Wed, 24 April 2024
Your Visitor Number :-   6997040
SuhisaverSuhisaver Suhisaver

ਸ਼ਹੀਦ ਭਗਤ ਸਿੰਘ : ਇੱਕ ਚਿੰਤਨਸ਼ੀਲ ਵਿਚਾਰਵਾਨ -ਮਨਦੀਪ

Posted on:- 24-03-2021

suhisaver

ਇੱਕ ਔਸਤ ਮਨੁੱਖੀ ਉਮਰ ਦੇ ਤਕਾਜੇ ਵਜੋਂ ਸ਼ਹੀਦ ਭਗਤ ਸਿੰਘ ਦਾ ਇਨਕਲਾਬੀ ਜੀਵਨ ਗਿਣਤੀ ਦੇ ਕੁਝ ਕੁ ਵਰ੍ਹੇ ਹੀ ਬਣਦਾ ਹੈ। ਆਪਣੇ ਇਨਕਲਾਬੀ ਜੀਵਨ ਦੇ ਕੁਝ ਕੁ ਵਰਿ੍ਹਆਂ ’ਚੋਂ ਭਗਤ ਸਿੰਘ ਨੇ ਲਗਭਗ ਦੋ ਸਾਲ ਜੇਲ੍ਹ 'ਚ ਬਿਤਾਏ। 1927 'ਚ ਹੋਈ ਪਹਿਲੀ ਗਿ੍ਰਫਤਾਰੀ ਸਮੇਂ ਉਹ 20 ਕੇਵਲ ਵਰਿ੍ਹਆਂ ਦੇ ਸਨ। ਜੇਲ੍ਹਵਾਸ ਤੋਂ ਪਹਿਲਾਂ ਉਹ ਕੁਝ ਰੁਮਾਂਚਿਕ ਇਨਕਲਾਬੀ ਕਾਰਵਾਈਆਂ 'ਚ ਸ਼ਾਮਲ ਰਹੇ। ਜੇਲ੍ਹਵਾਸ ਦੌਰਾਨ ਕੀਤੇ ਡੂੰਘੇ ਚਿੰਤਨ-ਮਨਨ ਕਾਰਨ ਉਹ ਲਹਿਰ ਦੇ ਬਾਕੀ ਇਨਕਲਾਬੀ ਨੌਜਵਾਨਾਂ 'ਚੋਂ ਸਿਰਕੱਢ ਵਿਚਾਰਵਾਨ ਬਣ ਗਏ। ਗੁਪਤਵਾਸ, ਗਿ੍ਰਫਤਾਰੀਆਂ ਤੇ ਜੇਲ੍ਹ ਜੀਵਨ ਦੀਆਂ ਮੁਸ਼ਕਲਾਂ ਅਤੇ ਪੜ੍ਹਨ-ਲਿਖਣ ਦੇ ਸੀਮਿਤ ਵਸੀਲਿਆਂ ਦੇ ਬਾਵਜੂਦ ਭਗਤ ਸਿੰਘ ਆਪਣੀ ਤਿੱਖੀ ਸੂਝ-ਬੂਝ ਕਾਰਨ ਕੌਮੀ ਤੇ ਕੌਮਾਂਤਰੀ ਲਹਿਰਾਂ ਦੇ ਅਹਿਮ ਵਰਤਾਰਿਆਂ ਨੂੰ ਸਮਝਣ ਅਤੇ ਸਹੀ ਨਿਰਣੇ 'ਤੇ ਪਹੁੰਚਣ ਦੀ ਮਿਸਾਲੀ ਸਮਰੱਥਾ ਤੇ ਮੁਹਾਰਤਾ ਰੱਖਦੇ ਸਨ।

ਭਗਤ ਸਿੰਘ ਉਪਰ ਅੱਠ-ਨੌਂ ਸਾਲ ਦੀ ਉਮਰ 'ਚ ਹੀ ਗ਼ਦਰ ਲਹਿਰ ਦਾ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ ਸੀ। ਦੇਸ਼ ਭਗਤ ਪਰਿਵਾਰਕ ਪਿਛੋਕੜ 'ਚੋਂ ਮਿਲੀ ਦੇਸ਼ ਭਗਤੀ ਦੀ ਸਿੱਖਿਆ ਕਾਰਨ ਦਸ-ਗਿਆਰਾਂ ਸਾਲ ਦੀ ਉਮਰ 'ਚ ਹੀ ਉਹ ਜਨਤਕ ਲਹਿਰਾਂ ਦਾ ਅਨੁਭਵ ਹਾਸਲ ਕਰਨ ਲੱਗੇ। 12 ਸਾਲਾ ਭਗਤ ਸਿੰਘ ਦੇ ਮਨ 'ਚ 1919 'ਚ ਜਲਿਆਂਵਾਲੇ ਬਾਗ ਦੇ ਨਿਰਦੋਸ਼ ਲੋਕਾਂ ਦੇ ਅੱਖੀਂ ਡਿੱਠੇ ਕਤਲੇਆਮ ਤੋਂ ਬਸਤੀਵਾਦੀ ਹਾਕਮਾਂ ਦੇ ਅਣਮਨੁੱਖੀ ਜਬਰ ਖਿਲਾਫ ਰੋਹ ਦੀ ਚਿਣਗ ਸੁਲਗ ਉੱਠੀ। ਇਸ ਸਮੇਂ ਭਗਤ ਸਿੰਘ ਨੇ ਨਿਰਦੋਸ਼ ਲੋਕਾਂ ਦੇ ਹੱਕ 'ਚ ਤੇ ਅੰਗਰੇਜੀ ਸਰਕਾਰ ਦੇ ਵਿਰੁੱਧ ਤਕਰੀਰ ਕੀਤੀ।

1921 'ਚ ਭਗਤ ਸਿੰਘ ਦਸਵੀਂ ਦੀ ਪੜ੍ਹਾਈ ਛੱਡ ਕੇ ਨਾ-ਮਿਲਵਰਤਨ ਅੰਦੋਲਨ 'ਚ ਸ਼ਾਮਲ ਹੋ ਗਏ। 1922 'ਚ ਨੈਸ਼ਨਲ ਕਾਲਜ ਲਾਹੌਰ 'ਚ ਦਾਖਲ ਹੋ ਕੇ ਇਨਕਲਾਬੀ ਵਿਚਾਰਾਂ ਤੇ ਕ੍ਰਾਂਤੀਕਾਰੀ ਨੌਜਵਾਨਾਂ ਨਾਲ ਸਰਗਰਮ ਤਾਲਮੇਲ 'ਚ ਆ ਗਏ। 1923-24 ਦੇ ਅਰਸੇ 'ਚ ਭਗਤ ਸਿੰਘ 'ਪ੍ਰਤਾਪ' ਅਖਬਾਰ 'ਚ ਕੰਮ ਕਰਨ, ਜੈਤੋ ਦੇ ਮੋਰਚੇ ਦੇ ਜੱਥੇ ਦਾ ਸਾਥ ਦੇਣ, ਕਾਨਪੁਰ ਹੜ੍ਹ ਪੀੜਤਾਂ ਦੀ ਮੱਦਦ ਕਰਨ ਤੇ ਕ੍ਰਾਂਤੀਕਾਰੀ-ਸਮਾਜਿਕ ਲਹਿਰਾਂ ਬਾਰੇ ਜਾਣਨ-ਸਮਝਣ 'ਚ ਲੱਗੇ ਰਹੇ। ਭਗਤ ਸਿੰਘ ਨੇ 1924 'ਚ ਜਦੋਂ ਉਨ੍ਹਾਂ ਦੀ ਉਮਰ ਕੇਵਲ 17 ਵਰਿ੍ਹਆਂ ਦੀ ਹੀ ਸੀ ਲੇਖਣੀ ਦੇ ਖੇਤਰ ’ਚ ਪੈਰ ਰੱਖ ਲਿਆ ਸੀ। 1925 'ਚ ਹੋਏ ਕਾਕੋਰੀ ਕਾਂਡ ਤੋਂ ਬਾਅਦ ਭਗਤ ਸਿੰਘ ਨੇ ਅਧਿਐਨ ਨਾਲ ਆਪਣਾ ਗੂੜਾ ਰਿਸ਼ਤਾ ਬਣਾ ਲਿਆ। ਇਸ ਤੋਂ ਬਾਅਦ ਲਗਾਤਾਰ ਅਧਿਐਨ, ਅਨੁਵਾਦ ਕਰਨ ਅਤੇ 'ਕਿਰਤੀ' ਤੇ 'ਚਾਂਦ ਫਾਂਸੀ ਅੰਕ' ਦਾ ਸੰਪਾਦਨ ਕਰਨ, ਨੌਜਵਾਨ ਭਾਰਤ ਸਭਾ, ਪੰਜਾਬ ਸਟੂਡੈਂਟ ਯੂਨੀਅਨ ਬਣਾਉਣ ਆਦਿ ਦੇ ਮਹੱਤਤਵਪੂਰਨ ਕੰਮਾਂ ਵਿਚ ਲੱਗੇ ਰਹੇ।

1928 'ਚ ਸਾਈਮਨ ਕਮੀਸ਼ਨ ਦੇ ਵਿਰੋਧ ਦੌਰਾਨ ਲਾਲਾ ਲਾਜਪਤ ਰਾਏ ਦੀ ਹੋਈ ਮੌਤ ਦਾ ਬਦਲਾ ਲੈਣ ਅਤੇ ਆਪਣੇ ਸੰਗਠਨ ਦਾ ਉਦੇਸ਼ ਲੋਕਾਂ ਤੱਕ ਲਿਜਾਣ ਲਈ ਸਾਂਡਰਸ ਦੇ ਕਤਲ ’ਚ ਸ਼ਾਮਲ ਰਹੇ। 1929 'ਚ ਦੋ ਦਮਨਕਾਰੀ ਕਾਲੇ ਕਾਨੂੰਨਾਂ ਖਿਲਾਫ ਅਸੰਬਲੀ 'ਚ ਬੰਬ ਸੁੱਟਕੇ ਬਸਤੀਵਾਦੀ ਹਾਕਮਾਂ ਨੂੰ ਭੈਅਭੀਤ ਕਰ ਦਿੱਤਾ। 8 ਅਪ੍ਰੈਲ 1929 ਤੋਂ 23 ਮਾਰਚ 1931 ਤੱਕ ਭਗਤ ਸਿੰਘ ਨੇ ਜੇਲ੍ਹ 'ਚ ਰਹਿੰਦਿਆਂ ਭੁੱਖ ਹੜਤਾਲਾਂ, ਆਪਣੇ ਤੇ ਆਪਣੇ ਸਾਥੀਆਂ ਦੇ ਮੁਕੱਦਮੇ ਦੀ ਪੈਰਵਾਈ, ਚਿੰਤਨ ਤੇ ਲੇਖਣ ਦਾ ਅਣਮੁੱਲਾ ਕੰਮ ਕੀਤਾ। ਇਹ ਹੈ ਉਹਨਾਂ ਦੇ ਕੁਝ ਕੁ ਵਰਿ੍ਹਆਂ ਦੇ ਸਿਆਸੀ ਜੀਵਨ ਦੀਆਂ ਕੁਝ ਅਹਿਮ ਘਟਨਾਵਾਂ ਦਾ ਵੇਰਵਾ।

ਭਗਤ ਸਿੰਘ ਦੇ ਸਿਆਸੀ ਜੀਵਨ ਦੌਰਾਨ ਉਹਨਾਂ ਦੇ ਵਿਚਾਰਾਂ 'ਚ ਵਧੇਰੇ ਸ਼ਪੱਸ਼ਟਤਾ ਜੇਲ੍ਹਵਾਸ ਦੌਰਾਨ ਕੀਤੇ ਅਧਿਐਨ ਤੋਂ ਬਾਅਦ ਹੀ ਆਉਣੀ ਸ਼ੁਰੂ ਹੋਈ। ਜੇਲ੍ਹ ਦੀ ਬੇਹੱਦ ਮੁਸ਼ਕਲਾਂ ਭਰੀ ਜ਼ਿੰਦਗੀ, ਜਦੋਂ ਉਨ੍ਹਾਂ ਨੂੰ ਸਾਥੀਆਂ ਸਮੇਤ ਲੰਮੀਆਂ ਭੁੱਖ-ਹੜਤਾਲਾਂ ਕਰਨੀਆਂ ਪੈਂਦੀਆਂ ਸਨ ਤੇ ਨਾਲ ਹੀ ਆਪਣੇ ਮੁਕੱਦਮੇ ਸਬੰਧੀ ਕਾਨੂੰਨੀ ਲੜਾਈ ਲੜਨੀ ਪੈਂਦੀ ਸੀ ਤਾਂ ਉਦੋਂ ਅਜਿਹੀਆਂ ਹਾਲਤਾਂ 'ਚ ਡੂੰਘਾ ਚਿੰਤਨ-ਮਨਨ ਤੇ ਲੇਖਣ ਦਾ ਕੰਮ ਕਰਨਾ ਉਸ ਨੌਜਵਾਨ ਸ਼ਹੀਦ ਨੂੰ ਅੱਜ ਸਾਡਾ ਰਾਹ ਦਰਸਾਵਾ ਤੇ ਪ੍ਰੇਰਨਾ ਸ੍ਰੋਤ ਹੋਣ ਦਾ ਮਾਣ ਦਿੰਦਾ ਹੈ। ਜੇਲ੍ਹ ਵਿਚ ਜੇਕਰ ਉਹਨਾਂ ਨੂੰ ਇਕ ਵੱਡੀ ਤੰਗੀ ਸੀ ਤਾਂ ਉਹ ਸੀ ਕਿਤਾਬਾਂ ਦੇ ਸਮੇਂ ਸਿਰ ਨਾ ਮਿਲਣ ਦੀ ਤੰਗੀ। ਪੱਗੜੀ ਸੰਭਾਲ ਜੱਟਾ ਲਹਿਰ, ਕੂਕਾ ਲਹਿਰ, ਬੱਬਰ ਅਕਾਲੀ ਲਹਿਰ, ਨਾ-ਮਿਲਵਰਤਨ ਅੰਦੋਲਨ, ਗ਼ਦਰ ਲਹਿਰ, ਬੰਗਾਲ, ਮਹਾਂਰਾਸ਼ਟਰ ਦੀਆਂ ਕੌਮੀ ਇਨਕਲਾਬੀ ਲਹਿਰਾਂ ਤੋਂ ਲੈ ਕੇ ਫਰਾਂਸ ਦੀ ਕ੍ਰਾਂਤੀ, ਆਇਰਲੈਂਡ ਤੇ ਇਟਲੀ ਦੇ ਮੁਕਤੀ ਸੰਘਰਸ਼ ਅਤੇ ਰੂਸ ਦੇ ਇਨਕਲਾਬ ਦੀਆਂ ਕ੍ਰਾਂਤੀਕਾਰੀ ਲਹਿਰਾਂ ਦਾ ਉਹਨਾਂ ਦੇ ਨੌਜਵਾਨ ਜਗਿਆਸੂ ਮਨ ਤੇ ਡੂੰਘਾ ਪ੍ਰਭਾਵ ਸੀ। ਹਰ ਕੌਮੀ ਤੇ ਕੌਮਾਂਤਰੀ ਹਲਚਲ ਦਾ ਉਹ ਸਰਗਰਮੀ ਤੇ ਪਹਿਲਕਦਮੀ ਨਾਲ ਗੰਭੀਰ ਨੋਟਿਸ ਲੈਣ ਵਾਲੇ ਬੁੱਧੀਮਾਨ ਨੌਜਵਾਨ ਸਨ। 'ਨਾ ਮਿਲਵਰਤਨ ਅੰਦੋਲਨ' ਤੋਂ ਲੈ ਕੇ ਸਮਾਜਵਾਦੀ ਵਿਚਾਰਧਾਰਾ ਵਿਚ ਪ੍ਰਪੱਕਤਾ ਹਾਸਲ ਕਰਨ ਦੇ ਸਫਰ ਦੌਰਾਨ ਭਗਤ ਸਿੰਘ ਦਾ ਬਿੰਬ ਇਕ ਪ੍ਰਬੁੱਧ ਵਿਚਾਰਵਾਨ ਤੇ ਕੁਰਬਾਨੀ ਦੇ ਪੁੰਜ ਦੇ ਰੂਪ 'ਚ ਉਭਰਕੇ ਸਾਹਮਣੇ ਆਉਂਦਾ ਹੈ। ਉਹਨਾਂ ਦੀ ਇਨਕਲਾਬੀ ਜ਼ਿੰਦਗੀ ਦਾ ਇਹ ਸਫਰ ਸਮੇਂ ਪੱਖੋਂ ਛੋਟਾ ਪਰ ਆਪਣੇ ਉੱਚੇ ਅਰਥਾਂ-ਆਦਰਸ਼ਾਂ, ਮਹੱਤਤਾ ਤੇ ਉਦੇਸ਼ ਦੀ ਵਿਸ਼ਾਲਤਾ ਪੱਖੋਂ ਇਤਿਹਾਸ 'ਚ ਵੱਡੀ ਮਹੱਤਤਾ ਰੱਖਦਾ ਹੈ।

ਅਧਿਐਨ ਨੇ ਭਗਤ ਸਿੰਘ ਨੂੰ ਰੁਮਾਂਚਿਕ ਇਨਕਲਾਬੀ ਤੋਂ ਸਮਾਜਵਾਦੀ ਇਨਕਲਾਬੀ ਅਤੇ ਇਕ ਆਦਰਸ਼ਵਾਦੀ ਤੋਂ ਯਥਾਰਥਵਾਦੀ ਬਣਾ ਦਿੱਤਾ। ਭਗਤ ਸਿੰਘ ਨੇ ਆਪਣੇ ਸਮੇਂ ਦੇ ਲੱਗਭਗ ਹਰ ਚਲੰਤ ਕੌਮੀ ਤੇ ਕੌਮਾਂਤਰੀ ਵਰਤਾਰੇ ਉੱਤੇ ਆਪਣਾ ਪ੍ਰਤੀਕਰਮ ਦਿੱਤਾ। ਉਹਨਾਂ ਨੇ ਧਰਮ, ਹੜਤਾਲਾਂ, ਰਾਜਨੀਤੀ, ਅਛੂਤ ਦਾ ਸਵਾਲ, ਫਿਰਕਾਪ੍ਰਸਤੀ ਆਦਿ ਵਰਗੇ ਅਨੇਕਾਂ ਸਮਾਜਿਕ ਤੇ ਰਾਜਨੀਤਿਕ ਮਸਲਿਆਂ ਦੇ ਨਾਲ-ਨਾਲ ਅਨਾਰਕਿਜ਼ਮ ਵਰਗੇ ਕੌਮਾਂਤਰੀ ਵਰਤਾਰਿਆਂ ਤੇ ਇਨਕਲਾਬੀ ਲਹਿਰਾਂ ਬਾਰੇ ਵੀ ਆਪਣੇ ਲੇਖਾਂ, ਪਰਚਿਆਂ ਤੇ ਭਾਸ਼ਣਾਂ 'ਚ ਵਿਚਾਰ ਪੇਸ਼ ਕੀਤੇ। ਭਗਤ ਸਿੰਘ ਦੀ ਸਿਆਸੀ ਸੂਝ-ਬੂਝ ਦਾ ਪ੍ਰਭਾਵ ਉਨ੍ਹਾਂ ਘਟਨਾਵਾਂ ਤੋਂ ਵੀ ਮਿਲਦਾ ਹੈ ਜਦੋਂ ਉਹ ਜੇਲ੍ਹਵਾਸ ਦੌਰਾਨ ਭੁੱਖ ਹੜਤਾਲ ਨੂੰ ਤੇ ਮੁਕਦਮੇ ਦੌਰਾਨ ਅਦਾਲਤ ਨੂੰ ਆਪਣੀ ਕ੍ਰਾਂਤੀਕਾਰੀ ਵਿਚਾਰਧਾਰਾ ਦਾ ਪ੍ਰਚਾਰ-ਪ੍ਰਸਾਰ ਕਰਨ ਲਈ ਇਕ ਸਿਆਸੀ ਮੰਚ ਵਜੋਂ ਵਰਤਕੇ ਅੰਗਰੇਜ਼ ਹਾਕਮਾਂ ਨੂੰ, ਉਨ੍ਹਾਂ ਦੇ ਮਨਸੂਬਿਆਂ ਨੂੰ ਹਾਰੇ ਹੋਏ ਸਿੱਧ ਕਰਦੇ ਹਨ ਅਤੇ ਕੈਦਖਾਨੇ 'ਚ ਬੰਦ ਰਹਿਕੇ ਵੀ ਆਪਣੇ ਆਪ ਨੂੰ, ਆਪਣੀ ਵਿਚਾਰਧਾਰਾ ਨੂੰ, ਭਵਿੱਖ 'ਚ ਲੋਕਾਂ ਦੇ ਹੱਕੀ ਸੰਘਰਸ਼ਾਂ ਦੀ ਨਿਰੰਤਰਤਾ ਦੇ ਬਣੇ ਰਹਿਣ ਨੂੰ ਆਖਰੀ ਸਾਹ ਤੱਕ ਜਿੱਤ ਵਜੋਂ ਪੇਸ਼ ਕਰਦੇ ਰਹੇ।

ਭਗਤ ਸਿੰਘ ਨੇ ਹਿੰਦੋਸਤਾਨ ਰਿਪਬਲਿਕ ਪਾਰਟੀ ਨੂੰ ਹਿੰਦੋਸਤਾਨ ਸ਼ੋਸ਼ਲਿਸਟ ਰਿਪਬਲਿਕ ਪਾਰਟੀ ਬਣਾਉਣ 'ਚ ਮੋਹਰੀ ਭੂਮਿਕਾ ਅਦਾ ਕੀਤੀ। ਇਹੀ ਨਹੀਂ ਬਲਕਿ ਪਾਰਟੀ ਉਸਾਰੀ ਦੇ ਕਾਜ਼ ਨੂੰ ਸਮਾਜਵਾਦੀ ਵਿਚਾਰਧਾਰਾ ਅਨੁਸਾਰ ਅੱਗੇ ਵਧਾਉਂਦਿਆਂ ਇਸਦੇ ਉਦੇਸ਼ਾਂ ਦਾ ਸਪੱਸ਼ਟ ਭਵਿੱਖ ਨਕਸ਼ਾ ਪੇਸ਼ ਕੀਤਾ। ਅਜ਼ਾਦੀ ਸੰਗਰਾਮ 'ਚ ਕਾਂਗਰਸ ਅਤੇ ਐਚ.ਐਸ.ਆਰ.ਏ. ਦੇ ਉਦੇਸ਼ਾਂ 'ਚ ਸਪੱਸ਼ਟ ਨਿਖੇੜਾ ਕੀਤਾ। ਪਾਰਟੀ ਮੈਨੀਫੈਸਟੋ 'ਚ ਭਾਰਤ 'ਚ ਇਨਕਲਾਬ ਲਈ ਹਥਿਆਰਬੰਦ ਇਨਕਲਾਬ ਦੇ ਪੜਾਅ 'ਚੋਂ ਗੁਜਰਨ ਦੇ ਸੰਕਲਪ ਨੂੰ ਕਲਮਬੱਧ ਕੀਤਾ ਗਿਆ। ਕਿਰਤੀ ਲੋਕਾਂ ਦੀ ਮੱਦਦ ਨਾਲ ਰਾਜਸੱਤਾ ਨੂੰ ਮਜ਼ਦੂਰ ਜਮਾਤ ਦੀ ਇਨਕਲਾਬੀ ਪਾਰਟੀ ਦੇ ਹੱਥਾਂ 'ਚ ਦੇਣ ਦੀ ਗੱਲ ਕੀਤੀ। ਉਹ ਇਨਕਲਾਬੀ ਫਲਸਫੇ ਦੇ ਮਨੁੱਖਤਾਪੱਖੀ, ਇਕ ਨਿਯਮ, ਇਕ ਉਦੇਸ਼ ਤੇ ਇਕ ਸੱਚ ਹੋਣ ਦਾ ਵਿਚਾਰ ਲੋਕਾਂ ਤੱਕ ਲੈ ਕੇ ਗਏ। ਉਨ੍ਹਾਂ ਨੂੰ ਸਾਮਵਾਦ ਦੀ ਅਟੱਲ ਜਿੱਤ 'ਚ ਪੂਰਨ ਵਿਸ਼ਵਾਸ਼ ਸੀ। ਉਹ ਕੌਮੀ ਮੁਕਤੀ ਲਹਿਰ ਦੇ ਇਨਕਲਾਬੀ ਨੌਜਵਾਨਾਂ 'ਚੋਂ ਸਭ ਤੋਂ ਪਹਿਲਾਂ ਸਮਾਜਵਾਦੀ ਵਿਚਾਰਾਂ ਨੂੰ ਗ੍ਰਹਿਣ ਕਰਨ ਵਾਲੇ, ਸਭ ਤੋਂ ਪਹਿਲਾਂ ਇਨਕਲਾਬ ਦਾ ਨਾਅਰਾ ਦੇਣ ਵਾਲੇ ਅਤੇ ਇਨਕਲਾਬ ਦੇ ਨਾਅਰੇ ਨੂੰ ਭਾਰਤੀ ਲੋਕਾਂ ਦੀ ਵਿਸ਼ਾਲ ਵਸੋਂ ਤੱਕ ਲਿਜਾਣ ਵਾਲੇ ਚਿੰਤਨਸ਼ੀਲ ਨੌਜਵਾਨ ਸਨ। ਉਹਨਾਂ ਨੇ ਸਰਵਵਿਆਪੀ ਰੱਬ ਤੇ ਹੋਰ ਦੈਵੀ ਸ਼ਕਤੀਆਂ ਦੀ ਹੋਂਦ ਉੱਤੇ ਤਰਕਸ਼ੀਲ ਵਿਸ਼ਲੇਸ਼ਣ ਕਰਕੇ ਉਸ ਅੱਗੇ ਵੱਡਾ ਚੈਲੰਜ ਖੜਾ ਕੀਤਾ ਤੇ ਲੋਕਾਂ ਨੂੰ ਧਰਮ ਦੇ ਚੁੰਗਲ ਤੋਂ ਮੁਕਤ ਹੋਣ ਦੇ ਵਿਚਾਰ ਪ੍ਰਤੀ ਸਪੱਸ਼ਟਤਾ ਦੇਣ ਦੀ ਚੰਗੀ ਤੇ ਵੱਡੀ ਕੋਸ਼ਿਸ਼ ਕੀਤੀ। ਉਹਨਾਂ ਨੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ-ਖਸੁੱਟ ਖਤਮ ਕਰਨ ਲਈ ਲੋਕਾਂ ਲਈ ਲੋਕਾਂ ਵੱਲੋਂ ਰਾਜਸੀ ਤਾਕਤ ਤੇ ਕਬਜਾ ਕਰਕੇ ਇਨਕਲਾਬ ਦੇ ਕਾਜ਼ ਨੂੰ ਨੇਪਰੇ ਚਾੜਨ੍ਹ ਬਾਰੇ ਦੇਸ਼ ਦੇ ਲੋਕਾਂ ਨੂੰ ਦੱਸਿਆ।ਦੇਸ਼ ਦੇ ਕਿਰਤੀ ਲੋਕਾਂ ਦੀ ਲੁੱਟ, ਜਬਰ ਤੇ ਦਾਬੇ ਤੋਂ ਮੁਕਤੀ ਲਈ ਇਨਕਲਾਬੀ ਪਾਰਟੀ ਦੀ ਅਗਵਾਈ 'ਚ ਬਸਤੀਵਾਦੀ ਸਾਮਰਾਜਵਾਦ ਖਿਲਾਫ ਜੱਦੋਜਹਿਦ ਕਰਨ ਲਈ ਕਿਹਾ। ਉਹਨਾਂ ਬਰਤਾਨਵੀਂ ਸਾਮਰਾਜਵਾਦੀਆਂ ਦੇ ਬਸਤੀਵਾਦੀ ਕਬਜਿਆਂ ਨੂੰ ਜਾਬਰ ਤੇ ਨਿਹੱਕੇ ਕਿਹਾ ਤੇ ਇਸਦੇ ਉਲਟ ਲੋਕਾਂ ਸੰਘਰਸ਼ਾਂ ਤੇ ਇਨਕਲਾਬ ਦੇ ਸੰਗਰਾਮ ਨੂੰ ਹੱਕੀ ਤੇ ਨਿਆਈਂ ਕਿਹਾ।

ਸਦਾ ਉਦੇਸ਼ਾਂ 'ਤੇ ਪਹਿਰਾ ਦੇਣ ਵਾਲੇ ਇਨਕਲਾਬੀ ਨੌਜਵਾਨ ਭਗਤ ਸਿੰਘ ਇਕ ਅਜ਼ਾਦ ਅਲੋਚਨਾਤਮਿਕ ਵਿਚਾਰਵਾਨ ਸਨ। ਉਹ ਇਸ ਵਿਚਾਰ ਦੇ ਪੱਕੇ ਧਾਰਨੀ ਸਨ ਕਿ ਇਨਕਲਾਬ ਮਹਿਜ ਬੰਬਾਂ-ਪਿਸਤੌਲਾਂ ਨਾਲ ਨਹੀਂ ਆਉਂਦਾ ਬਲਕਿ ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਸਾਣ ਤੇ ਤਿੱਖੀ ਹੁੰਦੀ ਹੈ। ਇਨਕਲਾਬੀ ਸਾਥੀਆਂ ਨਾਲ ਅਗਾਂਹਵਧੂ ਸਾਹਿਤ ਦਾ ਗੰਭੀਰ ਅਧਿਐਨ ਕਰਦਿਆਂ ਵਿਚਾਰ-ਵਟਾਂਦਰਾ ਤੇ ਬਹਿਸ ਕਰਨ ਦਾ ਭਗਤ ਸਿੰਘ ਦਾ ਆਪਣਾ ਇਕ ਹੁਨਰ ਸੀ ਜੋ ਉਹਨਾਂ ਦੇ ਸਾਥੀ ਇਨਕਲਾਬੀਆਂ ਨੂੰ ਮਾਰਕਸਵਾਦ ਦਾ ਅਧਿਐਨ ਲਈ ਪ੍ਰੇਰਿਤ ਕਰਨ ਵਾਲਾ ਹੁੰਦਾ ਸੀ।

ਜੇਲ੍ਹਵਾਸ ਦੌਰਾਨ ਭਗਤ ਸਿੰਘ ਦੁਆਰਾ 'ਆਤਮ ਕਥਾ', 'ਸਮਾਜਵਾਦ ਦਾ ਆਦਰਸ਼', 'ਭਾਰਤ ਵਿਚ ਇਨਕਲਾਬੀ ਸੰਘਰਸ਼', ਤੇ 'ਮੌਤ ਦੇ ਦਰਵਾਜੇ ਤੇ' ਚਾਰ ਪੁਸਤਕਾਂ ਦੀ ਰਚਨਾ ਕਰਨ ਦੇ ਹਵਾਲੇ ਵੀ ਮਿਲਦੇ ਹਨ ਅਤੇ ਇਨ੍ਹਾਂ ਇਤਿਹਾਸਕ ਦਸਤਾਵੇਜਾਂ ਦੇ ਖਰੜੇ ਅੱਜ ਤੱਕ ਉਪਲਬਦ ਨਹੀਂ ਹੋ ਸਕੇ। ਇਹ ਦਸਤਾਵੇਜ਼ ਭਗਤ ਸਿੰਘ ਦੇ ਚਿੰਤਕੀ ਪੱਖ ਨੂੰ ਉਨ੍ਹਾਂ ਦੁਆਰਾ ਇਨ੍ਹਾਂ ਪੁਸਤਕਾਂ ਦੀ ਤਿਆਰੀ ਲਈ ਲਏ ਗਏ ਨੋਟਿਸਾਂ ਵਾਲੀ 'ਜੇਲ੍ਹ ਡਾਇਰੀ' ਨਾਲੋਂ ਵੀ ਵੱਧ ਉਜਾਗਰ ਕਰਨ ਵਿਚ ਸਹਾਈ ਹੋ ਸਕਦੇ ਸਨ। ਇਸ ਤੋਂ ਇਲਾਵਾ ਭਗਤ ਸਿੰਘ ਵਾਈਲਡ, ਸਿੰਕਲੇਅਰ, ਗੋਰਕੀ, ਪ. ਕਰੋਪੋਟਿਕਨ, ਪੈਟਰਿਕ ਹੈਨਰੀ, ਟਾਮਸ ਪੇਨ, ਰੂਸੋ, ਫਿਕਸ, ਮਾਕਰਸ, ਏਂਗਲਜ਼ ਤੇ ਲੈਨਿਨ ਦੀਆਂ ਲਿਖਤਾਂ ਦਾ ਅਧਿਐਨ ਕਰਨ ਵਿੱਚ ਜਿਆਦਾ ਰੁਚਿਤ ਸਨ। ਆਖਰੀ ਵਰਿ੍ਹਆਂ ਦੌਰਾਨ ਭਗਤ ਸਿੰਘ, ਲੈਨਿਨ ਰਚਿਤ 'ਦੂਜੀ ਕੌਮਾਂਤਰੀ ਦਾ ਪਤਨ', 'ਖੱਬੇਪੱਖੀ ਕਮਿਊਨਿਜ਼ਮ ਇਕ ਬਚਕਾਨਾ ਰੋਗ', 'ਮਜ਼ਦੂਰ ਇਨਕਲਾਬ ਤੇ ਗਦਾਰ ਕਾਊਟਸਕੀ', 'ਰਾਜ ਤੇ ਇਨਕਲਾਬ', ਮਾਰਕਸ ਰਚਿਤ ' ਫਰਾਂਸ ਦੀ ਘਰੇਲੂ ਜੰਗ' ਏਂਗਲਜ਼ ਰਚਿਤ 'ਜਰਮਨੀ 'ਚ ਇਨਕਲਾਬ ਤੇ ਉਲਟ ਇਨਕਲਾਬ' ਆਦਿ ਮਹੱਤਵਪੂਰਨ ਮਾਰਕਸਵਾਦੀ ਕਿਰਤਾਂ ਦਾ ਅਧਿਐਨ ਕਰਦੇ ਰਹੇ।

ਭਗਤ ਸਿੰਘ ਸਰੀਰ ਨੂੰ ਨਾਸ਼ਵਾਨ ਮੰਨਦੇ ਹੋਏ ਵਿਚਾਰਾਂ ਤੇ ਭਾਵਨਾਵਾਂ ਦੀ ਅਮਰਤਾ 'ਚ ਵਿਸ਼ਵਾਸ਼ ਰੱਖਦੇ ਹੋਏ ਜਮਾਤੀ ਜੰਗ ਦੇ ਉਦੋਂ ਤੱਕ ਚਲਦੇ ਰਹਿਣ ਦੀ ਗੱਲ ਕਰਦੇ ਰਹੇ ਜਦੋਂ ਤੱਕ ਮਨੁੱਖ ਹੱਥੋਂ ਮਨੁੱਖ ਦੀ ਲੁੱਟ-ਖਸੁੱਟ ਖਤਮ ਨਹੀਂ ਹੋ ਜਾਂਦੀ। ਉਨ੍ਹਾਂ ਦੀ ਲੜਾਈ ਇਕ ਬਰਾਬਰਤਾ ਅਧਾਰਿਤ ਚੰਗੇ ਸਮਾਜ ਦੀ ਉਸਾਰੀ ਲਈ ਸੀ।  ਅੱਜ ਵੀ ਸਮਾਜਿਕ ਗੈਰ-ਬਰਾਬਰੀ ਦੇ ਪਾੜੇ ਨੂੰ ਖਤਮ ਕਰਨ ਲਈ ਉਹਨਾਂ ਦੀ ਵਿਗਿਆਨਕ ਸੋਚ ਮਾਰਗ-ਦਰਸ਼ਕ ਬਣਨ ਦੇ ਸਮਰੱਥ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ