Fri, 19 April 2024
Your Visitor Number :-   6982974
SuhisaverSuhisaver Suhisaver

ਲੋਕ ਨਾਇਕ ਗੁਰਸ਼ਰਨ ਸਿੰਘ ਭਾਅ ਜੀ - ਡਾ. ਜਗਮੇਲ ਸਿੰਘ ਭਾਠੂਆਂ

Posted on:- 27-09-2014

suhisaver

ਪੰਜਾਬੀ ਰੰਗਮੰਚ ਦੇ ਗਗਨ ਮੰਡਲ ਵਿੱਚ ਸ੍ਰ. ਗੁਰਸ਼ਰਨ ਸਿੰਘ ਇੱਕ ਅਜਿਹੇ ਚਮਕਦੇ ਸਿਤਾਰੇ ਹਨ, ਜਿਨ੍ਹਾਂ ਪੰਜਾਬੀ ਨਾਟਕ ਨੂੰ ਇਕ ਨਵਾਂ ਮੋੜ ਦਿੱਤਾ। ਘੱਟ ਤੋਂ ਘੱਟ ਮੰਚ ਸਮੱਗਰੀ ਨਾਲ ਸਾਧਾਰਨ ਤੋਂ ਸਾਧਾਰਨ ਸਟੇਜਾਂ ਉੱਤੇ, ਚੰਗੇ ਤੋਂ ਚੰਗੇ ਨਾਟਕ ਪੇਸ਼ ਕਰਨ ਵਾਲੇ ਇਸ ਮਹਾਨ ਨਾਟਕਕਾਰ ਨੇ ਲੋਕਾਂ ਵਿੱਚ ਇਕ ਨਵੀਂ ਚੇਤਨਾ ਦੇ ਸੰਚਾਰ ਲਈ ਪੰਜਾਬ ਦੇ ਪਿੰਡ-ਪਿੰਡ ਜਾ ਕੇ, ਇਤਨੀ ਵੱਡੀ ਪੱਧਰ ਤੇ ਨਾਟਕ ਖੇਡੇ ਕਿ ਥੋੜੇ ਸਮੇਂ ਵਿੱਚ ਹੀ ਆਪ ਪੰਜਾਬੀ ਰੰਗ-ਮੰਚ ਦੇ ਉੱਘੇ ਸ਼ਾਹਸਵਾਰ ਦੇ ਤੌਰ ’ਤੇ ਜਾਣ-ਜਾਣ ਲੱਗ ਪਏ। ਸ੍ਰ. ਗੁਰਸ਼ਰਨ ਸਿੰਘ ਨੇ ਜੀਵਨ ਦੇ ਜਿਸ ਪੱਖ ਨੂੰ ਆਪਣੇ ਨਾਟਕਾਂ ਦਾ ਵਿਸ਼ਾ ਬਣਾਇਆ, ਕਿਸੇ ਹੱਦ ਤੱਕ ਉਹ, ਉਹਨਾਂ ਦੇ ਨਿੱਜੀ ਜੀਵਨ ਵਿੱਚੋਂ ਉਪਜਿਆ ਗਹਿਰਾ ਅਨੁਭਵ ਹੈ।

ਉੱਘੇ ਰੰਗਕਰਮੀ ਗੁਰਸ਼ਰਨ ਸਿੰਘ (ਭਾਅ ਜੀ) ਜਿੰਨ੍ਹਾਂ ਨੂੰ ਪੰਜਾਬ ਵਿੱਚ ਤਰਕਸ਼ੀਲ ਲਹਿਰ ਦੇ ਧੁਰੇ ਜੋ ਵੀ ਜਾਣਿਆ ਜਾਂਦਾ ਹੈ, ਪ੍ਰਗਤੀਸ਼ੀਲ ਲਹਿਰ ਦੇ ਇਸ ਪ੍ਰਤੀਬੱਧ ਮਹਾਂਨਾਇਕ ਦਾ ਜਨਮ 16 ਸਤੰਬਰ 1929 ਈ. ਨੂੰ ਸਿਆਲਕੋਟ (ਪਾਕਿਸਤਾਨ) ਵਿੱਚ ਹੋਇਆ। ਆਪਣੀਆਂ ਨਾਟਕੀ ਸਰਰਗਰਮੀਆਂ ਸਦਕਾ, ਉਹਨਾਂ ਨੇ ਸਮਾਜ ਵਿੱਚ ਵਿਚਰਦੇ ਆਮ ਆਦਮੀ ਦੀਆਂ ਸਮੱਸਿਆਵਾਂ ਨੂੰ ਸਾਹਮਣੇ ਲਿਆਕੇ, ਹਰ ਪਾਸਿਉ ਵਾਹ-ਵਾਹ ਪ੍ਰਾਪਤ ਕੀਤੀ। ਆਪਣੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਣ ਲਈ, ਆਪ ਨੇ ਮੰਚ ਕਲਾ ਦੀਆਂ ਬਾਰੀਕੀਆਂ ਵਿੱਚ ਜਾਣ ਦੀ ਥਾਂ ਨੁੱਕੜ ਨਾਟਕਾਂ ਨੂੰ ਮਾਧਿਅਮ ਬਣਾਇਆ। ਉਹਨਾਂ ਦਾ ਮੁੱਖ ਉਦੇਸ਼ ਸੀ ਕਿ ਸਵਾਰਥੀ ਲੋਕਾਂ ਵੱਲੋਂ ਕੀਤੀ ਜਾ ਰਹੀ ਸੌੜੀ ਰਾਜਨੀਤੀ ਦੇ ਗੰਦਲੇਪਣ, ਸਮਾਜਕ ਨਾ ਬਰਾਬਰੀ ਅਤੇ ਸਮਾਜਕ ਕੁਰੀਤੀਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ।

ਆਪਣੇ ਇਸ ਮਕਸਦ ਦੀ ਪੂਰਤੀ ਲਈ ਉਹਨਾਂ ਆਪਣੇ ਨਾਟਕਾਂ ਨੂੰ ਪ੍ਰਾਪੇਗੰਡੇ ਦੇ ਰੂਪ ਵਿੱਚ ਪੇਸ਼ ਕੀਤਾ। ਆਪਣੇ ਜੀਵਨ ਨੇ ਆਰੰਭਲੇ ਦੌਰ ਵਿੱਚ ਆਪ ਨੇ ਭਾਖੜਾ ਨੰਗਲ ਡੈਮ ਦੇ ਨਿਰਮਾਣ ਸਮੇਂ ਇੰਜੀਨੀਅਰ ਵਜੋਂ ਵੀ ਸੇਵਾ ਨਿਭਾਈ। ਇਥੇ ਹੀ ਕੰਮ ਕਰਦਿਆਂ ਉਹਨਾਂ ਦੇ ਜੀਵਨ ਵਿੱਚ ਇੱਕ ਨਵਾਂ ਮੋੜ ਆਇਆ ਅਤੇ ਮਜ਼ਦੂਰਾਂ ਦੇ ਹੱਕ ਲਈ ਕਈ ਨਾਟਕ ਲਿਖੇ। ‘ਧਮਕ ਨਗਾਰੇ ਦੀ’, ‘ਚਾਂਦਨੀ ਚੌਂਕ ਤੋਂ ਸਰਹਿੰਦ ਤੱਕ’, ‘ਕਿਵ ਕੂੜੈ ਤੂਟੈ ਪਾਲਿ’, ‘ਬੰਦ ਕਮਰੇ’, ‘ਕੰਮੀਆਂ ਦਾ ਵਿਹੜਾ’, ‘ਬਾਬਾ ਬੋਲਦਾ ਹੈ’, ‘ਨਾਇਕ’ ਅਤੇ ‘ਸਮਾਜ’ ਆਦਿ ਆਪ ਦੇ ਦਰਜਨਾਂ ਅਜਿਹੇ ਨਾਟਕ ਹਨ, ਜਿਹੜੇ ਕਿ ਵੱਖ-ਵੱਖ ਰੂਪਾਂ ਵਿੱਚ ਸਮਾਜਿਕ ਪ੍ਰਸਥਿਤੀਆਂ ਪ੍ਰਤੀ ਸਨਮੁੱਖ ਹਨ। ਸਮਾਨਤਾਂ ਦੇ ਸਿਧਾਂਤ ਨੂੰ ਪ੍ਰਚਾਰਨ ਵਾਲੇ ਇਸ ਮਹਾਨ ਸਮਾਜ ਸੇਵੀ ਨੂੰ, ਜਨ ਚੇਤਨਾ ਵਿਕਸਿਤ ਕਰਨ ਦਾ ਖਮਿਆਜਾ, 1975 ਵਿੱਚ ਐਮਰਜੈਂਸੀ ਦੌਰਾਨ ਸਰਕਾਰੀ ਨੌਕਰੀ ਤੋਂ ਬਰਖਾਸਤਗੀ ਦੇ ਰੂਪ ਵਿੱਚ ਭੁਗਤਣਾ ਪਿਆ।

ਜਨ ਸਮੱਸਿਆਵਾਂ ਨੂੰ ਆਪਣਿਆਂ ਲੋਕ ਨਾਟਕਾਂ ਰਾਹੀਂ ਅਰਪਿਤ ਕਰਨ ਵਾਲੇ ਮਹਾਨ ਇਨਕਲਾਬੀ ਨਾਟਕਕਾਰ ਗੁਰਸ਼ਰਨ ਸਿੰਘ (ਭਾਅ ਜੀ), ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੀ ਸੋਚ ਦੇ ਵੀ ਧਾਰਣੀ ਸਨ। ਉਹ ਪੂਰੀ ਉਮਰ ਆਪਣੇ ਸਮੇਤ ਸਾਰੀ ਦੁਨੀਆਂ ਨੂੰ ਆਜ਼ਾਦੀ ਦੇ ਮਹਾਨ ਸ਼ਹੀਦਾਂ ਦੀ ਸੋਚ ਤੇ ਚੱਲਣ ਲਈ ਪ੍ਰੇਰਦੇ ਰਹੇ। ਸ਼ਹੀਦਾਂ ਦੀ ਸੋਚ ਦੇ ਝਲਕਾਰੇ ਉਹ ਅਕਸਰ ਆਪਣੇ ਨਾਟਕਾਂ ਰਾਹੀਂ ਪੇਸ਼ ਕਰਦੇ ਰਹੇ ਹਨ। ਸ਼ਹੀਦਾਂ ਨੂੰ ਕੌਮ ਦੇ ਮਹਾਨ ਨਾਇਕ ਮੰਨਦਿਆਂ ਉਹ ਆਖਦੇ ਹੁੰਦੇ ਸਨ, ਕਿ ਇਹਨਾਂ ਸ਼ਹੀਦਾਂ ਨੇ ਗ਼ਰੀਬੀ-ਅਮੀਰੀ ਦੇ ਪਾੜੇ ਨੂੰ ਖ਼ਤਮ ਕਰਕੇ, ਸਮਾਜ ਦੇ ਹਰ ਵਰਗ ਨੂੰ ਬਰਾਬਰੀ ਦਾ ਅਧਿਕਾਰ ਦਿਵਾਉਣ ਲਈ ਕੁਰਬਾਨੀਆਂ ਦਿੱਤੀਆਂ ਹਨ।

ਦੇਸ਼ ਦੀ ਵੰਡ ਤੋਂ ਬਾਅਦ ਸ਼੍ਰੀ ਗੁਰਸ਼ਰਨ ਸਿੰਘ ਅੰਮ੍ਰਿਤਸਰ ਵਿਖੇ ਰਣਜੀਤ ਪੁਰਾ ਵਿਖੇ ਠਹਿਰੇ ਸਨ ਅਤੇ ਲੰਮਾ ਸਮਾਂ ਅੰਮ੍ਰਿਤਸਰ ਵਿਖੇ ਹੀ ਨਾਟਕਾਂ ਦਾ ਮੰਚਨ ਕੀਤਾ। ਲੱਗਭਗ ਚਾਰ ਦਹਾਕੇ ਇੱਥੇ ਠਹਿਰਣ ਉਪਰੰਤ ਆਪ ਚੰਡੀਗੜ੍ਹ ਚਲੇ ਗਏ। ਪਹਿਲਾਂ ਉਹਨਾਂ ਨੇ ਅੰਮ੍ਰਿਤਸਰ ਵਿੱਚ ਨਾਟਕ ਕਲਾ ਕੇਂਦਰ ਸਥਾਪਿਤ ਕੀਤਾ, ਫਿਰ ਚੰਗੀਗੜ੍ਹ ਆਕੇ ਚੰਗੀਗੜ੍ਹ ਸਕੂਲ ਆਫ ਡਰਾਮਾ ਸ਼ੁਰੂ ਕੀਤਾ। ਉਹ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਟਰੱਸਟੀ ਵੀ ਸਨ। ਉਚ ਕੋਟੀ ਦੇ ਲੇਖਕ, ਨਿਰਦੇਸ਼ਕ, ਲੋਕ ਆਗੂ ਅਤੇ ਬੁਲਾਰੇ ਤੋਂ ਇਲਾਵਾ ਆਪ ਇੱਕ ਉੱਚ ਕੋਟੀ ਦੇ ਅਦਾਕਾਰ ਵੀ ਸਨ। ਆਪ ਦੀ ਜਾਦੂਮਈ ਅਦਾਕਾਰੀ ਦਾ ਪ੍ਰਮੁੱਖ ਪ੍ਰਮਾਣ ਇਹ ਹੈ ਕਿ ਇੱਕ ਪ੍ਰਸਿੱਧ ਟੀ.ਵੀ. ਸੀਰੀਅਲ ‘ਭਾਈ ਮੰਨਾ ਸਿੰਘ’ ਵਿੱਚ ਮੁੱਖ ਰੋਲ ਅਦਾ ਕਰਨ ਕਰਕੇ ਆਪ ਲੋਕਾਂ ਵਿੱਚ ‘ਭਾਈ ਮੰਨਾ ਸਿੰਘ’ ਵਜੋਂ ਪਛਾਣੇ ਜਾਣ ਲੱਗ ਪਏ। ਆਪਣੇ ਸਹਿ ਕਲਾਕਾਰਾਂ ਤੇ ਨਵੇਂ ਉਭਰਦੇ ਕਲਾਕਾਰਾਂ ਨੂੰ ਉਹ ਆਪਣੇ ਧੀਆਂ-ਪੁੱਤਰ ਸਮਝਕੇ ਪਿਆਰਦੇ ਤੇ ਉਹਨਾਂ ਅੰਦਰਲੀ ਕਲਾ ਨੂੰ ਨਿਖਾਰਦੇ ਸਨ। ਉਹਨਾਂ ਦਾ ਕਹਿਣਾ ਸੀ ਕਿ ਕਲਾ ਲਈ ਨਹੀਂ, ਕਲਾ ਜੀਵਨ ਦੇ ਸੁਧਾਰ ਲਈ ਅਤੇ ਜੀਵਨ ਨੂੰ ਸੁੰਦਰ ਬਣਾਉਣ ਲਈ ਹੈ।

ਉਹਨਾਂ ਦਾ ਵਿਗਿਆਨਕ ਦ੍ਰਿਸ਼ਟੀਕੋਣ ਸੀ ਕਿ ਮਨੁੱਖ ਮੱਧ ਯੁੱਗ ਦੇ ਅੰਧ ਵਿਸ਼ਵਾਸ਼ਾਂ ਨੂੰ ਤਿਆਗ ਕੇ, ਸਮਾਜਕ ਭਲਾਈ ਲਈ ਆਧੁਨਿਕ ਯੁੱਗ ਦੇ ਨਵੇਂ ਸੰਕਲਪਾਂ ਦਾ ਧਾਰਣੀ ਬਣੇ। ਭਾਅ ਜੀ ਬਚਪਨ ਤੋਂ ਹੀ ਲੋਕ-ਪੱਖੀ ਵਿਚਾਰਧਾਰਾਂ ਵਾਲੇ ਸਨ, ਖ਼ਾਸ ਕਰਕੇ ਔਰਤਾਂ ਪ੍ਰਤੀ ਉਹਨਾਂ ਦਾ ਨਜ਼ਰੀਆਂ ਬੜਾ ਹੀ ਉਸਾਰੂ ਸੀ। ਉਹ ਆਖਦੇ ਸਨ ਕਿ ਸਮਾਜ ਵਿੱਚ ਜੋ ਕੁਝ ਚੰਗਾ ਹੈ ਉਹ ਸਾਡੀ ਪ੍ਰਾਪਤੀ ਹੈ, ਸਮਾਜ ਵਿੱਚ ਜੋ ਕੁਝ ਗਲਤ ਹੈ, ਉਸਦੀ ਸਾਡੀ ਜ਼ਿੰਮੇਵਾਰੀ ਹੈ ਤੇ ਗਲਤ ਇਥੇ ਬਹੁਤ ਕੁਝ ਹੈ, ਖ਼ਾਸ ਕਰਕੇ ਜਿਸਦਾ ਸੰਬੰਧ ਔਰਤਾਂ ਨਾਲ ਹੈ। ਇਹ ਮਰਦ ਪ੍ਰਧਾਨ ਸਮਾਜ ਹੈ, ਇਹ ਔਰਤ ਗੁਲਾਮ ਸਮਾਜ ਹੈ, ਜਦਕਿ ਔਰਤ ਹੀ ਸਮਾਜ ਨੂੰ ਜਨਮ ਦੇਂਦੀ ਹੈ। ਉਹ ਚਾਹੰੁਦੇ ਸਨ ਕਿ ਸਮਾਜ ਵਿੱਚ ਮਨੁੱਖ ਦੀ ਜਨਨੀ ਦਾ ਸਤਿਕਾਰ ਹੋਵੇ, ਕਿਉਂਕਿ ਇਹ ਉਸਦਾ ਅਧਿਕਾਰ ਹੈ। ਧੀਆਂ ਦਾਜ ਦੀ ਬਲੀ ਚੜ ਰਹੀਆਂ ਹਨ, ਸਮਾਜ ਨੂੰ ਸ਼ਰਮ ਆਉਣੀ ਚਾਹੀਦੀ ਹੈ।

ਕਾਨੂੰਨ ਨੂੰ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ। ਲੋਕ ਪੱਖੀ ਵਿਚਾਰਧਾਰਾ ਦੇ ਪ੍ਰਚਾਰ-ਪ੍ਰਚਾਰ ਲਈ ਰੰਗਮੰਚ ਤੋਂ ਇਲਾਵਾ ਉਹਨਾਂ ਲੰਮਾ ਸਮਾਂ ਇਕ ਮਾਸਿਕ ਪਰਚਾ ‘ਸਮਤਾ’ ਵੀ ਚਲਾਇਆ ਅਤੇ ਲੋਕ ਪੱਖੀ ਸਾਹਿਤ ਨੂੰ ਘੱਟ ਤੋਂ ਘੱਟ ਕੀਮਤ ਤੇ ਆਮ ਲੋਕਾਂ ਤੇ ਵਿਦਿਆਰਥੀਆਂ ਤੱਕ ਪਹੁੰਚਣ ਲਈ ਬਲਰਾਜ ਸਾਹਨੀ ਯਾਦਗਾਰੀ ਘਰੇਲੂ ਪੁਸਤਕਮਾਲਾ ਲੜੀ ਆਰੰਭ ਕੀਤੀ। ਲੋਕ ਦਿਲਾਂ ਦੀ ਧੜਕਨ ਇਸ ਮਹਾਨ ਸ਼ਖ਼ਸੀਅਤ ਨੂੰ 1993 ਵਿੱਚ ਸੰਗੀਤ ਨਾਟਕ ਐਵਾਰਡ, 1994 ਵਿੱਚ ਭਾਸ਼ਾ ਵਿਭਾਗ ਦੇ ਸ਼ੋ੍ਰ਼ਮਣੀ ਨਾਟਕਕਾਰ ਐਵਾਰਡ ਅਤੇ 2004 ਵਿੱਚ ਕੌਮੀ ਪ੍ਰਸਿੱਧੀ ਵਾਲੇ ਐਵਾਰਡ ‘ਕਾਲੀਦਾਸ ਪੁਰਸਕਾਰ’ ਨਾਲ ਨਿਵਾਜਿਆ ਗਿਆ, ਇਸ ਤੋਂ ਇਲਾਵਾ ਵੀ ਉਹਨਾਂ ਨੂੰ ਅਨੇਕਾਂ ਅਗਾਂਹਵਧੂ ਸੰਸਥਾਵਾਂ ਨੇ ਸ਼ਾਨਾਂਮੱਤੇ ਪੁਰਸਕਾਰਾਂ ਨਾਲ ਸਨਮਾਨਿਆ। ਆਪਣੇ ਜੀਵਨ ਦੇ ਅਖੀਰਲੇ ਪੜਾਅ ਤੇ ਪਹੁੰਚਦਿਆਂ, ਗੁਰਸ਼ਰਨ ਸਿੰਘ ਇੱਕ ਵਿਅਕਤੀ ਨਾ ਰਹਿ ਕੇ ਇੱਕ ਸੰਸਥਾ, ਇੱਕ ਲੋਕ ਨਾਇਕ ਜਾਂ ਯੁੱਗ ਪੁਰਸ਼ ਦਾ ਰੂਪ ਧਾਰ ਚੁੱਕੇ ਸਨ। ਆਪ ਨੂੰ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਹੋਣ ਦਾ ਵੀ ਮਾਣ ਪ੍ਰਾਪਤ ਹੋਇਆ। ਆਪ ਕਈ ਦਹਾਕਿਆਂ ਤੱਕ ਧਰਮ ਨਿਰਪੱਖ ਤੇ ਖੱਬੇ ਪੱਖੀ ਸੋਚ ਦੇ ਧਾਰਨੀ ਲੋਕਾਂ ਦੇ ਆਦਰਸ਼ ਬਣੇ ਰਹੇ। ਸਮੇਂ ਦੀ ਹਕੀਕਤਾਂ ਨੂੰ ਪਛਾਣਦਿਆਂ ਉਹਨਾਂ ਦੀ ਵਿਚਾਰਧਾਰਾ ਇੱਕ ਨਿਸ਼ਚਿਤ ਦਿਸ਼ਾ ਵੱਲ ਵਿਕਸਿਤ ਹੋਈ।

27 ਸਤੰਬਰ 2011 ਦੀ ਰਾਤ ਲੱਗਭੱਗ ਗਿਆਰਾ ਵਜੇ ਆਪ 82 ਵਰਿਆਂ ਦੀ ਉਮਰ ਵਿੱਚ ਇਸ ਫਾਨੀ ਸੰਸਾਰ ਨੂੰ ਹਮੇਸ਼ਾਂ ਲਈ ਅਲਵਿਦਾ ਕਹਿ ਗਏ ਤੇ ਆਪਣੇ ਪਿੱਛੇ ਪਤਨੀ ਡਾ. ਕੈਲਾਸ਼ ਕੌਰ, ਧੀਆਂ ਨਵਰਸ਼ਰਨ ਕੌਰ ਅਤੇ ਡਾ. ਅਰੀਤ ਕੌਰ ਤੇ ਇਲਾਵਾ ਪੁੱਤਰ-ਧੀਆਂ ਵਰਗੇ ਕਲਾਕਾਰਾਂ ਦੀ ਇੱਕ ਵੱੱਡੀ ਗਿਣਤੀ ਨੂੰ ਰੋਂਦਿਆਂ ਛੱਡ ਗਏ। ਸਮਾਜਿਕ ਕੁਰੀਤੀਆਂ ਅਤੇ ਫਿਰਕੂਵਾਦ ਵਿਰੁੱਧ ਨਿਰੰਤਰ ਆਵਾਜ ਬੁਲੰਦ ਕਰਨ ਵਾਲੇ ਗੁਰਸ਼ਰਨ ਸਿੰਘ/ਭਾਈ ਮੰਨਾ ਸਿੰਘ ਦਾ ਪੂਰਾ ਜੀਵਨ, ਲੋਕਾਈ ਨੂੰ ਜਾਗ੍ਰਿਤ ਕਰਨ ਪ੍ਰਤੀ ਸਮਰਪਿਤ ਰਿਹਾ। ਪੰਜਾਬੀ ਰੰਗਮੰਚ ਦੇ ਖੇਤਰ ਉਹਨਾਂ ਵੱਲੋਂ ਪਾਈਆਂ ਵਿਲੱਖਣ ਪੈੜਾਂ ਦੇ ਨਿਸ਼ਾਨ ਸਦੀਆਂ ਤੱਕ ਅਮਿੱਟ ਰਹਿਣਗੇ।

ਸੰਪਰਕ: +91 98713 12541

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ