Fri, 19 April 2024
Your Visitor Number :-   6983296
SuhisaverSuhisaver Suhisaver

ਯਹ ਦੁਨੀਆਂ ਅਗਰ ਮਿਲ ਭੀ ਜਾਏ ਤੋ ਕਿਆ ਹੈ. . . -ਤਰਸੇਮ ਬਸ਼ਰ

Posted on:- 04-05-2015

suhisaver

ਖਾਨਾਖ਼ਰਾਬ ਲੜੀ ਵਿੱਚ ਮੰਟੋ ਸਾਹਿਬ ਤੋਂ ਬਾਅਦ ਮੈਂ ਕਈ ਨਾਵਾਂ ਤੇ ਧਿਆਨ ਕੇਂਦਰਿਤ ਕੀਤਾ ਸੀ । ਸ਼ਿਵ , ਸਾਹਿਰ, ਗਾਲਿਬ, ਤੇ ਆਲੇ ਦੁਆਲੇ ਰਹਿੰਦੀਆਂ ਤੇ ਕੁਝ ਸੰਸਾਰ ਤੋਂ ਜਾ ਚੁੱਕੀਆਂ ਸਖਸ਼ੀਅਤਾਂ ਬਾਰੇ ਸੋਚਿਆ, ਪਰ ਦਿਮਾਗ ਗੁਰੂਦੱਤ ਤੋਂ ਅੱਗੇ ਨਾ ਜਾ ਸਕਿਆ । ਗੁਰੂਦੱਤ ਨੂੰ ਜਿੱਥੇ ਅੱਜ ਉਹਨਾਂ ਦੀਆਂ ਫਿਲਮਾਂ ਦੇ ਇੱਕ ਇੱਕ ਦ੍ਰਿਸ਼ ਤੇ ਚਰਚਾ ਕਰਦਿਆਂ ਸਿਰੇ ਦੇ ਪ੍ਰਤਿਭਾਸ਼ਾਲੀ ਨਿਰਦੇਸ਼ਕ ਦੇ ਤੌਰ ਤੇ ਯਾਦ ਕੀਤਾ ਜਾ ਰਿਹਾ ਹੈ ,ਉੱਥੇ ਹੀ ਸਮੇਂ ਤੋਂ ਪਹਿਲਾਂ ਉਹਨਾਂ ਦੇ ਦੁਨੀਆਂ ਤੋਂ ਚਲੇ ਜਾਣ ਨੂੰ ਭਾਰਤੀ ਸਿਨੇਮਾਂ ਵਾਸਤੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਜਾ ਰਿਹਾ ਹੈ । ਇਹ ਸੱਚ ਹੈ ਕਿ ਉਹ ਮਹਾਨ ਲੇਖਕ , ਨਿਰਦੇਸ਼ਕ ਸਨ, ਪਰ ਸ਼ਾਇਦ ਉਸ ਤੋਂ ਵੀ ਵੱਡਾ ਇਹ ਸੱਚ ਹੈ ਕਿ ਉਹ ਮਹਾਂਸੰਵੇਦਨਸ਼ੀਲ ਤੇ ਅਤਿਅੰਤ ਜਜ਼ਬਾਤੀ ਮਨੁੱਖ ਸਨ । ਉਹਨਾਂ ਦੀ ਬੇਚੈਨ ਰੂਹ ਭੌਤਿਕੀ ਚੀਜ਼ਾਂ ਤੋਂ ਅੱਗੇ ਕੁਝ ਲੱਭ ਰਹੀ ਸੀ, ਜੋ ਉਹਨਾਂ ਦੀ ਬੇਕਰਾਰੀ ਨੂੰ ਕਰਾਰ ਦੇ ਦੇਵੇ । ਉਹ ਸਫਲਤਾ ਦੇ ਸਿ਼ਖਰ ਤੇ ਸਨ , ਪੈਸਾ ਵੀ ਸੀ , ਸ਼ੋਹਰਤ ਵੀ ਸੀ ਪਰ ਉਹਨਾਂ ਦੇ ਅੰਦਰ ਫਿਰ ਵੀ ਕੁਝ ਟੁੱਟ ਰਿਹਾ ਸੀ ,ਉਹਨਾਂ ਨੂੰ ਸਾਲ ਰਿਹਾ ਸੀ । ਜ਼ਮਾਨੇ ਦੀ ਪਦਾਰਥਵਾਦੀ ਦੌੜ ਨਾ ਤਾਂ ਉਹ ਦੌੜ ਸਕਦੇ ਸਨ ਤੇ ਨਾ ਹੀ ਦੌੜੀ ।

ਗੁਰੂਦੱਤ ਜਿਨ੍ਹਾਂ ਦਾ ਪੂਰਾ ਨਾਂ ਬਸੰਤ ਕੁਮਾਰ ਸਿ਼ਵਾਸੰਕਰ ਪਾਦੂਕੋਨ ਸੀ, ਭਾਰਤੀ ਸਿਨੇਮਾ ਵਿੱਚ ਇੱਕ ਅਜਿਹਾ ਨਾਂ ਹੈ, ਜਿਸ ਨੇ ਸੂਖਮ ਮਨੁੱਖੀ ਭਾਵਨਾਵਾਂ ਨੂੰ ਕੈਮਰੇ ਦੇ ਰਾਹੀਂ ਇਸ ਤਰ੍ਹਾਂ ਜੀਵੰਤ ਕੀਤਾ, ਸ਼ਾਇਦ ਹੀ ਕੋਈ ਹੋਰ ਫਿ਼ਲਮ ਨਿਰਦੇਸ਼ਕ ਕਰ ਸਕਿਆ ਜਾਂ ਕਰ ਸਕੇ । ਇਸ ਮਹਾਨ ਫਿਲਮ ਨਿਰਦੇਸ਼ਕ ਦਾ ਜਨਮ 9 ਜੁਲਾਈ 1925 ਨੂੰ ਬੰਗਲੌਰ ਵਿਖੇ ਹੋਇਆ । ਉਹਨਾਂ ਦੇ ਪਿਤਾ ਸ਼ੀ੍ਰ ਸਿ਼ਵ ਸ਼ੰਕਰ ਪਾਦੂਕੋਨੇ ਇੱਕ ਅਧਿਆਪਕ ਸਨ । ਗੁਰੂਦੱਤ ਦੇ ਮਾਤਾ ਵੀ ਪੜ੍ਹਾਈ ਲਿਖਾਈ ਅਤੇ ਸਾਹਿਤ ਵਿੱਚ ਰੁਚੀ ਰੱਖਣ ਵਾਲੀ ਇੱਕ ਔਰਤ ਸੀ । ਬੰਗਾਲੀ ਕਿਤਾਬਾਂ ਨੂੰ ਕੰਨੜ ਭਾਸ਼ਾ ਵਿੱਚ ਤਰਜ਼ਮਾ ਕਰਨ ਵਿੱਚ ਰੁਚੀ ਰੱਖਣ ਵਾਲੀ ਇਸ ਔਰਤ ਨੇ ਜਦੋਂ ਗੁਰੂਦੱਤ ਨੂੰ ਜਨਮ ਦਿੱਤਾ ਤਾਂ ਉਸ ਦੀ ਉਮਰ ਸਿਰਫ 16 ਸਾਲ ਹੀ ਸੀ ।

ਗੁਰੂਦੱਤ ਦਾ ਪਾਲਣ ਪੋਸ਼ਣ ਬੇਹੱਦ ਭਾਵਪੂਰਨ ਅਤੇ ਰਚਨਾਤਮਿਕਤਾ ਵਾਲੇ ਮਾਹੌਲ ਵਿੱਚ ਹੋਇਆ । ਉਹਨਾਂ ਨੂੰ ਫੋਟੋਗ੍ਰਾਫੀ ਦਾ ਬਹੁਤ ਸ਼ੌਕ ਸੀ । ਕਲਕੱਤੇ ਤੋਂ ਦਸਵੀਂ ਪਾਸ ਕਰਨ ਤੋਂ ਉਪਰੰਤ ਉਹਨਾਂ ਨੂੰ ਇਕ ਫੈਕਟਰੀ ਵਿੱਚ ਟੈਲੀਫ਼ੋਨ ਅਪਰੇਟਰ ਦੀ ਨੌਕਰੀ ਮਿਲ ਗਈ ਸੀ । ਇਸੇ ਦੌਰਾਨ ਉਹ ਨਾਟਕਾਂ ਰਾਹੀਂ ਆਪਣੇ ਅਭਿਨੈ ਦੇ ਸ਼ੌਕ ਨੂੰ ਪੂਰਾ ਕਰਦੇ ਰਹੇ ।ਕੋਈ ਵੀ ਦ੍ਰਿਸ਼ ਉਹਨਾਂ ਲਈ ਸਾਧਾਰਨ ਨਹੀਂ ਹੁੰਦਾ ਸੀ । ਉਹ ਸਾਥੀ ਕਲਾਕਾਰਾਂ ਨੂੰ ਅਕਸਰ ਕਹਿੰਦੇ ਸਨ ਕਿ ਜੇਕਰ ਨਿਭਾਏ ਜਾ ਰਹੇ ਕਿਰਦਾਰ ਨੂੰ ਆਪਣੇ ਅੰਦਰ ਸਮੋਇਆ ਨਾ ਜਾਵੇ ਤਾਂ ਦ੍ਰਿਸ਼ ਬੇਜਾਨ ਹੋ ਜਾਂਦਾ ਹੈ । ਕਲਾਕਾਰ ਅਤੇ ਲੇਖਕ ਦੇ ਤੌਰ ਤੇ ਇਨਸਾਨੀ ਮਨੋਬ੍ਰਿਤੀ ਉਹਨਾਂ ਦਾ ਪਸੰਦੀਦਾ ਵਿਸ਼ਾ ਸੀ । ਅਲਮੋੜਾ ਵਿੱਚ ਉਹਨਾਂ ਨੇ ਨਾਟਕਾਂ ਨਾਲ ਸੰਬੰਧਤ ਕਲਾਕਾਰਾਂ ਦਾ ਇੱਕ ਗਰੁੱਪ ਵੀ ਬਣਾਇਆ । ਉਹ ਇੱਕ ਬਹੁਪੱਖੀ ਸ਼ਖਸੀਅਤ ਦੇ ਮਾਲਕ ਤੇ ਬਹੁਵਿਧਾਵੀ ਕਲਾਕਾਰ ਸਨ । ਵਧੀਆ ਪੇਸ਼ਕਾਰੀ ਕਰਕੇ ਇਸ ਗਰੁੱਪ ਅਤੇ ਗੁਰੂਦੱਤ ਦਾ ਨਾਂ ਕਾਫੀ ਪ੍ਰਸਿੱਧ ਹੋ ਗਿਆ ਸੀ ਅਤੇ ਉਹ ਮੁੰਬਈ ਫਿਲਮ ਉਦਯੋਗ ਦੇ ਪਾਰਖੂਆਂ ਦੀ ਨਜ਼ਰ ਵਿੱਚ ਵੀ ਆ ਗਿਆ । ਗੁਰੂਦੱਤ ਇਸ ਸਮੇਂ ਇੱਕ ਕੁਸ਼ਲ ਨ੍ਰਿਤ ਨਿਰਦੇਸ਼ਕ ਵਜੋਂ ਪਛਾਣੇ ਜਾਣ ਲੱਗੇ ਸਨ ।ਇਸ ਦਾ ਪ੍ਰਭਾਵ ਸੀ ਕਿ ਸਮੇਂ ਦੀ ਪ੍ਰਸਿੱਧ ‘‘ਪ੍ਰਭਾਤ ’’ ਫਿਲਮ ਕੰਪਨੀ ਨਾਲ ਤਿੰਨ ਸਾਲ ਲਈ.ਡਾਂਸ ਨਿਰਦੇਸ਼ਕ ਵਜੋਂ ਐਗਰੀਮੈਂਟ ਹੋਇਆ । ਸੰਨ 1944 ਵਿੱਚ ਬਣੀ ‘‘ਚਾਂਦ ’’ ਫਿਲਮ ਵਿੱਚ ਉਹਨਾਂ ਨੇ ਕ੍ਰਿਸ਼ਨ ਦਾ ਰੋਲ ਵੀ ਕੀਤਾ । ਸੰਨ 1946 ਵਿੱਚ ਬਣੀ ਫਿਲਮ ‘‘ਹਮ ਏਕ ਹੈਂ’’ ਵਿੱਚ ਉਹ ਕੋਰੀਓਗਰਫੀ ਅਤੇ ਅਸਿਸਟੈਂਟ ਡਾਇਰੈਕਟਰ ਸਨ ।ਇਹ ਸੰਘਰਸ਼ ਦੇ ਦਿਨ ਸਨ ਤੇ ਉਹਨਾਂ ਦੇ ਅੰਦਰ ਬੈਠਾ ਮਹਾਨ ਕਲਾਕਾਰ ਬੇਚੈਨ ਸੀ ਕਿ ਕਦੋਂ ਕੁਝ ਕਿਰਿਆਤਮਿਕ ਕਰਨ ਦਾ ਮੌਕਾ ਮਿਲੇ ।

ਪ੍ਰਤਿਭਾ ਆਪਣੇ ਰਾਹ ਆਪ ਖੋਜਦੀ ਹੈ, ਇਸੇ ਸਮੇਂ ਕੁਝ ਸਮਾਂ ਵਿਹਲੇ ਰਹਿਣ ਦੌਰਾਨ ਵੀ ਉਹ ਆਪਣੇ ਮਨ ਦੀਆਂ ਭਾ਼ਵਨਾਂਵਾ ਛੋਟੀਆਂ ਛੋਟੀਆਂ ਕਹਾਣੀਆਂ ਤੇ ਰੂਪ ਵਿੱਚ ਲਿਖ ਕੇ ਦਰਜ਼ ਕਰਦੇ ਰਹਿੰਦੇ ਅਤੇ ਕਦੇ ਕਦੇ ‘‘ਇਲੈਕਸਟ੍ਰਿਡ ਵੀਕਲੀ ’’ ਨੂੰ ਭੇਜ ਦਿੰਦੇ ਤੇ ਉਹਨਾਂ ਤੇ ਉਹ ਛਪ ਜਾਂਦੀਆਂ ।ਲਿਖਾਰੀ ਦੇ ਤੌਰ ਤੇ ਉਹਨਾਂ ਦੀਆਂ ਰਚਨਾਵਾਂ ਨੂੰ ਜਿੱਥੇ ਮਾਨਤਾ ਮਿਲੀ ਉੱਥੇ ਹੀ ਉਹਨਾਂ ਨੂੰ ਇੱਕ ਅਲੱਗ ਸੋਚ ਅਤੇ ਤਸਵੀਰ ਦੇ ਦੂਜੇ ਰੁਖ਼ ਨੂੰ ਵੀ ਦੇਖਣ ਵਾਲੇ ਲੇਖਕ ਵਜੋਂ ਪਛਾਣ ਮਿਲੀ ।ਬਹੁਤਿਆਂ ਵਾਸਤੇ ਸ਼ਾਇਦ ਇਹ ਹੈਰਾਨੀ ਦਾ ਵਿਸ਼ਾ ਹੋਵੇ ਕਿ ਗੁਰੂਦੱਤ ਦੀ ਸਿਰਜਨਾਤਮਿਕਤਾ ਦੇ ਸਿ਼ਖਰ ਵਜੋਂ ਪਛਾਣੀ ਜਾਂਦੀ ਫਿਲਮ ‘‘ਪਿਆਸਾ’’ ਵੀ ਇਲਸਟ੍ਰਿਕਡ ਵੀਕਲੀ ਵਿੱਚ ਛਪੀਆਂ ਗੁਰੂਦੱਤ ਦੀਆਂ ਕਹਾਣੀਆਂ ਵਿੱਚੋਂ ਇੱਕ ਸੀ । ਇਸੇ ਦੌਰਾਨ ਅਮੀਆਂ ਚੱਕਰਵਰਤੀ ਨੇ ਉਹਨਾਂ ਨੂੰ ਫਿਲਮ ਗਰਲਜ਼ ਸਕੂਲ ਵਿੱਚ ਸਹਾਇਕ - ਨਿਰਦੇਸ਼ਕ ਵਜੋਂ ਮੌਕਾ ਦਿੱਤਾ । 1951 ਆੳਂਦੇ ਆੳਂਦੇ ਉਸ ਸਮੇਂ ਦੇ ਮਸ਼ਹੂਰ ਅਭਿਨੇਤਾ ਦੇਵ ਆਨੰਦ ਨੇ ਉਹਨਾਂ ਨੂੰ ਬਾਜ਼ੀ ਫਿਲਮ ਰਾਹੀਂ ਆਪਣੀ ਪ੍ਰਤਿਭਾ ਦਿਖਾਉਣ ਦੀ ਚੁਣੌਤੀ ਦਿੱਤੀ ਤੇ ਉਹ ਚੁਣੌਤੀ ਤੋਂ ਖਰੇ ਉਤੱਰੇ ਵੀ । ਫਿਲਮ ਸੰਬੰਧੀ ਤਕਨੀਕੀ ਖੇਤਰ ਵਿੱਚ ਉਹਨਾਂ ਦੀ ਦਿਲਚਸਪੀ ਖਾਸ ਵੀ ਹੁੰਦੀ ਸੀ । ਥੋੜੇ ਹੀ ਸਮੇਂ ਵਿੱਚ ਉਹ ਫਿਲਮ ਉਦਯੋਗ ਦੇ ਚਰਚਿਤ ਚਿਹਰੇ ਹੋ ਚੁੱਕੇ ਸਨ । ਉਹਨਾਂ ਦੀਆਂ ਇਹ ਫਿਲਮਾਂ ਤਕਨੀਕੀ ਪੱਖ , ਕਹਾਣੀ , ਪਟਕਥਾ ਤੇ ਨਿਰਦੇਸ਼ਨ ਪੱਖੋਂ ਉਤਮ ਫਿਲਮਾਂ ਦੀ ਗਿਣਤੀ ਵਿੱਚ ਆਉਂਦੀਆਂ ਹਨ । 1960 ਵਿੱਚ ‘‘ ਚੌਧਵੀਂ ਕਾ ਚਾਂਦ ’’ ਫਿਲਮ ਵਿੱਚ ਉਹਨਾਂ ਨੇ ਫਿਰ ਅਭਿਨੈ ਕੀਤਾ । 1962 ਵਿੱਚ ਬੰਗਲਾ ਕਹਾਣੀ ਤੇ ਅਧਾਰਿਤ ਫਿਲਮ ‘‘ਸਾਹਿਬ ਬੀਵੀ ਔਰ ਗੁਲਾਮ ’’ ਫਿਲਮ ਦਾ ਨਿਰਦੇਸ਼ਨ ਕੀਤਾ ।

ਫਿਲਮ ਵਿਚਲਾ ਇੱਕ ਗੀਤ ਜੋ ਕਿ ਰਹਿਮਾਨ ਅਤੇ ਮੀਨਾ ਕੁਮਾਰੀ ਦੇ ਦਰਮਿਆਨ ਇੱਕ ਰੌਮਾਂਟਿਕ ਗੀਤ ਸੀ ਤੇ ਫਿਲਮਾਂਕਣ ਨੂੰ ਅੱਜ ਤੱਕ ਦਾ ਤਕਨੀਕੀ ਅਤੇ ਨਿਰਦੇਸ਼ਨ ਦੇ ਤੌਰ ਤੇ ਬੇਹਤਰੀਨ ਕਲਾਸਿਕ ਗੀਤਾਂ ਵਜੋਂ ਯਾਦ ਕੀਤਾ ਜਾਂਦਾ ਹੈ । ਹਰ ਪੱਖੋਂ ਬਿਹਤਰੀਨ ਸਾਹਿਬ ਬੀਵੀ ਔਰ ਗੁਲਾਮ ਫਿਲਮ ਬਰਲਿਨ ਫਿਲਮ ਫੈਸਟੀਬਲ ਵਾਸਤੇ ਵੀ ਇਹ ਫਿਲਮ ਨਾਮਾਂਕਿਤ ਹੋਈ ਸੀ । 1964 ਵਿੱਚ ਸੁਹਾਗਣ ਅਤੇ ਸਾਂਝ ਔਰ ਸਵੇਰੇ ਵਿੱਚ ਵੀ ਉਹਨਾਂ ਨੇ ਅਭਿਨੈ ਕੀਤਾ । 1956 ਵਿੱਚ ਬਣੀ ਫਿਲਮ ਸੀ.ਆਈ.ਡੀ ਤੋਂ ਉਹਨਾਂ ਦੀ ਨੇੜਤਾ ਵਹੀਦਾ ਰਹਿਮਾਨ ਨਾਲ ਦੇਖੀ ਗਈ ਪਰ ਭਾਵੇਂ ਵਹਿਦਾ ਰਹਿਮਾਨ ਉਸ ਸਮੇਂ ਦੀ ਸਭ ਤੋਂ ਵੱਡੀ ਹੀਰੋਇਨ ਸਨ ਪਰ ਗੁਰੂਦੱਤ ਦਾ ਮਿਜ਼ਾਜ ਕੁਝ ਵੱਖਰਾ ਸੀ , ਨਾ ਉਹ ਸੰਸਾਰਿਕ ਸਨ , ਨਾ ਵਿਵਹਾਰਿਕ ਤੇ ਜਲਦੀ ਹੀ ਦੋਨਾਂ ਦੇ ਰਾਹ ਵੱਖੋ ਵੱਖਰੇ ਹੋ ਗਏ ਸਨ ।

ਸਫਲਤਾ ਦੇ ਇਸ ਦੌਰ ਵਿੱਚ ਵੀ ਗੁਰੂਦੱਤ ਨੂੰ ਤਲਾਸ਼ ਸੀ ਇੱਕ ਐਸੀ ਪਨਾਹ ਦੀ ਂਜੋ ਉਹਨਾਂ ਅੰਦਰ ਉਬੱਲ ਰਹੇ ਜ਼ਜ਼ਬਾਤਾਂ ਦੇ ਲਾਵੇ ਦੀ ਗਰਮੀ ਤੋਂ ਕੁਝ ਰਾਹਤ ਦਿਵਾ ਸਕੇ । ਉਹਨਾਂ ਦੀ ਬੇਅਰਾਮ ਰੂਹ ਨੂੰ ਆਰਾਮ ਮਿਲ ਸਕੇ । ਅਜਿਹੀ ਹੀ ਤਲਾਸ਼ ਦੌਰਾਨ ਉਹਨਾਂ ਦਾ ਮੇਲ ਹੋਇਆ ਸਮੇਂ ਦੀ ਮਸ਼ਹੂਰ ਗਾਇਕਾ ਗੀਤਾ ਰਾਇ ਨਾਲ । ਗੁਰੂਦੱਤ ਨੂੰ ਇਹ ਓਹੀ ਚਿਹਰਾ ਜਾਪਿਆ ਸੀ ਜਿਸ ਦੀ ਉਹਨਾਂ ਨੂੰ ਚਾਹਤ ਵੀ ਸੀ ਤੇ ਤਲਾਸ਼ ਵੀ ।

ਉਹਨਾਂ ਦੀਆਂ ਛੋਟੀਆਂ ਛੋਟੀਆਂ ਮੁਲਾਕਾਤਾਂ 26 ਮਈ 1953 ਨੂੰ ਵਿਆਹ ਦੇ ਰੂਪ ਵਿੱਚ ਤਬਦੀਲ ਹੋ ਗਈਆਂ । ਸਮੇਂ ਨਾਲ ਉਹਨਾਂ ਦੇ ਘਰ ਦੋ ਲੜਕੇ ਅਰੁਣ ਅਤੇ ਤਰੁਣ ਅਤੇ ਇੱਕ ਲੜਕੀ ਮੀਨਾ ਨੇ ਜਨਮ ਲਿਆ । 1952 ਵਿੱਚ ‘‘ ਜਾਲ ’’ 1953 ਵਿੱਚ ‘‘ਬਾਜ਼’’ 1954 ਵਿੱਚ ‘‘ਆਰਪਾਰ’’ 1955 ਵਿੱਚ ‘‘ਮਿਸਿਜ਼ ਐਂਡ ਮਿਸਟਰ 55’’ ਅਤੇ ‘‘ਸੀ.ਆਈ.ਡੀ’’ ਵਰਗੀਆਂ ਫਿਲਮਾਂ ਫਿਲਮ ਉਦਯੋਗ ਨੂੰ ਦਿੱਤੀਆਂ ਜੋ ਉਸ ਸਮੇਂ ਦੀਆਂ ਬੇਹੱਦ ਕਾਮਯਾਬ ਫਿਲਮਾਂ ਵਿੱਚੋਂ ਗਿਣੀਆਂ ਗਈਆਂ । ਇਸੇ ਦੌਰਾਨ ਉਹਨਾਂ ਨੇ ਫਿਲਮ ਇੰਡਸਟਰੀ ਨੂੰ ਜਾਨੀ ਵਾਕਰ ਵਰਗੇ ਮਹਾਨ ਕਮੇਡੀਅਨ ਪੇਸ਼ ਕੀਤੇ । ਭਾਵੇਂ ਸਫਲਤਾ ਉਹਨਾਂ ਨੂੰ ਮਿਲਦੀ ਰਹੀ , ਪਰ ਸਵਾਰਥ ਭਰੀ ਫਿਲਮ ਇੰਡਸਟਰੀ ਤੋਂ ਂਉਹਨਾਂ ਦਾ ਭਾਵੁਕ ਮਨ ੳਪਰਾਮ ਹੋਣਾ ਸ਼ੁਰੂ ਹੋ ਗਿਆ ਸੀ ।ਪਤਨੀ ਗੀਤਾ ਦੱਤ ਵੀ ਉਹਨਾਂ ਦੀ ਅਤਿ ਸੰਵੇਦਨਸ਼ੀਲ ਸਖਸ਼ੀਅਤ ਤੋਂ ਪ੍ਰੇਸ਼ਾਨ ਹੋ ਚੁੱਕੀ ਸੀ । ਉਹ ਇਨਸਾਨਿਅਤ ਦੇ ਕਦਰਦਾਨ ਸਨ ਪਰ ਇਨਸਾਨ ਦੀ ਇਸ ਫਿਤਰਤ ਤੋਂ ਦੁਖੀ ਸਨ ਕਿ ਉਹ ਸਿਰਫ ਚੜ੍ਹਦੇ ਸੂਰਜ ਨੂੰ ਹੀ ਸਲਾਮ ਕਰਦਾ ਹੈ । ਜਿ਼ੰਦਗੀ ਦੇ ਇੱਕ ਰੰਗ ਨੂੰ ਗੁਰੂਦੱਤ ਨੇ 1957 ਵਿੱਚ ਬਣੀ ਭਾਰਤੀ ਫਿਲਮ ਉਦਯੋਗ ਦੀ ਮਹਾਨ ਫਿਲਮ ‘‘ਪਿਆਸਾ’’ ਰਾਹੀਂ ਲੋਕਾਂ ਨਾਲ ਸਾਂਝਾ ਕੀਤਾ ਜਿਸ ਦੀ ਕਹਾਣੀ ਉਹਨਾਂ ਨੇ ਬਹੁਤ ਪਹਿਲਾਂ ਹੀ ਲਿਖ ਲਈ ਸੀ ।ਪਿਆਸਾ ਦੀ ਕਹਾਣੀ ਰਵਾਇਤੀ ਭਾਰਤੀ ਫਿਲਮਾਂ ਤੋਂ ਵੱਖਰੀ ਤੇ ਸਮਾਜ ਦੀ ਸੋਚ ਨੂੰ ਉਘਾੜਣ ਵਾਲੀ ਸੀ । ਇੱਕ ਸੰਘਰਸ਼ਸ਼ੀਲ ਕਵੀ ਦਰ ਦਰ ਧੱਕੇ ਖਾਂਦਾ ਹੈ ਤੇ ਅਤਿ ਸੰਵੇਦਨਸ਼ੀਲ ਇਹ ਕਵੀ ਇੱਕ ਰਾਤ ਆਪਣਾ ਉਹ ਕੋਟ ਠੰਡ ਵਿੱਚ ਠਰ ਰਹੇ ਉਸ ਭਿਖਾਰੀ ਨੂੰ ਦੇ ਦਿੰਦਾ ਹੈ ਜੋ ਕਿ ਉਸੇ ਰਾਤ ਗੱਡੀ ਥੱਲੇ ਆ ਕੇ ਮਰ ਜਾਂਦਾ ਹੈ । ਕਿਉਂਕਿ ਕੋਟ ਵਿੱਚ ਉਸ ਕਵੀ ਦੀਆਂ ਰਚਨਾਵਾਂ ਹੁੰਦੀਆਂ ਹਨ ਤਾਂ ਸਮਾਜ ਸਮਝ ਲੈਂਦਾ ਹੈ ਕਿ ਉਸ ਕਵੀ ਨੇ ਹੀ ਖੁਦਕੁਸ਼ੀ ਕਰ ਲਈ ਹੈ ।

ਹਮਦਰਦੀ ਦਾ ਫਾਇਦਾ ਉਠਾਦਿਆਂ ਕਵਿਤਾਵਾਂ ਛਾਪੀਆਂ ਜਾਂਦੀਆਂ ਹਨ ਤਾਂ ਉਹ ਬੇਹੱਦ ਮਕਬੂਲ ਹੋ ਜਾਂਦੀਆਂ ਹਨ । ਕਵੀ ਦਾਅਵਾ ਕਰਦਾ ਹੈ ਕਿ ਉਹ ਜਿੳਂਦਾ ਹੈ ਪਰ ਇਹ ਸਾਬਤ ਕਰਨ ਲਈ ਉਸਨੂੰ ਉਹਨਾਂ ਮਰਹਲਿਆਂ ਚੋਂ ਲੰਘਣਾ ਪੈਂਦਾ ਹੈ ਕਿ ਅਖ਼ੀਰ ਓਹ ਕਹਿ ਉਠਦਾ ਹੈ ਕਿ ਛੱਡੋ ਇਸ ਦੁਨੀਆਂ ਨੂੰ ਇਹ ਬੇਰਹਿਮ ਤੇ ਸਵਾਰਥੀ ਦੁਨੀਆ ਮਿਲ ਵੀ ਜਾਵੇ ਤਾਂ ਕੀ ਹੈ ।ਸਮਾਜ ਨੂੰ ਸ਼ੀਸ਼ਾ ਦਿਖਾਉਂਦੀ ਇਹ ਫਿਲਮ ਜਿੱਥੇ ਸਫਲ ਹੋਈ ਸੀ ਉੱਥੇ ਹੀ ਇਸ ਦੀ ਚਰਚਾ ਕੌਮਾਂਤਰੀ ਪੱਧਰ ਤੇ ਵੀ ਹੋਈ ।

ਇਸ ਤੋਂ ਬਾਅਦ ਫਿਲਮ ਇੰਡਸਟਰੀ ਤੇ ਜ਼ਮਾਨੇ ਦੇ ਮਤਲਬੀ ਵਿਵਹਾਰ ਤੋਂ ਉਪਰਾਮ ਗੁਰੂਦੱਤ ਨੇ 1959 ਵਿੱਚ ‘ਕਾਗਜ਼ ਕੇ ਫੂਲ’ ਰਾਹੀਂ ਆਪਣੀ ਘੁਟਨ ਨੂੰ ਸਮਾਜ ਨਾਲ ਸਾਂਝਿਆਂ ਕੀਤਾ ।ਜਿੱਥੇ ਕਲਾ ਪੱਖੋਂ ਇਸ ਫਿਲਮ ਨੂੰ ਸਰਾਹਿਆ ਗਿਆ ਉੱਥੇ ਹੀ ਵਪਾਰਿਕ ਪੱਧਰ ਤੇ ਇੰਨੀ ਸਫਲਤਾ ਹਾਸਲ ਨਾ ਕਰ ਸਕਿਆ । ਦੁਨੀਆ ਸ਼ਾਇਦ ਲਗਾਤਾਰ ਸਮਾਜ ਦਾ ਸੱਚ ਦੇਖਣ ਦੀ ਆਦੀ ਨਹੀਂ ਸੀ ਹੋਈ । ਸਿ਼ਵ ਕੁਮਾਰ ਬਟਾਲਵੀ ਵਾਂਗ ਹੀ ਗੁਰੂਦੱਤ ਵੀ ਇਸ ਤਰਾਸਦੀ ਦਾ ਸਿ਼ਕਾਰ ਹੋਏ ਕਿ ਉਹਨਾਂ ਦੇ ਆਸੇ ਪਾਸੇ ਦੇ ਲੋਕ ਹੀ ਉਹਨਾਂ ਨੂੰ ਸਮਝ ਨਾ ਸਕੇ ਤੇ ਉਹ ਗੁਆਚਦੇ ਗਏ ਆਪਣੇ ਹੀ ਅੰਦਰ..............ਆਖ਼ਰੀ ਦਿਨਾਂ ਵਿੱਚ ਉਹ ਨਿਰਦੇਸ਼ਕ ਦੇ ਤੌਰ ਤੇ ਅਤਿਅੰਤ ਸਫਲ ਸਨ ਤਾਂ ਉਹਨਾਂ ਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਸੀ । ਪਤਨੀ ਗੀਤਾ ਦੱਤ ਤੋਂ ਉਹ ਵੱਖ ਰਹਿ ਰਹੇ ਸਨ ਅਤੇ ਨੀਂਦ ਨਾ ਆਉਣ ਕਾਰਨ ਨੀਂਦ ਦੀਆਂ ਗੋਲੀਆਂ ਵੀ ਖਾ ਰਹੇ ਸਨ ।

 ਉਹਨਾਂ ਦੇ ਦੋਸਤ ਅਬਰਾਰ ਅਲਵੀ ਨੇ ਆਪਣੀ ਕਿਤਾਬ ਵਿੱਚ ਲਿਖਿਆ ਹੈ ਕਿ ਉਹਨਾਂ ਦੀ ਮਨੋਬਿਰਤੀ ਖੰਡਿਤ ਹੋ ਚੁੱਕੀ ਸੀ । ਉਹ ਦੁਨੀਆਂ ਨੂੰ ਠੋਕਰ ਮਾਰ ਦੇਣਾ ਚਾਹੁੰਦੇ ਸਨ ।ਉਹ ਇਹਨਾਂ ਦਿਨਾਂ ਵਿੱਚ ਜਿੱਥੇ ਸ਼ਰਾਬ ਅਤੇ ਸਿਗਰਟ ਨਾਲ ਆਪਣੇ ਅੰਦਰ ਦੇ ਲਾਵੇ ਨੂੰ ਸਾਂਤ ਕਰਨ ਦੀ ਕੋਸਿ਼ਸ਼ ਕਰ ਰਹੇ ਸਨ ਉਹ ਉੱਥੇ ਹੀ ਨੀਂਦ ਦੀਆਂ ਗੋਲੀਆਂ ਵੀ ਨਾਲ ਲੈ ਰਹੇ ਸਨ । ਇਹਨਾਂ ਹੀ ਦਿਨਾਂ ਵਿੱਚੋਂ ਇੱਕ ਦਿਨ 10 ਅਕਤੂਬਰ 1964 ਦਾ ਵੀ ਆਇਆ ਜਿਸ ਦੀ ਸਵੇਰ ਨੂੰ ਉਹਨਾਂ ਨੂੰ ਮ੍ਰਿਤ ਰੂਪ ਵਿੱਚ ਪਾਇਆ ਗਿਆ । ਸਫਲਤਾ ਦੇ ਸਿ਼ਖਰ ਤੇ ਬੈਠਿਆ ਜਦੋਂ ਉਹ ਇਸ ਦੁਨੀਆਂ ਨੂੰ ਠੋਕਰ ਮਾਰ ਚੁੱਕੇ ਸਨ , ਉਹਨਾਂ ਦੀ ਮ੍ਰਿਤ ਦੇਹ ਨੂੰ ਸੰਭਾਲਿਆ ਜਾ ਰਿਹਾ ਸੀ ਤਾਂ ਕਿਹਾ ਜਾਂਦਾ ਹੈ ਕਿ ਉਸ ਸਵੇਰ ਵੀ ਕੁਝ ਨਿਰਮਾਤਾ ਉਹਨਾਂ ਦੇ ਘਰ ਸਵੇਰੇ ਸਵੇਰੇ ਹੀ ਪੁੱਜ ਚੁੱਕੇ ;ਸਨ ਤਾ ਕਿ ਪ੍ਰਤਿਭਾ ਦੇ ਧਨੀ ਗੁਰੂਦੱਤ ਉਹਨਾਂ ਦੀ ਫਿਲਮ ਨੂੰ ਨਿਰਦੇਸਿ਼ਤ ਕਰਨ ਲਈ ਹਾਮੀ ਭਰ ਦੇਣ ਤੇ ਉਹ ਮਾਲਾਮਾਲ ਹੋ ਜਾਣ । ਜਿੱਥੋਂ ਤੱਕ ਸਿ਼ਵ ਕੁਮਾਰ ਬਟਾਲਵੀ ਅਤੇ ਗੁਰੂਦੱਤ ਦੀ ਸਾਂਝ ਦਾ ਸਵਾਲ ਹੈ ਤਾਂ ਇਹ ਦੋਹਾਂ ਨਾਲ ਜ਼ਮਾਨੇ ਵੱਲੋਂ ਕੀਤੇ ਗਏ ਸਲੂਕ ਦੇ ਦੁਖਾਂਤ ਤੇ ਅਧਾਰਿਤ ਹੈ ਪਰ ਸਾਹਿਰ ਲੁਧਿਆਣਵੀ ਨਾਲ ਉਹਨਾਂ ਦੀ ਸਾਂਝ ਜਿੱਥੇ ਜ਼ਜ਼ਬਾਤੀ ਸੀ ਇਸ ਤੋਂ ਵੀ ਉਪਰ ਜਾ ਕੇ ਗੁਰੂਦੱਤ ਦੀ ਸੋਚ ਨੂੰ ਤਰਜ਼ਮਾਨੀ ਲਈ ਉਹ ਸ਼ਬਦ ਦਿੱਤੇ ਜਿਹੜੇ ਸ਼ਾਇਦ ਉਹਨਾਂ ਦੇ ਆਪਣੇ ਵੀ ਦਿਲ ਦੇ ਬਹੁਤ ਨੇੜੇ ਸਨ ਤਾਂ ਹੀ ਤਾਂ ਹੀ ਤਾਂ ਜਦੋਂ ਵੀ ਗੁਰੂਦੱਤ ਦਾ ਜਿ਼ਕਰ ਹੁੰਦਾ ਹੈ ਤਾਂ ਇਹ ਗੀਤ ਜ਼ਰੂਰ ਗੁਣਗੁਣਾਇਆ ਜਾਂਦਾ ਹੈ ਯਹ ਦੁਨੀਆ ਅਗਰ ਮਿਲ ਭੀ ਜਾਏ ਤੋ ਕਿਆ ਹੈ...

ਸੰਪਰਕ: +91 99156 20944

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ