Sat, 20 April 2024
Your Visitor Number :-   6986423
SuhisaverSuhisaver Suhisaver

ਤਾਲਿਬਾਨ ਦੇ ਅਫਗਾਨਿਸਤਾਨ ਵਿੱਚ ਕਬਜ਼ੇ ਦੇ ਕੀ ਮਾਅਨੇ ਹਨ? - ਹਰਚਰਨ ਸਿੰਘ ਪਰਹਾਰ

Posted on:- 31-08-2021

suhisaver

ਸਿੱਖਾਂ ਨੂੰ ਤਾਲੀਬਾਨ ਦੀ ਜਿੱਤ ਤੋਂ ਬਾਗੋ-ਬਾਗ ਹੋਣ ਦੀ ਨਹੀਂ, ਸਗੋਂ ਸਾਵਧਾਨ ਹੋਣ ਦੀ ਲੋੜ!

ਕੀ ਅਮਰੀਕਾ ਦਾ ਮੁਜਾਹਦੀਨਾਂ ਨੂੰ ਆਰਥਿਕ ਤੇ ਹਥਿਆਰਾਂ ਰਾਹੀਂ ਮੱਦਦ ਕਰਨਾ ਜ਼ਾਇਜ ਸੀ, ਕੀ ਤੁਹਾਨੂੰ ਇਸਦਾ ਪਛਤਾਵਾ ਹੈ ਕਿ ਮੁਜਾਹਦੀਨਾਂ ਦੀ ਮੱਦਦ ਕਰਕੇ ਤਾਲੀਬਾਨ, ਅਲ-ਕਾਇਦਾ ਵਰਗੇ ਇਸਲਾਮਿਕ ਅੱਤਵਾਦੀ ਗਰੁੱਪਾਂ ਨਾਲ਼ ਅਮਰੀਕਾ ਸਮੇਤ ਸਾਰੀ ਦੁਨੀਆਂ ਵਿੱਚ ਅੱਤਵਾਦ ਦਾ ਖਤਰਾ ਵਧਿਆ? ਦੇ ਜਵਾਬ ਵਿੱਚ ਜ਼ਬਿਗਨਿਊ ਬਰਜ਼ਿਨਸਕੀ ਨੇ ਕਿਹਾ: 'ਕਾਹਦਾ ਪਛਤਾਵਾ? ਇਹ ਗੁਪਤ ਕਾਰਵਾਈ ਉਸ ਸ਼ਾਨਦਾਰ ਪਲੈਨ ਦਾ ਹਿੱਸਾ ਸੀ, ਜਿਸ ਰਾਹੀਂ ਰੂਸੀਆਂ ਨੂੰ ਅਫਗਾਨ ਜਾਲ਼ ਵਿੱਚ ਫਸਾਇਆ ਗਿਆ ਸੀ।ਤੁਸੀਂ ਸੋਚਦੇ ਹੋ ਕਿ 'ਸਾਨੂੰ' ਪਛਤਾਵਾ ਹੋਵੇਗਾ? 

ਜਿਸ ਦਿਨ ਸੋਵੀਅਤ ਫੌਜਾਂ ਨੇ ਅਫਗਾਨਿਸਤਾਨ ਦੀ ਸਰਹੱਦ ਪਾਰ ਕੀਤੀ ਸੀ, ਮੈਂ ਰਾਸ਼ਟਰਪਤੀ ਕਾਰਟਰ ਨੂੰ ਲਿਖਿਆ ਸੀ: 'ਸਾਨੂੰ ਸੋਵੀਅਤ ਯੂਨੀਅਨ ਨੂੰ 'ਵੀਅਤਨਾਮ ਯੁੱਧ' ਵਿੱਚ ਸਾਡੀ ਹੋਈ ਹਾਰ ਲਈ ਇੱਕੀਆਂ ਦੇ ਇਕੱਤੀ ਮੋੜਨ ਦਾ ਮੌਕਾ ਮਸਾਂ ਤਾਂ ਰੱਬ ਨੇ ਦਿੱਤਾ ਹੈ, ਇਸਨੂੰ ਗੁਆਈਏ ਨਾ? (ਭਾਵ ਜਿਸ ਤਰ੍ਹਾਂ ਅਮਰੀਕਨ, ਵੀਅਤਨਾਮ ਯੁੱਧ ਵਿੱਚ ਫਸ ਗਏ ਸਨ ਤੇ ਨਾਮੋਸ਼ੀ ਭਰੀ ਹਾਰ ਰਾਹੀਂ 1975 ਵਿੱਚ ਅਮਰੀਕਨ ਫੌਜਾਂ ਨੂੰ ਆਪਣੇ ਹਜ਼ਾਰਾਂ ਫੌਜੀ ਮਰਾ ਕੇ ਨਿਕਲਣਾ ਪਿਆ ਸੀ, ਹੁਣ ਅਮਰੀਕਨ ਵੀ ਸੋਵੀਅਤ ਸੰਘ ਨੂੰ ਅਫਗਾਨਿਸਤਾਨ ਵਿੱਚ ਇਵੇਂ ਹੀ ਫਸਾਉਣਾ ਚਾਹੁੰਦੇ ਸਨ)। 

ਦਰਅਸਲ 10 ਸਾਲ ਮਾਸਕੋ ਨੂੰ ਅਸੀਂ ਮੁਸਲਿਮ ਮੁਜਾਹਦੀਨਾਂ ਰਾਹੀਂ ਲੁਕਵੇਂ ਯੁੱਧ ਵਿੱਚ ਅਜਿਹੇ ਸੰਘਰਸ਼ ਵੱਲ ਧੱਕ ਦਿੱਤਾ ਸੀ, ਜਿਸਨੇ ਸੋਵੀਅਤ ਫੌਜਾਂ ਵਿੱਚ ਨਿਰਾਸ਼ਤਾ ਅਤੇ ਅੰਤ ਸੋਵੀਅਤ ਸੰਘ ਟੁੱਟਣ ਦਾ ਕਾਰਨ ਬਣਿਆ।' ਇਹ ਪੁੱਛਣ ਤੇ ਕਿ ਦੁਨੀਆਂ ਨੂੰ ਖਤਰਾ 'ਅੱਤਵਾਦੀ ਤਾਲੀਬਾਨਾਂ' ਤੋਂ ਹੈ ਜਾਂ 'ਸੋਵੀਅਤ ਸੰਘ' ਤੋਂ ਸੀ, ਦੇ ਜਵਾਬ ਵਿੱਚ ਜ਼ਬਿਗਨਿਊ ਬਰਜ਼ਿਨਸਕੀ ਨੇ ਕਿਹਾ: 'ਵਿਸ਼ਵ ਦੇ ਇਤਿਹਾਸ ਲਈ ਭਲਾ ਅਹਿਮ ਖਤਰੇ ਦਾ ਮਹੱਤਵ ਕੀ ਸੀ? ਇੱਕ ਖਿੱਤੇ ਵਿੱਚ ਮੁੱਠੀ ਭਰ ਤਾਲੀਬਾਨਾਂ ਦਾ ਉਭਾਰ ਜਾਂ ਸੋਵੀਅਤ ਕਮਿਉਨਿਸਟ ਸਾਮਰਾਜ ਦਾ ਅੰਤ? ਦੁਨੀਆਂ ਦੇ ਦੋ ਚਾਰ ਖਿਤਿਆਂ ਵਿੱਚ ਕੁਝ ਧਾਰਮਿਕ ਜਨੂੰਨੀ ਮੁਸਲਮਾਨਾਂ ਦਾ ਉਭਾਰ ਜਾਂ ਯੂਰਪ ਦੇ ਦੇਸ਼ਾਂ ਈਸਟ ਜਰਮਨੀ, ਪੋਲੈਂਡ, ਚੈਕੇਸਲਵਾਕੀਆ, ਹੰਗਰੀ, ਰੋਮਾਨੀਆ, ਬਲਗਾਰੀਆ, ਅਲਬਾਨੀਆ ਆਦਿ ਵਿੱਚ ਲੋਕਾਂ ਦੀ ਕਮਿਉਨਿਸਟਾਂ ਦੀ ਮਨਹੂਸ ਜਕੜ ਤੋਂ ਮੁਕਤੀ ਅਤੇ ਸ਼ੀਤ ਯੁੱਧ ਦਾ ਅੰਤ?'

ਉਪਰਲੇ ਵਿਚਾਰ ਜ਼ਬਿਗਨਿਊ ਬਰਜ਼ਿਨਸਕੀ ਨੇ ਫਰਾਂਸ ਦੇ ਇੱਕ ਮਸ਼ਹੂਰ ਹਫਤਾਵਾਰੀ ਨਿਊਜ਼ ਮੈਗਜ਼ੀਨ 'Le Nouvel Observateur’ ਨੂੰ ਵਿੱਚ ਦਿੱਤੀ ਇੱਕ ਇੰਟਰਵਿਊ ਵਿੱਚ ਪ੍ਰਗਟ ਕੀਤੇ ਸਨ।ਜਿਸਦਾ ਜ਼ਿਕਰ ਰੋਬਰਟਸ ਐਮ ਗੇਟਸ ਨੇ ਵੀ ਆਪਣੀ ਕਿਤਾਬ 'From the Shadows: The Ultimate Insider's Story of Five Presidents and How They Won the Cold War’ ਵਿੱਚ ਵੀ ਕੀਤਾ ਹੈ।ਇਥੇ ਵਰਨਣਯੋਗ ਹੈ ਕਿ ਰੋਬਰਟਸ ਐਮ ਗੇਟਸ CIA ਦਾ ਮੁੱਖੀ ਸੀ, ਜਿਸਨੇ ਅਮਰੀਕਾ ਦੇ ਚਾਰ ਰਾਸ਼ਟਰਪਤੀਆਂ ਨਾਲ਼ ਕੰਮ ਕੀਤਾ ਸੀ।ਯਾਦ ਰਹੇ ਜ਼ਬਿਗਨਿਊ ਬਰਜ਼ਿਨਸਕੀ ਪੌਲਿਸ਼ ਮੂਲ ਦਾ ਰਾਜਨੀਤਕ ਮਾਹਰ ਤੇ ਡਿਪਲੋਮੈਟ ਸੀ, ਜੋ ਕਿ ਕੱਟੜ ਕਮਿਉਨਿਸਟ ਵਿਰੋਧੀ ਸੀ, ਉਹ 1977 ਤੋਂ 1981 ਤੱਕ ਅਮਰੀਕਨ ਰਾਸ਼ਟਰਪਤੀ ਜਿਮੀ ਕਾਰਟਰ ਦਾ ਨੈਸ਼ਨਲ ਸੁਰੱਖਿਆ ਸਲਾਹਕਾਰ ਵੀ ਰਿਹਾ।ਜਿਸਦੀ ਦੇਖ-ਰੇਖ ਹੇਠ ਅਮਰੀਕਨ ਖੁਫੀਆ ਏਜੰਸੀ ਸੀ. ਆਈ. ਏ. ਵਲੋਂ ਅਫਗਾਨਿਸਤਾਨ ਵਿੱਚ ਕੱਟੜ ਮੁਸਲਿਮ ਗਰੁੱਪਾਂ ਨੂੰ 'ਮੁਜਾਹਦੀਨ' ਬਣਾ ਕੇ ਅਫਗਾਨਿਸਤਾਨ ਦੀ ਕਮਿਉਨਿਸਟ ਸਰਕਾਰ ਅਤੇ ਅਫਗਾਨਿਸਤਾਨ ਵਿੱਚ ਸੋਵੀਅਤ ਫੌਜਾਂ ਖਿਲਾਫ ਲੜਨ ਲਈ ਤਿਆਰ ਕੀਤਾ ਸੀ।ਜਿਮੀ ਕਾਰਟਰ ਸਰਕਾਰ ਵਿੱਚ ਅਮਰੀਕਾ ਦੇ ਡਿਫੈਂਸ ਡੀਪਾਰਟਮੈਂਟ ਦੇ ਨੁਮਇੰਦੇ ਵਾਲਟਰ ਬੀ ਸਲੋਕੌਂਬ ਵਲੋਂ ਲਿਖੀ ਕਿਤਾਬ ‘The Strategic Mind of Zbigniew Brzezinski: How a Native Pole Used Afghanistan to Protect His Homeland’ ਵਿੱਚ ਦਿੱਤੀ ਜਾਣਕਾਰੀ ਅਨੁਸਾਰ 'ਸਾਡਾ ਸਾਰਾ ਵਿਚਾਰ ਇਹ ਸੀ ਕਿ ਜੇ ਸੋਵੀਅਤ ਸੰਘ 'ਟਾਰ ਬੇਬੀ' (ਅਫਗਾਨਿਸਤਾਨ) ਵਿੱਚ ਫੌਜਾਂ ਭੇਜਦਾ ਹੈ ਤਾਂ ਅਸੀਂ ਇਹ ਯਕੀਨੀ ਬਣਾਈਏ ਕਿ ਉਹ ਇਸ ਵਿੱਚ ਫਸ ਜਾਏ (ਜਿਵੇਂ ਅਮਰੀਕਾ ਵੀਅਤਨਾਮ ਵਿੱਚ ਫਸ ਗਿਆ ਸੀ)'। ਅਮਰੀਕਾ ਦੀ ਨੈਸ਼ਨਲ ਸਕਿਉਰਿਟੀ ਵਲੋਂ ਜਾਰੀ ਡਾਕੂਮੈਂਟਸ ‘Afghanistan: Lessons from the Last War’ ਅਨੁਸਾਰ ਅਪਰੈਲ ਤੋਂ ਜੂਨ, 1979 ਤੱਕ ਸੀ. ਆਈ. ਏ. ਨੇ ਅਫਗਾਨਿਸਤਾਨ ਵਿੱਚ ਪਾਕਿਸਤਾਨ ਦੇ ਫੌਜੀ ਅਫਸਰਾਂ ਰਾਹੀਂ ਬਾਗੀ ਧਾਰਮਿਕ ਗਰੁੱਪਾਂ ਨਾਲ਼ ਸਬੰਧ ਬਣਾ ਲਏ ਸਨ ਤਾਂ ਕਿ ਸੋਵੀਅਤ ਦੇ ਅਫਗਾਨਿਸਤਾਨ ਵਿੱਚ ਦਾਖਿਲ ਹੋਣ ਸਾਰ ਹੀ ਅਜਿਹੇ ਹਾਲਾਤ ਬਣਾ ਦਿੱਤਾ ਜਾਣ ਕੇ ਉਹ ਮੁੜ ਕੇ ਇਥੋਂ ਨਿਕਲ ਨਾ ਸਕੇ।ਅੱਜ ਜਦੋਂ ਅਸੀਂ 20 ਸਾਲ ਬਾਅਦ ਅਫਗਾਨਿਸਤਾਨ ਵਿੱਚੋਂ ਅਮਰੀਕਨ ਫੌਜਾਂ ਦੀ ਵਾਪਸੀ ਸਬੰਧੀ ਹਾਲਾਤਾਂ ਬਾਰੇ ਚਰਚਾ ਕਰ ਰਹੇ ਹਾਂ ਤਾਂ ਅਮਰੀਕਨ ਰਾਸ਼ਟਰਪਤੀ ਜਿਮੀ ਕਾਰਟਰ ਦੇ ਨੈਸ਼ਨਲ ਸੁਰੱਖਿਆ ਸਲਾਹਕਾਰ ਦੀ ਇਸ ਇੰਟਰਵਿਊ ਤੇ CIA ਦੇ ਦਸਤਾਵੇਜਾਂ ਤੋਂ ਇੱਕ ਗੱਲ ਸਪੱਸ਼ਟ ਹੈ ਕਿ ਨਾ ਤਾਂ ਅਮਰੀਕਾ ਨੇ ਮੁਜਾਹਦੀਨ, ਅਫਗਾਨੀ ਮੁਸਲਮਾਨਾਂ ਲਈ ਇਸਲਾਮਿਕ ਰਾਜ ਬਣਾਉਣ ਲਈ ਤਿਆਰ ਕੀਤੇ ਸਨ, ਨਾ ਹੀ ਅਫਗਾਨਿਸਤਾਨ ਵਿੱਚ ਇਸਲਾਮ ਖਤਰੇ ਵਿੱਚ ਸੀ, ਜਿਸ ਲਈ ਮੁਜਾਹਦੀਨ ਲੜ ਰਹੇ ਸਨ, ਨਾ ਹੀ ਮੁਜਾਹਦੀਨ ਤੇ ਬਾਅਦ ਵਿੱਚ ਤਾਲਿਬਾਨ ਆਪਣੇ ਦੇਸ਼ ਦੀ ਅਜ਼ਾਦੀ ਲਈ ਲੜਾਈ ਲੜ ਰਹੇ ਸਨ, ਨਾ ਸਾਊਥ ਏਸ਼ੀਆ ਦੇ ਖਿੱਤੇ ਵਿੱਚ ਸ਼ਾਂਤੀ ਸਥਾਪਤ ਕਰਨ ਲਈ ਅਜਿਹਾ ਕੀਤਾ ਗਿਆ ਸੀ।ਸਗੋਂ ਇਹ ਸਭ ਕੁਝ ਅਮਰੀਕਾ ਨੇ ਇਸ ਖਿੱਤੇ ਵਿੱਚ ਆਪਣੀ ਭੂਗੋਲਿਕ ਰਾਜਨੀਤੀ (Geo Politics) ਅਤੇ ਆਰਥਿਕ ਹਿੱਤਾਂ ਲਈ ਕੀਤਾ ਸੀ।ਬਲਕਿ ਇਸ ਤੋਂ ਵੀ ਵੱਧ ਇਹ ਸਭ ਕੁਝ ਰੂਸੀ ਕਮਿਉਨਿਸਟ ਨਿਜ਼ਾਮ ਦੀ ਕਬਰ ਖੋਦਣ ਲਈ ਕੀਤਾ ਗਿਆ ਸੀ। ਇਸਲਾਮੀ ਮੁਜ਼ਾਹਦੀਨ ਤਿਆਰ ਕਰਨ ਦਾ ਮੁੱਖ ਮਕਸਦ ਸਾਰੀ ਦੁਨੀਆਂ ਵਿੱਚ ਕਮਿਉਨਿਜ਼ਮ ਦੀ ਅਗਵਾਈ ਕਰ ਰਹੇ ਸੋਵੀਅਤ ਸੰਘ ਨੂੰ ਢਾਹੁਣਾ ਸੀ ਤਾਂ ਕਿ ਦੁਨੀਆਂ ਭਰ ਵਿੱਚ ਤੇ ਖਾਸਕਰ ਮੱਧ ਯੂਰਪ ਤੇ ਈਸਟ ਯੂਰਪ ਵਿੱਚ ਕਮਿਉਨਿਜਮ ਦੇ ਵੱਧਦੇ ਪ੍ਰਭਾਵ ਨੂੰ ਰੋਕਿਆ ਜਾ ਸਕੇ ਅਤੇ ਦੋ ਧਰੁਵੀ ਸੰਸਾਰ ਦੀ ਥਾਂ ਸਾਰੇ ਸੰਸਾਰ ਵਿੱਚ ਅਮਰੀਕਾ ਦੀ ਸਰਦਾਰੀ ਸਥਾਪਿਤ ਕੀਤੀ ਜਾ ਸਕੇ।ਇਹ ਮਕਸਦ ਉਨ੍ਹਾਂ ਰੁਸੀ ਫੌਜਾਂ ਦੇ ਅਫਗਾਨਿਸਤਾਨ ਛੱਡਣ ਅਤੇ 1991 ਵਿੱਚ ਸੋਵੀਅਤ ਸੰਘ ਦੇ ਟੁੱਟਣ ਨਾਲ਼ ਹਾਸਿਲ ਕਰ ਲਿਆ, ਇਸਦੇ ਨਾਲ਼ ਹੀ ਦੋ ਸੁਪਰ ਪਾਵਰਾਂ ਵਿੱਚ ਚੱਲ ਰਹੀ ਠੰਡੀ ਜੰਗ ਦਾ ਤਾਂ ਅੰਤ ਹੋ ਗਿਆ।ਇਸਦੇ ਨਾਲ਼ ਯੂਰਪ ਤੇ ਦੁਨੀਆਂ ਦੇ ਹੋਰ ਅਨੇਕਾਂ ਦੇਸ਼ਾਂ ਵਿੱਚ ਵੀ ਕਮਿਉਨਿਸਟ ਲਹਿਰ ਨੂੰ ਵੱਡੀ ਢਾਅ ਲੱਗੀ।ਪਰ ਅਮਰੀਕਾ ਦੀ ਇਸ ਜਿੱਤ ਨਾਲ਼ ਉਸ ਤੋਂ ਵੀ ਕਿਤੇ ਵੱਧ ਖਤਰਨਾਕ 'ਗੰਦੀ ਜੰਗ' ਦੀ ਸ਼ੁਰੂਆਤ ਹੋ ਗਈ, ਜਿਸਦਾ ਖਮਿਆਜਾ ਉਨ੍ਹਾਂ ਨੂੰ 9/11 ਦੇ ਹਮਲਿਆਂ ਰਾਹੀਂ ਤੇ ਫਿਰ 20 ਸਾਲ ਅਫਗਾਨਿਸਤਾਨ ਵਿੱਚ ਭੁਗਤਣਾ ਪਿਆ ਅਤੇ ਪਤਾ ਨਹੀਂ ਕਦੋਂ ਤੱਕ ਸਾਰੀ ਦੁਨੀਆਂ ਨੂੰ ਭੁਗਤਣਾ ਪੈਣਾ ਹੈ?

ਸੀ. ਆਈ. ਏ. ਦੇ ਸਾਬਕਾ ਡਾਇਰੈਕਟਰ ਰੋਬਰਟ ਗੇਟਸ ਨੇ ਵੀ ਆਪਣੀਆਂ ਨਿੱਜ਼ੀ ਯਾਦਾਂ ਅਧਾਰਿਤ ਲਿਖੀ ਕਿਤਾਬ ‘From the Shadows: The Ultimate Insider's Story of Five Presidents and How They Won the Cold War’ ਵਿੱਚ ਲਿਖਿਆ ਹੈ: 'ਸੀ. ਆਈ. ਏ. ਨੇ ਸੋਵੀਅਤ ਦਖਲ ਤੋਂ 6 ਮਹੀਨੇ ਪਹਿਲਾਂ ਹੀ ਅਫਗਾਨਿਸਤਾਨ ਵਿੱਚ ਮੁਜ਼ਾਜਦੀਨਾਂ ਦੀ ਸਹਾਇਤਾ ਕਰਨੀ ਸ਼ੁਰੂ ਕਰ ਦਿੱਤੀ ਸੀ।' ਜਿਸਦਾ ਭਾਵ ਇਹ ਹੀ ਬਣਦਾ ਹੈ ਕਿ ਆਪਣੇ ਭੂਗੋਲਿਕ ਤੇ ਰਾਜਸੀ ਹਿੱਤਾਂ ਲਈ ਅਮਰੀਕਾ ਨੇ ਬੜੀ ਪਲੈਨਿੰਗ ਨਾਲ਼ ਅਫਗਾਨਿਸਤਾਨ ਨੂੰ ਚੁਣ ਕੇ ਸਾਰਾ ਕੁਝ ਕੀਤਾ ਸੀ।

ਅਕਸਰ ਇਹ ਵੀ ਕਿਹਾ ਜਾਂਦਾ ਹੈ ਕਿ ਸੋਵੀਅਤ ਸੰਘ ਨੇ ਅਫਗਾਨਿਸਤਾਨ ਤੇ ਹਮਲਾ ਕੀਤਾ ਸੀ, ਜਿਸ ਕਰਕੇ ਅਮਰੀਕਾ ਨੇ ਸਿੱਧੀ ਜੰਗ ਲੜਨ ਦੀ ਥਾਂ ਮੁਜ਼ਾਹਦੀਨਾਂ ਰਾਹੀਂ ਲੁਕਵੀਂ ਜੰਗ ਲੜੀ ਤੇ ਇਹ ਹੀ ਉਸ ਖਿੱਤੇ ਲੋਕ ਹਿੱਤ ਵਿੱਚ ਸੀ।ਇਸ ਸਬੰਧੀ ਜਦੋਂ ਅਸੀਂ ਇੰਗਲੈਂਡ ਦੇ ਸੋਵੀਅਤ ਯੂਨੀਅਨ ਵਿੱਚ ਰਹੇ ਸਾਬਕਾ ਅੰਬੈਸਡਰ ਰੌਡਰਿਕ ਬਰੈਥਵੇਟ ਵਲੋਂ ਲਿਖੀ ਕਿਤਾਬ ‘Afgantsy: The Russians in Afghanistan, 1979-1989’ ਪੜ੍ਹਦੇ ਹਾਂ ਤਾਂ ਉਹ ਇਸ ਕਿਤਾਬ ਦੇ ਪੰਨਾ 7 ਤੇ ਇਸ ਤਰ੍ਹਾਂ ਲਿਖਦੇ ਹਨ ਕਿ ਬੇਸ਼ਕ ਅਫਗਾਨਿਸਤਾਨ ਦੀ ਜੰਗ ਵਿੱਚ ਸੱਚੇ ਤੱਥਾਂ ਤੇ ਬਣਾਈਆਂ ਗਈਆਂ ਮਿੱਥਾਂ ਬਾਰੇ ਕਹਿਣਾ ਬੜਾ ਮੁਸ਼ਕਿਲ ਹੈ, ਪਰ ਅਸਲੀਅਤ ਇਹ ਹੈ ਕਿ ਜਦੋਂ 27-28 ਅਪਰੈਲ, 1978 ਦੀ ਦਰਮਿਆਨੀ ਰਾਤ ਨੂੰ 'ਪੀਪਲਜ਼ ਡੈਮੋਕਰੈਟਿਕ ਪਾਰਟੀ ਆਫ ਅਫਗਾਨਿਸਤਾਨ' ਵਲੋਂ ਬਗਾਵਤ ਕਰਕੇ 'ਸੌਰ ਇਨਕਲਾਬ' ਰਾਹੀਂ ਅਫਗਾਨਿਸਤਾਨ ਦੇ ਰਾਸ਼ਟਰਪਤੀ ਮੁਹੰਮਦ ਦਾਊਦ ਖਾਨ ਤੇ ਸਾਥੀਆਂ ਨੂੰ ਪਾਸੇ ਕਰਕੇ ਕਮਿਉਨਿਸਟ ਇਨਕਲਾਬ ਕਰ ਦਿੱਤਾ ਸੀ ਤਾਂ ਨਵੇਂ ਬਣੇ ਰਾਸ਼ਟਰਪਤੀ ਨੂਰ ਮੁਹੰਮਦ ਤਾਰਾਕੀ ਵਲੋਂ ਆਪਣਾ ਰਾਜ ਪੱਕਾ ਕਰਨ ਅਤੇ 'ਮਾਰਚ 1979 ਹੈਰਾਤ ਕਤਲੇਆਮ' ਤੋਂ ਬਾਅਦ ਉਠੀ ਬਗਾਵਤ ਦਬਾਉਣ ਲਈ ਸੋਵੀਅਤ ਲੀਡਰਸ਼ਿਪ ਤੋਂ ਮੱਦਦ ਵੀ ਮੰਗੀ ਸੀ ਤੇ ਸੋਵੀਅਤ ਸੰਘ ਨੇ ਉਸਨੂੰ ਠੁਕਰਾ ਦਿੱਤਾ ਸੀ।ਇਥੇ ਇਹ ਵੀ ਵਰਨਣਯੋਗ ਹੈ ਕਿ ਅਪਰੈਲ, 1978 ਦੇ 'ਸੌਰ ਇਨਕਲਾਬ' ਤੋਂ ਬਾਅਦ ਇੱਕ ਪਾਸੇ ਕਮਿਉਨਸਿਟ ਸਰਕਾਰ ਵਲੋਂ ਭੂਮੀ ਸੁਧਾਰ ਸ਼ੁਰੂ ਕੀਤੇ ਗਏ ਸਨ, ਜਿਸ ਅਨੁਸਾਰ ਕਿਸੇ ਵਿਅਕਤੀ ਕੋਲ਼ ਜਮੀਨ ਰੱਖਣ ਦੀ ਹੱਦ ਮਿਥ ਦਿੱਤੀ ਗਈ ਸੀ ਤੇ ਵੱਡੇ ਜਮੀਨਦਾਰਾਂ ਤੋਂ ਜਮੀਨਾਂ ਖੋਹ ਕੇ ਆਮ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਨ, ਦੂਜੇ ਪਾਸੇ ਇਸਲਾਮਿਕ ਧਾਰਮਿਕ ਕਲਚਰ ਦੇ ਪ੍ਰਭਾਵ ਵਾਲ਼ੇ ਅਫਗਾਨਿਸਤਾਨ ਵਿੱਚ ਔਰਤਾਂ ਨੂੰ ਸਮਾਜ ਵਿੱਚ ਬਰਬਾਰਤਾ ਦਾ ਦਰਜਾ ਦੇਣ, ਵਿਆਹ ਲਈ ਔਰਤਾਂ ਨੂੰ ਖਰੀਦਣ ਤੇ ਪਾਬੰਦੀ, ਲੜਕੀਆਂ ਲਈ ਕੋ-ਐਜੂਕੇਸ਼ਨ ਸਕੂਲ, ਔਰਤਾਂ ਦੀ ਰਾਜਨੀਤੀ ਵਿੱਚ ਸ਼ਮੂਲੀਅਤ, ਔਰਤਾਂ ਨੂੰ ਕੰਮ ਕਰਨ ਦੇ ਅਧਿਕਾਰ ਤੇ ਹੋਰ ਕਈ ਤਰ੍ਹਾਂ ਦੇ ਇਨਕਲਾਬੀ ਸੁਧਾਰ ਸ਼ੁਰੂ ਕੀਤੇ ਗਏ ਸਨ, ਜਿਸਦਾ ਜਿਥੇ ਵੱਡੇ ਜਿਮੀਂਦਾਰਾਂ ਵਲੋਂ ਵਿਰੋਧ ਹੋ ਰਿਹਾ ਸੀ, ਉਥੇ ਕੱਟੜ ਇਸਲਾਮੀ ਤਾਕਤਾਂ ਵਲੋਂ ਕਮਿਉਨਿਸਟਾਂ ਤੋਂ ਇਸਲਾਮ ਨੂੰ ਖਤਰੇ ਦੇ ਨਾਮ ਤੇ ਵਿਰੋਧ ਜਾਰੀ ਸੀ।ਉਨ੍ਹਾਂ ਵਲੋਂ ਤਰਕ ਦਿੱਤਾ ਜਾਂਦਾ ਸੀ ਕਿ ਪੱਛਮ ਦਾ ਕਲਚਰ ਸਾਡੇ ਤੇ ਥੋਪਿਆ ਜਾ ਰਿਹਾ ਹੈ।ਕਾਮਰੇਡਾਂ ਦੀ ਬਰਾਬਰਤਾ ਤੇ ਸੁਧਾਰਵਾਦੀ ਮੁਹਿੰਮ ਕੱਟੜਵਾਦੀ ਤੇ ਸਾਜ਼ਿਸ਼ੀ ਤਾਕਤਾਂ ਨੂੰ ਹਜ਼ਮ ਨਹੀਂ ਹੋਈ।ਜਿਸਦੇ ਚੱਲਦੇ ਮਾਰਚ, 1979 'ਹੇਰਾਤ' ਵਿੱਚ ਬਗਾਵਤ ਕਰਾ ਦਿਤੀ ਗਈ, ਜਿਸਨੂੰ ਦਬਾਉਣ ਲਈ ਸਰਕਾਰ ਵਲੋਂ ਵਰਤੀ ਸਖਤੀ ਦਾ ਫਾਇਦਾ ਉਠਾ ਕੇ ਅਮਰੀਕਾ ਨੇ ਇਸਲਾਮਿਕ ਮੂਲਵਾਦੀਆਂ ਨੂੰ ਮੁਜਹਾਦੀਨਾਂ ਦੇ ਤੌਰ ਤੇ ਉਭਾਰਨਾ ਸ਼ੁਰੂ ਕਰ ਦਿੱਤਾ ਸੀ।ਘਟਨਾਵਾਂ ਦੇ ਕਰਮ ਤੋਂ ਜ਼ਾਹਰ ਹੈ ਕਿ 'ਸੌਰ ਇਨਜਕਲਾਬ' ਤੋਂ ਗਿਆਰਾਂ ਮਹੀਨੇ ਬਾਅਦ ਤੱਕ ਥੋੜੇ ਬਹੁਤੇ ਵਿਰੋਧ ਦੇ ਬਾਵਜੂਦ ਸਭ ਕੁਝ ਠੀਕ ਦਿਸ਼ਾ ਵੱਲ ਜਾ ਰਿਹਾ ਸੀ, ਜਦੋਂ ਤੱਕ ਸਾਜ਼ਿਸ਼ੀ ਧਿਰਾਂ ਨੇ ਆਪਣੀ ਗੰਦੀ ਰਾਜਨੀਤੀ ਸ਼ੁਰੂ ਨਹੀਂ ਕੀਤੀ ਸੀ?

ਇਸ ਬਾਰੇ ਰੌਡਰਿਕ ਬਰੈਥਵੇਟ ਦੀ ਕਿਤਾਬ ‘Afgantsy: The Russians in Afghanistan, 1979-1989’ ਵਿੱਚ ਦਰਜ ਹੋਰ ਵੇਰਵਿਆਂ ਅਨੁਸਾਰ, ਫੌਜਾਂ ਭੇਜਣ ਬਾਰੇ ਸੋਵੀਅਤ ਪੋਲਟਬਿਉਰੋ ਵਲੋਂ ਪੂਰੇ ਚਾਰ ਦਿਨ ਲਗਾਤਾਰ ਚਰਚਾ ਕੀਤੀ ਗਈ ਤੇ ਸੋਵੀਅਤ ਪ੍ਰਧਾਨ ਮੰਤਰੀ ਅਲੈਕਸੀ ਕੋਸੀਗਨ ਨੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਨੁਰ ਮੁਹੰਮਦ ਤਾਰਾਕੀ ਨਾਲ਼ ਫੋਨ ਤੇ ਗੱਲਬਾਤ ਵਿੱਚ ਕਿਹਾ ਸੀ: 'ਜੇ ਅਸੀਂ ਸੋਵੀਅਤ ਫੌਜਾਂ ਨੂੰ ਅਫਗਾਨਿਸਤਾਨ ਵਿੱਚ ਭੇਜਾਂਗੇ ਤਾਂ ਇਸ ਨਾਲ਼ ਤੁਹਾਡੇ ਦੇਸ਼ ਦੇ ਹਾਲਾਤ ਠੀਕ ਹੋਣ ਦੀ ਥਾਂ ਹੋਰ ਬਦਤਰ ਹੋਣਗੇ।ਸਾਡੀ ਫੌਜ ਨੂੰ ਨਾ ਸਿਰਫ ਬਾਹਰੀ ਤਾਕਤਾਂ ਨਾਲ਼ ਲੜਨਾ ਪਵੇਗਾ, ਸਗੋਂ ਤੁਹਾਡੇ ਲੋਕਾਂ ਨਾਲ਼ ਵੀ ਲੜਨਾ ਪਵੇਗਾ।ਅਫਗਾਨਿਸਤਾਨ ਦੇ ਲੋਕ ਸਾਨੂੰ ਇਸ ਲਈ ਕਦੇ ਮੁਆਫ ਨਹੀਂ ਕਰਨਗੇ?' ਪਰ ਇਸ ਤੋਂ ਬਾਅਦ ਉਸੇ ਸਾਲ ਸਤੰਬਰ, 1979 ਵਿੱਚ ਨੂਰ ਮੁਹੰਮਦ ਤਾਰਾਕੀ ਦਾ ਉਸਦੇ ਸਾਥੀ ਹਫੀਜਉਲਾ ਆਮੀਨ ਤੇ ਸਾਥੀਆਂ ਵਲੋਂ ਪਰਿਵਾਰ ਸਮੇਤ ਸ਼ਾਹੀ ਮਹਿਲ ਵਿੱਚ ਕਤਲ ਦਿੱਤਾ ਗਿਆ ਸੀ ਅਤੇ ਹਫੀਜਉਲਾ ਵਲੋਂ ਆਪਣੇ ਆਪ ਨੂੰ ਰਾਸ਼ਟਰਪਤੀ ਐਲਾਨ ਦਿਤਾ ਸੀ।ਫਿਰ ਉਸੇ ਸਾਲ ਦਸੰਬਰ, 1979 ਵਿੱਚ ਸੋਵੀਅਤ ਫੌਜਾਂ ਅਫਗਾਨਿਸਤਾਨ ਪਹੁੰਚ ਗਈਆਂ ਸਨ ਤੇ ਜਿਥੇ ਉਨ੍ਹਾਂ ਹਾਫੀਜ਼ ਆਮੀਨ ਨੂੰ ਲਾਂਭੇ ਕਰਕੇ ਬਬਰਾਕ ਕਰਮਾਲ ਨੂੰ ਰਾਸ਼ਟਰਪਤੀ ਬਣਾ ਦਿੱਤਾ ਸੀ, ਜੋ ਕਿ 1986 ਤੱਕ ਰਾਸ਼ਟਰਪਤੀ ਰਿਹਾ। ਕੁਝ ਦਸਤਾਵੇਜਾਂ ਅਨੁਸਾਰ ਨੂਰ ਮੁਹੰਮਦ ਤਾਰਾਕੀ ਨੂੰ ਕਤਲ ਕਰਨ ਦੀ ਸਾਜ਼ਿਸ਼ ਵੀ ਸੀ. ਆਈ. ਏ. ਨੇ ਹੀ ਰੂਸ ਨੂੰ ਭੜਕਾਉਣ ਲਈ ਹਫੀਜ਼ਉਲਾ ਆਮੀਨ ਰਾਹੀਂ ਰਚੀ ਸੀ ਕਿਉਂਕਿ ਤਾਰਾਕੀ ਦੇ ਸੋਵੀਅਤ ਸੰਘ ਨਾਲ਼ ਦੋਸਤਾਨਾ ਸਬੰਧ ਸਨ। ਇਸ ਉਪਰਲੀ ਵਾਰਤਾ ਤੋਂ ਸਪੱਸ਼ਟ ਹੈ ਕਿ ਸੀ. ਆਈ. ਏ. ਵਲੋਂ ਕਮਿਉਨਿਜ਼ਮ ਵਿਰੋਧੀ ਆਪਣੇ ਏਜੰਡੇ ਅਨੁਸਾਰ ਅਜਿਹੇ ਹਾਲਾਤ ਬਣਾ ਦਿੱਤੇ ਸਨ ਕਿ ਮਾਸਕੋ ਨੂੰ ਮਜਬੁਰੀ ਵਿੱਚ ਹੀ ਫੌਜਾਂ ਭੇਜਣੀਆਂ ਪਈਆਂ।ਇਸ ਸਬੰਧੀ ਕਨੇਡਾ ਵਿੱਚ ਪਾਕਿਸਤਾਨੀ ਕੰਟਰੋਲ ਵਾਲ਼ੇ ਅਜ਼ਾਦ ਕਸ਼ਮੀਰ ਤੋਂ ਰਾਜਸੀ ਮਾਹਰ ਤੇ ਵਕੀਲ ਹਾਮੀਦ ਬਸ਼ਾਨੀ ਆਪਣੇ ਲੈਕਚਰਾਂ ਵਿੱਚ ਅਕਸਰ ਕਹਿੰਦੇ ਹਨ ਕਿ ਅਫਗਾਨਿਸਤਾਨ ਵਿੱਚ ਰੂਸੀ ਆਏ ਨਹੀਂ ਸਨ, ਸਗੋਂ ਉਨ੍ਹਾਂ ਨੂੰ ਤਾਂ ਪਤਾ ਨਹੀਂ ਕਿਹੜੀਆਂ-ਕਿਹੜੀਆਂ ਸਾਜ਼ਿਸ਼ੀ ਧਿਰਾਂ ਨੇ ਇਸ ਖਾਨਜੰਗੀ ਦੀ ਅੰਨ੍ਹੀ ਘੁੰਮਣਘੇਰੀ ਵਿੱਚ ਧੂਹਿਆ ਗਿਆ ਸੀ।ਜਿਸ ਵਿੱਚ ਫਸਣਾ ਉਨ੍ਹਾਂ ਦੀ ਮਜਬੂਰੀ ਬਣ ਗਈ ਸੀ।

ਅਮਰੀਕਾ ਦੇ 1977 ਤੋਂ 81 ਤੱਕ ਰਾਸ਼ਟਪਤੀ ਰਹੇ, ਜਿਮੀ ਕਾਰਟਰ ਦੀ ਸਰਕਾਰ ਵਲੋਂ ਮੁਜਾਹਦੀਨਾਂ ਤੇ ਪਾਕਿਸਤਾਨ ਦੀ ਆਈ. ਐਸ. ਆਈ. ਰਾਹੀਂ ਜੋ ਜਿਹਾਦ ਸਮਾਜਵਾਦੀ ਤਾਕਤਾਂ ਨੂੰ ਢਾਹੁਣ ਤੇ ਅਮਰੀਕਾ ਨੂੰ ਇੱਕੋ-ਇੱਕ ਸੁਪਰ ਪਾਵਰ ਬਣਾਉਣ ਲਈ ਸ਼ੁਰੂ ਕੀਤਾ ਗਿਆ ਸੀ, ਉਸਨੂੰ ਸਿਰੇ ਚੜ੍ਹਾਉਣ ਲਈ 1981 ਤੋਂ 1989 ਤੱਕ ਰਹੇ ਰਾਸ਼ਟਰਪਤੀ ਰੋਨਲਡ ਰੀਗਨ ਨੇ ਪੂਰੀ ਤਾਕਤ ਝੋਕ ਦਿੱਤੀ ਸੀ।ਜਿਸਨੂੰ 'ਰੀਗਨ ਡੌਕਟਰੀਨ' ਦੇ ਨਾਮ ਨਾਲ਼ ਵੀ ਜਾਣਿਆ ਜਾਂਦਾ ਹੈ।ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜੇਮਜ਼ ਐਮ ਸਕੌਟ ਦੀ ਕਿਤਾਬ ‘Deciding to Intervene: The Reagan Doctrine and American Foreign Policy’ ਪੜ੍ਹੀ ਜਾ ਸਕਦੀ ਹੈ। ਇਸ ਨੀਤੀ ਤਹਿਤ ਹੀ ਉਹ ਸੋਵੀਅਤ ਸੰਘ ਤੋੜਨ ਵਿੱਚ ਕਾਮਯਾਬ ਹੋਏ, ਬੇਸ਼ਕ ਇਸ ਲਈ ਲੱਖਾਂ ਲੋਕਾਂ ਨੂੰ ਜਾਨਾਂ ਗੁਆਉਣੀਆਂ ਪਈਆਂ ਅਤੇ ਅਮਰੀਕਾ ਦੇ ਖਰਬਾਂ ਡਾਲਰ ਖਰਚ ਹੋਏ।ਇਹ ਵੀ ਕੌੜੀ ਸਚਾਈ ਹੈ ਕਿ ਉਹੀ ਧਾਰਮਿਕ ਕੱਟੜਤਾ ਨਾਲ਼ ਲਬਰੇਜ਼ ਮੁਸਲਿਮ ਮੁਜਾਹਦੀਨ, ਜਿਨ੍ਹਾਂ ਰਾਹੀਂ ਕਮਿਉਨਿਜ਼ਮ ਤੇ ਸਮਾਜਵਾਦੀ ਤਾਕਤਾਂ ਨੂੰ ਹਰਾਇਆ ਗਿਆ ਸੀ, ਬਾਅਦ ਵਿੱਚ ਤਾਲੀਬਾਨਾਂ, ਹਕਾਨੀ ਨੈਟਵਰਕ, ਅਲ ਕਾਇਦਾ, ਆਈਸਿਸ, ਬੋਕੋ ਹਰਮ ਆਦਿ ਦਰਜਨਾਂ ਇਸਲਾਮਿਕ ਸੰਗਠਨਾਂ ਰਾਹੀਂ ਅਮਰੀਕਨਾਂ ਦੇ ਸਭ ਤੋਂ ਵੱਡੇ ਦੁਸ਼ਮਣ ਬਣੇ।ਫਿਰ ਉਨ੍ਹਾਂ ਹੀ ਤਾਕਤਾਂ ਖਿਲਾਫ ਅਮਰੀਕਾ ਨੂੰ ਪਿਛਲੇ 30 ਸਾਲਾਂ ਤੋਂ ਸਾਰੀ ਦੁਨੀਆਂ ਵਿੱਚ ਯੁੱਧ ਲੜਨਾ ਪੈ ਰਿਹਾ ਹੈ ਤੇ ਅਮਰੀਕਾ ਇਸ ਵਕਤ ਇਸਲਾਮਿਕ ਵਰਲਡ ਵਿੱਚ ਸਭ ਤੋਂ ਵੱਧ ਨਫਰਤ ਦਾ ਪਾਤਰ ਹੈ।

ਕੱਟੜ ਇਸਲਾਮਿਕ ਕਦਰਾਂ-ਕੀਮਤਾਂ ਨੂੰ ਪ੍ਰਣਾਏ ਹੋਏ ਮੁਜਾਹਦੀਨ ਬਾਗੀਆਂ ਦੇ ਧਾਰਮਿਕ ਜਜ਼ਬਾਤਾਂ ਨੂੰ ਵਰਤ ਕੇ ਕਿਵੇਂ ਅਮਰੀਕਨ ਖੁਫੀਆ ਏਜੰਸੀ CIA, ਇੰਗਲੈਂਡ ਦੀ ਖੁਫੀਆ ਏਜੰਸੀ SIS (M16) ਅਤੇ ਪਾਕਿਸਤਾਨ ਦੀ ਖੁਫੀਆ ਏਜੰਸੀ ISI ਵਲੋਂ ਆਪਣੇ ਗੁਪਤ ਏਜੰਡੇ ਤਹਿਤ ਨਾ ਸਿਰਫ ਨਫਰਤ ਤੇ ਝੂਠ ਦਾ ਪ੍ਰਚਾਰ ਕੀਤਾ ਗਿਆ, ਸਗੋਂ ਆਪਣੇ ਮਤਲਬ ਦੇ ਅਰਥਾਂ ਵਾਲ਼ੀਆਂ 'ਕੁਰਾਨ' ਦੀਆਂ ਲੱਖਾਂ ਕਾਪੀਆਂ ਇਸ ਖਿੱਤੇ ਵਿੱਚ ਵੰਡੀਆਂ ਗਈਆਂ।ਇਸ ਸਬੰਧੀ ਅਮਰੀਕਨ ਪੱਤਰਕਾਰ ਤੇ ਲੇਖਕ ਸਟੀਵ ਕੋਲ ਆਪਣੀ ਕਿਤਾਬ 'ANATOMY OF A VICTORY: CIA'S COVERT AFGHAN WAR’ ਵਿੱਚ ਲਿਖਦੇ ਹਨ: 'ਸੀ. ਆਈ. ਏ. ਦੇ ਡਾਇਰੈਕਟਰ ਵਿਲੀਅਮ ਕੇਸੀ ਨੇ ਆਪਣੇ ਗੁਪਤ ਮਿਸ਼ਨ ਦੌਰਾਨ ਪਾਕਿਸਤਾਨੀ ਅਧਿਕਾਰੀਆਂ ਨੂੰ ਇਹ ਪ੍ਰਸਤਾਵ ਦੇ ਕੇ ਹੈਰਾਨ ਕਰ ਦਿੱਤਾ ਸੀ ਕਿ ਉਹ ਅਫਗਾਨ ਯੁੱਧ ਨੂੰ ਦੁਸ਼ਮਣ (ਰੂਸ) ਦੇ ਘਰ ਵਿੱਚ ਲੈ ਜਾਣਾ ਚਾਹੁੰਦੇ ਹਨ।' ਵਿਲੀਅਮ ਕੇਸੀ ਅਫਗਾਨਿਸਤਨ ਰਾਹੀਂ ਰੂਸ ਦੇ 6 ਦੱਖਣੀ ਮੁਸਲਿਮ ਰਾਜਾਂ ਅਜ਼ਰਬਾਈਜਾਨ, ਕਜ਼ਾਕਿਸਤਾਨ, ਕਿਰਗੀਜ਼ੀਆ, ਤਜ਼ਾਕਿਸਤਾਨ, ਤੁਰਕਮਿੰਸਤਾਨ ਅਤੇ ਉਜ਼ਬੇਕਿਸਤਾਨ ਵਿੱਚ ਵਿਨਾਸ਼ਕਾਰੀ ਮੁਸਲਿਮ ਸਾਹਿਤ ਭੇਜਣਾ ਚਾਹੁੰਦਾ ਸੀ ਤਾਂ ਕਿ ਉਥੇ ਵਸਦੇ ਮੁਸਲਮਾਨਾਂ ਨੂੰ ਵੀ ਬਗਾਵਤ ਲਈ ਉਕਸਾਇਆ ਜਾ ਸਕੇ।ਪਾਕਿਸਤਾਨੀ ISI ਅਧਿਕਾਰੀ ਇਸ ਲਈ ਝੱਟ ਤਿਆਰ ਹੋ ਗਏ। CIA ਨੇ ISI ਦੀ ਸਹਾਇਤਾ ਨਾਲ਼ ਲੱਖਾਂ ਕੁਰਾਨਾਂ ਦੇ ਨਾਲ਼-ਨਾਲ਼ ਸੋਵੀਅਤ ਅੱਤਿਆਚਾਰਾਂ ਬਾਰੇ ਕਿਤਾਬਾਂ ਅਤੇ ਉਨ੍ਹਾਂ ਸਟੇਟਾਂ ਦੇ ਇਤਿਹਾਸਕ ਨਾਇਕਾਂ ਦੇ ਟ੍ਰੈਕਟ ਸਪਲਾਈ ਕੀਤੇ ਤਾਂ ਕਿ ਉਨ੍ਹਾਂ ਵਿੱਚ ਧਾਰਮਿਕ ਜਨੂੰਨ ਦੇ ਨਾਲ਼-ਨਾਲ਼ ਰਾਸ਼ਟਰਵਾਦ ਉਭਾਰਿਆ ਜਾ ਸਕੇ।ਅਜਿਹਾ ਕਰਦਿਆਂ, ਰੀਗਨ ਤੇ ਉਸਦੀ ਜੁੰਡੀ ਦਾ ਯਾਰ ਵਿਲੀਅਮ ਕੇਸੀ, ਪੂਰੇ ਸਾਊਥ ਏਸ਼ੀਆ ਦੇ ਖਿੱਤੇ ਲਈ ਅਜਿਹੇ ਜ਼ਹਿਰੀਲੇ ਕੰਢੇ ਬੀਜ ਗਏ, ਜਿਨ੍ਹਾਂ ਨੂੰ ਚੁਗਦਿਆਂ ਪਤਾ ਨਹੀਂ ਆਉਣ ਵਾਲੀਆਂ ਕਿਤਨੀਆਂ ਨਸਲਾਂ ਦਾ ਘਾਤ ਹੋਵੇਗਾ?

ਪਿਛਲੇ ਦਿਨੀਂ ਜਦੋਂ ਤਾਲਿਬਾਨਾਂ ਨੇ ਇੱਕ ਵਾਰ ਫਿਰ ਅਫਗਾਨਿਸਤਾਨ ਤੇ ਆਪਣਾ ਕਬਜਾ ਜਮਾ ਲਿਆ ਹੈ ਤਾਂ ਸਾਡੇ ਬਹੁਤ ਸਾਰੇ ਗਰਮ ਖਿਆਲੀ ਖਾਲਸਿਆਂ ਵਲੋਂ ਬੜੀ ਖੁਸ਼ੀ ਮਨਾਈ ਜਾ ਰਹੀ ਹੈ, ਜਿਵੇਂ ਕਿ ਤਾਲੀਬਾਨਾਂ ਨੇ ਅਫਗਾਨਿਸਤਾਨ ਵਿੱਚ 20 ਸਾਲ ਲੜ ਕੇ ਅਮਰੀਕਾ ਨੂੰ ਹਰਾ ਕੇ ਅਫਗਾਨੀ ਲੋਕਾਂ ਦੀ ਅਜ਼ਾਦੀ ਦੀ ਜੰਗ ਜਿੱਤ ਲਈ ਹੋਵੇ? ਜਦਕਿ ਅਜਿਹਾ ਕੁਝ ਵੀ ਨਹੀਂ ਹੈ? ਮੁਜਾਹਦੀਨ ਜਾਂ ਤਾਲੀਬਾਨ ਪਹਿਲਾਂ ਮੁਜਾਹਦੀਨਾਂ ਦੇ ਰੂਪ ਵਿੱਚ ਅਮਰੀਕਾ ਦੀ ਕਠਪੁਤਲੀ ਬਣ ਕੇ ਸੋਵੀਅਤ ਸੰਘ ਨਾਲ਼ ਦੋ ਦਹਾਕੇ ਲੜਦੇ ਰਹੇ ਤੇ ਅਫਗਾਨਿਸਤਾਨ ਤਬਾਹ ਕਰ ਦਿੱਤਾ।ਫਿਰ ਰੂਸ ਦੇ ਬਾਹਰ ਨਿਕਲਣ ਤੋਂ ਬਾਅਦ ਜੇ ਕੁਝ ਸਾਲਾਂ ਲਈ ਇਨ੍ਹਾਂ ਦਾ ਰਾਜ ਹੋਇਆ ਤਾਂ ਨਾ ਸਿਰਫ ਆਪਸ ਵਿੱਚ ਲੜਦੇ ਰਹੇ, ਸਗੋਂ ਅਫਗਾਨਿਸਤਾਨ ਨੂੰ ਦੁਨੀਆਂ ਭਰ ਦੇ ਅੱਤਵਾਦੀਆਂ, ਡਰੱਗ ਸਮਗਲਰਾਂ, ਖਤਰਨਾਕ ਧਾਰਮਿਕ ਜਨੂੰਨੀਆਂ ਦਾ ਅਖਾੜਾ ਬਣਾ ਦਿੱਤਾ।ਜਿਸਦੇ ਨਤੀਜੇ ਵਜੋਂ ਇਨ੍ਹਾਂ ਅਨਸਰਾਂ ਨੇ ਹੀ 9/11 ਦਾ ਵੱਡਾ ਹਮਲਾ ਕਰਕੇ 3000 ਤੋਂ ਵੱਧ ਆਮ ਅਮਰੀਕਨ ਸ਼ਹਿਰੀ ਮਾਰ ਕੇ ਅਮਰੀਕਾ ਨੂੰ ਲਲਕਾਰਿਆ ਤਾਂ ਫਿਰ ਅਮਰੀਕਾ ਨੂੰ ਸੁਰਤ ਆਈ ਕਿ ਉਹ ਕੀ ਕਰ ਬੈਠੇ ਸਨ।ਇਸ ਘਟਨਾ ਨੇ ਇੱਕ ਵਾਰ ਫਿਰ ਅਮਰੀਕਾ ਰਾਹੀਂ ਪਹਿਲਾਂ ਅਫਗਾਨਸਿਤਾਨ ਤੇ ਫਿਰ ਇਰਾਕ ਵਿੱਚ ਤਬਾਹੀ ਦਾ ਮੁੱਢ ਬੰਨ੍ਹਿਆ।ਅਮਰੀਕਾ ਨੇ ਆਪਣੇ ਹੀ ਪਾਲ਼ੇ ਹੋਏ ਅੱਤਵਾਦੀ ਸੰਗਠਨਾਂ ਨੂੰ ਖਤਮ ਕਰਨ ਲਈ ਨਾ ਸਿਰਫ ਆਪਣੇ ਹਜ਼ਾਰਾਂ ਫੌਜੀ ਮਰਾਏ ਸਗੋਂ ਤਿੰਨ ਖਰਬ ਅਮਰੀਕਨ ਡਾਲਰ ਵੀ ਬਰਬਾਦ ਕੀਤੇ।ਬੇਸ਼ਕ ਅਮਰੀਕਾ ਨੂੰ ਇੱਕ ਵਾਰ ਫਿਰ ਵੀਅਤਨਾਮ ਵਾਂਗ ਅਫਗਾਨਿਸਤਾਨ ਵਿੱਚੋਂ ਨਾਮੋਸ਼ੀ ਨਾਲ਼ ਵਾਪਿਸ ਨਿਕਲਣਾ ਪੈ ਰਿਹਾ ਹੈ, ਪਰ ਇਸਦੇ ਨੀਤੀ ਘਾੜਿਆਂ ਨੇ ਅਜੇ ਵੀ ਕੋਈ ਸਬਕ ਨਹੀਂ ਸਿੱਖਿਆ?

ਰੂਸੀ ਫੌਜਾਂ ਦੇ 1989 ਵਿੱਚ ਨਿਕਲਣ ਤੋਂ ਬਾਅਦ 1992 ਤੋਂ 1995 ਤੱਕ ਮੁਜਾਹਦੀਨਾਂ ਤੇ ਫਿਰ 1996 ਤੋਂ 2001 ਤੱਕ ਤਾਲੀਬਾਨਾਂ ਦਾ ਅਫਗਾਨਿਸਤਾਨ ਤੇ ਰਾਜ ਰਿਹਾ।ਸਾਡੇ ਤਾਲਿਬਾਨ ਸਮਰਥਕ ਖਾਲਸਿਆਂ ਨੂੰ ਇਸ ਰਾਜ ਵਿੱਚ ਆਮ ਅਫਗਾਨੀ ਲੋਕਾਂ ਤੇ ਖਾਸਕਰ ਔਰਤਾਂ ਤੇ ਮਾਸੂਮ ਬੱਚੀਆਂ ਤੇ ਹੋਏ ਜ਼ੁਲਮਾਂ ਦੀ ਦਾਸਤਾਨ ਨੂੰ ਜਰੂਰ ਪੜ੍ਹ ਲੈਣਾ ਚਾਹੀਦਾ ਹੈ।ਐਮਨੈਸਟੀ ਇੰਟਰਨੈਸ਼ਨਲ, ਹਿਉਮਨ ਰਾਈਟਸ ਵਾਚ, ਯੁਨਾਈਟਡ ਨੇਸ਼ਨ ਹਿਊਮਨ ਰਾਈਟਸ ਕਮਿਸ਼ਨ ਆਦਿ ਅਨੇਕਾਂ ਅੰਤਰ ਰਾਸ਼ਟਰੀ ਮਨੁੱਖੀ ਅਧਿਕਾਰ ਸੰਸਥਾਵਾਂ ਦੀਆਂ ਰਿਪੋਰਟਾਂ ਨਾਲ਼ ਇੰਟਰਨੈਟ ਭਰਿਆ ਪਿਆ ਹੈ, ਜਿਥੇ ਸੱਚੇ ਤੱਥ ਇਨ੍ਹਾਂ ਅਖੌਤੀ ਅਜ਼ਾਦੀ ਪ੍ਰਵਾਨਿਆਂ ਦੇ ਮਾਨਵਤਾ ਵਿਰੋਧੀ ਕੁਕਰਮ ਸਾਰੀ ਮਨੁੱਖਤਾ ਨੂੰ ਸ਼ਰਮਸਾਰ ਕਰ ਰਹੇ ਹਨ, ਜਿਨ੍ਹਾਂ ਨੂੰ ਸਾਡੇ ਗਰਮ ਧੜਿਆਂ ਦੀ ਨੁਮਾਇੰਦਗੀ ਕਰਦੇ ਸਿੱਖ ਵਿਦਵਾਨ, ਅਫਗਾਨੀ ਲੋਕਾਂ ਦੀ ਅਜ਼ਾਦੀ ਦੱਸ ਰਹੇ ਹਨ।ਆਪਣੇ ਪਿਛਲੇ 1996 ਤੋਂ 2001 ਦੇ ਅਖੌਤੀ ਸ਼ਰੀਆ ਅਧਾਰਿਤ ਇਸਲਾਮਿਕ ਰਾਜ ਵਿੱਚ ਔਰਤਾਂ ਤੇ ਨਾ ਸਿਰਫ ਪੂਰੇ ਬੁਰਕੇ ਤੋਂ ਬਿਨਾਂ ਬਾਹਰ ਨਿਕਲਣ ਤੇ ਪਾਬੰਦੀ ਲਗਾ ਦਿੱਤੀ ਗਈ ਸੀ, ਸਗੋਂ ਔਰਤਾਂ ਬੁਰਕੇ ਵਿੱਚ ਵੀ ਕਿਸੇ ਮਰਦ ਤੋਂ ਬਿਨਾਂ ਬਾਹਰ ਨਹੀਂ ਨਿਕਲ ਸਕਦੀਆਂ ਸਨ, ਬੱਚੀਆਂ ਦੀ ਸਕੂਲੀ ਪੜ੍ਹਾਈ ਤੇ ਪਾਬੰਦੀ ਲਗਾ ਦਿੱਤੀ ਗਈ ਸੀ, ਤਾਲਿਬਾਨੀ ਸਿਪਾਹੀ ਸੜਕਾਂ ਤੇ ਹੰਟਰ ਲਈ ਖੜੇ ਹੁੰਦੇ ਸਨ, ਜੋ ਇਕੱਲੀਆਂ ਜਾਂ ਬੁਰਕੇ ਦਾ ਵਿਰੋਧ ਕਰਨ ਵਾਲ਼ੀਆਂ ਔਰਤਾਂ ਦੇ ਸ਼ਰੇ ਬਾਜ਼ਾਰ ਕੋੜੇ ਮਾਰਦੇ ਸਨ, ਮੀਡੀਏ ਤੇ ਪਾਬੰਦੀ ਲਗਾ ਦਿੱਤੀ ਗਈ ਸੀ, ਹਰ ਤਰ੍ਹਾਂ ਦੇ ਮਨੋਰੰਜ਼ਨ ਦੇ ਸਾਧਨਾਂ (ਗੀਤ-ਸੰਗੀਤ, ਮੂਵੀਆਂ, ਥੀਏਟਰ, ਸ਼ੋਅ, ਕਲੱਬ ਆਦਿ) ਤੇ ਪਾਬੰਦੀ ਸੀ, ਬੰਦਿਆਂ ਦੇ ਦਾਹੜੀ ਸ਼ੇਵ ਕਰਨ ਜਾਂ ਕੱਟਣ ਤੇ ਉਤਨਾ ਚਿਰ ਜ਼ੇਲ੍ਹ ਸੀ, ਜਦੋਂ ਤੱਕ ਪੂਰੀ ਦਾਹੜੀ ਵਾਪਿਸ ਨਹੀਂ ਆਉਂਦੀ ਸੀ, ਹੰਟਰਾਂ ਨਾਲ਼ ਕੁਟਾਪਾ ਵੱਖਰਾ ਹੁੰਦਾ ਸੀ, ਰੂਸ ਤੇ ਅਮਰੀਕਾ ਪੱਖੀ ਲੋਕਾਂ ਨੂੰ ਲੱਭ-ਲੱਭ ਕੇ ਬਾਜ਼ਾਰਾਂ ਵਿੱਚ ਸ਼ਰੇਆਮ ਗਲ਼ ਕੱਟ ਕੇ ਲਾਸ਼ਾਂ ਖੰਭਿਆਂ ਤੇ ਲਟਕਾ ਦਿੱਤੀਆਂ ਜਾਂਦੀਆਂ ਸਨ, ਮਨੁੱਖੀ ਅਧਿਕਾਰਾਂ ਦੇ ਕਾਰਕੁੰਨਾਂ, ਪੱਤਰਕਾਰਾਂ, ਲੇਖਕਾਂ, ਕਲਾਕਾਰਾਂ ਦੇ ਕਤਲ ਕੀਤੇ ਜਾਂਦੇ ਸਨ, ਘੱਟ-ਗਿਣਤੀ ਮੁਸਲਿਮ ਫਿਰਕਿਆਂ 'ਹਜ਼ਾਰਾ' ਤੇ 'ਸ਼ੀਆ' ਸਮੇਤ ਗੈਰ-ਮੁਸਲਿਮ ਘੱਟ-ਗਿਣਤੀ ਭਾਈਚਾਰਿਆਂ ਹਿੰਦੂਆਂ-ਸਿੱਖਾਂ ਦਾ ਜੀਣਾ ਦੁੱਭਰ ਹੋ ਗਿਆ ਸੀ।ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਜਿਹੜੇ ਲੋਕ ਗੈਰ-ਇਸਲਾਮਿਕ, ਬੁੱਧ ਦੇ ਬੁੱਤਾਂ ਨੂੰ ਵੀ ਬਰਦਾਸ਼ਤ ਨਹੀਂ ਕਰ ਸਕਦੇ ਸਨ, ਜਿਨ੍ਹਾਂ ਨੂੰ ਉਨ੍ਹਾਂ ਨੇ ਮਾਰਚ, 2001 ਵਿੱਚ ਬੰਬਾਂ ਨਾਲ਼ ਉਡਾ ਦਿੱਤਾ ਸੀ, ਉਨ੍ਹਾਂ ਤੋਂ ਹੋਰ ਕਿਤਨੀ ਕੁ ਆਸ ਰੱਖੀ ਜਾ ਸਕਦੀ ਹੈ? ਬੇਸ਼ਕ ਨਵੇਂ ਤਾਲਿਬਾਨ ਹਾਕਮਾਂ ਵਲੋਂ ਕਿਹਾ ਜਾ ਰਿਹਾ ਹੈ ਕਿ ਉਹ ਬਦਲ ਗਏ ਹਨ, ਪਰ ਨਾਲ਼ ਹੀ ਕਹਿ ਰਹੇ ਹਨ ਕਿ ਸਾਰਾ ਕੁਝ ਇਸਲਾਮਕਿ ਸ਼ਰੀਆ ਕਨੂੰਨ ਅਨੁਸਾਰ ਹੋਵੇਗਾ? ਇਸਦਾ ਕੀ ਮਤਲਬ ਲਿਆ ਜਾਵੇ? ਅੱਗੋਂ ਇਹ ਕਿਸ ਕਿਸਮ ਦੇ ਗੁੱਲ ਖਿਲਾਉਣਗੇ, ਇਹ ਤਾਂ ਸਮਾਂ ਹੀ ਦੱਸੇਗਾ, ਹੁਣ ਉਹ ਸਿਰਫ ਅਮਰੀਕਨ ਫੌਜਾਂ ਦੀ 31 ਅਗਸਤ ਤੱਕ ਵਾਪਸੀ ਦੀ ਹੀ ਉਡੀਕ ਕਰ ਰਹੇ ਹਨ, ਜਦੋਂ ਸਾਰਾ ਕੰਟਰੋਲ ਕਰ ਲੈਣਗੇ, ਫਿਰ ਹੀ ਉਨ੍ਹਾਂ ਦੇ ਅਸਲੀ ਰੰਗ ਦੁਨੀਆਂ ਦੇ ਸਾਹਮਣੇ ਆਉਣਗੇ ਤੇ ਸਾਨੂੰ ਇਸਦਾ ਫੈਸਲਾ ਹਾਲੇ ਭਵਿੱਖ ਤੇ ਹੀ ਛੱਡ ਦੇਣਾ ਚਾਹੀਦਾ ਹੈ?

ਅਫਗਾਨਿਸਤਾਨ ਵਿੱਚ ਤਾਲਿਬਾਨਾਂ ਦੇ ਕਬਜ਼ੇ ਤੋਂ ਬਾਅਦ ਬਦਲੇ ਹਾਲਾਤਾਂ ਵਿੱਚ ਜਦੋਂ ਅਸੀਂ ਇਸਨੂੰ ਪੰਜਾਬ ਦੇ ਸੰਦਰਭ ਤੋਂ ਦੇਖਦੇ ਹਾਂ ਤਾਂ ਖਾਲਸਾ ਰਾਜ ਦੀ ਚਾਹਨਾ ਰੱਖਣ ਵਾਲ਼ੇ ਬਹੁਤ ਸਾਰੇ ਸਿੱਖ ਵਿਦਵਾਨਾਂ ਦੀਆਂ ਲਿਖਤਾਂ ਤੇ ਸੋਸ਼ਲ ਮੀਡੀਆ ਤੇ ਪੋਸਟਾਂ ਤੋਂ ਇਵੇਂ ਲਗਦਾ ਹੈ, ਜਿਵੇਂ ਤਾਲੀਬਾਨਾਂ ਦੇ ਆਉਣ ਨਾਲ਼ ਖਾਲਿਸਤਾਨ ਲਈ ਰਾਹ ਖੁੱਲ੍ਹ ਗਿਆ ਹੋਵੇ? ਸਿੱਖ ਚਿੰਤਕ ਕਰਮਜੀਤ ਸਿੰਘ ਆਪਣੀ ਇੱਕ ਫੇਸਬੁੱਕ ਪੋਸਟ ਵਿੱਚ ਤਾਲਿਬਾਨਾਂ ਦੀ ਪ੍ਰਸੰਸਾ ਕਰਦੇ ਹੋਏ ਕਹਿੰਦੇ ਹਨ: '...ਬਾਕੀ ਤਾਲਿਬਾਨ ਵਰਤਾਰੇ ਤੋਂ ਸਿੱਖਣ ਵਾਲ਼ੀ ਅਹਿਮ ਗੱਲ ਰਾਜਨੀਤਕ ਸੰਗਠਨ ਤੇ ਇਸਦੀ ਆਰਥਿਕ ਤਾਕਤ ਨੂੰ ਦੁਸ਼ਮਣ ਤਾਕਤ ਤੋਂ ਬਚਾ ਕੇ ਦਹਾਕਿਆਂ ਤੱਕ ਜੰਗ ਜਾਰੀ ਰੱਖਣ ਦੀ ਨੀਤੀ ਹੈ।' ਕੀ ਅਫਗਾਨਿਸਤਾਨ ਜਾਂ ਤਾਲਿਬਾਨਾਂ ਦੀ ਮੌਜੂਦਾ ਪੰਜਾਬ ਦੇ ਹਾਲਾਤਾਂ ਜਾਂ ਸਿੱਖਾਂ ਨਾਲ਼ ਕਿਸੇ ਵੀ ਪੱਖ ਤੋਂ ਤੁਲਨਾ ਕੀਤੀ ਜਾ ਸਕਦੀ? ਅਫਗਾਨਿਸਤਾਨ ਦਾ ਪਿਛਲ਼ੇ 40-50 ਸਾਲਾਂ ਦਾ ਸੰਤਾਪ ਅਸੀਂ ਉਪਰ ਪੜ੍ਹ ਲਿਆ ਹੈ ਕਿ ਕਿਵੇਂ ਇਹ ਦੋ ਸੁਪਰ ਪਾਵਰਾਂ ਦਾ ਭੇੜ ਸੀ, ਜਿਸਦਾ ਅਫਗਾਨਿਸਤਾਨ ਜਾਂ ਉਥੇ ਦੇ ਲੋਕਾਂ ਨਾਲ਼ ਕੋਈ ਮਤਲਬ ਨਹੀਂ ਸੀ।ਉਨ੍ਹਾਂ ਦੀ ਧਰਤੀ ਅਤੇ ਲੋਕਾਂ ਨੂੰ ਸਿਰਫ ਵਰਤਿਆ ਹੀ ਗਿਆ ਸੀ? ਅੱਜ ਵੀ ਹਾਲਤ ਕੋਈ ਵੱਖਰੇ ਨਹੀਂ ਹਨ।ਤਾਲਿਬਾਨ ਆਪਣੀ ਤਾਕਤ ਜਾਂ ਪੈਸੇ ਨਾਲ਼ ਨਹੀਂ, ਇਨ੍ਹਾਂ ਸੁਪਰ ਪਾਵਰਾਂ ਦੀ ਤਾਕਤ, ਪੈਸੇ ਤੇ ਨੀਤੀ ਨਾਲ਼ ਹੀ ਲੜੇ, ਮਰੇ ਹਨ।ਇਸਦੇ ਮੁਕਾਬਲੇ ਪੰਜਾਬ ਵਿੱਚ ਕਿਸੇ ਵਿਦੇਸ਼ੀ ਛੋਟੀ ਜਾਂ ਵੱਡੀ ਤਾਕਤ ਦੀ ਕੋਈ ਰੁਚੀ ਨਹੀਂ, ਨਾ ਹੀ ਇਸ ਵਕਤ ਪੰਜਾਬ ਨੂੰ ਭੂਗੋਲਿਕ ਤੌਰ ਤੇ ਇੰਡੀਆ ਦੇ ਖਿਲਾਫ ਵਰਤਣ ਦੀ ਹੀ ਕਿਸੇ ਦੀ ਕੋਈ ਦਿਲਚਸਪੀ ਹੈ।ਪਾਕਿਸਤਾਨ ਥੋੜਾ ਬਹੁਤ ਕਸ਼ਮੀਰ ਦੇ ਨਜ਼ਰੀਏ ਤੋਂ ਸਿੱਖਾਂ ਨੂੰ ਉਤਨਾ ਕੁ ਵਰਤਣਾ ਚਾਹੁੰਦਾ ਹੈ, ਜਿਤਨੇ ਨਾਲ਼ ਭਾਰਤ ਵਿੱਚ ਗੜਬੜ ਕਰ ਸਕੇ, ਇਸ ਤੋਂ ਵੱਧ ਉਸਦੀ ਵੀ ਸਿੱਖਾਂ ਵਿੱਚ ਕੋਈ ਦਿਲਚਸਪੀ ਨਹੀਂ? ਇੱਕ ਹੋਰ ਵੱਡਾ ਪੱਖ ਇਹ ਵੀ ਹੈ ਕਿ ਪੰਜਾਬ ਦੇ ਬਹੁ-ਗਿਣਤੀ ਸਿੱਖਾਂ ਦੀ ਵੀ ਕਿਸੇ ਵੱਖਰੇ ਸਿੱਖ ਰਾਜ ਆਦਿ ਵਿੱਚ ਕੋਈ ਦਿਲਚਸਪੀ ਨਹੀਂ ਦਿਸਦੀ? ਜਿਸ ਤਰ੍ਹਾਂ ਸ. ਕਰਮਜੀਤ ਸਿੰਘ ਹੋਰਾਂ ਕਿਹਾ ਹੈ ਕਿ ਸਾਨੂੰ ਤਾਲਿਬਾਨ ਵਰਤਾਰੇ ਤੋਂ ਸਿੱਖਣ ਦੀ ਲੋੜ ਹੈ, ਵਿੱਚ ਕੋਈ ਦਮ ਨਹੀਂ ਲਗਦਾ? ਸਗੋਂ ਸਾਨੂੰ ਇਸ ਮਨਹੂਸ ਤੇ ਮਨੁੱਖਤਾ ਵਿਰੋਧੀ ਵਰਤਾਰੇ ਤੋਂ ਸਾਵਧਾਨ ਹੋਣ ਦੀ ਲੋੜ ਹੈ ਕਿ ਕਿਤੇ ਅਸੀਂ ਕਿਸੇ ਵਿਦੇਸ਼ੀ ਤਾਕਤ ਦੇ ਜ਼ਾਲ਼ ਵਿੱਚ ਫਸ ਕੇ ਅਫਗਾਨਿਸਤਾਨ ਵਾਂਗ, ਪੰਜਾਬ ਦਾ ਨੁਕਸਾਨ ਨਾ ਕਰਾ ਬੈਠੀਏ? ਸਾਡੀ ਸਮਝ ਅਨੁਸਾਰ ਪੰਜਾਬ ਤੇ ਸਿੱਖਾਂ ਦਾ ਹਿੱਤ ਇਸ ਵਿੱਚ ਹੈ ਕਿ ਸਿੱਖਾਂ ਨੂੰ ਪੰਜਾਬ ਵਿੱਚ ਬਹੁ-ਗਿਣਤੀ ਹੋਣ ਕਰਕੇ (ਬੇਸ਼ਕ ਹੁਣ ਇਹ ਗਿਣਤੀ ਘਟ ਰਹੀ ਹੈ) ਪੰਜਾਬ ਦੇ ਦੂਜੇ ਭਾਈਚਾਰਿਆਂ ਨੂੰ ਨਾਲ਼ ਲੈ ਕੇ ਚੱਲਣ ਦੀ ਲੋੜ ਹੈ? ਜੇ ਸਿੱਖਾਂ ਦੇ ਕਿਸੇ ਹਿੱਸੇ ਦਾ ਵੱਖਰੇ ਸਿੱਖ ਰਾਜ ਤੋਂ ਬਿਨਾਂ ਨਹੀਂ ਵੀ ਸਰਦਾ ਤਾਂ ਵੀ ਪੰਜਾਬ ਦੇ ਹਿੰਦੂਆਂ, ਦਲਿਤਾਂ ਤੇ ਹੋਰ ਭਾਈਚਾਰਿਆਂ ਦੇ ਸਹਿਯੋਗ ਤੋਂ ਬਿਨਾਂ ਕੁਝ ਵੀ ਪ੍ਰਪਾਤੀ ਨਹੀਂ ਕੀਤੀ ਜਾ ਸਕਦੀ? ਸਿਰਫ ਸਿੱਖਾਂ ਦੇ ਇੱਕ ਛੋਟੇ ਜਿਹੇ ਸੈਕਸ਼ਨ ਦੀਆਂ ਆਪਣੀਆਂ ਵੱਖਰੇ ਰਾਜ ਦੀਆਂ ਉਮੰਗਾਂ ਕਰਕੇ ਪਿਛਲੇ 40-50 ਸਾਲ਼ਾਂ ਵਿੱਚ ਪੰਜਾਬ ਤੇ ਖਾਸਕਰ ਸਿੱਖਾਂ ਦਾ ਬਹੁਤ ਨੁਕਸਾਨ ਹੋ ਚੁੱਕਾ ਹੈ।ਸਾਨੂੰ ਹੁਣ ਸਿਆਣਪ ਨਾਲ਼ ਪੰਜਾਬ ਦੇ ਭਲੇ ਨੂੰ ਮੁੱਖ ਰੱਖ ਕੇ ਸੋਚਣ ਦੀ ਲੋੜ ਹੈ? ਸਿੱਖਾਂ ਦੇ ਮਸਲੇ ਹੁਣ ਪੰਜਾਬ ਤੋਂ ਵੀ ਉਪਰ ਗਲੋਬਲ ਬਣ ਚੁੱਕੇ ਹਨ।ਸਿਰਫ ਸਿੱਖਾਂ ਦੇ ਹੀ ਨਹੀਂ, ਸਾਰੇ ਸੰਸਾਰ ਦੇ ਮਸਲੇ ਸਾਂਝੇ ਹੋ ਚੁੱਕੇ ਹਨ? ਅਫਗਾਨਿਸਤਾਨ ਵਿੱਚ ਜੋ ਵਾਪਰਿਆ ਹੈ ਤੇ ਵਾਪਰ ਰਿਹਾ ਹੈ, ਉਹ ਅਮਰੀਕਾ ਦੀ ਸਹਿਮਤੀ ਤੋਂ ਬਿਨਾਂ ਸੰਭਵ ਨਹੀਂ ਹੈ? ਤਾਲਿਬਾਨਾਂ ਨੂੰ ਬਿਨਾਂ ਕਿਸੇ ਵਿਰੋਧ ਦੇ ਕਾਬਿਜ ਕਰਾਉਣਾ ਕਿਸੇ ਪਲੈਨ ਤੋਂ ਬਿਨਾਂ ਸੰਭਵ ਨਹੀਂ ਸੀ? ਅਮਰੀਕਨ ਇਥੋਂ ਕਿਸੇ ਵੀ ਕੀਮਤ ਤੇ ਨਿਕਲਣਾ ਚਾਹੁੰਦੇ ਸਨ, ਹੁਣ ਉਨ੍ਹਾਂ ਦੀ ਇਥੇ ਕੋਈ ਦਿਲਚਸਪੀ ਨਹੀਂ ਸੀ? ਅਮਰੀਕਾ ਅੰਦਰ ਵੀ ਰਾਜਨੀਤਕ ਤੌਰ ਤੇ ਕਾਫੀ ਵਿਰੋਧ ਹੋ ਰਿਹਾ ਸੀ। ਉਨ੍ਹਾਂ ਨੇ ਜੋ ਪ੍ਰਾਪਤ ਕਰਨਾ ਸੀ, ਕਰ ਲਿਆ ਸੀ? ਪਰ ਜਿਸ ਢੰਗ ਨਾਲ਼ ਉਹ ਨਿਕਲੇ ਹਨ, ਉਸਨੇ ਅਫਗਾਨਸਿਤਾਨ ਦੇ ਉਨ੍ਹਾਂ ਲੱਖਾਂ ਲੋਕਾਂ ਦੀ ਆਸ ਤੇ ਪਾਣੀ ਜਰੂਰ ਫੇਰ ਦਿੱਤਾ ਹੈ, ਜੋ ਬਾਕੀ ਦੁਨੀਆਂ ਵਾਂਗ ਅਜ਼ਾਦੀ ਤੇ ਸ਼ਾਂਤੀ ਨਾਲ਼ ਰਹਿਣਾ ਚਾਹੁੰਦੇ ਸਨ? ਜੋ ਪਿਛਲੇ 20 ਸਾਲਾਂ ਤੋਂ ਆਪਣੀਆਂ ਜਾਨਾਂ ਜ਼ੋਖਮ ਵਿੱਚ ਪਾ ਕੇ ਅਮਰੀਕਾ ਤੇ ਨਾਟੋ ਫੋਰਸਾਂ ਦਾ ਸਾਥ ਦੇ ਰਹੇ ਸਨ? ਹੁਣ ਤਾਲੀਬਾਨਾਂ ਕੋਲ਼ ਉਹ ਸਭ ਡੈਟਾ ਵੀ ਪਹੁੰਚ ਚੁੱਕਾ ਹੋਵੇਗਾ ਕਿ ਕੌਣ ਲੋਕ ਇਨ੍ਹਾਂ ਪੱਛਮੀ ਤਾਕਤਾਂ ਦੀ ਤਾਲਿਬਾਨਾਂ ਖਿਲਾਫ ਮੱਦਦ ਕਰਦੇ ਸਨ? ਉਨ੍ਹਾਂ ਲੋਕਾਂ ਦੀ ਸੁਰੱਖਿਆ ਤੇ ਔਰਤਾਂ ਦੇ ਹੱਕਾਂ ਲਈ ਤਾਲਿਬਾਨਾਂ ਤੋਂ ਕੋਈ ਪੱਕਾ ਭਰੋਸਾ ਲਏ ਬਿਨਾਂ ਭੱਜਣਾ, ਅਮਰੀਕਾ ਦੀ ਨੈਤਿਕ ਹਾਰ ਹੈ? ਅਮਰੀਕਾ ਵਲੋਂ ਤਾਲਿਬਾਨਾਂ ਨੂੰ ਅਫਗਾਨਿਸਤਾਨ ਦੀ ਸਾਰੀ ਤਾਕਤ ਪਲੇਟ ਵਿੱਚ ਰੱਖ ਕੇ ਦੇਣ ਨਾਲ਼ ਅਫਗਾਨੀ ਲੋਕਾਂ ਨੂੰ ਸ਼ਰੀਅਤ ਦੇ ਨਾਮ ਹੇਠ ਸੱਤਵੀਂ-ਅੱਠਵੀਂ ਸਦੀ ਦੇ ਇਸਲਾਮਿਕ ਕਬੀਲਾ ਕਲਚਰ ਵੱਲ ਧੱਕ ਦਿੱਤਾ ਗਿਆ ਹੈ? ਜਿਸ ਵਿੱਚੋਂ ਨਿਕਲਣ ਲਈ ਉਹ ਪਿਛਲੇ 50 ਸਾਲਾਂ ਤੋਂ ਸੰਘਰਸ਼ ਕਰ ਰਹੇ ਸਨ? ਹੁਣ ਤਾਲਿਬਾਨ ਰਾਜਨੀਤਕ ਦਾਅ-ਪੇਚ ਤੋਂ ਜਿਤਨੇ ਮਰਜੀ ਸਾਊ ਬਣਨ, ਪਰ ਕੀ ਉਹ ਆਪਣੇ ਇਸਲਾਮਿਕ ਤੇ ਕੱਟੜ ਸ਼ਰੀਅਤ ਵਾਲ਼ੇ ਖਾਸੇ ਨੂੰ ਮਾਡਰਨ ਯੁਗ ਦੀਆਂ ਮਨੁੱਖੀ ਬਰਾਬਰੀ ਤੇ ਲੋਕ-ਤੰਤਰੀ ਕਦਰਾਂ-ਕੀਮਤਾਂ ਅਨੁਸਾਰ ਕਦੇ ਛੱਡਣ ਲਈ ਤਿਆਰ ਹੋਣਗੇ?

ਸਿੱਖ ਵਿਦਵਾਨ ਤਾਲਿਬਾਨੀ ਵਰਤਾਰੇ ਤੋਂ ਕਿਵੇਂ ਬਾਗੋ-ਬਾਗ ਹਨ, ਇਸ ਸਬੰਧੀ ਸ. ਕਰਮਜੀਤ ਸਿੰਘ ਹੋਰਾਂ ਦੀ ਫੇਸਬੁੱਕ ਤੇ ਛਪੀ ਇੱਕ ਪੋਸਟ ਵਿੱਚੋਂ ਕੁਝ ਲਾਈਨਾਂ ਪਾਠਕਾਂ ਦੇ ਵਿਚਾਰਨ ਲਈ ਛੱਡਦੇ ਹਾਂ: 'ਮੇਰੀ ਬੇਨਤੀ ਹੈ ਕਿ ਤਾਲਿਬਾਨ ਵਰਤਾਰੇ ਨੂੰ ਚੌਕਸ ਰਹਿ ਕੇ ਹਮਦਰਦੀ ਨਾਲ਼ ਵੇਖਿਆ ਜਾਵੇ ਕਿਉਂਕਿ ਜਨੂੰਨ, ਸਿਰੜ, ਸਿਦਕ-ਦਿਲੀ ਤੇ ਨਿਸ਼ਾਨੇ ਉਤੇ ਕਾਇਮ ਰਹਿਣ ਦੀ ਜੋ ਦ੍ਰਿੜਤਾ, ਉਨ੍ਹਾਂ ਨੇ ਵਿਖਾਈ ਹੈ, ਉਸ ਤੋਂ ਸਿੱਖਾਂ ਨੂੰ ਸਬਕ ਸਿੱਖਣ ਦੀ ਲੋੜ ਹੈ? ਹਾਲਾਂਕਿ ਇਹ ਬਰਕਤਾਂ ਪਵਿੱਤਰ ਰੂਪ ਵਿੱਚ ਸਾਡੇ ਇਤਿਹਾਸ ਅੰਦਰ ਪਹਿਲਾਂ ਵੀ ਸਾਕਾਰ ਹੁੰਦੀਆਂ ਰਹੀਆਂ ਹਨ। ਸਾਨੂੰ ਇਸ ਪੱਖ ਤੋਂ ਵਿਚਾਰਨ ਦੀ ਲੋੜ ਹੈ ਤਾਂ ਜੋ ਖਾਲਸਾ ਪੰਥ ਵਿੱਚ ਉਚ ਕੋਟੀ ਦੇ ਗਿਆਨ ਦਾ ਅੰਮ੍ਰਿਤ ਵੇਲਾ ਸਾਡੇ ਆਕਾਸ਼ ਉਤੇ ਵੀ ਚੜ੍ਹ ਸਕੇ? ਸਾਡੇ ਬਹੁਤੇ ਲੋਕ ਬੇਖਬਰ ਹਨ, ਪਰ ਉਹ ਇਹ ਨਹੀਂ ਜਾਣਦੇ ਕਿ ਇਤਿਹਾਸ ਕਦੇ-ਕਦੇ ਉਲਟੀ ਰਫਤਾਰ ਵੀ ਫੜ ਲੈਂਦਾ ਹੈ, ਜੋ ਕਦੇ ਸਾਡੇ ਸੁਪਨਿਆਂ ਵਿੱਚ ਵੀ ਨਹੀਂ ਆਉਂਦੀ ?

Tel.: 403-681-8689
 Email: hparharwriter@gmail.com

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ