Fri, 19 April 2024
Your Visitor Number :-   6982935
SuhisaverSuhisaver Suhisaver

ਪੁਲਾੜ ਦਾ ਸੈਰ-ਸਪਾਟਾ ਜਾਂ ਪੁਲਾੜ ਦਾ ਨਿੱਜੀਕਰਨ -ਸੁਖਵੰਤ ਹੁੰਦਲ

Posted on:- 05-09-2021

suhisaver

12 ਜੁਲਾਈ ਨੂੰ ਵਿਰਜਨ ਗਲੈਕਟਿਕ ਦੇ ਮਾਲਕ ਰਿਚਰਡ ਬਰੈਨਸਨ ਨੇ ਅਤੇ ਫਿਰ 20 ਜੁਲਾਈ ਨੂੰ ਬਲੂ ਓਰੀਜਨ ਦੇ ਮਾਲਕ ਜੈੱਫ ਬੈਜ਼ੋ ਨੇ ਆਪਣੀ ਆਪਣੀ ਕੰਪਨੀ ਦੇ ਰਾਕਟਾਂ `ਤੇ ਪੁਲਾੜ ਵਿੱਚ ਉਡਾਣਾਂ ਭਰੀਆਂ ਹਨ। ਰਿਚਰਡ ਬਰੈਨਸਨ ਸਮੁੰਦਰ ਦੇ ਤਲ ਤੋਂ 53.5 ਮੀਲ ਦੀ ਉਚਾਈ ਤੱਕ ਗਿਆ ਹੈ। ਇਹ ਉਚਾਈ ਉਸ ਉਚਾਈ ਤੋਂ ਸਾਢੇ-ਤਿੰਨ ਮੀਲ ਉੱਪਰ ਹੈ ਜਿਸ ਨੂੰ ਨਾਸਾ (ਨੈਸ਼ਨਲ ਐਰੋਨੌਟਿਕ ਐਂਡ ਸਪੇਸ ਐਡਮਿਨਸਟ੍ਰੇਸ਼ਨ) ਪੁਲਾੜ ਦੀ ਹੇਠਲੀ ਹੱਦ ਸਮਝਦੀ ਹੈ। ਉੱਪਰ ਜਾ ਕੇ ਬਰੈਨਸਨ ਅਤੇ ਉਸ ਦੇ ਸਾਥੀਆਂ ਨੇ ਤਿੰਨ ਮਿੰਟ ਦੇ ਸਮੇਂ ਲਈ ਭਾਰ-ਰਹਿਤ ਹੋਣ ਦਾ ਅਨੁਭਵ ਕੀਤਾ ਅਤੇ ਉਸ ਉਚਾਈ ਤੋਂ ਆਲੇ ਦੁਆਲੇ ਦੇ ਨਜ਼ਾਰਿਆਂ ਦਾ ਆਨੰਦ ਮਾਣਿਆ। ਜੈੱਫ ਬੈਜ਼ੋ ਸਮੁੰਦਰ ਦੇ ਤਲ ਤੋਂ 66 ਕੁ ਮੀਲ ਦੀ ਉਚਾਈ ਤੱਕ ਗਿਆ। ਇਹ ਉਚਾਈ ਉਸ ਉਚਾਈ ਤੋਂ ਕੁੱਝ ਕੁ ਮੀਲ ਉੱਪਰ ਹੈ ਜਿਸ ਨੂੰ ਵਰਲਡ ਏਅਰ ਸਪੋਰਟਸ ਫੈਡਰੇਸ਼ਨ ਪੁਲਾੜ ਦੀ ਹੇਠਲੀ ਹੱਦ ਸਮਝਦੀ ਹੈ। ਇਸ ਉਚਾਈ `ਤੇ ਜਾ ਕੇ ਬੈਜ਼ੋ ਅਤੇ ਉਸ ਦੇ ਸਾਥੀਆਂ ਨੇ ਵੀ ਤਿੰਨ ਕੁ ਮਿੰਟ ਦੇ ਸਮੇਂ ਲਈ ਭਾਰ-ਰਹਿਤ ਹੋਣ ਦਾ ਅਨੁਭਵ ਕੀਤਾ ਅਤੇ ਆਲੇ ਦੁਆਲੇ ਦੇ ਸੁੰਦਰ ਨਜ਼ਾਰਿਆਂ ਦਾ ਆਨੰਦ ਮਾਣਿਆ।

ਇਹਨਾਂ ਉਡਾਣਾਂ ਦੀ ਕਾਮਯਾਬੀ ਤੋਂ ਬਾਅਦ ਬਰੈਨਸਨ, ਬੈਜ਼ੋ ਅਤੇ ਉਹਨਾਂ ਦੀ ਇਸ ਪ੍ਰਾਪਤੀ `ਤੇ ਤਾੜੀਆਂ ਮਾਰਨ ਵਾਲੇ ਲੋਕਾਂ ਨੇ ਬਿਆਨ ਦਿੱਤੇ ਹਨ ਕਿ ਇਹਨਾਂ ਉਡਾਣਾਂ ਨਾਲ ਪੁਲਾੜ ਦੀ ਯਾਤਰਾ ਵਿੱਚ ਇਕ "ਨਵੇਂ ਯੁੱਗ" ਦੀ ਸ਼ੁਰੂਆਤ ਹੋ ਗਈ ਹੈ। ਇਹ ਨਵਾਂ ਯੁੱਗ ਮਨੁੱਖਤਾ ਲਈ ਬਹੁਤ ਸਾਰੇ ਫਾਇਦੇ ਲੈ ਕੇ ਆਵੇਗਾ। ਬਰੈਨਸਨ, ਬੈਜ਼ੋ ਅਤੇ ਐਲਨ ਮਸਕ ਦੀਆਂ ਕੰਪਨੀਆਂ ਵਲੋਂ ਵਿਕਸਤ ਕੀਤੀ ਜਾ ਰਹੀ ਤਕਨੌਲੌਜੀ ਪੁਲਾੜ ਤਕਨੌਲੌਜੀ ਵਿੱਚ ਸੁਧਾਰ ਕਰੇਗੀ। ਇਸ ਨਾਲ ਪੁਲਾੜ ਸੈਰ-ਸਪਾਟੇ ਨੂੰ ਹੁਲਾਰਾ ਮਿਲੇਗਾ ਅਤੇ ਇਹ ਵੱਧ ਤੋਂ ਵੱਧ ਲੋਕਾਂ ਦੀ ਪਹੁੰਚ ਵਿੱਚ ਆ ਜਾਵੇਗਾ। ਪੁਲਾੜ ਵਿੱਚ ਖਣਿਜ ਪਦਾਰਥਾਂ ਦੇ ਬਹੁਤ ਵੱਡੇ ਭੰਡਾਰ ਹਨ ਅਤੇ ਸਾਨੂੰ ਉਨ੍ਹਾਂ ਨੂੰ ਕੱਢਣ (ਮਾਈਨ ਕਰਨ) ਦੇ ਮੌਕੇ ਮਿਲਣਗੇ। ਅਸੀਂ ਭਵਿੱਖ ਵਿੱਚ ਖਾਣਾਂ `ਚੋਂ ਖਣਿਜ ਕੱਢਣ ਦੇ ਕਾਰਜ ਅਤੇ ਭਾਰੀ ਸਨਅਤ (ਹੈਵੀ ਇੰਡਸਟਰੀ) ਨੂੰ ਪੁਲਾੜ ਵਿੱਚ ਲੈ ਜਾਵਾਂਗੇ, ਜਿਸ ਨਾਲ ਧਰਤੀ ਤੋਂ ਪ੍ਰਦੂਸ਼ਨ ਘਟੇਗਾ ਅਤੇ ਮੌਸਮਾਂ ਦੀ ਤਬਦੀਲੀ (ਕਲਾਈਮੇਟ ਚੇਂਜ) ਵਰਗੀਆਂ ਵਾਤਾਵਰਨ ਦੇ ਸੰਕਟ ਨਾਲ ਸੰਬੰਧਿਤ ਮੁਸ਼ਕਿਲਾਂ ਨੂੰ ਹੱਲ ਕਰਨ ਵਿੱਚ ਮਦਦ ਮਿਲੇਗੀ।

ਦੂਸਰੇ ਪਾਸੇ ਇਹਨਾਂ ਉਡਾਣਾਂ ਨੂੰ ਆਲੋਚਨਾਤਮਕ ਦ੍ਰਿਸ਼ਟੀ ਨਾਲ ਦੇਖਣ ਵਾਲੇ ਲੋਕ ਇਹਨਾਂ ਉਡਾਣਾਂ ਦੀ ਕਾਮਯਾਬੀ `ਤੇ ਤਾੜੀਆਂ ਮਾਰਨ ਦੀ ਥਾਂ ਇਹਨਾਂ ਉਡਾਣਾਂ ਬਾਰੇ ਕਈ ਤਰ੍ਹਾਂ ਦੇ ਸਵਾਲ ਉਠਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਇਹ ਖਰਬਾਂਪਤੀ ਅੱਜ ਪੁਲਾੜ ਦੀ ਹੇਠਲੀ ਹੱਦ ਤੱਕ ਇਸ ਲਈ ਜਾ ਸਕੇ ਹਨ, ਕਿਉਂਕਿ ਪਿਛਲੇ 60-70 ਸਾਲਾਂ ਦੇ ਸਮੇਂ ਦੌਰਾਨ ਸਰਕਾਰਾਂ ਵਲੋਂ ਖਰਚੇ ਕਰਕੇ ਪੁਲਾੜ ਨਾਲ ਸੰਬੰਧਿਤ ਇਕ ਬੁਨਿਆਦੀ ਢਾਂਚਾ ਤਿਆਰ ਕੀਤਾ ਗਿਆ ਸੀ, ਜਿਹੜੀ ਤਕਨੌਲੌਜੀ ਦੇ ਘਨੇੜੀ ਚੜ੍ਹ ਕੇ ਇਹ ਖਰਬਾਂਪਤੀ ਪੁਲਾੜ ਵਿੱਚ ਪਹੁੰਚੇ ਹਨ, ਉਹ ਪਹਿਲਾਂ ਹੀ ਸਰਕਾਰੀ ਖਰਚੇ `ਤੇ ਤਿਆਰ ਹੋ ਚੁੱਕੀ ਸੀ। ਪੁਲਾੜ ਦੇ ਸੈਰ ਸਪਾਟੇ ਲਈ ਇਹ ਜਿਹੜੀ ਦੌੜ ਸ਼ੁਰੂ ਹੋਈ ਹੈ, ਇਸ ਦੇ ਵਾਤਾਵਰਨ ਦੇ ਸੰਕਟ ਨਾਲ ਸੰਬੰਧਿਤ ਆਲਮੀ ਤਪਸ਼ (ਗਲੋਬਲ ਵਾਰਮਿੰਗ) `ਤੇ ਕੀ ਅਸਰ ਪਏਗਾ? ਪੁਲਾੜ ਵਿੱਚ ਮਾਈਨਿੰਗ ਦੇ ਕਾਰਜ ਨਾਲ ਕਿਸ ਤਰ੍ਹਾਂ ਦਾ ਪ੍ਰਦੂਸ਼ਨ ਫੈਲੇਗਾ? ਸਾਨੂੰ ਇਨ੍ਹਾਂ ਸਵਾਲ `ਤੇ ਗੌਰ ਕਰਨਾ ਪਵੇਗਾ। ਸਭ ਤੋਂ ਵੱਡੀ ਗੱਲ ਅੰਤਰਰਾਸ਼ਟਰੀ ਕਾਨੂੰਨ ਅਨੁਸਾਰ ਪੁਲਾੜ ਨੂੰ ਸਾਰੀ ਮਨੁੱਖਤਾ ਦੀ ਸਾਂਝੀ ਮਲਕੀਅਤ ਮੰਨਿਆ ਗਿਆ ਹੈ। ਹੁਣ ਜਦੋਂ ਪ੍ਰਾਈਵੇਟ ਕਾਰਪੋਰੇਸ਼ਨਾਂ ਪੁਲਾੜ `ਤੇ ਮਾਈਨਿੰਗ ਕਰਨ ਅਤੇ ਬਸਤੀਆਂ ਵਸਾਉਣ ਦੀ ਗੱਲ ਕਰ ਰਹੀਆਂ ਹਨ, ਤਾਂ ਇਸ ਨਾਲ 'ਪੁਲਾੜ ਮਨੁੱਖਤਾ ਦੀ ਸਾਂਝੀ ਮਲਕੀਅਤ ਹੈ' ਦੇ ਦਾਅਵੇ `ਤੇ ਕੀ ਅਸਰ ਪਏਗਾ?  ਇਹ ਲੋਕ ਇਹ ਗੱਲ ਤਾਂ ਮੰਨਦੇ ਹਨ ਕਿ ਪ੍ਰਾਈਵੇਟ ਕਾਰਪੋਰੇਸ਼ਨਾਂ ਵੱਲੋਂ ਪੁਲਾੜ ਨਾਲ ਸੰਬੰਧਿਤ ਇਨ੍ਹਾਂ ਸਰਗਰਮੀਆਂ ਨਾਲ ਇਕ 'ਨਵੇਂ ਯੁੱਗ' ਦੀ ਸ਼ੁਰੂਆਤ ਹੋ ਰਹੀ ਹੈ, ਪਰ ਇਸ 'ਨਵੇਂ ਯੁੱਗ' ਦਾ ਨਤੀਜਾ ਸਮੁੱਚੀ ਮਨੱੁਖਤਾ ਦੀ ਭਲਾਈ ਵਿੱਚ ਨਿਕਲੇ, ਇਸ ਬਾਰੇ ਉਹ ਵੱਡੇ ਸਵਾਲ ਖੜ੍ਹੇ ਕਰ ਰਹੇ ਹਨ।     

ਇਹਨਾਂ ਵਿਚਾਰਾਂ ਨੂੰ ਧਿਆਨ ਵਿੱਚ ਰੱਖਦਿਆਂ ਹੁਣ ਅਸੀਂ ਪੁਲਾੜ ਨਾਲ ਸੰਬੰਧਿਤ ਇਹਨਾਂ ਸਰਗਰਮੀਆਂ ਨਾਲ ਜੁੜੇ ਕੁੱਝ ਪੱਖਾਂ ਬਾਰੇ ਗੱਲ ਕਰਾਂਗੇ। ਸਭ ਤੋਂ ਪਹਿਲੀ ਗੱਲ ਪੁਲਾੜ ਦੇ ਸੈਰ ਸਪਾਟੇ ਬਾਰੇ ਕਰਦੇ ਹਾਂ। ਪੁਲਾੜ ਦੀ ਸੈਰ ਬਾਰੇ ਤਿੰਨ ਤਰ੍ਹਾਂ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਸਭ ਤੋਂ ਪਹਿਲੀ ਵਿੱਚ ਪੁਲਾੜ ਦੀ ਹੇਠਲੀ ਹੱਦ ਤੱਕ ਰਾਕਟ ਦੇ ਝੂਟੇ ਬਾਰੇ ਕਿਹਾ ਜਾ ਰਿਹਾ ਹੈ ਜਿਸ ਤਰ੍ਹਾਂ ਰਿਚਰਡ ਬਰੈਨਸਨ ਅਤੇ ਜੈੱਫ ਬੈਜ਼ੋ ਨੇ ਕੀਤਾ ਹੈ। ਇਸ ਝੂਟੇ ਦੀ ਕੀਮਤ ਪ੍ਰਤੀ ਵਿਅਕਤੀ  2 ਤੋਂ 3 ਲੱਖ ਡਾਲਰ ਵਿਚਕਾਰ ਦੱਸੀ ਜਾ ਰਹੀ ਹੈ। ਦੂਸਰੀ ਪੇਸ਼ਕਸ਼ ਵਿੱਚ ਧਰਤੀ ਦੇ ਆਰਬਿਟ ਤੱਕ ਲੈ ਕੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ। ਇਸ ਵਿੱਚ ਜਾਣ ਵਾਲੇ ਲੋਕ ਧਰਤੀ ਦੇ ਆਰਬਿਟ ਵਿੱਚ ਕੁੱਝ ਦਿਨ ਲੰਘਾਉਣਗੇ। ਇਸ ਦਾ ਟੈਸਟ ਕਰਨ ਲਈ ਐਲਨ ਮਸਕ ਦੀ ਕੰਪਨੀ ਸਪੇਸ ਐਕਸ ਇਸ ਸਾਲ ਦੇ ਸਤੰਬਰ ਵਿੱਚ ਉਡਾਣ ਭਰੇਗੀ। ਇਸ ਤੋਂ ਬਿਨਾਂ ਉਹ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੱਕ ਦਾ ਪ੍ਰਾਈਵੇਟ ਟ੍ਰਿਪ ਵੀ ਪੇਸ਼ ਕਰੇਗੀ ਅਤੇ ਚੰਦ ਦੁਆਲੇ ਗੇੜਾ ਕੱਢਣ ਦਾ ਵੀ। ਇਸ ਉਡਾਣ `ਤੇ ਜਾਣ ਦਾ ਖਰਚਾ ਲੱਖਾਂ-ਤੋਂ ਕ੍ਰੋੜਾਂ ਡਾਲਰਾਂ ਵਿਚਕਾਰ ਹੋਵੇਗਾ। ਉਦਾਹਰਨ ਲਈ ਸੰਨ 2001 ਵਿੱਚ ਇਕ ਅਮਰੀਕਨ ਬਿਜ਼ਨਿਸਮੈਨ ਡੈਨਿਸ ਟੀਟੋ ਨੇ ਸਪੇਸ ਐਡਵੈਂਚਰ ਕੰਪਨੀ ਨੂੰ ਇੰਟਰਨੈਸ਼ਨਲ ਸਪੇਸ ਸਟੇਸ਼ਨ `ਤੇ ਜਾਣ ਲਈ 2 ਕ੍ਰੋੜ (20 ਮਿਲੀਅਨ) ਡਾਲਰ ਦੇ ਕਰੀਬ ਪੈਸੇ ਦਿੱਤੇ ਸਨ। ਸਪੇਸ ਐਡਵੈਂਚਰ ਨੇ ਉਸ ਸਮੇਂ ਰੂਸੀ ਸਪੇਸ ਏਜੰਸੀ ਰੌਸਕੌਸਮੋਸ ਦੇ ਰੌਕਟ `ਤੇ ਟੀਟੋ ਨੂੰ ਸਪੇਸ ਸਟੇਸ਼ਨ ਵਿੱਚ ਭੇਜਿਆ ਸੀ। ਉਸ ਤੋਂ ਬਾਅਦ ਸਪੇਸ ਐਡਵੈਂਚਰ 6 ਹੋਰ ਲੋਕਾਂ ਨੂੰ ਸਪੇਸ ਸਟੇਸ਼ਨ ਤੱਕ ਲੈ ਕੇ ਗਈ ਸੀ ਅਤੇ ਇਨ੍ਹਾਂ ਸਾਰਿਆਂ ਨੇ ਆਪਣੇ ਆਪਣੇ ਟ੍ਰਿੱਪ ਲਈ 2 ਕ੍ਰੋੜ (20 ਮਿਲੀਅਨ) ਤੋਂ ਲੈ ਕੇ 4 ਕ੍ਰੋੜ (40 ਮਿਲੀਅਨ) ਡਾਲਰ ਤੱਕ ਕੀਮਤ ਦਿੱਤੀ ਸੀ। ਕੁੱਝ ਸਾਲ ਪਹਿਲਾਂ ਅਮਰੀਕਾ ਦੀ ਸਿਲੀਕੌਨ ਵੈਲੀ ਵਿਚਲੀ ਇਕ ਕੰਪਨੀ ਓਰੀਅਨ ਸਪੈਨ ਨੇ ਪੁਲਾੜ ਯਾਤਰਾ ਬਾਰੇ ਆਪਣੀਆਂ ਯੋਜਨਾਵਾਂ ਦਸਦਿਆਂ ਦਾਅਵਾ ਕੀਤਾ ਸੀ ਕਿ ਉਹ ਬਹੁਤ ਛੇਤੀ ਧਰਤੀ ਤੋਂ 200 ਮੀਲ ਦੀ ਉਚਾਈ ਉੱਤੇ ਇਕ ਅਰੋਰਾ ਨਾਂ ਦਾ ਸਪੇਸ ਸਟੇਸ਼ਨ ਸਥਾਪਤ ਕਰੇਗੀ। ਕੰਪਨੀ ਅਨੁਸਾਰ ਇਹ ਸਪੇਸ ਸਟੇਸ਼ਨ ਇਕ 'ਲਗਜ਼ਰੀ ਹੋਟਲ' ਵਰਗਾ ਹੋਵੇਗਾ। ਇਸ ਸਟੇਸ਼ਨ `ਤੇ ਜਾਣ ਲਈ ਕੰਪਨੀ 12 ਦਿਨਾਂ ਦੇ ਇਕ ਟ੍ਰਿੱਪ ਦਾ ਪੈਕੇਜ ਦੇਵੇਗੀ, ਜਿਸ ਦੀ ਕੀਮਤ 95 ਲੱਖ (9.5 ਮਿਲੀਅਨ) ਡਾਲਰ ਹੋਵੇਗੀ। ਉਨ੍ਹਾਂ ਦੇ ਇਸ ਦਾਅਵੇ ਬਾਰੇ ਬਹੁਤ ਸਾਰੇ ਲੋਕਾਂ ਨੇ ਸ਼ੰਕਾ ਜ਼ਾਹਰ ਕੀਤਾ ਸੀ ਕਿ 95 ਲੱਖ ਡਾਲਰ ਵਿੱਚ ਇਕ ਵਿਅਕਤੀ ਨੂੰ 12 ਦਿਨਾਂ ਲਈ ਪੁਲਾੜ ਵਿੱਚ ਰੱਖਣਾ ਸੰਭਵ ਨਹੀਂ ਹੈ। ਫਿਰ ਵੀ ਉਨ੍ਹਾਂ ਦਾ ਦਾਅਵਾ, ਸਾਨੂੰ ਧਰਤੀ ਦੇ ਆਰਬਿਟ ਤੱਕ ਪੁਲਾੜ ਯਾਤਰਾਵਾਂ ਦੀਆਂ ਸੰਭਾਵਨਾਵਾਂ ਦੇ ਦਰਸ਼ਨ ਜ਼ਰੂਰ ਕਰਵਾ ਦਿੰਦਾ ਹੈ। ਪੁਲਾੜ ਯਾਤਰਾ ਬਾਰੇ ਤੀਜੀ ਪੇਸ਼ਕਸ਼ ਵਿੱਚ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੋਂ ਅਗਾਂਹ ਪੁਲਾੜ ਦੇ ਧੁਰ ਅੰਦਰ ਚੰਦ ਤੱਕ ਜਾਣ ਦੀ ਗੱਲ ਕੀਤੀ ਜਾ ਰਹੀ ਹੈ। ਪੁਲਾੜ ਦੀ ਇਸ ਤਰ੍ਹਾਂ ਦੀ ਯਾਤਰਾ ਦੀ ਪੇਸ਼ਕਸ਼ ਕਰਨ ਵਾਲੀ ਇਕ ਕੰਪਨੀ ਸਪੇਸ ਐਡਵੈਂਚਰ ਦਾ ਕਹਿਣਾ ਹੈ ਕਿ ਉਹ ਇਸ ਯਾਤਰਾ ਦੀ ਪਹਿਲੀ ਉਡਾਣ  ਲਈ 15-15 ਕ੍ਰੋੜ (150-150 ਮਿਲੀਅਨ) ਡਾਲਰ ਦੀਆਂ ਦੋ ਟਿਕਟਾਂ ਵੇਚ ਚੁੱਕੀ ਹੈ।

ਜੁਲਾਈ ਵਿੱਚ ਭਰੀਆਂ ਗਈਆਂ ਉਡਾਣਾਂ ਤੋਂ ਬਾਅਦ ਆ ਰਹੀਆਂ ਖਬਰਾਂ ਅਨੁਸਾਰ ਉਪ੍ਰੋਕਤ ਬਿਆਨੀ ਪਹਿਲੀ ਤਰ੍ਹਾਂ ਦੀ ਯਾਤਰਾ ਲਈ ਲੋਕ ਟਿਕਟਾਂ ਖ੍ਰੀਦ ਰਹੇ ਹਨ। ਵਿਰਜਨ ਗਲੈਕਟਿਕ ਦੇ ਸੀ ਈ ਓ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਕੰਪਨੀ ਕੋਲੋਂ 2.5 ਲੱਖ ਡਾਲਰ ਪ੍ਰਤੀ ਟਿਕਟ ਦੇ ਹਿਸਾਬ ਨਾਲ 600 ਲੋਕਾਂ ਨੇ ਟਿਕਟਾਂ ਖ੍ਰੀਦੀਆਂ ਹੋਈਆਂ ਹਨ। ਉਹ ਦੋ ਹੋਰ ਟੈਸਟ ਉਡਾਣਾਂ ਭਰਨਗੇ ਅਤੇ 2022 ਵਿੱਚ ਰੈਗੂਲਰ ਕਮਰਸ਼ੀਅਲ ਫਲਾਈਟਾਂ ਸ਼ੁਰੂ ਕਰਨਗੇ। ਇਸ ਸਮੇਂ ਉਹਨਾਂ ਦਾ ਇਰਾਦਾ ਸਾਲ ਵਿੱਚ 400 ਫਲਾਈਟਾਂ ਸ਼ੁਰੂ ਕਰਨ ਦਾ ਹੈ। ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਦੂਜੀਆਂ ਕੰਪਨੀਆਂ ਵੀ ਆਪਣੀਆਂ ਕਮਰਸ਼ੀਅਲ ਫਲਾਈਟਾਂ ਛੇਤੀ ਹੀ ਸ਼ੁਰੂ ਕਰਨਗੀਆਂ। ਸਾਰੀਆਂ ਕੰਪਨੀਆਂ ਵੱਲੋਂ ਸਾਲ ਵਿੱਚ ਕੁੱਲ ਕਿੰਨੀਆਂ ਫਲਾਈਟਾਂ ਚਲਾਈਆਂ ਜਾਣਗੀਆਂ, ਅਤੇ ਸਪੇਸ ਟੂਰਿਜ਼ਮ ਇੰਡਸਟਰੀ ਕਿੰਨੀ ਕੁ ਹੱਦ ਤੱਕ ਅਤੇ ਕਿੰਨੀ ਕੁ ਤੇਜ਼ੀ ਨਾਲ ਵਧੇਗੀ, ਇਸ ਸਮੇਂ ਇਹ ਗੱਲ ਪੂਰੀ ਤਰ੍ਹਾਂ ਸਪਸ਼ਟ ਨਹੀਂ। ਪਰ ਇਕ ਅੰਦਾਜ਼ੇ ਅਨੁਸਾਰ ਅਗਲੇ ਦਹਾਕੇ ਦੌਰਾਨ ਸਪੇਸ ਟੂਰਿਜ਼ਮ ਇੰਡਸਟਰੀ ਵਿੱਚ ਹਰ ਸਾਲ 17.15 ਫੀਸਦੀ ਦਾ ਵਾਧਾ ਹੋਵੇਗਾ ਅਤੇ ਸੰਨ 2031 ਤੱਕ ਇਹ ਇੰਡਸਟਰੀ 2.58 ਅਰਬ (ਬਿਲੀਅਨ) ਡਾਲਰ ਸਾਲਾਨਾ ਦੀ ਸਨਅਤ ਤੱਕ ਪਹੁੰਚ ਜਾਵੇਗੀ।

ਜੇ ਅਸੀਂ ਵੱਖ ਵੱਖ ਪੁਲਾੜ ਯਾਤਰਾਵਾਂ ਦੀਆਂ ਕੀਮਤਾਂ ਨੂੰ ਦੇਖੀਏ ਤਾਂ ਇਹ ਗੱਲ ਸਪਸ਼ਟਤਾ ਨਾਲ ਕਹਿ ਸਕਦੇ ਹਾਂ ਕਿ ਇਹ ਯਾਤਰਾਵਾਂ ਆਮ ਬੰਦੇ ਲਈ ਨਹੀਂ ਸਗੋਂ ਅਰਬਾਂ/ਖਰਬਾਂ ਪਤੀਆਂ ਲਈ ਹਨ। ਇਹ ਦੇਖਦਿਆਂ ਕੁੱਝ ਲੋਕਾਂ ਦੇ ਮਨ ਵਿੱਚ ਖਿਆਲ ਆ ਸਕਦਾ ਹੈ ਕਿ ਇਹ ਅਮੀਰਾਂ ਦੀਆਂ ਖੇਡਾਂ ਹਨ ਜਾਂ ਅਮੀਰਾਂ ਵੱਲੋਂ ਆਪਣੀ ਦੌਲਤ ਦਾ ਭੱਦਾ ਵਿਖਾਵਾ ਹੈ, ਇਸ ਲਈ ਆਮ ਬੰਦੇ ਦਾ ਇਸ ਨਾਲ ਕੀ ਸੰਬੰਧ। ਉਹ ਇਸ ਬਾਰੇ ਕਿਉਂ ਸੋਚੇ? ਪਰ ਇਸ ਵਰਤਾਰੇ ਨੂੰ ਆਲੋਚਨਾਤਮਕ ਨਜ਼ਰੀਏ ਨਾਲ ਦੇਖਣ ਵਾਲੇ ਲੋਕ ਇਹ ਗੱਲ ਉਭਾਰ ਰਹੇ ਹਨ ਕਿ ਬੇਸ਼ੱਕ ਪੁਲਾੜ ਸੈਰ-ਸਪਾਟੇ ਦੀ ਇਹ ਖੇਡ ਦੇਖਣ ਨੂੰ ਕੁੱਝ ਅਰਬਾਂ/ਖਰਬਾਂ ਪਤੀਆਂ ਦੀ ਹੀ ਖੇਡ ਲੱਗੇ, ਪਰ ਇਸ ਤੋਂ ਨਿਕਲਣ ਵਾਲੇ ਨਤੀਜੇ ਆਮ ਲੋਕਾਂ ਦੇ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦੇ ਹਨ। ਉਦਾਹਰਨ ਲਈ ਉਹ ਇਹਨਾਂ ਯਾਤਰਵਾਂ ਕਾਰਨ ਵਾਤਾਵਰਨ ਨੂੰ ਨੁਕਸਾਨ, ਆਲਮੀ ਤਪਸ਼ (ਗਲੋਬਲ ਵਾਰਮਿੰਗ) ਵਿੱਚ ਵਾਧੇ ਅਤੇ ਮੌਸਮਾਂ ਦੀ ਤਬਦੀਲੀ (ਕਲਾਈਮੇਟ ਚੇਂਜ) ਵਿੱਚ ਵਾਪਰਨ ਵਾਲੀਆਂ ਬਦਤਰ ਸੰਭਾਵਨਾਵਾਂ ਵੱਲ ਧਿਆਨ ਦਿਵਾਾ ਰਹੇ ਹਨ। ਵਾਤਾਵਰਨ ਨਾਲ ਸੰਬੰਧਿਤ ਇਹ ਤਬਦੀਲੀਆਂ ਵਿਸ਼ਵ ਪੱਧਰ `ਤੇ ਗਰਮੀ ਦੀਆਂ ਲਹਿਰਾਂ, ਸੋਕਿਆਂ, ਹੜਾਂ, ਜੰਗਲਾਂ ਦੀਆਂ ਅੱਗਾਂ ਆਦਿ ਵਰਗੀਆਂ ਕੁਦਰਤੀ ਆਫਤਾਂ ਵਿੱਚ ਵਾਧਾ ਕਰਕੇ ਆਮ ਲੋਕਾਂ ਦੇ ਜੀਵਨ ਨੂੰ ਹੋਰ ਬਦਤਰ ਬਣਾ ਸਕਦੀਆਂ ਹਨ।

ਇਹ ਨਵਾਂ ਸ਼ੁਰੂ ਹੋਇਆ ਪੁਲਾੜ ਮੁਕਾਬਲਾ ਵਾਤਾਵਰਨ `ਤੇ ਕਿਸ ਤਰ੍ਹਾਂ ਅਸਰ ਪਾ ਸਕਦਾ ਹੈ, ਇਸ ਬਾਰੇ 19 ਜੁਲਾਈ ਦੇ ਗਾਰਡੀਅਨ ਵਿੱਚ ਇਕ ਆਰਟੀਕਲ ਛਪਿਆ ਹੈ ਜਿਸ ਦਾ ਨਾਂ ਹੈ "ਖਰਬਾਂਪਤੀਆਂ ਦਾ ਇਹ ਪੁਲਾੜ ਮੁਕਾਬਲਾ ਕਿਸ ਤਰ੍ਹਾਂ ਪ੍ਰਦੂਸ਼ਨ ਲਈ ਇਕ ਵੱਡੀ ਪੁਲਾਂਘ ਹੋਵੇਗਾ"। ਇਸ ਆਰਟੀਕਲ ਵਿੱਚ ਬਾਲਣ (ਫਿਊਲ) ਅਤੇ ਇੰਡਸਟਰੀ ਕਾਰਨ ਵਾਯੂਮੰਡਲ `ਤੇ ਪੈਂਦੇ ਅਸਰਾਂ ਦਾ ਅਧਿਐਨ ਕਰਨ ਵਾਲੀ  ਯੂਨੀਵਰਸਿਟੀ ਕਾਲਜ ਲੰਡਨ ਵਿੱਚ ਐਸੌਸੀਏਟਿਡ ਪ੍ਰੋਫੈਸਰ ਐਲੋਈਜ਼ ਮਾਰੇਅ ਪੁਲਾੜ ਦੀਆਂ ਉਡਾਣਾਂ ਕਾਰਨ ਵਾਤਾਵਰਨ `ਤੇ ਪੈਣ ਵਾਲੇ ਅਸਰਾਂ ਬਾਰੇ ਦਸਦੀ ਹੈ। ਉਸ ਅਨੁਸਾਰ ਸਪੇਸ ਐਕਸ ਦੇ ਫਾਲਕਨ 9 ਰਾਕਟ ਬਾਲਣ (ਫਿਊਲ) ਲਈ ਕੈਰੋਸੀਨ ਵਰਤਦੇ ਹਨ ਅਤੇ ਨਾਸਾ ਦੇ ਨਿਊ ਸਪੇਸ ਲਾਂਚ ਸਿਸਟਮ ਵਿਚਲੇ ਰਾਕਟ ਲਿਕੁਇਡ ਹਾਈਡਰੋਜਨ ਵਰਤਦੇ ਹਨ। ਇਹ ਬਾਲਣ ਵਾਯੂਮੰਡਲ ਵਿੱਚ ਕਈ ਤਰ੍ਹਾਂ ਦੇ ਪਦਾਰਥ ਛੱਡਦੇ ਹਨ, ਜਿਵੇਂ ਕਾਰਬਨ-ਡਾਈਔਕਸਾਈਡ, ਪਾਣੀ, ਕਲੋਰੀਨ ਅਤੇ ਕਈ ਹੋਰ ਰਸਾਇਣਕ ਪਦਾਰਥ। ਇਕ ਰਾਕਟ ਲਾਂਚ ਤਕਰੀਬਨ 300 ਟਨ ਕਾਰਬਨ-ਡਾਈਔਕਸਾਈਡ ਵਾਯੂਮੰਡਲ ਵਿੱਚ ਛੱਡਦਾ ਹੈ। ਰਾਕਟਾਂ ਵਲੋਂ ਵਾਯੂਮੰਡਲ ਵਿੱਚ ਛੱਡੇ ਜਾਂਦੇ ਇਹ ਪਦਾਰਥ ਗਰੀਨ ਹਾਊਸਾਂ ਵਾਂਗ ਕੰਮ ਕਰਕੇ ਵਿਸ਼ਵ ਪੱਧਰ `ਤੇ ਆਲਮੀ ਤਪਸ਼ ਦੇ ਵਾਧੇ ਦਾ ਕਾਰਨ ਬਣ ਸਕਦੇ ਹਨ, ਇਹ ਓਜ਼ੋਨ ਦੀ ਤਹਿ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਸੰਬੰਧ ਵਿੱਚ ਛਪੇ ਇਕ ਹੋਰ ਆਰਟੀਕਲ ਵਿੱਚ ਦੱਸਿਆ ਗਿਆ ਹੈ ਕਿ ਵਿਰਜਿਨ ਗਲੈਕਟਿਕ ਵਲੋਂ ਵਰਤਿਆ ਜਾਂਦਾ ਸਪੇਸਸਿ਼ੱਪ ਟੂ, ਇਕ ਤਰ੍ਹਾਂ ਦੀ ਸਿੰਥੈਟਿਕ ਰਬਰ ਨੂੰ ਬਾਲਣ ਦੇ ਤੌਰ `ਤੇ ਵਰਤਦਾ ਹੈ ਅਤੇ ਇਸ ਦੇ ਬਲਣ ਨਾਲ ਨਾਈਟਰਸ ਔਕਸਾਈਡ ਗੈਸ ਪੈਦਾ ਹੁੰਦੀ ਹੈ, ਜਿਹੜੀ ਕਿ ਇਕ ਸ਼ਕਤੀਸ਼ਾਲੀ ਗ੍ਰੀਨ ਹਾਊਸ ਗੈਸ ਹੈ। ਇਸ ਆਰਟੀਕਲ ਵਿੱਚ ਅਗਾਂਹ ਦੱਸਿਆ ਗਿਆ ਹੈ ਕਿ ਇਹ ਬਾਲਣ ਵਾਯੂਮੰਡਲ ਦੇ ਉਪਰਲੇ ਹਿੱਸੇ (ਧਰਤੀ ਤੋਂ 30-50 ਕਿਲੋਮੀਟਰ ਦੀ ਉਚਾਈ `ਤੇ) ਵਿੱਚ ਬਲੈਕ ਕਾਰਬਨ ਛੱਡਦਾ ਹੈ। ਇਸ ਥਾਂ `ਤੇ ਵੱਡੀ ਮਾਤਰਾਂ ਵਿੱਚ ਇਕੱਤਰ ਹੋਏ ਬਲੈਕ ਕਾਰਬਨ ਦੇ ਕਣ (ਪਾਰਟੀਕਲ) ਕਈ ਤਰ੍ਹਾਂ ਦੇ ਅਸਰ ਪਾ ਸਕਦੇ ਹਨ। ਇਹ ਉਜੌਨ ਦੀ ਤਹਿ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਅਤੇ ਸੂਰਜ ਦੀ ਰੋਸ਼ਨੀ ਦੇ ਧਰਤੀ ਤੱਕ ਪਹੁੰਚਣ ਵਿੱਚ ਰੁਕਾਵਟ ਬਣ ਸਕਦੇ ਹਨ ਅਤੇ ਪਰਮਾਣੂ ਸਰਦੀ (ਨਿਊਕਲਿਅਰ ਵਿੰਟਰ ਇਫੈਕਟ) ਪੈਦਾ ਕਰਨ ਦਾ ਕਾਰਨ ਬਣ ਸਕਦੇ ਹਨ।

ਇਸ ਤਰ੍ਹਾਂ ਪੁਲਾੜ ਦੇ ਸੈਰ ਸਪਾਟੇ ਲਈ ਪੁਲਾੜ ਦੀਆਂ ਉਡਾਣਾਂ ਵਿੱਚ ਹੋਣ ਵਾਲੇ ਵਾਧੇ ਕਾਰਨ ਵਾਤਾਵਰਨ `ਤੇ ਇਸ ਤਰ੍ਹਾਂ ਦੇ ਮਾੜੇ ਅਸਰ ਪੈਣ ਦੀਆਂ ਸੰਭਾਵਨਾਵਾਂ ਬਾਰੇ ਖਦਸ਼ੇ ਜ਼ਾਹਿਰ ਕੀਤੇ ਜਾ ਰਹੇ ਹਨ ਅਤੇ ਵਾਤਾਵਰਨ `ਤੇ ਪੈਣ ਵਾਲੇ ਇਹ ਮਾੜੇ ਅਸਰ ਵਿਸ਼ਵ ਪੱਧਰ `ਤੇ ਆਲਮੀ ਤਪਸ਼ (ਗਲੋਬਲ ਵਾਰਮਿੰਗ) ਵਿੱਚ ਵਾਧਾ ਕਰਕੇ ਅਤੇ ਮੌਸਮਾਂ ਦੀ ਤਬਦੀਲੀ (ਕਲਾਈਮੇਟ ਚੇਂਜ) ਨੂੰ ਤੇਜ਼ ਕਰਕੇ ਸਮੁੱਚੀ ਮਨੁੱਖਤਾ ਅਤੇ ਧਰਤੀ ਦੇ ਹੋਰ ਜੀਵ ਜੰਤੂਆਂ ਲਈ ਵੱਡੀਆਂ ਸਮੱਸਿਆਵਾਂ ਖੜ੍ਹੀਆਂ ਕਰ ਸਕਦੇ ਹਨ।   

ਇਨ੍ਹਾਂ ਪੁਲਾੜ ਉਡਾਣਾਂ ਦੀ ਕਾਮਯਾਬੀ ਤੋਂ ਬਾਅਦ ਪੁਲਾੜ ਦੇ ਸੈਰ ਸਪਾਟੇ ਤੋਂ ਇਲਾਵਾ ਪੁਲਾੜ ਵਿੱਚ ਖਣਿਜ ਪਦਾਰਥਾਂ ਦੀ ਮਾਈਨਿੰਗ ਕਰਨ ਦੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਪੁਲਾੜ ਵਿੱਚ ਪਲਾਟੀਨਮ ਗਰੁੱਪ ਨਾਲ ਸੰਬੰਧਿਤ ਧਾਤਾਂ, ਰੇਅਰ ਐਲੀਮੈਂਟ, ਹੀਲੀਅਮ, ਪਾਣੀ, ਲੋਹਾ, ਨਿੱਕਲ, ਸੋਨਾ ਆਦਿ ਧਾਤਾਂ ਦੇ ਵੱਡੇ ਭੰਡਾਰ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ। ਇਕ ਅੰਦਾਜ਼ੇ ਅਨੁਸਾਰ ਪੁਲਾੜ ਵਿੱਚ ਘੱਟੋ ਘੱਟ 700 ਅਰਬ ਅਰਬ (ਬਿਲੀਅਨ ਬਿਲੀਅਨ) ਡਾਲਰ ਦੇ ਕੀਮਤ ਦੇ ਖਣਿਜ ਪਦਾਰਥ ਮੌਜੂਦ ਹਨ। ਇਹਨਾਂ ਖਣਿਜ ਪਦਾਰਥਾਂ ਵਿੱਚੋਂ ਹੀਲੀਅਮ ਊਰਜਾ ਦਾ ਇਕ ਵੱਡਾ ਸ੍ਰੋਤ ਹੋ ਸਕਦੀ ਹੈ ਅਤੇ ਇਸ ਨੂੰ ਇਕ ਸਾਫ ਬਾਲਣ (ਕਲੀਨ ਫਿਊਲ) ਦੱਸਿਆ ਜਾ ਰਿਹਾ ਹੈ। ਚੰਦ `ਤੇ ਪਾਣੀ ਦਾ ਲੱਭਣਾ ਹਾਈਡ੍ਰੋਜ਼ਨ ਫਿਊਲ ਦਾ ਇਕ ਵੱਡਾ ਸ੍ਰੋਤ ਬਣ ਸਕਦਾ ਹੈ। ਇਸ ਲਈ ਹੀ ਚੰਦ `ਤੇ ਪਾਣੀ ਲੱਭਣ ਦੀ ਤੁਲਨਾ ਧਰਤੀ `ਤੇ ਤੇਲ ਲੱਭਣ ਨਾਲ ਕੀਤੀ ਜਾ ਰਹੀ ਹੈ। ਇਕ ਆਰਟੀਕਲ ਵਿੱਚ ਲਿਖਿਆ ਹੈ ਕਿ ਚੰਦ `ਤੇ ਪਾਣੀ ਲੱਭਣ ਨਾਲ ਚੰਦ ਦੀ ਸਥਿਤੀ ਪੁਲਾੜ ਵਿੱਚ ਇਕ ਵੱਡੇ ਗੈਸ ਸਟੇਸ਼ਨ ਵਰਗੀ ਬਣ ਜਾਵੇਗੀ। ਇਸ ਦੇ ਨਾਲ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੁਲਾੜ ਦੀ ਮਾਈਨਿੰਗ ਕਾਰਨ ਸਾਨੂੰ ਕੁੱਝ ਇਸ ਤਰ੍ਹਾਂ ਦੇ ਖਣਿਜ ਪਦਾਰਥ ਮਿਲ ਸਕਦੇ ਹਨ, ਜਿਹੜੇ ਧਰਤੀ `ਤੇ ਨਹੀਂ ਹਨ ਅਤੇ ਇਹ ਖਣਿਜ ਪਦਾਰਥ ਮਨੁੱਖਤਾ ਦੇ ਫਾਇਦੇ ਲਈ ਨਵੀਆਂ ਦਵਾਈਆਂ ਬਣਾਉਣ ਦੇ ਕੰਮ ਆ ਸਕਦੇ ਹਨ।  

ਪੁਲਾੜ ਵਿੱਚ ਖਣਿਜ ਪਦਾਰਥਾਂ ਦੀ ਦੌਲਤ ਤੱਕ ਪਹੁੰਚਣ ਤੋਂ ਇਲਾਵਾ ਮਾਈਨਿੰਗ ਦੀ ਸਨਅਤ ਨੂੰ ਪੁਲਾੜ ਵਿੱਚ ਲਿਜਾਣ ਨਾਲ ਧਰਤੀ ਦੇ ਵਾਤਾਵਰਨ ਨੂੰ ਬਚਾਉਣ ਦੇ ਦਾਅਵੇ ਵੀ ਕੀਤੇ ਜਾ ਰਹੇ ਹਨ। ਇਹਨਾਂ ਦਾਅਵਿਆਂ ਅਨੁਸਾਰ ਮਾਈਨਿੰਗ ਇਕ ਪ੍ਰਦੂਸ਼ਣ ਫੈਲਾਉਣ ਵਾਲੀ ਸਨਅਤ ਹੈ ਅਤੇ ਜੇ ਇਹ ਸਨਅਤ ਪੁਲਾੜ ਵਿੱਚ ਚਲੀ ਜਾਵੇ ਤਾਂ ਇਸ ਸਨਅਤ ਕਾਰਨ ਧਰਤੀ `ਤੇ ਫੈਲਣ ਵਾਲਾ ਪ੍ਰਦੂਸ਼ਣ ਖਤਮ ਹੋ ਜਾਵੇਗਾ। ਬੀ ਬੀ ਸੀ ਦੇ ਸਾਇੰਸ ਫੋਕਸ ਮੈਗਜ਼ੀਨ ਵਿੱਚ ਛਪੇ ਇਕ ਆਰਟੀਕਲ ਵਿੱਚ ਪੁਲਾੜ ਵਿੱਚ ਮਾਈਨਿੰਗ ਕਰਨ ਲਈ ਬਣਾਈ ਗਈ ਯੂ ਕੇ ਸਥਿਤ ਕੰਪਨੀ ਐਸਟਰੌਇਡ ਦਾ ਬਾਨੀ ਮਿੱਚ ਹੰਟਰ-ਸਕੱਲਨ ਕਹਿੰਦਾ ਹੈ ਕਿ ਮਾਈਨਿੰਗ ਅਤੇ ਪ੍ਰਦੂਸ਼ਨ ਫੈਲਾਉਣ ਵਾਲੀਆਂ ਹੋਰ ਸਨਅਤਾਂ ਦੇ ਪੁਲਾੜ ਵਿੱਚ ਜਾਣ ਨਾਲ "ਧਰਤੀ ਸੂਰਜ ਮੰਡਲ ਦਾ ਇਕ ਸੁਰੱਖਿਅਤ ਬਾਗ ਬਣ ਜਾਵੇਗੀ"।

ਪੁਲਾੜ ਵਿੱਚ ਮਾਈਨਿੰਗ ਬਾਰੇ ਕੀਤੇ ਜਾ ਰਹੇ ਇਹਨਾਂ ਦਾਅਵਿਆਂ ਬਾਰੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਪਤਾ ਨਹੀਂ ਕਿ ਪੁਲਾੜ ਵਿੱਚ ਮਾਈਨਿੰਗ ਦਾ ਕਾਰਜ ਸ਼ੁਰੂ ਹੋ ਵੀ ਸਕੇਗਾ ਜਾਂ ਨਹੀਂ। ਜੇ ਇਹ ਹੋ ਸਕੇਗਾ ਤਾਂ ਕਦੋਂ ਹੋ ਸਕੇਗਾ? ਅਗਲੇ ਇਕ ਦੋ ਦਹਾਕਿਆਂ ਵਿੱਚ ਜਾਂ ਇਸ ਨੂੰ ਇਸ ਤੋਂ ਜ਼ਿਆਦਾ ਸਮਾਂ ਲੱਗੇਗਾ? ਦੂਸਰੀ ਗੱਲ ਇਹ ਹੈ ਕਿ ਧਰਤੀ ਉੱਤੇ ਮਾਈਨਿੰਗ ਇਕ ਬਹੁਤ ਹੀ ਪ੍ਰਦੂਸ਼ਣ ਫੈਲਾਉਣ ਵਾਲੀ ਸਨਅਤ ਹੈ। ਕੀ ਪੁਲਾੜ ਵਿੱਚ ਵੀ ਇਸ ਤਰ੍ਹਾਂ ਹੀ ਹੋਵੇਗਾ? ਕੀ ਪੁਲਾੜ ਵਿੱਚਲੇ ਪ੍ਰਦੂਸ਼ਣ ਦਾ ਧਰਤੀ `ਤੇ ਕੋਈ ਅਸਰ ਹੋਵੇਗਾ? ਜੇ ਪੁਲਾੜ ਵਿੱਚ ਮਾਈਨਿੰਗ ਦੇ ਪ੍ਰਦੂਸ਼ਣ ਨਾਲ ਕੋਈ ਨੁਕਸਾਨ ਹੋਵੇਗਾ ਤਾਂ ਉਸ ਲਈ ਕੌਣ ਜ਼ਿੰਮੇਵਾਰ ਹੋਵੇਗਾ? ਧਰਤੀ ਉੱਤੇ ਬਹੁਤੀ ਵਾਰ ਅਜਿਹਾ ਹੁੰਦਾ ਹੈ ਕਿ ਮਾਈਨਿੰਗ ਨਾਲ ਸੰਬੰਧਿਤ ਕਾਰਪੋਰੇਸ਼ਨਾਂ ਮਾਈਨਿੰਗ ਕਾਰਨ ਹੋਏ ਪ੍ਰਦੂਸ਼ਣ ਨਾਲ ਨਿਪਟਣ ਦੀ ਆਪਣੀ ਜ਼ਿੰਮੇਵਾਰੀ ਤੋਂ ਟਾਲਾ ਵੱਟ ਜਾਂਦੀਆਂ ਹਨ ਅਤੇ ਇਸ ਪ੍ਰਦੂਸ਼ਣ ਨਾਲ ਨਿਪਟਣ ਦੀ ਜ਼ਿੰਮੇਵਾਰੀ ਸਥਾਨਕ ਲੋਕਾਂ ਅਤੇ ਸਰਕਾਰਾਂ ਸਿਰ ਪੈ ਜਾਂਦੀ ਹੈ।  ਬਹੁਤੀ ਵਾਰੀ ਕਾਰਪੋਰੇਸ਼ਨਾਂ ਨੂੰ ਪ੍ਰਦੂਸ਼ਣ ਕਾਰਨ ਹੋਏ ਨੁਕਸਾਨ ਨਾਲ ਨਿਪਟਣ ਲਈ ਮਜ਼ਬੂਰ ਕਰਨ ਲਈ ਉਨ੍ਹਾਂ ਨੂੰ ਅਦਾਲਤਾਂ ਵਿੱਚ ਲਿਜਾਣਾ ਪੈਂਦਾ ਹੈ, ਜਿੱਥੇ ਕੇਸ ਸਾਲਾਂ ਬੱਧੀ ਲਟਕਦੇ ਰਹਿੰਦੇ ਹਨ। ਪਰ ਪੁਲਾੜ ਵਿੱਚ ਪ੍ਰਦੂਸ਼ਣ ਬਾਰੇ ਸਾਡੇ ਕੋਈ ਕਾਨੂੰਨ ਹੀ ਨਹੀਂ ਹਨ। ਇਸ ਲਈ ਕਾਰਪੋਰੇਸ਼ਨਾਂ ਨੂੰ ਇਸ ਪ੍ਰਦੂਸ਼ਣ ਦੀ ਜ਼ਿੰਮੇਵਾਰੀ ਉਠਾਉਣ ਲਈ ਕਿਸ ਤਰ੍ਹਾਂ ਮਜ਼ਬੂਰ ਕੀਤਾ ਜਾ ਸਕੇਗਾ? ਜਿਵੇਂ ਪਹਿਲਾਂ ਕਿਹਾ ਗਿਆ ਹੈ ਕਿ ਅਜੇ ਇਹ ਪਤਾ ਨਹੀਂ ਕਿ ਪੁਲਾੜ ਵਿੱਚ ਮਾਈਨਿੰਗ ਲਿਜਾਣ ਲਈ ਕਿੰਨਾ ਸਮਾਂ ਲੱਗੇਗਾ। ਇਸ ਲਈ ਪੁਲਾੜ ਵਿੱਚ ਮਾਈਨਿੰਗ ਲਿਜਾ ਕੇ ਧਰਤੀ ਦੇ ਵਾਤਾਵਰਨ ਨੂੰ ਬਚਾਉਣ ਦੇ ਦਾਅਵਿਆਂ ਦਾ ਕੋਈ ਅਰਥ ਨਹੀਂ ਹੈ। ਦੁਨੀਆ ਭਰ ਦੇ ਵਿਗਿਆਨੀਆਂ ਅਤੇ ਵਾਤਾਵਰਨ ਦੇ ਮਾਹਰਾਂ ਦਾ ਕਹਿਣਾ ਹੈ ਕਿ ਧਰਤੀ ਦੇ ਵਾਤਾਵਰਨ ਨੂੰ ਬਚਾਉਣ ਲਈ ਫੌਰੀ ਐਕਸ਼ਨ ਲੈਣ ਦੀ ਲੋੜ ਹੈ। ਜੇ ਫੌਰੀ ਐਕਸ਼ਨ ਨਾ ਲਿਆ ਗਿਆ ਤਾਂ ਆਲਮੀ ਤਪਸ਼ (ਗਲੋਬਲ ਵਾਰਮਿੰਗ) ਦਾ ਵਰਤਾਰਾ ਉਸ ਪੱਧਰ ਤੱਕ ਪਹੁੰਚ ਜਾਵੇਗਾ, ਜਿੱਥੋਂ ਵਾਪਸ ਪਰਤਣਾ ਮੁਸ਼ਕਿਲ ਹੋ ਜਾਏਗਾ। ਇਸ ਲਈ ਕੁੱਝ ਦਹਾਕਿਆਂ ਬਾਅਦ ਪੁਲਾੜ ਵਿੱਚ ਮਾਈਨਿੰਗ ਲਿਜਾ ਕੇ ਆਲਮੀ ਤਪਸ਼ ਅਤੇ ਮੌਸਮਾਂ ਦੀ ਤਬਦੀਲੀ (ਕਲਾਈਮੇਟ ਚੇਂਜ) ਨੂੰ ਹੱਲ ਕਰਨ ਦੇ ਕੀਤੇ ਜਾ ਰਹੇ ਦਾਅਵਿਆਂ ਨਾਲ ਇਕ ਝੂਠੀ ਉਮੀਦ ਜਗਾਈ ਜਾ ਰਹੀ ਹੈ ਕਿ ਅਸੀਂ ਪੁਲਾੜ ਵਿੱਚ ਜਾ ਕੇ ਇਹ ਮਸਲੇ ਹੱਲ ਕਰ ਲਵਾਂਗੇ, ਅਤੇ ਸਾਨੂੰ ਧਰਤੀ `ਤੇ ਕੋਈ ਐਕਸ਼ਨ ਲੈਣ ਦੀ ਲੋੜ ਨਹੀਂ ਹੈ। ਇਕ ਤਰ੍ਹਾਂ ਨਾਲ ਇਹ ਦਾਅਵੇ ਜੋ ਕੁੱਝ ਹੁਣ ਚੱਲ ਰਿਹਾ ਹੈ, ਉਸ ਨੂੰ ਤਿਵੇਂ ਦਾ ਤਿਵੇਂ ਚੱਲਦਾ ਰੱਖਣ ਦਾ ਸੁਨੇਹਾ ਦੇ ਰਹੇ ਹਨ, ਤਾਂਕਿ ਕਾਰਪੋਰੇਸ਼ਨਾਂ ਧਰਤੀ ਦੇ ਵਾਤਾਵਰਨ ਦਾ ਨੁਕਸਾਨ ਕਰਦਿਆਂ ਹੋਇਆਂ ਆਪਣਾ ਮੁਨਾਫਾ ਕਮਾਉਣ ਦਾ ਕੰਮ ਜਾਰੀ ਰੱਖ ਸਕਣ।

ਸਭ ਤੋਂ ਵੱਡੀ ਗੱਲ ਇਹ ਹੈ ਕਿ ਪੁਲਾੜ ਵਿੱਚ ਮਾਈਨਿੰਗ ਕਰਨ ਬਾਰੇ ਯੋਜਨਾਵਾਂ ਬਣਾਉਣ ਵਾਲੀਆਂ ਕਾਰਪੋਰੇਸ਼ਨਾਂ, ਪੁਲਾੜ ਵਿੱਚਲੇ ਖਣਿਜ ਸ੍ਰੋਤਾਂ ਨੂੰ ਕੱਢਣ ਦੀਆਂ ਹੱਕਦਾਰ ਕਿਵੇਂ ਹਨ। ਸੰਨ 1967 ਵਿੱਚ ਯੂਨਾਈਟਿਡ ਨੇਸ਼ਨ ਦੀ ਅਗਵਾਈ ਵਿੱਚ ਪੁਲਾੜ ਬਾਰੇ ਇਕ ਸੰਧੀ ਹੋਈ ਸੀ ਜਿਸ ਨੂੰ ਆਊਟਰ ਸਪੇਸ ਟ੍ਰੀਟੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਸੰਧੀ `ਤੇ ਜਨਵਰੀ 1967 ਵਿੱਚ ਯੂ. ਕੇ., ਅਮਰੀਕਾ, ਸਾਬਕਾ ਸੋਵੀਅਤ ਯੂਨੀਅਨ ਅਤੇ 57 ਹੋਰ ਦੇਸ਼ਾਂ ਨੇ ਸਾਈਨ ਕੀਤੇ ਸਨ ਅਤੇ ਇਹ ਅਕਤੂਬਰ 1967 ਵਿੱਚ ਲਾਗੂ ਹੋਈ ਸੀ। ਇਸ ਸੰਧੀ ਵਿੱਚ ਇਹ ਕਿਹਾ ਗਿਆ ਹੈ ਕਿ ਇਕ ਤਾਂ ਕੋਈ ਵੀ ਦੇਸ਼ ਪੁਲਾੜ ਵਿੱਚ ਵੈਪਨਜ਼ ਆਫ ਮਾਸ ਡਿਸਟ੍ਰਕਸ਼ਨ (ਬਹੁਤ ਥੋੜ੍ਹੇ ਸਮੇਂ ਵਿੱਚ ਬਹੁਤ ਵੱਡੀ ਪੱਧਰ `ਤੇ ਤਬਾਹੀ ਮਚਾ ਸਕਣ ਦੀ ਸਮਰੱਥਾ ਵਾਲੇ ਹਥਿਆਰ ਜਿਵੇਂ ਪਰਮਾਣੂ ਹਥਿਆਰ, ਰਸਾਇਣਕ ਹਥਿਆਰ, ਬਾਇਓਲੌਜੀਕਲ ਵੈਪਨਜ਼) ਨਹੀਂ ਰੱਖ ਸਕਦਾ। ਦੂਸਰਾ ਕੋਈ ਵੀ ਦੇਸ਼ ਪੁਲਾੜ ਦੇ ਕਿਸੇ ਵੀ ਹਿੱਸੇ `ਤੇ ਆਪਣੀ ਪ੍ਰਭੂਸੱਤਾ (ਸੌਵਰਨਿਟੀ) ਦਾ ਐਲਾਨ ਨਹੀਂ ਕਰ ਸਕਦਾ। ਇਸ ਦਾ ਭਾਵ ਹੈ ਕਿ ਇਸ ਸੰਧੀ ਅਨੁਸਾਰ ਪੁਲਾੜ (ਸਪੇਸ) ਸਾਰੀ ਮਨੁੱਖਤਾ ਦੀ ਸਾਂਝੀ ਥਾਂ ਹੈ। ਜੇ ਪੁਲਾੜ ਸਾਰੀ ਮਨੁੱਖਤਾ ਦੀ ਸਾਂਝੀ ਥਾਂ ਹੈ ਤਾਂ ਕੁੱਝ ਕੁ ਕਾਰਪੋਰੇਸ਼ਨਾਂ ਪੁਲਾੜ ਦੇ ਖਣਿਜ ਪਦਾਰਥ ਨੂੰ ਕਿਵੇਂ ਕੱਢ ਸਕਦੀਆਂ ਹਨ? ਇਸ ਸਮੇਂ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਜਾਂ ਕਾਰਪੋਰੇਸ਼ਨਾਂ ਕੋਲ ਇਹ ਸਮਰੱਥਾ ਨਹੀਂ ਹੈ ਕਿ ਉਹ ਪੁਲਾੜ ਵਿੱਚ ਜਾ ਕੇ ਮਾਈਨਿੰਗ ਕਰ ਸਕਣ। ਪਰ ਹੋ ਸਕਦਾ ਹੈ ਕਿ ਭਵਿੱਖ ਵਿੱਚ ਕਿਸੇ ਸਮੇਂ ਉਹ ਪੁਲਾੜ ਵਿੱਚ ਮਾਈਨਿੰਗ ਕਰਨ ਦੇ ਕਾਬਲ ਹੋ ਜਾਣ। ਪਰ ਉਦੋਂ ਤੱਕ ਸ਼ਾਇਦ ਉਹਨਾਂ ਵੱਲੋਂ ਮਾਈਨਿੰਗ ਕਰਨ ਲਈ ਕੁੱਝ ਨਹੀਂ ਬਚੇਗਾ। ਇਸ ਲਈ ਇਹ ਸਵਾਲ ਉਠਾਇਆ ਜਾ ਰਿਹਾ ਹੈ ਕਿ ਕੀ ਇਸ ਸਮੇਂ ਪੁਲਾੜ ਵਿੱਚ ਮਾਈਨਿੰਗ ਕਰਨ ਦੀਆਂ ਯੋਜਨਾਵਾਂ ਮੁੱਠੀ ਭਰ ਕਾਰਪੋਰੇਸ਼ਨਾਂ ਵਲੋਂ ਬਹੁਗਿਣਤੀ ਮਨੁੱਖਤਾ ਦੇ ਪੁਲਾੜ ਵਿਚਲੇ ਹੱਕਾਂ ਦੀ ਲੁੱਟ ਕਰਨ ਦੇ ਬਰਾਬਰ ਨਹੀਂ?

ਪਰ ਲੱਗਦਾ ਹੈ ਕਿ ਕਾਰਪੋਰੇਸ਼ਨਾਂ ਇਸ ਸੰਧੀ ਵਿਚਲੀਆਂ ਚੋਰ ਮੋਰੀਆਂ ਦਾ ਫਾਇਦਾ ਉਠਾ ਕੇ ਇਸ ਨੂੰ ਆਪਣੇ ਪੱਖ ਵਿੱਚ ਵਰਤਣ ਲਈ ਅਮਰੀਕਾ ਦੀ ਸਰਕਾਰ ਕੋਲ ਲੌਬੀ ਕਰ ਰਹੀਆਂ ਹਨ। ਉਦਾਹਰਨ ਲਈ ਇਹ ਆਊਟਰ ਸਪੇਸ ਸੰਧੀ ਇਹ ਗੱਲ ਤਾਂ ਕਹਿੰਦੀ ਹੈ ਕਿ ਕੋਈ ਵੀ ਦੇਸ਼ ਪੁਲਾੜ ਦੇ ਕਿਸੇ ਹਿੱਸੇ `ਤੇ ਆਪਣੀ ਪ੍ਰਭੂਸੱਤਾ ਨਹੀਂ ਜਤਾ ਸਕਦਾ, ਪਰ ਉੱਥੋਂ ਦੇ ਵਸੀਲਿਆਂ ਬਾਰੇ ਇਹ ਸਪਸ਼ਟ ਰੂਪ ਵਿੱਚ ਕੁੱਝ ਨਹੀਂ ਕਹਿੰਦੀ। ਇਸ ਅਸਪਸ਼ਟਤਾ ਦਾ ਫਾਇਦਾ ਉਠਾਉਂਦਿਆਂ ਅਮਰੀਕਾ ਨੇ ਸੰਨ 2015 ਵਿੱਚ ਕਮਰਸ਼ੀਅਲ ਸਪੇਸ ਲਾਂਚ ਕੰਪੈਟੈਟਿਵ ਐਕਟ ਆਫ 2015 ਪਾਸ ਕੀਤਾ। ਇਸ ਕਾਨੂੰਨ ਨੇ ਇਹ ਕਾਨੂੰਨੀ ਬਣਾ ਦਿੱਤਾ ਕਿ ਪ੍ਰਾਈਵੇਟ ਅਦਾਰਿਆਂ ਵੱਲੋਂ ਪੁਲਾੜ ਤੋਂ ਵਸੀਲੇ ਲਿਆਂਦੇ ਜਾ ਸਕਦੇ ਹਨ, ਅਤੇ ਇਸ ਨਾਲ 1967 ਦੀ ਆਊਟਰ ਸਪੇਸ ਟ੍ਰੀਟੀ ਦੀ ਉਲੰਘਣਾ ਨਹੀਂ ਹੁੰਦੀ। ਬੈਲਜੀਅਮ, ਰੂਸ, ਬਰਾਜ਼ੀਲ ਵਰਗੇ ਕਈ ਦੇਸ਼ਾਂ ਨੇ ਇਸ `ਤੇ ਕੁੱਝ ਸਵਾਲ ਉਠਾਏ ਹਨ, ਪਰ ਇਸ ਕਾਨੂੰਨ ਨੇ ਇਨ੍ਹਾਂ ਕਾਰਪੋਰੇਸ਼ਨਾਂ ਵੱਲੋਂ ਪੁਲਾੜ ਵਿੱਚ ਮਾਈਨਿੰਗ ਆਦਿ ਕਰਨ ਲਈ ਰਾਹ ਖੋਲ੍ਹ ਦਿੱਤਾ ਹੈ।  ਕੁੱਝ ਲੋਕ ਮੰਗ ਕਰ ਰਹੇ ਹਨ ਕਿ ਪੁਲਾੜ ਦੇ ਸੰਬੰਧ ਵਿੱਚ ਇਹ ਜੋ "ਨਵਾਂ ਯੁੱਗ" ਸ਼ੁਰੂ ਹੋਇਆ ਹੈ, ਇਸ ਨੂੰ ਦੇਖਦਿਆਂ ਸਾਨੂੰ ਇੰਟਰਨੈਸ਼ਨਲ ਪੱਧਰ `ਤੇ ਪੁਲਾੜ ਬਾਰੇ ਨਵੇਂ ਕਾਨੂੰਨ ਬਣਾਉਣ ਦੀ ਲੋੜ ਹੈ। ਪਰ ਕਾਰਪੋਰੇਸ਼ਨਾਂ ਦੇ ਨੁਮਾਇੰਦੇ ਇਹ ਕਹਿ ਰਹੇ ਹਨ ਕਿ ਇਸ ਦੀ ਲੋੜ ਨਹੀਂ। ਪੁਲਾੜ ਦੇ ਮਾਮਲਿਆ ਨਾਲ ਨਿਪਟਣ ਲਈ 1967 ਦੀ ਆਊਟਰ ਸਪੇਸ ਟ੍ਰੀਟੀ ਹੀ ਕਾਫੀ ਹੈ। ਉਹ ਇਹ ਇਸ ਲਈ ਕਹਿ ਰਹੇ ਹਨ, ਕਿਉਂਕਿ ਇਹ ਟ੍ਰੀਟੀ ਉਨ੍ਹਾਂ ਦੇ ਹੱਕ ਵਿੱਚ ਕੰਮ ਕਰਦੀ ਹੈ। ਜਿਹੜੀਆਂ ਚੀਜ਼ਾਂ ਬਾਰੇ ਇਹ ਟ੍ਰੀਟੀ ਸਪਸ਼ਟ ਰੂਪ ਵਿੱਚ ਕੁੱਝ ਨਹੀਂ ਕਹਿੰਦੀ, ਉਹ ਉਨ੍ਹਾਂ ਦੀ ਵਿਆਖਿਆ ਉਹ ਆਪਣੇ ਢੰਗ ਨਾਲ ਕਰ ਸਕਦੇ ਹਨ।

ਇਹਨਾਂ ਪੁਲਾੜ ਉਡਾਣਾਂ ਦੀ ਕਾਮਯਾਬੀ ਦੇ ਸੰਬੰਧ ਵਿੱਚ ਸੋਚਣ ਵਾਲੀ ਅਗਲੀ ਗੱਲ ਹੈ, ਪੁਲਾੜ ਵਿੱਚ ਬਸਤੀਆਂ ਵਸਾਉਣ ਦੀਆਂ ਯੋਜਨਾਵਾਂ। ਸਪੇਸ ਐਕਸ ਦੇ ਮਾਲਕ ਐਲਨ ਮਸਕ ਦੀ ਯੋਜਨਾ ਵਿੱਚ ਮੰਗਲ ਗ੍ਰਹਿ `ਤੇ ਬਸਤੀ ਵਸਾਉਣਾ ਵੀ ਸ਼ਾਮਲ ਹੈ। ਉਸ ਦੀ ਸੋਚ ਹੈ ਕਿ ਧਰਤੀ ਤੀਜੀ ਸੰਸਾਰ ਜੰਗ ਜਾਂ ਇਸ ਤਰ੍ਹਾਂ ਦੇ ਕਿਸੇ ਹੋਰ ਕਾਰਨ ਕਰਕੇ ਖਤਮ ਹੋ ਸਕਦੀ ਹੈ। ਇਸ ਲਈ ਸਾਡੇ ਕੋਲ ਪਲੈਨ ਬੀ ਹੋਣੀ ਚਾਹੀਦੀ ਹੈ, ਜਿਸ ਅਧੀਨ ਕੁੱਝ ਲੋਕ ਧਰਤੀ ਤੋਂ ਦੂਰ ਪੁਲਾੜ ਵਿੱਚ ਬਸਤੀ ਵਿੱਚ ਰਹਿੰਦੇ ਹੋਣ ਤਾਂ ਕਿ ਧਰਤੀ ਦੇ ਖਾਤਮੇ ਕਾਰਨ ਸ਼ੁਰੂ ਹੋਣ ਵਾਲਾ "ਅੰਧਕਾਰ ਦਾ ਯੁੱਗ (ਡਾਰਕ ਏਜਜ਼)" ਜ਼ਿਆਦਾ ਦੇਰ ਨਾ ਰਹਿ ਸਕੇ। ਉਸ ਨੇ ਇਹ ਗੱਲ ਸੰਨ 2018 ਵਿੱਚ ਇਕ ਪਬਲਿਕ ਸਮਾਗਮ ਵਿੱਚ ਬੋਲਦਿਆਂ ਇਸ ਤਰ੍ਹਾਂ ਕਹੀ ਸੀ, "ਮੰਗਲ ਗ੍ਰਹਿ `ਤੇ ਆਪਣੇ ਆਪ ਨੂੰ ਕਾਇਮ ਰੱਖ ਸਕਣ ਵਾਲਾ ਬੇਸ ਬਣਾਉਣਾ ਮਹੱਤਵਪੂਰਨ ਹੈ, ਕਿਉਂਕਿ ਮੰਗਲ ਗ੍ਰਹਿ ਧਰਤੀ ਤੋਂ ਕਾਫੀ ਦੂਰ ਹੈ, ਅਤੇ ਇਸ ਲਈ ਇਸ ਦੇ ਚੰਦ ਉਪਰਲੇ ਬੇਸ ਦੇ ਮੁਕਾਬਲੇ ਬਚਣ ਦੇ ਜ਼ਿਆਦਾ ਮੌਕੇ ਹਨ। ਜੇ ਤੀਜ਼ੀ ਸੰਸਾਰ ਜੰਗ ਲੱਗਦੀ ਹੈ ਤਾਂ ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਕਿਸੇ ਹੋਰ ਥਾਂ `ਤੇ ਮਨੁੱਖੀ ਸਭਿਅਤਾ ਦਾ ਗੁਜ਼ਾਰੇਯੋਗ ਬੀਜ ਮੌਜੂਦ ਹੋਵੇ, ਜਿਹੜਾ ਇਸ (ਮਨੁੱਖੀ ਸਭਿਅਤਾ) ਨੂੰ ਵਾਪਸ ਲਿਆ ਸਕੇ ਅਤੇ ਅੰਧਕਾਰ ਦੇ ਯੁੱਗ (ਡਾਰਕ ਏਜਜ਼) ਦੇ ਅਰਸੇ ਨੂੰ ਘੱਟ ਕਰ ਸਕੇ।"

ਮਸਕ ਦੇ ਇਸ ਬਿਆਨ `ਤੇ ਪਹਿਲਾ ਸਵਾਲ ਤਾਂ ਇਹ ਉੱਠਦਾ ਹੈ ਕਿ 'ਮਨੁੱਖੀ ਸਭਿਅਤਾ ਦੇ ਗੁਜ਼ਾਰੇਯੋਗ ਬੀਜ' ਵਿੱਚ ਸ਼ਾਮਲ ਲੋਕ ਕੌਣ ਹੋਣਗੇ? ਕੀ ਉਹ ਦੁਨੀਆ ਦੇ ਆਮ ਲੋਕ ਹੋਣਗੇ ਜਾਂ ਅਰਬਾਂਪਤੀ ਅਤੇ ਖਰਬਾਂਪਤੀ। ਪੁਲਾੜ ਵਿੱਚ ਸੈਰ-ਸਪਾਟੇ ਲਈ ਜਾਣ ਵਾਸਤੇ ਉਪ੍ਰੋਕਤ ਦੱਸੀਆਂ ਟਿਕਟਾਂ ਦੀਆਂ ਕੀਮਤਾਂ ਨੂੰ ਦੇਖਦਿਆਂ ਤਾਂ ਇਹ ਹੀ ਕਿਹਾ ਜਾ ਸਕਦਾ ਹੈ ਕਿ ਉਹ ਅਰਬਾਂ-ਖਰਬਾਂ ਪਤੀ ਅਮੀਰ ਲੋਕ ਹੋਣਗੇ। ਇਸ ਬਾਰੇ ਦੂਸਰਾ ਸਵਾਲ ਇਹ ਹੈ ਕਿ ਸਮੁੱਚੀ ਮਨੁੱਖਤਾ ਦੀ ਸਾਂਝੀ ਮਲਕੀਅਤ ਪੁਲਾੜ ਵਿੱਚ ਇਹ ਬਸਤੀਆਂ ਵਸਾਉਣ ਦਾ ਹੱਕ ਇਹਨਾਂ ਅਮੀਰਾਂ ਅਤੇ ਕਾਰਪੋਰੇਸ਼ਨਾਂ ਨੂੰ ਕਿਸ ਨੇ ਦਿੱਤਾ ਹੈ? ਇਸ ਦੇ ਨਾਲ ਹੀ ਮਸਕ ਦੇ ਇਸ ਬਿਆਨ ਤੋਂ ਇਹ ਨਤੀਜਾ ਵੀ ਕੱਢਿਆ ਜਾ ਸਕਦਾ ਹੈ ਕਿ ਪੁਲਾੜ ਵਿੱਚ ਪਹੁੰਚਣ ਦੀ ਇਹ ਨਵੀਂ ਦੌੜ ਇਕ ਤਰ੍ਹਾਂ ਨਾਲ ਪੁਲਾੜ ਉੱਪਰ ਕਾਰਪੋਰੇਸ਼ਨਾਂ ਵੱਲੋਂ ਬਸਤੀਵਾਦੀ ਢੰਗ ਨਾਲ ਕਬਜ਼ਾ ਕਰਨ ਦੀ ਦੌੜ ਵੀ ਹੈ।

ਅਖੀਰ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਪੁਲਾੜ ਯਾਤਰਾ ਨਾਲ ਸੰਬੰਧਿਤ ਸ਼ੁਰੂ ਹੋਏ ਇਸ "ਨਵੇਂ ਯੁੱਗ" ਦਾ ਮਕਸਦ ਸਿਰਫ ਅਮੀਰਾਂ ਲਈ ਸੈਰ-ਸਪਾਟਾ ਜਾਂ ਸ਼ੁਗਲ ਮੇਲਾ ਨਹੀਂ ਹੈ। ਸਗੋਂ ਇਹ ਯੁੱਗ ਸਮੁੱਚੀ ਮਨੁੱਖਤਾ ਦੀ ਸਾਂਝੀ ਮਲਕੀਅਤ ਉੱਪਰ ਨਿੱਜੀ ਕਾਰਪਰੇਸ਼ਨਾਂ ਦੇ ਕਬਜ਼ੇ ਲਈ ਰਸਤਾ ਖੋਲ੍ਹ ਰਿਹਾ ਹੈ। ਇਸ ਦੇ ਨਾਲ ਹੀ ਕਾਰਪੋਰੇਸ਼ਨਾਂ ਵੱਲੋਂ ਸ਼ੁਰੂ ਕੀਤੀ ਪੁਲਾੜ ਦੌੜ ਕਾਰਨ ਵਾਤਾਵਰਨ ਵਿੱਚ ਫੈਲਣ ਵਾਲੇ ਪ੍ਰਦੂਸ਼ਣ ਦੇ ਨਤੀਜੇ ਮਨੁੱਖਤਾ ਲਈ ਚੰਗੇ ਨਹੀਂ ਹੋਣਗੇ। ਇਸ ਲਈ ਆਮ ਲੋਕਾਂ ਵਲੋਂ ਪੁਲਾੜ ਯਾਤਰਾ ਨਾਲ ਸੰਬੰਧਿਤ ਇਸ "ਨਵੇਂ ਯੁੱਗ" ਦੇ ਵੱਖ ਵੱਖ ਪਹਿਲੂਆਂ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ।***

ਇਸ ਲੇਖ ਵਿੱਚ ਵਰਤੀ ਜਾਣਕਾਰੀ ਦੇ ਸ੍ਰੋਤਾਂ ਬਾਰੇ ਜਾਣਨ ਲਈ www.sukhwanthundal.wordpress.com `ਤੇ ਜਾਉ।



Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ