Fri, 19 April 2024
Your Visitor Number :-   6985086
SuhisaverSuhisaver Suhisaver

ਲੋਕ ਸਾਜ਼ਾਂ ਨੂੰ ਬਚਾਓ: ਅਲਗੋਜਾ ਵਾਦਕ ਸੁਰਿੰਦਰ ਸਿੰਘ ਬਿੱਲਾ -ਬਲਜਿੰਦਰ ਮਾਨ

Posted on:- 26-09-2014

suhisaver

ਕਦੀ ਵੇਲਾ ਹੁੰਦਾ ਸੀ ਜਦੋਂ ਮੁਹੰਮਦ ਸਦੀਕ ਅਤੇ ਕੁਲਦੀਪ ਮਾਣਕ ਵਰਗੇ ਗਾਇਕ ਦੋ ਜਾਂ ਤਿੰਨ ਸਾਜ਼ਿੰਦਿਆਂ ਨਾਲ ਅਖਾੜੇ ਲਾਇਆ ਕਰਦੇ ਸਨ।ਉਸ ਵੇਲੇ ਅਵਾਜ਼ ਹੀ ਗਇਕ ਦੀ ਪਾਛਾਣ ਹੁੰਦੀ ਸੀ।ਅੱਜ ਕੱਲ੍ਹ ਇਸਦੇ ਉਲਟ ਹੋ ਗਿਆ ਹੈ। ਇਕ ਦਰਜਨ ਤੋਂ ਵੀ ਜ਼ਿਆਦਾ ਸਾਜ਼ੀਆਂ ਵਿਚ ਗਾਇਕੀ ਤੇ ਸਾਜ਼ਾਂ ਦਾ ਸ਼ੋਰ ਭਾਰੂ ਹੋ ਗਿਆ ਹੈ।ਫਿਰ ਲੋਕ ਸਾਜ਼ ਚਿਮਟਾ, ਅਲਗੋਜੇ, ਢੱਡ,ਬੀਨ ਅਤੇ ਬੁਗਚੂ ਆਦਿ ਤਾਂ ਦੇਖਣ ਨੂੰ ਵੀ ਨਸੀਬ ਨਹੀਂ ਹੋ ਰਹੇ।

ਇਨ੍ਹਾਂ ਲੋਕਾਂ ਸਾਜ਼ਾਂ ਦੀ ਮਹਾਨਤਾ ਨੂੰ ਜਾਣਨ ਵਾਲਾ ਉੱਘਾ ਅਲਗੋਜਾ ਵਾਦਕ ਸੁਰਿੰਦਰ ਸਿੰਘ ਬਿੱਲਾ ਅਜ ਵੀ ਲੋਕ ਸਾਜ਼ਾਂ ਦੇ ਵਜੂਦ ਨੂੰ ਬਚਾਉਣ ਦੀ ਗੱਲ ਕਰਦਾ ਹੈ।ਉਸਨੂੰ ਝੋਰਾ ਹੈ ਕਿ ਇਕ ਕੀ ਬੋਰਡ ਨੇ ਇਹਨਾਂ ਸਾਜ਼ਾਂ ਨੂੰ ਵਜਾਉਣ ਵਾਲੇ ਕਲਾਕਾਰਾਂ ਹੱਥੋਂ ਰੋਟੀ ਖੋਹ ਲਈ। ਕਦੀ ਵੇਲਾ ਸੀ ਜਦੋਂ ਸੁਰਿੰਦਰ ਬਿੱਲੇ ਨੂੰ ਮਹੀਨੇ ਵਿਚ ਮਸਾਂ ਇਕ ਦੋ ਦਿਨ ਦੀ ਵਿਹਲ ਮਿਲਦੀ ਸੀ।

ਸੁਰਿੰਦਰ ਕੌਰ ਤੋਂ ਚੱਲ ਕੇ ਭੁਪਿੰਦਰ ਮੁਹਾਲੀ ਤਕ ਉਹ 50 ਦੇ ਕਰੀਬ ਕਲਾਕਾਰਾਂ ਨਾਲ ਅਲਗੋਜੇ ਵਜਾ ਚੁੱਕਾ ਹੈ।ਬੇਲੀ ਰਾਮ ਦਾ ਇਹ ਸ਼ਗਿਰਦ ਯਮਲਾ ਜੱਟ ਦੇ ਚਰਨਾਂ ਵਿਚ ਪ੍ਰਵਾਨ ਚੜਿਆ।ਇਥੋਂ ਹੀ ਉਸਨੂੰ ਇੰਦਰਜੀਤ ਹਸਨਪੁਰੀ ਨੇ ਆਪਣੀ ਫਿਲਮ ਤੇਰੀ ਮੇਰੀ ਇਕ ਜਿੰਦੜੀ ਅਤੇ ਦੋ ਜੱਟੀਆਂ ਵਿਚ ਸੁਰਿੰਦਰ ਕੌਰ ਨਾਲ ਅਲਗੋਜੇ ਵਜਾਉਣ ਦਾ ਮੌਕਾ ਦਿੱਤਾ।ਫਿਰ ਉਸਦੀ ਮੰਗ ਹੋਰ ਵਧ ਗਈ।ਭਰ ਜੁਆਨ ਇਹ ਮੁੰਡਾ ਦਗ ਦਗ ਕਰਦੇ ਚਿਹਰੇ ਨਾਲ ਹਰ ਪਾਸੇ ਧੁੰਮ ਪਾ ਰਿਹਾ ਸੀ।ਦਸ ਤਰ੍ਹਾਂ ਦੀਆਂ ਵੰਨਗੀਆਂ ਨਾਲ ਉਹ ਅਲਗੋਜਿਆਂ ਦਾ ਵਾਦਨ ਕਰਦਾ ਹੈ।

ਇਸ ਸਾਜ ਦਾ ਅਰੰਭ ਸਿਆਲਕੋਟ ਦੇ ਨਇਬ ਘੁਮਿਆਰ ਤੋਂ ਹੁੰਦਾ ਦੱਸਿਆ ਗਿਆ ਹੈ।ਬਾਅਦ ਵਿਚ ਉਸਦੇ ਪੁੱਤਰ ਬੂਟੇ ਨੇ ਅਲਗੋਜੇ ਮੱਲ ਲਏ।ਇਸੇ ਕਰਕੇ ਅਜ ਵੀ ਅਲਗੋਜੇ ਵਾਦਕ ਪ੍ਰੋਗਰਾਮ ਅਰੰਭ ਕਰਨ ਵੇਲੇ ਆਖਦੇ ਹਨ- ਹਲਾ ਬਈ ਪੁੱਤਰ ਬੂਟਿਆ…। ਸੁਰਿੰਦਰ ਸਿੰਘ ਬਿੱਲਾ ਦੁਆਰਾ ਅਲਗੋਜਿਆਂ ਤੇ ਜੈਮਲ ਫੱਤਾ, ਪੂਰਨ ਭਗਤ, ਸੋਹਣੀ ਮਹੀਂਵਾਲ, ਮਿਰਜਾ, ਹੀਰ, ਸੱਸੀ, ਕਲੈਹਰੀਆ ਮੋਰਾ ਵੇ ਆਦਿ ਧੁਨਾਂ ਬਹੁਤ ਮਸ਼ਹੂਰ ਹੋਈਆਂ ਹਨ।ਜਿਨਾਂ ਸਦਕਾ 1981 ਵਿਚ ਅਕਾਸ਼ਬਾਣੀ ਨੇ ਬੀ ਹਾਈ ਗ੍ਰੇਡ ਵਿਚ ਪ੍ਰਵਾਨ ਕੀਤਾ।1975 ਵਿਚ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਵਲੋਂ, 1985 ਵਿਚ ਕਰਨਟਕ ਅਤੇ 1999 ਵਿਚ ਮੱਧ ਪ੍ਰਦੇਸ਼ ਵਿਖੇ ਉਸਦੀ ਕਲਾ ਦਾ ਬੜਾ ਮਾਣ ਸਨਮਾਨ ਕੀਤਾ ਗਿਆ।ਉਹ ਅਜ਼ਾਦੀ ਦਿਵਸ ਮੌਕੇ ਲਾਲ ਕਿਲੇ ਤੇ ਵੀ ਆਪਣੀਆਂ ਮਟੀਆਂ ਦਾ ਜਾਦੂ ਬਿਖੇਰ ਚੁੱਕਾ ਹੈ।ਬਿੱਲੀਆਂ ਅੱਖਾ ਵਾਲਾ ਬਿੱਲਾ ਪਾਲੀ ਸਿੱਧੂ, ਨਰਿੰਦਰ ਬੀਬਾ ,ਜਗਮੋਹਨ ਕੌਰ, ਜਗਤ ਸਿੰਘ ਜੱਗਾ, ਮੋਹਣੀ ਨਰੂਲਾ, ਅਮਰਜੀਤ ਗੁਰਦਾਸਪੁਰੀ ,ਮੋਹਣ ਮਸਤਾਨਾ, ਬੀਬਾ ਜਸਵੰਤ ਅਤੇ ਖੁਸ਼ਦਿਲ ਖੇਲਿਆਂ ਵਾਲੇ ਨਾਲ ਵੀ ਗੀਤ ਰਿਕਾਰਡ ਕਰਵਾਏ ਹਨ।

ਸੱਤਵੇਂ ਦਹਾਕੇ ਵਿਚ ਵੀ ਬਿੱਲਾ ਆਪਣੇ ਇਸ ਸਾਜ ਨੂੰ ਸੰਭਾਲਦਾ ਅਤੇ ਸਿੰਗਾਰਦਾ ਹੈ।ਕਦੀ ਕਿਸੇ ਮੇਲੇ ਵਿਚ ਤੇ ਕਦੀ ਕਿਸੇ ਸਟੇਜ ਤੇ ਉਸਦੇ ਦੀਵਾਨੇ ੳਸਦੀ ਫਰਮਾਇਸ਼ ਅਜ ਵੀ ਕਰ ਦਿੰਦੇ ਹਨ ।ਪਿਛੇ ਜਿਹੇ ਨਿਰਮਾਤਾ ਨਿਰਦੇਸ਼ਕ ਸ਼੍ਰਮਤੀ ਸਦੇਸ਼ ਕਲਿਆਣ ਨੇ ਉਸਦੀ ਭੁੱਲੀ ਵਿਸਰੀ ਕਲਾ ਨੂੰ ਨਵੀਂ ਪੀੜੀ ਅੱਗੇ ਪਰੋਸਣ ਲਈ ਇਕ ਵਿਸ਼ੇਸ਼ ਪ੍ਰੋਗਰਾਮ ਦੂਰਦਰਸ਼ਨ ਤੇ ਪੇਸ਼ ਕੀਤਾ।ਜਿਸ ਤੇ ਉਸਨੇ ਕਿਹਾ ਕਿ ਧਨ ਹਨ ਇਹ ਲਕੋ ਜਿਹੜੇ ਅਜ ਵੀ ਲੋਕ ਸਾਜ਼ਾਂ ਦੀ ਅਮੀਰ ਵਿਰਸਤ ਨੂੰ ਸੰਭਾਲਣ ਵਿਚ ਜੁਟੇ ਹੋਏ ਹਨ।ਸ ਜਗਦੇਵ ਸਿੰਘ ਜੱਸੋਵਾਲ ਨੇ ਤਾਂ ਇਥੋਂ ਤਕ ਕਹਿ ਦਿੱਤਾ ਕੇ ਲੋਕ ਸਾਜ਼ ਵਜਾੳਣ ਵਾਲਿਆਂ ਦੀਆਂ ਦੂਰਦਰਸ਼ਨ ਨੂੰ ਡਾਕੂਮੈਂਟਰੀਆਂ ਤਿਆਰ ਕਰਨੀਆਂ ਚਾਹੀਦੀਆਂ ਹਨ।

ਹੁਸ਼ਿਆਰਪੁਰ ਜ਼ਿਲੇ ਦੇ ਪੰਡ ਟੂਟੋਮਜਾਰਾ ਵਿਚ ਸ.ਅਵਤਾਰ ਸਿੰਘ ਦੇ ਘਰ ਮਾਤਾ ਨਸੀਬ ਕੌਰ ਦੇ ਨਸੀਬਾਂ ਨੂੰ ਭਾਗ ਲਾਉਣ ਵਾਲਾ ਇਹ ਕਲਾਕਾਰ ਉੱਨੀ ਫਰਵਰੀ 1949 ਨੂੰ ਜਨਮਿਆ।ਚੌਥੀ ਵਿਚ ਪੜ੍ਹਦਾ ਮੱਝਾਂ ਚਾਰਨ ਜਾਂਦਾ ਤਾਂ ਅਲਗੋਜੇ ਵਜਾਉਣ ਲਗ ਪਿਆ।ਮਾਤਾ ਰਾਜਨੀ ਦੇਵੀ ਦੇ ਮੇਲੇ ਤੋਂ ਪੰਜ ਰੁਪੈ ਦੇ ਅਲਗੋਜੇ ਲੈ ਅਇਆ ਤਾਂ ਘਰੋਂ ਕੁੱਟ ਪਈ।ਪਰ ਉਸਨੇ ਇਹ ਸ਼ੌਕ ਨੂੰ ਘਰਦਿਆਂ ਤੋਂ ਚੋਰੀ ਪਾਲ ਲਿਆ।ਪਸ਼ੂ ਚਾਰਦੇ ਨੇ ਹੀ ਆਪਣੇ ਇਕ ਬਜੁਰਗ ਸਾਥੀ ਤੋਂ ਸਾਹ ਪਲਟਣ ਦਾ ਤਰੀਕਾ ਸਿੱਖ ਲਿਆ।ਇਸ ਕਲਾਕਾਰ ਦੀ ਕਲਾ ਦਾ ਸਤਿਕਾਰ ਕਰਨ ਵਾਲਿਆਂ ਵਿਚ ਕਦੀ ਪ੍ਰੋ. ਮੋਹਨ ਵੀ ਸ਼ਾਮਿਲ ਰਹੇ ਹਨ ਤੇ ਅਜਕਲ ਸੁਰਜੀਤ ਪਾਤਰ ਜੀ ਖਾਸ ਜ਼ਿਕਰ ਕਰਡੇ ਹਨ।‘ਲੁੱਟੇ ਗਏ ਵੈਰੀਆ ਨਾਗ ਲੜ ਨੀ ਗਿਆ।ਖੱਟੀ ਮਿਹਨਤ ਦੀ ਤੰਗਲੀ ਨਾਲ ਉਡਾਵੇਂ, ਖੁੜਾ ਰਹਿ ਤੂੰਬਾਲਮਾ ਸਬੱਬੀ ਹੋ ਗਏ ਮੇਲੇ।ਮੈਨੂੰ ਹਿੱਕ ਨਾਲ ਲਾ ਲੈ ਵੇ ਪੀ੍ਰਤੋ ਮਿੰਨਤਾ ਤੇਰੀਆਂ ਕਰਦੀ’।ਮੱਸਾ ਰੰਘੜ ਅਤੇ ਜੁਗਨੀ ਆਦਿ ਗੀਤਾਂ ਵਿਚ ਉਸਦੇ ਅਲਗੋਜਿਆਂ ਦਾ ਕਮਾਲ ਦੇਖਿਆ ਜਾ ਸਕਦਾ ਹੈ।ਭਲਵਾਨੀ ਅਤੇ ਸੋਹਣੀ ਦਿੱਖ ਵਾਲੇ ਇਸ ਕਲਾਕਾਰ ਨੇ ਇੰਗਲੈਂਡ, ਫਰਾਂਸ ਆਦਿ ਦੇਸ਼ਾਂ ਵਿਚ ਆਪਣੀ ਕਲਾ ਦੇ ਜੋਹਰ ਦਿਖਾਏ ।ਦਾਜ ਫਿਲਮ ਵਿਚ ਉਸਦਾ ਪਾਇਆ ਭੰਗੜਾ ਅੱਜ ਤੱਕ ਦਰਸ਼ਕਾਂ ਨੂੰ ਯਾਦ ਹੈ।

ਐਨੀਆਂ ਪ੍ਰਾਪਤੀਆਂ ਕਰਨ ਵਾਲਾ ਸੁਰਿੰਦਰ ਬਿੱਲਾ ਅਜ ਵੀ ਸਰਕਾਰਾਂ ਨੂੰ ਇਹੀ ਅਪੀਲ ਕਰਦਾ ਹੈ ਕਿ ਪੱਛਮੀ ਗਾਇਕੀ ਦੇ ਭਾਰ ਥੱਲੇ ਮਰ ਰਹੇ ਲੋਕ ਸਾਜ਼ਾਂ ਦੀ ਹੋਂਦ ਨੂੰ ਬਚਾਉਣ ਲਈ ਯਤਨ ਕੀਤੇ ਜਾਣ।ਅਸਲ ਵਿਚ ਸਾਡੀ ਲੋਕ ਗਾਇਕੀ ਦੀ ਰੂਹ ਇਹ ਲੋਕ ਸਾਜ ਹੀ ਹਨ।ਗੁੰਮਨਾਮੀ ਦਾ ਜੀਵਨ ਗੁਜ਼ਾਰ ਰਿਹਾ ਬਿੱਲਾ ਅਜ ਕਲ ਧਾਰਮਿਕ ਬਿਰਤੀ ਵਾਲਾ ਬਣ ਚੁੱਕਾ ਹੈ।ਉਸਨੂੰ ਦੁੱਖ ਹੈ ਕਿ ਨਵੀਂ ਪੀੜੀ ਵਿਚਂੋ ਇਨ੍ਹਾਂ ਸਾਜ਼ਾਂ ਨੂੰ ਕੋਈ ਨਹੀਂ ਅਪਣਾ ਰਿਹਾ।ਉਸਦਾ ਸ਼ਾਗਿਰਦ ਮੱਖਣ ਸਿੰਘ ਅੱਜ ਕੱਲ ਜਹਾਨ ਖੇਲਾ ਪੁਲੀਸ ਟਰੇਨਿੰਗ ਸੈਂਟਰ ਵਿਚ ਨੌਕਰੀ ਕਰਦਾ ਇਸ ਸਾਜ ਨੂੰ ਜਿਉਂਦਾ ਰੱਖਣ ਲਈ ਤਰਲੇ ਮਾਰ ਰਿਹਾ ਹੈ।ਉਹ ਇਥੇ ਪੁਲਸਿ ਦੇ ਸਮਾਗਮਾ ਵਿਚ ਅਕਸਰ ਅਲਗੋਜਿਆਂ ਨਾਲ ਰੰਗ ਬੰਨ ਕੇ ਇਸ ਸਾਜ਼ ਦੇ ਜੀਵਤ ਹੋਣ ਦਾ ਅਹਿਸਾਸ ਕਰਵਾਉਂਦਾ ਰਹਿੰਦਾ ਹੈ।
            
ਸੰਪਰਕ: +91 98150 18947


Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ