Mon, 15 July 2024
Your Visitor Number :-   7187077
SuhisaverSuhisaver Suhisaver

ਕੰਪਿਊਟਰ, ਹੈਕਰ ਅਤੇ ਤੁਸੀਂ -ਪਰਵਿੰਦਰ ਜੀਤ ਸਿੰਘ

Posted on:- 11-10-2014

suhisaver

ਕੰਪਿਊਟਰ ਨਾਲ ਜੁੜਿਆ ਇੱਕ ਸ਼ਬਦ ‘ਹੈਕਰ’ ਹੈ, ਜੋ ਕੰਪਿਊਟਰ ਰਾਹੀਂ ਹੁੰਦੀ ਧੋਖਾਧੜੀ ਅਤੇ ਸਾਇਬਰ ਅਪਰਾਧ ਦਾ ਲਖਾਇਕ ਹੈ। ਹੈਕਰ ਉਹ ਵਿਅਕਤੀ ਹੁੰਦੇ ਹਨ, ਜੋ ਕੰਪਿਊਟਰ ਜਾਂ ਇੰਟਰਨੈਟ ਦੀ ਸੁਰੱਖਿਆ ਨੂੰ ਤੋੜਕੇ ਉਸ ਵਿੱਚੋਂ ਡਾਟਾ ਕੱਢ ਜਾਂ ਪਾ ਸਕਦੇ ਹਨ ਅਤੇ ਹੈਕ ਸ਼ਬਦ ਇਨ੍ਹਾਂ ਹੈਕਰਾਂ ਦੁਆਰਾ ਕਿਸੇ ਸੁਰੱਖਿਅਤ ਕੰਪਿਊਟਰ ਉੱਪਰ ਪਈ ਸਮੱਗਰੀ ਨੂੰ ਤਕਨੀਕੀ ਤੋਰ ’ਤੇ ਚੋਰੀ ਜਾਂ ਉਸ ਸਮੱਗਰੀ ਵਿੱਚ ਤਬਦੀਲੀ ਕਰਨ ਲਈ ਵਰਤਿਆ ਜਾਂਦਾ ਹੈ। ਸੁਣਨ ਵਿੱਚ ਤੇ ਇਹ ਖੋਫ਼ਨਾਕ ਲੱਗਦਾ ਹੈ ਪਰ ਹੈਕਰ ਹਮੇਸ਼ਾ ਆਪਣੀ ਮੁਹਾਰਤ ਨੂੰ ਗ਼ਲਤ ਕੰਮ ਵਿੱਚ ਹੀ ਨਹੀਂ ਸਗੋਂ ਇਸ ਨੂੰ ਚੰਗੇ ਕੰਮ ਲਈ ਵੀ ਵਰਤਦੇ ਹਨ । ਕੁੱਝ ਕੰਪਨੀਆਂ ਪ੍ਰੋਫੈਸ਼ਨਲ ਹੈਕਰਾਂ ਨੂੰ ਭਰਤੀ ਵੀ ਕਰਦੀਆਂ ਹਨ, ਉਨ੍ਹਾਂ ਦਾ ਕੰਮ ਕਿਸੇ ਦੇ ਨਾਲ ਧੋਖਾਧੜੀ ਕਰਨਾ ਨਹੀਂ ਹੁੰਦਾ ਬਲਕਿ ਉਹ ਇਸ ਲਈ ਰੱਖੇ ਜਾਂਦੇ ਹਨ ਤਾਂ ਕਿ ਉਹ ਕੰਪਨੀ ਦੇ ਬਣਾਏ ਸਾਫਟਵੇਅਰ ਅਤੇ ਉਨ੍ਹਾਂ ਦੇ ਗਾਹਕਾਂ ਦੇ ਡਾਟਾ ਨੂੰ ਵੱਧ ਤੋਂ ਵੱਧ ਸੁਰਖਿਆ ਪ੍ਰਦਾਨ ਕਰ ਸਕਣ ।

ਬਹੁਤ ਲੋਕ ਇਹ ਮੰਨਦੇ ਹਨ ਕਿ ਉਹਨਾਂ ਦੇ ਕੰਪਿਊਟਰ ਤੋਂ ਕੁੱਝ ਵੀ ਚੋਰੀ ਕਰਨ ਦੇ ਯੋਗ ਨਹੀ ਹੈ ਜਾਂ ਫੇਰ ਕੋਈ ਜ਼ਰੂਰੀ ਡਾਟਾ ਜਾਂ ਸਮੱਗਰੀ ਨਹੀਂ ਪਈ ਹੈ ਪਰ ਤੁਹਾਡੇ ਈ-ਮੇਲ ਅਕਾਊਂਟ, ਬੈਂਕ ਖਾਤਾ ਪਾਸਵਰਡ, ਜਾਂ ਹੋਰ ਜ਼ਰੂਰੀ ਲਿਖਤੀ ਸਮੱਗਰੀ ਤੋਂ ਇਲਾਵਾ ਵੀ ਬਹੁਤ ਕੁਝ ਚੋਰੀ ਹੋ ਸਕਦਾ ਹੈ ਅਤੇ ਉਸ ਦੀ ਗ਼ਲਤ ਢੰਗਾਂ ਨਾਲ ਵਰਤੋਂ ਕੀਤੀ ਜਾ ਸਕਦੀ ਹੈ। ਇਨ੍ਹਾਂ ’ਚੋਂ ਤੁਹਾਡੀਆਂ ਨਿੱਜੀ ਤਸਵੀਰਾਂ, ਵੀਡੀਓ, ਤੁਹਾਡੇ ਆਈ. ਪੀ. (ਇੰਟਰਨੈਟ ਨੂੰ ਜੋੜਨ ਲਈ ਅਡਰੈਸ ਦੀ ਵਰਤੋਂ) ਅਤੇ ਤੁਸੀਂ ਕੰਪਿਊਟਰ ’ਤੇ ਕੀ ਕੁੱਝ ਕਰ ਰਹੇ ਹੋ ਸਭ ਵੇਖਿਆ ਜਾ ਸਕਦਾ ਹੈ।

ਸੁਣਨ ਵਿੱਚ ਤਾਂ ਥੋੜ੍ਹੀ ਹੈਰਾਨੀ ਹੋਵੇਗੀ ਪਰ ਹਾਲ ਵਿੱਚ ਹੀ ਰੂਸ ਦੇ ਹੈਕਰਾਂ ਨੇ ਕਰੀਬ 50 ਲੱਖ ਹੈਕ ਕੀਤੇ ਗਏ ਜੀ-ਮੇਲ ਖ਼ਾਤਿਆਂ ਦੇ ਪਾਸਵਰਡ ਇਕ ਵੈੱਬਸਾਈਟ ਰਾਹੀਂ ਜ਼ਾਹਰ ਕੀਤੇ । ਇਸ ਦਾ ਇਹ ਮਤਲਬ ਨਹੀਂ ਹੈ ਕਿ ਜੀ-ਮੇਲ ਵਿੱਚ ਕੋਈ ਕਮੀ ਹੈ। ਇਹ ਸਭ ਅਨਜਾਣ ਵਰਤੋਂਕਾਰਾਂ ਦੇ ਕਾਰਨ ਹੋਇਆ ਹੈ ਜੋ ਆਪਣੇ ਨਿੱਜੀ ਖਾਤੇ ਦੀ ਸੁਰੱਖਿਆ ਨੂੰ ਜ਼ਾਹਰ ਕਰ ਬੈਠਦੇ ਹਨ।

ਹੈਕਰ ਕਈ ਤਰ੍ਹਾਂ ਅਤੇ ਕਈ ਤਰੀਕਿਆਂ ਨਾਲ ਹੈਕਿੰਗ ਨੂੰ ਅੰਜ਼ਾਮ ਦਿੰਦੇ ਹਨ। ਇਨ੍ਹਾਂ ਦੇ ਅਧਾਰ ’ਤੇ ਹੀ ਇਨ੍ਹਾਂ ਨੂੰ ਕੁੱਝ ‘ਕੁ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ । ਇਨ੍ਹਾਂਂ ਵਿੱਚੋਂ ਹੀ ਕੁੱਝ ਸ਼੍ਰੇਣੀਆਂ ਹਨ, ਬਲੈਕ ਹੈਟ ਹੈਕਰ, ਗ੍ਰੇ ਹੈਟ ਹੈਕਰ ਅਤੇ ਵਾਈਟ ਹੈਟ ਹੈਕਰ । ਬਲੈਕ ਹੈਟ ਹੈਕਰ ਉਹ ਨੇ ਜੋ ਕੰਪਿਊਟਰ ਵਿੱਚ ਕੋਈ ਪ੍ਰੋਗਰਾਮਿੰਗ ਭਾਸ਼ਾ ਤੇ ਆਪਣਾ ਕੋਡ ਬਣਾਕੇ ਕਿਸੇ ਦੇ ਡਾਟਾ ਜਾਂ ਕੰਪਿਊਟਰ ਵਿੱਚ ਸੁਰੱਖਿਅਤ ਡਾਟਾ ਨੂੰ ਕੱਢਦੇ ਹਨ ਅਤੇ ਇਹ ਹੈਕਰ ਧਨ ਅਤੇ ਕੀਮਤੀ ਡਾਟਾ ਨੂੰ ਨਸ਼ਟ ਜਾਂ ਚੋਰੀ ਕਰਨ ਦਾ ਵੱਡਾ ਅਪਰਾਧ ਕਰਦੇ ਹਨ । ਗ੍ਰੇ ਹੈਟ ਹੈਕਰ ਉਹ ਹੁੰਦੇ ਹਨ ਜੋ ਦੂਜਿਆਂ ਦੁਆਰਾ ਬਣਾਏ ਕੋਡ ਜਾਂ ਪ੍ਰੋਗਰਾਮ ਦੀ ਵਰਤੋਂ ਕਰਕੇ ਕੰਪਿਊਟਰ ਸੁਰੱਖਿਆ ਨੂੰ ਤੋੜਦੇ ਹਨ ਅਤੇ ਜ਼ਿਆਦਾਤਰ ਛੋਟੇ ਮੋਟੇ ਕਿਸੇ ਈ-ਮੇਲ ਜਾਂ ਕੋਈ ਹੋਰ ਇੰਟਰਨੈੱਟ ਖ਼ਾਤਾ ਚੋਰੀ ਕਰਦੇ ਹਨ । ਵਾਈਟ ਹੈਟ ਹੈਕਰ ਕੰਪਨੀਆਂ ਵਿੱਚ ਕੰਪਨੀ ਦੇ ਸਾਫ਼ਟਵੇਅਰ ਅਤੇ ਵੈੱਬਸਾਈਟਾਂ ਨੂੰ ਸੁਰੱਖਿਆ ਪ੍ਰਦਾਨ ਅਤੇ ਉਸ ਦਾ ਸਮੇਂ-ਸਮੇਂ ’ਤੇ ਨਿਰੀਖਣ ਕਰਦੇ ਹਨ।

ਇਹ ਸਵਾਲ ਸਾਡੇ ਮਨ ਵਿੱਚ ਆਉਂਦਾ ਹੈ ਕਿ ਜੇ ਇਹ ਅਪਰਾਧ ਹੈ ਤਾਂ ਹੈਕਰਾਂ ਨੂੰ ਇਸ ਤੋਂ ਕੀ ਮਿਲਦਾ ਹੈ । ਬਹੁਤ ਬਾਲ ਹੈਕਰਾਂ ਨੂੰ ਇਸ ਦਾ ਬੋਧ ਵੀ ਨਹੀ ਹੁੰਦਾ ਕਿ ਉਹ ਕਿੰਨਾ ਵੱਡਾ ਅਪਰਾਧ ਕਰ ਰਹੇ ਹਨ। ਉਹ ਇਹ ਸਭ ਕੁੱਝ ਆਪਣੇ ਦੋਸਤਾਂ ਵਿੱਚ ਆਪਣੀ ਫੋਕੀ ਧੌਂਸ ਜਮਾਉਣ, ਈਰਖਾ ਜਾਂ ਫੇਰ ਬਦਲੇ ਦੀ ਭਾਵਨਾ ਨਾਲ ਕਰਦੇ ਹਨ। ਕੁੱਝ ਹੈਕਰ ਹੈਕਿੰਗ ਗਲਤ ਤਰੀਕੇ ਨਾਲ ਪੈਸੇ ਕਮਾਉਣ ਲਈ ਕਰਦੇ ਹਨ, ਜੋ ਹੋਰ ਵੀ ਵੱਡਾ ਅਪਰਾਧ ਹੈ। ਭਾਰਤੀ ਕਾਨੂੰਨ ਵਿੱਚ ਇਸ ਨੂੰ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਕਰਕੇ ਇਸ ਉੱਪਰ ਸਖ਼ਤ ਤੋਂ ਸਖ਼ਤ ਸਜ਼ਾ ਦਾ ਪ੍ਰਬੰਧ ਹੈ ਅਤੇ ਇਨ੍ਹਾਂ ਮਾਮਲਿਆਂ ਲਈ ਪੁਲਿਸ ਦੇ ਖ਼ਾਸ ਸੈਲ ਵੀ ਬਣਾਏ ਗਏ ਹਨ।

ਹੈਕਰਾਂ ਤੋਂ ਡਰਨ ਦੀ ਲੋੜ ਨਹੀ ਹੈ ਬਸ ਸਾਨੂੰ ਆਪਣੇ ਨਿੱਜੀ ਡਾਟਾ ਨੂੰ ਸੁਰੱਖਿਆ ਪ੍ਰਦਾਨ ਰੱਖਣਾ ਚਾਹੀਦਾ ਹੈ ਅਤੇ ਕੁੱਝ ਨੁਕਤਿਆਂ ਨੂੰ ਯਾਦ ਰੱਖਣ ਦੀ ਲੋੜ ਹੈ। ਆਪਣੇ ਕੰਪਿਊਟਰ ਦੀ ਨਿੱਜੀ ਜਾਣਕਾਰੀ ਜਿਵੇਂ ਪਾਸਵਰਡ ਕਿਸੇ ਨਾਲ ਵੀ ਸਾਂਝਾ ਨਾ ਕਰੋ। ਜੇ ਤੁਸੀਂ ਨੈਟਵਰਕ (ਦੋ ਜਾਂ ਉਸ ਤੋਂ ਵੱਧ ਕੰਪਿਊਟਰਾਂ ਦਾ ਸਮੂਹ) ਜਾਂ ਸਾਈਬਰ ਕੈਫੇ (ਇੰਟਰਨੈੱਟ ਵਰਤਣ ਵਾਲੀ ਦੁਕਾਨ) ਤੇ ਕੰਪਿਊਟਰ ਵਰਤੋਂ ਕਰ ਰਹੇ ਹੋ ਤਾਂ ਉਸ ਉੱਪਰ ਕੋਈ ਨਿੱਜੀ ਡਾਟਾ ਜਿਵੇਂ ਬੈਂਕ ਖਾਤਾ ਵੇਰਵਾ, ਪਾਸਵਰਡ, ਨਿੱਜੀ ਤਸਵੀਰਾਂ ਜਾਂ ਵੀਡੀਓ, ਮਹੱਤਵਪੂਰਨ ਫਾਈਲਾਂ, ਆਦਿ ਨਾ ਰਖੋ। ਜੇ ਤੁਸੀਂ ਇੰਟਰਨੈੱਟ ਦੀ ਵਰਤੋਂ ਕਰ ਰਹੇ ਹੋ ਤਾਂ ਕੁੱਝ ਚੋਣਵੀਆਂ ਵੈੱਬਸਾਈਟ ਉੱਪਰ ਹੀ ਆਪਣਾ ਕੰਮ ਕਰੋ । ਵੈੱਬਸਾਈਟ ਉੱਪਰ ਪਈਆਂ ਬਾਹਰੀ ਕੜੀਆਂ ਨੂੰ ਨਾ ਖੋਲੋ, ਆਪਣਾ ਯੂ.ਆਰ.ਐਲ. (ਜਿਥੇ ਸਾਈਟ ਦਾ ਨਾਮ ਲਿਖਿਆ ਜਾਂਦਾ ਹੈ) ਨੂੰ ਹਮੇਸ਼ਾ ਪਾਸਵਰਡ ਭਰਨ ਲਗੇ ਚੰਗੀ ਤਰ੍ਹਾਂ ਜਾਂਚ ਲਵੋ ਕਿ ਜਿਹੜੀ ਵੈੱਬਸਾਈਟ ਤੁਸੀਂ ਖੋਲ੍ਹੀ ਸੀ ਉਹੀ ਹੈ ਕਿ ਨਹੀ, ਇੰਟਰਨੈੱਟ ਉੱਪਰ ਜਿੱਥੇ ਵੀ ਤੁਹਾਡਾ ਖ਼ਾਤਾ ਹੋਵੇ ਤਾਂ ਹਰ ਖਾਤੇ ਉੱਪਰ ਅਲੱਗ-ਅਲੱਗ ਪਾਸਵਡ ਦੀ ਵਰਤੋਂ ਕਰੋ, ਜੇ ਤੁਸੀਂ ਇੰਟਰਨੈੱਟ ਉੱਪਰ ਕੋਈ ਭੁਗਤਾਨ ਕਰਨਾ ਹੋਵੇ ਤਾਂ ਉਸ ਨੂੰ ਸੋਚ ਸਮਝ ਕੇ ਅਤੇ ਸੁਰੱਖਿਅਤ ਵੈੱਬਸਾਈਟਾਂ ਉੱਪਰ ਹੀ ਕਰੋ ਅਤੇ ਸਭ ਤੋਂ ਮਹੱਤਵਪੂਰਨ ਹੈ ਆਪਣੇ ਕੰਪਿਊਟਰ ਵਿੱਚ ਕਿਸੇ ਵਧੀਆ ਕੰਪਨੀ ਦਾ ਐਂਟੀ ਵਾਇਰਸ ਰੱਖਣਾ ਉਸ ਨੂੰ ਸਮੇਂ-ਸਮੇਂ ’ਤੇ ਉਸ ਦੇ ਸੰਸਕਰਨ ਨੂੰ ਇੰਟਰਨੈੱਟ ਤੋਂ ਡਾਊਨਲੋਡ (ਅਪਡੇਟ) ਕਰਕੇ ਆਪਣੇ ਐਂਟੀ ਵਾਇਰਸ ਨੂੰ ਸ਼ਕਤੀਸ਼ਾਲੀ ਬਣਾਉਂਦੇ ਰਹੋ।

ਸੰਪਰਕ: +91 98720 07176

Comments

Security Code (required)Can't read the image? click here to refresh.

Name (required)

Leave a comment... (required)

ਸੂਚਨਾ-ਤਕਨਾਲੋਜੀ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ