Thu, 18 April 2024
Your Visitor Number :-   6982574
SuhisaverSuhisaver Suhisaver

ਸਰਦਾਰ ਬਹਾਦੁਰ ਭਾਈ ਕਾਨ੍ਹ ਸਿੰਘ ਨਾਭਾ - ਡਾ. ਰਵਿੰਦਰ ਕੌਰ ਰਵੀ

Posted on:- 23-11-2015

suhisaver

ਪੰਜਾਬੀ ਸਾਹਿਤ ਦੇ ਪਰਿਵਰਤਨ ਕਾਲ (1900 ਤੋਂ 1930 ਈ.) ਵਿੱਚ ਯੁੱਗ ਪੁਰਸ਼ ਭਾਈ ਕਾਨ੍ਹ ਸਿੰਘ ਨਾਭਾ ਦਾ ਸਥਾਨ ਮਹੱਤਵਪੂਰਨ ਹੈ। ਪੰਜਾਬੀ ਸਾਹਿਤ ਜਗਤ ਅਤੇ ਧਾਰਮਿਕ ਖੇਤਰ ’ਚ ਆਪਣੇ ਵਿਲੱਖਣ ਯੋਗਦਾਨ ਸਦਕਾ , ਉਨ੍ਹਾਂ ਦਾ ਨਾਂਅ , ਸ਼ਿਰੋਮਣੀ ਵਿਦਵਾਨਾਂ ਦੀ ਸੂਚੀ ਵਿਚ ਪਹਿਲੇ ਨੰਬਰ ’ਤੇ ਗਿਣਿਆ ਜਾਂਦਾ ਹੈ । ਆਪ ਦਾ ਪਿਛੋਕੜ ਜ਼ਿਲ੍ਹਾ ਬਠਿੰਡਾ ਦੇ ਪਿੰਡ ਪਿੱਥੋਂ ਦੇ ਵਸਨੀਕ ਢਿੱਲੋਂ ਜੱਟ, ਬਾਬਾ ਨੌਧ ਸਿੰਘ ਜੀ ਨਾਲ ਸੰਬੰਧਿਤ ਹੈ ਜੋ ਕਿ ਕਿਸੇ ਸਮੇਂ ਮਹਾਰਾਜਾ ਰਣਜੀਤ ਸਿੰਘ ਦੇ ਮੁਸਾਹਿਬ ਰਹੇ ਹਨ। ਵੀਹਵੀਂ ਸਦੀ ਦੇ ਇਸ ਪ੍ਰਮੁੱਖ ਵਿਦਵਾਨ ਕੋਸ਼ਕਾਰ, ਟੀਕਾਕਾਰ, ਛੰਦ ਸ਼ਾਸਤਰੀ ਅਤੇ ਸਫ਼ਰਨਾਮਾਕਾਰ ਦਾ ਜਨਮ ਉਨ੍ਹਾਂ ਦੇ ਨਾਨਕੇ ਘਰ ਰਿਆਸਤ ਪਟਿਆਲਾ ਦੇ ਪਿੰਡ ਬਨੇਰਾ ਖੁਰਦ ਵਿਚ ਮਾਤਾ ਹਰਿ ਕੌਰ ਦੀ ਕੁੱਖੋਂ 30 ਅਗਸਤ 1861 ਈ ਨੂੰ ਹੋਇਆ। ਭਾਈ ਕਾਨ੍ਹ ਸਿੰਘ ਨਾਭਾ ਦੇ ਪਿਤਾ ਬਾਬਾ ਨਰਾਇਣ ਆਪਣੇ ਸਮੇਂ ਦੇ ਪ੍ਰਮੁੱਖ ਵਿਦਵਾਨ ਤੇ ਸੰਤ ਪੁਰਸ਼ ਸਨ, ਜਿਨ੍ਹਾਂ ਲੰਮਾ ਸਮਾਂ ਨਾਭੇ ਦੇ ਇਤਿਹਾਸਕ ਗੁਰ ਅਸਥਾਨ ‘ਡੇਰਾ ਬਾਬਾ ਅਜਪਾਲ ਸਿੰਘ’ ਵਿਖੇ ਰਹਿਕੇ ਸਿੱਖੀ ਪ੍ਰਚਾਰ ਲਈ ਵੱਡੀ ਸੇਵਾ ਕੀਤੀ।

ਇੱਥੇ ਹੀ ਪਿਤਾ ਜੀ ਦੇ ਆਸ਼ੀਰਵਾਦ ਨਾਲ ਭਾਈ ਕਾਨ੍ਹ ਸਿੰਘ ਨਾਭਾ ਨੇ ਉਸ ਮੌਕੇ ਦੇ ਪ੍ਰਸਿੱਧ ਵਿਦਵਾਨਾਂ ਭਾਈ ਭੂਪ ਸਿੰਘ, ਭਾਈ ਰਾਮ, ਭਾਈ ਭਗਵਾਨ ਸਿੰਘ ਦੁੱਗ, ਜਵਾਹਰ ਸਿੰਘ, ਪੰਡਿਤ ਸ਼੍ਰੀਧਰ, ਬੰਸੀਧਰ, ਭਾਈ ਵੀਰ ਸਿੰਘ ਜਲਾਲਕੇ, ਬਾਵਾ ਕਲਿਆਣ ਦਾਸ ਅਤੇ ਮਹੰਤ ਗੱਜਾ ਸਿੰਘ ਆਦਿ ਦੇਸੀ ਵਿਦਵਾਨਾਂ ਪਾਸੋਂ ਵੱਖ ਵੱਖ ਵਿਸ਼ਿਆਂ ’ਚ ਬਹੁ-ਪੱਖੀ ਵਿਦਿਆ ਹਾਸਿਲ ਕੀਤੀ।

ਦਿੱਲੀ ਅਤੇ ਲਖਨਊ ਦੇ ਵਿਦਵਾਨਾਂ ਪਾਸੋਂ ਫਾਰਸੀ ਦੀ ਸਿੱਖਿਆ ਗ੍ਰਹਿਣ ਕੀਤੀ। ਲਾਹੌਰ ਵਿਖੇ ਓਰੀਐਂਟਲ ਕਾਲਿਜ ਦੇ ਪ੍ਰੋਫੈਸਰ ਗੁਰਮੁਖ ਸਿੰਘ ਦੀ ਸੁਚੱਜੀ ਸੰਗਤ ਵਿਚ ਰਹਿੰਦਿਆਂ, ਆਪ ਦੀ ਰੁਚੀ ਸਮਾਜ ਸੁਧਾਰ ਅਤੇ ਧਰਮ ਅਧਿਐਨ ਲਈ ਹੋਰ ਪਰਿਪੱਕ ਹੋਈ।

ਆਪ ਨੂੰ ਸੈਰ, ਬਾਗਬਾਨੀ ਅਤੇ ਸ਼ਿਕਾਰ ਤੋਂ ਇਲਾਵਾ ਸੰਗੀਤ ਦਾ ਵੀ ਬੇਹੱਦ ਸ਼ੌਕ ਸੀ। ਜਵਾਨੀ ਦੀ ਉਮਰੇ ਵਿੱਦਿਆ ਦੇ ਸਾਗਰ ਬਣਕੇ ਜਦੋਂ ਭਾਈ ਸਾਹਿਬ ਨਾਲੋਂ ਆਕੇ ਮਹਾਰਾਜਾ ਹੀਰਾ ਸਿੰਘ ਨੂੰ ਮਿਲੇ ਤਾਂ ਉਹ ਆਪਦੀ ਸੂਝ ਤੇ ਵਿਦਿਆ ਤੋਂ ਏਨੇ ਪ੍ਰਭਾਵਿਤ ਹੋਏ ਕਿ ਝੱਟ ਭਾਈ ਸਾਹਿਬ ਨੂੰ ਆਪਣਾ ਮੁਸਾਹਿਬ ਬਣਾ ਲਿਆ ਤੇ ਬਾਅਦ ਵਿੱਚ ਆਪ ਨੇ ਰਾਜਕੁਮਾਰ ਰਿਪੁਦਮਨ ਸਿੰਘ ਦਾ ਨਿਗਰਾਨ ਤੇ ਅਧਿਆਪਕ ਵੀ ਨਿਯੁਕਤ ਕੀਤਾ। ਆਪਣੀ ਵਿਦਵਤਾ ਦੇ ਜਾਦੂ ਨਾਲ ਭਾਈ ਕਾਨ੍ਹ ਸਿੰਘ ਨੇ ਨਾਭਾ ਤੇ ਪਟਿਆਲਾ ਰਿਆਸਤਾਂ ਵਿੱਚ ਕਈ ਉੱਚ ਅਹੁਦਿਆਂ ਤੇ ਰਹਿੰਦਿਆਂ ਨਾਲੋਂ ਨਾਲ ਸਾਹਿਤ ਸਿਰਜਨਾ ਕਰਦਿਆਂ ਮਾਂ ਬੋਲੀ ਪੰਜਾਬੀ ਦੀ ਸੇਵਾ ਲਈ ਵੱਡਾ ਯੋਗਦਾਨ ਪਾਇਆ। ਭਾਈ ਕਾਨ੍ਹ ਸਿੰਘ ਦੇ ਇਕਲੌਤੇ ਬੇਟੇ ਭਗਵੰਤ ਸਿੰਘ ਹਰੀ ਅਤੇ ਭਾਈ ਸਾਹਿਬ ਦੀ ਪੋਤ ਨੂੰਹ ਡਾ. ਰਛਪਾਲ ਕੌਰ ਨੇ ਵੀ ਪੰਜਾਬੀ ਸਾਹਿਤ ਸੇਵਾ ਲਈ ਆਪੋ ਆਪਣਾ ਯੋਗਦਾਨ ਪਾਇਆ।

ਉਨੀਂਵੀ ਸਦੀ ਦੇ ਅਖੀਰਲੇ ਦਹਾਕੇ ’ਚ ਲਿਖੇ ਗ੍ਰੰਥ ‘ਰਾਜ ਧਰਮ’ (1884 ਈ.) ਤੋਂ ਆਪ ਦਾ ਸਾਹਿੱਤਕ ਸਫ਼ਰ ਆਰੰਭ ਹੋਇਆ। ਟੀਕਾ ਜੈਮਨੀ ਅਸਵਮੇਧ, ਨਾਨਕ ਭਾਵਾਰਥ ਦੀਪਿਕਾ ਤੇ ਟੀਕਾ ਵਿਸ਼ਨੂੰ ਪੁਰਾਣ ਆਦਿ ਇਸੇ ਦੌਰ ਦੀਆਂ ਕੁਝ ਹੋਰ ਮਹੱਤਵਪੂਰਣ ਰਚਨਾਵਾਂ ਹਨ। ਉਸ ਵੇਲੇ ਦੀ ਜਾਗ੍ਰਿਤ ਸਿੱਖ ਚੇਤਨਾ ਦੇ ਪ੍ਰਭਾਵ ਅਧੀਨ ਆਪ ਦੀ ਸਾਹਿਤ ਰਚਨਾ ਦਾ ਦੂਜਾ ਦੌਰ ਆਰੰਭ ਹੁੰਦਾ ਹੈ। ਉਨ੍ਹਾਂ ਦੇ ਦਿਲ ਵਿੱਚ ਤਾਂਘ ਪੈਦਾ ਹੋਈ ਕਿ ਸਿੱਖੀ ਦੀ ਨਿਰੋਲਤਾ ਜਾਂ ਇਸਦੀ ਸੁਤੰਤਰ ਸਖਸ਼ੀਅਤ ਨੂੰ ਉਜਾਗਰ ਕੀਤਾ ਜਾਵੇ। ਸਿੱਖ ਧਰਮ ਦੀਆਂ ਸਾਰੀਆਂ ਰੀਤੀਆਂ ਇਕਸਾਰ ਹੋਣ, ਸਿੱਖ ਧਰਮ ਤੇ ਇਤਿਹਾਸ ਨੂੰ ਵਹਿਮਾਂ ਭਰਮਾਂ ਤੋਂ ਨਿਖੇੜਿਆ ਜਾਵੇ, ਸਿੱਖ ਧਰਮ ਦੀਆਂ ਪੁਸਤਕਾਂ ਤਤਕਾਲੀ ਮਿਆਰਾਂ ਤੇ ਪੂਰੀਆਂ ਉਤਰਨ ਵਾਲੀਆ ਹੋਣ ਆਦਿ, ਵਰਗੀਆਂ ਸਿਧਾਂਤਕ ਤੇ ਸਾਹਿੱਤਕ ਸਮੱਸਿਆਵਾਂ ਦੇ ਹੱਲ ਲਈ ਆਪ ਨੇ ‘ਹਮ ਹਿੰਦੂ ਨਹੀਂ’, ਗੁਰੁਮਤ ਪ੍ਰਭਾਕਰ, ਗੁਰੁਮਤ ਸੁਧਾਕਰ, ਸੱਦ ਕਾ ਪਰਮਾਰਥ, ਅਤੇ ਗੁਰੁ ਗਿਰਾ ਕਸੌਟੀ ਵਰਗੀਆਂ ਅਨਮੋਲ ਪੁਸਤਕਾਂ ਦੀ ਰਚਨਾ ਕੀਤੀ। ਸਮਾਜ ਸੁਧਾਰ ਦੀ ਅਭਿਲਾਸ਼ਾ ਨਾਲ ਨਸ਼ਾ ਮੁਕਤ ਸਮਾਜ ਲਈ ‘ਸ਼ਰਾਬ ਨਿਸੇਧ’ (1907 ਈ.) ਵਰਗੀਆਂ ਵਡਮੁੱਲੀਆਂ ਪੁਸਤਕਾਂ ਦੀ ਵੀ ਰਚਨਾ ਕੀਤੀ। ਜਿਸ ਸਦਕਾ ਉਸ ਸਮੇਂ ਦੀਆਂ ਸੁਧਾਰਕ ਸਿੱਖ ਲਹਿਰਾਂ ਦੇ ਵਿਦਵਾਨ ਆਪ ਦੇ ਬੇਹੱਦ ਕਦਰਦਾਨ ਬਣ ਚੁੱਕੇ ਸਨ।

ਮਹਾਰਾਜਾ ਹੀਰਾ ਸਿੰਘ ਨੇ ਆਪ ਦਾ ਨਾਮ ਨੀਤੀ ਜੀ ਰੱਖਿਆ ਹੋਇਆ ਸੀ। ਉਸ ਸਮੇਂ ਦੇ ਪੁਲੀਟੀਕਲ ਏਜੰਟ ਕਰਨਲ ਡਨਲਪ ਸਮਿੱਥ ਆਪ ਦੀ ਸੂਝ-ਬੂਝ ਅਤੇ ਵਫ਼ਾਦਾਰੀ ਦੇ ਬੇਹੱਦ ਕਦਰਦਾਨ ਅਤੇ ਆਪ ਦੇ ਪਰਮ ਮਿੱਤਰ ਸਨ। ਨਾਭਾ ਅਤੇ ਪਟਿਆਲਾ ਰਿਆਸਤ ਦੇ ਆਪਸੀ ਝਗੜਿਆਂ ਨੂੰ ਮਿਟਾਉਣ ਲਈ ਭਾਈ ਕਾਨ੍ਹ ਸਿੰਘ ਜੀਵਨ ਭਰ ਯਤਨਸ਼ੀਲ ਰਹੇ। ਵਿਦਵਤਾ ਦੇ ਅਜਿਹੇ ਸਜੀਵ ਤੇ ਸਾਕਾਰ ਸਰੂਪ ਕਿਸੇ ਕੌਮ ਨੂੰ ਕਦੇ ਕਦਾਈ ਹੀ ਨਸੀਬ ਹੋਇਆ ਕਰਦੇ ਹਨ। ਮਿਸਟਰ ਮੈਕਸ ਆਰਥਰ ਮੈਕਾਲਫ਼ ਵਰਗੇ ਅੰਗਰੇਜ਼ ਸੱਜਣ ਨੂੰ ਸਿੱਖ ਧਰਮ ਤੇ ਇਤਿਹਾਸ ਤੋਂ ਜਾਣੂ ਕਰਾਕੇ ‘ਸਿੱਖ ਰਿਲੀਜਨ’ ਵਰਗਾ ਅੰਗਰੇਜ਼ੀ ਭਾਸ਼ਾ ’ਚ ਅਨੁਪਮ ਗ੍ਰੰਥ ਲਿਖਾਉਣਾ ਆਪ ਦੀ ਸੁਯੋਗਤਾ ਸੀ।

ਆਪ ਨੇ ਉਮਰ ਭਰ ਦਰਜਨਾਂ ਪੁਸਤਕਾਂ ਦੀ ਰਚਨਾ ਕੀਤੀ। ‘ਗੁਰਛੰਦ-ਦਿਵਾਕਰ’ ਤੇ ਗੁਰੁਸ਼ਬਦਾਲੰਕਾਰ’ ਵਰਗੀਆਂ ਪੁਸਤਕਾਂ ਦੀ ਰਚਨਾ ਨਾਲ ਜਿਥੇ ਆਪ ਮਹਾਨ ਛੰਦ ਸ਼ਾਸਤਰੀ ਅਤੇ ਅਲੰਕਾਰ ਸ਼ਾਸਤਰੀ ਵਜੋਂ ਸਥਾਪਿਤ ਹੋਏ, ਉਥੇ ਭਾਈ ਸਾਹਿਬ ਵੱਲੋਂ ਸੰਪਾਦਿਤ ਕੋਸ਼ ‘ਅਨੇਕਾਰਥ ਕੋਸ਼’ ਤੇ ‘ਨਾਮਮਾਲਾ ਕੋਸ਼’ ਨਾਲ ਪੰਜਾਬੀ ਸਾਹਿਤ ਪ੍ਰੇਮੀਆਂ ਨੂੰ ਹਿੰਦੀ ਤੇ ਬ੍ਰਜ ਭਾਸ਼ਾ ਦੇ ਕਾਵਯ ਗ੍ਰੰਥਾਂ ਦੇ ਸ਼ਬਦਾਰਥ ਸਮਝਣ ਵਿੱਚ ਆਸਾਨੀ ਹੋਈ। ਆਪਣੀ ਜੀਵਨ ਭਰ ਦੀ ਤਪੱਸਿਆ ਦਾ ਫਲ ‘ਗੁਰੂਸ਼ਬਦ ਰਤਨਾਕਰ ਮਹਾਨ ਕੋਸ਼’ ਦੀ ਰਚਨਾ ਕਰਕੇ ਇਹ ਸਿੱਧ ਕੀਤਾ ਕਿ ਮਾਂ ਬੋਲੀ ਪੰਜਾਬੀ ਵਿਚ ਕੋਈ ਵੀ ਵੱਡੇ ਤੋਂ ਵੱਡਾ ਕਾਰਜ ਕੀਤਾ ਜਾ ਸਕਦੈ। ਪੰਜਾਬੀ ਭਾਸ਼ਾ ’ਚ ਆਪ ਵੱਲੋਂ ਰਚਿਆ ‘ਮਹਾਨ ਕੋਸ਼’ ਇੱਕ ਅਜਿਹਾ ਅਨੁਪਮ ਗ੍ਰੰਥ ਹੈ ਜਿਸਦੇ ਘੇਰੇ ’ਚ ਧਰਮ, ਭੁਗੋਲ, ਇਤਿਹਾਸ, ਚਕਿਤਸਾ ਦੇ ਨਾਲ ਨਾਲ ਭਾਰਤੀ ਸ਼ਾਸਤਰੀ ਸੰਗੀਤ ਅਤੇ ਗੁਰਮਤਿ ਸੰਗੀਤ ਆਦਿ ਵਿਸ਼ੇ ਵੀ ਆਉਂਦੇ ਹਨ। ਪੰਜਾਬੀ ਸਾਹਿਤ ਪ੍ਰੇਮੀਆ ਲਈ ਬੇਹੱਦ ਖੁਸ਼ੀ ਦੀ ਗੱਲ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਇਸ ਲਾਸਾਨੀ ਕੋਸ਼ ਦਾ ਅੰਗਰੇਜ਼ੀ ਭਾਸ਼ਾ ‘ਚ ਉਲਥਾ ਕੀਤਾ ਗਿਆ ਹੈ। ਪੰਜਾਬੀ ਸੇਵੀ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਦੇ ਸੁਚੱਜੇ ਉੱਦਮ ਸਦਕਾ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਮਹਾਨ ਕੋਸ਼ ਪੰਜਾਬੀ ਤੇ ਹਿੰਦੀ ਭਾਸ਼ਾ ਵਿੱਚ ਵੀ ਉੱਤਮ ਢੰਗ ਨਾਲ ਛਾਪਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸਿੱਖ ਸਿਧਾਤਾਂ ਬਾਰੇ ਵਡਮੁੱਲੀ ਜਾਣਕਾਰੀ ਪ੍ਰਦਾਨ ਕਰਨ ਵਾਲੀ ਭਾਈ ਕਾਨ੍ਹ ਸਿੰਘ ਨਾਭਾ ਦੀ ਇਕ ਹੋਰ ਉੱਤਮ ਰਚਨਾ ‘ਗੁਰੁਮਤ ਮਾਰਤੰਡ’ ਵੀ ਪੰਜਾਬੀ ਯੂਨੀਵਰਸਿਟੀ ਵੱਲੋਂ ਹਿੰਦੀ ਭਾਸ਼ਾ ‘ਚ ਛਾਪੀ ਜਾ ਰਹੀ ਹੈ।

ਆਪ ਦਾ ਮੁੱਖ ਮੰਤਵ ਵਿਦਿਆ ਦੇ ਪ੍ਰਚਾਰ ਦੁਆਰਾ ਭਾਰਤੀ ਲੋਕਾਂ ਦਾ ਉਥਾਨ ਸੁਧਾਰ ਤੇ ਕਲਿਆਣ ਕਰਨਾ ਸੀ। ਖਾਲਸਾ ਕਾਲਜ ਅੰਮਿ੍ਰਤਸਰ ’ਚ 4 ਅਪ੍ਰੈਲ 1931 ਈ: ਦੌਰਾਨ ਇੱਕ ਵਿਦਿਅਕ ਕਾਨਫਰੰਸ ਦੇ ਪ੍ਰਧਾਨਗੀ ਭਾਸ਼ਣ ਰਾਹੀਂ ਭਾਈ ਸਾਹਿਬ ਨੇ ਦੱਸਿਆ ਸੀ ਕਿ ‘‘ਭਾਰਤ ਦੇਸ਼ ਜਦ ਤੱਕ ਵਿਦਿਆ ਦਾ ਕੇਂਦਰ ਰਿਹਾ ਤਾਂ ਵਿਦੇਸ਼ੀ ਲੋਕ ਇਸਨੂੰ ਆਪਣਾ ਗੁਰੂ ਮੰਨਕੇ, ਵਿੱਦਿਆ ਪਾਉਣ ਲਈ ਵਿਦਿਆਰਥੀ ਹੋ ਕੇ ਇੱਥੇ ਆਉਂਦੇ ਰਹੇ, ਅਰ ਜਦ ਵਿਦਿਆ ਤੋਂ ਖਾਲੀ ਹੋ ਗਿਆ ਤਾਂ ਸਾਰੀ ਮਹਿਮਾ ਖੋ ਬੈਠਾ।” ਅੱਜ ਜ਼ਰੂਰਤ ਹੈ ਕਿ ਉਨ੍ਹਾਂ ਵੱਲੋਂ ਸੰਚਿਤ ਕੀਤੀ ਵਿਦਿਆ ਬਾਰੇ ਨਵੀਂ ਪਨੀਰੀ ਨੂੰ ਵੱਧ ਤੋਂ ਵੱਧ ਜੋੜਿਆ ਤਾਂ ਜੋ ਉਨ੍ਹਾਂ ਵੱਲੋਂ ਆਰੰਭ ਪੰਜਾਬ ਅੰਦਰ ਸ਼ਬਦ ਚਿਤੰਨ ਦਾ ਇਹ ਸਿਲਸਿਲਾ ਨਿਰੰਤਰ ਬਣਿਆ ਰਹੇ। ਆਪ 23 ਨਵੰਬਰ 1938 ਈ. ਦੇ ਦਿਨ ਨਾਭੇ ਵਿਖੇ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ। ਜੀਵਨ ਭਰ ਮਾਂ ਬੋਲੀ ਪੰਜਾਬੀ ਦੀ ਅਥਾਹ ਸੇਵਾ ਕਰਨ ਵਾਲੇ ਭਾਈ ਕਾਨ੍ਹ ਸਿੰਘ ਨਾਭਾ ਨੂੰ ਸਰਵਪੱਖੀ ਵਿਦਵਤਾ ਅਤੇ ਸਰਬਾਂਗੀ ਸ਼ਖ਼ਸੀਅਤ ਕਰਕੇ ਸਿੱਖ ਕੌਮ ਵਿੱਚ ‘ਪੰਥ ਰਤਨ’, ‘ਭਾਈ ਸਾਹਿਬ’ ਅਤੇ ‘ਸਰਦਾਰ ਬਹਾਦੁਰ’ ਦੀ ਉਪਾਧੀ ਨਾਲ ਯਾਦ ਕੀਤਾ ਜਾਂਦਾ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ