲਾੜ ਵਿਚ ਦੂਸਰੇ ਗ੍ਰਹਿਆ ਦੁਆਲੇ ਚੱਕਰ ਲਗਾਉਣ ਵਾਲੇ ਸੈਟੇਲਾਈਟ ਭੇਜਣ ਬਾਰੇ ਸੋਚ ਸਕਦੇ ਸਨ। ਉਨ੍ਹਾਂ ਲਈ ਇਹ ਅਨੁਮਾਨ ਲਗਾਉਣਾ ਸੰਭਵ ਹੀ ਨਹੀਂ ਸੀ ਕਿ, ਇਸ ਤਰ੍ਹਾਂ ਦੇ ਅਣਗਿਣਤ ਕਾਰਜਾਂ ਲਈ, ਭਵਿਖ ਵਿਚ ਉਨ੍ਹਾਂ ਦੇ ਬੱਚਿਆ ਕੋਲ ਕਿੰਨਾ ਅਰਥ-ਭਰਪੂਰ ਰੁਜ਼ਗਾਰ ਹੋਵੇਗਾ।

ਵਰਤਮਾਨ ਸਮਿਆਂ ਵਿਚ ਰੁਜ਼ਗਾਰ ਉਪਰ ਕੰਪਿਊਟਰੀਕਰਣ ਦੇ ਪ੍ਰਭਾਵ ਨੂੰ ਸਮਝਣ ਲਈ ਏ ਟੀ ਐਮ ਦੀ ਉਦਾਹਰਣ ਲਈ ਜਾ ਸਕਦੀ ਹੈ। ਏ ਟੀ ਐਮ ਦੇ ਆਉਣ ਨਾਲ ਬੈਂਕਾਂ ਦੇ ਖਰਚੇ ਘਟੇ ਤਾਂ ਉਨ੍ਹਾਂ ਨੇ ਵਧੇਰੇ ਬ੍ਰਾਂਚਾਂ ਖੋਲ੍ਹ ਕੇ ਆਪਣਾ ਬਿਜ਼ਨਸ ਵਧਾ ਲਿਆ। ਸ ਤਰ੍ਹਾਂ ਬੈਂਕਾਂ ਵਿਚ ਰੁਜ਼ਗਾਰ ਦੀਆਂ ਨਵੀਆਂ ਸੰਭਾਵਨਾਵਾਂ ਪੈਦਾ ਹੋਣ ਲੱਗ ਪਈਆਂ। 

ਬਚਪਨ ਵਿਚ ਅਸੀ ਪਿਆਸੇ ਕਾਂ ਦੀ ਕਹਾਣੀ ਸੁਣਦੇ ਹੁੰਦੇ ਸੀ ਕਿ ਸਮੱਸਿਆ ਕਾਢ ਦੀ ਮਾਂ ਹੈ। ਪਰ ਉਪ੍ਰੋਕਤ ਚਰਚਾ ਉਪ੍ਰੰਤ, ਇਹ ਜਾਨਣ ਬਾਅਦ ਕਿ ਕਾਢ ਰੁਜ਼ਗਾਰ ਦੀ ਮਾਂ ਹੈ, ਪਿਆਸੇ ਕਾਂ ਦੀ ਕਹਾਣੀ ਅੱਗੇ ਤੁਰਦੀ ਹੈ: ‘ਸਮੱਸਿਆ ਕਾਢ ਦੀ ਮਾਂ ਹੈ ਅਤੇ ਕਾਢ ਰੁਜ਼ਗਾਰ ਦੀ ਮਾ।’। ਮਾਨਵ ਸਮਾਜ ਦੀ ਖੁਸ਼ਹਾਲੀ ਉਸਦੀਆਂ ਸਮਸਿਆਵਾਂ ਦੇ ਹੱਲ ਨਾਲ ਜੁੜੀ ਹੁੰਦੀ ਹੈ। ਜਿੰਨੀਆਂ ਵੱਡੀਆਂ ਸਮੱਸਿਆਵਾਂ ਹੋਣਗੀਆਂ, ਉਸ ਵਿਚੋਂ ਓਨੇ ਹੀ ਵੱਧ  ਰੁਜ਼ਗਾਰ ਦੀਆਂ ਸੰਭਾਵਨਾਵਾਂ ਜਾਗਣਗੀਆਂ। ਜਿੰਨੀ ਦੇਰ ਤੱਕ ਮਾਨਵ ਅਤੇ ਉਸਦੇ ਸਮਾਜਾਂ ਦੀਆਂ ਸਮਸਿਆਵਾਂ ਖਤਮ ਨਹੀਂ ਹੋ ਜਾਂਦੀਆਂ, ਓਨੀ ਦੇਰ ਤੱਕ ਰੁਜ਼ਗਾਰ ਦੀਆਂ ਨਵੀਆਂ ਤੋਂ ਨਵੀਆਂ ਸੰਭਾਵਨਾਵਾਂ ਵੀ ਜਨਮਦੀਆਂ ਰਹਿਣਗੀਆਂ। ਸਮੱਸਿਆਵਾਂ ਦਿਨੋ ਦਿਨ ਵਧ ਹੀ ਨਹੀਂ ਰਹੀਆਂ ਗੰਭੀਰ ਵੀ ਹੁੰਦੀਆਂ ਜਾ ਰਹੀਆਂ ਹਨ। ਰੁਜ਼ਗਾਰ ਵੀ ਵਧਣ ਦੇ ਨਾਲ ਨਾਲ ਵੱਡਾ ਹੋ ਰਿਹਾ ਹੈ।

ਜੇਕਰ ਖਪਤ ਦੀਆਂ ਦੂਸਰੀਆਂ ਵਸਤਾਂ ਅਤੇ ਸੇਵਾਵਾਂ ਦੇ ਨਿਰਮਾਣ ਦੀ ਕਹਾਣੀ ਨੂੰ ਪਾਸੇ ਰੱਖ ਲਈਏ, ਤਾਂ ਵੀ ਜਲਵਾਯੂ ਵਿਚ ਆ ਰਹੇ ਪਰਿਵਰਤਨਾਂ ਨੂੰ ਨਜਿਠਣ ਵਾਸਤੇ ਊਰਜਾ ਦੇ ਬੁਨਿਆਦੀ ਢਾਂਚੇ ਦੀ ਪੁਨਰ-ਉਸਾਰੀ ਕਰਨ, ਕੋਰੋਨਾਵਾਇਰਸ ਵਰਗੀਆਂ ਛੂਤ ਦੀਆਂ ਬਿਮਾਰੀਆਂ ਦੇ ਟਾਕਰੇ ਲਈ ਜਨਤਕ ਸਿਹਤ-ਸੁਰੱਖਿਆ ਪ੍ਰਬੰਧ ਦੇ ਰੂਪਾਂਤ੍ਰਣ ਅਤੇ ਹਰ ਕਿਸੇ ਨੂੰ ਸਾਫ ਹਵਾ, ਸਾਫ ਪਾਣੀ, ਸਾਫ ਊਰਜਾ ਅਤੇ ਸਾਫ ਵਾਤਾਵਰਣ ਦੀਆਂ ਸਹੂਲਤਾਂ ਪ੍ਰਦਾਨ ਕਰਨ ਦੇ ਨਾਲ ਨਾਲ  ਦੁਨੀਆਂ ਦੇ ਨੌ ਅਰਬ ਲੋਕਾਂ ਲਈ ਰੋਜ਼ੀ ਰੋਟੀ, ਕੱਪੜੇ, ਮਕਾਨ, ਸਿਹਤ ਸੰਭਾਲ, ਮਨਪ੍ਰਚਾਵੇ ਅਤੇ ਸਿਖਿਆ ਦਾ ਪ੍ਰਬੰਧ ਕਰਨ ਵਾਸਤੇ ਹੀ ਕਿੰਨੇ ਮਾਨਵੀ ਵਸੀਲਿਆਂ ਦੀ ਜ਼ਰੂਰਤ ਰਹੇਗੀ, ਅਨੁਮਾਨ ਲਗਾਉਣਾ ਵੀ ਮੁਸ਼ਕਿਲ ਹੋਵੇਗਾ। ਮਾਨਵੀ ਕਿਰਤ ਨੂੰ ਮਸ਼ੀਨੀ ਅਤੇ ਬੌਧਿਕ ਤਕਨਾਲੋਜੀ ਨਾਲ ਲੈਸ ਕੀਤੇ ਬਿਨਾ ਤਾਂ ਅਜਿਹਾ ਕਰਨ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ।

ਕਿਰਤ ਦਾ ਮਹੱਤਵ ਅਤੇ ਉਸਦੀ ਮੰਗ ਘਟੇ ਨਹੀਂ ਵਧੇ ਹਨ। ਕਿਰਤ ਦੀ ਪ੍ਰਕਿਰਤੀ ਜ਼ਰੂਰ ਬਦਲ ਰਹੀ ਹੈ। ਕਿਰਤ ਹੁਣ ਕਠਿਨ ਮੁਸ਼ੱਕਤ ਨਹੀਂ ਰਹੀ। ਨਾ ਹੀ ਕਿਰਤੀ ਮਸ਼ੀਨ ਦਾ ਪੁਰਜ਼ਾ ਹੈ। ਮਨੇਜਰ ਕਿਰਤੀਆਂ ਨੂੰ ਹੱਕਣ ਵਾਲਾ ਮਾਸਟਰ ਵੀ ਨਹੀਂ ਹੈ। ਕਿਰਤ ਅਜਿਹੀ ਨਵੀਨਤਾਕਾਰੀ ਸਿਰਜਣਾ ਵਿਚ ਰੂਪਾਂਤ੍ਰਿਤ ਹੋ ਰਹੀ ਹੈ, ਜਿਸਨੂੰ ਕਿਰਤੀ ਪਿਆਰ ਕਰਨਗੇ। ਜੋ ਉਨ੍ਹਾਂ ਦੇ ਅਨੰਦ ਦਾ ਮਾਧਿਅਮ ਹੋਵੇਗੀ।
ਜ਼ਰੂਰੀ ਨਹੀਂ ਕਿ ਕਿਰਤ ਨੌਕਰੀ ਦਾ ਰੂਪ ਧਾਰ ਕੇ ਹੀ ਆਵੇ। ਕੰਮ ਦੀ ਕੋਈ ਘਾਟ ਨਹੀਂ ਹੋਵੇਗੀ। ਨੋਕਰੀਆਂ ਦੀ ਘਾਟ ਹੋ ਸਕਦੀ ਹੈ। ਨੌਕਰੀ ਕੰਮ ਦੇ ਪ੍ਰਬੰਧਨ ਲਈ ਕੀਤੀ ਜਾਣ ਵਾਲੀ ਇਕ ਨਕਲੀ ਉਸਾਰੀ ਹੁੰਦੀ ਹੈ। ਇਸ ਲਈ, ਜ਼ਰੂਰੀ ਨਹੀਂ ਕਿ ਕੰਮ ਹਮੇਸ਼ਾ ਨੌਕਰੀ ਦੇ ਰੂਪ ਵਿਚ ਹੀ ਆਵੇ। ਕੰਮ ਦੀ ਪ੍ਰਕਿਰਤੀ ਅਤੇ ਮਹੌਲ ਬਦਲ ਰਹੇ ਹਨ। ਸੰਭਾਵਨਾ ਇਸੇ ਗੱਲ ਦੀ ਹੈ ਕਿ ਇਹ ਹੁਣ ਨਵੇਂ ਰੂਪਾਂ ਵਿਚ ਹੀ ਪ੍ਰਗਟ ਹੋਵੇ।

ਤੁਸੀਂ ਕਾਲਿਜ ਗਏ, ਪੱਤਰਕਾਰੀ ਦੀ ਐਮ ਏ ਕੀਤੀ ਅਤੇ ਸਾਰੀ ਉਮਰ ਇਕੋ ਅਖਬਾਰ ਲਈ ਖਬਰਾਂ ਲਿਖਦਿਆਂ ਕੱਢ ਦਿੱਤੀ। ਪਰ ਤੁਹਾਡੇ ਬੱਚੇ ਇਸ ਤਰ੍ਹਾਂ ਨਹੀਂ ਕਰ ਸਕਣਗੇ। ਉਹਨਾ ਨੂੰ ਤਾਂ ਆਪਣੇ ਆਪ ਨੂੰ ਲਗਾਤਾਰ ਖੋਜਦੇ ਰਹਿਣਾ ਹੋਵੇਗਾ। ਨਿਤ ਨਵੀਂ ਤਕਨਾਲੋਜੀ, ਨਵੀਆਂ ਸੰਭਾਵਨਾਵਾਂ, ਨਵੀਂ ਟ੍ਰੇਨਿੰਗ ਅਤੇ ਨਵਾਂ ਕੰਮ। ਕੇਵਲ ਇਕ ਦੋ ਜਾਂ ਤਿੰਨ ਵਾਰ ਹੀ ਨਹੀਂ। ਹੋ ਸਕਦਾ ਹੈ ਕਿ ਵਧੇਰੇ ਸਿਰਜਣਾਤਮਕ ਅਤੇ ਉਪਯੋਗੀ ਕੰਮਾਂ ਲਈ, ਆਪਣੇ ਆਪ ਨੂੰ ਇਸੇ ਤਰ੍ਹਾਂ ਉਮਰ ਭਰ ਅਪਡੇਟ ਕਰਦੇ ਰਹਿਣਾ ਪਵੇ। ਜਿਵੇਂ ਤੁਸੀਂ ਆਪਣੇ ਆਪ ਵਿਚ ਆਪ ਹੀ ਇਕ ਸਟਾਰਟ-ਅਪ ਕੰਪਨੀ ਹੋਵੋ।

ਇਹ ਤਦ ਹੀ ਸੰਭਵ ਹੈ, ਜੇਕਰ ਦੁਨੀਆਂ ਭਰ ਵਿਚ ਹਰ ਕਿਸੇ ਨੂੰ, ਹਰ ਥਾਂ ਅਤੇ ਹਰ ਵੇਲੇ ਹਰ ਨਵੇਂ ਪੁਰਾਣੇ ਹੁਨਰ ਦੀ, ਕਫਾਇਤੀ ਮੁਲ ਤੇ ਹਰ ਤਰ੍ਹਾਂ ਦੀ ਅਪਡੇਟਿਡ ਸਿਖਿਆ ਉਪ਼ਲਭਦ ਹੋਵੇ। ਹਾਰਵਰਡ, ਐਮ ਆਈ ਟੀ, ਸਟੈਨਫੋਰਡ, ਪਰਿੰਸਟਨ ਅਤੇ ਯੌਰਜੀਆ ਟੈਕਨਾਲੋਜੀ ਵਰਗੀਆਂ ਵੱਕਾਰੀ ਯੂਨੀਵਰਸਟੀਆਂ ਨੇ ਤਾਂ ਇਹ ਕੰਮ ਕਈ ਸਾਲ ਪਹਿਲਾਂ ਸ਼ੁਰੂ ਕਰ ਦਿੱਤਾ ਸੀ, ਅਤੇ ਇਕ ਇਕ ਕੋਰਸ ਵਿਚ ਲੱਖਾਂ ਵਿਦਿਆਰਥੀ ਦਾਖਲਾ ਲੈ ਰਹੇ ਹਨ। ਇਹ ਵੱਖਰੀ ਗੱਲ ਹੈ ਕਿ ਅਸੀਂ ਆਪਣੇ ਨਿਜੀ/ ਵਿਉਪਾਰਕ ਹਿਤਾ ਦੀ ਪੂਰਤੀ ਲਈ, ਵਿਦਿਆਰਥੀਆਂ ਨੂੰ ਇਸ ਕ੍ਰਾਂਤੀ ਦਾ ਲਾਭ ਨਹੀਂ ਉਠਾਉਣ ਦੇ ਰਹੇ।

1.5 ਮਾਨਵੀ ਪੂੰਜੀ: ਖੇਤੀ ਪ੍ਰਧਾਨ ਸਮਾਜ ਵਿਚ ਪੈਦਾਵਾਰ ਅਤੇ ਖੁਸ਼ਹਾਲੀ ਦਾ ਆਧਾਰ ਜ਼ਮੀਨ ਸੀ। ਉਦਯੋਗਿਕ ਕ੍ਰਾਂਤੀ ਦੇ ਆਉਣ ਨਾਲ ਜ਼ਮੀਨ ਦੀ ਥਾਂ ਪੂੰਜੀ ਪੈਦਾਵਾਰ ਅਤੇ ਖੁਸ਼ਹਾਲੀ ਦਾ ਪ੍ਰਮੁਖ ਸਾਧਨ ਬਣ ਗਈ। ਸੇਵਾ ਸੈਕਟਰ ਵਿਚ ਸੂਚਨਾ ਪ੍ਰਧਾਨ ਸੀ। ਅੱਜ ਅਸੀਂ ਗਿਆਨ ਆਰਥਕਤਾ ਦੇ ਜਿਸ ਨਵੇਂ ਦੌਰ ਵਿਚੋਂ ਲੰਘ ਰਹੇ ਹਾਂ, ਉਸ ਅੰਦਰ ਪੈਦਾਵਾਰ ਵਿਚ ਵਾਧੇ, ਦੌਲਤ ਦੀ ਉਤਪਤੀ, ਨਵੀਆਂ ਸੰਭਾਵਨਾਵਾਂ ਦੇ ਨਿਰਮਾਣ ਅਤੇ ਖੁਸ਼ਹਾਲ ਜੀਵਨ ਦਾ ਆਧਾਰ ਤਕਨਾਲੋਜੀ ਨਹੀਂ, ਮਾਨਵ ਹੈ। ਨਵੀਂ ਤਕਨਾਲੋਜੀ, ਸਿਰਜਣਾ, ਆਜ਼ਾਦੀ, ਬਰਾਬਰੀ, ਦਇਆ ਅਤੇ ਆਪਸੀ ਸਹਿਯੋਗ ਨਾਲ ਭਰਪੂਰ ਮਾਨਵੀ ਵਸੀਲੇ ਹੀ ਆਉਣ ਵਾਲੇ ਸਮਿਆ ਵਿਚ ਖੁਸ਼ਹਾਲੀ ਦਾ ਆਧਾਰ ਹੋਣਗੇ। ਇਸਨੂੰ ਤੁਸੀਂ ਉਤਰ-ਪੂੰਜੀਵਾਦ, ਉਨਤ-ਪੂੰਜੀਵਾਦ, ਬੌਧਿਕ ਪੂੰਜੀਵਾਦ, ਮਾਨਵ-ਪੂੰਜੀਵਾਦ, ਕੋਈ ਵੀ ਨਾਮ ਦੇ ਸਕਦੇ ਹੋ। ਹੈ ਇਹ ਪੂੰਜੀਵਾਦ ਦਾ ਵਿਕਸਤ ਰੂਪ ਹੀ। ਪੂੰਜੀਵਾਦ ਦੇ ਪੁਰਾਣੇ ਦੌਰ ਵਿਚ ਆਜ਼ਾਦੀ, ਬਰਾਬਰੀ, ਦਇਆ, ਸਹਿਯੋਗ ਅਤੇ ਸਿਰਜਣਾ ਵਰਗੀਆਂ ਜਿਨ੍ਹਾਂ ਮਾਨਵੀ ਸਕਤੀਆਂ ਅਤੇ ਕਦਰਾਂ ਕੀਮਤਾਂ ਦੀ ਬਹਾਲੀ ਲਈ ਅਸੀਂ ਸੰਘਰਸ਼ ਕਰਦੇ ਰਹੇ ਹਾਂ, ਉਨ੍ਹਾਂ ਸ਼ਕਤੀਆਂ ਅਤੇ ਕਦਰਾਂ ਕੀਮਤਾਂ ਨੂੰ ਹੀ ਹੁਣ ਪੂੰਜੀਵਾਦ ਨੇ ਆਪਣੇ ਵਿਸਤਾਰ ਦਾ ਮਾਧਿਅਮ ਬਣਾ ਲਿਆ ਹੈ। 

ਇਹ ਪ੍ਰਭਾਵ ਲਗਭਗ ਸਰਬ-ਪ੍ਰਵਾਨਿਤ ਹੁੰਦਾ ਜਾ ਰਿਹਾ ਹੈ ਕਿ ਸਮਾਜਕ ਨਾਬਰਾਬਰੀ, ਜਲਵਾਯੂ ਦੀ ਤਬਦੀਲੀ ਅਤੇ ਬੇਰੁਜ਼ਗਾਰੀ ਵਰਗੀਆਂ ਅਤੀ ਮੁਸ਼ਕਿਲ ਚਨੌਤੀਆਂ ਸਮੇਤ, ਮਾਨਵਤਾ ਨੂੰ ਦਰਪੇਸ਼ ਤਮਾਮ ਸਮੱਸਿਆਵਾਂ, ਕੇਵਲ ਤਕਨਾਲੋਜੀ ਦੇ ਸਹੀ ਉਪਯੋਗ ਰਾਹੀਂ ਹੀ ਹੱਲ ਕੀਤੀਆਂ ਜਾ ਸਕਦੀਆਂ ਹਨ। ‘ਦ ਨੈੱਟ ਡਲਿਊਯਨ’ ਦੇ ਲੇਖਕ ਇਵਜੀਨੀ ਮਾਰੋਜ਼ੋਵ ਨੇ ਇਸ ਸੰਭਾਵਨਾ ਨੂੰ ਇੰਟਰਨੈਟ ਆਜ਼ਾਦੀ ਦਾ ਹਨੇਰਾ ਪੱਖ ਆਖਦੇ ਹੋਏ ‘ਹੱਲਵਾਦ’ (ਸੌਲਿਊਸ਼ਨਿਜ਼ਮ) ਦਾ ਨਾਮ ਦਿੱਤਾ ਹੈ। ਉਹ ਇਸ ਗੱਲ ਤੋਂ ਇਨਕਾਰੀ ਨਹੀਂ ਕਿ ਡਿਜੀਟਲ ਤਕਨਾਲੋਜੀ ਇਨ੍ਹਾਂ ਤਮਾਮ ਮਰਜ਼ਾਂ ਦੀ ਦਵਾ ਹੋ ਸਕਦੀ ਹੈ। ਪਰ, ਉਨ੍ਹਾਂ ਦੇ ਕਹਿਣ ਮੁਤਾਬਕ, ਖਤਰਾ ਇਸ ਗੱਲ ਦਾ ਹੈ ਕਿ ਅਖੀਰ ਵਿਚ ਇਹ ਸਾਰੀ ਵਿਵਸਥਾ ਪੂੰਜੀਵਾਦ ਦੇ ਹੱਕ ਵਿਚ ਹੀ ਭੁਗਤ ਜਾਂਦੀ ਹੈ। ਮਾਨਵਤਾ, ਆਜ਼ਾਦੀ ਅਤੇ ਬਰਾਬਰੀ ਵਰਗੀਆਂ ਭਾਵਨਾਵਾਂ  ਵੀ ‘ਟੈਕਨੋ-ਡਿਟਰਮਨਿਜ਼ਮ’ ਦਾ ਸ਼ਿਕਾਰ ਹੋ ਕੇ ਪੂੰਜੀ ਦੀ ਸੇਵਾ ਵਿਚ ਲੱਗ ਜਾਂਦੀਆਂ ਹਨ। ਇਸ ਵਿਵਸਥਾ ਅਧੀਨ ਮਾਨਵਤਾ ਨੂੰ ਮਾਨਵਤਾ ਲਈ ਨਹੀਂ, ਮੁਨਾਫੇ ਵਿਚ ਵਾਧੇ ਲਈ ਬਚਾਇਆ ਜਾ ਰਿਹਾ ਹੈ।

ਇਹ ਮੰਨ ਲੈਣ ਬਾਅਦ ਕਿ ਸਮੱਸਿਆਵਾਂ ਤਾਂ ਹੁਣ ਤਕਨਾਲੋਜੀ ਦੇ ਸਹੀ ਉਪਯੋਗ ਰਾਹੀਂ ਹੀ ਹੱਲ ਹੋਣਗੀਆਂ, ਸੁਆਲ ਪੈਦਾ ਹੁੰਦਾ ਹੈ ਕਿ ਜਟਿਲ ਸਮੱਸਿਆਵਾਂ ਦੇ ਸਮਾਧਾਨ ਲਈ ਸਹੀ ਤਕਨਾਲੋਜੀ ਦੀ ਚੋਣ, ਅਡੈਪਟੇਸ਼ਨ ਅਤੇ ਉਸਦਾ ਕਰਿਟੀਕਲ ਉਪਯੋਗ ਕਰਨ ਵਾਲੇ ਬੰਦੇ ਕਿਵੇਂ ਪੈਦਾ ਕਰਨੇ ਹਨ। ਸਿੱਧਾ ਜੁਆਬ ਹੈ: ਤਕਨਾਲੋਜੀ ਦੀ ਸਿਖਿਆ ਅਤੇ ਟਰੇਨਿੰਗ ਰਾਹੀਂ। ਹਰ ਕਿਸੇ ਨੂੰ ਇਸ ਤਰ੍ਹਾਂ ਦੀ ਸਿਖਿਆ ਅਤੇ ਟਰੇਨਿੰਗ ਦਿੱਤੀ ਜਾਵੇ ਕਿ ਉਹ ਇਕ ਤਕਨੀਕੀ ਮਾਹਿਰ ਵਾਂਗ ਖੋਜ ਕਰੇ, ਉਦਮੀ ਔਂਟਰਪਰਿਨਿਉਰ ਵਾਂਗ ਸੋਚੇ ਅਤੇ ਸਮਾਜਕ ਤਬਦੀਲੀ ਦੇ ਏਜੰਟ ਵਾਂਗ ਕੰਮ ਕਰੇ।

ਜੇਕਰ ਪੰਜਾਬ/ ਭਾਰਤ ਦੀ ਗੱਲ ਕਰੀਏ ਤਾਂ ਦਾਅਵੇ ਨਾਲ ਕਿਹਾ ਜਾ ਸਕਦਾ ਹੈ ਕਿ ਸਾਡੇ ਲੋਕਾਂ ਦੀ ਅਜਿਹੀ ਸਿਖਿਆ ਅਤੇ ਟਰੇਨਿੰਗ ਤੱਕ ਪਹੁੰਚ ਹੀ ਨਹੀਂ ਹੈ, ਜਿਸ ਰਾਹੀਂ ਉਹ ਡਿਜੀਟਲ ਅਰਥਚਾਰੇ/ ਉਦਯੋਗ ਵਿਚ ਸਿਰਜਣਾਤਮਕ ਕੰਮ ਕਰ ਸਕਣ। ਕੇਂਦਰੀ ਸਰਕਾਰ, ਰਾਜ ਸਰਕਾਰਾਂ, ਕੰਪਨੀਆਂ, ਸਿਖਿਆ ਸੰਸਥਾਵਾਂ, ਗੈਰ-ਸਰਕਾਰੀ ਜਥੇਬੰਦੀਆਂ, ਆਦਿ ਸਭ ਨੂੰ ਆਪਣੀ ਪੈਦਾਵਾਰ ਵਿਚ ਵਾਧੇ, ਦੌਲਤ ਦੀ ਉਤਪਤੀ ਅਤੇ ਖੁਸ਼ਹਾਲ ਜੀਵਨ ਦੀ ਪ੍ਰਾਪਤੀ ਲਈ, ਇਸ ਦਿਸ਼ਾ ਵਿਚ ਕ੍ਰਾਂਤੀਕਾਰੀ ਕਦਮ ਉਠਾਉਣ ਦੀ ਲੋੜ ਹੈ। ਅਜਿਹਾ ਕਰਨ ਲਈ , ਸਭ ਤੋਂ ਪਹਿਲੀ ਲੋੜ ਤਾਂ ਆਪਣੀ ਸਿਖਿਆ ਪ੍ਰਣਾਲੀ ਅਤੇ ਪਾਠਕ੍ਰਮਾਂ ਦੀ ਗਲੋਬਲ ਤਕਨਾਲੋਜੀ, ਇਨਕੂਬੇਟਾਰ ਪ੍ਰੋਗਰਾਮਾਂ ਅਤੇ ਗਲੋਬਲ ਜੌਬ ਮਾਰਕਿਟ ਨਾਲ ਤਾਲਮੇਲ ਬਿਠਾਉਣ ਦੀ ਹੈ। ਇਹ ਠੀਕ ਹੈ ਕਿ ਮਾਨਵ-ਪੂੰਜੀ ਦੇ ਵਿਕਾਸ ਬਿਨਾ ਹੁਣ ਦੁਨੀਆਂ ਨੂੰ ਬਚਾਇਆ ਨਹੀਂ ਜਾ ਸਕਦਾ। ਆਰਥਕ ਖੁਸ਼ਹਾਲੀ ਨੂੰ ਬਚਾ ਲੈਣਾ ਹੀ ਬਹੁਤ ਨਹੀਂ ਹੋਵੇਗਾ। ਆਜ਼ਾਦੀ ਅਤੇ ਬਰਾਬਰੀ ਵਰਗੀਆਂ ਕਦਰਾਂ ਕੀਮਤਾਂ ਨੂੰ ਆਰਥਕ ਵਿਕਾਸ ਦੇ ਨਾਲ ਨਾਲ ਜਮਹੂਰੀਅਤ ਦੇ ਵਿਸਤਾਰ ਦੀ ਦਿਸ਼ਾ ਵੱਲ ਮੋੜਨਾ ਵੀ ਜ਼ਰੂਰੀ ਹੈ।

ਨਾਬਰਾਬਰੀ ਕੇਵਲ ਅਮੀਰੀ ਗਰੀਬੀ ਤੱਕ ਸੀਮਤ ਨਹੀਂ ਹੁੰਦੀ। ਇਹ ਮਨੁਖੀ ਸ਼ਾਨ ਦੀ ਉਲੰਘਣਾ ਹੈ। ਇਕ ਅਜਿਹੀ ਸਮਾਜ-ਸਭਿਆਚਾਰਕ ਸੰਗਠਨਕਾਰੀ ਹੈ, ਜੋ ਆਪਣੀਆਂ ਹਾਸ਼ੀਆਗਤ ਧਿਰਾਂ ਨੂੰ ਮੌਨ ਕਰਕੇ ਆਪ ਹੀ ਕਮਜ਼ੋਰ ਹੋ ਜਾਂਦੀ ਹੈ। ਇਹ ਗਰੀਬਾਂ ਨੂੰ ਹੀ ਨਹੀਂ, ਅਮੀਰਾਂ ਸਮੇਤ ਸਮੁਚੇ ਭਾਈਚਾਰੇ ਨੂੰ ਕਮਜ਼ੋਰ ਕਰਦੀ ਹੈ। ਇਸ ਲਈ, ਹਰ ਕਿਸੇ ਨੂੰ, ਉਸਦੀ ਵਿਲੱਖਣਤਾ ਅਨੁਸਾਰ, ਉਮਰ ਭਰ ਲਈ, ਬਰਾਬਰੀ ਦੇ ਆਧਾਰ ਤੇ, ਵਿਸ਼ਵ ਪੱਧਰ ਦੀ ਸਿਖਿਆ ਪ੍ਰਦਾਨ ਕਰਨੀ ਸਟੇਟ ਦਾ ਧਰਮ ਹੈ। ਵਰਤਮਾਨ ਸਮਿਆਂ ਵਿਚ ਇਹ ਖੁਸ਼ਹਾਲੀ ਦੀ ਬੁਨਿਆਦ ਹੈ। ਜਾਤੀ, ਜਮਾਤੀ, ਧਾਰਮਿਕ, ਭਾਸ਼ਾਈ, ਸਥਾਨਕ ਜਾਂ ਲਿੰਗੀ ਆਦਿ ਕੋਈ ਵੀ ਵਖਰੇਵੇਂ ਰੁਕਾਵਟ ਨਹੀਂ ਬਣਨੇ ਚਾਹੀਦੇ।

ਪੁਰਾਣੀਆਂ ਜਾਤਾਂ, ਜਮਾਤਾਂ ਖਤਮ ਕਰਦੀ ਕਰਦੀ ਸਿਖਿਆ (ਐਜੂਕੇਸ਼ਨ), ਕਿਤੇ ਗਿਆਨੀਆਂ, ਵਿਗਿਆਨੀਆਂ, ਕਲਾਕਾਰਾਂ, ਤਕਨੀਕੀ ਮਾਹਿਰਾਂ ਅਤੇ ਪ੍ਰਬੰਧਕੀ ਸ਼ਾਸਕਾਂ ਆਦਿ ਦੀਆਂ ਨਵੀਆਂ ਜਾਤਾਂ ਜਮਾਤਾਂ ਹੀ ਨਾ ਖੜ੍ਹੀਆਂ ਕਰ ਦੇਵੇ, ਇਸ ਪ੍ਰਤੀ ਸੁਚੇਤ ਰਹਿਣਾ ਪਵੇਗਾ। ਰਾਜ ਭਾਵੇਂ ਕਿਸੇ ਵੀ ਜਾਤ, ਜਮਾਤ ਜਾਂ ਨਸਲ ਦਾ ਹੋਵੇ- ਪੂੰਜੀਪਤੀਆਂ ਦਾ, ਪ੍ਰਬੰਧਕੀ ਸ਼ਾਸਕਾਂ (ਬਿਊਰੋਕਰੈਟਾਂ) ਦਾ, ਤਕਨੀਕੀ ਮਾਹਿਰਾਂ (ਟੈਕਨੋਕਰੈਟਾਂ) ਦਾ ਜਾਂ ਵਿਦਵਾਨਾਂ (ਬ੍ਰਾਹਮਣਾਂ) ਦਾ; ਉਹ ਫਾਸ਼ੀਵਾਦ ਵੱਲ ਵਧ ਰਿਹਾ ਗੈਰ-ਜਮਹੂਰੀ ਸ਼ਾਸਨ ਹੀ ਹੋਵੇਗਾ। ਜਨਤਕ ਵਿਦਵਤਾ (ਮਾਸ ਇਨਟਲੈਕਚੁਐਲਟੀ), ਸਿਰਜਣਾ (ਕਰੀਏਟਿਵਿਟੀ) ਅਤੇ ਸਮਾਜ-ਆਰਥਕ-ਤਕਨੀਕੀ ਨਿਰਮਾਣ ਵਿਚ ਸਭ ਦੀ ਸਾਂਝੀ ਸ਼ਮੂਲੀਅਤ ਹੀ ਇਸਦਾ ਇਲਾਜ ਹੈ। ਜੇਕਰ ਜਮਹੂਰੀਅਤ ਦਾ ਇਹੋ ਮਾਰਗ ਹੈ, ਤਾਂ ਇਸ ਮਾਰਗ ਉਪਰ ਚੱਲਣ ਲਈ ਵਿਦਿਅਕ ਸੁਧਾਰ ਸਾਡਾ ਪ੍ਰਥਮ ਏਜੰਡਾ ਹੋਣੇ ਚਾਹੀਦੇ ਹਨ। ਸਿਰਜਣਾ ਦੇ ਸਾਂਝੇ ਪਿੜ (ਕਰੀਏਟਿਵ ਕੌਮਨਜ਼), ਸਾਂਝੇ ਸਹਿਯੋਗੀ ਪਰਾਜੈਕਟ, ਵਿਸ਼ਲੇਸ਼ਣੀ ਜੁਗਤਾਂ, ਆਦਿ ਰਾਹੀਂ ਸ਼ੁਰੂਆਤ ਹੋ ਸਕਦੀ ਹੈ। ਵਿਦਿਅਕ ਸੁਧਾਰ ਕੇਵਲ ਆਰਥਕ ਵਿਕਾਸ ਲਈ ਹੀ ਨਹੀਂ, ਜਮਹੂਰੀਤ ਅਤੇ ਸਮਾਜਕ ਨਿਆਂ ਦੇ ਵਿਸਤਾਰ ਲਈ ਵੀ ਓਨੇ ਹੀ ਜ਼ਰੂਰੀ ਹਨ। ਮਾਨਵਤਾ ਦਾ ਬਚਾਅ ਅਤੇ ਉਸਦਾ ਭਵਿਖ ਇਨ੍ਹਾਂ ਸੁਧਾਰਾਂ ਉਪਰ ਹੀ ਟਿਕਿਆ ਹੋਇਆ ਹੈ।

ਅੱਜ ਦੀ ਬੌਧਿਕ ਆਰਥਕਤਾ, ਜੋ ਭੂਮੀ ਜਾਂ ਸਰਮਾਏ ਉਪਰ ਨਹੀਂ, ਮਾਨਵ-ਪੂੰਜੀ ਉਪਰ ਟਿਕੀ ਹੋਈ ਹੈ, ਅੰਦਰ ਕੇਵਲ ਮਾਨਵ ਵਸੀਲਿਆ ਵਿਚ ਕੀਤੇ ਜਾਣ ਵਾਲਾ ਨਿਵੇਸ਼ ਹੀ ਪੈਦਾਵਾਰ ਵਿਚ ਵਾਧੇ, ਦੌਲਤ ਦੀ ਉਤਪਤੀ, ਨਵੀਆਂ ਸੰਭਾਵਨਾਵਾਂ ਦੇ ਨਿਰਮਾਣ ਅਤੇ ਖੁਸ਼ਹਾਲ ਜੀਵਨ ਦਾ ਆਧਾਰ ਬਣ ਸਕਦਾ ਹੈ। ਰਾਸ਼ਟਰਪਤੀ ਉਬਾਮਾਂ ਦੇ ਆਰਥਕ ਸਲਾਹਕਾਰ ਰਹੇ ਬਾਇਰਨ ਅਗਸਤੇ ਦਾ ਕਹਿਣਾ ਦਰੁਸਤ ਹੈ ਕਿ ਮਾਨਵ-ਪੂੰਜੀ ਵਿਚ ਨਿਵੇਸ਼ ਉਪਰ ਅਧਾਰਿਤ ਵਿਕਾਸ ਮਾਡਲ ਹੀ ਗਤੀਸ਼ੀਲ ਆਰਥਿਕਤਾ ਅਤੇ ਸਮਿਲਤ ਸਮਾਜ ਪੈਦਾ ਕਰਨ ਦੀ ਸਮਰੱਥਾ ਰੱਖਦੇ ਹਨ।
ਅਜਿਹਾ ਕਰਨ ਲਈ, ਲਿਖਣ ਪੜ੍ਹਨ, ਕੋਡਿੰਗ ਅਤੇ ਗਣਿਤ ਦੀ ਮਜ਼ਬੂਤ ਬੁਨਿਆਦ ਤੋਂ ਇਲਾਵਾ, ਵਿਦਿਆਰਥੀਆਂ ਦੀ ਸਿਰਜਣਾਤਮਿਕਤਾ, ਅਲੋਚਨਾਤਮਿਕ ਸੋਚ, ਸੰਚਾਰ, ਸਹਿਯੋਗ, ਸਵੈ-ਪ੍ਰੇਰਣਾ, ਉਮਰ ਭਰ ਦੀ ਸਿਖਿਆ ਅਤੇ ਔਟਰਪਰਿਨਿਉਰਸ਼ਿਪ ਵਰਗੇ ਹੁਨਰਾਂ ਵਿਚ ਟ੍ਰੇਨਿੰਗ ਮੁਢਲੀ ਲੋੜ ਬਣ ਗਈ ਹੈ।

1.6 ਉਤਰ-ਪੂੰਜੀਵਾਦ: ਪੁਰਾਣੀ ਕਹਾਵਤ ਹੈ ਕਿ ਇਕ ਕੁੱਤਾ ਖੂਹ ਵਿਚ ਡਿਗ ਕੇ ਮਰ ਗਿਆ। ਕੁਝ ਦਿਨਾਂ ਬਾਅਦ ਖੂਹ ਵਿਚੋਂ ਬਦਬੂ ਆਉਣ ਲੱਗੀ ਅਤੇ ਪਾਣੀ ਪੀਣਾ ਮੁਸ਼ਕਿਲ ਹੋ ਗਿਆ। ਲੋਕ ਪਿੰਡ ਦੇ ਸਿਆਣੇ ਕੋਲ ਗਏ। ਉਸਨੇ ਬਦਬੂ ਵਾਲਾ ਪਾਣੀ ਬਾਹਰ ਕੱਢਣ ਲਈ ਕਿਹਾ। ਲੋਕ ਕਈ ਦਿਨ ਪਾਣੀ ਕੱਢਦੇ ਰਹੇ, ਪਰ ਬਦਬੂ ਨਾ ਗਈ। ਸਿਆਣੇ ਨੇ ਖੂਹ ਤੇ ਆ ਕੇ ਪੁਛਿਆ ਕਿ ਕੀ ਤੁਸੀਂ ਮਰਿਆ ਹੋਇਆ ਕੁੱਤਾ ਨਹੀਂ ਕੱਢਿਆ? ਲੋਕਾਂ ਦਾ ਜੁਆਬ ਸੀ ਕਿ ਤੁਸੀਂ ਤਾਂ ਪਾਣੀ ਕੱਢਣ ਲਈ ਕਿਹਾ ਸੀ। ਸਿਆਣੇ ਨੇ ਕਿਹਾ ਕਿ ਮੂਰਖੋ ਤੁਸੀਂ ਬਿਮਾਰੀ ਤਾਂ ਵਿਚੇ ਰਹਿਣ ਦਿੱਤੀ। ਅਲਾਮਤਾਂ ਦੂਰ ਕਰਨ ਨਾਲ ਬਿਮਾਰੀ ਖਤਮ ਨਹੀਂ ਹੁੰਦੀ।

ਇਸੇ ਤਰ੍ਹਾਂ ਅੱਜ ਵੀ ਅਸੀਂ ਆਰਥਕ ਖੜੋਤ, ਵਧ ਰਹੀ ਬੇਰੁਜ਼ਗਾਰੀ, ਜਲਵਾਯੂ ਦੀ ਤਬਦੀਲੀ ਅਤੇ ਨਾਬਰਾਬਰੀ ਦਾ ਰੌਲਾ ਤਾਂ ਪਾਈ ਜਾ ਰਹੇ ਹਾਂ। ਇਨ੍ਹਾਂ ਦੇ ਸਮਾਧਾਨ ਲਈ ਆਪੋ ਆਪਣੀਆਂ ਕੋਸ਼ਿਸ਼ਾ ਵੀ ਕਰ ਰਹੇ ਹਾਂ। ਪਰ ਜਿਸ ਬਿਮਾਰੀ ਦੀਆਂ ਇਹ ਅਲਾਮਤਾਂ ਹਨ, ਉਸ ਬਿਮਾਰੀ ਦਾ ਕੋਈ ਇਲਾਜ ਨਹੀਂ ਕਰ ਰਹੇ। ਕੁਦਰਤੀ ਵਸੀਲਿਆਂ ਦੇ ਖੋਰੇ ਅਤੇ ਮਨੁਖੀ ਕਿਰਤ ਦੇ ਸ਼ੋਸ਼ਣ ਉਪਰ ਟਿਕੀ ਹੋਈ ਇਸ ਬਿਮਾਰੀ ਦਾ ਨਾਮ ਹੈ, ਉਦਾਰਵਾਦ (ਲਿਬਰਲਿਜ਼ਮ)। ਉਦਾਰਵਾਦ ਪੂੰਜੀਵਾਦ ਦੀ ਮੌਜੂਦਾ ਵਿਵਸਥਾ ਹੈ, ਜੋ ਪ੍ਰਮੁਖ ਤੌਰ ਤੇ ਮੁਨਾਫੇ ਦੀ ਹਵਸ, ਮੰਡੀ ਦੇ ਤਰਕ ਅਤੇ ਨਿੱਜੀ ਮਲਕੀਅਤ ਦੇ ਨਸ਼ੇ ਨਾਲ ਦੁਨੀਆਂ ਦੀ ਬਰਬਾਦੀ ਦਾ ਕਾਰੋਬਾਰ ਚਲਾ ਰਹੀ ਹੈ।

ਉਦਾਰਵਾਦ ਤਾਂ ਹੁਣ ਪੂੰਜੀਵਾਦ ਦੇ ਅਗਾਊਂ ਵਿਕਾਸ ਲਈ ਵੀ ਸਮੱਸਿਆ ਬਣ ਚੁਕਾ ਹੈ। ਇਸ ਲਈ, ਪੂੰਜੀਵਾਦ ਖੁਦ ਵੀ ਉਤਰ-ਉਦਾਰਵਾਦੀ ਰਸਤਿਆ ਦੀ ਤਲਾਸ਼ ਕਰ ਰਿਹਾ ਹੈ। ਜਿਵੇਂ ਕਿ ਆਪਾਂ ਚਰਚਾ ਕਰ ਆਏ ਹਾਂ, ਸਾਡੇ ਇਸ ਪਰਚੇ ਦਾ ਉਦੇਸ਼ ਵੀ ਕਿਸੇ ਅਜੇਹੇ ਰਸਤੇ ਦੀ ਨਿਸ਼ਾਨਦੇਹੀ ਕਰਨਾ ਹੈ, ਜੋ ਆਰਥਕ ਵਿਕਾਸ ਦੇ ਨਾਲ ਨਾਲ ਜਮਹੂਰੀਅਤ, ਸਮਾਜਕ ਨਿਆਂ, ਨੈਤਿਕਤਾ ਅਤੇ ਸੁਹਜ ਦੇ ਵਿਸਤਾਰ ਨੂੰ ਵੀ ਆਪਣਾ ਏਜੰਡਾ ਬਣਾ ਕੇ ਚੱਲੇ। ਕਿਉਂਕਿ ਇਹ ਕਦਰਾਂ ਕੀਮਤਾਂ ਉਤਰ-ਉਦਾਰਵਾਦੀ ਆਰਥਕ ਵਿਕਾਸ ਦੇ ਪ੍ਰੋਗਰਾਮਾਂ ਦਾ ਵੀ ਭਾਗ ਹਨ, ਇਸ ਲਈ ਆਪਾਂ ਉਤਰ-ਉਦਾਰਵਾਦੀ ਪ੍ਰੋਗਰਾਮਾਂ ਦੀ ਥਾਂ ਉਤਰ-ਪੂੰਜੀਵਾਦੀ ਏਜੰਡੇ ਦੀ ਹੀ ਗੱਲ ਕਰਾਂਗੇ। 
 
ਪੀਟਰ ਡਰੰਕਰ ਨੇ, ਆਪਣੀ 1993 ਵਿਚ ਛਪੀ ਪੁਸਤਕ ‘ਉਤਰ-ਪੂੰਜੀਵਾਦੀ ਸਮਾਜ’ (ਪੋਸਟ-ਕੈਪੀਟਲਿਸਟ ਸੁਸਾਇਟੀ) ਵਿਚ ਨੈਟਵਰਕ ਸੁਸਾਇਟੀ ਦੀ ਭਵਿਖਬਾਣੀ ਕਰਦਿਆ ਬੜੇ ਸਾਫ ਲਫਜ਼ਾਂ ਵਿਚ ਕਹਿ ਦਿੱਤਾ ਸੀ ਕਿ ਆਉਣ ਵਾਲੇ ਵੀਹ ਸਾਲਾਂ ਦੇ ਅੰਦਰ ਅੰਦਰ  ਹੀ ਵਰਤਮਾਨ ਪੈਦਾਵਾਰੀ ਸਾਧਨਾਂ- ਭੂਮੀਂ, ਕਿਰਤ ਅਤੇ ਪੂੰਜੀ, ਦੇ ਮੁਕਾਬਲੇ ਗਿਆਨ ਵਧੇਰੇ ਮਹੱਤਵ ਗ੍ਰਹਿਣ ਕਰ ਲਵੇਗਾ। ਅਜਿਹਾ ਕਰਦਿਆਂ, ਪਹਿਲਾਂ ਤਾਂ ਉਸਨੇ ਨੈਟਵਰਕ ਵਿਚ ਬੱਝੇ ਗਿਆਨੀਆਂ, ਵਿਗਿਆਨੀਆਂ ਅਤੇ ਤਕਨੀਕੀ ਮਾਹਿਰਾਂ ਦੀ ਨਵੀਂ ਜਮਾਤ ਦਾ ਵਿਚਾਰ ਪੇਸ਼ ਕੀਤਾ। ਫੇਰ ਇਸ ਵਿਸ਼ਵਵਿਆਪੀ ਵਿਦਵਾਨ ਜਮਾਤ (ਯੂਨੀਵਰਸਲ ਐਜੂਕੇਟਿਡ ਕਲਾਸ) ਨੂੰ ਸਮਾਜਕ ਤਬਦੀਲੀ ਦੀ ਏਜੰਸੀ ਘੋਸ਼ਿਤ ਕਰ ਦਿੱਤਾ। ਇਹ ਨਿਸ਼ਚੇ ਹੀ ਕ੍ਰਾਂਤੀਕਾਰੀ ਕਦਮ ਸੀ। ਉਸਦੇ ਕਹਿਣ ਮੁਤਾਬਕ, ਇਸ ਵਿਦਵਾਨ ਜਮਾਤ ਨੂੰ ਨਵੀ ਵਿਵਸਥਾ ਦੀ ਸਥਾਪਨਾ ਲਈ ਉਵੇਂ ਸੰਘਰਸ਼ ਕਰਨਾ ਪਵੇਗਾ ਜਿਵੇਂ ਬੁਰਜੂਆਂ ਜਮਾਤ ਨੇ ਜਗੀਰੂ ਪ੍ਰਬੰਧ ਨੂੰ ਤਬਦੀਲ ਕਰਨ ਲਈ ਕੀਤਾ ਸੀ।

ਨੋਬਲ ਇਨਾਮ (2018) ਜੇਤੂ ਪਾਲ ਰੋਮਰ ਨੇ ਆਪਣੇ 1990 ਵਿਚ ਛਪੇ ਖੋਜ ਪੱਤਰ ‘ਐਂਡੋਜੀਨਸ ਟੈਕਨਾਲੋਜੀਕਲ ਚੇਂਜ’ ਰਾਹੀਂ, ਆਪਣੇ ਤੋਂ ਪਹਿਲੇ ਅਰਥ ਸ਼ਾਸਤਰੀਆਂ, ਜੋ ਵਿਕਾਸ ਦਰ ਦੀ ਗਣਨਾ ਕਰਦੇ ਸਮੇਂ, ਤਕਨਾਲੋਜੀ ਨੂੰ ਬਾਹਰ ਰੱਖਦੇ ਸਨ, ਦੀਆਂ ਧਾਰਨਾਵਾਂ ਨੂੰ ਰੱਦ ਕਰਦਿਆਂ ਤਕਨਾਲੋਜੀ ਨੂੰ ਵਿਕਾਸ ਦਰ ਦੀਆਂ ਸਮੀਕਰਣਾ ਦਾ ਪ੍ਰਮੁਖ ਕਾਰਕ ਬਣਾਇਆ। ਤਕਨਾਲੋਜੀ ਵਿਚ ਤਬਦੀਲੀ, ਉਸ ਅਨੁਸਾਰ, ਕੱਚੇ ਮਾਲ ਨੂੰ ਮਿਲਾਉਣ ਦੀਆਂ ਹਦਾਇਤਾਂ ਵਿਚ ਸੁਧਾਰ ਵਜੋਂ ਦੇਖੀ ਜਾਣੀ ਚਾਹੀਦੀ ਹੈ। ਇਸ ਤਰ੍ਹਾਂ ਇਨਫਰਮੇਸ਼ਨ (ਹਦਾਇਤਾਂ) ਨੂੰ ਭੌਤਿਕ ਅਤੇ ਡਿਜੀਟਲ ਸੰਸਾਰ ਵਿਚ ਵਸਤੂਆਂ ਦੇ ਨਿਰਮਾਣ ਲਈ ਰੈਸਪੀਆਂ ਵਾਂਗ ਸਮਝਿਆ ਜਾਣ ਲੱਗਾ। ਭੌਤਿਕ ਅਤੇ ਡਿਜੀਟਲ ਵਸਤੂਆਂ ਦੀ ਆਰਥਕਿਤਾ ਦੇ ਵਖਰੇਵੇਂ ਵੀ ਸਮਝ ਪੈਣੇ ਸ਼ੁਰੂ ਹੋ ਗਏ।

ਕਿਉਂਕਿ ਡਿਜੀਟਲ ਵਸਤੂਆਂ ਦੇ ਨਿਰਮਾਣ ਲਈ ਕੱਚਾ ਮਾਲ ਤਾਂ ਇਸਤੇਮਾਲ ਹੁੰਦਾ ਨਹੀਂ। ਹਦਾਇਤਾਂ ਦੀ ਤਿਆਰੀ ਵਾਸਤੇ ਜੋ ਖਰਚਾ ਆਉਂਦਾ ਹੈ, ਉਹ ਵੀ ਇਕੋ ਵਾਰ ਆਉਂਦਾ ਹੈ। ਡਿਜੀਟਲ ਵਸਤੂ ਦੀਆਂ ਕਾਪੀਆਂ ਤਿਅਰ ਕਰਨ ਉਪਰ ਵਾਧੂ ਖਰਚੇ ਦੀ ਸੰਭਾਵਨਾ ਹੀ ਨਹੀਂ। ਅਰਥਸ਼ਾਸਤਰੀਆਂ ਦੀ ਭਾਸ਼ਾ ਵਿਚ ਟਰਾਂਜ਼ੈਕਸ਼ਨਲ ਕੌਸਟ ਜ਼ੀਰੋ ਰਹਿ ਜਾਂਦੀ ਹੈ।

ਇਹ ਕੌਫੀ ਦਾ ਕੱਪ ਮੇਰਾ ਹੈ। ਮੈਂ ਇਸਨੂੰ ਪੰਜਾਹ ਰੁਪੈ ਵਿਚ ਖਰੀਦਿਆ ਹੈ। ਕਿਉਂਕਿ ਇਸਦੀ ਮੁਫਤ ਵਿਚ ਕਾਪੀ ਤਿਆਰ ਨਹੀਂ ਹੋ ਸਕਦੀ, ਇਸ ਲਈ ਤੁਹਾਨੂੰ ਆਪਣੇ ਲਈ ਅਲੱਗ ਤੋਂ ਖਰੀਦਣਾ ਪਵੇਗਾ। ਪਰ ਤੁਹਾਡੇ ਮੋਬਾਈਲ ਫੋਨ ਦੀ ਮੈਮਰੀ ਵਿਚ ਪਈ ਐਮ ਪੀ- 3 ਫਾਈਲ ਦੀ ਕਾਪੀ ਮੈਂ ਮੁਫਤ ਵਿਚ ਹਾਸਲ ਕਰ ਸਕਦਾ ਹਾਂ। ਉਹ ਬੇਸ਼ੁਮਾਰ ਸਾਫਟਵੇਅਰ, ਐਪਸ, ਫਿਲਮਾਂ, ਸੰਗੀਤ, ਪੁਸਤਕਾਂ ਅਤੇ ਖੇਡਾ, ਜੋ ਤੁਸੀ ਆਪਣੇ ਮੋਬਾਈਲ ਫੋਨ ਵਿਚ ਲੈ ਕੇ ਘੁੰਮਦੇ ਹੋ, ਤੁਸੀ ਮੁਫਤ ਵਿਚ ਹੀ ਪ੍ਰਾਪਤ ਕੀਤੀਆਂ ਹੋਈਆਂ ਹਨ। ਇਹ ਵੱਖਰੀ ਗੱਲ ਹੈ ਕਿ ਐਪਲ, ਗੂਗਲ, ਫੇਸਬੁਕ ਅਤੇ ਐਮਾਜ਼ੌਨ ਵਰਗੀਆਂ ਕੰਪਨੀਆਂ ਇਨ੍ਹਾਂ ਪ੍ਰੋਗਰਾਮਾਂ ਰਾਹੀਂ ਪੈਦਾ ਹੋ ਰਹੇ ਡੇਟਾ ਉਪਰ ਮਨਾਪਲੀ ਜਮਾਈ ਬੈਠੀਆਂ ਹਨ। ਸਰਵੇਲੈਂਸ ਅਤੇ ਕੰਟਰੋਲ ਦੇ ਐਲਗੋਰਿਦਮਾਂ ਰਾਹੀਂ ਅੰਨ੍ਹਾ ਪੈਸਾ ਵੀ ਕਮਾ ਰਹੀਆਂ ਹਨ। ਪਰ ਤੇਜ਼ੀ ਨਾਲ ਵਿਕਸਤ ਹੋ ਰਹੀ ਇਸ ਨਵੀਂ ਗਿਆਨ ਆਰਥਿਕਤਾ ਨੇ ਮਾਰਕਿਟ, ਮੁਨਾਫੇ ਅਤੇ ਥੁੜ੍ਹਾਂ ਦੇ ਸੰਸਾਰ ਵਿਚ ਮੰਡੀ ਦੇ ਤਰਕ ਨੂੰ ਰੱਦ ਕਰਕੇ, ਜ਼ੀਰੋ ਮਾਰਜੀਨਲ ਕੌਸਟ ਅਤੇ ਬਹੁਤਾਤਾਂ ਦੀ ਨਵੀਂ ਦੁਨੀਆਂ ਦੇ ਦੁਆਰ ਖੋਲ੍ਹ ਕੇ ਸਭ ਨੂੰ ਚਕਾਚੌਂਧ ਕਰ ਦਿੱਤਾ ਹੈ।

ਬਾਕੀ ਰਹਿ ਗਈ ਨਿਜੀ ਮਲਕੀਅਤ ਦੀ ਗੱਲ। ਜਿਉਂ ਜਿਉਂ ਟਰਾਂਜ਼ੈਕਸ਼ਨਲ ਕੌਸਟਾਂ ਘਟਦੀਆਂ ਜਾਣਗੀਆਂ, ਤਿਉਂ ਤਿਊਂ ਲੋਕਾਂ ਅੰਦਰ ਮਸ਼ੀਨਾਂ ਨੂੰ ਖਰੀਦ ਕੇ ਘਰ ਰੱਖਣ ਦੀ ਥਾਂ, ਉਨ੍ਹਾਂ ਮਸ਼ੀਨਾਂ ਦੀਆਂ ਸੇਵਾਵਾਂ ਨੂੰ ਕਿਰਾਏ ਤੇ ਲੈਣ ਦਾ ਰੁਝਾਨ ਵਧ ਜਾਵੇਗਾ। ਉਦਾਹਰਣ ਦੇ ਤੌਰ ਤੇ ਤੁਸੀ ਪੰਦਰਾਂ ਵੀਹ ਲੱਖ ਦੀ ਕਾਰ ਖਰੀਦ ਕੇ ਘਰੇ ਖੜ੍ਹੀ ਕਰ ਲੈਂਦੇ ਹੋ। ਕੇਵਲ ਦਫਤਰ ਜਾਣ ਲਈ ਇਸਤੇਮਾਲ ਕਰਦੇ ਹੋ। ਕਦੇ ਕਦੇ ਬੱਚਿਆਂ ਨਾਲ ਘੁੰਮ ਫਿਰ ਵੀ ਆਉਂਦੇ ਹੋ। ਪਰ ਬਹੁਤਾ ਸਮਾਂ ਗੈਰਜ ਵਿਚ ਹੀ ਰਹਿੰਦੀ ਹੈ। ਜੇਕਰ ਘੱਟ ਕਿਰਾਏ ਤੇ ਟੈਕਸੀ ਦੀ ਤੁਰੰਤ ਸੇਵਾ ਉਪਲਭਦ ਹੋਣ ਲੱਗ ਪਵੇ ਤਾਂ ਤੁਸੀਂ ਕਾਰ ਨਾਮ ਦਾ ਚਿੱਟਾ ਹਾਥੀ ਕਿਉਂ ਪਾਲੋਗੇ। ਸ਼ੁਰੂ ਸ਼ੁਰੂ ਵਿਚ ਨਿੱਜੀ ਕਾਰ ਰੱਖਣਾ ਚੰਗਾ ਵੀ ਲੱਗ ਸਕਦਾ ਹੈ, ਪਰ ਸਮਾਂ ਪਾ ਕੇ ਤਾਂ ਮੂਰਖਤਾ ਦੀ ਨਿਸ਼ਾਨੀ ਹੀ ਬਣੇਗਾ। ਆਪਣੇ ਘਰ ਨੂੰ ਮਸ਼ੀਨਾ ਅਤੇ ਵਸਤੂਆਂ ਦਾ ਸਟੋਰ ਹਾਊਸ ਬਨਾਉਣ ਦੀ ਥਾਂ ਸੇਵਾਵਾਂ ਨੂੰ ਕਿਰਾਏ ਤੇ ਲੈਣ ਦਾ ਰੁਝਾਨ ਨਿਸ਼ਚੇ ਹੀ ਵਧਣ ਵਾਲਾ ਹੈ। ਮਲਕੀਅਤ ਦੀ ਭਾਵਨਾ ਦੇ ਕੋਈ ਅਰਥ ਨਹੀਂ ਰਹਿ ਜਾਣੇ।

ਗਿਣੀਆਂ ਚੁਣੀਆਂ ਸੇਵਾਵਾਂ ਦੀ ਗੱਲ ਨਹੀਂ; ਸਨਅਤੀ ਨਿਰਮਾਣ (ਮੈਨੂਫੈਕਚਰਿਂਗ) ਦਾ ਢਾਂਚਾ ਹੀ ਬਦਲ ਰਿਹਾ ਹੈ। ਇਸੇ ਨੂੰ ਚੌਥੀ ਉਦਯੋਗਿਕ ਕ੍ਰਾਂਤੀ ਦਾ ਨਾਮ ਦਿੱਤਾ ਗਿਆ ਹੈ। ਤੁਹਾਨੂੰ ਕੋਈ ਚੀਜ਼ ਖਰੀਣ ਲਈ ਕਿਤੇ ਜਾਣ ਦੀ ਲੋੜ ਨਹੀਂ ਹੋਵੇਗੀ। ਕੋਰੀਅਰ ਰਾਹੀਂ ਵੀ ਨਹੀਂ ਆਵੇਗੀ। ਜੇਕਰ ਤੁਸੀ ਕਮੀਜ਼ ਖਰੀਦਣੀ ਚਾਹੁੰਦੇ ਹੋ, ਤਾਂ ਘਰ ਬੈਠੇ ਹੀ, ਕਮੀਜ਼ਾਂ ਦੀ ਵਰਚੂਅਲ ਗੈਲਰੀ ਵਿਚੋਂ, ਆਪਣੇ ਨਾਪ ਅਤੇ ਪਸੰਦ ਦੀ ਕਮੀਜ਼ ਚੁਣ ਸਕਦੇ ਹੋ। ਤੁਹਾਡੇ ਆਰਡਰ ਕਰਦਿਆ ਹੀ ਉਹ ਡਿਜ਼ਾਈਨ ਈ-ਮੇਲ ਰਾਹੀਂ ਤੁਹਾਡੇ ਕੋਲ ਪਹੁੰਚ ਜਾਵੇਗਾ, ਜਿਸਨੂੰ ਤੁਸੀਂ ਘਰ ਬੈਠਿਆ ਹੀ 3-ਡੀ ਪਰਿੰਟਰ ਉਪਰ ਤਿਆਰ ਕਰ ਸਕਦੇ ਹੋ। ਤੁਹਾਨੂੰ 3-ਡੀ ਪਰਿੰਟਰ ਵੀ ਖਰੀਦਣ ਦੀ ਵੀ ਲੋੜ ਨਹੀਂ। ਤੁਹਾਡੇ ਮੁਹੱਲੇ ਦੀ ਲਾਇਬਰੇਰੀ ਵਿਚੋਂ ਮਿਲ ਜਾਵੇਗਾ। ਲਾਇਬਰੇਰੀ ਦੀ ਧਾਰਨਾ ਵੀ ਬਦਲੇਗੀ।

ਇਕ ਗੱਲ ਦਾ ਧਿਆਨ ਰਹਿਣਾ ਚਾਹੀਦਾ ਹੈ ਕਿ ਇੰਟੈਲੀਜੈਂਟ ਮਸ਼ੀਨ ਕੰਪਿਊਟਰ ਨਹੀਂ, ਨੈਟਵਰਕ ਹੈ। ‘ਇੰਟਰਨੈਟ ਆਫ ਐਵਰੀਥਿੰਗ’ ਨੇ ਮਨੁਖਾਂ, ਮਸ਼ੀਨਾਂ, ਵਸਤੂਆਂ, ਸੇਵਾਵਾਂ ਅਤੇ ਸਾਧਨਾ ਨੂੰ ਸੰਚਾਰ ਅਤੇ ਸਬੰਧਾਂ ਦੇ ਨੈਟਵਰਕ ਵਿਚ ਬੰਨ੍ਹ ਕੇ ਕਾਰਜਕੁਸ਼ਲਤਾ ਦੀਆਂ ਅਨੰਤ ਸੰਭਾਵਨਾਵਾਂ ਜਗਾ ਦਿਤੀਆਂ ਹਨ।
ਇੰਟਰਨੈਟ ਆਫ ਐਵਰੀਥਿੰਗ ਦੇ ਨਾਲ ਨਾਲ ‘ਕਲਾਊਡ’ ਨੂੰ ਸਮਝਣਾ ਵੀ ਜ਼ਰੂਰੀ ਹੈ। ਕਲਾਊਡ ਕੋਈ ਜਗ੍ਹਾ ਜਾਂ ਅਸਮਾਨ ਵਿਚ ਖੜ੍ਹੀ ਕੀਤੀ ਗਈ ਇਮਾਰਤ ਨਹੀਂ ਹੁੰਦੀ। ਕਲਾਊਡ ਦਾ ਸਬੰਧ ਉਨ੍ਹਾਂ ਸਾਫਟਵੇਅਰਾਂ ਅਤੇ ਡਿਜੀਟਲ ਸੇਵਾਵਾਂ ਨਾਲ ਹੈ, ਜੋ ਤੁਹਾਨੂੰ ਇੰਟਰਨੈਟ ਉਪਰ ਉਪਲਭਦ ਰਹਿੰਦੀਆਂ ਹਨ। ਤੁਸੀ ਉਨ੍ਹਾਂ ਦੀ ਕਦੇ ਵੀ, ਕਿਤੇ ਵੀ ਅਤੇ ਕਿਸੇ ਵੀ ਡਿਵਾਈਸ ਉਪਰ ਵਰਤੋਂ ਕਰ ਸਕਦੇ ਹੋ। ਤੁਸੀਂ ਆਪਣਾ ਨਿਜੀ ਸਮਾਨ ਜਿਵੇਂ ਕਿ ਤਸਵੀਰਾਂ, ਫਿਲਮਾਂ, ਕਿਤਾਬਾਂ, ਡਾਕੂਮੈਂਟ, ਆਦਿ ਨੂੰ ਵੀ ਕਲਾਊਡ ਉਪਰ ਰੱਖ ਕੇ ਕੰਮ ਕਰ ਸਕਦੇ ਹੋ। ਮਨਪਰਚਾਵਾ, ਸਿਹਤ ਸੰਭਾਲ, ਸਿਖਿਆ, ਖਰੀਦੋ ਫਰੋਖਤ, ਈ-ਗਵਰਨੈਂਸ, ਈ-ਕਾਮਰਸ ਆਦਿ ਸੇਵਾਵਾ, ਸਭ ਕਲਾਊਡ ਰਾਹੀਂ ਹੀ ਉਪਲਭਦ ਹੋ ਰਹੀਆਂ ਹਨ।  
ਕੀ ਨੈਟਵਰਕ ਆਰਥਿਕਤਾ ਨਾਲ ਨਵੀਂ ਉਤਪਾਦਨ ਪ੍ਰਣਾਲੀ ਦਾ ਆਰੰਭ ਹੋ ਰਿਹਾ ਹੈ? ‘ਦ ਵੈਲਥ ਆਫ ਨੈਟਵਰਕਸ’ ਦੇ ਲੇਖਕ ਯੋਚੇ ਬੈਂਕਲਰ ਨੇ 2006 ਵਿਚ ਹੀ ਇਹ ਦਾਅਵਾ ਪੇਸ਼ ਕਰ ਦਿੱਤਾ ਸੀ ਕਿ ਨੈਟਵਰਕ ਆਰਥਿਕਤਾ ਇਕ ਨਵੀਂ ਉਤਪਾਦਨ ਪ੍ਰਣਾਲੀ ਲੈ ਕੇ ਆ ਰਹੀ ਹੈ।

ਬੈਂਕਲਰ ਦੇ ਇਸ ਦਾਅਵੇ ਨੂੰ ‘ਵਿਕੀਪੀਡੀਆਂ’ ਦੀ ਉਦਾਹਰਣ ਲੈਕੇ ਸਮਝਣ ਦੀ ਕੋਸ਼ਿਸ ਕਰਦੇ ਹਾਂ। ਸਾਇੰਸ ਜਗਤ ਦੀ ਸਭ ਤੋਂ ਮਸ਼ਹੂਰ ਖੋਜ ਪਤ੍ਰਿਕਾ ‘ਨੇਚਰ’ ਵਿਚ ਛਪੇ ਇਕ ਲੇਖ ਮੁਤਾਬਕ ਵਿਕੀਪੀਡੀਆ ਦੀ ਵੀ ਓਨੀ ਹੀ ਭਰੋਸੇਯੋਗਤਾ ਹੈ ਜਿੰਨੀ ‘ਐਨਸਾਈਕਲੋਪੀਡੀਆ ਬਰਟੈਨਿਕਾ’ ਦੀ। ਪਰ ਐਨਸਾਈਕਲੋਪੀਡੀਆ ਬਰਟੈਨਿਕਾ ਨੂੰ ਆਨਲਾਈਨ ਪੜ੍ਹਨ ਵਾਸਤੇ ਤੁਹਾਨੂੰ ਪੰਜ ਹਜ਼ਾਰ ਰੁਪਏ ਸਲਾਨਾ ਚੰਦਾ ਭਰਨਾ ਪੈਦਾ ਹੈ। ਜਦੋਂ ਕਿ ਵਿਕੀਪੀਡੀਆ, ਜੋ ਐਨਸਾਈਕਲੋਪੀਡੀਆ ਬਰਟੈਨਿਕਾ ਨਾਲੋਂ 85 ਗੁਣਾ ਵੱਡਾ ਹੈ, ਅਤੇ ਜਿਸ ਵਿਚ ਹਰ ਰੋਜ਼ ਪੰਜਾਹ ਹਜ਼ਾਰ ਨਵੇਂ ਲੇਖ ਸਾਮਲ ਹੋ ਜਾਂਦੇ ਹਨ, ਨੂੰ ਬਿਨਾ ਕੋਈ ਪੈਸਾ ਦਿੱਤੇ ਮੁਫਤ ਪੜ੍ਹ ਸਕਦੇ ਹੋ। ਅਜਿਹਾ ਇਸ ਲਈ, ਕਿਉਂਕਿ ਦੋਨਾ ਦੀਆਂ ਪੈਦਾਵਾਰੀ ਵਿਧੀਆਂ ਵੱਖੋ ਵੱਖਰੀਆਂ ਹਨ।

ਐਨਸੀਕਲੋਪੀਡੀਆ ਬਰਟੈਨਿਕਾ, ਨਫਾ ਕਮਾਉਣ ਲਈ ਪੈਸੇ ਦੇ ਕੇ ਲਿਖਵਾਇਆ ਜਾਂਦਾ ਹੈ। ਵਿਕੀਪੀਡੀਆ ਦਾ ਇਸਤੇਮਾਲ ਕਰਨ ਵਾਲੇ ਗਿਆਨੀ ਵਿਗਿਆਨੀ, ਬਿਨਾ ਕੋਈ ਪੈਸਾ ਦਿੱਤੇ ਲਏ, ਇਸਨੂੰ ਖੁਦ ਹੀ ਲਿਖਦੇ, ਪੜ੍ਹਦੇ, ਸੰਪਾਦਿਤ ਅਤੇ ਪ੍ਰਕਾਸ਼ਿਤ ਕਰਦੇ ਹਨ। ਵਿਕੀਪੀਡੀਆ ਇਕ ਸਾਂਝਾ ਪਿੜ ਹੈ, ਜਿਸਦਾ ਉਤਪਾਦਨ ਅਤੇ ਉਪਯੋਗ ਕਰਨ ਵਾਲੇ ਰਜਿਸਟਰਡ ਮੈਂਬਰਾਂ ਦੀ ਹੀ ਗਿਣਤੀ ਚਾਰ ਕਰੋੜ ਹੈ। ਜੇਕਰ ਵਿਕੀਪੀਡੀਆ ਵੀ ਐਨਸਾਈਕਲੋਪੀਡੀਆ ਬਰਟੈਨਿਕਾ ਵਾਂਗ ਸਲਾਨਾ ਚੰਦਾ ਲੈਣਾ ਸ਼ੁਰੂ ਕਰ ਦੇਵੇ ਤਾ ਇਸਦੀ ਸਲਾਨਾ ਟਰਨ-ਓਵਰ ਤਿੰਨ ਅਰਬ ਡਾਲਰ ਤੋਂ ਵੀ ਵਧੇਰੇ ਹੋ ਸਕਦੀ ਹੈ। ਪਰ ਅਜਿਹਾ ਹੋਵੇਗਾ ਨਹੀਂ। ਇਹ ਕੰਮ ਤਾਂ ਮੁਨਾਫੇ ਅਤੇ ਮੰਡੀ ਦੇ ਤਰਕ ਤੋਂ ਬਾਹਰ ਰਹਿ ਕੇ, ਬਿਨਾ ਕੁਝ ਦਿਤੇ ਲਏ, ਜਮਹੁਰੀ ਤਰੀਕਿਆ ਨਾਲ ਹੀ ਸਿਰੇ ਚੜ੍ਹ ਸਕਦਾ ਸੀ। ਦੋਨਾਂ ਦੀਆਂ ਵੱਖੋ ਵੱਖਰੀਆਂ ਉਤਪਾਦਨ ਪ੍ਰਣਾਲੀਆਂ ਹਨ। ਇਕ ਗੱਲ ਸਪਸ਼ਟ ਹੈ ਕਿ ਵਿਕੀਪੀਡੀਆ (ਉਤਰ-ਪੂੰਜੀਵਾਦੀ ਉਤਪਾਦਨ ਪ੍ਰਣਾਲੀ) ਦਾ ਐਨਸਾਈਕਲੋਪੀਡੀਆਂ (ਪੂੰਜੀਵਾਦੀ ਉਤਪਾਦਨ ਪਣਾਲੀ) ਮੁਕਾਬਲਾ ਨਹੀਂ ਕਰ ਸਕਦਾ। ਮੁਕਾਬਲਾ ਕਰਨ ਲਈ ਐਨਸਾਈਕਲੋਪੀਡੀਆਂ ਤਿਆਰ ਕਰਨ ਵਾਲੀ ਕੰਪਨੀ ਨੂੰ ਇਹ ਮੁਫਤ ਵੰਡਣਾ ਪਵੇਗਾ , ਜੋ ਸੰਭਵ ਨਹੀਂ। ਆਉਣ ਵਾਲੇ ਯੁਗ ਦੀ ਦਿਸ਼ਾ ਤਹਿ ਹੈ। ਪੂੰਜੀਵਾਦ ਜੇਕਰ ਬਚਦਾ ਹੈ, ਤਾਂ ਉਹ ਵੀ ਹੁਣ ਕੇਵਲ ਉਤਰ-ਪੂੰਜੀਵਾਦ ਦੇ ਬਚਾਇਆਂ ਹੀ ਬਚੇਗਾ।

ਮਾਰਕਸ ਨੇ ਵੀ ਆਪਣੀ 1858 ਦੀ ਇਕ ਲਿਖਤ ‘ਫਰੈਗਮੈਂਟ ਆਨ ਮਸ਼ੀਨਜ਼’ ਵਿਚ ਮਸ਼ੀਨਾਂ ਅੰਦਰ ਜਮ੍ਹਾਂ ਪਈ ਲੋਕਾਂ ਦੀ ਸਾਂਝੇ (ਸਮਾਜਕ) ਪੱਧਰ ਤੇ ਪੈਦਾ ਕੀਤੀ ਸਿਆਣਪ/ ਤਕਨਾਲੋਜੀ ਨੂੰ ਸਮਾਜਕ ਤਬਦੀਲੀ ਦੇ ਇਕ ਨਵੇਂ ਮਾਰਗ ਵਜੋਂ ਕਲਪਿਤ ਤਾਂ ਕਰ ਲਿਆ ਸੀ, ਪਰ ਇਸ ਨੂੰ ਵਿਕਸਤ ਨਹੀਂ ਕਰ ਸਕਿਆ। ਅਸੀਂ ਅੱਜ ਜਿਸ ਕਿਸਮ ਦੇ ਨੌਲਿਜ ਨੈਟਵਰਕ ਵਿਚੋਂ ਦੀ ਲੰਘ ਰਹੇ ਹਾਂ, ਮਾਰਕਸ ਨੇ ਇਸਦੀ ਕਲਪਨਾ ਕਰਦੇ ਹੋਏ, ਸਮਾਜਕ ਪੱਧਰ ਤੇ ਵਿਕਸਤ ਹੋ ਰਹੇ ਗਿਆਨ, ਜਿਸਨੂੰ ਉਹ ‘ਜਨਰਲ ਇੰਟਲੈਕਟ’ ਦਾ ਨਾਮ ਦਿੰਦਾ ਹੈ, ਰਾਹੀਂ ਨਵੀਂ ਉਤਪਾਦਨ ਪ੍ਰਣਾਲੀ ਨਾਲ ਲੈਸ ਅੱਜ ਦੀ ਨੈਟਵਰਕ ਵਿਚ ਬੱਝੀ ਵਿਦਵਾਨ ਜਮਾਤ ਦੇ ਕ੍ਰਾਂਤੀਕਾਰੀ ਕਿਰਦਾਰ ਵੱਲ ਇਸ਼ਾਰਾ ਤਾਂ ਕਰ ਹੀ ਦਿੱਤਾ ਸੀ।

1.7 ਸਿਰਜਣਾਤਮਕ ਆਰਥਿਕਤਾ: ਕਿਸੇ ਦੁਰੇਡੇ ਪਿੰਡੋਂ ਵਿਆਹ ਕੇ ਆਈ ਔਰਤ ਆਪਣੇ ਘਰ ਦੀ ਕੱਚੀ ਕੰਧ ਉਪਰ ਸ਼ੇਰ ਦਾ ਚਿਤਰ ਬਣਾਉਂਦੀ ਹੈ। ਉਸਨੂੰ ਦੇਖ ਕੇ ਪਿੰਡ ਦੀਆਂ ਕਈ ਹੋਰ ਔਰਤਾਂ ਵੀ ਆਪਣੀਆਂ ਕੰਧਾਂ ਉਪਰ ਅਜੇਹੇ ਚਿਤਰ ਬਣਾਉਂਦੀਆਂ ਹਨ। ਕੋਈ ਉਸ ਸ਼ੇਰ ਦੇ ਚਿਹਰੇ ਉਪਰ ਆਪਣੇ ਘਰ ਵਾਲੇ ਦੀਆਂ ਕੁੰਡਲਦਾਰ ਮੁੱਛਾਂ ਲਗਾ ਦਿੰਦੀ ਹੈ। ਕੋਈ ਉਸਦੀ ਪੂਛ ਖੜ੍ਹੀ ਕਰ ਦਿੰਦੀ ਹੈ। ਤੀਸਰੀ ਕਿਸੇ ਫੁਰਤੀਲੇ ਨੌਜੁਆਨ ਤੋਂ ਆਕਰਸ਼ਿਤ ਹੋ ਕੇ ਸ਼ੇਰ ਦੀ ਦੇਹ ਵਿਚ ਫੁਰਤੀਲਾਪਣ ਭਰਨ ਲਈ ਉਸਨੂੰ ਜਿਊਮਿਤੀ ਰੂਪ ਵਿਚ ਢਾਲ ਲੈਂਦੀ ਹੈ। ਹੌਲੀ ਹੌਲੀ ਸ਼ੇਰ ਦਾ ਇਕ ਸਾਂਝਾ ਚਿਤਰ ਉਭਰਨਾ ਸ਼ੁਰੂ ਹੋ ਜਾਂਦਾ ਹੈ, ਜੋ ਕਿਸੇ ਇਕ ਦੀ ਨਹੀਂ, ਪਿੰਡ ਦੀਆਂ ਔਰਤਾਂ ਦੀ ਸਾਂਝੀ ਸਹਿਯੋਗੀ ਸੋਚ/ ਸਿਰਜਣਾਤਮਕਤਾ ਵਿਚੋਂ ਪੈਦਾ ਹੋਇਆ ਹੁੰਦਾ ਹੈ। ਸ਼ੇਰ ਦੇ ਚਿਤਰ ਦੀ ਸਾਂਝੀ ਸਿਰਜਣਾ ਰਾਹੀਂ, ਇਹ ਔਰਤਾਂ, ਦਰਅਸਲ ਮਰਦ ਨਾਲ ਆਪਣੇ ਰਿਸ਼ਤੇ ਦੀ ਕਲਪਨਾ ਰਾਹੀਂ ਆਪਣੇ ਸਮਾਜਕ ਵਿਅਕਤਿਤਵ (ਸੈਲਫ) ਦੀ ਹੀ ਪੁਨਰ-ਸਿਰਜਣਾ ਕਰ ਰਹੀਆਂ ਹੁੰਦੀਆਂ ਹਨ। ਸਾਂਝੀ ਸਮਾਜਕ ਸਿਰਜਣਾ ਦੇ ਵਹਾਅ ਰਾਹੀਂ ਲੋਕ ਕੇਵਲ ਵਸਤੂਆਂ ਦਾ ਨਿਰਮਾਣ ਹੀ ਨਹੀਂ ਕਰਦੇ, ਆਪਣੇ ਭਾਈਚਾਰਿਆਂ ਨੂੰ ਵੀ ਲਗਾਤਾਰ ਪੁਨਰ-ਸਿਰਜਿਤ ਕਰਦੇ ਰਹਿੰਦੇ ਹਨ।

ਹੁਣ ਪਿੰਡ ਵਿਚ ਇਕ ਫੋਟੋਗਰਾਫਰ ਆਉਂਦਾ ਹੈ। ਕੱਚੀ ਕੰਧ ਉਪਰ ਬਣੇ ਇਸ ਸ਼ੇਰ ਦੀ ਫੋਟੋ ਖਿਚ ਕੇ ਉਸ ਉਪਰ ਆਪਣਾ ਨਾਮ ਲਿਖਦਾ ਹੈ। ਪਰਿੰਟ ਤਿਆਰ ਕਰਦਾ ਹੈ ਤੇ ਫਰੇਮ ਕਰਕੇ ਕਲਾ ਪ੍ਰਦਰਸ਼ਨੀ ਵਿਚ ਸਜਾ ਦਿੰਦਾ ਹੈ। ਕੋਈ ਵਿਉਪਾਰੀ ਇਕ ਨਿਸ਼ਚਿਤ ਕੀਮਤ ਅਦਾ ਕਰਕੇ ਉਸ ਤਸਵੀਰ ਦਾ ਕਾਪੀਰਾਈਟ ਖਰੀਦ ਲੈਂਦਾ ਹੈ; ਤਾਂ ਜੋ ਕੈਲੰਡਰ ਦੇ ਰੂਪ ਵਿਚ ਇਸਦੀਆਂ ਹਜ਼ਾਰਾਂ ਕਾਪੀਆਂ ਤਿਆਰ ਕਰਕੇ ਕਲਾ-ਮੰਡੀ ਰਾਹੀਂ ਵਧੇਰੇ ਕਮਾਈ ਕੀਤੀ ਜਾ ਸਕੇ।

ਪਰ ਪਿੰਡ ਦੀਆਂ ਔਰਤਾਂ ਇਹ ਕੰਧ ਚਿਤਰ ਵੇਚਣ ਲਈ ਨਹੀਂ ਬਣਾਉਂਦੀਆਂ। ਕੱਚੇ ਰੰਗਾਂ ਨਾਲ ਬਣੇ ਇਹ ਕੰਧ ਚਿਤਰ ਬਰਸਾਤਾਂ ਵਿਚ ਮਿਟ ਜਾਂਦੇ ਹਨ। ਉਹ ਨਵੇਂ ਸਿਰੇ ਤੋਂ ਬਣਾ ਲੈਦੀਆਂ ਹਨ। ਕਲਾ ਸਾਂਝੀ ਸਿਰਜਣਾਤਮਕ ਪ੍ਰੈਕਟਿਸ ਹੈ ਜਿਸ ਰਾਹੀਂ ਪਿੰਡ ਆਪਣੀ ਭਾਈਚਾਰਕ ਪਛਾਣ ਦੀ ਸਿਰਜਣਾ/ ਪੁਨਰ-ਸਿਰਜਣਾ ਕਰਦਾ ਹੈ। ਕਲਾਤਮਕ ਵਸਤੂ ਤਾਂ ਇਸਦੀ ਵਾਧੂ-ਉਪਜ ਹੈ ਜੋ ਮੰਡੀ ਦੇ ਮਾਧਿਅਮ ਰਾਹੀਂ ਲੋਕਾਂ ਦੀ ਨਿੱਜੀ ਖਪਤ ਦਾ ਮਾਲ ਬਣਕੇ ਮੁਨਾਫੇ ਦੀ ਪੈਦਾਵਾਰ ਅਤੇ ਵੰਡ ਨਾਲ ਪੂੰਜੀਵਾਦੀ ਯੁਗ ਦੀ ਸਿਰਜਣਾ ਕਰਦੀ ਹੈ।

ਕਲਾ ਮੰਡੀ ਬਾਰੇ ਇਕ ਪਰਚਾ ਪੇਸ਼ ਕਰਦਿਆਂ ਜਦੋਂ ਮੈਂ ਇਹ ਇਹ ਕਹਾਣੀ ਸੁਣਾਈ ਤਾਂ ਅਕਾਲ ਗਿਲ ਨੇ ਇਕ ਸੁਆਲ ਕੀਤਾ, ਜੋ ਬਾਅਦ ਵਿਚ ਉਸਦੇ ਖੋਜ ਪੱਤਰ ‘ਲੋਕਧਾਰਾ 2.0’ ਵਿਚ ਛਪਿਆ ਵੀ।  ਉਸ ਨੇ ਪੁਛਿਆ ਕਿ ਜਦੋਂ ਕੋਈ ਫੋਟੋਗਰਾਫਰ ਪਿੰਡ ਦੀ ਇਕ ਔਰਤ ਦੁਆਰਾ ਬਣਾਏ ਕੰਧ ਚਿਤਰ ਦੀ ਤਸਵੀਰ ਖਿੱਚ ਕੇ ਛਪਵਾਉਂਦਾ ਹੈ, ਤਾਂ ਉਸ ਤਸਵੀਰ ਉਪਰ ਕਿਸਦਾ ਅਧਿਕਾਰ ਮੰਨਿਆ ਜਾਣਾ ਚਾਹੀਦਾ ਹੈ; ਫੋਟੋਗਰਾਫਰ ਦਾ ਜਾਂ ਔਰਤ ਦਾ? ਉਸਨੇ ਖੁਦ ਹੀ ਜੁਆਬ ਦਿਤਾ ਕਿ ਉਸ ਤਸਵੀਰ ਉਪਰ ਨਾ ਚਿਤਰ ਬਨਾਉਣ ਵਾਲੀ ਔਰਤ ਦਾ ਅਧਿਕਾਰ ਹੈ ਅਤੇ ਨਾ ਹੀ ਉਸ ਚਿਤਰ ਦੀ ਤਸਵੀਰ ਖਿਚਣ ਵਾਲੇ ਫੋਟੋਗਰਾਢਰ ਦਾ। ਇਹ ਤਾਂ ਉਸ ਪਿੰਡ ਦੀਆਂ ਔਰਤਾਂ ਦੀ ਸਾਂਝੀ ਸਿਰਜਣਾ ਦਾ ਪਰਿਣਾਮ ਹੈ। ਜਦੋਂ ਕੋਈ ਕਲਾਕਾਰ ਇਸ ਕੰਧ ਚਿਤਰ ਨੂੰ ਕੈਨਵਸ ਉਪਰ ਉਤਾਰ ਕੇ ਕਿਸੇ ਰਜਵਾੜੇ ਜਾਂ ਸੰਸਥਾ ਤੋਂ ਸਰਪ੍ਰਸਤੀ ਪ੍ਰਾਪਤ ਕਰਨ ਲਈ ਉਸ ਨੂੰ ਭੇਂਟ ਕਰਦਾ ਹੈ, ਤਾਂ ਇਸ ਨੂੰ ਜਗੀਰੂ ਉਤਪਾਦਨ ਪ੍ਰਣਾਲੀ ਕਿਹਾ ਜਾਂਦਾ ਹੈ। ਦੂਸਰੇ ਪਾਸੇ ਜਦੋਂ ਇਸ ਕਲਾ ਕ੍ਰਿਤ ਦੀਆਂ, ਮਸ਼ੀਨੀ ਪੁਨਰ-ਉਤਪਾਦਨ ਰਾਹੀਂ ਅਨੇਕਾਂ ਕਾਪੀਆਂ ਤਿਆਰ ਹੋ ਕੇ, ਮੰਡੀ ਵਿਚ ਮੁਨਾਫੇ ਲਈ ਵੇਚੀਆਂ ਜਾਂਦੀਆਂ ਹਨ, ਤਾਂ ਇਹ ਪੂੰਜੀਵਾਦੀ ਵਿਧਾ ਅਖਵਾਉਂਦੀ ਹੈ।

ਜਗੀਰੂ ਅਤੇ ਪੂੰਜੀਵਾਦੀ ਵਿਵਸਥਾ ਦੌਰਾਨ ਕਲਾ ਨਹੀਂ, ਸਗੋਂ ਭੂਮੀ ਅਤੇ ਪੂੰਜੀ ਪੈਦਾਵਾਰ ਦੇ ਪ੍ਰਮੁਖ ਸਰੋਤ ਸਨ। ਪਰ, ਜਿਵੇਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਆਏ ਹਾਂ, ਉਤਰ-ਪੂੰਜੀਵਾਦ ਦੇ ਅਜੋਕੇ ਯੁਗ ਵਿਚ ਆਕੇ ਭੂਮੀ ਅਤੇ ਪੂੰਜੀ ਦੇ ਮੁਕਾਬਲੇ ਸਿਰਜਣਾਤਮਿਕਤਾ ਪੈਦਾਵਾਰ ਦਾ ਮੁਖ ਸਾਧਨ ਬਣ ਜਾਂਦੀ ਹੈ। ਸਿਰਜਣਾਤਮਿਕਤਾ ਦਾ ਸਬੰਧ ਕੇਵਲ ਕਲਾ ਨਾਲ ਹੀ ਨਹੀਂ, ਭਾਸ਼ਾ, ਗਿਆਨ, ਵਿਗਿਆਨ, ਤਕਨਾਲੋਜੀ, ਡਿਜ਼ਾਈਨ, ਆਦਿ ਉਨ੍ਹਾਂ ਸਭਨਾ ਵਿਧਾਵਾਂ ਨਾਲ ਹੈ, ਜੋ ਮਾਨਵ ਅਤੇ ਮਸ਼ੀਨ, ਦੋਨਾ ਦੀ ਸਮਰੱਥਾ ਵਿਚ ਵਾਧੇ ਰਾਹੀਂ, ਪੈਦਾਵਾਰ ਵਿਚ ਵਾਧੇ ਦੇ ਨਾਲ ਨਾਲ ਸਮਾਜਕ ਪੁਨਰਸਿਰਜਣਾ ਦਾ ਵੀ ਕੰਮ ਕਰਦੀਆਂ ਹਨ। ਉਤਰ-ਪੰਜੀਵਾਦ, ਪੂੰਜੀਵਾਦ ਦੀ ਉਹ ਸਟੇਜ ਹੈ ਜਿਥੇ ਪਹੁੰਚ ਕੇ ਜਿਸਮਾਨੀ ਕਿਰਤ ਦੀ ਥਾਂ ਸਿਰਣਾਤਮਿਕ ਕਿਰਤ ਪੈਦਾਵਾਰ ਦੀ ਪ੍ਰਮੁਖ ਸਕਤੀ ਬਣ ਜਾਂਦੀ ਹੈ। ਮਿਸ਼ੇਲ ਫੂਕੋ ਤੋਂ ਸੰਕੇਤ ਲੈਂਦਿਆਂ ਮਿਸ਼ੇਲ ਹਾਰਟ ਅਤੇ ਅੰਤੋਨੀਓ ਨੇਗਰੀ ਇਸਨੂੰ ਬਾਇਉਪੁਲਿਟੀਕਲ ਪੈਦਾਵਾਰ ਦਾ ਨਾਮ ਦਿੰਦੇ ਹਨ।     

ਸਿਰਜਣਾ ਦੋ ਸਮਾਨੰਤਰ ਸੰਭਾਵਨਾਵਾਂ ਪੈਦਾ ਕਰ ਦਿੰਦੀ ਹੈ। ਇਹ ਕੇਵਲ ਵਸਤੂਆਂ ਦਾ ਉਤਪਾਦਨ ਹੀ ਨਹੀਂ ਵਧਾਉਂਦੀ, ਭਾਈਚਾਰਕ ਰਿਸ਼ਤਿਆਂ ਅਤੇ ਨੈਤਿਕ ਕਦਰਾਂ ਕੀਮਤਾਂ ਦਾ ਪੁਨਰ-ਨਿਰਮਾਣ ਵੀ ਕਰਦੀ ਹੈ। ਸੋ, ਪੂੰਜੀਵਾਦੀ ਉਦਯੋਗ ਦੀ ਪੈਦਾਵਾਰੀ ਸਕਤੀ ਹੋਣ ਦਾ ਨਾਲ ਨਾਲ ਸਿਰਜਣਾ ਭਾਈਚਾਰਕ ਪੁਨਰ-ਨਿਰਮਾਣ ਦਾ ਪਿੜ ਵੀ ਬਣ ਜਾਂਦੀ ਹੈ।

ਮੁਨਾਫੇ ਅਤੇ ਮਨਾਪਲੀਆਂ ਖਾਤਰ, ਸਿਰਜਣਾਤਮਕਤਾ ਦੇ ਕੰਟਰੋਲ ਅਤੇ ਗਿਆਨ ਉਪਰ ਨਿੱਜੀ ਮਲਕੀਅਤ ਦੀ ਸਥਾਪਨਾ ਰਾਹੀਂ, ਗਿਆਨ ਦੇ ਖੁਲ੍ਹੇ ਵਹਾ ਅੱਗੇ ਜੋ ਰੁਕਾਵਟਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ, ਉਹ ਸਿਰਜਣਾਤਮਕ ਪਿੜਾਂ ਦੀ ਕਾਰਜਕੁਸ਼ਲਤਾ ਘਟਾ ਕੇ ਪੂੰਜੀ ਦੇ ਵਿਸਤਾਰ ਦਾ ਹੀ ਨੁਕਸਾਨ ਕਰ ਰਹੀਆਂ ਹਨ। ਪੂੰਜੀਵਾਦ ਲਈ ਵਾਪਿਸੀ ਦੇ ਰਸਤੇ ਬੰਦ ਹੁੰਦੇ ਜਾ ਰਹੇ ਹਨ। ਉਸਦਾ ਉਤਰ-ਪੂਜੀਵਾਦ ਵੱਲ ਵਧਣਾ ਤਹਿ ਹੈ। ਪਰ ਇਹ ਵੀ ਸੱਚ ਹੈ ਕਿ ਸਿਖਿਆ ਸੁਧਾਰਾਂ ਨੂੰ ਨਜ਼ਰਅੰਦਾਜ਼ ਕਰਕੇ ਇਸ ਦਿਸ਼ਾ ਵੱਲ ਇਕ ਕਦਮ ਵੀ ਨਹੀਂ ਪੁਟਿਆ ਜਾ ਸਕਦਾ। ਇਸ ਲਈ, ਸਿਖਿਆ ਸੁਧਾਰ ਸਾਡੀ ਚੋਣ ਨਹੀਂ, ਸ਼ਰਤ ਬਣ ਗਏ ਹਨ।

ਐਜੂਫੈਕਟਰੀ ਦੇ ਜ਼ੀਰੋ ਅੰਕ ਦਾ ਮੁੱਦਾ ਹੀ ਇਹ ਹੈ ਕਿ ਸਨਅਤੀ ਯੁਗ ਵਿਚ ਜੋ ਸਥਾਨ ਫੈਕਟਰੀ ਦਾ ਸੀ, ਅੱਜ ਦੇ ਗਿਆਨ ਯੁਗ ਵਿਚ ਉਹੋ ਸਥਾਨ ਯੂਨੀਵਰਸਟੀ ਦਾ ਬਣ ਗਿਆ ਹੈ। ਹੁਣ ਪੂੰਜੀ ਨਹੀਂ ਸਿਖਿਆ ਸਾਡੇ ਭਵਿਖ ਦਾ ਫੈਸਲਾ ਕਰੇਗੀ। ਜਿਹੋ ਜਿਹੀ ਯੂਨੀਵਰਸਟੀ ਬਣਾਵਾਂਗੇ, ਉਹੋ ਜਿਹਾ ਹੀ ਭਵਿਖ ਪਾਵਾਂਗੇ।

1.8 ਕੱਚੇ ਮਾਲਕ ਪੱਕੇ ਮਜ਼ਦੂਰ: ਕੌਮੀ ਸ਼ਾਹਰਾਹਾਂ ਤੇ ਆਪਣੇ ਘਰਾਂ ਨੂੰ ਨੰਗੇ ਪੈਰੀਂ ਬਾਪਿਸ ਜਾ ਰਹੇ ਭੁਖੇ ਭਾਣੇ, ਗਰੀਬ ਅਤੇ ਲਾਚਾਰ ਮਜ਼ਦੂਰ ਪਰਿਵਾਰਾਂ ਦੀਆਂ ਟੋਲੀਆਂ ਨੇ ਲਾਲ ਸਿੰਘ ਦਿਲ ਦੀ ਕਵਿਤਾ ‘ਸ਼ਾਮ ਦਾ ਰੰਗ ਫਿਰ ਪੁਰਾਣਾ ਹੈ’ (1971) ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ :
“ਸ਼ਾਮ ਦਾ ਰੰਗ ਫ਼ਿਰ ਪੁਰਾਣਾ ਹੈ/ ਜਾ ਰਹੇ ਨੇਂ ਬਸਤੀਆਂ ਨੂੰ ਫ਼ੁੱਟਪਾਥ/ ਜਾ ਰਹੀ ਹੈ ਝੀਲ ਕੋਈ ਦਫ਼ਤਰੋਂ/ ਨੌਕਰੀ ਤੋਂ ਲੈ ਜਵਾਬ/ ਪੀ ਰਹੀ ਏ ਝੀਲ ਕੋਈ ਜਲ਼ ਦੀ ਪਿਆਸ/ ਤੁਰ ਪਿਆ ਏ ਸ਼ਹਿਰ ਕੁੱਝ ਪਿੰਡਾਂ ਦੇ ਰਾਹ/ ਸੁੱਟ ਕੇ ਕੋਈ ਜਾ ਰਿਹਾ ਸਾਰੀ ਕਮਾਈ/ ਪੂੰਝਦਾ ਕੋਈ ਆ ਰਿਹਾ ਧੋਤੀ ਦੇ ਨਾਲ਼/ ਕਮਜ਼ੋਰ ਪਸ਼ੂਆਂ ਦੇ ਪਿੰਡੇ ਤੋਂ ਆਰਾਂ ਦਾ ਖ਼ੂਨ/ ਸ਼ਾਮ ਦਾ ਰੰਗ ਫ਼ਿਰ ਪੁਰਾਣਾ ਹੈ।”

ਜਦੋਂ ਲਾਲ ਸਿੰਘ ਦਿਲ ਨੇ ਇਹ ਕਵਿਤਾ ਲਿਖੀ ਸੀ, ਉਦੋਂ ਤੋਂ ਲੈਕੇ ਹੁਣ ਤੱਕ ਸਾਡੇ ਦੇਸ਼ ਦੀ ਆਮਦਨ ਵਿਚ ਸੈਂਕੜੇ ਗੁਣਾ ਵਾਧਾ ਹੋ ਗਿਆ ਹੋਵੇਗਾ। ਪਰ ਕੋਰੋਨਾ ਦੇ ਘਰਾਂ ਵਿਚ ਡੱਕੇ ਮਜ਼ਦੂਰਾਂ ਨੂੰ ਅਸੀਂ ਹਾਲੇ ਰੋਟੀ ਦੇਣ ਜੋਗੇ ਵੀ ਨਹੀਂ ਹੋਏ। ਸਾਡੇ ਰਾਕਟ ਦੂਜੇ ਗ੍ਰਹਿਆ ਦੀ ਸੈਰ ਕਰ ਰਹੇ ਹਨ, ਪਰ ਆਪਣੇ ਮਜ਼ਦੂਰਾਂ ਨੂੰ ਬੰਬਈ ਤੋਂ ਪਟਨੇ ਲਿਆਉਣ ਦੀ ਸਮਰੱਥਾ ਪੈਦਾ ਕਰਨੀ ਹਾਲੇ ਬਾਕੀ ਹੈ।

ਜੇ ਕਰਮ ਭੂਮੀ ਇਨ੍ਹਾਂ ਦੀ ਰੋਜ਼ੀ ਰੋਟੀ ਦਾ ਤਸੱਲੀਬਖਸ਼ ਪ੍ਰਬੰਧ ਨਹੀਂ ਕਰ ਸਕੀ, ਤਾਂ ਜਨਮਭੂਮੀ ਵੀ ਕੇਵਲ ਸੁਰਜੀਤ ਪਾਤਰ ਦਾ ਇਹ ਸ਼ੇਅਰ ਹੀ ਯਾਦ ਕਰਵਾਏਗੀ: “ਇਕ ਕੈਦ ‘ਚੋਂ ਦੂਜੀ ਕੈਦ ‘ਚ ਪਹੁੰਚ ਗਈ ਏਂ/ ਕੀ ਖੱਟਿਆ ਮਹਿੰਦੀ ਲਾ ਕੇ ਵਟਣਾ ਮਲ ਕੇ।” ਰਿਜ਼ਕ ਪਿਛੇ ਤਾਂ ਇਹ ਆਪਣਿਆਂ ਦਾ ਮੋਹ ਤਿਆਗ ਕੇ ਓਪਰਿਆਂ ਵਿਚ ਆਏ ਸਨ। ਪਿਛੇ ਰਹਿ ਗਏ ਮੋਹ ਨੂੰ ਆਪਣੀਆਂ ਖੁਸ਼ੀਆਂ ਮਨੀਆਰਡਰ ਵੀ ਕਰਦੇ ਰਹੇ। ਪਰ ਹੁਣ ਜਦੋਂ ਕੋਰੋਨਾ ਨੇ ਰਿਜ਼ਕ ਹੀ ਖੋਹ ਲਿਆ, ਤਾਂ ਏਥੇ ਰਹਿ ਕੇ ਵੀ ਕੀ ਕਰਨਗੇ। ਖਾਣ ਲਈ ਅਨਾਜ ਨਹੀਂ, ਰਹਿਣ ਲਈ ਕਿਰਾਇਆ ਨਹੀਂ, ਬਾਪਿਸ ਜਾਣ ਦਾ ਪ੍ਰਬੰਧ ਨਹੀਂ, ਰੋਣ ਦੀ ਇਜਾਜ਼ਤ ਨਹੀਂ। ਮੰਦੇ ਹਾਲੀਂ ਬਾਪਿਸ ਪਹੁੰਚੇ, ਤਾਂ ਦੇਖਿਆ ਕਿ ਕੋਰੋਨਾ ਦੇ ਭੈਅ ਅਤੇ ਮਨੀਆਰਡਰ ਦੇ ਸੁਖ ਨੇ ਮੋਹ ਮੁਹੱਬਤਾਂ ਦੇ ਅਰਥ ਹੀ ਬਦਲ ਦਿੱਤੇ ਸਨ। ਆਪਣਿਆਂ ਨੂੰ ਵੀ ਹੁਣ ਇਹ ਭਾਰ ਲੱਗਣ ਲੱਗ ਪਏ ਸਨ। ਕਈਆਂ ਨੇ ਤਾਂ ਇਨ੍ਹਾਂ ਲਈ ਆਪਣੇ ਬੂਹੇ ਬੰਦ ਕਰ ਲਏ। ਮੀਡੀਆ ਨੂੰ ਵੀ ਉਦੋਂ ਹੀ ਦਿਖਾਈ ਦਿੱਤੇ ਜਦੋਂ ਉਹ ਆਪਣੇ ਘਰਾਂ ਨੂੰ ਬਾਪਿਸ ਜਾਣ ਲਈ ਬੰਦ ਭਾਰਤ ਦੀਆਂ ਸੜਕਾਂ ਤੇ ਪੁਲਿਸ ਦੇ ਡੰਡੇ ਖਾ ਰਹੇ ਸਨ। ਸਰਕਾਰ ਨੂੰ ਸ਼ਾਇਦ ਇਸ ਲਈ ਦਿਖਾਈ ਨਹੀਂ ਦਿੱਤੇ ਕਿਉਂਕਿ ਇਹ ਕੋਰੋਨਾ ਦੀ ਵਕਤੀ ਸਮਸਿਆ ਨਹੀਂ, ਦਿਹਾੜੀਦਾਰ ਕਾਮਿਆਂ ਦਾ ਸਥਾਈ ਸੰਕਟ ਹੈ। ਕੋਰੋਨਾ ਕਾਰਨ ਇਹ ਸੰਕਟ ਦਿਖਾਈ ਜ਼ਰੂਰ ਦੇਣ ਲੱਗ ਪਿਆ ਹੈ। ਕੇਵਲ ਦਿਹਾੜੀਦਾਰ ਮਜ਼ਦੂਰਾਂ ਦੀਆਂ ਘੱਟ ਉਜਰਤਾਂ ਅਤੇ ਵਧ ਰਹੀ ਸਮਾਜਕ ਨਾਬਰਾਬਰੀ ਦਾ ਹੀ ਸੰਕਟ ਨਹੀਂ। ਸਮਾਜਕ ਸੁਰੱਖਿਆ ਅਤੇ ਸਨਮਾਨ ਦਾ ਵੀ ਮੁੱਦਾ ਹੈ। ਉਹ ਰੋਟੀ ਲਈ ਕਿਸੇ ਅੱਗੇ ਹੱਥ ਕਿਉਂ ਅੱਡਣ।

ਕਿੰਨੀ ਬੇਸ਼ਰਮੀ ਨਾਲ ਆਖ ਦਿਤਾ ਜਾਂਦਾ ਹੈ ਕਿ ਉਹ ਕਿਸੇ ਸਰਕਾਰੀ/ ਵਿਉਪਾਰਕ ਅਦਾਰੇ ਦੇ ਪੱਕੇ ਮੁਲਾਜ਼ਮ ਨਹੀਂ ਹਨ, ਇਸ ਲਈ ਉਨ੍ਹਾਂ ਨੂੰ ਪੈਂਸ਼ਨ, ਗਰੈਚੁਇਟੀ, ਮੈਡੀਕਲ ਅਤੇ ਹਾਊਸ ਰੈਂਟ ਵਰਗੀਆਂ ਸੁਵਿਧਾਵਾਂ ਨਹੀਂ ਮਿਲਣਗੀਆਂ। ਉਹ ਤਾਂ ਹਰ ਰੋਜ਼ ਅੱਠ ਤੋਂ ਸੋਲਾਂ ਘੰਟੇ ਕੰਮ ਕਰਦੇ ਹਨ। ਫੇਰ ਉਹ ਕੱਚੇ ਕਿਵੇਂ ਹੋਏ; ਕੱਚੇ ਤਾਂ ਉਨ੍ਹਾਂ ਦੇ ਮਾਲਕ ਹੋਏ ਜੋ ਹਰ ਰੋਜ਼ ਬਦਲਦੇ ਹਨ। ਜਿਹੜੇ ਲੋਕ ਇਹ ਆਖਦੇ ਹਨ ਕਿ ਇਥੇ ਉਨ੍ਹਾਂ ਦਾ ਰਾਸਨ ਕਾਰਡ ਨਹੀਂ, ਉਨ੍ਹਾਂ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਡਿਜੀਟਲ ਇੰਡੀਆ ਵਿਚ ਕੋਈ ਚੰਗਾ ਬਹਾਨਾ ਢੂੰਡਣਾ ਚਾਹੀਦਾ ਸੀ। ਕੰਮ ‘ਤੇ ਰਖਵਾਉਣ ਵਾਲੇ ਠੇਕੇਦਾਰਾਂ ਤੋਂ ਲੈ ਕੇ ਮੁਲਕ ਦੇ ਕਾਨੂੰਨ ਤੱਕ ਹਰ ਕੋਈ ਇਨ੍ਹਾਂ ਨਾਲ ਠੱਗੀ ਮਾਰ ਰਿਹਾ ਹੈ। ਜੇਕਰ ਕੋਈ ਅਦਾਰਾ/ ਘਰ ਕਿਸੇ ਮਜ਼ਦੂਰ ਨੂੰ ਇਕ ਦਿਨ ਲਈ ਵੀ ਦਿਹਾੜੀ ਤੇ ਰੱਖਦਾ ਹੈ, ਤਾਂ ਉਸ ਮਜ਼ਦੂਰ ਦੇ ਖਾਤੇ ਵਿਚ ਉਸ ਇਕ ਦਿਨ ਦੇ ਫੰਡ (ਗਰੈਚੁਇਟੀ, ਪਰਾਵੀਡੰਟ ਫੰਡ, ਮੈਡੀਕਲ ਅਤੇ ਹਾਊਸ ਰੈਂਟ, ਆਦਿ) ਜਮ੍ਹਾਂ ਹੋਣੇ ਚਾਹੀਦੇ ਹਨ। ਉਸੇ ਹਿਸਾਬ ਨਾਲ ਸਰਕਾਰ ਆਪਣਾ ਹਿੱਸਾ ਪਾਵੇ। ਕਾਨੂੰਨ ਵਿਚ ਇਸ ਛੋਟੀ ਜਿਹੀ ਤਬਦੀਲੀ ਨਾਲ ਹੀ ਇਨ੍ਹਾਂ ਦੀ ਸਮਾਜਕ ਸੁਰੱਖਿਆ ਅਤੇ ਮਾਨ-ਸਨਮਾਨ ਦਾ ਮਸਲਾ ਬਹੁਤ ਹੱਦ ਤੱਕ ਹੱਲ ਹੋ ਜਾਵੇਗਾ।

ਇਹ ਕਾਨੂੰਨੀ ਤਬਦੀਲੀ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਦਿਹਾੜੀਦਾਰਾ ਕੰਮ ਹੁਣ ਨਿਚਲੀ ਪੱਧਰ ਦੇ ਕਾਮਿਆਂ ਤੱਕ ਸੀਮਤ ਰਹਿਣ ਵਾਲਾ ਨਹੀਂ। ਨੌਕਰੀ ਵਿਭਿੰਨ ਕਾਰਜਾਂ ਵਿਚ ਵੰਡੀ ਜਾ ਰਹੀ ਹੈ। ਰੁਟੀਨ ਕਾਰਜ ਰੋਬੋ ਕਰਨਗੇ। ਬਾਕੀ ਬਚਦੇ ਕਾਰਜ, ਉਨ੍ਹਾਂ ਕਾਰਜਾਂ ਵਿਚ ਨਿਪੁੰਨ ਹੁਨਰਮੰਦ ਕਾਮਿਆਂ ਵਿਚ ਵੰਡ ਹੋ ਜਾਣਗੇ। ਇਹ ਵੀ ਜ਼ਰੂਰੀ ਨਹੀਂ ਕਿ ਇਕ ਸੰਸਥਾ ਲਈ ਕੰਮ ਕਰਨ ਵਾਲੇ ਸਾਰੇ ਹੁਨਰਮੰਦ ਕਾਮੇ ਇਕੋ ਥਾਂ ਬੈਠ ਕੇ ਕੰਮ ਕਰਨ। ਆਪਣੇ ਘਰਾਂ ਵਿਚ ਬੈਠ ਕੇ, ਦੂਰੋਂ ਕੰਮ ਕਰਨ ਵਾਲੇ ਆਜ਼ਾਦ ਅਤੇ ਖੁਦਮੁਖਤਾਰ ਰੀਮੋਟ ਵਰਕਰ ਵੀ ਹੋ ਸਕਦੇ ਹਨ। ਕਿਸੇ ਵੀ ਕਾਰਜ ਨੂੰ ਵਧੇਰੇ ਕੁਸ਼ਲਤਾ ਨਾਲ ਕਰਨ ਲਈ ਨਿਤ ਨਵੇਂ ਹੁਨਰਾਂ ਦੀ ਲੋੜ ਪੈਣ ਵਾਲੀ ਹੈ। ਇਸ ਲਈ ਲਰਨਿੰਗ ਅਤੇ ਟਰੇਨੀੰਗ ਕਿਰਤ ਦਾ ਅਨਿਖੜਵਾਂ ਅੰਗ ਬਣ ਜਾਣਗੇ। ਵਧੇਰੇ ਕੰਮ ਪਰਾਜੈਕਟਾਂ ਦੇ ਰੂਪ ਵਿਚ ਠੇਕੇ ਤੇ ਹੋਣ ਦੀ ਸੰਭਾਵਨਾ ਹੈ। ਹੁਨਰਮੰਦ ਕਾਮਾਂ ਆਪਣੇ ਆਪ ਵਿਚ ਸਟਾਰਟਅੱਪ ਕੰਪਨੀ ਵਿਚ ਰੂਪਾਂਤ੍ਰਿਤ ਹੁੰਦਾ ਜਾ ਰਿਹਾ ਹੈ।

ਪੰਜਾਬ ਵਿਚ ਝੋਨਾ ਲਗਾਉਣ ਦਾ ਮੌਸਮ ਸਿਰ ਤੇ ਹੈ। ਜਿਹੜੇ ਪਰਵਾਸੀ ਮਜ਼ਦੂਰਾਂ ਨੇ ਲਗਾਉਣਾ ਸੀ, ਉਨ੍ਹਾਂ ਵਿਚੋਂ ਬਹੁਤੇ ਬਾਪਿਸ ਚਲੇ ਗਏ।  ਹਿੰਮਤ ਵਾਲਿਆਂ ਨੇ ਝੋਨਾ ਲਾਉਣ ਵਾਲੀਆਂ ਮਸ਼ੀਨਾਂ ਖਰੀਦ ਲਈਆਂ ਹਨ। ਲੇਬਰ ਉਪਰ ਨਿਰਭਰਤਾ ਘਟਾ ਕੇ, ਪੰਜਾਬ ਨੇ ਆਟੋਮੇਸ਼ਨ ਵੱਲ ਅਗਲਾ ਕਦਮ ਪੁਟਣਾ ਸ਼ੁਰੂ ਕਰ ਦਿੱਤਾ ਹੈ। ਇਸੇ ਤਰ੍ਹਾਂ, ਵਿਕਸਤ ਮੁਲਕਾਂ ਦੀ ਜਿਹੜੀ ਸਨਅਤ ਸਸਤੀ ਲੇਬਰ ਦੇ ਲਾਲਚ ਵਿਚ ਵਿਕਾਸਸ਼ੀਲ ਮੁਲਕਾਂ ਵਿਚ ਪ੍ਰਵਾਸ ਕਰ ਗਈ ਸੀ, ਉਸ ਨੇ ਬਾਪਿਸ ਆਉਣ ਲਈ ਰੋਬੋ ਤਕਨਾਲੋਜੀ ਨੂੰ ਸਸਤੀ ਲੇਬਰ ਦੇ ਬਦਲ ਵਜੋਂ ਦੇਖਣਾ ਸ਼ੁਰੂ ਕਰ ਦਿੱਤਾ ਹੈ। ਆਰਟੀਫੀਸ਼ਲ ਇੰਟੈਲੀਜੈਂਸ ਅਤੇ ਰੋਬੋ ਤਕਨਾਲੋਜੀ ਦੀ ਖੋਜ ਉਪਰ ਨਿਵੇਸ਼ ਵਧੇਗਾ। ਜਿਹੜੇ ਲੋਕ ਆਰਟੀਫੀਸ਼ਲ ਇੰਟੈਲੀਜੈਂਸ ਦਾ ਇਸ ਲਈ ਵਿਰੋਧ ਕਰ ਰਹੇ ਸਨ ਕਿ ਇਸ ਨਾਲ ਬੇਰੁਜ਼ਗਾਰੀ ਵਧੇਗੀ, ਉਨ੍ਹਾਂ ਦੀ ਹੁਣ ਕੋਈ ਨਹੀਂ ਸੁਣਨ ਵਾਲਾ। ਨਵੀਂ ਤਕਨਾਲੋਜੀ ਦੀ ਖੋਜ, ਸਿਖਿਆ ਅਤੇ ਟਰੇਨਿੰਗ ਵਿਚ ਨਿਵੇਸ਼ ਅਤੇ ਨਵੇਂ ਮਾਈਂਡ ਸੈਟ ਦਾ ਨਿਰਮਾਣ ਹੀ ਭਵਿਖ ਵਿਚ ਮੁਲਕਾਂ ਦੀ ਹੋਣੀ ਤਹਿ ਕਰਨਗੇ।

ਇਹ ਲੋਕ ਰੁਲਣ ਵੀ ਕਿਉਂ ਨਾ। ਭਾਰਤ ਦੀ ਕੁਲ ਪੂੰਜੀ ਦਾ 77 ਪ੍ਰਤੀਸ਼ਤ ਹਿੱਸਾ ਤਾਂ ਉਪਰਲੇ ਇਕ ਪ੍ਰਤੀਸ਼ਤ ਅਮੀਰ ਲੋਕ ਹੀ ਸਾਂਭੀ ਬੈਠੇ ਹਨ। ਅਮੀਰ ਗਰੀਬ ਵਿਚਲਾ ਇਹ ਪਾੜਾ ਘਟਣ ਦੀ ਥਾਂ ਤੇਜ਼ੀ ਨਾਲ ਵਧ ਰਿਹਾ ਹੈ। ਸੜਕਾਂ ਤੇ ਨਿਕਲੇ ਤਾਂ ਇਨ੍ਹਾਂ ਦੀ ਕਹਾਣੀ  ਮੀਡੀਆ ਦੀ ਮਜਬੂਰੀ ਬਣ ਗਈ। ਝੁਗੀਆਂ ਵਿਚ ਤਾਂ ਉਸੇ ਦਿਨ ਤੋਂ ਸੜ ਰਹੇ ਸਨ, ਜਿਸ ਦਿਨ ਇਨ੍ਹਾਂ ਲੋਕਾਂ ਨੇ ਇਕ ਪ੍ਰਤੀਸਤ ਲੋਕਾਂ ਦੇ ਸਵਰਗ ਦੀ ਸਿਰਜਣਾ ਕਰਨ ਲਈ, ਉਨ੍ਹਾਂ ਤੋਂ ਬਦਲੇ ਵਿਚ ਮਿਲਣ ਵਾਲੇ ਨਰਕ ਨੂੰ ਕਬੂਲ ਕਰ ਲਿਆ ਸੀ।

ਲੌਕ ਡਾਊਨ ਦੇ ਚਲਦਿਆ ਇਹ ਝੁਗੀਆਂ ਤੋਂ ਬਾਹਰ ਮੁਜਾਹਰਾ ਕਰਨ ਲਈ ਨਹੀਂ, ਰੋਟੀ ਦੀ ਤਲਾਸ਼ ਵਿਚ ਨਿਕਲੇ ਸਨ। ਜਦੋਂ ਤਲਾਸ਼ ਦੇ ਨਾਲ ਨਾਲ ਆਸ ਵੀ ਮੁਕ ਗਈ, ਤਾਂ ਆਪੋ ਆਪਣੀ ਗਠੜੀ ਵਿਚ ਪੂਰਾ ਘਰ ਸਮੇਟ ਕੇ ਭੁਖਣ ਭਾਣੇ ਪਿੰਡਾਂ ਨੂੰ ਤੁਰ ਪਏ। ਸ਼ਹਿਰਾਂ ਕੋਲ ਇਨ੍ਹਾਂ ਨੂੰ ਦੇਣ ਲਈ ਅਨਾਜ ਤਾਂ ਬਹੁਤ ਸੀ। ਸਰਕਾਰੀ ਗੋਦਾਮ ਭਰੇ ਪਏ ਸਨ। ਪਰ ਇਨ੍ਹਾਂ ਵਿਚ ਹੀ ਢਿਡ ਭਰ ਕੇ ਖਾਣ ਜੋਗਾ ਅਨਾਜ ਖਰੀਦਣ ਦੀ ਸਮਰੱਥਾ ਨਹੀਂ ਸੀ। ਕਿਉਂਕਿ ਇਨ੍ਹਾਂ ਵਿਚ ਅਨਾਜ ਖਰੀਦਣ ਦੀ ਸਮਰੱਥਾ ਨਹੀਂ ਸੀ, ਇਸ ਲਈ ਸਰਕਾਰ ਨੇ ਵਾਧੂ ਪਏ ਅਨਾਜ ਨੂੰ ਸੜਨ ਤੋਂ ਬਚਾਉਣ ਲਈ ਸੈਨੇਟਾਈਜ਼ਰ ਬਨਾਉਣ ਵਾਸਤੇ ਇਸਤੇਮਾਲ ਕਰਨ ਦਾ ਫੈਸਲਾ ਲੈ ਲਿਆ ਹੈ। ਇਨ੍ਹਾਂ ਦੀ ਭੁਖਮਰੀ ਦਾ ਕਾਰਨ ਅਨਾਜ ਦੀ ਘਾਟ ਨਹੀਂ, ਇਨ੍ਹਾਂ ਦੀ ਗਰੀਬੀ ਹੈ। ਜਿੰਨਾ ਖਰਚ ਅਸੀਂ ਪਾਲਤੂ ਕੁਤਿਆਂ ਦੀ ਖੁਰਾਕ ਤੇ ਕਰਦੇ ਹਾਂ, ਉਸਤੋਂ ਵੀ ਘੱਟ ਪੈਸਿਆ ਨਾਲ ਇਨ੍ਹਾਂ ਦੀ ਰੋਟੀ ਅਤੇ ਰਹਾਇਸ਼ ਦਾ ਪ੍ਰਬੰਧ ਕੀਤਾ ਜਾ ਸਕਦਾ ਸੀ। ਭੁਖਮਰੀ ਅਤੇ ਗਰੀਬੀ, ਵਸੀਲਿਆ ਦੀ ਘਾਟ ਵਿਚੋਂ ਨਹੀਂ, ਗੰਦੀ ਸਿਆਸਤ ਵਿਚੋਂ ਪੈਦਾ ਹੁੰਦੀ ਹੈ।

ਸਿਆਸਤ ਨੂੰ ਕੋਸਣ ਨਾਲੋਂ ਇਹ ਸੋਚਣਾ ਵਧੇਰੇ ਜ਼ਰੂਰੀ ਹੈ ਕਿ ਅਨਾਜ ਸਸਤਾ ਕਿਵੇਂ ਹੋਵੇ ਅਤੇ ਮਜ਼ਦੂਰਾਂ ਦੀ ਆਮਦਨ ਕਿਵੇਂ ਵਧਾਈ ਜਾਵੇ। ਅਨਾਜ ਦੇ ਪੈਦਾਵਾਰੀ ਖਰਚੇ ਘਟਾਉਣੇ ਅਤੇ ਮਜ਼ਦੂਰਾਂ ਦੀ ਆਮਦਨ ਵਧਾਉਣੀ, ਦੋਵੇਂ ਤਕਨਾਲੋਜੀ ਦੇ ਵਿਕਾਸ ਨਾਲ ਜੁੜੇ ਹੋਏ ਮਸਲੇ ਹਨ। ਇਸ ਲਈ ਹੱਲ ਹੋ ਸਕਦੇ ਹਨ। ਪਰ ਥੌਮਸ ਪਿਕਟੀ ਆਪਣੀਆਂ ਜਗਤ ਪ੍ਰਸਿਧ ਪੁਸਤਕਾਂ ‘ਕੈਪੀਟਲ ਇਨ ਟਵੈਂਟੀ ਫਸਟ ਸੈਂਚਰੀ’ (2013) ਅਤੇ ‘ਕੈਪੀਟਲ ਐਂਡ ਆਈਡੀਆਲੋਜੀ’ (2020) ਵਿਚ, ਆਪਣੇ ਵਿਸਤਰਿਤ ਅਧਿਐਨ ਰਾਹੀ ਸਪਸ਼ਟ ਕਰ ਦਿੰਦੇ ਹਨ ਕਿ ਨਵ-ਉਦਾਰਵਾਦੀ ਪੈਦਾਵਾਰੀ ਪ੍ਰਬੰਧ ਵਿਚ, ਪੂੰਜੀ ਦੇ ਕਿਰਾਏ ਵਿਚ ਵਾਧੇ ਦੀ ਦਰ, ਆਰਥਿਕ ਵਿਕਾਸ ਵਿਚ ਵਾਧੇ ਦੀ ਦਰ ਨਾਲੋਂ ਜਿਆਦਾ ਹੁੰਦੀ ਹੈ। ਇਸੇ ਕਰਕੇ, ਵਰਤਮਾਨ ਸਮਿਆਂ ਵਿਚ, ਆਰਥਿਕ ਨਾਬਰਾਬਰੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਪਿਕਟੀ ਦੇ ਸੁਝਾਵਾਂ, ਜਿਨ੍ਹਾਂ ਦੀ ਆਪਾਂ ਅੱਗੇ ਜਾ ਕੇ ਗੱਲ ਵੀ ਕਰਾਂਗੇ, ਅਨੁਸਾਰ ਇਸ ਸਮੱਸਿਆ ਨੂੰ ਕੇਵਲ ਪਰੋਗਰੈਸਿਵ ਵੈਲਥ ਟੈਕਸ ਦੀਆਂ ਰਾਜਨੀਤਕ ਤਜ਼ਵੀਜ਼ਾਂ ਰਾਹੀਂ ਹੀ ਹੱਲ ਕੀਤਾ ਜਾ ਸਕਦਾ ਹੈ। ਸੋ, ਪੈਦਾਵਾਰ ਵਿਚ ਵਾਧੇ ਨਾਲ ਮਜ਼ਦੂਰਾਂ ਦੀ ਸਮੱਸਿਆ ਘਟੇਗੀ ਨਹੀਂ, ਵਧ ਸਕਦੀ ਹੈ। ਕੇਵਲ ਰਾਜਨੀਤਕ ਪੱਧਰ ਤੇ, ਟੈਕਸੇਸ਼ਨ ਪਾਲਸੀਆਂ ਵਿਚ ਤਬਦੀਲੀ ਨਾਲ, ਵੈਲਥ ਦੀ ਰੀਡਿਸਰੀਬਿਊਸ਼ਨ ਰਾਹੀਂ ਹੀ ਸਮਾਜਕ ਨਿਆਂ ਦਾ ਸਿਲਸਿਲਾ ਸ਼ੁਰੂ ਹੋ ਸਕਦਾ ਹੈ। ਜਿਵੇਂ ਵਿਕਾਸ ਤੋਂ ਵੱਧ ਵਿਕਾਸ ਦੀਆਂ ਪ੍ਰਾਪਤੀਆਂ ਦੀ ਨਿਆਇਕ ਵੰਡ ਜ਼ਰੂਰੀ ਹੈ, ਉਸੇ ਤਰ੍ਹਾਂ ਮਨੁਖੀ ਗੌਰਵ ਦੀ ਪ੍ਰਾਪਤੀ ਲਈ ਇਸ ਨਿਆਇਕ ਵੰਡ ਨੂੰ ਸਸਟੇਨੇਬਲ ਬਨਾਉਣ ਵਾਸਤੇ ਵਿਦਿਅਕ ਸੁਧਾਰ ਸਭ ਤੋਂ ਜ਼ਰੂਰੀ ਹੋ ਗਏ ਹਨ। 

ਜਿਸ ਸਮਾਜ ਵਿਚ ਕੇਵਲ ਰੋਜ਼ੀ ਰੋਟੀ ਹੀ ਨਹੀਂ, ਸਿਖਿਆ ਅਤੇ ਸਿਹਤ ਸੇਵਾਵਾਂ ਵਰਗੀਆਂ ਮੁਢਲੀਆਂ ਜ਼ਰੂਰਤਾਂ ਵੀ ਹਰ ਕਿਸੇ ਦੀ ਪਹੁੰਚ ਵਿਚ ਹੋਣ ਅਤੇ ਜਿਹੜਾ ਸਮਾਜ ਆਪਣਾ ਨਿਰਮਾਣ ਕਰਨ ਵਾਲੇ ਸਮਾਜ-ਸਭਿਆਚਾਰਕ ਅਤੇ ਆਰਥਕ ਰਾਜਨੀਤਕ ਫੈਸਲਿਆਂ ਵਿਚ ਸਭਨਾਂ ਦੀ ਬਰਾਬਰ ਭਾਈਵਾਲੀ ਨੂੰ ਯਕੀਨੀ ਬਣਾਵੇ, ਕੇਵਲ ਉਸੇ ਨੂੰ ਹੀ ਨਿਆਇਕ ਸਮਾਜ ਦਾ ਨਾਮ ਦਿਤਾ ਜਾ ਸਕਦਾ ਹੈ।

1.9 ਸਮਾਜਕ ਪੂੰਜੀਵਾਦ: ਇਕੱਲੇ ਵਿਅਕਤੀ ਦੀ ਮਿਹਨਤ ਨਾਲ ਨਹੀਂ, ਧਨ ਹਮੇਸ਼ਾ ਸਮਾਜਕ ਪ੍ਰਕਿਰਿਆ ਰਾਹੀਂ ਹੀ ਇਕੱਠਾ ਹੁੰਦਾ ਹੈ। ਕਾਨੂੰਨੀ, ਵਿੱਤੀ ਅਤੇ ਸਿਖਿਆ ਪ੍ਰਣਾਲੀਆਂ ਦੇ ਯੋਗਦਾਨ ਅਤੇ ਗਿਆਨ/ ਤਕਨਾਲੋਜੀ ਦੇ ਵਿਕਾਸ ਵਿਚ ਲੱਗੀ ਸਦੀਆਂ ਦੀ ਮਿਹਨਤ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਜਿਸ ਭਾਈਚਾਰੇ ਦੀ ਸਹਾਇਤਾ ਨਾਲ ਅਮੀਰ ਲੋਕਾਂ ਨੇ ਏਨਾ ਧਨ ਇਕੱਤਰ ਕੀਤਾ ਹੈ, ਕੀ ਉਸ ਭਾਈਚਾਰੇ ਪ੍ਰਤੀ ਇਹਨਾ ਦਾ ਕੋਈ ਫਰਜ਼ ਨਹੀਂ ਬਣਦਾ। ਕੀ ਉਸ ਇਕੱਤਰ ਕੀਤੇ ਪੂੰਜੀ ਦੇ ਭੰਡਾਰਾਂ ਵਿਚੋਂ ਕੁਝ ਰਕਮ ਸਮਾਜ ਨੂੰ ਬਾਪਿਸ ਕਰਨਾ ਇਨ੍ਹਾਂ ਦੀ ਨੈਤਿਕ ਜ਼ਿੰਮੇਵਾਰੀ ਨਹੀਂ ਬਣਦੀ। ਵਰਤਮਾਨ ਸਮਿਆਂ ਵਿਚ, ਮਾਨਵ-ਪੂੰਜੀ ਪੈਦਾਵਾਰ ਦਾ ਪ੍ਰਮੁਖ ਸਾਧਨ ਬਣ ਗਈ ਹੈ। ਇਸ ਲਈ ਖੋਜ, ਸਿਖਿਆ, ਸਭਿਆਚਾਰ ਅਤੇ  ਸਿਹਤ ਸੰਭਾਲ ਵਿਚ ਕੀਤੇ ਜਾਣ ਵਾਲੇ ਨਿਵੇਸ਼ ਦਾ ਲਾਭ ਤਾਂ ਆਖਰ ਵਿਚ ਇਨ੍ਹਾਂ ਲੋਕਾ ਨੂੰ ਹੀ ਹੋਣ ਵਾਲਾ ਹੈ।

ਵੀਹਵੀਂ ਸਦੀ ਦੇ ਸ਼ੁਰੂ ਤੱਕ ਦਸ ਪ੍ਰਤੀਸ਼ਤ ਲੋਕ 80 ਤੋਂ 90 ਪ੍ਰਤੀਸ਼ਤ ਦੌਲਤ ਦੇ ਮਾਲਕ ਸਨ। ਬਹੁਤੇ ਮੁਲਕਾਂ ਵਿਚ ਤਾਂ ਇਕ ਪ੍ਰਤੀਸ਼ਤ ਲੋਕ 60 ਤੋਂ 70 ਪ੍ਰਤੀਸ਼ਤ ਦੌਲਤ ਸਾਂਭੀ ਬੈਠੇ ਸਨ। ਪਰ 1914-1945 ਦੇ ਸੰਕਟ ਨੇ ਦੁਨੀਆਂ ਨੂੰ ਨਵੇਂ ਰਾਹਾਂ ਤੇ ਚੱਲਣ ਲਈ ਮਜਬੂਰ ਕਰ ਦਿੱਤਾ। ਦੂਸਰੇ ਵਿਸ਼ਵ ਯੁਧ ਤੋਂ ਬਾਅਦ ਸਥਿਤੀ ਬਦਲ ਗਈ। ਉਪਰਲੇ ਦਸ ਪ੍ਰਤੀਸ਼ਤ ਲੋਕਾਂ ਕੋਲ 50 ਤੋਂ 60 ਪ੍ਰਤੀਸ਼ਤ ਅਤੇ ਇਕ ਪ੍ਰਤੀਸ਼ਤ ਕੋਲ ਪੂੰਜੀ ਦਾ ਕੇਵਲ 20 ਤੋਂ 30 ਪ੍ਰਤੀਸ਼ਤ ਹਿੱਸਾ ਹੀ ਰਹਿ ਗਿਆ। ਆਰਥਕ ਨਾਬਰਾਬਰੀ ਦੇ ਘਟਣ ਨਾਲ ਵਿਕਾਸ ਦੀ ਦਰ ਵਧਣ ਲੱਗ ਪਈ। ਇਸ ਗੱਲ ਨੇ ਸਾਬਤ ਕਰ ਦਿਤਾ ਸੀ ਕਿ ਪੂੰਜੀ ਦਾ ਕੁਝ ਹੱਥਾਂ ਵਿਚ ਕੇਂਦ੍ਰਿਤ ਹੋਣਾ ਆਰਥਕ ਅਤੇ ਸਨਅਤੀ ਵਿਕਾਸ ਦੀ ਸ਼ਰਤ ਨਹੀਂ ਹੈ। ਇਸ ਦੇ ਉਲਟ ਸਿਖਿਆ, ਸਿਹਤ ਸੰਭਾਲ ਅਤੇ ਸੁਖੀ ਜੀਵਨ ਸਨਅਤੀ ਵਿਕਾਸ ਦੀ ਸ਼ਰਤ ਬਣ ਗਏ ਸਨ।

ਥੈਚਰ-ਰੀਗਨ ਕਾਲ ਵਿਚ 1980ਵਿਆਂ ਤੋਂ ਬਾਅਦ ਕਹਾਣੀ ਫਿਰ ਉਲਟ ਗਈ। ਅਮਰੀਕਾ, ਰੂਸ, ਭਾਰਤ ਅਤੇ ਚੀਨ ਵਰਗੇ ਮੁਲਕਾਂ ਵਿਚ ਪੂੰਜੀ ਗਿਣੇ ਚੁਣੇ ਪਰਿਵਾਰਾਂ ਦੇ ਹੱਥਾਂ ਵਿਚ ਕੇਂਦ੍ਰਿਤ ਹੋ ਰਹੀ ਸੀ। ਪਰ ਜਰਮਨੀ ਵਰਗੇ ਯੋਰਪ ਦੇ ਬਹੁਤੇ ਮੁਲਕਾਂ ਨੇ ਆਰਥਕ ਨਾਬਰਾਬਰੀ ਨੂੰ ਬਹੁਤਾ ਵਧਣ ਨਹੀਂ ਸੀ ਦਿੱਤਾ।

ਭਾਵੇਂ 2007-2008 ਦੇ ਵਿਤੀ ਸੰਕਟ ਬਾਅਦ ਹੀ ਅਰਥ ਸ਼ਾਸਤਰੀਆਂ ਨੇ ਨਵ-ਉਦਾਰਵਾਦੀ ਪਾਲਸੀਆਂ ਉਪਰ ਉੰਗਲੀ ਉਠਾਉਣੀ ਸ਼ੁਰੂ ਕਰ ਦਿਤੀ ਸੀ, ਪਰ ਕੋਰੋਨਾ ਸੰਕਟ ਤੋਂ ਬਾਅਦ ਤਾਂ ਵਧ ਰਹੇ ਸਮਾਜਕ ਅਨਿਆ ਨੂੰ ਠੱਲ੍ਹ ਪਾਉਣੀ ਹਰ ਕਿਸੇ ਦੇ ਏਜੰਡੇ ਤੇ ਆ ਗਈ ਹੈ। ਕਿਉਂਕਿ ਪੂੰਜੀਵਾਦ ਦੇ ਵਰਤਮਾਨ ਦੌਰ ਵਿਚ ਮਾਨਵ-ਪੂੰਜੀ ਹੀ ਆਰਥਕ ਵਿਕਾਸ ਦਾ ਪ੍ਰਮੁਖ ਸਾਧਨ ਬਣਦੀ ਜਾ ਰਹੀ ਹੈ, ਇਸ ਲਈ ਮਾਨਵ ਵਸੀਲਿਆ ਦੀ ਸਿਰਜਣਾਤਮਿਕ, ਬੌਧਿਕ, ਮਾਨਸਿਕ, ਭਾਵਾਤਮਿਕ, ਸ਼ਰੀਰਕ, ਸਭਿਆਚਾਰਕ ਅਤੇ ਨੈਤਿਕ ਉਨਤੀ ਦਾ ਉਤਰ-ਕੋਰੋਨਾ ਯੁਗ ਵਿਚ ਪੂੰਜੀਵਾਦੀ ਵਿਕਾਸ ਦਾ ਅਗਲੇਰਾ ਮਾਰਗ ਬਣਨਾ ਤਹਿ ਹੈ।

ਬਹੁਤ ਸਾਰੇ ਅਰਥ ਸ਼ਾਸਤਰੀਆਂ, ਖਾਸ ਕਰਕੇ ਥੌਮਸ ਪਿਕਟੀ, ਦੇ ਮੱਤ ਅਨੁਸਾਰ ਸਿਖਰਾਂ ਛੋਹ ਰਹੀ ਆਰਥਕ ਨਾਬਰਾਬਰੀ ਤੋਂ ਮੋੜਾ ਪਾਉਣ ਲਈ ਵਿਰਾਸਤ ਅਤੇ ਆਮਦਨੀ ਉਪਰ ਟੈਕਸਾ ਵੱਲ ਵਾਪਿਸੀ ਜ਼ਰੂਰੀ ਹੋ ਗਈ ਹੈ। ਵੀਹਵੀਂ ਸਦੀ ਵਿਚ ਅਮਰੀਕਾ ਅਤੇ ਇੰਗਲੈਂਡ ਅੰਦਰ ਵੱਡੇ ਧਨਾਡਾ ਦੀ ਆਮਦਨ ਅਤੇ ਜਾਇਦਾਦ ਉਪਰ 70 ਤੋਂ 90 ਪ੍ਰਤੀਸ਼ਤ ਟੈਕਸ ਦਾ ਪ੍ਰਬੰਧਨ ਸੀ। ਅੱਜ ਕਲ੍ਹ ਅਰਥ ਸ਼ਾਸਤਰੀਆਂ ਦੀ ਇਹ ਰਾਇ ਬਣ ਰਹੀ ਹੈ ਕਿ ਆਰਥਕ ਸੰਕਟ ਤੋਂ ਬਾਹਰ ਆਉਣ ਲਈ ਵਿਰਾਸਤੀ ਟੈਕਸ ਦੇ ਨਾਲ ਨਾਲ ਜਾਇਦਾਦ ਉਪਰ ਅਗਾਂਹਵਧੂ ਸਲਾਨਾ ਟੈਕਸ ਦਾ ਪ੍ਰਬੰਧ ਵਧੇਰੇ ਆਵੱਸ਼ਕ ਹੋ ਗਿਆ ਹੈ। ਵਿਰਾਸਤੀ ਟੈਕਸ ਨੂੰ ਘਟਾ ਕੇ ਜਾਇਦਾਦ ਉਪਰ 1 ਤੋਂ 2 ਪ੍ਰਤੀਸ਼ਤ ਸਲਾਨਾ ਟੈਕਸ ਭਰਨਾ ਧਨਾਡਾਂ ਨੂੰ ਵੀ ਸੌਖਾ ਲੱਗੇਗਾ।

ਇਸ ਪ੍ਰਬੰਧਨ ਰਾਹੀਂ ਇਕੱਤਰ ਹੋਈ ਦੌਲਤ ਨੂੰ ਪੱਚੀ ਸਾਲ ਦੀ ਆਯੂ ਵਾਲੇ ਨੌਜੁਆਨਾ ਵਿਚ ਬਰਾਬਰ ਵੰਡਿਆ ਜਾ ਸਕਦਾ ਹੈ। ਜੇਕਰ ਹਰ ਨੌਜੁਆਨ ਨੂੰ ਔਸਤਨ ਕੌਮੀ ਜਾਇਦਾਦ ਦਾ ਦੋ ਤਿਹਾਈ ਹੀ ਮਿਲ ਜਾਵੇ, ਤਾਂ ਵੀ ਉਹ, ਬਿਨਾ ਪਰਿਵਾਰਕ ਦਖਲਅੰਦਾਜ਼ੀ ਦੇ, ਆਪਣੀ ਮਨਮਰਜ਼ੀ ਦਾ ਕਾਰੋਬਾਰ ਸ਼ੁਰੂ ਕਰ ਸਕਦਾ ਹੈ। ਨੌਜੁਆਨਾਂ ਦੀ ਵੱਡੇ ਪੱਧਰ ਤੇ ਸਿਰਜਣਾਤਮਿਕ ਸ਼ਮੂਲੀਅਤ ਨਾਲ ਸਮਾਜ, ਕਾਰੋਬਾਰ ਅਤੇ ਅਰਥਚਾਰੇ ਨੂੰ ਨਵੀਂ ਸ਼ਕਤੀ ਅਤੇ ਉਤਸ਼ਾਹ ਮਿਲੇਗਾ। ਮੈਂ ਕੋਈ ਨਵੀਂ ਗੱਲ ਨਹੀਂ ਕਰ ਰਿਹਾ। ਥੌਮਸ ਪੇਨ ਨੇ ਆਪਣੀ ਪੁਸਤਕ ‘ਅਗਰੇਰੀਅਨ ਜਸਟਿਸ’ (1795) ਰਾਹੀਂ ਵੱਡੇ ਧਨਾਡਾਂ ਉਪਰ ਵਿਰਾਸਤੀ ਟੈਕਸ ਲਗਾ ਕੇ ਗਰੀਬਾਂ ਦੀ ਰੋਜ਼ੀ ਰੋਟੀ ਦਾ ਪ੍ਰਬੰਧ ਕਰਨ ਦੀ ਗੱਲ ਸ਼ੁਰੂ ਕਰ ਦਿੱਤੀ ਸੀ। ਹਾਰਵਰਡ ਯੂਨੀਵਰਸਟੀ ਦੇ ਪ੍ਰੋਫੈਸਰ ਐਂਥਨੀ ਐਟਕਿਨਸਨ ਨੇ ਆਪਣੀ ਪੁਸਤਕ “ਇਨਈਕੁਐਲਿਟੀ’(2015) ਵਿਚ ਵਿਰਾਸਤੀ ਟੈਕਸ ਰਾਹੀਂ ਯੂਥ ਸੁਸ਼ਕਤੀਕਰਣ ਦੇ ਪ੍ਰੋਗਰਾਮ ਸ਼ੁਰੂ ਕਰਨ ਦੀ ਜੋ ਤਜਵੀਜ਼ ਪੇਸ਼ ਕੀਤੀ ਸੀ, ਉਸੇ ਨੂੰ ਆਧਾਰ ਬਣਾ ਕੇ ਥੌਮਸ ਪਿਕਟੀ ਨੇ ਆਪਣੀ ਪੁਸਤਕ ‘ਕੈਪੀਟਲ ਐਂਡ ਆਈਡੀਆਲਿਜੀ’ (2020) ਵਿਚ ਟੈਕਸੇਸ਼ਨ ਦੀਆਂ ਨਵੀਆਂ ਪਾਲਸੀਆਂ ਦੀ ਤਜਵੀਜ਼ ਵੀ ਪੇਸ਼ ਕਰ ਦਿੱਤੀ ਹੈ।
ਜੇਕਰ ਵਿਰਾਸਤੀ ਟੈਕਸ ਅਤੇ ਬਹੁਤ ਥੋੜ੍ਹੇ ਸਲਾਨਾ ਜਾਇਦਾਦ ਟੈਕਸ ਰਾਹੀਂ ਕੌਮੀ ਆਮਦਨ ਦਾ ਕੇਵਲ ਪੰਜ ਪ੍ਰਤੀਸ਼ਤ ਹਿਸਾ ਹੀ  ਇਕੱਠਾ ਕਰ ਲਿਆ ਜਾਵੇ, ਤਾਂ ਵੀ ਹਰ ਨੌਜੁਆਨ ਨੂੰ ਔਸਤਨ ਕੌਮੀ ਜਾਇਦਾਦ ਦਾ 70 ਪ੍ਰਤੀਸਤ ਹਿਸਾ ਮਿਲ ਜਾਵੇਗਾ। ਇਸ ਨਾਲ ਉਹ ਸਹਿਜੇ ਹੀ ਆਪਣਾ ਕੰਮ ਸ਼ੁਰੂ ਕਰ ਸਕਦਾ ਹੈ। ਇਕ ਤਰ੍ਹਾਂ ਨਾਲ ਜਾਇਦਾਦ ਵਿਚ ਸਾਂਝ ਪੈਣ ਵਾਲੀ ਗੱਲ ਹੈ। ਇਸੇ ਲਈ ਥੌਮਸ ਪਿਕਿਟ ਇਨ੍ਹਾਂ ਤਜਵੀਜ਼ਾਂ ਨੂੰ ਸਹਿਯੋਗੀ ਸਮਾਜਵਾਦ (ਪਾਰਟੀਸੀਪੇਟਰੀ ਸੋਸ਼ਲਿਜ਼ਮ) ਦਾ ਨਾਮ ਦਿੰਦੇ ਹਨ। ਮੈਂ ਇਸਨੂੰ ਸਮਾਜਕ ਪੂੰਜੀਵਾਦ (ਸੋਸ਼ਲ ਕੈਪੀਟਲਿਜ਼ਮ) ਹੀ ਆਖਾਂਗਾ। ਲੱਖ ਇਛਾਈਆਂ ਅਤੇ ਭਲਾਈਆਂ ਦੇ ਬਾਵਜੂਦ ਮਾਨਵ-ਪੂੰਜੀ ਦੇ ਵਿਕਾਸ ਅਤੇ ਆਪਸੀ ਸਹਿਯੋਗ ਨੂੰ ਅੰਤਿਮ ਰੂਪ ਵਿਚ ਤਾਂ ਪੂੰਜੀ ਦੇ ਵਿਸਤਾਰ ਲਈ ਹੀ ਵਰਤਿਆ ਜਾ ਰਿਹਾ ਹੈ। ਸਮਾਜਕ ਪੂੰਜੀਵਾਦ ਦੀਆਂ ਜ਼ਰੂਰਤਾ ਪੂਰੀਆਂ ਕਰਨ ਲਈ ਵੀ ਕਈ ਹੋਰ ਸ਼ਰਤਾਂ ਹਨ। ਕਿਉਂਕਿ, ਜਿਵੇਂ ਆਪਾਂ ਪਹਿਲਾਂ ਵੀ ਚਰਚਾ ਕਰ ਆਏ ਹਾਂ, ਇਸ ਤਬਦੀਲੀ ਦਾ ਆਧਾਰ ਤਾਂ ਮਾਨਵ-ਪੂੰਜੀ ਦਾ ਸਿਰਜਣਾਤਮਿਕ, ਬੌਧਿਕ, ਮਾਨਸਿਕ, ਭਾਵਾਤਮਿਕ, ਸ਼ਰੀਰਕ, ਸਭਿਆਚਾਰਕ ਅਤੇ ਨੈਤਿਕ ਵਿਕਾਸ ਹੀ ਹੈ, ਇਸ ਲਈ ਜੇਕਰ ਉਪ੍ਰੋਕਤ ਲੋੜਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਸੀਂ ਆਪਣੇ ਵਿਦਿਅਕ ਢਾਂਚੇ ਅਤੇ ਪ੍ਰਬੰਧਨ ਵਿਚ ਰੈਡੀਕਲ ਸੁਧਾਰ ਨਾ ਕੀਤੇ, ਤਾਂ ਇਹ ਪੈਸਾ ਵੀ ਵਿਅਰਥ ਹੀ ਚਲਾ ਜਾਵੇਗਾ। ਲੋੜੀਂਦੇ ਨਤੀਜੇ ਪੈਦਾ ਨਹੀਂ ਕਰ ਸਕੇਗਾ। ਸਮਾਜਕ ਪੂੰਜੀਵਾਦ ਲਈ ਬੌਧਿਕ ਪੂੰਜੀਵਾਦ ਦਾ ਸਾਥ ਆਵੱਸ਼ਕ ਹੈ। ਦੋਨਾ ਨੂੰ ਅਲੱਗ ਅਲੱਗ ਕਰਕੇ ਤਾਂ ਸ਼ਾਇਦ ਦੇਖਿਆ ਹੀ ਨਹੀਂ ਜਾ ਸਕਦਾ।

ਜਾਇਦਾਦ ਦੀ ਸਾਂਝ ਦੇ ਨਾਲ ਨਾਲ ਸਰਕਾਰੀ ਅਤੇ ਗੈਰਸਰਕਾਰੀ ਅਦਾਰਿਆ ਦੇ ਪ੍ਰਬੰਧ ਦੀ ਸਾਂਝ ਵੀ ਆਵੱਸ਼ਕ ਹੈ। ਕਿਸੇ ਵੀ ਆਰਥਕ, ਰਾਜਨੀਤਕ ਅਤੇ ਸਭਿਆਚਾਰਕ ਫੈਸਲੇ ਰਾਹੀਂ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਉਸ ਫੈਸਲੇ ਵਿਚ ਸ਼ਮੂਲੀਅਤ ਜ਼ਰੂਰੀ ਹੋ ਜਾਂਦੀ ਹੈ। ਪਰਵਾਸੀ ਮਜ਼ਦੂਰਾਂ ਨੂੰ ਬਾਹਰ ਰੱਖ ਕੇ ਭਾਰਤ ਬੰਦੀ ਦੇ ਲਏ ਗਏ ਨੌਕਰਸ਼ਾਹੀ ਫੈਸਲੇ ਨੇ ਮੁਲਕ ਦਾ ਕਿੰਨਾ ਭਾਰੀ ਨੁਕਸਾਨ ਕੀਤਾ ਹੈ, ਅਨੁਮਾਨ ਵੀ ਨਹੀਂ ਲਗਾਇਆ ਜਾ ਸਕਦਾ।

ਪਰਾਈਵੇਟ ਸਨਅਤੀ ਅਦਾਰਿਆਂ ਦੇ ਪ੍ਰਬੰਧ ਵਿਚ ਮਜ਼ਦੂਰ ਜਮਾਤ ਦੀ ਸ਼ਮੂਲੀਅਤ ਜਰਮਨ ਅਤੇ ਉਤਰੀ ਯੋਰਪ ਦੇ ਮੁਲਕਾਂ ਦੀ ਪਰੰਪਰਾ ਰਹੀ ਹੈ। ਇਸਨੂੰ ਵਿਭਿੰਨ ਧਿਰਾਂ ਦੀ ਸ਼ਮੂਲੀਅਤ ਅਤੇ ਵਿਕੇਂਦਰੀਕਰਣ ਉਪਰ ਅਧਾਰਿਤ ਸਮਾਜਕ ਪੂੰਜੀਵਾਦ ਦਾ ਮਾਡਲ ਕਿਹਾ ਜਾ ਸਕਦਾ ਹੈ। ਇਸਦੇ ਸਾਹਮਣੇ ਖੜ੍ਹਾ ਹੈ ਕੇਂਦਰੀ ਰਾਜ ਸੱਤਾ ਦੀ ਮਲਕੀਅਤ ਵਾਲਾ ਉਹ ਮਾਡਲ, ਜਿਸਨੂੰ ਸੋਵੀਅਤ ਯੂਨੀਅਨ ਅਤੇ ਹੋਰਨਾ ਕੌਮਨਿਸਟ ਮੁਲਕਾਂ ਵਿਚ ਸਮਾਜਵਾਦੀ ਪ੍ਰਬੰਧ ਦੇ ਨਾਮ ਹੇਠ ਉਸਾਰਿਆ ਗਿਆ ਸੀ। ਇਸਨੂੰ ਸਟੇਟ ਕੈਪੀਟਲਿਜ਼ਮ ਕਹਿਣਾ ਵਧੇਰੇ ਉਚਿਤ ਰਹੇਗਾ। ਸਾਡੀ ਸਮਝ ਮੁਤਾਬਕ ਮੌਜੂਦਾ ਪ੍ਰਸਥਿਤੀਆਂ ਵਿਚ ਸਮਾਜਕ ਪੂੰਜੀਵਾਦ ਵਾਲੇ ਮਾਡਲ ਦੀਆਂ ਅਗਾਊਂ ਸੰਭਾਵਨਾਵਾਂ ਨੂੰ ਹੀ ਵਾਚਿਆ ਜਾਣਾ ਚਾਹੀਦਾ ਹੈ।

ਜਰਮਨ ਅਤੇ ਉਤਰੀ ਯੋਰਪ ਦੀਆਂ ਕੰਪਨੀਆਂ ਦੇ ਪ੍ਰਬੰਧ ਵਿਚ 1950ਵਿਆਂ ਤੋਂ ਹੀ ਮਜ਼ਦੂਰ ਜਮਾਤ ਦੀ ਭਾਈਵਾਲੀ ਚਲਦੀ ਆ ਰਹੀ ਹੈ। ਜਰਮਨ ਕੰਪਨੀਆਂ ਵਿਚ ਅੱਧੇ ਅਤੇ ਸਵੀਡਨ ਦੀਆਂ ਕੰਪਨੀਆਂ ਵਿਚ ਇਕ ਤਿਹਾਈ ਡਾਇਰੈਕਟਰ ਮਜ਼ਦੂਰ ਜਮਾਤ ਦੁਆਰਾ ਚੁਣ ਕੇ ਭੇਜੇ ਜਾਂਦੇ ਹਨ। ਪਰਬੰਧਕੀ ਮਾਮਲਿਆਂ ਵਿਚ ਇਸ ਸ਼ਮੂਲੀਅਤ ਦਾ ਲਾਭ ਕੇਵਲ ਮਜ਼ਦੂਰ ਜਮਾਤ ਨੂੰ ਹੀ ਨਹੀਂ ਹੋਇਆ। ਸ਼ੇਅਰ ਹੋਲਡਰਾਂ ਦੇ ਵਕਤੀ ਮਨਸੂਬਿਆਂ ਨੂੰ ਉਲੰਘ ਕੇ ਲੰਮੇ ਦਾਅ ਵਾਲੀਆਂ ਨੀਤੀਆਂ ਨੂੰ ਅੱਗੇ ਲਿਆਉਣ ਨਾਲ ਕੰਪਨੀਆਂ ਨੂੰ ਸਾਇਦ ਵਧੇਰੇ ਲਾਭ ਹੋਇਆ ਹੈ। ਮਾਲਕਾਂ ਅਤੇ ਮਜ਼ਦੂਰਾਂ, ਦੋਨਾ ਲਈ ਮੁਨਾਫੇ ਵਾਲਾ ਸੌਦਾ ਸਾਬਤ ਹੋਇਆ ਹੈ।

ਸ਼ਰਮਾਏਦਾਰ ਕੰਪਨੀਆਂ ਦੇ ਪ੍ਰਬੰਧ ਵਿਚ ਮਜ਼ਦੂਰ ਜਮਾਤ ਦੀ ਸ਼ਮੂਲੀਅਤ ਆਪਣੇ ਤੌਰ ਤੇ ਇਕੱਲਿਆਂ ਸਮਾਜਕ ਪੂੰਜੀਵਾਦ ਦੇ ਨਿਰਮਾਣ ਦਾ ਆਧਾਰ ਨਹੀਂ ਬਣ ਸਕਦੀ। ਇਸੇ ਲਈ ਜਰਮਨੀ ਅਤੇ ਸਵੀਡਨ ਵਰਗੇ ਮੁਲਕਾਂ ਦੀਆਂ ਕੰਪਨੀਆਂ ਵਿਚ ਮਜ਼ਦੂਰ ਜਮਾਤ ਦੀ ਚੰਗੀ ਚੋਖੀ ਸ਼ਮੂਲੀਅਤ ਵੀ ਉਥੇ ਸਮਾਜਕ ਤਬਦੀਲੀ ਦਾ ਅਮਲ ਸ਼ੁਰੁ ਨਹੀਂ ਕਰ ਸਕੀ। ਸਮੁਚੇ ਸਮਾਜ, ਖਾਸ ਕਰਕੇ ਕਿਰਤੀ ਜਮਾਤ ਅੰਦਰ ਜਨਤਕ ਬੌਧ ਅਤੇ ਸਿਰਜਣ ਸ਼ਕਤੀ ਦਾ ਉਭਾਰ ਜ਼ਰੂਰੀ ਸ਼ਰਤ ਹੈ। ਇਹ ਉਭਾਰ ਸਮਾਜ ਵਿਚ ਜਮਹੂਰੀ ਅਤੇ ਸਮਾਜਕ ਨਿਆਂ ਦੀਆਂ ਪ੍ਰੰਪਰਾਵਾਂ ਦੇ ਨਿਰਮਾਣ ਲਈ ਹੀ ਨਹੀਂ, ਆਰਥਕ ਵਿਕਾਸ ਲਈ ਵੀ ਓਨਾ ਹੀ ਜ਼ਰੂਰੀ ਹੈ। ਇਸੇ ਲਈ ਕਿਹਾ ਸੀ, ਹੁਣ ਦੁਹਰਾ ਰਿਹਾ ਹਾਂ ਕਿ ਸਮਾਜਕ ਪੂੰਜੀਵਾਦ ਅਤੇ ਬੌਧਿਕ ਪੂੰਜੀਵਾਦ ਇਕੋ ਸਿੱਕੇ ਦੇ ਦੋ ਪਾਸੇ ਹਨ, ਜਿਨ੍ਹਾਂ ਦੀ ਇਕ ਦੂਸਰੇ ਬਿਨਾ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਦੋਨਾ ਦਾ ਮੁੱਲ ਗਿਆਨ, ਤਕਨਾਲੋਜੀ, ਸਹਿਕਾਰਤਾ, ਸਿਰਜਣਾ ਅਤੇ ਜਨਤਕ ਬੋਧ ਵਿਚ ਪਈ ਹੈ, ਜੋ ਕੇਵਲ ਵਿਦਿਅਕ ਸੁਧਾਰਾਂ ਰਾਹੀਂ ਹੀ ਪ੍ਰਾਪਤ ਹੋ ਸਕਦੀ ਹੈ।      

2.0 ਬੇਚੈਨ ਪੰਜਾਬ:

2.1 ਅਰਥਾਂ ਦੇ ਬਦਲਾਵ ਦੀ ਵਧ ਰਹੀ ਗਤੀ: ਪੰਜਾਬ ਨਾਲ ਸੰਵਾਦ ਰਚਾਉਣ ਲਈ, ਜਸਬੀਰ ਮੰਡ ਦਾ ਨਾਵਲ ‘ਆਖਰੀ ਬਾਬੇ’ ਵਧੀਆ ਪਲੈਟਫਾਰਮ ਹੈ। ਇਹ ਕੇਵਲ ਤਿੰਨ ਪੀੜ੍ਹੀਆਂ ਦੀ ਕਹਾਣੀ ਨਹੀਂ। ਤਿੰਨ ਪੜਾਵਾਂ ਵਿਚੋਂ ਗੁਜ਼ਰ ਰਹੀ ਪੰਜਾਬੀ ਮਾਨਸਿਕਤਾ ਦੇ ਸੰਘਰਸ਼ ਦਾ ਇਤਿਹਾਸਕ ਅਨੁਭਵ ਹੈ। ਬਾਬਾ ਬਿਰਸਾ, ਪੁਤ ਬਲਕਾਰ ਅਤੇ ਪੋਤਾ ਹਰਜੀਤ ਅਜਿਹੇ ਕਿਰਦਾਰ ਹਨ, ਜੋ ਤਿੰਨ ਉਤਪਾਦਨ ਪ੍ਰਣਾਲੀਆਂ ਵਿਚੋਂ ਨਿਰਮਿਤ ਹੋਣ ਵਾਲੇ ਵੱਖੋ ਵੱਖਰੇ ਸੰਸਾਰਾਂ ਦੀ ਪ੍ਰਤੀਨਿਧਤਾ ਕਰਦੇ ਹਨ। ਤਿੰਨਾਂ ਦੀ ਆਪੋ ਆਪਣੀ ਵਿਚਾਰਧਾਰਾ ਹੈ। ਨਾਵਲ ਵਿਚਾਰਧਾਰਕ ਯੁਧ ਦਾ ਅਖਾੜਾ ਬਣਿਆ ਹੋਇਆ ਹੈ। ਇਸ ਵਿਚੋਂ ਨਿਆਂ ਦੀ ਤਲਾਸ਼ ਕਰਨੀ ਪਾਠਕ ਦੀ ਜ਼ਿੰਮੇਵਾਰੀ ਹੈ। ਨਾਵਲ ਦੇ ਲੇਖਕ ਦੀ ਬਾਬੇ ਬਿਰਸੇ ਦੇ ਕਿਰਦਾਰ ਨਾਲ ਹਮਦਰਦੀ ਹੋ ਸਕਦੀ ਹੈ। ਪਰ ਲੇਖਕ ਦੀਆਂ ਭਾਵਨਾਵਾਂ ਦੇ ਵਹਿਣ ਵਿਚ ਰੁੜ੍ਹ ਜਾਣਾ ਪਾਠਕ ਦਾ ਧਰਮ ਨਹੀਂ ਹੁੰਦਾ। ਉਸਦੀ ਕਮਜ਼ੋਰੀ ਹੁੰਦੀ ਹੈ: ਵਿਚਾਰਧਾਰਕ/ ਰਾਜਨੀਤਕ ਫੈਸਲੇ ਲੈਣ ਦੀਆਂ ਜ਼ਿੰਮੇਵਾਰੀਆਂ ਤੋਂ ਭਾਂਜ।

11,500 ਸਾਲਾਂ ਤੋਂ, ਜਿਸ ਭੌਤਿਕ ਵਾਤਾਵਰਣ ਵਿਚ ਮਨੁਖ ਰਹਿ ਰਿਹਾ ਹੈ, ਉਸ ਨੂੰ ਹੋਲੋਸੀਨ ਦਾ ਨਾਮ ਦਿੱਤਾ ਗਿਆ ਹੈ। ਇਸ ਯੁਗ ਦੀਆਂ ਵਿਕਸਤ ਹੋ ਰਹੀਆਂ ਸ਼ਾਂਤ ਸਥਿਰ ਮੌਸਮੀ ਪ੍ਰਸਥਿਤੀਆਂ ਨੇ ਹੀ ਸਾਡੇ ਪੂਰਵਜਾਂ ਨੂੰ ਪੱਥਰ ਯੁਗ ਦੀਆਂ ਗੁਫਾਵਾਂ ਵਿਚੋਂ ਕੱਢ ਕੇ ਖੇਤੀਬਾੜੀ ਅਤੇ ਪਸ਼ੂ ਪਾਲਣ ਦੇ ਕੰਮ ਧੰਦੇ ਵਿਚ ਲਗਾਇਆ ਸੀ। ਬਾਬਾ ਬਿਰਸਾ ਅਤੇ ਉਸਦਾ ਸੰਸਾਰ ਇਸੇ ਹੋਲੋਸੀਨ ਯੁਗ ਦੇ ਵਾਤਾਵਰਣ ਦੀ ਪੈਦਾਵਾਰ ਹਨ। ਬਾਬੇ ਬਿਰਸੇ ਲਈ ਕੇਵਲ ਹੋਲੋਸੀਂਨ ਦਾ ਇਹ ਵਾਤਾਵਰਣ ਹੀ ਕੁਦਰਤ ਹੈ। ਇਸੇ ਨੂੰ ਪਿਆਰ ਕਰਦਾ ਹੈ। ਉਹ ਨਹੀਂ ਜਾਣਦਾ ਕਿ ਕੁਦਰਤ ਤਾਂ ਇਸ ਯੁਗ ਦੇ ਸ਼ੁਰੂ ਹੋਣ ਤੋਂ ਪਹਿਲਾਂ ਵੀ ਮੌਜੂਦ ਸੀ ਅਤੇ ਬਾਅਦ ਵਿਚ ਵੀ ਰਹੇਗੀ। ਇਸ ਯੁਗ ਦੇ ਸ਼ੁਰੂ ਹੋਣ ਤੋਂ ਪਹਿਲਾਂ ਵਾਲੇ ਸ਼ੀਤ ਬਰਫ ਯੁਗ (ਪਲੀਸਟੋਸੀਨ) ਦਾ ਵਾਤਾਵਰਣ, ਜਿਸ ਨੇ ਵਰਤਮਾਨ ਮਨੁਖ ਦੇ ਪੂਰਵਜਾਂ ਨੂੰ ਪੈਦਾ ਕੀਤਾ, ਬਿਲਕੁਲ ਵੱਖਰੀ ਕਿਸਮ ਦਾ ਵਾਤਾਵਰਣ ਸੀ।

ਮੌਜੂਦਾ ਵਾਤਾਵਰਣ ਨੂੰ ਤਬਦੀਲ ਕਰਕੇ ਇਸਦੀ ਥਾਂ ਲੈ ਰਹੇ ਐਂਥਰੋਪੋਸੀਨ ਯੁਗ ਦਾ ਵਾਤਾਵਰਣ ਨਿਸ਼ਚੇ ਹੀ ਵੱਖਰੀ ਕਿਸਮ ਦਾ ਹੋਵੇਗਾ। ਨਵੀਆਂ ਚਨੌਤੀਆਂ ਵੀ ਪੇਸ਼ ਹੋਣਗੀਆਂ। ਉਨ੍ਹਾਂ ਦੇ ਹੱਲ ਅਗਲੇਰੇ ਵਿਕਾਸ ਦਾ ਮਾਰਗ ਤਹਿ ਕਰਨਗੇ। ਇਕ ਥਾਂ ਤੇ, ਇਕੋ ਮਾਹੌਲ ਵਿਚ, ਬਿਨਾ ਕਿਸੇ ਸਮੱਸਿਆ ਦੇ ਸੁਖ ਸ਼ਾਂਤੀ ਨਾਲ ਟਿਕੇ ਰਹਿਣਾ ਕੁਦਰਤ ਦਾ ਦਸਤੂਰ ਨਹੀਂ। ਨਵੇਂ ਮਹੌਲ ਵਿਚ ਪਰਵਾਸ ਕਰਕੇ ਨਵੀਆਂ ਚਨੌਤੀਆਂ ਵਿਚੋਂ ਨਵੀਆਂ ਸੰਭਾਵਨਾਵਾਂ ਜਗਾਉਣੀਆਂ ਹੀ ਜਿੰਦਾ ਹੋਣ ਦੀ ਨਿਸ਼ਾਨੀ ਹੈ। ਚੇਤਨਾ ਇਸ ਅਮਲ ਵਿਚ ਤੇਜ਼ੀ ਲਿਆਉਣ ਦੇ ਮੈਨਡੇਟ ਨਾਲ ਆਈ ਹੈ। ਡਿਜੀਟਲ ਨੈਟਵਰਕ ਤਕਨਾਲੋਜੀ ਨੂੰ ਇਸ ਲੀਨੀਅਰ ਤੇਜ਼ੀ ਨੂੰ ਐਕਸਪੋਨੈਸ਼ੀਅਲ ਤੇਜ਼ੀ ਵਿਚ ਰੂਪਾਂਤ੍ਰਿਤ ਕਰਨ ਦਾ ਵਰ ਪ੍ਰਾਪਤ ਹੈ।   
ਐਂਥਰੋਪੋਸੀਨ ਯੁਗ ਦੀ ਪੁੱਤ ਬਲਕਾਰ ਵਾਲੀ ਪਹਿਲੀ ਸਟੇਜ ਨੂੰ ਹਰੇ ਇਨਕਲਾਬ (1965-1980) ਨਾਲ ਜੋੜ ਕੇ ਦੇਖਿਆ ਜਾ ਸਕਦਾ ਹੈ। 1980-81 ਵਿਚ ਹਰੇ ਇਨਕਲਾਬ ਦਾ ਸੰਕਟ ਸ਼ੁਰੂ ਹੋ ਕੇ 1990-91 ਤੱਕ ਚਲਦਾ ਹੈ। ਫੇਰ 1991 ਤੋਂ ਕਾਰਪੋਰੇਟ ਦਾ ਦਾਖਲਾ ਸ਼ੁਰੂ ਹੋਣ ਨਾਲ ਪੋਤੇ ਹਰਜੀਤ ਵਾਲੇ ਨਵਉਦਾਰਵਾਦੀ ਯੁਗ ਦਾ ਆਰੰਭ ਹੋ ਜਾਂਦਾ ਹੈ।

ਬਾਬੇ ਬਿਰਸੇ ਵੇਲੇ ਪੈਦਾਵਾਰ ਦਾ ਪ੍ਰਮੁਖ ਸਾਧਨ ਜ਼ਮੀਨ ਸੀ। ਪੁਤ ਬਲਕਾਰ ਵੇਲੇ ਨਵੇਂ ਬੀਜਾਂ, ਨਵੀਅਂ ਖਾਦਾਂ, ਨਵੀਆਂ ਖੇਤੀ-ਰਸਾਇਣਾਂ, ਟਰੈਕਰ, ਥਰੈਸ਼ਰ, ਆਦਿ ਦੀ ਆਮਦ ਅਤੇ ਮੰਡੀ ਦੇ ਵੱਡੇ ਪੱਧਰ ਤੇ ਦਾਖਲੇ ਨਾਲ ਜ਼ਮੀਨ ਦੀ ਥਾਂ ਪੂੰਜੀ ਪੈਦਾਵਾਰ ਦਾ ਆਧਾਰ ਬਣ ਗਈ। 1980-81 ਵਿਚ ਕਿਸਾਨਾਂ ਦੀਆਂ ਆਮਦਨੀਆਂ ਘਟਣੀਆਂ ਸ਼ੁਰੂ ਹੋਈਆਂ, ਤਾਂ ਇਸ ਦੇ ਨਾਲ ਹੀ ਹਰੇ ਇਨਕਲਾਬ ਦਾ ਸੰਕਟ ਆਰੰਭ ਹੋ ਜਾਂਦਾ ਹੈ। ਖੇਤੀ ਸੰਕਟ ਦੇ ਸਮਾਧਾਨ ਲਈ ਖੇਤੀ ਜਿਣਸਾਂ ਦੀ ਸਾਂਭ ਸੰਭਾਲ ਅਤੇ ਪਰੋਸੈਸਿੰਗ ਨਾਲ ਜੁੜੇ ਉਦਯੋਗ ਵਿਚ ਸੰਭਾਵਨਾ ਦੇਖੀ ਗਈ। ਕਿਸਾਨਾ ਦੀ ਆਮਦਨ ਵਧਾਉਣ ਦੇ ਬਹਾਨੇ ਨਾਲ 1988 ਵਿਚ ਪੈਪਸੀ ਕੰਪਨੀ ਦਾ ਪੰਜਾਬ ਵਿਚ ਪ੍ਰਵੇਸ਼ ਹੁੰਦਾ ਹੈ। ਛੇਤੀ ਹੀ 1991 ਵਿਚ ਭਾਰਤ ਸਰਕਾਰ ਵੱਲੋਂ ਵਿਦੇਸ਼ੀ ਕੰਪਨੀਆਂ ਲਈ ਦੁਆਰ ਖੋਲ੍ਹ ਦਿਤੇ ਗਏ। ਖੇਤੀ ਸੈਕਟਰ ਵਿਚ ਕਾਰਪੋਰੇਟ ਦੇ ਦਾਖਲੇ ਨਾਲ ਕਈ ਕਿਸਮ ਦੀਆਂ ਸੰਭਾਵਨਾਵਾਂ ਜਾਗਣ ਲੱਗੀਆਂ। ਖੇਤੀ ਧੰਦੇ ਉਪਰ ਨਿਰਭਰ ਜਨਸੰਖਿਆ ਦਾ ਭਾਰ ਘਟਾਉਣ ਦੀਆਂ ਗੱਲਾਂ ਵੀ ਤੁਰ ਪਈਆਂ। ਪੂੰਜੀ ਦੀ ਥਾ ਤਕਨਾਲੋਜੀ ਪੈਦਾਵਾਰ ਦਾ ਪ੍ਰਮੁਖ ਸਾਧਨ ਬਣ ਗਈ। ਤਕਨੀਕੀ ਸਿਖਿਆ ਦਾ ਫੈਲਾਅ ਵਧਿਆ। ਯੂਥ ਵਿਚ ਨਵੇਂ ਨਵੇਂ ਸੁਪਨੇ ਜਾਗਣ ਲੱਗੇ। ਜਦੋਂ ਪੰਜਾਬ ਯੂਥ ਦੀਆਂ ਉਮੀਦਾਂ ਤੇ ਪੂਰਾ ਨਾ ਉਤਰਿਆਂ, ਤਾਂ ਯੂਥ ਨੇ ਵਿਕਸਤ ਮੁਲਕਾਂ ਨੂੰ ਵਹੀਰਾਂ ਘੱਤ ਲਈਆਂ। ਪੋਤਾ ਹਰਜੀਤ ਇਸੇ ਨਵਉਦਾਰਵਾਦੀ ਮਾਨਸਿਕਤਾ ਦੀ ਨੁਮਾਂਇਦਗੀ ਕਰਦਾ ਹੈ।

ਕੁਦਰਤੀ ਸਰੋਤਾਂ ਦਾ ਖੋਰਾ, ਪ੍ਰਦੂਸ਼ਣ, ਮੌਸਮੀ ਤਬਦੀਲੀ ਅਤੇ ਵਧ ਰਹੀ ਆਰਥਕ ਨਾਬਰਾਬਰੀ ਦਾ ਸੰਕਟ ਨਵੇਂ ਯੁਗ ਦੀ ਤ੍ਰਾਸਤੀ ਨਹੀਂ, ਚਨੌਤੀ ਹੈ। ਨਿਰਸੰਦੇਹ ਚਨੌਤੀ ਵੱਡੀ ਹੈ। ਸੰਭਾਵਨਾਵਾਂ ਵੀ ਵੱਡੀਆਂ ਹੀ ਜਾਗਣਗੀਆਂ। ਸੰਭਾਵਨਾਵਾਂ ਨੂੰ ਸਾਕਾਰ ਕਰਨਾ ਜ਼ਮੀਨ, ਪੂੰਜੀ ਜਾਂ ਤਕਨਾਲੋਜੀ ਦੀ ਨਹੀਂ, ਸਿਰਜਣਾਤਮਿਕ ਯੂਥ ਦੀ ਜ਼ਿੰਮੇਵਾਰੀ ਹੈ। ਉਹ ਹੀ ਆਉਣ ਵਾਲੇ ਯੁਗ ਦਾ ਨਿਰਮਾਣ ਕਰੇਗੀ। ਇਸ ਸਿਰਜਣਾਤਮਿਕ ਯੂਥ ਦਾ ਨਿਰਮਾਣ ਕੌਣ ਕਰੇਗਾ; ਇਹ ਸੁਆਲ ਬਾਰ ਬਾਰ ਉਠਦਾ ਰਹੇਗਾਂ। ਅਸੀਂ ਇਸਦਾ ਜੁਆਬ ਵੀ ਵਾਰ ਵਾਰ ਦੁਹਰਾਉਂਦੇ ਰਹਾਂਗੇ ਕਿ ਇਹ ਉਸ ਵਿਦਿਅਕ ਢਾਂਚੇ ਦੀ ਜ਼ਿੰਮੇਵਾਰੀ ਹੈ, ਜਿਸ ਬਾਰੇ ਸੋਚ ਵਿਚਾਰ ਕਰਨੀ ਅਸੀਂ ਹਾਲੇ ਸ਼ੁਰੂ ਵੀ ਨਹੀਂ ਕੀਤੀ। ਮੈਂ ਬੜੇ ਸਪਸ਼ਟ ਸ਼ਬਦਾਂ ਵਿਚ ਕਹਿ ਰਿਹਾ ਹਾਂ ਕਿ “ਵਿਦਿਅਕ ਸੁਧਾਰਾਂ ਬਿਨਾ ਨਹੀਂ ਬਚੇਗਾ ਪੰਜਾਬ।”

ਆਰਥਕ ਤਬਦੀਲੀ ਇਕੱਲੀ ਨਹੀਂ ਆਉਂਦੀ। ਸਮਾਜਕ, ਸਭਿਆਚਾਰਕ, ਭੂਗੋਲਿਕ, ਨੈਤਿਕ, ਭਾਸ਼ਾਈ ਅਤੇ ਰਾਜਨੀਤਕ ਤਬਦੀਲੀਆਂ ਨੂੰ ਨਾਲ ਲੈ ਕੇ ਆਉਂਦੀ ਹੈ। ਬੰਦਿਆਂ ਦੇ ਨਾਲ ਨਾਲ ਸ਼ਬਦ ਵੀ ਨਵੇਂ ਨਵੇਂ ਅਰਥ ਗ੍ਰਹਿਣ ਕਰਨ ਲਗਦੇ ਹਨ। ਜੋ ਨਵੇਂ ਅਰਥ ਅਤੇ ਸ਼ਕਤੀ-ਸਬੰਧ ਗ੍ਰਹਿਣ ਨਹੀਂ ਕਰਦੇ, ਉਹ ਬਾਬੇ ਬਿਰਸੇ ਵਾਂਗ ਸਮਾਜਕ ਬੇਗਾਨਗੀ ਭੋਗਦੇ ਹਨ। ਇਕੋ ਸ਼ਬਦ ਦੇ, ਇਕੋ ਘਰ ਵਿਚ, ਦਾਦੇ, ਪੁਤ ਅਤੇ ਪੋਤੇ ਲਈ ਵੱਖੋ ਵੱਖਰੇ ਅਰਥ ਹੋਣ ਲਗਦੇ ਹਨ।  ਸਮਾਜਕ ਦੇ ਨਾਲ ਨਾਲ ਪਰਿਵਾਰਕ ਤ੍ਰੇੜਾਂ ਡੂੰਘੀਆਂ ਹੋਣ ਲਗਦੀਆਂ ਹਨ। ਵਿਅਕਤੀਵਾਦ ਸਿਖਰਾਂ ਛੂਹ ਰਿਹਾ ਹੈ।

ਪ੍ਰਾਸੰਗਿਕਤਾ ਬਣਾਈ ਰੱਖਣ ਲਈ ਸ਼ਬਦਾਂ/ ਜ਼ਿੰਦਗੀ ਦੇ ਨਵੇਂ ਅਰਥਾਂ ਨਾਲ ਜੁੜਨਾ ਪਵੇਗਾ। ਜੇਕਰ ਅਰਥ ਤੇਜ਼ੀ ਨਾਲ ਬਦਲ ਰਹੇ ਹਨ, ਤਾਂ ਸਾਨੂੰ ਵੀ ਤੇਜ਼ੀ ਨਾਲ ਹੀ ਬਦਲਨਾ ਹੋਵੇਗਾ। ਜਿਸ ਤਬਦੀਲੀ ਨੇ ਪੁਤ ਬਲਕਾਰ ਨੂੰ 26 ਸਾਲਾਂ ਬਾਅਦ ਬੇਕਾਰ ਕਰ ਦਿਤਾ ਸੀ, ਪੋਤੇ ਹਰਜੀਤ ਨੂੰ ਬੇਕਾਰ ਕਰਨ ਵਿਚ ਉਸਨੂੰ ਕੇਵਲ 18 ਸਾਲ ਲੱਗੇ। 2008 ਵਿਚ ਨਵ-ਉਦਾਰਵਾਦ ਦੇ ਸੰਕਟ ਅਤੇ ਨੈਟਵਰਕ ਤਕਨਾਲੋਜੀ ਦੇ ਵਿਸਤਾਰ ਨੇ ਕਹਾਣੀ ਫੇਰ ਬਦਲ ਦਿੱਤੀ ਸੀ। ਅਗਲੀਆਂ ਪੁਸ਼ਤਾਂ ਨੂੰ ਬੇਕਾਰ ਹੋਣ ਵਿਚ ਨਿਸ਼ਚੇ ਹੀ 18 ਸਾਲ ਤੋਂ ਘੱਟ ਸਮਾਂ ਲੱਗੇਗਾ। ਦੂਸਰੇ ਪਾਸੇ ਔਸਤ ਉਮਰ ਵਧ ਰਹੀ ਹੈ। ਕੀ ਲੋਕਾਂ ਦੀ ਜ਼ਿੰਦਗੀ ਦਾ ਦੋ ਤਿਹਾਈ ਤੋਂ ਵੀ ਵੱਧ ਹਿਸਾ ਬੇਕਾਰੀ ਵਿਚ ਹੀ ਗੁਜ਼ਰਿਆ ਕਰੇਗਾ। ਬੁਢੇਪੇ ਦਾ ਸਮਾਂ ਵਧਣਾ ਨਹੀਂ, ਘਟਣਾ ਚਾਹੀਦਾ ਹੈ। ਕੀ ਸਾਡੇ ਮੌਜੂਦਾ ਵਿਦਿਅਕ ਢਾਂਚੇ ਵਿਚ ਏਨੀ ਕਾਬਲੀਅਤ ਅਤੇ ਸਮਰੱਥਾ ਹੈ ਕਿ ਉਹ ਸਾਡੀਆਂ ਆਉਣ ਵਾਲੀਆਂ ਪੁਸ਼ਤਾਂ ਨੂੰ ਸੱਤਰ ਸੱਤਰ ਸਾਲਾਂ ਤੱਕ ਪ੍ਰਾਸੰਗਿਕ ਬਣਾਈ ਰੱਖੇ। ਸਭ ਕੁਝ ਕ੍ਰਾਂਤੀਕਾਰੀ ਵਿਦਿਅਕ ਸੁਧਾਰਾਂ ਉਪਰ ਨਿਰਭਰ ਕਰਦਾ ਹੈ। ਕੀ ਮੌਜੂਦਾ ਵਿਵਸਥਾ ਅਜਿਹੇ ਕ੍ਰਾਂਤੀਕਾਰੀ ਕਦਮ ਉਠਾ ਸਕਦੀ ਹੈ; ਅੱਗੇ ਚਲ ਕੇ ਸੋਚਦੇ ਹਾਂ। ਨਾਵਲ ਵੱਲ ਬਾਪਿਸ ਮੁੜੀਏ।

ਨਾਵਲ ਦੀ ਇਕ ਦਿਲਚਸਪ ਗੱਲ ਇਹ ਵੀ ਹੈ ਕਿ ਇਸ ਵਿਚ ਬਾਬੇ ਤਾਂ ਬੇਕਾਰ ਹੋ ਜਾਂਦੇ ਹਨ; ਬੇਬੇਆਂ ਬੇਕਾਰ ਨਹੀਂ ਹੁੰਦੀਆਂ। ਬਾਬੇ ਦਾ ਸਬੰਧ ਮੰਡੀ ਲਈ ਕੀਤੀ ਜਾਣ ਵਾਲੀ ਪੈਦਾਵਾਰ ਨਾਲ ਹੈ। ਪੇਦਾਵਾਰ ਵਿਚ ਵਾਧਾ ਨਹੀਂ ਹੁੰਦਾ ਤਾਂ ਮੰਡੀ ਉਸਨੂੰ ਬੇਕਾਰ ਕਰ ਦਿੰਦੀ ਹੈ। ਬੇਬੇ ਘਰ ਨਾਲ ਜੁੜੀ ਹੁੰਦੀ ਹੈ; ਘਰ ਉਸ ਨੂੰ ਬੇਕਾਰ ਨਹੀਂ ਕਰਦਾ। ਘਰ ਅਤੇ ਘਰੇਲੂ ਰਿਸ਼ਤਿਆਂ ਦੇ ਪੁਨਰਉਤਪਾਦਨ ਵਿਚ ਉਸਦੀ ਲੋੜ ਬਣੀ ਰਹਿੰਦੀ ਹੈ। ਬੇਬੇ ਆਪਣੀ ਜੁਆਨੀ ਵਿਚ ਬੱਚੇ ਪੈਦਾ ਕਰਕੇ ਉਨ੍ਹਾਂ ਦੇ ਪਾਲਣ ਪੋਸਣ ਵਿਚ ਲੱਗ ਜਾਂਦੀ ਹੈ। ਪਰ ਨੂੰਹ ਦੇ ਆਉਣ ਤੇ, ਦੇਖਿਆ ਜਾਵੇ ਤਾਂ, ਉਸਦਾ ਘਰ ਵਿਚ ਕੋਈ ਕੰਮ ਨਹੀਂ ਰਹਿ ਜਾਂਦਾ। ਮੀਨੋਪਾਜ਼ ਦੇ ਬਾਵਜੂਦ ਉਸਦੀ ਪ੍ਰਾਸੰਗਿਕਤਾ ਬਣੀ ਰਹਿੰਦੀ ਹੈ। ਕਿਉਂਕਿ ਪੋਤੇ ਪੋਤੀਆਂ ਵਿਚ ਬੇਬੇ ਦੇ ਪੰਜਾਹ ਪ੍ਰਤੀਸ਼ਤ ਜੀਨ ਹਨ, ਇਸ ਲਈ ਉਨ੍ਹਾਂ ਦੇ ਪਾਲਣ ਪੋਸਣ ਵਿਚ ਡਟ ਜਾਂਦੀ ਹੈ। ਬੱਚਿਆਂ ਦੀ ਦੇਖ ਰੇਖ ਦੇ ਕੰਮ ਵਾਸਤੇ ਉਸਨੂੰ ਕਿਸੇ ਨਵੀਂ ਟਰੇਨਿੰਗ ਦੀ ਲੋੜ ਵੀ ਨਹੀਂ ਹੁੰਦੀ।  ਫਰਕ ਸਪਸ਼ਟ ਹੈ ਕਿ ਬੰਦੇ ਨੂੰ ਪ੍ਰਾਸੰਗਿਕ ਬਣਿਆ ਰਹਿਣ ਲਈ ਰੀਸਕਿਲਿੰਗ ਦੀ ਨਿਰੰਤਰ ਲੋੜ ਹੁੰਦੀ ਹੈ, ਜਦੋਂ ਕਿ ਔਰਤ ਵਾਸਤੇ ਮੰਮਤਾ ਨੂੰ ਅੱਪਡੇਟ ਕਰਨ ਦੀ ਬਹੁਤੀ ਜ਼ਰੂਰਤ ਨਹੀਂ ਹੁੰਦੀ। ਕਿਉਂਕਿ ਮੰਡੀ ਕੇਵਲ ਜਿਣਸਾਂ ਦੀ ਪੈਦਾਵਾਰ ਨੂੰ ਹੀ ਨਹੀਂ, ਸਮਾਜਕ ਰਿਸ਼ਤਿਆਂ ਦੇ ਉਤਪਾਦਨ ਨੂੰ ਵੀ ਪ੍ਰਭਾਵਤ ਕਰਦੀ ਹੈ, ਇਸ ਲਈ ਜਦੋਂ ਪੋਤੇ ਪੋਤੀਆਂ ਆਪਣੇ ਆਪ ਨੂੰ ਸੰਭਾਲਣ ਜੋਗੇ ਹੋ ਜਾਂਦੇ ਹਨ, ਤਾਂ ਬੇਬੇ ਦਾ ਮਹੱਤਵ ਵੀ ਮੱਧਮ ਪੈ ਜਾਂਦਾ ਹੈ।

ਜਿਣਸਾਂ ਅਤੇ ਸਮਾਜਕ ਰਿਸ਼ਤਿਆਂ ਦਾ ਆਪਸੀ ਅਤੇ ਉਤਪਾਦਨ ਪ੍ਰਣਾਲੀ ਨਾਲ ਸਿਧਾ ਸਬੰਧ ਸਿਖਿਆ ਨੂੰ ਕੇਵਲ ਤਕਨੀਕੀ ਗਿਆਨ ਅਤੇ ਹੁਨਰ ਪ੍ਰਾਪਤੀਆਂ ਤੱਕ ਹੀ ਸੀਮਤ ਨਹੀਂ ਰਹਿਣ ਦਿੰਦਾ। ਸਮਾਜ-ਸਭਿਆਚਾਰਕ ਕਦਰਾਂ ਕੀਮਤਾਂ ਅਤੇ ਭਾਈਚਾਰਕ ਸਾਂਝਾਂ ਦੇ ਨਿਰਮਾਣ ਨਾਲ ਵੀ ਜੋੜ ਦਿੰਦਾ ਹੈ। ਸਿਖਿਆ ਭਾਵੇਂ ਕਿਸੇ ਵੀ ਵਿਸ਼ੇ ਜਾਂ ਹੁਨਰ ਨਾਲ ਸਬੰਧਤ ਹੋਵੇ, ਇਨ੍ਹਾਂ ਚਾਰ ਪ੍ਰਕਾਰਜਾਂ ਦੀ ਪੂਰਤੀ ਬਿਨਾ ਸਿਰੇ ਨਹੀਂ ਚੜ੍ਹ ਸਕਦੀ। ਨੰਬਰ ਇਕ, ਵਿਸ਼ੇ/ ਹੁਨਰ ਦਾ ਹੁਣ ਤੱਕ ਦਾ ਸੰਪੂਰਨ ਗਿਆਨ ਪ੍ਰਦਾਨ ਕਰਨਾ; ਨੰਬਰ ਦੋ, ਸਬੰਧਤ ਹੁਨਰਾਂ ਦੀਆਂ ਨਵੀਨਤਮ ਤਕਨੀਕਾਂ ਵਿਚ ਟਰੇਨਿੰਗ ਦੇਣੀ; ਨੰਬਰ ਤਿੰਨ, ਸਿਖਿਆਰਥੀਆਂ ਅੰਦਰ ਉਸ ਗਿਆਨ ਅਤੇ ਹੁਨਰਾਂ ਨਾਲ ਜੁੜੇ ਕੰਮ ਕਾਰਾਂ ਦੀ ਨੈਤਿਕਤਾ ਦਾ ਨਿਰਮਾਣ ਕਰਨਾ ਅਤੇ ਨੰਬਰ ਚਾਰ ਵਿਸ਼ੇ/ ਹੁਨਰ ਨਾਲ ਜੁੜੇ ਸਿਖਿਆਰਥੀਆਂ ਅਤੇ ਸਬੰਧਤ ਲੋਕਾਂ ਨੂੰ ਵਿਦਿਅਕ ਭਾਈਚਾਰਿਆਂ ਵਿਚ ਸੰਗਠਿਤ ਕਰਨਾ। ਇਸ ਬਹੁਦਿਸ਼ਾਵੀ ਸਿਖਿਆ ਨੇ ਲਗਾਤਾਰ ਅਪਡੇਟ ਹੀ ਨਹੀਂ ਹੋਣਾ ਹੁੰਦਾ, ਨਵੀਆਂ ਪ੍ਰਸਥਿਤੀਆਂ ਵਿਚ ਢਲਣਾ ਵੀ ਹੁੰਦਾ ਹੈ। ਵਿਭਿੰਨ ਕਿਸਮਾਂ ਦੇ ਸਮਾਜ-ਸਭਿਆਚਾਰਾਂ, ਆਰਥਕ ਰਾਜਨੀਤਕ ਮਹੌਲਾਂ ਅਤੇ ਕੰਮਾਂ ਕਾਰਾਂ ਵਿਚੋਂ ਆਉਣ ਵਾਲੇ ਸਿਖਿਆਰਥੀਆਂ ਨੂੰ ਉਨ੍ਹਾਂ ਦੀਆਂ ਵਿਅਕਤੀਗਤ ਲੋੜਾਂ ਅਨੁਸਾਰ ਬਹੁਦਿਸ਼ਾਵੀ ਸਿਖਿਆ ਪ੍ਰਦਾਨ ਕਰਨ ਵਾਲਾ ਯੂਟੋਪੀਅਨ ਅਧਿਆਪਕ ਕਿਵੇਂ ਪੈਦਾ ਕਰਨਾ ਹੈ, ਇਹ ਵਰਤਮਾਨ ਸਿਖਿਆ ਪ੍ਰਣਾਲੀ ਦੀ ਪ੍ਰਮੁਖ ਚਨੌਤੀ ਹੈ।

2.2 ਪਿੰਡਾਂ ਨੂੰ ਵਾਪਸੀ: ਜਿਹੜੇ ਲੋਕ ਰਿਜ਼ਕ ਦੀ ਭਾਲ ਵਿਚ ਪਿੰਡਾਂ ਨੂੰ ਛੱਡ ਸ਼ਹਿਰਾਂ ਵਿਚ ਆ ਵਸੇ ਸਨ, ਕੋਰੋਨਾਵਿਰਸ ਦੇ ਸੰਕਟ ਨੇ ਉਨ੍ਹਾਂ ਨੂੰ ਮੁੜ ਪਿੰਡਾਂ ਦਾ ਰਸਤਾ ਦਿਖਾ ਦਿਤਾ ਹੈ। ਸਵਰਾਜਬੀਰ ਆਪਣੇ ਇਕ ਸੰਪਾਦਕੀ ਨੋਟ ਵਿਚ ਸੁਆਲ ਕਰਦੇ ਹਨ ਕਿ “ਪਿੰਡਾਂ ਵਿਚ ਅਜਿਹਾ ਕੀ ਹੈ ਕਿ ਅੱਜ ਲੱਖਾਂ ਲੋਕ ਸ਼ਹਿਰਾਂ ਤੋਂ ਪਿੰਡਾਂ ਨੂੰ ਬਾਪਿਸ ਜਾਣ ਲਈ ਅਕਹਿ ਅਤੇ ਅਸਹਿ ਕਸ਼ਟ ਉਠਾ ਰਹੇ ਹਨ; ਸੈਂਕੜੇ ਮੀਲ ਤਪਦੀਆਂ ਸੜਕਾਂ ਤੇ ਪੈਦਲ ਤੁਰਦੇ ਹੋਏ ਭੁਖਣ-ਭਾਣੇ ਮਰਦ ਤੇ ਔਰਤਾਂ ਆਪਣੇ ਬੱਚਿਆਂ ਨੂੰ  ਕੁਛੜ ਚੁੱਕੀ ਹਰ ਹੀਲੇ ਆਪਣੇ ਪਿੰਡ ਪਹੁੰਚਣ ਲਈ ਤਤਪਰ ਹਨ।” ਇਸ ਸੁਆਲ ਦਾ ਜੁਆਬ ਤਾਂ ਸੁਰਜੀਤ ਪਾਤਰ ਨੇ ਅੱਜ ਤੋਂ ਪੰਜਾਹ ਸਾਲ ਪਹਿਲਾਂ ਹੀ ਆਪਣੇ ਇਸ ਸ਼ੇਅਰ ਰਾਹੀ ਦੇ ਦਿੱਤਾ ਸੀ: “ਪਿੰਡੀਂ ਜਿਨ੍ਹਾਂ ਦੇ ਗੱਡੇ ਚੱਲਣ ਹੁਕਮ ਅਤੇ ਸਰਦਾਰੀ/ ਸ਼ਹਿਰ ‘ਚ ਆ ਕੇ ਬਣ ਜਾਂਦੇ ਨੇ ਬਸ ਦੀ ਇਕ ਸਵਾਰੀ।”

ਮੰਡੀ ਅਤੇ ਸੱਤਾ ਦੇ ਭਜਾਏ ਹੋਏ ਬੰਦੇ ਨੂੰ ਆਪਣੇ ਪਿੰਡ ਤੋਂ ਵਧੀਆ ਰਾਹਤ ਹੋਰ ਕਿਥੇ ਮਿਲ ਸਕਦੀ ਹੈ। ਪਿੰਡ ਬੰਦੇ ਦੀ ਰੂਹ ਵਿਚ ਵਸਦਾ ਹੈ। ਪਿੰਡ ਤੋਂ ਉਸਨੂੰ ਭਾਈਚਾਰਕ ਪਛਾਣ ਮਿਲਦੀ ਹੈ। ਪਿੰਡ ਉਹ ਉਦੋਂ ਹੀ ਛੱਡਦਾ ਹੈ, ਜਦੋਂ ਘਰ ਦੀ ਗਰੀਬੀ ਖਾਣ ਨੂੰ ਆਵੇ। ਬਰਤਾਨਵੀ ਸੋਮਾਲੀ ਕਵੀ ਵਾਰਸਨ ਸ਼ਾਇਰ ਲਿਖਦੇ ਹਨ: “ਉਦੋਂ ਤੱਕ ਘਰ ਨੂੰ ਕੌਣ ਛੱਡਦਾ/ ਜਦੋਂ ਤੱਕ ਘਰ/ ਬਣ ਨਾ ਜਾਏ ਬਘਿਆੜ ਦਾ ਖੁੱਲ੍ਹਾ ਮੂੰਹ// ਸਰਹੱਦ ਵੱਲ ਉਠ ਨੱਸਦੇ ਤੁਸੀਂ/ ਜਦ ਦੇਖਦੇ ਪੂਰੇ ਪਿੰਡ ਉਧਰ ਨੂੰ ਦੌੜਦਾ/ ਤੇ ਸੰਘ ਵਿਚੀਂ ਤੇਜ਼ ਸ਼ੂਕਦੇ ਸਾਹਾਂ ਨਾਲ/ ਤੁਹਾਡੇ ਗੁਆਂਢੀ ਤੁਹਾਡੇ ਤੋਂ ਵੀ ਤੇਜ਼ ਜਾਂਦੇ// ਤੁਹਾਡੇ ਨਾਲ ਦਾ ਸਕੂਲੀ ਮੁੰਡਾ/ ਜਿਸ ਤੁਹਾਨੂੰ ਪੁਰਾਣੇ ਕਾਰਖਾਨੇ ਪਿੱਛੇ/ ਚੁੰਮ ਕੇ ਮਦਹੋਸ਼ ਕੀਤਾ ਸੀ ਕਦੀ/ ਜਦ ਚੁਕ ਲਵੇ ਆਪਣੇ ਕੱਦ ਨਾਲੋਂ ਲੰਮੀ ਬੰਦੂਕ// ਤੁਸੀਂ ਹਿਜਰਤ ਉਦੋਂ ਕਰਦੇ/ ਜਦ ਘਰ ਤੁਹਾਨੂੰ ਆਪਣੇ ਵਿਚ ਰਹਿਣ ਨਾ ਦੇਵੇ।”

ਪਿੰਡ ਦਾ ਅਰਥ ਹੈ ਆਪਣਿਆਂ ਦਾ ਮੋਹ ਪਿਆਰ, ਭਾਈਚਾਰਕਤਾ, ਸਭਿਆਚਾਰਕ ਪਛਾਣ, ਮੜਕ ਅਤੇ ਸਰਦਾਰੀ। ਜੇਕਰ ਪਿੰਡ ਵਿਚ ਹੀ ਰੋਜ਼ੀ ਰੋਟੀ ਦਾ ਪ੍ਰਬੰਧ ਹੋ ਜਾਵੇ, ਤਾਂ ਪਿੰਡ ਨੁੰ ਕੋਈ ਨਹੀਂ ਛੱਡੇਗਾ। ਮਹਾਤਮਾਂ ਗਾਂਧੀ ਨੇ ਚਾਹਿਆ ਸੀ ਕਿ ਪਿੰਡਾਂ ਨੂੰ ਸਮਾਜਕ ਨਿਆਂ ਅਤੇ ਜਮਹੂਰੀਅਤ ਉਪਰ ਅਧਾਰਿਤ ਖੁਦਮੁਖਤਾਰ ਕਿਸਮ ਦੀਆਂ ਆਰਥਕ ਇਕਾਈਆਂ ਵਜੋਂ ਵਿਕਸਤ ਕੀਤਾ ਜਾਵੇ। ਉਨ੍ਹਾਂ ਦਾ ਇਹ ਸੁਪਨਾ ਸਾਕਾਰ ਨਾ ਹੋ ਸਕਿਆ। ਪੰਡਿਤ ਨਹਿਰੂ ਦੀਆਂ ਜ਼ਰੂਰ ਕੋਈ ਮਜਬੂਰੀਆਂ ਰਹੀਆਂ ਹੋਣਗੀਆਂ। ਰਘੂਰਾਮ ਰਾਜਨ ਦੀ ਪੁਸਤਕ ‘ਦ ਥਰਡ ਪਿਲਰ’ ਇਸੇ ਹਕੀਕਤ ਨੂੰ ਫੋਕਸ ਵਿਚ ਲਿਆਊਦੀ ਹੈ ਕਿ ਮੰਡੀ/ ਅਰਥਚਾਰੇ  ਅਤੇ ਰਾਜਸੱਤਾ ਨੇ ਸਮਾਜਕ ਭਾਈਚਾਰਿਆਂ (ਪਿੰਡਾਂ) ਨੂੰ ਕਿਵੇਂ ਬਰਬਾਦ ਕੀਤਾ। ਕਰੋੜਾਂ ਦੀ ਗਿਣਤੀ ਵਿਚ ਪਰਵਾਸੀ ਮਜ਼ਦੂਰਾਂ ਦੇ ਸਮੂਹਿਕ ਪਲਾਇਣ ਅਤੇ ਭੁਖਮਰੀ ਦੇ ਦਿਲ ਕੰਬਾ ਦੇਣ ਵਾਲੇ ਦਰਦਨਾਕ ਦ੍ਰਿਸ਼ਾਂ ਨੇ ਮੌਜੂਦਾ ਅਰਥਕ ਵਿਵਸਥਾ ਦੀਆਂ ਨਵ-ਉਦਾਰਵਾਦੀ ਨੀਤੀਆਂ ਅਤੇ ਰਾਜਸੱਤਾ ਦੀ ਲਾਪਰਵਾਹੀ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿਤਾ ਹੈ। ਕੇਵਲ ਪਿੰਡਾਂ ਨੂੰ ਉਜਾੜ ਕੇ ਖੜ੍ਹੀਆਂ ਕੀਤੀਆਂ ਝੋਪੜ ਪੱਟੀਆਂ ਦੇ ਭਵਿਖ ਬਾਰੇ ਹੀ ਨਹੀਂ, ਉਜੜੇ ਪਿੰਡਾਂ ਬਾਰੇ ਵੀ ਨਵੇਂ ਸਿਰੇ ਤੋਂ ਸੋਚ ਵਿਚਾਰ ਕਰਨੀ ਹੋਵੇਗੀ।

ਡਾ. ਮਨਮੋਹਨ ਹੁਰਾਂ ਨੇ, 31 ਮਈ 2020 ਦੇ ਪੰਜਾਬੀ ਟ੍ਰਿਬਿਊਨ ਵਿਚ ਛਪੇ ਆਪਣੇ ਲੇਖ ‘ਪਰਵਾਸੀ ਮਜ਼ਦੂਰ ਸੰਕਟ: ਵਰਤਮਾਨ ਅਤੇ ਸੰਭਾਵਨਾਵਾਂ’ ਵਿਚ ਬੜੀ ਖੂਬਸੂਰਤ ਗੱਲ ਆਖੀ ਹੈ ਕਿ “ਸ਼ਹਿਰੀ ਗਰੀਬ ਦੋ ਸੰਸਾਰਾਂ ਦਾ ਬਾਸ਼ਿੰਦਾ ਹੈ। ਇਕ ਹੈ ਅਸੁਰੱਖਿਅਤ, ਬੇਰੁਜ਼ਗਾਰ ਅਤੇ ਅਨਿਸ਼ਚਿਤ ਜੀਵਨ ਦਾ ਸ਼ਹਿਰੀ ਸੰਸਾਰ। ਅਤੇ ਦੂਸਰਾ ਹੈ, ਆਪਣੇ ਜੱਦੀ ਘਰ ਦੀ ਆਦਰਸ਼ ਪੇਂਡੂ ਪਨਾਹਗਾਹ ਅਤੇ ਸਥਿਰਤਾ ਦਾ ਸੰਸਾਰ।” ਮੰਡੀ ਅਤੇ ਰਾਜਸੱਤਾ ਦੁਆਰਾ ਪੈਦਾ ਕੀਤੀ ਗਈ ਸ਼ਹਿਰੀ ਅਸੁਰੱਖਿਆ ਤੋਂ ਕਾਲਪਨਿਕ ਪੇਂਡੂ ਸੁਰੱਖਿਆ ਵੱਲ ਘਰ ਵਾਪਸੀ ਬਾਰੇ ਗੱਲ ਕਰਦਿਆਂ ਉਹ ਲਿਖਦੇ ਹਨ “ਇਹ ਮਜ਼ਦੂਰ ਸ਼ਹਿਰਾਂ ਵਿਚਲੇ ਘੱਟ ਸੁਰੱਖਿਅਤ ਘਰਾਂ ਤੋਂ ਪਿੰਡਾਂ ਵੱਲ ਵੱਧ ਸੁਰੱਖਿਅਤ (ਚਾਹੇ ਕਾਲਪਨਿਕ ਹੀ ਸਹੀ) ਘਰਾਂ ਵੱਲ ਪਰਵਾਸ ਕਰ ਰਹੇ ਹਨ।”

ਕਿਉਂਕਿ ਲੋਕਾਂ ਦੀ ਆਪਣੇ ਆਪ ਨੂੰ ਭਾਈਚਾਰਿਆ ਦੇ ਰੂਪ ਵਿਚ ਕਲਪਨਾ ਕਰਨ ਦੀ ਸ਼ਕਤੀ ਨੇ ਹੀ ਰਾਸ਼ਟਰੀ ਪੁਨਰ-ਨਿਰਮਾਣ ਦਾ ਆਧਾਰ ਬਣਨਾ ਹੁੰਦਾ ਹੈ, ਇਸ ਲਈ ਇੰਝ ਪ੍ਰਤੀਤ ਹੋ ਰਿਹਾ ਹੈ ਕਿ ਇਨ੍ਹਾਂ ਪਰਵਾਸੀ ਮਜ਼ਦੂਰਾਂ ਦੀ ਪਿੰਡਾਂ ਵੱਲ ਵਾਪਸੀ ਨੇਂ ਭਾਰਤੀ ਰਾਸ਼ਟਰਵਾਦ ਦੀ ਨਹਿਰੂ ਤੋਂ ਗਾਂਧੀ ਵੱਲ ਘਰ-ਵਾਪਸੀ ਦਾ ਰਸਤਾ ਵੀ ਤਿਆਰ ਕਰ ਦਿੱਤਾ ਹੈ। ਇਹ ਕੇਵਲ ਸੰਕਟ ਦੇ ਹੀ ਨਹੀਂ, ਰਾਸ਼ਟਰੀ ਪੁਨਰ-ਨਿਰਮਾਣ ਦੇ ਕ੍ਰਾਂਤੀਕਾਰੀ ਪਲ ਹਨ: ਪਿੰਡਾਂ ਨੂੰ ਆਧਾਰ ਬਣਾ ਕੇ ਉਤਰ-ਪੂੰਜੀਵਾਦੀ ਯੁਗ ਦਾ ਨਿਰਮਾਣ ਕਰਨਾ। ਗਾਂਧੀ ਜੀ ਦੀਆਂ ਨੀਤੀਆਂ ਉਪਰ ਅਧਾਰਿਤ ਰਾਸ਼ਟਰੀ ਪੁਨਰ ਨਿਰਮਾਣ ਦਾ ਇਹ ਉਤਰ-ਪੂੰਜੀਵਾਦੀ ਏਜੰਡਾ ਮਹਾਤਮਾ ਗਾਂਧੀ ਦੇ ਭਾਰਤ ਦੀ ਵਿਸ਼ਵ ਨੂੰ ਵੱਡੀ ਦੇਣ ਹੋਵੇਗੀ।

ਮੈ ਆਪਣੇ ਇਸ ਕਥਨ ਨੂੰ ਅੰਡਰਲਾਈਨ ਕਰਨਾ ਚਾਹੁੰਦਾ ਹਾਂ ਕਿ ਆਰਥਕ ਵਿਕਾਸ, ਜਮਹੂਰੀ ਸੰਗਠਨਕਾਰੀ ਅਤੇ ਸਮਾਜਕ ਨਿਆਂ ਦੇ ਵਿਸਤਾਰ ਲਈ  ਭਾਰਤ ਨੂੰ ਸਮਿਲਤ, ਸਮਾਰਟ ਅਤੇ ਸਿਰਜਣਾਤਮਕ ਪੇਂਡੂ ਭਾਈਚਾਰਿਆ ਦੇ ਸਮਾਨੰਤਰ ਨੈਟਵਰਕ ਵਜੋਂ ਨਿਰਮਿਤ ਕਰਨਾ ਆਵੱਸ਼ਕ ਹੋ ਗਿਆ ਹੈ। ਅਜਿਹਾ ਕਰਨਾ ਕੇਵਲ ਸੰਭਵ ਹੀ ਨਹੀਂ ਹੋਇਆ। ਖੁਸ਼ਹਾਲ ਭਾਰਤ ਦੇ ਨਿਰਮਾਣ ਲਈ ਜ਼ਰੂਰੀ ਵੀ ਹੋ ਗਿਆ ਹੈ।
ਪੰਜਾਬ ਦਾ ਪਿੰਡ ਉਹੋ ਜਿਹਾ ਨਹੀਂ ਹੈ, ਜਿਹੋ ਜਿਹਾ ਪ੍ਰੋ. ਪੁਰਨ ਸਿੰਘ ਨੂੰ ਦਿਖਾਈ ਦਿੰਦਾ ਸੀ: “ਇਥੇ ਖੁਲ੍ਹ ਦਾ ਮੈਦਾਨ ਹੈ/ ਇਥੇ ਪਿਆਰ ਤੇ ਹੜ੍ਹਾਂ ਦਾ ਆਵੇਸ਼ ਹੈ/ ਇਥੇ ਪਹਾੜ ਪਿਆਰ ਵਿਚ ਪਿਘਲਦੇ/ ਇਥੇ ਕੋਈ ਅਣਪਛਾਤਾ ਜਿਹਾ ਇਲਾਹੀ ਸੁਆਦ ਹੈ।” ਪੰਜਾਬ ਦੇ ਪਿੰਡ ਤਾਂ ਕਦੋਂ ਤੋਂ ਨਸ਼ੇ, ਗੁਰਬਤ, ਬੇਰੁਜ਼ਗਾਰੀ, ਜੁਰਮ, ਗੁੰਡਾਗਰਦੀ, ਭੈਅ, ਪ੍ਰਦੂਸ਼ਣ, ਸਮਾਜਕ ਬੇਇਨਸਾਫੀ, ਦਮਨ, ਪਛੜੇਪਣ, ਜਾਤੀਵਾਦ, ਜਗੀਰੂ ਸਿਆਸਤ, ਨੌਕਰਸ਼ਾਹੀ ਨਿਯੰਤ੍ਰਣ ਅਤੇ ਪਿਛਾਂਹਖਿਚੂ ਵਿਚਾਰਾਂ ਦੀ ਗ੍ਰਿਫਤ ਵਿਚ ਆਏ ਹੋਏ ਹਨ।

ਦਇਆ, ਸਬਰ, ਸੰਤੋਖ, ਅਪਣੱਤ, ਭਰੋਸੇ, ਆਪਸੀ ਸਹਿਯੋਗ, ਬਰਾਬਰੀ, ਮਿਲਵਰਤਣ, ਸਾਝੀਵਾਲਤਾ, ਸਮਾਜਕ ਨਿਆਂ, ਜਮਹੂਰੀਅਤ, ਆਜ਼ਾਦੀ ਅਤੇ ਪਿਆਰ ਮੁਹੱਬਤ ਵਰਗੀਆਂ ਕਦਰਾਂ ਕੀਮਤਾ, ਜੋ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਪੇਂਡੂ ਭਾਈਚਾਰੇ ਦੀ ਪਛਾਣ ਹੋਇਆ ਕਰਦੀਆਂ ਸਨ, ਕਿਧਰੇ ਵੀ ਦਿਖਾਈ ਨਹੀਂ ਦਿੰਦੀਆਂ। ਪੰਜਾਬ ਦਾ ਪਿੰਡ ਨਾ ਪਹਿਲਾਂ ਇਹੋ ਜਿਹਾ ਸੀ। ਨਾ ਹੁਣ ਇਹੋ ਜਿਹਾ ਹੈ। ਪੰਜਾਬ ਦੇ ਜਿਹੋ ਜਿਹੇ ਪਿੰਡ ਦੇ ਨਿਰਮਾਣ ਬਾਰੇ ਆਪਾਂ ਸੋਚ ਰਹੇ ਹਾਂ, ਉਹ ਨਿਸ਼ਚੇ ਹੀ ਇਨ੍ਹਾਂ ਕਦਰਾਂ ਕੀਮਤਾਂ ਉਪਰ ਅਧਾਰਿਤ ਹੋਵੇਗਾ। ਪੰਜਾਬ ਦੀ ਪਿੰਡਾ ਨੂੰ ਵਾਪਸੀ ਦਾ ਅਰਥ ਹੈ, ਇਨ੍ਹਾਂ ਕਦਰਾਂ ਕੀਮਤਾਂ ਦੀ ਇਲਾਹੀ ਮਸਤੀ ਵਾਲੇ ਪਿੰਡਾਂ ਵੱਲ ਵਾਪਸੀ। ਪਿੰਡਾਂ ਤੋਂ ਪ੍ਰਵਾਸ ਕਰਕੇ ਗਏ ਸ਼ਹਿਰੀ ਕਾਮਿਆਂ ਦੀ ਹੀ ਨਹੀਂ, ਸਾਡੀ ਸਭ ਦੀ। ਪਿੰਡਾਂ ਦੀ ਖੁਦ ਆਪਣੀ ਵੀ।

ਪ੍ਰੋ. ਪੂਰਨ ਸਿੰਘ ਦੀ ਕਵਿਤਾ ‘ਜਵਾਨ ਪੰਜਾਬ ਦੇ” ਵਿਚਲੀਆਂ ਇਨ੍ਹਾਂ ਸਤਰਾਂ ਨਾਲ ਗੱਲ ਸ਼ੁਰੂ ਕਰਦੇ ਹਾਂ: “ ਪਿਆਰ ਨਾਲ ਇਹ ਕਰਨ ਗੁਲਾਮੀ/ ਜਾਨ ਕੋਹ ਆਪਣੀ ਵਾਰ ਦਿੰਦੇ/ ਪਰ ਟੈਂ ਨਾ ਮੰਨਣ ਕਿਸੇ ਦੀ/ ਖਲੋ ਜਾਣ ਡਾਂਗਾਂ ਮੋਢੇ ‘ਤੇ ਉਲਾਰਦੇ// ਮੰਨਣ ਬਸ ਇਕ ਆਪਣੀ ਜਵਾਨੀ ਦੇ ਜ਼ੋਰ ਨੂੰ/ ਅੱਖੜਖਾਂਦ, ਅਲਬੇਲੇ, ਧੁਰ ਥੀਂ ਸਤਿਗੁਰਾਂ ਦੇ/ ਆਜ਼ਾਦ ਕੀਤੇ ਇਹ ਬੰਦੇ// ਪੰਜਾਬ ਨਾ ਹਿੰਦੂ ਨਾ ਮੁਸਲਮਾਨ/ ਪੰਜਾਬ ਸਾਰਾ ਜੀਂਦਾ ਗੁਰਾਂ ਦੇ ਨਾਮ ‘ਤੇ// ਜਵਾਨ ਖੁਲ੍ਹੇ ਖੋਲ੍ਹੇ ਪਿਆਰਿਆਂ/ ਆਜ਼ਾਦੀ ਦੇ ਪਿਆਰ ਵਿਚ/ ਦੁਨੀਆਂ ਥੀਂ ਵਿਹਲੇ/ ਦੀਨ ਥੀਂ ਵਿਹਲੇ/ ਰਲੇ ਨਾ ਰਲੀਂਦੇ ਕਦੀ ਹੁਣ ਇਹ ਜਵਾਨ ਪੰਜਾਬ ਦੇ/ ਮਮਨੇ ਨਾ ਮਨੀਂਦੇ ਕਦੀ/ ਕੁੱਦ ਕੁੱਦ ਉਛਲਦੇ, ਡੁਲ੍ਹਦੇ/ ਮਰਜ਼ੀ ਦੇ ਮਾਲਕ ਇਹ//.. ਆਜ਼ਾਦੀ ਪਈ ਠਾਠਾਂ ਮਾਰਦੀ ਮੇਰੇ ਪੰਜਾਬ ਵਿਚ।”

ਇਹ ਕਵਿਤਾ ਮੈਨੂੰ ਇਸ ਲਈ ਵਧੇਰੇ ਪਸੰਦ ਹੈ ਕਿਉਂਕਿ ਇਸ ਕਵਿਤਾ ਵਿਚ ਪੰਜਾਬ ਦੇ ਕੇਂਦਰੀ ਮੁੱਲ-ਪ੍ਰਬੰਧ “ਆਜ਼ਾਦੀ” ਨੂੰ ਪ੍ਰੀਭਾਸ਼ਿਤ ਕੀਤਾ ਗਿਆ ਹੈ। ਹਰ ਭਾਈਚਾਰਾ ਆਜ਼ਾਦੀ ਨੂੰ ਆਪਣੇ ਤਰੀਕੇ ਨਾਲ ਪ੍ਰੀਭਾਸ਼ਿਤ ਕਰਦਾ ਹੈ। ਪੰਜਾਬ ਵਿਚ ਆਜ਼ਾਦੀ ਦੇ ਕੀ ਅਰਥ ਲਏ ਜਾਂਦੇ ਹਨ, ਇਹ ਕਵਿਤਾ ਇਹੋ ਬਿਆਨ ਕਰਦੀ ਹੈ। ਆਜ਼ਾਦੀ ਪੰਜਾਬ ਦੀ ਕਈ ਸਾਰੀਆਂ ਪਛਾਣਾ ਵਿਚੋਂ ਇਕ ਪਛਾਣ ਨਹੀਂ। ਆਜ਼ਾਦੀ ਪੰਜਾਬ ਦੀ ਮੂਲ ਪਛਾਣ ਹੈ: “ਆਜ਼ਾਦੀ ਪਈ ਠਾਠਾ ਮਾਰਦੀ ਮੇਰੇ ਪੰਜਾਬ ਵਿਚ।” ਪਰ ਇਸ ਆਜ਼ਾਦੀ ਦਾ ਮਨੋਰਥ ਕੀ ਹੈ? ਗੁਰੂ ਨੇ ਕਿਹੜੀਆਂ ਪ੍ਰਾਪਤੀਆਂ ਲਈ ਪੰਜਾਬੀਆਂ ਨੂੰ ਦੀਨ ਦੁਨੀਆਂ ਦੇ ਬੰਧਨਾਂ ਤੋਂ ਧੁਰ ਥੀਂ ਆਜ਼ਾਦ ਕੀਤਾ ਹੋਇਆ ਹੈ। ਗੁਰੂ ਸਾਹਿਬ ਦਾ ਆਦੇਸ਼ ਹੈ: “ਜਾਲਉ ਐਸੀ ਰੀਤਿ ਜਿਤੁ ਮੈ ਪਿਆਰਾ ਵੀਸਰੈ।” ਪੰਜਾਬ ਵਿਚ ਆਜ਼ਾਦੀ ਦਾ ਸਬੰਧ ਵਿਅਕਤੀਗਤ ਪ੍ਰਾਪਤੀਆਂ ਨਾਲ ਨਹੀਂ; ਪਿਆਰ ਦੀ ਗੁਲਾਮੀ ਨਾਲ ਹੈ; ਦੂਸਰੇ ਦੇ ਦੂਸਰੇਪਣ ਲਈ ਮਰ ਮਿਟਣ ਨਾਲ ਹੈ। ਇਸੇ ਵਿਚੋਂ ਸਰਬਸਾਂਝੀਵਾਲਤਾ ਅਤੇ ਸਰਬੱਤ ਦੇ ਭਲੇ ਨਾਲ ਪ੍ਰਤੀਬੱਧਤਾ ਦੇ ਰੂਪ ਵਿਚ ਪੰਜਾਬ ਦੀ ਭਾਈਚਾਰਕਤਾ ਆਪਣੇ ਡੂੰਘੇ ਅਰਥ ਪ੍ਰਾਪਤ ਕਰਦੀ ਹੈ। ਪੰਜਾਬ ਦੀ ਆਰਥਕ ਸੂਝ, ਸਭਿਆਚਾਰਕ ਪਛਾਣ ਅਤੇ ਸਿਆਸੀ ਨੈਤਿਕਤਾ ਦੀਆਂ ਜੜ੍ਹਾਂ “ਆਜ਼ਾਦੀ” ਦੀ ਇਸੇ ਪਰਿਭਾਸ਼ਾ ਵਿਚੋਂ ਮਿਲਣਗੀਆਂ। ਗੁਰਾਂ ਦੇ ਨਾਮ ਨਾਲ ਜੀਣ ਵਾਲੇ ਪੰਜਾਬੀ ਪਿੰਡ ਦੇ ਨਿਰਮਾਣ ਦਾ ਆਧਾਰ ਵੀ ਆਜ਼ਾਦੀ ਦੀ ਇਸੇ ਪਰਿਭਾਸ਼ਾ ਵਿਚੋਂ ਢੂੰਡਣਾ ਪਵੇਗਾ।

ਕੁਦਰਤ ਨੇ ਮਨੁਖ ਨੂੰ ਕੇਵਲ ਦੋ ਪ੍ਰੋਗਰੈਮ ਦੇ ਕੇ ਭੇਜਿਆ ਸੀ। ਆਪਣੇ ਆਪ ਨੂੰ ਬਚਾਅ ਕੇ ਰੱਖਣਾ ਅਤੇ ਨਸਲ ਅੱਗੇ ਤੋਰਨੀ। ਸੁਆਰਥੀ ਲੋਕਾਂ ਨੇ ਆਪਣੇ ਆਪ ਨੂੰ ਬਚਾਅਕੇ  ਰੱਖਣ ਲਈ ਇਕ ਦੂਜੇ ਨਾਲ ਸਹਿਯੋਗ ਕਰਨਾ ਸ਼ੁਰੂ ਕਰ ਦਿੱਤਾ। ਸਹਿਯੋਗ ਦੀ ਇਸ ਰਾਜਨੀਤਕ ਖੇਡ ਦਾ ਨਾਮ ਹੀ ਨੈਤਿਕਤਾ ਹੈ। ਨੈਤਿਕਤਾ ਬੰਦੇ ਦੇ ਜੀਨਜ਼ ਵਿਚ ਨਹੀਂ ਹੁੰਦੀ। ਇਹ ਤਾਂ ਸਮਾਜ ਵਿਚ ਰਹਿੰਦਿਆਂ ਸਮਾਜ ਵਿਚੋਂ ਹੀ ਸਿਖਣੀ ਪੈਂਦੀ ਹੈ। ਨੈਤਿਕਤਾ ਇਤਿਹਾਸਕ ਤਬਦੀਲੀ ਵਿਚ ਬੱਝਿਆ ਹੋਇਆਂ ਸਿਆਸੀ ਪਰਵਚਨ ਹੈ।

ਇਹ ਠੀਕ ਹੈ ਕਿ ਆਪਸੀ ਸਹਿਯੋਗ ਦੀ ਖੇਡ ਕੁਝ ਹਾਸਲ ਕਰਨ ਲਈ ਖੇਡੀ ਜਾਂਦੀ ਹੈ। ਪਰ ਖੇਡ ਦੀ ਸਫਲਤਾ ਲਈ ਆਪਣੀ ਹਉਮੈ ਨੂੰ ਕੰਟਰੋਲ ਕਰਕੇ ਦੂਜੇ ਨੂੰ ਅਕਾਮੋਡੇਟ ਕਰਨਾ ਪੈਂਦਾ ਹੈ।

ਗੁਰੂ ਸਾਹਿਬ ਨੇ ‘ਮੈਂ’ ਅਤੇ ‘ਤੂੰ’ ਭਾਵ ‘ਨਿਜ’ ਅਤੇ ‘ਪਰ’ ਦੇ ਸਹਿਯੋਗ ਨੂੰ ਮੈਂ (ਮਨੁਖ) ਅਤੇ ਤੂੰ (ਪ੍ਰਮਾਤਮਾ) ਦੇ ਸਹਿਯੋਗੀ ਰਿਸ਼ਤੇ ਵਿਚ ਤਬਦੀਲ ਕਰ ਦਿਤਾ। ਪ੍ਰਮਾਤਮਾ ਕੇਵਲ ਸਰਬ ਸ਼ਕਤੀਮਾਨ ਹੀ ਨਹੀਂ, ਸਭ ਤੋਂ ਵੱਡਾ ਦਾਤਾ ਵੀ ਹੈ। ਉਸ ਤੋਂ ਹਰ ਦਾਤ ਪ੍ਰਾਪਤ ਕੀਤੀ ਜਾ ਸਕਦੀ ਹੈ। ਨਤੀਜੇ ਵਜੋਂ ਲੋਕਾਂ ਨੇ ਆਪਣੀ ਹਉਮੈਂ ਤਿਆਗ ਕੇ ਉਸਦੀ ਰਜ਼ਾ ਵਿਚ ਰਹਿਣ ਦੀ ਧਾਰਨਾ ਨੂੰ ਪ੍ਰਵਾਨ ਕਰ ਲਿਆ। ਇਹ ਵੀ ਆਖ ਦਿੱਤਾ ਕਿ ਉਹ ਸਭ ਵਿਚ ਵਸਦਾ ਹੈ। ਸਭ ਵਿਚ ਉਸੇ ਦੀ ਜੋਤ ਜਗਦੀ ਹੈ। ਇਸ ਨਾਲ ਆਪਸੀ ਸਹਿਯੋਗ ਦਾ ਘੇਰਾ ਵਿਸ਼ਾਲ ਹੋ ਗਿਆ। ਕੇਵਲ ਮਨੁਖ ਹੀ ਨਹੀਂ, ਜੀਵ ਜੰਤੂ, ਪਸ਼ੂ ਪੰਛੀ, ਪਾਉਣ ਪਾਣੀ, ਧਰਤੀ, ਖੰਡ ਬ੍ਰੀਮੰਡ, ਸਮੁਚੀ ਕਾਇਨਾਤ ਇਸ ਆਪਸੀ ਸਹਿਯੋਗ ਦੇ ਘੇਰੇ ਵਿਚ ਆ ਗਈ। ਕਿਸੇ ਨੂੰ ਦੁਖ ਦੇਣਾ, ਕਿਸੇ ਦਾ ਸ਼ੋਸ਼ਣ ਕਰਨਾ ਜਾਂ ਕਿਸੇ ਨਾਲ ਦਰਾਇਤ ਕਰਨੀ ਵਰਜਿਤ ਹੋ ਗਈ। ਨਤੀਜੇ ਵਜੋਂ ਪਿਆਰ, ਮੁਹੱਬਤ, ਦਇਆ, ਸਤ, ਸੰਤੋਖ, ਗਿਆਨ ਆਦਿ ਕਦਰਾਂ ਕੀਮਤਾਂ ਗੁਰੂ ਨਾਨਕ ਦੀ ਨੈਤਿਕਤਾ ਵਜੋਂ ਸਥਾਪਤ ਹੋ ਗਈਆਂ। ਜੇ ਗੁਰੂ ਨਾਨਕ ਦੇ ਇਸ ਸਮੁਚੇ ਨੈਤਿਕ ਪ੍ਰਬੰਧ ਨੂੰ ਦੋ ਸ਼ਬਦਾਂ ਵਿਚ ਸਮੇਟਣਾ ਹੋਵੇ, ਤਾਂ ਬੜੇ ਆਰਾਮ ਨਾਲ ਕਿਹਾ ਜਾ ਸਕਦਾ ਹੈ ਕਿ ਸਰਬਸਾਂਝੀਵਾਲਤਾ ਅਤੇ ਵੰਡ ਕੇ ਛਕਣਾ ਗੁਰੂ ਨਾਨਕ ਦੀ ਨੈਤਿਕਤਾ ਦੇ ਮੂਲ ਆਧਾਰ ਹਨ। ਸਰਬ ਸਾਂਝੀਵਾਲਤਾ ਅਤੇ ਵੰਡ ਕੇ ਛਕਣ ਦੇ ਇਨ੍ਹਾਂ ਉਤਰ-ਪੂਜੀਵਾਦੀ ਸਮਾਜ ਦੀ ਸਿਰਜਣਾ ਦਾ ਆਧਾਰ ਬਣਨਾ ਹੈ। ਇਨ੍ਹਾਂ ਨੇ ਹੀ ਪੇਂਡੂ ਭਾਈਚਾਰਿਆ ਅਤੇ ਉਨ੍ਹਾਂ ਦੀ ਨੈਟਵਰਕਿੰਗ ਦਾ ਤਰਕ ਪੈਦਾ ਕਰਨਾ ਹੈ।

ਆਰਥਕ ਵਿਕਾਸ, ਜਮਹੂਰੀ ਸੰਗਠਨਕਾਰੀ ਅਤੇ ਸਮਾਜਕ ਨਿਆਂ ਉਪਰ ਅਧਾਰਿਤ ਸਮਿਲਤ, ਸਮਾਰਟ ਅਤੇ ਸਿਰਜਣਾਤਮਕ ਪੇਂਡੂ ਭਾਈਚਾਰਿਆ ਦੀ ਸਮਾਨੰਤਰ ਨੈਟਵਰਕਿੰਗ ਵਿਚ ਬੱਝੇ ਅਗਾਂਹਵਧੂ ਪਿੰਡ ਦਾ ਨਿਰਮਾਣ ਕਿਵੇਂ ਕਰਨਾ ਹੈ, ਇਹ ਹੁਣ ਮੁਸ਼ਕਿਲ ਕੰਮ ਨਹੀਂ ਰਿਹਾ। ਕੇਵਲ ਪਲੈਨਿੰਗ ਦੀ ਲੋੜ ਹੈ। ਪੂੰਜੀ ਦੇ ਅਗਾਊਂ ਵਿਕਾਸ ਲਈ, ਨਵੀਆਂ ਪ੍ਰਸਥਿਤੀਆਂ ਵਿਚ ਢਲ ਕੇ ਅੱਗੇ ਵਧਣਾ ਪੂੰਜੀਵਾਦ ਦਾ ਸੁਭਾਅ ਹੈ। ਵਾਤਾਵਰਣ, ਰੁਜ਼ਗਾਰ, ਨੈਤਿਕਤਾ, ਆਜ਼ਾਦੀ, ਬਰਾਬਰੀ ਅਤੇ ਸਹਿਣਸ਼ੀਲਤਾ ਹੁਣ ਸਮਾਜਵਾਦ ਦਾ ਏਜੰਡਾ ਨਹੀਂ ਰਹੇ, ਪੂੰਜੀਵਾਦੀ ਵਿਸਤਾਰ ਦੇ ਉਤਰ-ਉਦਾਰਵਾਦੀ ਸਾਧਨ ਬਣ ਗਏ ਹਨ। ਇਸੇ ਤਰ੍ਹਾਂ ਸਮਿਲਤ, ਸਮਾਰਟ ਅਤੇ ਸਿਰਜਣਾਤਮਕ ਪੇਂਡੂ ਭਾਈਚਾਰਿਆ ਦੀ ਸਮਾਨੰਤਰ ਨੈਟਵਰਕਿੰਗ ਵੀ ਪੂੰਜੀਵਾਦੀ ਏਜੰਡੇ ਦਾ ਹੀ ਭਾਗ ਹਨ। ਪੂੰਜੀਵਾਦ ਦੇ ਇਸ ਉੱਨਤ ਪੜਾਅ ਨੂੰ ਉਤਰ ਪੂੰਜੀਵਾਦ ਦਾ ਨਾਮ ਵੀ ਦੇ ਦਿੱਤਾ ਜਾਂਦਾ ਹੈ। ਆਪਾਂ ਪਹਿਲਾਂ ਵੀ ਕਈ ਵਾਰ ਗੱਲ ਕਰ ਆਏ ਹਾਂ ਕਿ ਇਸ ਉਤਰ-ਪੂੰਜੀਵਾਦੀ ਵਿਵਸਥਾ ਦਾ ਆਧਾਰ ਮਾਨਵ-ਪੂੰਜੀ ਹੈ, ਇਸ ਲਈ ਇਸਦਾ ਉਦਭਵ, ਵਿਕਾਸ ਅਤੇ ਅੰਤਰ-ਵਿਰੋਧਤਾਵਾਂ ਸਭ ਵਿਦਿਅਕ ਸੁਧਾਰਾਂ ਨਾਲ ਜੁੜੇ ਹੋਏ ਹਨ।

ਸਵੈ-ਦੇਖਭਾਲ ਅਤੇ ਆਪਣੇ ਆਪ ਨੂੰ ਕਲਾਕ੍ਰਿਤ ਵਜੋਂ ਵਿਕਸਿਤ ਕਰਨਾ, ਨਵੇਂ ਮੱਧ-ਵਰਗ ਦਾ ਧਰਮ ਬਣ ਗਏ ਹਨ। ਯੋਗਾ ਦੀ ਦਰੀ ਤੋਂ ਲੈ ਕੇ ਪਲਾਸਟਿਕ ਸਰਜਰੀ ਦੇ ਮੇਜ਼ ਤੱਕ ਅਨੇਕ ਕਿਸਮ ਦੀਆਂ ਸਨਅਤਾਂ ਇਸੇ ਕੰਮ ਦਾ ਧਿਆਨ ਰੱਖ ਰਹੀਆਂ ਹਨ। ਕੇਵਲ ਸਰੀਰਕ ਖੂਬਸੂਰਤੀ ਹੀ ਨਹੀਂ, ਸਮਾਜ-ਸਭਿਆਚਾਰਕ ਅਤੇ ਆਰਥਕ-ਰਾਜਨੀਤਕ ਜ਼ਿੰਮੇਵਾਰੀਆਂ ਵੀ ਇਸ ਨਵ-ਉਦਾਰਵਾਦੀ ਪਰਾਜੈਕਟ ਦਾ ਹਿੱਸਾ ਹਨ। ਇਸ ਤਰ੍ਹਾਂ ਪਹਿਲੀ ਵਾਰ ਵੀ ਨਹੀਂ ਹੋ ਰਿਹਾ। ਗੁਲਾਮ ਰੱਖਣ ਵਾਲੇ ਗਰੀਕ ਅਤੇ ਰੋਮਨ ਪਤਵੰਤੇ ਵੀ ਸਵੈ-ਨਿਰਮਾਣ ਦੇ ਪਰਾਜੈਕਟ ਨਾਲ ਇਸ ਕਦਰ ਜੁੜੇ ਹੋਏ ਸਨ ਕਿ ਉਨ੍ਹਾਂ ਨੇ ਆਪਣੀਆਂ ਕਾਮਨਾਵਾਂ/ ਚਾਹਤਾਂ ਉਪਰ ਨਿਯੰਤ੍ਰਣ ਅਤੇ ਦੂਸਰਿਆ ਦੀ ਖੁਸ਼ਹਾਲੀ ਨੂੰ ਆਪਣਾ ਮਿਸ਼ਨ ਬਣਾ ਲਿਆ ਸੀ। ਪਰ ਇਨ੍ਹਾਂ ਦੂਸਰਿਆ ਵਿਚ ਗੁਲਾਮ ਸ਼ਾਮਲ ਨਹੀਂ ਸਨ। ਜਿਵੇਂ ਗਰੀਕ ਅਤੇ ਰੋਮਨ ਸ਼ਾਸਨ ਦੌਰਾਨ ਅਸਮਾਨਤਾ ਅਤੇ ਅਨਿਆ ਖਤਮ ਨਹੀਂ ਸਨ ਹੋਏ। ਇਸੇ ਤਰ੍ਹਾਂ ਵਧ ਰਹੇ ਨਵ-ਫਾਸ਼ੀਵਾਦ ਨੂੰ ਰੋਕ ਸਕਣਾ ਵਰਤਮਾਨ ਵਿਵਸਥਾ ਦੇ ਵੱਸ ਵਿਚ ਹੀ ਨਹੀਂ ਰਿਹਾ।

ਲੋਕ ਸੁਆਲ ਕਰਦੇ ਹਨ ਕਿ ਸਮਾਜਕ ਜਮਹੂਰੀਅਤ ਦੇ ਰੂਪ ਵਿਚ ਹਿਟਲਰ ਦੇ ਫਾਸ਼ੀਵਾਦ ਦਾ ਬਦਲ ਤਾਂ ਸਪਸ਼ਟ ਦਿਖਾਈ ਦਿੰਦਾ ਸੀ। ਉਸਨੇ ਫਾਸ਼ੀਵਾਦ ਨੂੰ ਹਰਾਇਆ ਵੀ। ਪਰ ਕੀ ਦੁਨੀਆਂ ਵਿਚ ਵਧ ਰਹੇ ਨਵ-ਫਾਸ਼ੀਵਾਦ ਦਾ ਕੋਈ ਵਿਚਾਰਧਾਰਕ ਬਦਲ ਹੈ, ਜੋ ਉਸਨੂੰ ਹਰਾ ਕੇ ਆਰਥਕ ਵਿਕਾਸ, ਜਮਹੂਰੀ ਸੰਗਠਨਕਾਰੀ ਅਤੇ ਸਮਾਜਕ ਨਿਆਂ ਉਪਰ ਅਧਾਰਿਤ ਸਮਿਲਤ, ਸਮਾਰਟ ਅਤੇ ਸਿਰਜਣਾਤਮਕ ਸੰਸਾਰ ਦਾ ਨਿਰਮਾਣ ਕਰ ਸਕੇ।

ਆਪਣੇ ਇਸ ਅਧੂਰੇ ਅਤੇ ਨਿਮਾਣੇ ਜਿਹੇ ਯਤਨ ਰਾਹੀਂ ਅਸੀਂ ਇਕ ਅਜਿਹੀ ਹੀ ਉਤਰ-ਪੂਜੀਵਾਦੀ ਸੰਭਾਵਨਾ ਨੂੰ ਸਮਝਣ ਦਾ ਯਤਨ ਕੀਤਾ ਹੈ। ਇਸ ਕੰਮ ਲਈ ਸੰਗਠਿਤ ਜਮਾਤ ਅਤੇ ਜਮਾਤੀ ਘੋਲ ਦੀ ਜ਼ਰੂਰਤ ਨਹੀਂ। ਨਵੀਆਂ ਸੰਭਾਵਨਾਵਾਂ ਖੋਜਣ ਵਾਲੇ ਪੜ੍ਹੇ ਲਿਖੇ ਸਿਰਜਣਾਤਮਕ ਬੁਧੀਮਾਨਾਂ ਦੀ ਵਿਸ਼ਵ ਪੱਧਰੀ ਨੈਟਵਰਕਿੰਗ ਹੀ ਬਹੁਤ ਹੋਵੇਗੀ। ਨੈਟਵਰਕਿੰਗ ਕਰਨ ਦੀ  ਲੋੜ ਨਹੀਂ, ਇਹ ਹੋ ਰਹੀ ਹੈ। ਵਿਦਿਆ ਦਾ ਪਾਸਾਰ ਕਰਨ ਦੀ ਵੀ ਲੋੜ ਨਹੀਂ, ਇਹ ਹੋ ਰਿਹਾ ਹੈ। ਪੂੰਜੀਵਾਦ ਨੂੰ ਉਮਰ ਭਰ ਤਕਨੀਕੀ ਸਿਖਿਆ ਨਾਲ ਜੁੜੀ ਰਹਿਣ ਵਾਲੀ ਮਾਨਵ-ਪੂੰਜੀ ਦੀ ਲੋੜ ਹੈ। ਉਹ ਆਪਣੀ ਇਸ ਲੋੜ ਦੀ ਪੂਰਤੀ ਲਈ ਹਰ ਯਤਨ ਕਰੇਗਾ। ਮਾਨਵ-ਵਸੀਲਿਆਂ ਵਿਚੋਂ ਵੱਧ ਤੋਂ ਵੱਧ ਵੈਲਯੂ ਐਕਸਟਰੈਕਟ ਕਰਨ ਲਈ, ਉਨ੍ਹਾਂ ਅੰਦਰ ਗਿਆਨ, ਹੁਨਰ, ਕਦਰਾਂ ਕੀਮਤਾਂ ਅਤੇ ਆਪਸੀ ਸਹਿਯੋਗ ਦੀਆਂ ਭਾਵਨਾਵਾਂ ਵੀ ਭਰੇਗਾ। ਉਹ, ਇਹ ਸਭ ਕੁਝ, ਹਰ ਕਿਸੇ ਨੂੰ, ਕਿਸੇ ਵੀ ਥਾਂ, ਕਿਸੇ ਵੀ ਰੂਪ ਵਿਚ, ਬਿਨਾ ਕੋਈ ਪੈਸਾ ਲਏ, ਉਮਰ ਭਰ ਮੁਹਈਆ ਕਰਵਾਏਗਾ। ਕੇਵਲ ਮਾਨਵ-ਵਸੀਲਿਆ ਦੇ ਉਤਪਾਦਨ ਲਈ ਹੀ ਨਹੀਂ; ਨਿਗਰਾਨੀ ਅਤੇ ਨਿਯੰਤਰਣ ਲਈ ਵੀ। ਉਸ ਨੂੰ ਕੇਵਲ ਦੇਹਾਂ ਉਪਰ ਹੀ ਨਹੀਂ ਮਨਾਂ ਉਪਰ ਵੀ ਨਿਯੰਤਰਣ ਚਾਹੀਦਾ ਹੈ। ਆਪਣੀ ਅਸੀਮ ਹਵਸ ਦੀ ਪੂਰਤੀ ਲਈ, ਪੂੰਜੀ ਦੇ ਵੱਧ ਤੋਂ ਵੱਧ ਉਤਪਾਦਨ ਵਾਸਤੇ, ਇਹ ਬਾਇਓ-ਪੁਲਿਟੀਕਲ ਅਤੇ ਸਾਈਕੋ-ਪੁਲਿਟੀਕਲ ਸੰਦ ਵੀ ਖੁਲ੍ਹੇ ਵੰਡੇ ਜਾ ਰਹੇ ਹਨ। ਇਹ ਨੈਟਵਰਕ, ਇਹ ਆਧਾਰ ਢਾਂਚਾ ਅਤੇ ਇਹ ਸੰਦ ਉਨ੍ਹਾਂ ਲੋਕਾਂ ਨੂੰ ਵੀ ਉਪਲਭਦ ਹੋ ਰਹੇ ਹਨ, ਜੋ ਵਰਤਮਾਨ ਵਿਵਸਥਾ ਵਿਚ ਕੰਮ ਕਰਦੇ ਹੋਏ ਸਮਾਜ ਨੂੰ ਅਗਾਂਹਵਧੂ ਉਸਾਰੂ ਕੰਮਾਂ ਲਈ ਨਵੀਂ ਦਿਸ਼ਾ ਦੇਣਾ ਚਾਹੁੰਦੇ ਹਨ। ਕੀ ਪੰਜਾਬ ਨੇ ਆਪਣਾ ਕੋਈ ਅਜਿਹਾ ਏਜੰਡਾ ਤਿਆਰ ਕੀਤਾ ਹੈ। ਜੇਕਰ ਉਬਰ ਅਤੇ ਏਅਰਬੀਐਨਬੀ ਵਰਗੀਆਂ ਕੰਪਨੀਆਂ, ਬਿਨਾ ਕੋਈ ਕਾਰ ਅਤੇ ਹੋਟਲ ਖਰੀਦੇ, ਇਸ ਉਪਲਭਦ ਡਿਜੀਟਲ ਆਧਾਰ ਢਾਂਚੇ ਦੀ ਸਹਾਇਤਾ ਨਾਲ ਅਰਬਾਂ ਖਰਬਾਂ ਡਾਲਰ ਕਮਾ ਸਕਦੀਆਂ ਹਨ, ਤਾਂ ਪੰਜਾਬ ਵੀ ਆਪਣੇ ਕਿਸਾਨਾਂ, ਮਜ਼ਦੂਰਾਂ, ਸ਼ਿਲਪਕਾਰਾਂ, ਉਦਮੀ ਕਾਮਿਆਂ, ਖੋਜੀਆਂ, ਵਿਦਿਆਰਥੀਆਂ ਅਤੇ ਤਕਨੀਕੀ ਮਾਹਿਰਾਂ ਨੂੰ ਨਵੀਂ ਤਕਨਾਲੋਜੀ ਨਾਲ ਲੈਸ ਕਰਕੇ ਆਪਣੇ ਹਰ ਸੰਕਟ ਤੋਂ ਬਾਹਰ ਆ ਸਕਦਾ ਹੈ। ਪਰ ਅਜਿਹਾ ਹੋ ਨਹੀਂ ਰਿਹਾ। ਓਨੀ ਦੇਰ ਹੋ ਵੀ ਨਹੀਂ ਸਕਦਾ ਜਿੰਨੀ ਦੇਰ ਪੰਜਾਬ ਆਪਣੇ ਵਿਦਿਅਕ ਢਾਂਚੇ ਨੂੰ ਨਹੀਂ ਸੁਧਾਰਦਾ। ਭਾਵੇਂ ਕੰਧਾਂ ਤੇ ਲਿਖ ਦਿਓ- ਵਿਦਿਅਕ ਸੁਧਾਰਾਂ ਬਿਨਾ ਨਹੀਂ ਬਚੇਗਾ ਪੰਜਾਬ।

Comments

Paramjit Ratanpal

ਸਾਢੇ ਕੋਲ ਲੈ ਦੇ ਕੇ ਇਕ ਪ੍ਰੋਫੈਸਰ ਸੀ ਪੂਰਨ ਸਿੰਘ ਜਿਹੜਾ ਪਿਆਰ ਨਾਲ ਗੁਲਾਮੀ ਕਰਨ ਦੀ ਬਾਤ ਪਾਉਂਦਾ ਸੀ, ਜੀਹਦਾ ਅੰਗਰੇਜ਼ਾਂ ਨੇ ਹਿੰਦੋਸਤਾਨੀਆਂ ਨੂੰ ਗੁਲਾਮ ਬਣਾਈ ਰੱਖਣ ਲਈ ਪ੍ਰਯੋਗ ਵੀ ਕੀਤਾ ਸੀ। ਸਾਡੇ ਇਕ ਹੋਰ ਪੂਰਨ ਸਿੰਘ ਸੀ ਜਿਹੜਾ ਅੱਖੜਪੁਣੇ ਤੇ ਟੈਂਵਾਦ ਨੂੰ ਉਭਾਰਨ ਦਾ ਕੰਮ ਕਰਦਾ ਸੀ, ਉਸ ਅੱਖੜਪੁਣੇ ਤੇ ਟੈਂਵਾਦ ਨੂੰ ਕਾਬੂ ਕਰਕੇ ਹੀ ਅੰਗਰੇਜ਼ਾਂ ਨੇ ਬਸਤੀਵਾਦ ਸਥਾਪਤ ਕੀਤਾ ਸੀ। ਦਰਅਸਲ ਇਕ ਗਲਤ ਅੱਤ ਤੋਂ ਦੂਜੀ ਗਲਤ ਅੱਤ ਵੱਲ ਚਲੇ ਜਾਣ ਪ੍ਰੋੜਤਾ ਪੂਰਨ ਸਿੰਘ ਵੀ ਕਰਦਾ ਸੀ ਤੇ ਇਸ ਉਪਰੋਕਤ ਲੇਖ ਦਾ ਲੇਖਕ ਵੀ ਬੈਠਾ ਹੂਬਹੂ ਉਥੇ ਹੀ ਹੈ। ਇਸੇ ਕਰਕੇ ਇਹ ਹੋਲੋਸੀਨ ਯੁੱਗ ਤੋਂ ਵੱਖਰੀਆਂ ਨਿਤ ਨਵੀਆਂ ਨਵੀਆਂ ਸੰਭਾਵਨਾਵਾਂ ਦੀ ਪੁਸਟੀ ਹੋਣ ਦੇ ਬਾਵਜੂਦ ਵੀ ਖੜਾ ਮੱਧਯੁਗੀ ਮਸਤੀਆਂ ਦੇ ਬਚਪਨੇ ਤੇ ਹੀ ਹੈ। ਉਹ ਸੰਭਾਵਨਾਵਾਂ ਜੋ ਉਤਰ ਪੂੰਜੀਵਾਦ ਨਾਲ ਸਬੰਧਿਤ ਹਨ ਉਹਨਾਂ ਨੂੰ ਲੈ ਕੇ ਇਕ ਕਿਸਮ ਦਾ ਉਹ ਰੁਮਾਂਚਿਤ ਹੈ ਕਿ ਜ਼ਿੰਦਗੀ ਦੇ ਅਸਲੀਅਤੀ ਪਹਿਲੂਆਂ ਨਾਲ ਰਿਸ਼ਤਾ ਤੋੜ ਗਿਆ, ਉਹਨੂੰ ਅਜੇ ਵੀ ਸਭ ਸੰਭਾਵਨਾਵਾਂ ਦੀਆਂ ਪੂਰੀਆਂ ਦਾ ਅਧਾਰ ਅਰਸ਼ੋ ਡਿੱਗੀ ਇਲਹਾਮ ਵਾਂਗ ਲਗਦਾ ਹੈ। ਇਹੀ ਲੋਰ ਖੁਮਾਰੀ ਵਿਚ ਗੜੁੱਚ ਪੰਜਾਬੀ ਵਿਦਵਤਾ ਦਾ ਅਸਲੀ ਦੁਖਾਂਤ ਹੈ, ਭਾਵੇਂ ਲੱਖ ਵਿੱਦਿਆ ਸੁਧਾਰਾਂ ਦੀਆਂ ਗੱਲਾਂ ਕਰਦੇ ਰਹਿਣ!!??

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ