Sun, 23 June 2024
Your Visitor Number :-   7133719
SuhisaverSuhisaver Suhisaver

ਮਾਂ ਬੋਲੀ ਦੀ ਤਾਕੀ 'ਚੋਂ ਝਲਕਦਾ ਹੈ ਵਿਰਸਾ - ਵਰਗਿਸ ਸਲਾਮਤ

Posted on:- 21-02-2023

suhisaver

ਸਿਆਣੇ ਲੋਕਾਂ ਨੇ ਕਿਹਾ ਹੈ ਪੂਰੀ ਦੁਨੀਆਂ ਵਿਚ ਹਰ ਇਨਸਾਨ ਦੀਆਂ ਤਿੰਨ ਮਾਵਾਂ ਹੁੰਦੀਆਂ ਹਨ ,ਮਾਂ ਜਨਨੀ ,ਮਾਂ ਮਿੱਟੀ ਅਤੇ ਮਾਂ ਬੋਲੀ ।ਇਹਨਾਂ ਤਿੰਨਾਂ ਮਾਂਵਾਂ ਦੇ ਸੁਮੇਲ ਨਾਲ ਕਿਸੇ ਵੀ ਸਮਾਜ ਦਾ ਵਿਰਸਾ ਸਿਰਜਦਾ ਹੈ ਇਸੇ ਵਿਰਸੇ ਵਿਚ ਇਹਨਾਂ ਤਿੰਨਾ ਮਾਂਵਾਂ ਦਾ ਦੁੱਧ ਪੀ ਕੇ ਇਕ ਬੱਚਾ ਪਲ਼ਦਾ ਹੈ ਅਤੇ ਵਿਕਾਸ ਕਰਦਾ ਹੈ ।ਇਹ ਤਿੰਨੇ ਮਾਵਾਂ ਰੱਬੀ ਅਤੇ ਕੁਦਰਤੀ ਦਾਤ ਹਨ ਜਿਨ੍ਹਾਂ ਦੀ ਤਾਕੀ ਭਾਵ ਖਿੜਕੀ 'ਚੋ ਝਾਤ ਮਾਰੀਏ ਤਾਂ ਵਿਰਸਾ ਝਲਕਦਾ ਹੈ।ਸੋ ਇਸ ਲਈ ਮਾਂ ਬੋਲੀ ਦੇ ਕਲਾਵੇ ਵਿਚ ਇਕੱਲੀ ਬੋਲੀ ਹੀ ਨਹੀਂ ਆਉਂਦੀ ਸਗੋਂ ਸਾਡਾ ਆਲਾ-ਦੁਆਲਾ ,ਰਹਿਣ-ਸਹਿਣ , ਖਾਣ-ਪਾਣ ਅਤੇ ਵਿਚਰ-ਵਿਚਾਰ ਭਾਵ ਸਾਰਾ ਸਭਿਆਚਾਰ ਆਉਂਦਾ ਹੈ ਜੋ ਇਕ ਇਨਸਾਨ ਨੂੰ ਜੀਵਨ ਜਾਚ ਸਿਖਾਉਂਦਾ ਹੈ ਅਤੇ ਸਰਵਪੱਖੀ ਅਤੇ ਸਮੁਹਿਕ ਵਿਕਾਸ ਵੱਲ ਤੋਰਦਾ ਹੈ।ਇਸ ਵਿਕਾਸ ਵਿਚ ਮਾਂ ਬੋਲੀ ਦਾ ਬਹੁਤ ਹੀ ਅਹਿਮ ਭੂਮਿਕਾ ਹੁੰਦੀ ਹੈ।ਇਕ ਮਾਂ ਬੱਚੇ ਨੂੰ ਜਨਮ ਦਿੰਦੀ ਹੈ ਅਤੇ ਮਾਂ ਬੋਲੀ ਉਸ ਬੱਚੇ ਨੂੰ ਜ਼ਿੰਦਗੀ ਦੇ ਅਸਲ ਅਰਥ ਦਸਦੀ ਹੈ।

ਸੰਯੁਕਤ ਰਾਸ਼ਟਰ ਸੰਘ ਅਜਿਹਾ ਸੰਘ ਹੈ ਜਿਸਦਾ ਮਕਸਦ ਹੈ ਵੱਖ ਵੱਖ ਦੇਸ਼ਾ ਦੇ ਲੋਕਾਂ ਨੂੰ ਅਤੇ ਦੇਸ਼ਾਂ ਨੂੰ ਜੋੜਨਾ ਅਤੇ ਜਾਗਰੂਕ ਕਰਨਾ।ਦੁਨੀਆਂ ਦੇ 195 ਦੇਸ਼ਾਂ 'ਚੋਂ 193 ਦੇਸ਼ ਇਸ ਨਾਮਵਰ ਸੰਸਥਾ ਦੇ ਮੈਂਬਰ ਹਨ।ਇਸ ਸੰਸਥਾ ਦੇ ਸਬਬ ਅਤੇ ਉਧੱਮ ਸਦਕਾ ਅੱਜ ਮਾਂ ਬੋਲੀ ਦੀ ਮਹੱਤਤਾ ਅਤੇ ਲੋੜ ਅੰਤਰਾਸ਼ਟਰੀ ਪੱਧਰ ਤੇ ਵਿਚਾਰ ਚਰਚਾ ਦਾ ਵਿਸ਼ਾ ਬਣ ਕੇ ਉਭੱਰੀ ਹੈ।ਅਸੀਂ ਇਹ ਤਾਂ ਪੜਦੇ ਸੁਣਦੇ ਰਹੇ ਹਾ ਕਿ ਕੌਮ ਅਤੇ ਦੇਸ਼ ਦੀ ਆਜ਼ਾਦੀ ਲਈ ਲੋਕ ਲੜੇ ਅਤੇ ਆਪਣੀ ਮਾਂ ਮਿੱਟੀ ਲਈ ਕੁਰਬਾਨੀਆਂ ਦਿੱਤੀਆਂ।ਪਰ 21 ਫਰਵਰੀ 1952  ਨੂੰ ਬੰਗਲਾ ਦੇਸ਼ ਦੀ ਢਾਕਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਆਪਣੀ ਮਾਂ ਬੋਲੀ ਲਈ ਆਪਣੀਆਂ ਜਾਨਾਂ ਦਿੱਤੀਆਂ।

ਅਸਲ 'ਚ 1947 ਦੀ ਅਜ਼ਾਦੀ ਵੇਲੇ ਭਾਰਤ ਦੇਸ਼ ਜੋ ਦੋ ਦੇਸ਼ਾਂ ਭਾਰਤ ਅਤੇ ਪਾਕਿਸਤਾਨ ਵਿਚ ਵੰਡਿਆ ਗਿਆ ਸੀ ।ਅਸਲ ਵਿਚ ਇਹ ਵੰਡ ਬੰਗਾਲ ਅਤੇ ਪੰਜਾਬ ਦੀ ਹੀ ਹੋਈ ਸੀ। ਇਹਨਾਂ ਦੋਨਾਂ ਰਾਜਾਂ ਦੇ ਲੋਕਾਂ ਨੇ ਵੰਡ ਦੇ ਫੱਟ ਆਪਣੇ ਪਿੰਡੇ 'ਤੇ ਹੰਢਾਏ ਹਨ। ਬੰਗਾਲੀਆਂ ਦੇ ਇਹ ਫੱਟ ਅਜੇ ਭਰੇ ਵੀ ਨਹੀਂ ਸਨ ਕਿ ਉਸ ਸਮੇਂ ਦੀ ਹਾਕਮ ਸਰਕਾਰ ਨੇ  ਨਵੇਂ ਬਣੇ ਪੂਰਵੀ ਪਾਕਿਸਤਾਨ (ਉਸ ਵੇਲੇ ਪਾਕਿਸਤਾਨ ਦਾ ਹਿੱਸਾ ਅੱਜ ਦਾ ਬੰਗਲਾ ਦੇਸ਼) ਸਮੇਤ ਪੂਰੇ ਪਾਕਿਸਤਾਨ ਵਿਚ ਉਰਦੂ ਅਤੇ ਅਰਬੀ ਵੱਜੋਂ ਰਾਸ਼ਟਰੀ ਅਤੇ ਦਫਤਰੀ ਭਾਸ਼ਾ ਬਣਾਉਣ ਦੀ ਰਾਜਨੀਤੀ ਕੀਤੀ।ਜੋ ਬੰਗਾਲੀਆਂ ਦੀ  ਮਾਂ ਬੋਲੀ ਲਈ ਵੰਗਾਰ ਸੀ।ਭਾਸ਼ਾ ਦੇ ਇਸ ਛੇੜਛਾੜ ਦੇ ਵਿਰੋਧ ਵਿਚ ਢਾਕਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਮਾਂ-ਬੋਲੀ ਪ੍ਰਤੀ ਜਾਗਰੂਕ ਲੋਕਾਂ ਨੇ ਬੰਗਾਲੀ ਭਾਸ਼ਾ ਅੰਦੋਲਨ ਵਿੱਢਿਆ।ਪ੍ਰਦਰਸ਼ਨ ਆਪਣੀ ਸ਼ਿਖਰ ਤੇ ਸੀ ਜਿਸ ਨੂੰ ਤਾਰਪੀਡੋ ਕੀਤਾ ਜਾ ਰਿਹਾ ਸੀ ।ਪ੍ਰਦਰਸ਼ਨ ਕਾਰੀਆਂ ਦੇ ਹੌਸਲੇ ਬੁਲੰਦ ਰਹੇ।ਸਖਤੀ ਕਰਦਿਆਂ ਪਲਿਸ ਨੇ ਗੋਲੀ ਚਲਾਈ ਜਿਸ ਵਿਚ ਪੰਜ ਵਿਦਿਆਰਥੀ ਸ਼ਹੀਦ ਹੋ ਗਏ।ਸਿੱਟੇ ਵੱਜੋਂ ਜਿੱਥੇ ਲੋਕਾਂ ਦੀ ਜਿੱਤ ਹੋਈ ਅਤੇ ਸਨ 1956 ਵਿਚ ਬੰਗਲਾ ਭਾਸ਼ਾ ਦਫਤਰੀ ਭਾਸ਼ਾ ਬਣੀ।ਸੰਯੁਕਤ ਰਾਸ਼ਟਰ ਸੰਘ ਜਿੱਥੇ ਹਰ ਇੱਕ ਦੇ ਅਧਿਕਾਰਾਂ ਅਤੇ ਆਜ਼ਾਦੀ ਦੀ ਰਾਖੀ ਕਰਦਾ ਹੈ ਉੱਥੇ ਸ਼ਾਂਤੀ ,ਪਿਆਰ ,ਮਾਨਵਤਾ, ਭਾਈਚਾਰਾਂ ਅਤੇ ਸਹਿਯੋਗ ਦਾ ਹਾਮੀਦਾਰ ਹੈ। ਸੋ ਸੰਯੁਕਤ ਰਾਸ਼ਟਰ ਸੰਘ ਨੇ ਇਹਨਾਂ ਮਾਂ-ਬੋਲੀ ਦੇ ਸ਼ਹੀਦਾਂ ਦੀ ਯਾਦ ਵਿਚ 16 ਮਈ 2007 ਵਿਚ ਮੱਤਾ ਪਾ ਕੇ ਮਾਂ-ਬੋਲੀ ਦੀ ਮਹਤੱਤਾ ਨੂੰ ਸਮਝਦਿਆਂ ਮਾਂ-ਬੋਲੀਆਂ ਦੀ ਸੁਰੱਖਿਆ ਲਈ 21 ਫਰਵਰੀ ਨੂੰ ਅੰਤਰਾਸ਼ਟਰੀ ਮਾਂ-ਬੋਲੀ ਦਿਵਸ ਵਜੋਂ ਘੋਸ਼ਿਤ ਕੀਤਾ।

ਆਪਣੀ ਮਾਂ-ਬੋਲੀ ਪੜ ਕੇ, ਬੋਲ ਕੇ ਅਤੇ ਸੁਣ ਕੇ ਜੋ ਸਕੂਨ ਮਿਲਦਾ ਹੈ, ਸ਼ਾਇਦ ਹੀ ਚਾਚੀ ,ਮਾਸੀ ਜਾਂ ਅੰਟੀ-ਬੋਲੀ ਨੂੰ ਪੜ, ਸੁਣ ਅਤੇ ਬੋਲ ਕੇ ਮਿਲਦਾ ਹੋਵੇ।ਅੱਜ ਦੇ ਅੱਤ-ਆਧੁਨਿਕ ਕੰਪਿਊਟਰੀਕਰਨ ਤੋਂ ਪਿਛਲੇ ਦੌਰ ਵਿਚ ਜਾਈਏ ਤਾਂ ਉਸ ਪੀੜੀ ਦੇ ਲੋਕਾਂ ਦੀਆਂ ਖੇਡਾਂ ਵਿਰਸੇ ਦੀਆਂ ਲੋਕ ਖੇਡਾਂ ਹੁੰਦੀਆਂ ਸਨ।ਲੜਕੀਆਂ ਗੇਂਦ-ਗੀਟੇ ,ਕੋਕਲਾ-ਛਪਾਕੀ. ਸਟਾਪੂ, ਉੱਚ-ਨੀਚ ਅਤੇ ਲੁੱਕਣ-ਮਿਟੀ ਆਦਿ ਖੇਡਦੀਆਂ ਸਨ।ਲੜਕੇ  ਕੱਬਡੀ ,ਗੁੱਲੀ-ਡੰਡਾ,ਖਿੱਦੋ-ਖੂਡੀ,ਪਿੱਠੂ-ਗਰਮ ਅਤੇ ਬਾਂਦਰ-ਕਿੱਲਾ ਜਿਹੀਆਂ ਆਉਟਡੋਰ ਖੇਡਾਂ ਖੇਡਦੇ ਸਨ। ਜੋ ਵਿਰਸੇ ਨਾਲ ਤਾਂ ਜੋੜਦੀਆਂ ਹੀ ਸਨ ਨਾਲ ਨਾਲ ਸਰੀਰਿਕ ਵਿਕਾਸ ਵੀ ਕਰਦੀਆਂ ਸਨ।

ਰੱਬਾ ਰੱਬਾ ਮੀਂਹ ਵਰਸਾ , ਸਾਡੀ ਕੋਠੀ ਦਾਣੇ ਪਾ........

ਅਜਿਹੇ ਗੀਤ ਟੋਲੀਆਂ ਬਣਾ ਬਣਾ ਗਾਏ ਜਾਂਦੇ ਸਨ ।ਗਲ਼ੀ-ਗਵਾਂਢ ਦੀ ਲੜਾਈ ਅਤੇ ਲੜਾਈ ਵਿਚਲੀਆਂ ਗਾਲਾਂ ਵੀ ਸਕੂਨ ਦਿੰਦੀਆਂ ਸਨ।ਰੁੱਖਾਂ,ਬਾਗ਼-ਬਗ਼ਿਚਆਂ,ਖੇਤ-ਖਲਿਅਨਾ ਵਿਚ ਤ੍ਰਿੰਝਣਾਂ ,ਧੀਆਂ ਦੀਆਂ ਤੀਆਂ,ਪੀਘਾਂ ਦੇ ਝੂਟੇ,ਗੀਤ ,ਗਿੱਧਾ ,ਬੋਲੀਆਂ ,ਭੰਗੜਾ ਆਦਿ ਅੱਜ ਵੀ ਮੱਲੋ-ਮੱਲੀ ਆਪਣੇ ਵੱਲ ਖਿੱਚ ਲੈਂਦੇ ਹਨ.........ਨਿੱਕੇ ਹੁੰਦੇ ਮੈਂ ਆਪਣੇ ਸਾਥੀਆਂ ਨਾਲ ਸਕੂਲ ਜਾ ਰਿਹਾ ਸੀ।ਧਾਰੀਵਾਲ ਬੱਸ ਅੱਡੇ ਦੇ ਲਾਗੇ ਇਕ ਸਾਉਂਡ ਦੀ ਦੁਕਾਨ ਵਾਲੇ ਨੇ ਕਿਸੇ ਹੋਰ ਬੋਲੀ ਦਾ ਗੀਤ ਬੜੀ ਉੱਚੀ ਅਵਾਜ਼ ਵਿਚ ਲਗਾਇਆ ਹੋਇਆ ਸੀ।ਇਕ ਪ੍ਰਵਾਸੀ ਵੀਰ ਉਸ ਗੀਤ ਦੀ ਤਾਲ 'ਤੇ ਖੂਬ ਜੋਸ਼ ਵਿਚ ਆਪਣਾ ਲੋਕ-ਨਾਚ ਕਰ ਰਿਹਾ ਸੀ।ਮੈਨੂੰ ਹੁਣ ਇਸ ਗੱਲ ਦੀ ਸ਼ਮਝ ਆਉਂਦੀ ਹੈ ਕਿ ਉਹ ਉਸਦੀ ਮਾਂ-ਬੋਲੀ ਦਾ ਗੀਤ ਸੀ ਜੋ ਉਸਨੂੰ ਆਤਮਿਕ ਸਕੂਨ ਵਿਚ ਲੈ ਗਿਆ ਤੇ ਸਰ-ਏ-ਬਜ਼ਾਰ ਨੱਚ ਰਿਹਾ ਸੀ।ਕਹਿੰਦੇ ਨੇ........
.
ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ ,ਗੌਣ ਵਾਲੇ ਦਾ ਮੂੰ
ਹਾਣੀਆਂ ਟਾਲ਼ੀ 'ਤੇ ਘੁੱਗੀ ਕਰੇ ਘੂੰ ਘੂੰ

ਮਾਂ ਬੋਲੀ ਭੁੱਲਣਾ,ਮੁੱਕਰਨਾ ਜਾਂ ਵਿਸਾਰਨਾ ਮਾਂ ਤੋਂ ਮੁਕਰਣ ਦੇ ਬਰਾਬਰ ਹੈ।ਪੰਜਾਬੀ ਬੋਲੀ ਨੂੰ ਗਵਾਰਾਂ ਦੀ ਭਾਸ਼ਾ ,ਕਰੂੜ ਅਤੇ ਪੇਂਡੂ ਭਾਸ਼ਾ ਸਮਝਣ ਵਾਲਿਆ ਨੂੰ ਇਕ ਗੱਲ ਪੱਲੇ ਬੰਨ ਲੈਣੀ ਚਾਹੀਦੀ ਹੈ ਕਿ ਕੋਇਲ ਇਸ ਕਰਕੇ ਆਜ਼ਾਦ ਹੈ ਕਿਉਂਕੀ ਉਹ ਆਪਣੀ ਬੋਲੀ ਬੋਲਦੀ ਹੈ ਅਤੇ ਤੋਤਾ ਇਸ ਕਰਕੇ ਪਿੰਜਰੇ ਪਾਇਆ ਜਾਂਦਾ ਹੈ ਕਿਉਂਕੀ ਉਹ ਦੂਸਰਿਆਂ ਦੀ ਬੋਲੀ ਬੋਲਦਾ ਹੈ।"ਮੇਰਾ ਦਾਗਿਸਤਾਨ" ਵਿਸ਼ਵ ਪ੍ਰਸਿਧ ਪੁਸਤਕ ਹੈ ਜੋ ਦੋ ਪਰਤਾਂ (ਵੌਲਿਉਮ) ਵਿਚ ਛਪੀ ਹੈ ਅਤੇ ਦੁਨੀਆਂ ਦੀਆਂ ਕਈ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕੀ ਹੈ ਉਸਦਾ ਲੇਖਕ ਰਸੂਲ ਹਮਜ਼ਾਤੋਵ ਆਪਣੇ ਅਵਾਰ ਵਿਰਸੇ ਦੀ ਗੱਲ ਦਸਦਾ ਹੈ ਕਿ ਅਵਾਰ ਵਿਰਸੇ 'ਚ ਜੇ ਕਿਸੇ ਨੇ ਕਿਸੇ ਨੂੰ ਸੱਚੀ ਬੱਦ-ਦੁਆ ਦੇਣੀ ਹੋਵੇ ਤਾਂ  ਕਹਿੰਦੇ ਹਨ"ਜਾ ਤੈਨੂ ਤੇਰੀ ਮਾਂ ਬੋਲੀ ਭੁੱਲ ਜਾਵੇ"। ਰਸੂਲ ਹਮਜ਼ਾਤੋਵ ਮਾਂ-ਬੋਲੀ ਦੀ ਮਹਤੱਤਾ ਨੂੰ ਦਰਸ਼ਾਉਂਦੀ ਇਕ ਘਟਨਾ ਦਾ ਜ਼ਿਕਰ ਕਰਦਾ ਹੈ ਜਿਸ ਵਿਚ ਇਕ ਮਾਂ ਸਾਲਾਂ ਤੋਂ ਵਿਛੜੇ ਆਪਣੇ ਬੇਟੇ ਨੂੰ ਮਿਲਦੀ ਹੈ ਤਾਂ ਉਸਦਾ ਬੇਟਾ ਉਸ ਨਾਲ ਆਪਣੀ ਮਾਂ-ਬੋਲੀ ਦੀ ਬਜਾਏ ,ਉਸ ਦੇਸ਼ ਦੀ ਬੋਲੀ ਵਿਚ ਗੱਲਬਾਤ ਕਰਦਾ ਹੈ ਜੋ ਉਸਦੀ ਮਾਂ-ਬੋਲੀ ਨਹੀਂ ਸੀ।ਮਾਂ ਨੂੰ ਇਹ ਬਰਦਾਸ਼ ਨਹੀਂ ਹੋਇਆ ਤੇ ਉਹ ਕਹਿੰਦੀ ਹੈ ਪਹਿਲਾਂ ਮੈ ਸਮਝਦੀ ਸੀ ਕਿ ਸ਼ਾਇਦ ਮੇਰਾ ਬੇਟਾ ਮਰ ਗਿਆ ਹੋਵਗਾ ਪਰ ਅੱਜ ਸੱਚੀ ਮੇਰਾ ਬੇਟਾ ਮਰ ਚੁੱਕਾ ਹੈ।

ਵਿਸ਼ਵ ਗਲੋਬਲਾਈਜੇਸ਼ਨ 'ਚ ਅਤੇ ਅੱਤ-ਆਧੁਨਿਕ ਇਲੈਕਟ੍ਰੈਨਿਕ ਮੀਡੀਏ ਦੇ ਦੌਰ 'ਚ ਵਿਸ਼ਵਭਰ ਵਿਚ ਮਾਂ-ਬੋਲੀਆਂ ਲਈ ਕਈ ਚੁਨੌਤੀਆਂ ਹਨ ਪਰ ਭਾਰਤ ਵਿਚ ਕੁੱਝ ਜ਼ਿਆਦਾ ਚੁਨੌਤੀਆਂ ਹਨ।ਜੇ ਦੇਖੀਏ ਤਾਂ ਮਾਂ-ਬੋਲੀਆਂ ਨੂੰ ਸਭ ਤੋਂ ਵੱਧ ਖੱਤਰਾ ਆਪਣਿਆਂ ਤੋਂ ਹੈ ਆਪਣੇ ਅੰਗਰੇਜ਼ੀ ਭਾਰੂ ਸਿਸਟਮ ਤੋਂ ਹੈ। ਪੌਣੀ ਸਦੀ ਦੀ ਅਜ਼ਾਦੀ ਤੋ ਬਾਅਦ ਵੀ ਅਸੀਂ ਦਫਤਰਾਂ ਅਤੇ ਦਫਤਰੀ ਕੰਮਕਾਜ ਨੂੰ ਅੰਗਰੇਜ਼ੀ ਤੋਂ ਅਜ਼ਾਦ ਨਹੀਂ ਕਰਵਾ ਸਕੇ।ਆਮ ਆਦਮੀ ਬੋਲੀ ਦੀ ਇਸ ਗੂੰਝਲ 'ਚ ਜਕੜਿਆ ਦਫਤਰਾਂ 'ਚ ਜਾਣ ਨੂੰ ਹਊਆ ਸਮਝਦਾ ਹੈ।ਅੰਗਰੇਜ਼ੀ ਨੂੰ ਸਟੇਟਸ ਸਿੰਬਲ ਸਮਝਣ ਵਾਲੀ ਅਫਸਰ ਲੌਬੀ ਜਾਂ ਦਫਤਰੀ ਭਾਸ਼ਾ 'ਚ ਕਹਇਏ ਤਾਂ ਨੌਕਰਸ਼ਾਹੀ ਇਸ 'ਚੋਂ ਨਿਕਲਣਾ ਨਹੀਂ ਚਾਹੁੰਦੀ।ਦੂਸਰਾ ਸਾਡੇ ਰਾਜਨੀਤੀਵਾਨਾਂ ਦਾ ਆਪਣੀਆਂ ਮਾਂ-ਬੋਲੀਆਂ ਪ੍ਰਤੀ ਵੀ ਰਾਜਨੀਤਿਕ ਰਵਈਆ ਹੈ।ਪੌੜੀਆਂ ਹਮੇਸ਼ਾ ਉੱਤੋਂ ਹੇਠਾਂ ਨੂੰ ਸਾਫ ਹੁੰਦੀਆਂ ਹਨ।ਸਿਰਫ ਰਾਜਨੀਤਿਕ ਚਿੱਠੀਆਂ ਹੀ ਦਫਤਰਾਂ ਦੀਆਂ ਫਾਇਲਾਂ ਦੀ ਸੇਂਖ ਦਾ ਭੋਜਨ ਬਣ ਰਹੀਆਂ ਹਨ।

ਮਾਂ-ਬੋਲੀ ਨੂੰ ਅਸਲ ਮਾਣ ਦਵਾਉਣ ਲਈ ਅਸੀਂ ਜੱਥੇਬੰਦ ਹੋ ਕਿ ਕਈ ਸਕੂਲਾਂ ਅੱਗੇ ਧਰਨੇ ਲਗਾਏ, ਸੜਕਾਂ 'ਤੇ ਰੈਲੀਆਂ ਕੱਢੀਆਂ, ਮੰਗ-ਪੱਤਰ ਦਿੱਤੇ, ਦੁਕਾਨ-ਦੁਕਾਨ ਜਾ ਕੇ ਫੁੱਲ ਦੇ ਕੇ ਕਿਹਾ ਕੇ ਆਪਣੀਆਂ ਦੁਕਾਨਾਂ ਦੇ ਬੋਰਡ ਪੰਜਾਬੀ ਵਿੱਚ ਵੀ ਲਿਖੋ।ਪਰ ਉਹ ਨਾਅਰੇ ਵੱਡੇ ਦਫਤਰਾਂ ਦੇ ਕੰਨ ਅਤੇ ਕਵਾੜ ਨਹੀਂ ਖੋਲ ਸਕੇ ਅਤੇ ਮੰਗ-ਪੱਤਰ ਸੜਕਾਂ 'ਤੇ ਕੂੜੇ ਵਾਂਗ ਉੱਡ ਰਹੇ ਹਨ ਅਤੇ ਫੁੱਲ ਦੁਕਾਨਦਾਰਾਂ ਦੀ ਦਹਿਲੀਜ਼ 'ਚ ਮਸਲੇ ਗਏ।ਇਹ ਕਹਿਣ 'ਚ ਮੈਨੂੰ ਹਿਚਕਿਚਾਹਟ ਨਹੀਂ ਹੈ ਕਿ ਸਾਡੇ ਦੱਖਣੀ ਅਤੇ ਪੂਰਵੀ ਰਾਜ ਭਾਵੇਂ ਅੰਗਰੇਜੀ ਜਿਅਦਾ ਬੋਲਦੇ ਹਨ ਪਰ ਮਾਂ-ਬੋਲੀ ਪ੍ਰਤੀ ਬਹੁਤ ਸੁਚੇਤ ਅਤੇ ਵਫਾਦਾਰ ਹਨ।ਤਾਹੀਂ ਤਾਂ ਬੰਗਲਾਦੇਸ਼ ਦੀ ਬੰਗਾਲੀ ਅਜ਼ਾਦੀ ਨਾਲ ਦਫਤਰਾਂ ਦੀ ਸ਼ਾਨ ਹੈ।ਸੋਚਣ ਵਾਲੀ ਅਤੇ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਬਾਬਾ ਸਾਹਿਬ ਅੰਬੇਦਕਰ ਅਤੇ ਸੰਵਿਧਾਨ ਸਭਾ ਦੇ ਸਾਥੀਆਂ ਨੇ ਦੇਸ ਦੀਆਂ ਧਾਰਮਿਕ ਭਿੰਨਤਾਂਵਾਂ,ਇਲਾਕਾਈ ਭਿੰਨਤਾਵਾਂ ਅਤੇ ਸਭਿਆਚਾਰਕ ਭਿੰਨਤਾਵਾਂ ਦੀਆਂ ਬਰੀਕੀਆਂ ਨੂੰ ਸਮਝਿਆ ਅਤੇ ਹਰ ਭਾਸ਼ਾ ਅਤੇ ਬੋਲੀ ਨੂੰ ਸਹੀ ਮਾਣ ਬਖਸ਼ਿਆ।ਸੰਵਿਧਾਨ ਵਿਚ 22 ਭਾਸ਼ਾਵਾਂ ਨੂੰ 19569 ਬੋਲੀਆਂ ਨੂੰ ਬਰਾਬਰ ਥਾਂ ਦਿੱਤੀ ਹੈ।

ਸੰਯੁਕਤ ਰਾਸ਼ਟਰ ਸੰਘ ਨੇ ਕੁੱਝ ਸਾਲ ਪਹਿਲਾਂ ਪੰਜਾਬ ,ਪੰਜਾਬੀ ਅਤੇ ਪੰਜਾਬੀਅਤ ਨੂੰ ਇਕ ਝੱਟਕਾ ਦਿੱਤਾ ।ਇਕ ਖੋਜ ਰਿਪੋਰਟ ਨੇ ਕੁੱਝ ਮਾਂ-ਬੋਲੀਆਂ ਬਾਰੇ ਪੰਜਾਹ ਕੁ ਸਾਲਾਂ ਤੱਕ ਖਤਮ ਹੋਣ ਦਾ ਖਦਸ਼ਾ ਅਤੇ ਅੰਦੇਸ਼ਾ ਜ਼ਾਹਿਰ ਕੀਤਾ।ਜਿਨ੍ਹਾਂ ਵਿਚ ਪੰਜਾਬੀ ਮਾਂ ਬੋਲੀ ਵੀ ਇੱਕ ਸੀ।ਭਾਵੇਂ ਸਮੇਂ ਦੀਆਂ ਸਰਕਾਰਾਂ ਨੇ ਇਸ ਨੂੰ ਚੁਨੌਤੀ ਵੱਜੋ ਨਹੀਂ ਲਿਆ।ਪਰ ਪੰਜਾਬੀ ਨੂੰ ਪਿਆਰ ਅਤੇ ਸਤਿਕਾਰ ਕਰਨ ਵਾਲਿਆਂ ਅਲੋਚਕਾਂ, ਸਾਹਿਤਕਾਰਾਂ, ਸਾਹਿਤ ਪ੍ਰੇਮੀਆਂ ,ਹੁਨਰਮੰਦਾਂ ਅਤੇ ਮਾਂ-ਬੋਲੀ ਦੇ ਵਾਰਸਾਂ ਇਸ ਚੁਣੌਤੀ ਨੂੰ ਨਕਾਰਿਆ ਵੀ ਅਤੇ ਮਾਂ-ਬੋਲੀ ਨੂੰ ਜਿਊਂਦੀ ਸਾਬਿਤ ਕਰਕੇ ਵਿਖਾਇਆ ਵੀ।ਅੱਜ ਦੁਨੀਆਂ ਭਰ ਵਿੱਚ ਪੰਜਾਬੀ ਦਾ ਬੋਲਬਾਲਾ ਹੈ।ਇਸ ਸਮੇ ਸਾਡੇ ਗੀਤ ,ਫਿਲਮਾਂ ਅਤੇ ਲਿਖਤਾਂ ਮਾਂ-ਬੋਲੀ ਅਤੇ ਵਿਰਸੇ ਦੇ ਕਲਾਵੇ ਨੂੰ ਸਮਝ ਰਹੀਆਂ ਹਨ ।ਹਾਲੀਵੂੱਡ ,ਬਾਲੀਵੂੱਡ ਅਤੇ ਪਾਲੀਵੂੱਡ ਇਥੋਂ ਤਕ ਕਿ ਟੈਲੀਵੁੱਡ ਵੀ ਪੰਜਾਬੀ ਦੀ ਅਹਮਿਅਤ ਨੂੰ ਸਮਝ ਚੁੱਕੇ ਹਨ।ਇਕ ਡਾਟੇ ਅਨੂਸਾਰ ਦੁਨੀਆਂ ਭਰ ਵਿਚ 14 ਤੋ 15 ਕਰੋੜ ਲੋਕ ਪੰਜਾਬੀ ਬੋਲਣ ਵਾਲੇ ਹਨ।10 ਕੁ ਕਰੋੜ ਲੋਕ ਪਾਕਿਸਤਾਨ 'ਚ ਪੰਜਾਬੀ ਬੋਲਣ ਵਾਲੇ ਹਨ।ਸਾਡੇ ਤਿੰਨ-ਚਾਰ ਕਰੋੜ ਲੋਕ ਭਾਰਤ ਵਿਚ ਪੰਜਾਬੀ ਬੋਲਣ ਵਾਲੇ ਲੋਕ ਹਨ।ਵਿਸ਼ਵ ਦੇ ਬਾਕੀ ਮੁਲਕਾਂ ਵਿਚ ਕਰੋੜ-ਡੇਢ ਕਰੋੜ ਲੋਕ ਪੰਜਾਬੀ ਬੋਲਦੇ ਹਨ।ਪੰਜਾਬੀ ਦੱਖਣੀ ਏਸ਼ੀਅਈ ਦੇਸ਼ਾਂ ਵਿਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ।ਇੰਗਲੈਂਡ ਅਤੇ ਆਸਟ੍ਰੇਲੀਆ ਵਿਚ ਦੂਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ ਅਤੇ ਕੈਨਡਾ ਵਿਚ ਤੀਜੀ ਸਭ ਤੋ ਵੱਧ ਬੋਲੀ ਜਾਣ ਵਾਲੀ ਬੋਲੀ ਹੈ।ਜਿੰਨੀਆਂ ਕੁ ਇੱਧਰ ਨੂੰ ਵਹੀਰਾਂ ਕਸੀਆਂ ਰਹੀਆਂ ਹਨ, ਲਗਦਾ ਹੈ ਛੇਤੀ ਹੀ ਦੂਜੇ ਸਥਾਨ ਤੇ ਆ ਜਾਣ ਦੀਆਂ ਸੰਭਾਵਨਾਵਾਂ ਹਨ ।

ਜੇ ਵਿਸ਼ਵ ਦਰਸ਼ਨ 'ਚੋ ਦੇਖੀਏ ਤਾਂ ਸਥਿਤੀ ਮਾੜੀ ਨਹੀਂ ਹੈ ਪਰ ਬੇਗਾਨੇ ਪਿੜ ਦੀ ਖੇਡ ਕਦੋਂ ਬਦਲੇ ਕਹਿ ਨਹੀਂ ਸਕਦੇ।ਕਿਉਂਕੀ ਇਹ ਸਾਡੀ ਬੋਲੀ ਹੈ,ਗੁਰੂਆਂ ਪੀਰਾਂ ਦੀ ਬੋਲੀ ਹੈ, ਗੁਰੂ ਨਾਨਕ ਦੀ ਬੋਲੀ ਹੈ ਗੁਰੂ ਅੰਗਦ ਦੇਵ ਦੀ ਬੋਲੀ ਹੈ ,ਬੁੱਲੇ ਸ਼ਾਹ ਦੀ ਬੋਲੀ ਹੈ, ਵਾਰਸ, ਹਾਸ਼ਮ ਤੇ ਪੀਲੂ ਦੀ ਬੋਲੀ ਹੈ, ਨਾਨਕ ਸਿੰਘ , ਸ਼ਿਵ ਕੁਮਾਰ ਬਟਾਲਵੀ, ਗੁਰਮੁੱਖ ਸਿੰਘ ਮੁਸਾਫਿਰ ,ਭਾਈ ਵੀਰ ਸਿੰਘ ਦੀ ਬੋਲੀ ਹੈ।ਅੱਜ 'ਚ ਜਾਈਏ ਤਾਂ ਸੁਰਜੀਤ ਪਾਤਰ ,ਦਲੀਪ ਕੌਰ ਟਿਵਾਣਾ ,ਭਾਅਜੀ ਗੁਰਸ਼ਰਨ,ਬਾਬਾ ਨਜ਼ਮੀ,ਗੁਰਭਜਨ ਗਿੱਲ ,ਡਾ.ਅਨੂਪ ਸਿੰਘ, ਸੁਲੱਖਣ ਸਰਹੱਦੀ ਅਤੇ ਡਾ ਰਵਿੰਦਰ ਜਿਹੇ ਕਰੋੜਾਂ ਪੰਜਾਬੀ ਦੇ ਵਾਰਿਸਾਂ ਦੀ ਬੋਲੀ ਹੈ।ਪਰ ਸਰਕਾਰਾਂ ਨੂੰ ਜਗਾਉਣ ਦੀ ਲੋੜ ਹੈ।

ਵਿਕਾਸ ਦੇ ਵਹਿਣ 'ਚ
ਮੈਂ ਇਨ੍ਹਾਂ ਵਹਿ ਗਿਆ
ਇਕ ਮਕਾਨ ਬਣਾਇਆ
ਤੇ ਘਰ  ਢਹਿ ਗਿਆ
ਛੱਡ ਆਇਆ ਮੈਂ ,ਬਾਬਾ ਬੋਹੜ
ਭੁੱਲ ਗਿਆ ,ਘਣਛਾਵੀਂ ਬੇਰੀ
ਮੈਂ ਆਪਣੇ ਹੀ ਗਮਲਿਆਂ ਦਾ
ਰਾਖਾ ਰਹਿ ਗਿਆ
                          ਸੰਪਰਕ: 98782 61522
                           wargisalamat@gmail.com


Comments

WARGIS Salamat

ਧੰਨਵਾਦ ਜੀ

Dr Sunil Kumar

So nice

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ