Sat, 20 April 2024
Your Visitor Number :-   6985728
SuhisaverSuhisaver Suhisaver

ਰੁੱਤਾਂ ਦੀ ਰਾਣੀ: ਬਸੰਤ ਰੁੱਤ –ਗੁਰਪ੍ਰੀਤ ਕੌਰ ਸੈਣੀ

Posted on:- 29-01-2013

ਰੁੱਤਾਂ ਦੀ ਰਾਣੀ ਬਸੰਤ ਰੁੱਤ ਸਭ ਦੇ ਮਨਾਂ ਨੂੰ ਖੇੜੇ ਬਖਸ਼ਣ ਵਾਲ਼ੀ, ਫੁੱਲ-ਖੁਸ਼ਬੋਆਂ ਵੰਡਣ ਵਾਲ਼ੀ ਰੁੱਤ ਹੈ। ਬਸੰਤ ਰੁੱਤੇ ਹੀ ਆਉਣ ਵਾਲਾ ਤਿਉਹਾਰ ਹੈ ਬਸੰਤ ਪੰਚਮੀ। ਬਸੰਤ ਪੰਚਮੀ ਦਾ ਅਰਥ ਹੈ, ਸ਼ੁਕਲ ਪੱਖ ਦਾ ਪੰਜਵਾਂ ਦਿਨ। ਭਾਰਤ ਵਿੱਚ ਮੁੱਖ ਤੌਰ ’ਤੇ ਛੇ ਰੁੱਤਾਂ ਆਉਦੀਆਂ ਹਨ, ਜਿਨ੍ਹਾਂ ਵਿੱਚ ਇਹ ਰੁੱਤ ਸਭ ਤੋਂ ਖੂਬਸੂਰਤ ਰੁੱਤ ਮੰਨੀ ਜਾਂਦੀ ਹੈ। ਪਤਝੜ ਦੇ ਮੌਸਮ ਤੋਂ ਬਾਅਦ ਬਸੰਤ ਰੁੱਤ ਦਾ ਆਗਮਨ ਹੁੰਦਾ ਹੈ। ਕਵੀ ਇਸ ਰੁੱਤ ਨੂੰ ਬਿਆਨ ਕਰਦਿਆਂ ਕਹਿੰਦਾ ਹੈ

ਕੱਕਰਾਂ ਨੇ ਲੁੱਟ-ਪੁੱਟ ਨੰਗ ਕਰ ਛੱਡੇ ਰੁੱਖ।
ਹੋ ਗਈਆਂ ਨਿਹਾਲ ਅੱਜ ਪੁੰਗਰ ਕੇ ਡਾਲੀਆਂ॥




ਚਾਰੇ ਪਾਸੇ ਰੰਗ-ਬਿਰੰਗੇ ਫੁੱਲ ਦਿਖਾਈ ਦਿੰਦੇ ਹਨ, ਖੇਤਾਂ ਵਿੱਚ ਪੀਲੀ-ਪੀਲੀ ਸਰੋਂ ਦੇ ਫੁੱਲ ਮਦਮਸਤ ਕਰ ਦਿੰਦੇ ਹਨ, ਬਾਗ-ਬਗੀਚੇ ਮਹਿਕ ਉਠਦੇ ਹਨ, ਖੇਤ-ਬੰਨੇ ਮਦਹੋਸ਼ ਕਰ ਦੇਣ ਵਾਲ਼ੀਆਂ ਹਵਾਵਾਂ ਨਾਲ਼ ਗਲਤਾਨ ਹੋ ਉਠਦੇ ਹਨ, ਹਰ ਪਾਸੇ ਤਿਤਲੀਆਂ ਉਡਦੀਆਂ ਦਿਖਾਈ ਦਿੰਦੀਆਂ ਹਨ, ਕਣਕ ਤੇ ਜੌਂ ਦੀਆਂ ਬੱਲੀਆਂ ਖਿੜਨ ਲੱਗਦੀਆਂ ਹਨ, ਅੰਬੀਆਂ ਨੂੰ ਬੂਰ ਪੈਣ ਲਗਦਾ ਹੈ, ਠੰਢ ਤੋਂ ਨਿਜਾਤ ਮਿਲਦੀ ਹੈ, ਸਰੀਰਾਂ ਤੋਂ ਸਰਦ ਰੁੱਤ ਵਾਲ਼ੇ ਕੱਪੜੇ ਘਟ ਜਾਂਦੇ ਹਨ, ਕਿਉਂਕਿ:

ਆਈ ਬਸੰਤ, ਪਾਲ਼ਾ ਉਡੰਤ।

ਬਸੰਤ ਰੁੱਤ ਵਿੱਚ ਹਰ ਪਾਸੇ ਹਰਿਆਲੀ ਤੇ ਖੁਸ਼ਹਾਲੀ ਦਾ ਵਾਤਾਵਰਣ ਛਾਇਆ ਰਹਿੰਦਾ ਹੈ। ਬਸੰਤ ਪੰਚਮੀ ਵਾਲੇ ਦਿਨ ਵਿੱਦਿਆ ਅਤੇ ਕਲਾ ਦੀ ਦੇਵੀ ਮਾਂ ਸਰਸਵਤੀ ਦੀ ਪੂਜਾ ਵੀ ਹੁੰਦੀ ਹੈ। ਸੋ ਵਿਦਿਆਥੀਆਂ ਲਈ ਇਹ ਦਿਨ ਪੜਾਈ ਦੇ ਆਰੰਭ ਲਈ ਉੱਤਮ ਮੰਨਿਆ ਜਾਂਦਾ ਹੈ। ਜਿਨਾਂ ਵਿਅਕਤੀਆਂ ਨੂੰ ਗ੍ਰਹਿ-ਪ੍ਰਵੇਸ਼ ਲਈ ਕੋਈ ਉੱਤਮ ਦਿਨ ਨਾ ਮਿਲਦਾ ਹੋਵੇ,ਉਹਨਾਂ ਲਈ ਇਹ ਦਿਨ ਵਰਦਾਨ ਦੀ ਤਰਾਂ ਹੈ। ਇਸ ਤੋਂ ਇਲਾਵਾ ਵਿਆਹ, ਵਿਉਪਾਰ ਆਦਿ ਲਈ ਬਸੰਤ ਪੰਚਮੀ ਦਾ ਦਿਨ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ। ਬਸੰਤ ਰੁੱਤ ਦਿਲਾਂ ਵਿੱਚ ਨਵੀਂ ਉਮੰਗ, ਊਰਜਾ, ਸ਼ਕਤੀ, ਆਸ਼ਾ ਤੇ ਵਿਸ਼ਵਾਸ਼ ਦਾ ਸੰਚਾਰ ਕਰਦੀ ਹੈ। ਕੁਦਰਤ ਸੋਲਾਂ ਕਲਾਵਾਂ ਨਾਲ਼ ਖਿੜ ਉਠਦੀ ਹੈ।

ਭਗਵਾਨ ਕ੍ਰਿਸ਼ਨ, ਮਹਾਰਿਸ਼ੀ ਬਾਲਮੀਕ ਤੇ ਹੋਰ ਕਵੀਆਂ ਨੇ ਬਸੰਤ ਰੁੱਤ ਦਾ ਜ਼ਿਕਰ ਬਹੁਤ ਹੀ ਮਨਮੋਹਕ ਢੰਗ ਨਾਲ ਕੀਤਾ ਹੈ। ਇਸ ਰੁੱਤ ਨੂੰ ਕਾਮ ਅਤੇ ਰੱਤੀ ਦੀ ਰੁੱਤ ਵੀ ਮੰਨਿਆ ਗਿਆ ਹੈ। ਕੁਦਰਤ ਰਾਣੀ ਆਪਣੇ ਰੂਪ ਦੇ ਗੁਮਾਨ ਵਿਚ ਜਿਵੇਂ ਮਦਮਸਤ ਹੋਈ ਹੋਵੇ, ਪੰਛੀਆਂ ਦੀ ਚਹਿਕ, ਫੁੱਲਾਂ ’ਤੇ ਭੌਰਿਆਂ ਦੀ ਗੁਨ-ਗੁਨ,ਆਸਮਾਨੀ ਉੱਡਦੇ ਪਰਿੰਦਿਆਂ ਦੀਆਂ ਲੰਮੀਆਂ ਉਡਾਰੀਆਂ ਜਿਵੇਂ ਹਰ ਜੀਵ ਨੂੰ ਨਵੀਂ ਊਰਜਾ ਨਾਲ਼ ਭਰ ਦਿੰਦੀਆਂ ਹਨ। ਕੂੰਜਾਂ ਦੀਆਂ ਡਾਰਾਂ ਜਿਵੇਂ ਧਰਤੀ ਦੇ ਬਸ਼ਿੰਦਿਆਂ ਨੂੰ ਅਨੁਸ਼ਾਸ਼ਨ ਵਿੱਚ ਚੱਲਣਾ ਸਿਖਾਉਦੀਆਂ ਜਾਪਦੀਆਂ ਹਨ। ਇਸ ਰੁੱਤੇ ਆਸਮਾਨ ਪਰਵਾਸੀ ਪੰਛੀਆਂ ਨਾਲ਼ ਭਰਿਆ ਜਾਪਦਾ ਹੈ। ਕੋਈ ਵਿੱਛੜੀ ਕੂੰਜ ਕੁਰਲਾਉਂਦੀ ਹੈ:

ਮਾਹੀਏ ਦੇ ਮਿਲਣੇ ਨੂੰ ਕੋਈ ਯਤਨ ਬਣਾਉਨੀ ਹਾਂ।
ਮੇਰੇ ਹੱਥ ਫੁੱਲਾਂ ਦੀ ਟੋਕਰੀ ਮਾਲਣ ਬਣ ਜਾਂਨੀ ਹਾਂ॥
ਤੁਸੀਂ ਲੈ ਲਓ ਮੇਰੇ ਰਾਜਾ ਜੀ! ਘੋੜੇ ਤੋਂ ਉੱਤਰ ਕੇ।
ਮੈਂ ਆਈ ਕੂੰਜ ਪਹਾੜ ਦੀ, ਡਾਰਾਂ ’ਚੋਂ ਵਿੱਛੜ ਕੇ॥


ਸੋ ਕੂੰਜਾਂ, ਪੰਛੀ, ਫੁੱਲ, ਭੌਰੇ, ਤਿਤਲੀਆਂ ਆਦਿ ਜੀਵ ਇਸ ਰੁੱਤ ਨੂੰ ਹੋਰ ਵੀ ਸੁਹਾਵਣਾ ਬਣਾ ਦਿੰਦੇ ਹਨ।
            
ਬਸੰਤ ਰੁੱਤ ਵਿੱਚ ਜਿੱਥੇ ਸਾਰੀ ਕੁਦਰਤ ਪੀਲ਼ੇ ਰੰਗ ਵਿੱਚ ਰੰਗੀ ਜਾਪਦੀ ਹੈ, ਉੱਥੇ ਲੋਕੀਂ ਬਸੰਤ ਪੰਚਮੀ ਤੇ ਪੀਲ਼ੇ ਰੰਗ ਦੇ ਬਸਤਰ ਪਾਉਦੇ ਹਨ, ਪੀਲ਼ੇ ਚੌਲ਼ ਜਾਂ ਹੋਰ ਖਾਣ-ਪੀਣ ਦੀਆਂ ਪੀਲ਼ੀਆਂ ਵਸਤਾਂ ਬਣਾਉਦੇ ਹਨ। ਪੀਲ਼ੇ-ਪੀਲ਼ੇ ਖੇਤ ਸਰੋਂ ਦੇ ਕਿਸਾਨ ਦਾ ਜੁੱਸਾ ਨਸ਼ਿਆ ਦਿੰਦੇ ਹਨ। ਪੰਜਾਬ ਵਿੱਚ ਬੱਚੇ ਤੇ ਵੱਡੇ ਪਤੰਗ ਉਡਾਉਣ ਦੇ ਮਜ਼ੇ ਲੈਦੇ ਹਨ। ਘਰਾਂ ਦੀਆਂ ਛੱਤਾਂ ਤੇ ਖੁੱਲੇ ਮੈਦਾਨਾਂ ਵਿੱਚ ਖ਼ੂਬ ਪੇਚੇ ਲੜਾਏ ਜਾਂਦੇ ਹਨ। ਕਈ ਥਾਈਂ ਨੌਜਵਾਨ ਦਿਲ ਆਪਣੇ ਬੇਕਾਬੂ ਜਜ਼ਬਾਤ ਰੋਕ ਨਹੀਂ ਪਾਉਦੇ ਤੇ ਆਪਣੀ ਮਹਿਬੂਬ ਨੂੰ ਸੁਣਾ ਕੇ ਉਚੀ-ਉਚੀ ਗਾਣੇ ਚਲਾ ਕੇ ਪਤੰਗ ਉਡਾਉਂਦੇ ਹਨ:

            ਪੈ ਗਿਆ ਪੇਚਾ,
            ਪੇਚਾ ਨੀ ਸੋਹਣੇ ਸੱਜਣਾਂ ਦੇ ਨਾਲ਼॥
            ਪੈ ਗਿਆ ਪੇਚਾ॥


ਅੱਜ ਕੱਲ ਤਾਂ ਕਈ ਥਾਈਂ ਪਤੰਗਬਾਜ਼ੀਆਂ ਦੇ ਵੱਡੇ-ਵੱਡੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ, ਜਿੱਥੇ ਵੱਡੇ-ਵੱਡੇ ਪਤੰਗਬਾਜ਼ ਆਪਣਾ ਸ਼ੌਕ ਪੂਰਾ ਕਰਦੇ ਹਨ। ਪੰਜਾਬ ਵਿੱਚ ਖ਼ਾਸ ਤੌਰ ਤੇ ਪਤੰਗ ਵੇਚਣ ਵਾਲ਼ੇ ਵਿਸ਼ੇਸ਼ ਸਟਾਲਾਂ ਲਗਾ ਕੇ ਫ਼ਿਲਮੀ ਸਿਤਾਰਿਆਂ ਤੇ ਹੋਰ ਮਸ਼ਹੂਰ ਹਸਤੀਆਂ ਵਾਲ਼ੇ ਪਤੰਗ ਵੇਚਦੇ ਹਨ। ਕਈ ਦਿਨ ਪਹਿਲਾਂ ਪਤੰਗ ਉਡਾਉਣ ਦੇ ਸ਼ੁਕੀਨ ਡੋਰ ਨੂੰ ਪੱਕੀ ਕਰਨ ਦੇ ਤਰੀਕੇ ਲੱਭਣ ਵਿੱਚ ਵਿਅਸਤ ਹੋ ਜਾਂਦੇ ਹਨ।

ਪਤੰਗਾਂ ਦੇ ਰੰਗ-ਰੂਪ ਦੇ ਅਨੁਸਾਰ ਨਾਂ ਵੀ ਰੱਖੇ ਜਾਂਦੇ ਹਨ, ਜਿਵੇਂ ਛੱਜ, ਤਿਤਲੀ, ਜਹਾਜ਼, ਤਿਰੰਗਾ, ਦੁਰੰਗਾ, ਤੁਗਲ, ਬਾਜ਼, ਉਡਣਪਰੀ ਆਦਿ। ਇਹਨਾਂ ਪਤੰਗਾਂ ਨੂੰ ਉਡਾਉਣ ਲਈ ਪੱਕੀ ਤੇ ਸਖ਼ਤ ਡੋਰ ਦੀ ਜ਼ਰੂਰਤ ਪੈਦੀ ਹੈ। ਚੀਨ ਦੀ ਪਲਾਸਟਿਕ ਦੀ ਬਣੀ ਡੋਰ ਅੱਜਕੱਲ ਜ਼ਿਆਦਾ ਖਿੱਚ ਦਾ ਕੇਂਦਰ ਹੈ। ਉੱਤਰ ਪ੍ਰਦੇਸ਼ ਦੇ ਬਰੇਲੀ ਸ਼ਹਿਰ ਦੀ ਡੋਰ ਵੀ ਪੱਕੀ ਮੰਨੀ ਜਾਂਦੀ ਹੈ। ਕੁਝ ਲੋਕ ਘਰ ਹੀ ਡੋਰ ਨੂੰ ਸੂਤਣ ਲਈ ਕੰਚ, ਸੁਰੇਸ਼, ਮੈਦਾ ਆਦਿ ਲੈ ਕੇ ਕਈ ਦਿਨ ਪਹਿਲਾਂ ਪਤੰਗ ਉਡਾਉਣ ਦੀਆਂ ਤਿਆਰੀਆਂ ਵਿੱਚ ਲੱਗ ਜਾਂਦੇ ਹਨ। ਪਤੰਗ ਉਡਾਉਣ ਦਾ ਸ਼ੌਕ ਜ਼ਰੂਰ ਪੂਰਾ ਕਰੋ, ਪਰ ਪੂਰੀ ਸਾਵਧਾਨੀ ਨਾਲ਼। ਆਪਣੇ ਬੱਚਿਆਂ ਨੂੰ ਆਪਣੀ ਨਿਗਰਾਨੀ ਵਿੱਚ ਪਤੰਗ ਉਡਾਉਣ, ਛੱਤਾਂ ਤੇ ਚੜ ਕੇ ਪਤੰਗ ਉਡਾਉਣ ਦੀ ਬਜਾਇ ਖੁੱਲੇ ਮੈਦਾਨਾਂ ਵਿੱਚ ਉਡਾਉਣ ਲਈ ਕਹੋ,  ਕਈ ਵਾਰ ਇਹ ਸ਼ੌਕ ਜਾਨਲੇਵਾ ਵੀ ਸਾਬਤ ਹੁੰਦਾ ਹੈ।
    
ਪੰਜਾਬ ਵਿੱਚ ਪਟਿਆਲ਼ਾ ਸ਼ਹਿਰ ਦੇ ਗੁਰਦੁਆਰਾ ਦੁੱਖ ਨਿਵਾਰਨ ਵਿੱਚ ਹਰ ਸਾਲ ਬਸੰਤ ਪੰਚਮੀ ਬੜੀ ਧੂਮ-ਧਾਮ ਨਾਲ਼ ਮਨਾਈ ਜਾਂਦੀ ਹੈ। ਬਹੁਤ ਭਾਰੀ ਮੇਲਾ ਲਗਦਾ ਤੇ ਦੀਵਾਨ ਸਜਾਏ ਜਾਂਦੇ ਹਨ। ਹਜ਼ਾਰਾਂ ਸੰਗਤਾਂ ਦਰਸ਼ਨ-ਇਸ਼ਨਾਨ ਕਰਦੀਆਂ ਹਨ। ਇਤਿਹਾਸਿਕ ਹਵਾਲਿਆਂ ਅਨੁਸਾਰ 1684 ਈ, ਵਿੱਚ ਲਾਹੌਰ ਨਿਵਾਸੀ ਰਾਮ ਸ਼ਰਨ ਜੀ ਦੀ ਸਪੁੱਤਰੀ ਬੀਬੀ ਸੁੰਦਰੀ ਜੀ ਦਾ ਵਿਆਹ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨਾਲ਼ ਹੋਇਆ ਸੀ। ਗੁਰਦੁਆਰਾ ਛੇਹਰਟਾ ਸਾਹਿਬ ਅੰਮਿ੍ਰਤਸਰ ਵਿਖੇ ਵੀ ਬਸੰਤ ਪੰਚਮੀ ਬੜੀ ਧੂਮ-ਧਾਮ ਨਾਲ਼ ਮਨਾਈ ਜਾਂਦੀ ਹੈ, ਅਖੰਡਪਾਠਾਂ ਦੇ ਭੋਗ ਪਾਏ ਜਾਂਦੇ ਹਨ। ਸੰਗਤਾਂ ਪ੍ਰਮਾਤਮਾ ਦੇ ਘਰੋਂ ਖੁਸ਼ੀਆਂ ਲੈ ਕੇ ਮੁੜਦੀਆਂ ਹਨ।
    
ਆਓ ! ਅਸੀਂ ਸਾਰੇ ਆਪਣੇ ਤਿਓਹਾਰਾਂ ਦੀ ਤਾਜ਼ਗੀ ਨੂੰ ਜ਼ਿੰਦਾ ਰੱਖਦੇ ਹੋਏ, ਪਰੰਪਰਾਵਾਂ ਤੋਂ ਮੁੱਖ ਨਾ ਮੋੜੀਏ ਅਤੇ ਆਪਣੇ ਬੱਚੇ, ਬਜ਼ੁਰਗ, ਮਾਵਾਂ, ਭੈਣਾਂ ਨਾਲ਼ ਤਿਓਹਾਰਾਂ ਦੀਆਂ ਖੁਸ਼ੀਆਂ ਸਾਂਝੀਆਂ ਕਰੀਏ, ਕਿਉਕਿ ਖੁਸ਼ੀਆਂ ਦਾ ਆਨੰਦ ਆਪਣਿਆਂ ਨਾਲ਼ ਹੀ ਸ਼ੋਭਦਾ ਹੈ।
    
ਸੰਪਰਕ: 94660 12433

Comments

GEET

NICE!

VANSHIKHA

VERY NICE

shagun

good

ਮੱਲ

ਘੈਂਟ

Preet

Very helpful in school project

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ