Fri, 19 April 2024
Your Visitor Number :-   6985496
SuhisaverSuhisaver Suhisaver

ਪੱਤ ਕੁਮਲਾ ਗਏ (ਕਾਂਡ-5) -ਅਵਤਾਰ ਸਿੰਘ ਬਿਲਿੰਗ

Posted on:- 06-06-2013

suhisaver

-5-

ਜੈਬੇ ਦੀ ਉਸ ਰਾਤ ਨੀਂਦ ਉੱਡ ਗਈ। ਬਰਾਬਰ ਪਈ ਗੁਰਮੇਲ ਕੌਰ ਘੁਰਾੜੇ ਮਾਰ ਰਹੀ ਸੀ, ਜਿਹੜੀ ਕਿੰਨੀ ਦੇਰ ਉਸ ਦਾ ਮੱਥਾ ਘੁੱਟਦੀ ਹੰਝੂ ਕੇਰਦੀ ਰਹੀ। ਸਿਰਹਾਣੇ ਬੈਠੀ ਆਪਣਾ ਹਟਕੋਰਾ ਰੋਕਦੀ, ਉਹ ਪਤੀ ਦੀਆਂ ਗਿੱਲੀਆਂ ਅੱਖਾਂ ਪੂੰਝ ਦਿੰਦੀ। ਜੈਬਾ ਜਿਹੜਾ ਮਹਿੰਦਰ ਸਿਹੁੰ ਮੋਹਤਬਰ ਅਤੇ ਮਾਧੋ ਛੜੇ ਤੋਂ ਕੁਪੱਤ ਕਰਾ ਕੇ ਵੀ ਕਦੇ ਏਨਾ ਹਰਖਿਆ ਨਹੀਂ ਸੀ, ਅੱਜ ਖ਼ੂਨ ਦੇ ਅੱਥਰੂ ਡੋਹਲਦਾ, ਲਗਾਤਾਰ ਪਛਤਾ ਰਿਹਾ ਸੀ,

''ਕੀ ਮਿੱਟੀ ਕਢਾਉਣੀ ਤੀ, ਐਸੀ ਉਲਾਦ ਕੋਲੋਂ?''- ਬੇਆਰਾਮ ਪਏ ਅਜੈਬ ਦੇ ਅੰਦਰੋਂ ਇੱਕ ਹੂਕ ਉੱਠੀ।

ਸੋਹਣੇ ਤੋਂ ਮਗਰੋਂ ਜੇ ਹੋਰ ਕੋਈ ਵੀ ਜਵਾਕ ਨਾ ਜੰਮਿਆ ਹੁੰਦਾ ਤਾਂ ਉਹ ਕਿੰਨਾ ਸੁਖਾਲ਼ਾ ਰਹਿੰਦਾ। ਆਪਣੀ ਜਾਨ ਨੂੰ ਫਾਹੇ ਟੰਗਣ ਲਈ ਏਨੇ ਮਜ਼ਬੂਤ ਰੱਸੇ ਉਸਨੇ ਆਪ ਵੱਟੇ ਸਨ। ਸੋਹਣੇ ਪਿੱਛੋਂ ਜੰਮੀਆਂ ਦੋ ਧੀਆਂ ਦਾ ਉਸ ਨੂੰ ਕੋਈ ਦੁੱਖ ਨਹੀਂ ਸੀ। ਵੱਡੀ ਦਾ ਪ੍ਰਾਹੁਣਾ ਫੌਜੀ ਸੀ, ਜਦੋਂ ਕਿ ਛੋਟੀ ਦਾ ਖੇਤੀ ਕਰਦਾ। ਆਪਣੇ ਸਾਥੀਆਂ ਵੱਲ ਦੇਖ ਕੇ ਛੋਟੇ ਪ੍ਰਾਹੁਣੇ ਦੇ ਮਨ ਵਿੱਚ ਬਾਹਰ ਜਾਣ ਦਾ ਹਾਉਲ ਜਿਹਾ ਜ਼ਰੂਰ ਉੱਠਦਾ, ਪਰ ਉਹ ਕੁਝ ਦਿਨ ਤੜਫ਼ ਕੇ ਚੁੱਪ ਹੋ ਜਾਂਦਾ। ਜੇ ਮੇਲੋ ਜੋੜੀ ਬਣਾਉਣ ਦੇ ਚੱਕਰ ਵਿੱਚ ਨਾ ਪੈਂਦੀ ਤਾਂ ਬਾਲੇ ਸ਼ਰਾਬੀ ਨੇ ਜੰਮਣਾ ਨਹੀਂ ਸੀ। ਜੇਠਾ ਪੁੱਤਰ ਅਤੇ ਵੱਡੀ ਨੂੰਹ ਬੇਸ਼ੱਕ ਸ਼ਾਬਾਸ਼ ਤਾਂ ਨਹੀਂ ਸੀ ਦਿੰਦੇ, ਪਰ ਉਹਨਾਂ ਦਾ ਕੋਈ ਦੁੱਖ ਵੀ ਨਹੀਂ ਸੀ। ਏਨਾ ਵੱਡਾ ਖਲਜਗਣ ਰਚ ਕੇ ਜੈਬੇ ਨੂੰ ਕੀ ਮਿਲਿਆ ਸੀ।

''ਬੱਸ, ਹੁਣ ਤਾਂ 'ਕੱਲੀ ਦਾੜ੍ਹੀ ਪੱਟਣ ਦੀਓ ਕੱਚ ਰਹਿਗੀ, ਜੈਬ ਸਿਆਂ!'' ਵਹਿਣੀਂ ਪਏ ਅਜੈਬ ਤੋਂ ਅੱਜ ਉੱਚੀ ਆਖਿਆ ਗਿਆ।

ਪੰਜ ਕਿੱਲਿਆਂ ਵਿੱਚ ਉਸਦੀ ਚੰਗੀ ਦਿਨ-ਕਟੀ ਹੋਈ ਜਾਣੀ ਸੀ। ਦੋ ਸੰਧਾਰੇ ਦੇ ਕੇ ਉਹ ਸਾਰਾ ਸਾਲ ਸੁਰਖ਼ਰੂ ਰਹਿੰਦਾ। ਚਿੱਤ ਕਰਦਾ ਤਾਂ ਬੇਬੀ ਜਾਂ ਰੂਪਾਂ ਨੂੰ ਮਿਲ ਆਇਆ ਕਰਦਾ। ਜੇ ਵੱਡੀ ਨੂੰਹ ਹਰਮੀਤ ਇਜਾਜ਼ਤ ਦਿੰਦੀ ਤਾਂ ਕੇ ਦੋਹਤੇ ਜਾਂ ਦੋਹਤੀ ਨੂੰ ਕੋਲ ਰੱਖ ਲੈਂਦਾ। ਸੋਹਣਾ, ਮੇਹਰੂ ਅਤੇ ਬਾਲਾ ਜਿਹਨਾਂ ਨੂੰ ਵੱਡੇ ਜ਼ਫ਼ਰ ਜਾਲ ਕੇ ਪਾਲਿਆ ਸੀ, ਮਾਪਿਆਂ ਦੇ ਕਿੰਨੇ ਕੁ ਵਫ਼ਾਦਰ ਸੀ। ਤਿੰਨੇ ਨਾਸ਼ੁਕਰੇ ਸਨ। ਸੋਹਣੇ ਨੂੰ ਰਿਜ਼ਕ ਪਾਇਆ। ਬਾਲੇ ਨੂੰ ਬੀ.ਏ. ਤੱਕ ਪੜ੍ਹਾਇਆ। ਗੱਭਲੇ ਮੇਹਰੂ ਨੂੰ ਵੀ ਆਪ ਨਹੀਂ ਪੜ੍ਹਨੋਂ ਹਟਾਇਆ। ਜੇ ਉਹ ਨਹੀਂ ਪੜ੍ਹਿਆ ਤਾਂ ਇਸ ਵਿੱਚ ਮਾਂ-ਪਿਓ ਦਾ ਕਿਹੜਾ ਕਸੂਰ ਸੀ। ਦੋਹਾਂ ਧੀਆਂ ਦੇ ਮੂੰਹੋਂ ਖੋਹ ਕੇਉਹ ਇਹਨਾਂ
ਧਲੈਟਾਂ ਨੂੰ ਦੁੱਧ ਪਿਲਾਉਂਦਾ ਰਿਹਾ। ਜੇ ਸ਼ਹਿਰੋਂ ਕੋਈ ਚੀਜ਼ ਲਿਆਉਣੀ ਤਾਂ ਪਹਿਲਾਂ ਤਿੰਨਾਂ ਤੜਾਗੀ-ਬੰਨ੍ਹਾਂ ਦੀਆਂ ਤਲੀਆਂ ਉੱਤੇ ਰੱਖਦਾ। ਕਿਤੇ ਉਹਨਾਂ ਦੀਆਂ ਰੂਹਾਂ ਥੁੜੀਆਂ ਨਾ ਰਹਿ ਜਾਣ।

''ਪਰ ਏਹਨਾਂ ਕਰੀਖੋਹਾਂ ਨੇ ਕੀ ਗੁਣ ਜਾਣਿਆ?'' ਕਾਫ਼ੀ ਦੇਰ ਉਹ ਆਪਣੇ ਅੰਦਰਲੇ ਨਾਲ ਝਗੜਦਾ ਰਿਹਾ।

ਇੱਕ ਵਾਰੀ ਜੀਰੀ ਵੇਚਣ ਗਿਆ ਉਹ ਜਵਾਕਾਂ ਲਈ ਅੰਗੂਰ ਖ਼ਰੀਦ ਲਿਆਇਆ। ਤਿੰਨਾਂ ਪੁੱਤਰਾਂ ਲਈ ਛਾਂਟਵੇਂ ਗੁੰਦਵੇਂ ਬੇਦਾਗ਼ ਗੁੱਛੇ ਜਦੋਂ ਕਿ ਦੋਹਾਂ ਧੀਆਂ ਵਾਸਤੇ ਬੇਹਾ, ਮੁਰਝਾਇਆ ਬਦਾਣਾ ਜਿਹਾ।


''
ਜੇ ਭਲਾ ਤੂੰ ਇਹ ਵੀ ਨਾ ਲਿਆਉਂਦਾ ਫੇਰ ਕਿਹੜਾ ਤੇਰੀਆਂ ਧੀਆਂ ਨੇ ਮੱਥੇ ਵੱਟ ਪਾਉਣਾ ਤਾ?'' ਗੁਰਮੇਲੋ ਨੇ ਨਿਹੋਰਾ ਕੀਤਾ, ਜਦੋਂ ਕਿ ਬੇਬੀ ਅਤੇ ਰੂਪਾਂ ਡੰਡੀ ਨਾਲੋਂ ਟੁੱਟੇ, ਪਾਣੀ ਵਿੱਚ ਭਿੱਜੇ, ਫਿੱਸੇ ਹੋਏ ਅੰਗੂਰਾਂ ਨੂੰ ਨਿਆਮਤ ਸਮਝ ਕੇ ਖਾਂਦੀਆਂ ਖੀਵੀਆਂ ਹੋ ਹੋ ਜਾਂਦੀਆਂ।
ਅੱਜ ਵਿਆਹੀਆਂ-ਵਰੀਆਂ ਵੀ ਉਹ ਦੋਵੇਂ ਮਾਪਿਆਂ ਦੀ ਸੁੱਖ ਮੰਗਦੀਆਂ। ਅੱਜ ਤੱਕ ਆਪਣੇ ਭਰਾਵਾਂ ਭਤੀਜਿਆਂ ਦੇ ਸ਼ਗਨ ਮਨਾਉਂਦੀਆਂ। ਪਰ ਨਾਸ਼ੁਕਰੇ ਭਾਈ ਵਰ੍ਹੇ ਛਿਮਾਹੀ ਮਿਲਣ ਜਾਣ ਤੋਂ ਵੀ ਕੰਨੀਂ ਕਤਰਾਉਂਦੇ। ਵੱਡਾ ਅਤੇ ਛੋਟਾ ਤਾਂ ਮੂਲੋਂ ਨਿਕੰਮੇ ਸਨ, ਵਿਚਕਾਰਲਾ ਮੇਹਰੂ ਵੀ ਕਦੇ ਕਦਾਈਂ ਮਾਂਹ ਦੇ ਆਟੇ ਵਾਂਗ ਆਕੜ ਜਾਂਦਾ। ਉਹਨੂੰ ਵਿਆਹਿਆ ਕਿਉਂ ਨਹੀਂ ਸੀ? ਉਹ ਪੁੱਛਦਾ। ਸਾਰੀ ਉਮਰ ਉਹ ਭਰਾਵਾਂ-ਭਾਬੀਆਂ ਦਾ ਗ਼ੁਲਾਮ ਬਣ ਕੇ ਰਹੇਗਾ। ਉਹਨੂੰ ਗਿਲਾ ਸੀ। ਭਤੀਜਿਆਂ ਦੇ ਹੱਥਾਂ ਵੱਲ ਝਾਕਣਾ ਪਵੇਗਾ, ਉਸ ਨੂੰ।


Ê
ਪਰ ਜਿਹੜੇ ਵਿਆਹੇ-ਵਰੇ ਸਨ, ਉਹ ਕਿਹੜਾ ਪਿਓ ਦੇ ਹਾਰ ਪਾਉਂਦੇ ਸਨ। ਉਹਨਾਂ ਦੀਆਂ ਆਪਣੀਆਂ ਸ਼ਿਕਾਇਤਾਂ ਸਨ, ਆਪਣੇ ਉਲਾਂਭੇ ਸਨ। ਸੋਚੀਂ ਪਿਆ ਅਜੈਬ ਹੋਰ ਉਲਝਦਾ ਗਿਆ।


ਗ੍ਰਹਿਸਥ ਜੀਵਨ ਦਾ ਮਨੋਰਥ ਕੀ ਸੀ। ਬਚਪਨ ਵਿੱਚ ਗੱਟੂ ਦੇ ਪਿਤਾ ਪੰਡਤ ਦੇਵ ਰਾਜ ਦੇ ਗੋਡੇ ਮੁੱਢ ਬੈਠ ਕੇ ਕਥਾ ਵਾਰਤਾ ਸੁਣਦਾ ਰਿਹਾ ਜੈਬਾ ਅੱਜ ਬਹੁਤ ਡੂੰਘਾ ਉੱਤਰ ਗਿਆ। ਉਹ ਭਾਈ ਜੀ ਹਰੀ ਸਿੰਘ ਨਾਲ ਵੀ ਕਈ ਵਾਰ ਵਿਚਾਰ-ਚਰਚਾ ਕਰਦਾ। ਪਰ ਫ਼ਰੌਟੀਏ ਕੋਲੋਂ ਇਸ ਪੱਖੋਂ ਲੁਕੋਅ ਰੱਖਦਾ। ਰੁਲਦੇ ਦਾ ਇਤਬਾਰ ਨਹੀਂ ਸੀ, ਉਹ ਕਿਤੇ ਵੀ ਖੜ੍ਹਾ ਜੈਬੇ ਦੇ ਟੱਬਰ ਦਾ ਪ੍ਰਸੰਗ ਸੁਣਾਉਣ ਲੱਗ ਸਕਦਾ ਸੀ। ਜਿਹੜਾ ਆਪਣੇ ਸੱਕੇ ਪੁੱਤਰਾਂ ਨੂੰ ਨਹੀਂ ਸੀ ਬਖ਼ਸ਼ਦਾ। ਉਹ ਕਿਸ ਦਾ ਮਿੱਤਰ ਸੀ।


''
ਕਾਦਰ ਦੀ ਕੁਦਰਤ ਨੂੰ ਮਾਨਣਾ ਹੀ ਜੀਵਨ ਦਾ ਲਕਸ਼ ਮਿੱਥਿਆ ਗਿਐ। ਉਸ ਉੱਪਰ ਵਾਲੇ ਦੀ ਰਜ਼ਾ 'ਚ ਰਹਿ ਕੇ ਗ੍ਰਹਿਸਥ ਧਾਰਨ ਕਰਨਾ ਜ਼ਿੰਦਗੀ ਦਾ ਅਸਲ ਮਨੋਰਥ ਹੈ।'' ਭਾਈ ਜੀ ਨੇ ਅਨੇਕ ਵਾਰ ਵਿਆਖਿਆ ਵੀ ਕੀਤੀ। ...ਬਹੁ ਵਿਸਤਾਰ ਕੀਤੇ ਬਿਨਾਂ ਤਾਂ ਕਰਤਾ ਪੁਰਖ ਵੀ ਨਹੀਂ ਰਹਿ ਸਕਿਆ। ਹਰੀ ਸਿਹੁੰ ਸਮਝਾਉਂਦਾ ਕਈ ਵਾਰ ਬਹੁਤ ਦੂਰ ਨਿਕਲ ਜਾਂਦਾ। ...ਪੁਰਖ ਅਤੇ ਨਾਰੀ ਜਿਹੜੇ ਉਸ ਪਰਮਾਤਮਾ ਦੀ ਹੀ ਅੰਸ਼ ਹਨ, ਉਹ ਇੱਕ ਦੂਜੇ ਬਗ਼ੈਰ ਕਿਵੇਂ ਰਹਿ ਸਕਦੇ ਨੇ? ਦੋਹਾਂ ਦੀ ਜੋੜੀ ਬਣੇਗੀ, ਸੰਪਰਕ ਹੋਵੇਗਾ ਤਾਂ ਪਾਸਾਰੇ ਨੂੰ ਕਿਹੜਾ ਮਾਈ ਦਾ ਲਾਲ ਰੋਕ ਲਵੇਗਾ? ''ਪਾਸਾਰ ਦਾ ਕਾਰਨ ਜਦੋਂ ਤੁਸੀਂ ਬਣੋਗੇ ਤਾਂ ਫਲ ਵੀ ਥੌਨੂੰ ਹੀ ਭੁਗਤਣਾ ਪਊ।''

 


ਭਾਈ ਜੀ ਹੋਰ ਵਿਸਤਾਰ ਵਿੱਚ ਪੈ ਜਾਂਦੇ। ਜੋਗੀ-ਜੰਗਮ, ਤਿਆਗੀ-ਵੈਰਾਗੀ ਸਾਰੇ ਜੰਗਲੀਂ ਬੇਸ਼ੱਕ ਜਾ ਵੜੇ ਪਰ ਉੱਥੇ ਪਹਾੜਾਂ ਦੀਆਂ ਕੰਦਰਾਂ ਵਿੱਚ ਬੈਠ ਕੇ ਵੀ ਔਰਤ ਮਿਲਾਪ ਹੀ ਚਿਤਵਦੇ ਰਹੇ। ਕੰਨ ਪੜਵਾ ਕੇ ਵੀ ਸੁਫ਼ਨੇ ਵਿੱਚ ਖਲਾਸ ਹੋਣੋਂ ਨਹੀਂ ਬਚ ਸਕੇ।
''
ਸਾਰੀ ਸ਼੍ਰਿਸ਼ਟੀ ਜੇ ਤਿਆਗੀ ਸੰਨਿਆਸੀ ਬਣ ਜਾਏ ਤਾਂ ਗੁਜ਼ਰ-ਬਸਰ ਕਿਵੇਂ ਹੋਊਗੀ?'' ਹਰੀ ਸਿਹੁੰ ਨੇ ਇੱਕ ਵਾਰੀ ਇਹ ਪ੍ਰਸ਼ਨ ਵੀ ਪੁੱਛਿਆ।


''
ਇਹ ਨਹੀਂ ਹੋ ਸਕਦਾ, ਜੈਬੇ ਯਾਰ।'' ਭਾਈ ਜੀ ਨੇ ਆਪ ਹੀ ਜਵਾਬ ਦਿੱਤਾ ਸੀ।


ਆਦਮ ਹਵਾ ਦੀ ਕਥਾ ਸੁਣਾਉਂਦਾ ਉਹ ਨਰ ਨਾਰੀ ਦੇ ਸੰਕਲਪ, ਭਗਵਾਨ, ਸ਼ੈਤਾਨ ਦੀ ਤੁਲਨਾ ਕਰਨ ਲੱਗ ਪਿਆ। ਉਸ ਦੇ ਗੂੜ੍ਹ ਗਿਆਨ ਨੇ ਜੈਬੇ ਨੂੰ ਅਕਾ ਮਾਰਿਆ ਸੀ।


''
ਹੁਣ ਮੈਂ ਕੀ ਕਰਾਂ?'' ਜੈਬੇ ਨੇ ਪੁੱਛਿਆ।


''
ਬਾਨਪ੍ਰਸਤ ਧਾਰਨ ਕਰਨ 'ਚ ਹੀ ਵਡਿਆਈ ਹੈ।'' ਉਸ ਦੇ ਧੁਰ ਅੰਦਰੋਂ ਆਵਾਜ਼ ਆਈ।

 

ਕੀ ਉਹ ਸਾਰਾ ਖਲਜਗਣ ਤਿਆਗ ਦੇਵੇ? ਜਾਂ ਆਪੇ ਰਚੇ ਏਸ ਖਿਲਾਰੇ ਨੂੰ ਸਮੇਟ ਦੇਵੇ? ਉਹ ਅੰਦਰੋਂ ਉੱਠਦੀ ਮੱਧਮ ਆਵਾਜ਼ ਨੂੰ ਸੁਣਨ ਲੱਗਿਆ।

''ਆਪੇ ਖਿੰਡਾਏ ਏਸ ਖਿੰਡਾਹਰ ਨੂੰ ਸਮੇਟਣਾ ਤੇਰੇ ਹੱਥ 'ਚ ਨਹੀਂ, ਜੈਬ ਸਿਆਂ।'' ਇੱਕ ਹੋਰ ਵਿਚਾਰ ਅੰਦਰੋਂ ਹੀ ਉੱਠਿਆ।
ਸਭ ਕੁਝ ਆਪਣੇ ਮੁੰਡਿਆਂ ਨੂੰ ਸੌਂਪ ਦੇਵੇ। ਪਰ ਸਾਰੀ ਜ਼ਿੰਮੇਵਾਰੀ ਕਿਹੜਾ ਸੰਭਾਲੇਗਾ? ਸੋਹਣਾ ਡਰਾਈਵਰ ਤਾਂ ਸਾਂਝੇ ਟੱਬਰ ਦੇ ਝੰਜਟਾਂ ਤੋਂ ਡਦਰਦਾ ਅਲਹਿਦਾ ਹੋ ਗਿਆ ਸੀ;

''ਅੱਡ ਭੈਣੇਂ ਅੱਡ, ਨੀਂ ਸੁਖਾਲੇ ਰਹਿਣ ਹੱਢ!''

ਅਲਹਿਦਾ ਹੋਇਆ ਜੇਠਾ ਪੁੱਤਰ ਪੁੱਛਾਂ ਪੁੱਛਦੇ ਆਪਣੇ ਮਿੱਤਰ ਬੇਲੀਆਂ ਨੂੰ ਹੱਸ ਕੇ ਦੱਸਦਾ। ਹਾਲਾਂਕਿ ਮਾਪਿਆਂ ਨਾਲ ਰਹਿ ਕੇ ਉਸ ਨੂੰ ਸੌ ਫ਼ਾਇਦੇ ਸਨ। ਉਹਦਾ ਟੱਬਰ ਮੁਫ਼ਤ ਵਿੱਚ ਪਲ਼ ਜਾਣਾ ਸੀ। ਪਰ ਸਾਂਝੇ ਪਰਿਵਾਰ ਵਿੱਚ ਰਹਿ ਕੇ ਉਹ ਮਨਮਰਜ਼ੀਆਂ ਕਿਵੇਂ ਕਰਦਾ।... ਜੈਬੇ ਦਾ ਮਨ ਮੁੜ ਵਹਿਣਾਂ ਵਿੱਚ ਵਹਿੰਦਾ ਗਿਆ।

ਵੱਡੀ ਨੂੰਹ ਹਰਮੀਤ ਨੂੰ ਵੀ ਜਿਵੇਂ ਅਲੱਗ ਹੋਣ ਮਗਰੋਂ ਹੀ ਪੂਰਨ ਆਜ਼ਾਦੀ ਮਿਲੀ ਸੀ। ਹੁਣ ਉਹ ਪਤੀ ਨੂੰ ਕੰਨ ਤੋਂ ਫੜ ਕੇ ਜਿਧਰ ਦਿਲ ਆਉਂਦਾ, ਹੱਕ ਲੈਂਦੀ। ਰੋਕਣ ਵਾਲਾ ਕੋਈ ਨਹੀਂ ਸੀ।

ਤਾਂ ਕੀ ਉਹ ਸਾਰਾ ਕਾਰੋਬਾਰ ਮੇਹਰੂ ਦੇ ਹਵਾਲੇ ਕਰ ਦੇਵੇ? ਉਸ ਦੇ ਮਨੋਂ ਇੱਕ ਹੋਰ ਉਬਾਲ ਉੱਠਿਆ। ਮੇਹਰੂ ਤਾਂ ਆਪ ਨਿੱਕੀ ਜਿਹੀ ਗੱਲ ਤੋਂ ਕੁੰਟ ਜਾਂਦਾ ਅਤੇ ਰੁੱਸ ਕੇ ਕਿਸੇ ਗੁਰਦੁਆਰੇ ਜਾ ਬੈਠਣ ਦੀ ਧਮਕੀ ਦੇ ਦਿੰਦਾ। ਪਰ ਕੀ ਬਲਰਾਜ ਘਰ ਦੀ ਲਾਣੇਦਾਰੀ ਸੰਭਾਲਣ ਦੇ ਕਾਬਿਲ ਹੈ। ਇਸ ਦੇ ਉੱਤਰ ਵਿੱਚ ਜੈਬੇ ਦੇ ਮੂੰਹੋਂ ਨਿਕਲਿਆ, ''ਨਹੀਂ! ਨਹੀਂ!! ਨਹੀਂ!!!'' ਜਾਗਦੇ ਪਹਿਰੇ ਸਦਾ ਮਦਹੋਸ਼ ਰਹਿਣ ਵਾਲਾ ੂਲਰਾਜ ਕੀ ਉਸਦੇ ਗ੍ਰਹਿਸਤ ਦੀ ਗੱਡੀ ਦਾ ਸਾਰਥੀ ਬਣ ਕੇ ਨਿੱਭ ਸਕੇਗਾ? ਜੇ ਇੰਝ ਹੋ ਸਕਦਾ ਤਾਂ ਝੰਜਟ ਕਿਹੜਾ ਸੀ? ਜੈਬਾ ਤਾਂ ਮੇਲੋ ਨੂੰ ਨਾਲ ਲੈ ਕੇ ਕਦੋਂ ਦਾ ਤੀਰਥਾਂ ਨੂੰ ਤੁਰ ਗਿਆ ਹੁੰਦਾ। ਮਾਮਲਾ ਤਾਂ ਜ਼ਿੰਮੇਂਵਾਰੀ ਸੰਭਾਲਣ ਦਾ ਹੀ ਸੀ।

''ਜਿਹੜੇ ਮਾਪਿਆਂ ਦੀ ਅੰਸ-ਬੰਸ ਕਬੀਲਦਾਰੀ ਦਾ ਬੋਝ ਸੰਭਾਲਣ ਜੋਗੀ ਹੈਗੀ, ਉਹਨਾਂ ਨੇਕ-ਬਖ਼ਤਾਂ ਨੂੰ ਖੁਤਖੁਤੀ ਕਾਹਦੀ?'' ਉਸ ਨੇ ਡੂੰਘਾ ਸਾਹ ਲਿਆ।

ਨੀਂਦ ਜਿਵੇਂ ਪੂਰੀ ਤਰ੍ਹਾਂ ਉੱਡ ਗਈ ਸੀ। ਉਹਦੀ ਡਗਮਗਾਉਂਦੀ ਸੁਰਤੀ ਹੁਣ ਆਪਣੇ ਮਿੱਤਰ ਬੇਲੀਆਂ ਗੇ ਧਰ ਪਰਿਵਾਰਾਂ ਦੀ ਪਰਿਕਰਮਾ ਕਰਨ ਲੱਗੀ।

ਲੋਕ ਰਾਇ ਅਨੁਸਾਰ ਭਾਈ ਜੀ ਇੱਕ ਕਾਮਯਾਬ ਗ੍ਰਹਿਸਤੀ ਸੀ। ਸਾਂਝੇ ਪਰਿਵਾਰ ਦਾ ਕਾਰ ਮੁਖ਼ਤਿਆਰ। ਤਿੰਨੇ ਮੁੰਡੇ ਉਸਦੇ ਵੱਸ ਵਿੱਚ ਸਨ। ਵੱਡਾ ਹਰਬੰਸ ਸਰਕਾਰੀ ਮਾਸਟਰ ਸੀ। ਜਿਹੜਾ ਫ਼ਰੌਟੀਏ ਦੇ ਰਾਜਿੰਦਰ ਵਾਲੇ ਮੁਹੱਲੇ ਵਿੱਚ ਹੀ ਰਹਿੰਦਾ। ਬੰਸੂ ਦਾ ਵਹੁੱਟੀ ਵੀ ਖ਼ਾਲਸਾ ਸਕੂਲ ਵਿੱਚ ਪੜ੍ਹਾਉਂਦੀ। ਉਹਨਾਂ ਲਈ ਪੂਰੇ ਸਾਲ ਦਾ ਦਾਣਾ-ਫੱਕਾ ਭਾਈ ਜੀ ਹਰੇਕ ਹਾੜ੍ਹੀ ਸਾਉਣੀ ਖੰਨੇ ਪਹੁੰਚਦਾ ਕਰ ਦਿੰਦਾ। ਹੋਰ ਕੁਝ ਬੰਸੂ ਮੰਗਦਾ ਨਹੀਂ ਸੀ। ਜੇ ਕਦੇ ਹਰੀ ਸਿਹੁੰ ਜ਼ਮੀਨ ਖ਼ਰੀਦਣ ਮੌਕੇ ਹਰਬੰਸ ਨੂੰ ਖ਼ਾਲੀ ਫੌਨ ਵੀ ਖੜਕਾ ਦਿੰਦਾ ਤਾਂ ਆਪਣੇ ਹਿੱਸੇ ਨਾਲੋਂ ਜ਼ਿਆਦਾ ਰਕਮ ਲੈ ਕੇ ਮੁੰਡਾ ਝੱਟਪੱਟ ਮਾਨੂੰਪੁਰ ਆ ਗੱਜਦਾ। ਉਹ ਹਰ ਦੂਜੇ ਚੌਥੇ ਸਾਲ ਕਿੱਲਾ ਦੋ ਕਿੱਲੇ ਜ਼ਰੂਰ ਬੈਅ ਲੈਂਦੇ। ਬੰਸੂ ਦੀ ਖੇਤੀ ਕਰਦੇ ਦੋ ਭਰਾ ਵੀ ਅਜਿਹੇ ਮੌਕੇ ਪੂਰੇ 'ਕਟੀਆ' ਹੋ ਜਾਂਦੇ। ਮਿਹਨਤ-ਮੁਸ਼ੱਕਤ ਅਤੇ ਕੰਜੂਸੀ ਨਾਲ ਉਹਨਾਂ ਜੈਬੇ ਨਾਲੋਂ ਤਿਗਣੇ ਸਿਆੜ ਬਣਾ ਲਏ ਸਨ। ਦੇਣਦਾਰੀ ਵੀ ਕੋਈ ਨਹੀਂ ਸੀ। ਬੈਂਕ ਤੋਂ ਲਈ ਤਕਾਵੀ ਜੇ ਵੇਲੇ ਸਿਰ ਮੁੜਦੀ ਰਹੇ ਤਾਂ ਉਸ ਨੂੰ ਕਰਜ਼ਾ ਨਹੀਂ ਕਹਿੰਦੇ। ਹਰੀ ਸਿਹੁੰ ਦਾ ਤਰਕ ਸੀ। ''ਦਾਸ ਨੂੰ ਜੇ ਚਾਰ ਸਿਆੜ ਭੋਇੰ ਮਿਲਦੀ ਹੋਵੇ ਤਾਂ ਸਾਰਾ ਲਟਾਪਟਾ ਵੇਚਣ ਦੀ ਵੀ ਘੌਲ ਨਹੀਂ, '' ਭਾਈ ਜੀ ਹੁੱਬ ਕੇ ਆਖਦਾ।


ਲੋਕਾਚਾਰੀ ਵੱਜੋਂ ਅਜੇ ਢਕੀ ਮੁੱਠੀ ਸੀ। ਉਂਝ ਫਿੱਡੂ ਅਮਲੀ ਵਰਗੇ ਘੁਣਤਰੀਆਂ ਅਨੁਸਾਰ ਹੁਣ ਭਾਈ ਦੇ ਟੱਬਰ ਵਿੱਚ ਅੰਦਰੋਗਤੀ ਸੋਰਮਸੋਰੀ ਜ਼ਰੂਰ ਹੋਣ ਲੱਗ ਪਈ ਸੀ। ਪਰ ਬਲਰਾਜ ਵਾਲਾ ਭੈੜ ਭਾਈ ਜੀ ਦੇ ਕਿਸੇ ਮੁੰਡੇ ਵਿੱਚ ਨਹੀਂ ਸੀ। ਸਾਰਿਆਂ ਨੂੰ ਮਾਇਆ ਬਣਾਉਣ ਵੱਲੋਂ ਹੀ ਵਿਹਲ ਨਹੀਂ ਸੀ ਮਿਲਦੀ, ਜਿਵੇਂ ਕਿ ਸਰੂਪਾ ਸੁਨਿਆਰ ਅਕਸਰ ਹੱਸਦਾ, ਟਿੱਚਰਾਂ ਕਰਦਾ।

ਸਰੂਪੇ ਦੀ ਆਪਣੀ ਕੋਈ ਬੰਨ੍ਹਵੀਂ ਆਮਦਨ ਨਹੀਂ ਸੀ। ਕੇਵਲ ਵੱਡਾ ਪੁੱਤਰ ਓਮਾ ਨਾਹਰ ਮਿੱਲ ਸਲਾਣਾ ਵਿਖੇ ਸਰਵਿਸ ਕਰਦਾ। ਜਿਹੜਾ ਦੋ ਹਜ਼ਾਰ ਪੱਚੀ ਸੌ ਉੱਥੋਂ ਹਰ ਮਹੀਨੇ ਮਿਲਦਾ, ਉਸੇ ਨਾਲ ਪਰਮਾਤਮਾ ਸਰੂਪ ਦੀ ਘਰ ਗ੍ਰਹਿਸਤੀ ਚਲਦੀ। ਓਮਾ ਐੱਮ.ਏ। ਪੜ੍ਹ ਕੇ ਵੀ ਬੇਆਰਾਮ ਨਹੀਂ ਸੀ ਹੋਇਆ।...


ਅਜੈਬ ਦੇ ਜਿਵੇਂ ਸੂਲ਼ ਚੁੱਭ ਗਈ ਹੋਵੇ। ਉਸ ਨੂੰ ਯਾਦ ਆਇਆ ਏਸ ਓਮ ਪ੍ਰਕਾਸ਼ ਦਾ ਦਿਮਾਗ਼ ਜ਼ਰਾ ਕੁ ਹਿੱਲ ਗਿਆ ਸੀ ਤਾਂ ਲੋਕ ਮਸ਼ਕੂਲਾ ਕਰਦੇ ਕਿ ਸੁਨਿਆਰ ਦੇ ਪੁੱਤਰ ਨੂੰ ਉੱਚੀ ਪੜ੍ਹਾਈ ਪਚੀ ਨਹੀਂ। ਪਰ ਕੁਝ ਮਹੀਨਿਆਂ ਦੇ ਡਾਕਟਰੀ ਇਲਾਜ ਪਿੱਛੋਂ ਓਮਾ ਕੰਮ ਨੂੰ ਅਜਿਹਾ ਰਵਾਂ ਹੋਇਆ ਕਿ ਪੜ੍ਹੀਆਂ ਸੋਲ੍ਹਾਂ ਜਮਾਤਾਂ ਨੂੰ ਉੱਕਾ ਹੀ ਭੁੱਲ ਵਿਸਰ ਗਿਆ। ਹਰ ਰੋਜ਼ ਹਮਰੇ-ਤੁਮਰੇ ਕਰਦਾ ਓਮ ਪ੍ਰਕਾਸ਼ ਪੀ.ਸੀ.ਐੱਸ ਅਫ਼ਸਰ ਬਣਨ ਦੇ ਸੁਫ਼ਨੇ ਲੈਂਦਾ, ਗੰਨਾਂ ਮਿਲ ਦਾ ਮੁਨੀਮ ਬਣ ਕੇ ਸੰਤੁਸ਼ਟ ਕਿਵੇਂ ਹੋ ਗਿਆ, ਇਹ ਜੈਬੇ ਲਈ ਅਜੇ ਵੀ ਅਚੰਭਾ ਸੀ।
Ê
ਪਰ ਓਮਾ ਹਾਲੇ ਵੀ ਚੰਗਾ ਰਿਹਾ, ਜਿਹੜਾ ਪੜ੍ਹੀਆਂ ਜਮਾਤਾਂ ਤੋਂ ਕੋਈ ਕੰਮ ਤਾਂ ਲੈ ਰਿਹਾ ਸੀ। ਕਹਿਣ ਨੂੰ ਤਾਂ ਉਸ ਦਾ ਪਿਓ ਸਰੂਪਾ ਵੀ ਪੁਰਾਣੀਆਂ ਦਸ ਜਮਾਤਾਂ ਪਾਸ ਸੀ, ਪਰ ਉਹਦੀ ਪੜ੍ਹਾਈ ਤਾਂ ਹੁਣ ਨਾ ਹੋਣ ਦੇ ਬਰਾਬਰ ਸੀ। ਉਹ ਸਾਈਕਲਾਂ ਦੀ ਮੁਰੰਮਤ ਕਰਦਾ। ਜਦੋਂ ਦੌਰਾ ਪੈਂਦਾ ਤਾਂ ਕੱਪ-ਕੋਨਾਂ ਲਿਆਉਣ ਬਹਾਨੇ ਖੰਨੇ ਜਾਂਦਾ ਅਤੇ ਸੱਟ ਲਾਉਂਦਾ। ਬਾਕੀ ਦਿਨ ਆਪਣੇ ਖੋਖੇ ਮੂਹਰੇ ਬੈਠ ਕੇ ਗਪੌੜੇ ਛੱਡਦਾ। ਆਪਣੇ ਮੁੱਕ ਚੁੱਕੇ ਧਜਾਧਾਰੀ ਵਡੇਰਿਆਂ ਬਾਰੇ ਦਿਲਚਸਪ ਕਿੱਸੇ ਸੁਣਾਉਂਦਾ;


''
ਸੁਣ ਵੀਰ ਸੁਣ! ਐਹ ਮਨੂੰਪੁਰ 'ਚ ਜਿਹੜੇ ਹੁਣ ਉੱਚੀਆਂ ਢੁੱਠਾਂ ਕੱਢੀ ਫਿਰਦੇ ਨੇ, ਕਿਸੇ ਸਮੇਂ ਇਹਨਾਂ ਸਾਰਿਆਂ ਦੇ ਵਡਾਰੂ ਸਾਡੇ ਬਾਈ ਜੀ ਮੂਹਰੇ ਹੱਥ ਅੱਡਦੇ, ਅਠਿਆਨੀ-ਚੁਆਨੀ ਉਧਾਰੀ ਲੈਣ ਖ਼ਾਤਰ ਲੇਲੜ੍ਹੀਆਂ ਕੱਢਦੇ। ਆਹ ਲੰਬੜਾਂ ਦੀ ਬੁੜ੍ਹੀ ਤੋਂ ਆਪਣੀ ਘੱਗਰੀ ਦੀਆਂ ਜੂੰਆਂ ਨਹੀਂ ਸੀ ਚੁਗ ਹੁੰਦੀਆਂ। ਇਹਨਾਂ ਦੇ ਬੁੜ੍ਹੇ ਆਪਣੇ ਪਿੰਡ 'ਚ ਸਾਂਝੀ ਰਲ਼ਦੇ।''


''
ਦੱਸਣ ਵਾਲੇ ਦੱਸਦੇ ਨੇ; ਮਾਇਆ ਏਥੇ ਹੀ ਐ। ਉਹ ਇੱਛਾਧਾਰੀ ਨਾਗ ਦੇ ਪਹਿਰੇ ਹੇਠ ਐ। ਲੱਛਮੀ ਕਿਧਰੇ ਨਹੀਂ ਤੁਰ ਸਕਦੀ, ਪਰ ਮਿਲੂਗੀ ਮੌਕਾ ਆਉਣ 'ਤੇ। ਅਵੱਸ਼ ਮਿਲੂਗੀ।'' ਸਰੂਪੇ ਦਾ ਦ੍ਰਿੜ ਵਿਸ਼ਵਾਸ ਸੀ।

ਆਂਢੀ-ਗੁਆਂਢੀ, ਯਾਰ-ਬੇਲੀ ਉਸ ਨੂੰ ਸਿਰ ਫਿਰਿਆ ਵਿਅਕਤੀ ਮੰਨਦੇ, ਜਿਹੜਾ ਗੱਟੂ ਨਾਲ ਰਲ਼ ਕੇ, ਆਪਣੀ ਸਾਰੀ ਰਣੀ-ਚਣੀ ਜੂਏ ਵਿੱਚ ਹਾਰ ਕੇ, ਹੁਣ ਬਜ਼ੁਰਗਾਂ ਦੀ ਲੱਛਮੀ ਲੱਭਣ ਦਾ ਭਰਮ ਪਾਲ਼ ਰਿਹਾ ਸੀ।

ਗੱਟੂ ਬਾਹਮਣ ਕੋਲ ਵੀ ਲਵਰਨ ਗੁੰਦਣ ਤੋਂ ਬਿਨਾਂ ਕੁਝ ਵੀ ਬਕਾਇਆ ਨਹੀਂ ਸੀ। ਪ੍ਰੋਹਤਗਿਰੀ ਉਸ ਨੇ ਸਿੱਖੀ ਕੋਈ ਨਹੀਂ ਸੀ।
''
ਪਿਤਾ ਜੀ, ਮੈਂ ਇਹ ਕਮੀਣ-ਵਿੱਦਿਆ ਉੱਕੀਓ ਨਹੀਂ ਸਿੱਖਣੀ। ਨਾ ਇਹ ਲਾਗੀਪੁਣਾ ਮੈਥੋਂ ਕੀਤਾ ਜਾਣੈਂ।'' ਉਹ ਪੰਡਤ ਦੇਵ ਰਾਜ ਮੂਹਰੇ ਸਾਫ਼ ਮੁੱਕਰ ਗਿਆ ਸੀ।

''ਓਏ ਉੱਲੂ ਦੀ ਔਲਾਦ! ਜੀਹਨੂੰ ਕਮੀਣ ਵਿੱਦਿਆ ਕਹਿੰਦੈਂ, ਉਹ ਨਿਰੀ ਬਾਦਸ਼ਾਹੀ ਐ। ਜਜਮਾਨ ਲੋਕ ਮੇਰੇ ਪੈਰ ਧੋ ਧੋ ਪੀਂਦੇ ਨੇ। ਤੂੰ ਦਿਹਾੜੀਆਂ ਕਰੇਂਗਾ ਔਰ ਭੁੱਖਾ ਮਰੇਂਗਾ, ਮਾਦਰ ਚੋਦ।'' ਦੇਵ ਰਾਜ ਤੜਫਿਆ ਬਹੁਤ ਸੀ, ਪਰ ਫੁਰ ਫੁਰ ਬੁੱਲ੍ਹ ਹਿਲਾਉਂਦੇ ਗੱਟੂ ਨੇ ਕੋਈ ਪ੍ਰਵਾਹ ਨਹੀਂ ਕੀਤੀ, ''ਮੈਂ ਮੰਗ ਕੇ ਨਹੀਂ ਖਾ ਸਕਦਾ, ਪਿਤਾ ਜੀ। ਸੁੱਚੀ ਕਿਰਤ ਕਰਕੇ ਦਿਖਾਊਂਗਾ।'' ਗੱਟੂ ਨੇ ਹਿੱਕ ਥਾਪੜੀ ਸੀ।
ਉਸ ਨੇ ਮਿਹਨਤ ਵੀ ਕਾਫ਼ੀ ਕੀਤੀ, ਪਰ ਬਰਕਤ ਕਿਉਂ ਨਹੀਂ ਪਈ, ਉਸ ਨੂੰ ਆਪ ਨੂੰ ਇਲਮ ਨਹੀਂ। ਜਦੋਂ ਕਿ ਉਹਦਾ ਛੋਟਾ ਭਰਾ ਪਿਤਾ ਦੇਵਰਾਜ ਸਮੇਤ ਖੰਨੇ ਜਾ ਵੱਸਿਆ ਸੀ, ਜਿੱਥੇ ਉਸ ਦਾ ਦਵਾਈਆਂ ਦਾ ਤਕੜਾ ਕਾਰੋਬਾਰ ਸੀ।


''
ਕਿਹੜੀ ਪ੍ਰੋਹਤਗਿਰੀ ਹੁੰਦੀ ਤੀ ਯਾਰੋ। ਜਜਮਾਨ ਦੇ ਜਵਾਕ ਭੁੱਖੇ ਖੜ੍ਹੇ ਤਰਸਦੇ ਰਹਿੰਦੇ, ਸਾਡੇ ਬੁੜ੍ਹੇ ਖੀਰ ਖਾਈ ਜਾਂਦੇ।'' ਉਹ ਦਾਦੇ-ਪੜਦਾਦਿਆਂ ਵੱਲੋਂ ਅਪਣਾਏ ਕਿੱਤੇ ਦਾ ਮਖ਼ੌਲ ਉਡਾਉਂਦਾ।


ਉਸ ਨੇ ਭਾਵੇਂ ਸੀਰਪੁਣਾ ਵੀ ਕੀਤਾ, ਬੀਤੀਆ ਵੀ ਰਲ਼ਿਆ। ਹੁਣ ਤਾਂ ਉਹਦੀ ਸੱਤਿਆ ਦੇਵੀ ਵੀ ਸਰੂਪੇ ਦੀ ਸਵਿੱਤਰੀ ਵਾਂਗ ਖੇਤਾਂ ਵਿੱਚ ਮਜ਼ਦੂਰੀ ਕਰਦੀ। ਜਦੋਂ ਉਹ ਵਿਹਲੀਆਂ ਹੁੰਦੀਆਂ ਤਾਂ ਰੁਲਦੇ ਦੀ ਭਤੀਜ ਨੂੰਹ ਅਤੇ ਭਿੰਦਰ ਦੀ ਘਰਵਾਲੀ ਕਾਕੀ ਨਾਲ ਖੇਤਾਂ ਵਿੱਚ ਇਕੱਠੀਆਂ ਹੋ ਕੇ ਆਲੂਆਂ ਦਾ ਪੱਤਾ ਵੱਢਣ ਜਾਂਦੀਆਂ ਜਾਂ ਵੱਟਾਂ ਡੌਲਾਂ ਖੋਤ ਕੇ ਹੀ ਦੋ ਡੰਗ ਜੋਗਾ ਹਰਾ-ਫਰਾ ਲੈ ਆਉਂਦੀਆਂ। ਸੱਤਿਆ ਨੇ ਇੰਝ ਦੋ ਲਵੇਰੀਆਂ ਪਾਲ਼ ਲਈਆਂ ਸਨ ਅਤੇ ਆਪਣੀਆਂ ਤਿੰਨੋਂ ਧੀਆਂ ਵਿਆਹ ਦਿੱਤੀਆਂ ਸਨ। ਗੱਟੂ ਦਾ ਛੋਟਾ ਮੁੰਡਾ ਕੁੱਕੂ ਵੀ ਪਿਓ ਵਾਂਗ ਦਿਹਾੜੀ ਕਰਦਾ। ਵੱਡੇ ਪੁੱਤਰ ਹਰੀ ਰਾਮ ਨੂੰ ਉਸ ਨੇ ਪੜ੍ਹਾਇਆ ਜ਼ਰੂਰ ਰੀਝਾਂ ਨਾਲ ਸੀ, ਪਰ ਉਹਨੂੰ ਕਿਹੜੀ ਮਨ-ਵਾਂਛਿਤ ਨੌਕਰੀ ਮਿਲ ਗਈ ਸੀ? ਉਹ ਵੀ ਪਿੰਡ ਦੇ ਸੈਕੰਡਰੀ ਸਕੂਲ ਵਿੱਚ ਸਰਪੰਚ ਅਤੇ ਪ੍ਰਿੰਸੀਪਲ ਦੀ ਸੌ ਖੁਸ਼ਾਮਦ ਕਰਕੇ ਕੱਚੀ ਮਾਸਟਰੀ ਕਰਨ ਲੱਗਿਆ ਸੀ। ਪਰ ਹਰੀਆ ਵੀ ਘਰੋ ਤਾਂ ਨਹੀਂ ਸੀ ਖਾਂਦਾ। ਕੁਝ ਨਾ ਕੁਝ ਤਾਂ ਕਮਾ ਕੇ ਪਿਓ ਦੀ ਤਲ਼ੀ ਉੱਤੇ ਜ਼ਰੂਰ ਧਰਦਾ ਸੀ। ਅਜੈਬ ਨੂੰ ਦੁਬਾਰਾ ਗ਼ੁੱਸਾ ਚੜ੍ਹਨ ਲੱਗਿਆ।


ਜਿਹੜੀ ਦੁਰਦਸ਼ਾ ਜੈਬੇ ਦੇ ਘਰ ਦੀ ਹੁਣ ਬਣ ਚੁੱਕੀ ਸੀ, ਉਹ ਹੋਰ ਕਿਸੇ ਦੀ ਵੀ ਨਹੀਂ ਸੀ। ਮਾਇਕ ਪੱਖੋਂ ਉਹ ਕਰਜ਼ਾਈ ਸੀ। ਕਰਜ਼ਾ ਕਦੋਂ ਤੋਂ ਉਹਦੇ ਸਿਰ ਚੜ੍ਹਨ ਲੱਗਿਆ? ਉਸਨੇ ਏਸ ਦਿਸ਼ਾ ਵੱਲ ਸੋਚਣਾ ਸ਼ੁਰੂ ਕੀਤਾ ਤਾਂ ਉਸ ਦੇ ਅੰਦਰੋਂ ਸੁਰੰਤ ਜਵਾਬ ਆਇਆ। ਜਿਸ ਦਿਨ ਤੋਂ ਉਹ ਅਲੱਗ ਹੋਇਆ ਸੀ। ਮਾਧੋ ਛੜੇ ਦੇ ਕਹਿਣ ਵਾਂਗ ਜਦੋਂ ਉਸ ਨੇ ਆਪਣੇ ਠੂਲ੍ਹੇ ਵੰਡ ਲਏ ਸਨ। ਜਦੋਂ ਆਪਣੀ ਤੀਵੀਂ ਨੂੰ ਲੈ ਕੇ ਉਹ ਛਲੰਗਾ ਮਾਰ ਗਿਆ ਸੀ।


ਪਿਓ ਮਹਿੰਦਰ ਸਿੰਘ ਮੋਹਤਬਰ ਦੀ ਛਤਰ ਛਾਇਆ ਹੇਠ ਤਾਂ ਉਸ ਨੇ ਮੌਜਾਂ ਮਾਣੀਆਂ ਸਨ। ਕੰਮ ਤੋਂ ਭਾਵੇਂ ਸਿਰ ਖਰਕਣ ਦੀ ਵਿਹਲ ਨਾ ਮਿਲਦੀ, ਪਰ ਵੱਡਾ ਮਾਇਕ ਸੰਕਟ ਕੋਈ ਨਹੀਂ ਸੀ। ਘਨੱਈਏ ਬੁੜੇ ਦਾ ਰੁਲਦਾ ਉਹਨਾਂ ਦਾ ਸੀਰੀ ਸੀ। ਉਹ ਦੋਵੇਂ ਵੱਡੇ ਤੜਕੇ ਉੱਠ ਕੇ ਖੂਹ ਜੋੜਦੇ ਜਾਂ ਹਲ਼ ਲੈ ਕੇ ਜਾਂਦੇ। ਲੋਹੀ ਮਿਸਦੀ ਤੱਕ ਜਿਵੇਂ ਬਲਦਾਂ ਦੇ ਬਰਾਬਰ ਪੰਜਾਲੀ ਜੁੜੇ ਰਹਿੰਦੇ। ਘਰ ਆ ਕੇ ਪੰਜ ਇਸ਼ਨਾਨਾ ਕਰਨ ਦੀ ਹਿੰਮਤ ਨਾ ਹੁੰਦੀ। ਪਤਨੀ ਦਾ ਧੱਕਿਆ-ਧਕਾਇਆ ਉਹ ਹੱਥ-ਮੂੰਹ ਜ਼ਰੂਰ ਧੋ ਲੈਂਦਾ ਨਹੀਂ ਤਾਂ ਗੁਰਮੇਲ ਤਸਲੇ ਵਿੱਚ ਤੱਤਾ ਪਾਣੀ ਪਾ ਕੇ ਆਪ ਉਹਦੀਆਂ ਖੁੱਚਾਂ ਮਲਣ ਲੱਗ ਜਾਂਦੀ। ਦੀਵਾਲੀ ਨੂੰ ਇਕੱਠਾ ਕੀਤਾ ਮੋਮ ਗਰਮ ਕਰਕੇ ਉਸਦੀਆਂ ਬਿਆਈਆਂ ਵਿੱਚ ਭਰਦੀ। ਰੋਟੀ ਖਾ ਕੇ ਉਹ ਘੂਕ ਸੌ ਜਾਂਦਾ। ਪਹਿਲਾ ਮੁਰਗਾ ਬੋਲਦਾ ਤਾਂ ਫੇਰ ਉਹੀ ਅਮੁੱਕ ਕਾਰ ਵਿਹਾਰ। ਕੋਹਲੂ ਦੇ ਬੈਲ ਵਾਲਾ ਗੇੜਾ। ਕਦੇ ਸੁਫਨੇ ਸਮਾਨ ਪਤੀ ਪਤਨੀ ਦਾ ਮੇਲ ਹੁੰਦਾ। ਹਾਜ਼ਰੀ ਲੈ ਕੇ ਮੇਲੋ ਹਰ ਰੋਜ਼ ਟਿੱਬੀ ਪਹੁੰਚਦੀ ਤਾਂ ਵੀ ਹਸਰਤ ਭਰੀਆਂ ਨਜ਼ਰਾਂ ਮਸਾਂ ਵਟਾਈਆਂ ਜਾਂਦੀਆਂ। ਗੁਰਮੇਲੋ ਨੇ ਟੋਕਰੇ ਜਿੱਡਾ ਘੁੰਡ ਕੱਢਿਆ ਹੁੰਦਾ। ਮਹਿੰਦਰ ਸਿਹੁੰ ਮੋਹਤਬਰ ਤਾਂ ਸਦਾ ਹੀ ਨੂੰਹ ਵੱਲ ਪਿੱਠ ਕਰਕੇ ਰੋਟੀ ਖਾਂਦਾ। ਪਰ ਮਾਧੋ ਛੜਾ ਸਾਬਤ ਨਿਗਲ ਜਾਣ ਵਾਲੇ ਡੇਲਿਆਂ ਨਾਲ ਭਰਜਾਈ ਨੂੰ ਤਾੜਦਾ। ਅਜਿਹੇ ਮੌਕੇ ਦੇ ਬੋਲ ਸਾਂਝੇ ਕਰਨੇ ਮੁਹਾਲ ਹੋ ਜਾਂਦੇ। ਬਖ਼ਤੌਰੇ ਬਾਈ ਦੀ ਕੌੜ ਝਾਕਣੀ ਤੋਂ ਵੀ ਭੈਅ ਆਉਂਦਾ।


Ê
ਰ ਸਾਂਝੇ ਟੱਬਰ ਸਿਰ ਦੇਣਦਾਰੀ ਕੋਈ ਨਹੀਂ ਸੀ। ਮੇਲੋ ਨੇ ਇੱਕ ਰਾਤ ਜੇਠਾਣੀ ਕੇਹਰੋ ਵੱਲੋਂ ਕੀਤੀ ਜਾ ਰਹੀ ਗੋਝ ਬਾਰੇ ਸੰਸਾ ਜ਼ਾਹਿਰ ਕੀਤਾ ਤਾਂ ਤੜਫਣ ਭਟਕਣ ਜ਼ਰੂਰ ਛਿੜ ਪਈ ਸੀ। ਜੈਬੇ ਨੂੰ ਆਪ ਵੀ ਬਾਈ ਦੀ ਨੀਤ ਉੱਪਰ ਸ਼ੱਕ ਹੋਣ ਲੱਗਿਆ, ਜਿਹੜਾ ਫ਼ਸਲ ਵੇਚਣ-ਵੱਟਣ ਵੇਲੇ ਮੁਖ਼ਤਿਆਰੀ ਕਰਦਾ। ਇੱਕ ਵਾਰੀ ਬੇਵਿਸ਼ਵਾਸੀ ਦਾ ਭੂਤ ਅਜੈਬ ਦੇ ਮਨ ਵਿੱਚ ਵੜਿਆ ਤ ਮਿਹਨਤ-ਮੁਸ਼ੱਕਤਕਰਨੀ ਔਖੀ ਹੋ ਗਈ। ਵੱਡੇ ਬਾਈ ਵਾਲਾ ਉੱਗਰ-ਆਦਰ ਵੀ ਦਿਲ ਵਿੱਚੋਂ ਉਡ-ਪੁਡ ਗਿਆ। ਵਰਿਆਂ ਤੋਂ ਵੱਡਾ ਬਾਈ ਅਖਵਾਉਂਦਾ ਬਖ਼ਤੌਰ ਸਿਹੁੰ ਇੱਕ ਦਿਨ ਬਖ਼ਤੌਰਾ ਮੀਸਣਾ ਜਾਪਿਆ, ਜਿਸਦੇ ਦੁੱਧ-ਚਿੱਟੇ ਬਸਤਰ ਅਤੇ ਲਾਜਵਰੀ ਸਾਫ਼ਾ ਜੈਬੇ ਦੀਆਂ ਅੱਖਾਂ ਵਿੱਚ ਰੜਕਣ ਲੱਗਿਆ।... ਉਸ ਨੇ ਹਉਂਕਾ ਲਿਆ।


''
ਮਖਿਆ, ਸੁੱਤੇ ਨਹੀਂ ਅਜੇ ਵੀ?''—ਘੁਰਾੜਾ ਰੋਕ ਕੇ ਗੁਰਮੇਲੋ ਨੇ ਖੰਘੂਰਾ ਮਾਰਿਆ।
''
ਨੀਂਦ ਆਵੇ ਤਾਂ ਹੀ ਸੌਵਾਂ? ਅੱਖਾਂ ਰੋੜਾਂ ਵਾਂਗੂੰ ਰੜਕਦੀਆਂ, '' ਅਜੈਬ ਨੇ ਉਬਾਸੀ ਲਈ।


''
ਨੀਂਦ ਤਾਂ ਹੀ ਆਊ, ਜੇ ਸੋਚਣੋਂ ਹਟੋਂਗੇ? ਡਮਾਕ ਨੂੰ ਢਿੱਲਾ ਛੱਡੋਂਗੇ? ।ੰਨਾਂ-ਘੜਤਾਂ 'ਚ ਪਏ ਦੀ ਅੱਖ ਕਿੱਕਣ ਲੱਗ ਜੂ?'' ਗੁਰਮੇਲ ਕੌਰ ਨੇ ਮਿੱਠੀ ਘੁਰਕੀ ਦਿੱਤੀ ਅਤੇ ਬੇਆਰਾਮ ਪਤੀ ਨੂੰ ਆਪਣੀ ਹਿੱਕ ਨਾਲ ਘੁੱਟ ਲਿਆ।
ਜੈਬੇ ਨੂੰ ਜਾਪਿਆ ਜਿਵੇਂ ਉਹ ਬੇਸੋਢ ਬਾਲ ਬਣਿਆ ਆਪਣੀ ਮਾਂ ਈਸ਼ਰ ਕੌਰ ਦੀ ਨਿੱਘੀ ਗੋਦੀ ਦਾ ਸੁੱਖ ਮਾਣ ਰਿਹਾ ਹੋਵੇ।

 

Comments

Alis

The abiilty to think like that shows you're an expert

Security Code (required)



Can't read the image? click here to refresh.

Name (required)

Leave a comment... (required)





ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ