Thu, 18 April 2024
Your Visitor Number :-   6980959
SuhisaverSuhisaver Suhisaver

ਬਾਬੇ ਨਾਨਕ ਦਾ ਲੰਗਰ –ਕੇ.ਐੱਸ. ਦਾਰਾਪੁਰੀ

Posted on:- 04-09-2016

suhisaver

ਕੁਝ ਸਮਾਂ ਪਹਿਲਾਂ ਜਦੋਂ ਮੈਂ ਅਮਰੀਕਾ ਦੀ ਕੈਲੇਫੋਰਨੀਆਂ  ਸਟੇਟ ਵਿੱਚ ਇੱਕ ਵਿਆਹ ’ਤੇ ਗਿਆ ।  ਵਿਆਹ ਤੋਂ ਬਾਅਦ ਮੈਂ  ਬਬਲ (ਮੇਰੀ ਧਰਮ ਪਤਨੀ) ਦੇ ਚਾਚੇ ਦੇ ਬੇਟੇ ਮੋਹਣੇ ਭਾਅ ਜੀ ਕੋਲ River Island near Stockton city ਠਹਿਰਿਆ ਸੀ। ਮੇਰੇ ਭੂਆ ਜੀ ਦੇ ਬੇਟੇ ਡਾਕਟਰ ਪ੍ਰਿਤਪਾਲ ਜੀ ਨੇ ਮੈਨੂੰ Milpitas ਲੈਕੇ ਜਾਣ ਵਾਸਤੇ ਆਪਣੀ ਕੰਪਨੀ ਵਿੱਚ ਕੰਮ ਕਰਨ ਵਾਲੇ ਇੱਕ ਮੁੰਡੇ ਨੂੰ ਸਵੇਰੇ ਕਾਰ ਦੇ ਕੇ ਭੇਜ ਦਿੱਤਾ। ਉਸ ਮੁੰਡੇ ਦਾ ਨਾਂ ਡੇਵਿਡ ਸੀ ਤੇ ਉਹ ਅੰਗਰੇਜ਼ ਸੀ। ਉਸਨੇ ਦੱਸਿਆ ਕਿ ਉਹ ਭਾਅ ਜੀ ਦੀ ਕੰਪਿਊਟਰ ਕੰਪਨੀ Milpitas ਵਿੱਚ ਪਿਛਲੇ ਦਸ ਸਾਲ ਤੋਂ ਕੰਮ ਕਰ ਰਿਹਾ ਸੀ। ਰਸਤੇ ਵਿੱਚ ਗੱਲਾਂ ਕਰਦੇ ਹੋਏ ਜਦ ਅਸੀਂ Tracy ਸ਼ਹਿਰ ਤੋਂ ਲੰਘੇ ਤਾਂ ਸੜਕ ਦੇ ਸੱਜੇ ਹੱਥ ਇੱਕ ਬਹੁਤ ਸੁੰਦਰ ਗੁਰਦੁਆਰਾ ਬਿਲਕੁਲ ਸੜਕ ਦੇ ਕੰਡੇ ਤੇ ਬਣਿਆ ਹੋਇਆ ਨਜ਼ਰ ਆਇਆ।

ਮੈਂ ਗੁਰਦੁਆਰੇ ਵਲ ਵੇਖ ਰਿਹਾ ਸੀ ਤੇ ਡੇਵਿਡ ਕਹਿਣ ਲਗਾ ਕਿ ‘This is sikh temple and in my city Pittsburg near Concord there is one more sikh temple’ ਮੈਂ ਉਸਨੂੰ ਪੁੱਛਿਆ ਕਿ ਕੀ ਤੂੰ ਕਦੇ ਗੁਰਦੁਆਰੇ ਗਿਆ ਹੈਂ, ਤਾਂ ਉਸਨੇ ਦੱਸਿਆ ਕਿ ‘yes sir i had been to sikh temple many times for free meals’  ਮੈਂ ਉਸਦੀ ਗੱਲ ਸੁਣ ਕੇ ਹੱਸਣ ਲੱਗ ਪਿਆ ਤੇ ਉਸਨੂੰ ਪੁੱਛਿਆ ਕਿ ਕੀ ਤੂੰ ਇਸ free meals ਬਾਰੇ ਕਦੇ ਆਪਣੇ ਦੋਸਤਾਂ ਨੂੰ ਦੱਸਿਆ ਹੈ।

ਉਹ ਕਹਿਣ ਲੱਗਾ ‘Yes I tell my friends to go to sikh temple for free meals and Sikh people serve free meals to everyone without asking any questions and myself and my friends read about sikh religion in library in Pittsburg It is a good religion’

ਮੈਂ ਬਹੁਤ ਹੈਰਾਨ ਹੋ ਕੇ ਸੋਚਣ ਲੱਗਾ ਕਿ free meals ਦੇ ਬਹਾਨੇ ਚਲੋ ਇਹ ਅੰਗਰੇਜ਼ ਸਿੱਖ ਧਰਮ ਬਾਰੇ ਕੁਝ ਤਾਂ ਜਾਣਦੇ ਹਨ ਤੇ ਫੇਰ ਅਸੀਂ ਗੱਲਾਂ ਕਰਦੇ ਹੋਏ Milpitas ਭਾਅ ਜੀ ਦੇ ਘਰ ਪਹੁੰਚ ਗਏ ਤੇ ਰਾਤ ਮੈਂ ਉੱਥੇ ਹੀ ਰਿਹਾ।

ਵੈਸੇ 99% ਅਮਰੀਕਨ ਲੋਕ ਦਿਲ ਦੇ ਸਾਫ, ਗੱਲ ਮੂੰਹ ’ਤੇ ਕਹਿਣ ਵਾਲੇ, ਹਰ ਵੇਲੇ ਹਾਸਾ ਮਜ਼ਾਕ ਕਰਨ ਵਾਲੇ ਤੇ ਕੰਮ ਪ੍ਰਤੀ ਈਮਾਨਦਾਰ ਤੇ ਆਪਣੀ ਧੁੰਨ ਦੇ ਪੱਕੇ ਹੁੰਦੇ ਹਨ ਤੇ ਕੋਲੋਂ ਲੰਘਦੇ ਹੋਏ ਮੁਸਕੁਰਾ ਕਰ ਕੇ ਲੰਘਦੇ ਹਨ ਚਾਹੇ ਜਾਣਦੇ ਹੋਣ ਜਾਂ ਨਾ। ਅਗਲੇ ਦਿਨ ਸਵੇਰੇ ਭਾਅ ਜੀ ਨੇ Milpitas ਗੁਰਦੁਆਰੇ ਜਾਣਾ ਸੀ ਤੇ ਮੈਂ ਵੀ ਤਿਆਰ ਹੋ ਕੇ ਉਹਨਾਂ ਦੇ ਨਾਲ ਗੁਰਦੁਆਰੇ ਚੱਲ ਪਿਆ ।


ਭਾਅ ਜੀ ਹੋਰੀਂ Milpitas ਗੁਰਦਵਾਰਾ ਕਮੇਟੀ ਦੇ ਮੈਂਬਰ ਹਨ ਤੇ ਕਮੇਟੀ ਦੀ ਮੀਟਿੰਗ ਗੁਰਦੁਆਰੇ ਵਿੱਚ ਸੀ। ਅਸੀਂ ਸਵੇਰੇ ਦਸ ਕੁ ਵਜੇ Milpitas ਵਾਲੇ ਗੁਰਦੁਵਾਰੇ ਪਹੁੰਚ ਗਏ । ਮੱਥਾ ਟੇਕ ਮੈਂ ਲਾਇਬਰੇਰੀ ਵਿੱਚ ਬਹਿ ਗਿਆ ਤੇ ਸਿੱਖ ਇਤਿਹਾਸ ਬਾਰੇ ਇੱਕ ਕਿਤਾਬ ਪੜਨ ਲੱਗਾ ਤੇ ਭਾਅ ਜੀ ਮੀਟਿੰਗ ਹਾਲ ਵਿੱਚ ਚਲੇ ਗਏ।
 
ਭਾਅ ਜੀ ਹੁਰੀਂ 12 ਵਜੇ ਵਿਹਲੇ ਹੋ ਗਏ ਤੇ ਕਮੇਟੀ ਦੇ ਸਾਰੇ ਮੈਂਬਰ ਲਾਇਬਰੇਰੀ ਵਿੱਚ ਆ ਗਏ। ਭਾਅ ਜੀ ਨੇ ਮੇਰੀ ਜਾਣ ਪਛਾਣ ਕਰਾਈ ਕਿ ਇਹ ਮੇਰੇ ਮਾਮਾ ਜੀ ਦਾ ਬੇਟਾ ਕੌਸ਼ਲ ਹੈ ਤੇ ਲੁਧਿਆਣੇ ਸਰਕਾਰੀ ਡਾਕਟਰ ਲੱਗਾ ਹੈ। ਸਾਰੇ ਹੀ ਕਮੇਟੀ ਮੈਂਬਰ ਮੈਨੂੰ ਬੜੇ ਪਿਆਰ ਨਾਲ ਮਿਲੇ ਤੇ ਅਸੀਂ ਗੱਲਾਂ ਕਰਨ ਲੱਗੇ ।

ਏਨੇ ਨੂੰ ਗੁਰਦਵਾਰਾ ਸਾਹਿਬ ਦਾ ਮੁੱਖ ਪਾਠੀ ਆਇਆ ਤੇ ਆਉਂਦਿਆਂ ਹੀ ਕਹਿਣ ਲੱਗਾ ਕਿ ਮੈਂ ਇੱਕ ਗੱਲ ਕਰਨੀ ਹੈ। ਭਾਅ ਜੀ ਨੇ ਮੈਨੂੰ ਪਹਿਲਾਂ ਹੀ ਦੱਸਿਆ ਸੀ ਕਿ ਅਸੀਂ ਨਵਾਂ ਪਾਠੀ ਰੱਖਿਆ ਹੈ ਜੋ ਕਿ ਆਪਣੇ ਨਾਲ ਦੇ ਪਿੰਡ ਹਰਸੀ ਪਿੰਡ ਦਾ ਹੈ ਤੇ ਨਵਾਂ ਨਵਾਂ ਇੰਡੀਆ ਤੋਂ ਆਇਆ ਹੈ। ਉਹ ਮੈਨੂੰ ਜਾਣਦਾ ਸੀ ਤੇ ਉਸਨੇ ਮੈਨੂੰ ਫਤਿਹ ਬੁਲਾਈ ਤੇ ਮੈਂ ਫਤਿਹ ਦਾ ਜਵਾਬ ਦਿੱਤਾ।
 
ਭਾਅ ਜੀ ਕਹਿਣ ਲੱਗੇ ਹਾਂ ਜੀ ਭਾਈ ਜੀ ਦੱਸੋ ਕੀ ਗੱਲ ਕਰਨੀ ਹੈ। ਭਾਈ ਜੀ ਕਹਿਣ ਲੱਗੇ ਇੱਥੇ ਗੁਰਦੁਆਰੇ ਵਿੱਚ ਅੰਗਰੇਜ਼ ਆਉਂਦੇ ਹਨ, ਉਹ ਮੱਥਾ ਵੀ ਨਹੀਂ ਟੇਕਦੇ ਤੇ ਨਾ ਹੀ ਪਰਕਾਸ਼ ਅਸਥਾਨ ਵੱਲ ਜਾਂਦੇ ਹਨ। ਉਹ ਸਿਧਾ ਲੰਗਰ ਹਾਲ ਵਿੱਚ ਆਉਂਦੇ ਹਨ। ਲੰਗਰ ਸ਼ਕਦੇ ਹਨ ਤੇ ਵਾਪਸ ਚਲੇ ਜਾਂਦੇ ਹਨ। ਇਥੇ ਇਹ ਗੱਲ ਦੱਸਣਯੋਗ ਹੈ ਕਿ ਇਸ ਗੁਰਦੁਆਰੇ ਵਿੱਚ ਲੰਗਰ ਜ਼ਮੀਨ ’ਤੇ ਬੈਠ ਕੇ ਵਰਤਾਇਆ ਜਾਂਦਾ ਹੈ, ਜਿਵੇਂ ਅਮਰੀਕਾ ਕਨੇਡਾ ਦੇ ਕਈ ਗੁਰਦੁਆਰਿਆਂ ਵਿੱਚ ਕੁਰਸੀ ਮੇਜ਼ਾਂ ਤੇ ਵੀ ਲੰਗਰ ਵਰਤਾਇਆ ਜਾਂਦਾ ਹੈ।
 
ਭਾਅ ਜੀ ਨੇ ਭਾਈ ਜੀ ਨੂੰ ਪੁੱਛਿਆ ਕਿ ਅਮਰੀਕਨ ਕਿੱਥੇ ਬੈਠ ਕੇ ਲੰਗਰ ਸ਼ਕਦੇ ਹਨ। ਭਾਈ ਜੀ ਕਹਿਣ ਲੱਗੇ ਜੀ ਉਹ ਜ਼ਮੀਨ ’ਤੇ ਬੈਠ ਕੇ ਸ਼ਕਦੇ ਹਨ। ਭਾਅ ਜੀ ਨੇ ਫੇਰ ਪੁੱਛਿਆ ਕੀ ਉਹ ਸਿਰ ਢੱਕ ਕੇ ਲੰਗਰ ਸ਼ਕਦੇ ਹਨ। ਭਾਈ ਜੀ ਨੇ ਕਿਹਾ ਹਾਂ ਜੀ ਪੂਰੀ ਤਰ੍ਹਾਂ ਸਿਰ ਢੱਕ ਕੇ ਲੰਗਰ ਖਾਂਦੇ ਹਨ। ਭਾਅ ਜੀ ਦਾ ਅਗਲਾ ਸਵਾਲ ਸੀ, ਉਹ ਤੇਰੇ ਕੋਲੋਂ ਕੁਝ ਮੰਗਦੇ ਤਾਂ ਨਹੀਂ ਜਾਂ ਤੇਰੇ ਤੋਂ ਕੁਝ ਲੈਂਦੇ ਤਾਂ ਨਹੀਂ । ਭਾਈ ਜੀ ਕਹਿਣ ਲੱਗੇ ਨਹੀਂ ਜੀ, ਬਿਲਕੁਲ ਉਹਨਾਂ ਕਦੇ ਕੁਝ ਨਹੀਂ ਮੰਗਿਆ ਤੇ ਨਾ ਹੀ ਕੁਝ ਲੈਂਦੇ ਹਨ, ਪਰ ਉਹ ਮੱਥਾ ਨਹੀਂ ਟੇਕਦੇ ।

ਭਾਅ ਜੀ ਦਾ ਆਖਰੀ ਸਵਾਲ ਸੀ, ਭਾਈ ਜੀ ਉਹ ਤੁਹਾਨੂੰ ਕੁਝ ਕਹਿੰਦੇ ਤਾਂ ਨਹੀਂ।
ਭਾਈ ਜੀ ਕਹਿਣ ਲੱਗੇ ਨਹੀਂ ਜੀ ਉਹ ਮੈਨੂੰ ਕੁਝ ਨਹੀਂ ਕਹਿੰਦੇ, ਸਗੋਂ ਉਹ ਬੜੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਬਲਾਉਣ ਦੀ ਕੋਸ਼ਿਸ਼ ਕਰਦੇ ਹਨ ਤੇ ਹੁਣ ਤਾਂ ਮਾੜੀ ਮੋਟੀ ਪੰਜਾਬੀ ਵੀ ਬੋਲਦੇ ਹਨ ਤੇ ਉਹਨਾਂ ਵਿੱਚੋਂ ਕਈ ਤਾਂ ਦੋਵੇਂ ਹੱਥ ਜੋੜ ਕੇ ਫਤਿਹ ਬੁਲਾਉਂਦੇ ਹਨ, ਪਰ ਜੀ ਉਹ ਗੁਰੂ ਗਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਮੱਥਾ ਨਹੀਂ ਟੇਕਦੇ ( ਉਹਨਾਂ ਮੱਥਾ ਨਾਂ ਟੇਕਣ ਵਾਲੀ ਗੱਲ ਫੇਰ ਜ਼ੋਰ ਨਾਲ ਕਹੀ )

ਤੇ ਫੇਰ ਭਾਅ ਜੀ ਪ੍ਰਿਤਪਾਲ ਨੇ ਉਹ ਜੁਆਬ ਦਿੱਤਾ ਜਿਸ ਦੀ ਕਲਪਨਾ ਕਰਨੀ ਵੀ ਔਖੀ ਹੈ ਤੇ ਮੈਂ ਉਹ ਗੱਲ ਸਦਾ ਲਈ ਆਪਣੇ ਪਲੇ ਬੰਨ ਲਈ।  ਭਾਅ ਜੀ ਨੇ ਦੋਵੇਂ ਹਥ ਜੋੜ ਕੇ ਭਾਈ ਜੀ ਨੂੰ ਅਰਜ਼ ਕੀਤੀ ਕਿ ਇਹ ਲੰਗਰ ਬਾਬੇ ਨਾਨਕ ਨੇ 15 ਵੀ ਸਦੀ ਵਿੱਚ ਸਿਰਫ 20 ਰੁਪਏ ਨਾਲ ਸ਼ੁਰੂ ਕੀਤਾ ਸੀ ਤੇ ਅਜੇ ਤੱਕ ਤਾਂ ਉਹੀ ਵੀਹ ਰੁਪਏ ਨਹੀਂ ਮੁਕੇ ਤੇ ਲੰਗਰ ਵੀ ਹਜ਼ਾਰਾਂ ਗੁਰਦੁਆਰਿਆਂ ਵਿੱਚ ਬਾਬੇ ਨਾਨਕ ਦੇ ਸਿੱਖਾਂ ਵੱਲੋਂ ਬਿਨਾਂ ਕਿਸੇ ਰੁਕਾਵਟ ਚਲਾਇਆ ਜਾ ਰਿਹਾ ਹੈ। ਤੁਸੀਂ ਕਿਸੇ ਨੂੰ ਵੀ ਲੰਗਰ ਖਾਣ ਤੋਂ ਮਨਾਂ ਨਹੀਂ ਕਰਨਾ, ਚਾਹੇ ਉਹ ਮੱਥਾ ਟੇਕੇ ਚਾਹੇ ਨਾ ਟੇਕੇ। ਤੁਸੀ ਜ਼ਬਰਦਸਤੀ ਮੱਥਾ ਟਿਕਵਾ ਕੇ ਕੀ ਲੈਣਾ ਹੈ। ਮੈਂ ਤੁਹਾਡੀ ਗੱਲ ਸਮਝ ਗਿਆ ਹਾਂ ਕਿ ਉਹ ਮੱਥਾ ਟੁਕ ਕੇ ਡਾਲਰ ਨਹੀਂ ਚੜ੍ਹਾਉਂਦੇ। ਤੁਸੀਂ ਚੜਾਵੇ ਤੋਂ ਕੀ ਲੈਣਾ ਹੈ? ਲੰਗਰ ਚਲਾਉਣ ਵਾਲਾ ਵੀ ਬਾਬਾ ਨਾਨਕ ਤੇ ਪੈਸੇ ਭੇਜਣ ਵਾਲਾ ਵੀ ਬਾਬਾ ਨਾਨਕ,  ਤੁਸੀਂ ਬਸ ਆਏ ਗਏ ਦੀ ਦਿਲੋਂ ਸੇਵਾ ਕਰੋ।

ਭਾਈ ਜੀ ਸ਼ਰਮਿੰਦਾ ਜਿਹਾ ਹੋ ਗਿਆ ਤੇ ਆਪਣੀ ਗਲਤੀ ਮੰਨ ਕੇ ਚਲਾ ਗਿਆ ਤੇ ਮੈਂ ਭਾਅ ਜੀ ਦੀ ਸਿਆਣਪ ਦਾ ਕਾਇਲ ਹੋ ਗਿਆ। ਤੇ ਬਾਬੇ ਨਾਨਕ ਦੇ ਲੰਗਰ ਕਰਕੇ ਆਪਣੇ ਸਿੱਖ ਹੋਣ ਤੇ ਮਾਣ ਮਹਿਸੂਸ ਕਰਨ ਲੱਗਾ। ਮੈਂ ਤੇ ਭਾਅ ਜੀ ਨੇ ਵੀ ਬਾਬੇ ਦਾ ਲੰਗਰ ਛਕਿਆ ਚਾਹ ਪੀਤੀ ਤੇ ਵਾਪਸ ਘਰ ਨੂੰ ਚੱਲ ਪਏ।

ਸੰਪਰਕ: +91  84276 00067

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ