Fri, 19 April 2024
Your Visitor Number :-   6984961
SuhisaverSuhisaver Suhisaver

ਗੁਜਰੀ ਮਰਦੀ ਨਹੀਂ -ਇਕਬਾਲ ਰਾਮੂਵਾਲੀਆ

Posted on:- 07-04-2013

suhisaver

ਸੰਨ 2000 ਦੀ ਆਮਦ ਦੀ ਗਲੋਬਲੀ ਛਣਕਾਟ ਨੂੰ ਗੁਜ਼ਰਿਆਂ ਛੇ ਮਹੀਨੇ ਬੀਤ ਗਏ ਸਨ। ਬਾਕੀ ਸੰਸਾਰ ਵਾਂਗ, ਟਰਾਂਟੋ ਵਾਸੀ ਵੀ ਨਵੀਂ ਸਦੀ ਦੇ ਜਸ਼ਨਾਂ ਦੀ ਚਮਕ-ਦਮਕ ਤੇ ਧੂਮ-ਧੜੱਕੇ ਨੂੰ ਮਾਣਨ ਤੋਂ ਬਾਅਦ ਪੂਰੀ ਤਰ੍ਹਾਂ ਸਹਿਜ ਵੱਲ ਪਰਤ ਆਏ ਸਨ। ਘਰਾਂ ਦੇ ਦਰਵਾਜ਼ਿਆਂ, ਛੱਤਾਂ ਤੇ ਸੜਕਾਂ ਦੇ ਦੋਹੀਂ ਪਾਸੀਂ ਪਹਿਰਾ ਦੇਂਦੇ, ਰੁੰਡ-ਮਰੁੰਡ ਦਰਖ਼ਤਾਂ ਨੂੰ, ਲਾੜੀਆਂ ਵਾਂਗ ਸਜਾਉਣ ਵਾਲੀਆਂ ਰੰਗੀਨ ਲਾਈਟਾਂ, ਗੱਤੇ ਦੇ ਬਕਸੇ ਵਿੱਚ ਗੁੰਝਲੀਆਂ ਮਾਰ ਕੇ, ਘਰਾਂ ਦੀਆਂ ਬੇਸਮੈਂਟਾਂ ਵਿੱਚ ਉੱਤਰ ਗਈਆਂ ਸਨ। ਬਜ਼ਾਰਾਂ 'ਚ, ਸੜਕਾਂ ਦੇ ਸਿਰਾਂ ਉੱਤੋਂ ਦੀ, ਇੱਕ ਬਾਹੀ ਦੇ ਖੰਭਿਆਂ ਤੋਂ ਦੂਸਰੇ ਪਾਸੇ ਦੇ ਖੰਭਿਆਂ ਤੀਕ ਲਟਕਾਈਆਂ, ਰੰਗ-ਬਰੰਗੇ ਭੁਕਾਨਿਆਂ ਦੀਆਂ ਸੰਘਣੀਆਂ ਲੜੀਆਂ ਬੁੱਢੀ ਮੱਝ ਦੇ ਪਿਚਕੇ ਹੋਏ ਥਣਾਂ 'ਚ ਵਟ ਗਈਆਂ ਸਨ।

ਕੰਮ ਤੋਂ ਹੋਈਆਂ ਜੁਲਾਈ-ਅਗਸਤ ਦੀਆਂ ਸਾਲਾਨਾ ਛੁੱਟੀਆਂ ਦਾ ਲਾਹਾ ਲੈਣ ਲਈ, ਆਪਣੇ ਨਿਯਮ ਅਨੁਸਾਰ ਇੱਕ ਦਿਨ ਸੁਵੱਖ਼ਤੇ ਉੱਠ ਕੇ, ਮੈਂ ਆਪਣੇ ਕੰਪਿਊਟਰ ਨਾਲ ਛੇੜ-ਛਾੜ ਕਰ ਰਿਹਾ ਸਾਂ ਕਿ ਅਚਾਨਕ ਹੀ ਮੇਰੀ ਸੱਜੀ ਵੱਖੀ ਚ ਸੂਈ ਚੁਭਣ ਵਰਗਾ ਦਰਦ ਟਪਕਣ ਲੱਗਾ। ਪੰਜ ਕੁ ਮਿੰਟਾਂ 'ਚ ਹੀ, ਸੂਈ ਦੀ ਉਹ ਚੋਭ, ਕੰਡਿਆਲ਼ੀ ਮਧਾਣੀ 'ਚ ਬਦਲ ਕੇ, ਮੇਰੇ ਜਿਸਮ ਤੇ ਦਿਮਾਗ਼ ਨੂੰ ਰਿੜਕਣ ਲੱਗੀ। ਮੇਰੇ ਹਸਪਤਾਲ 'ਚ ਪਹੁੰਚਣ ਤੋਂ ਪਹਿਲਾਂ, ਵੱਖੀ ਦੇ ਉਸ ਤਿੱਖੇ ਦਰਦ ਨੇ ਮੇਰੇ ਸਾਰੇ ਵਜੂਦ ਨੂੰ ਆਂਡੇ ਵਾਂਗ ਫੈਂਟ ਸੁੱਟਿਆ।

ਐਮਰਜੈਂਸੀ ਵਾਰਡ 'ਚ ਮੇਰਾ ਬਲੱਡ ਪ੍ਰੈਸ਼ਰ ਚੈੱਕ ਕਰਨ ਉਪਰੰਤ, ਨਰਸ ਨੇ ਮੈਨੂੰ ਵੇਟਿੰਗਰੂਮ ਵੱਲ ਰੋੜ੍ਹ ਦਿੱਤਾ। ਮੇਰੇ ਦੋਵੇਂ ਹੱਥ ਵੱਖੀ ਉਤਲੇ ਦਰਦ ਵਾਲ਼ੀ ਥਾਂ ਨੂੰ ਛੱਡਣ ਤੋਂ ਇਨਕਾਰੀ ਸਨ।

ਵੱਡ-ਅਕਾਰੀ ਵੇਟਿੰਗਰੂਮ ਵਿੱਚ ਲੰਮੇ ਸਮੇਂ ਤੋਂ, ਚਾਰੇ ਪਾਸੇ, ਕੰਧਾਂ ਨਾਲ ਢੋ ਲਾਈ ਖਲੋਤੇ, ਬੇਚੈਨ ਮਰੀਜ਼ਾਂ ਦੀਆਂ ਕੁਮਲਾਈਆਂ ਨਿਗਾਹਾਂ ਮੇਰੇ ਵੱਲ ਪਲ ਕੁ ਲਈ ਉੱਲਰੀਆਂ ਤੇ ਮੁੜ ਆਪਣੇ-ਆਪਣੇ ਦਰਦ 'ਚ ਗੁਆਚ ਗਈਆਂ। ਮੈਂ ਲੜਖੜਾਉਂਦੀ ਨਜ਼ਰੇ ਦੇਖਿਆ ਕਿ ਕਿਸੇ ਵੀ ਕੁਰਸੀ 'ਤੋਂ ਮੇਰੇ ਲਈ ‘ਜੀ ਆਇਆਂ' ਉੱਭਰਨ ਦੀ ਰਤਾ ਵੀ ਗੁੰਜਾਇਸ਼ ਨਹੀਂ ਸੀ। ਪੈਰ ਘੜੀਸਦਾ-ਘੜੀਸਦਾ, ਮੈਂ ਕਮਰੇ ਦੇ ਪਿਛਲੇ ਖੂੰਜੇ 'ਚ, ਫ਼ਰਸ਼ 'ਤੇ ਹੀ ਢੇਰੀ ਹੋ ਗਿਆ।

ਵੱਖੀ ਦਾ ਦਰਦ ਹਰ ਪਲ ਪੌੜੀਆਂ ਚੜ੍ਹੀ ਜਾ ਰਿਹਾ ਸੀ। ਫ਼ਰਸ਼ 'ਤੇ ਬੈਠਿਆਂ ਜਦੋਂ ਮੈਂ ਵਾਰ-ਵਾਰ ਵੱਖੀ ਨੂੰ ਹੱਥਾਂ ਨਾਲ ਘੁੱਟਦਾ ਤਾਂ ਮੇਰਾ ਮੱਥਾ ਆਪਣੇ ਆਪ ਫ਼ਰਸ਼ ਵੱਲ ਝੁਕ ਜਾਂਦਾ, ਤੇ ਮੇਰਾ ਧੜ ਖ਼ੁਦ-ਬਖ਼ੁਦ ਮੂੰਗਲੀ ਵਾਂਗ ਗੇੜਾ ਖਾਣ ਲੱਗਦਾ। ਪ੍ਰੰਤੂ ਲਮਕਵੇਂ ਅੰਦਾਜ਼ 'ਚ ਨਿਕਲਦੀਆਂ, ਮੇਰੀਆਂ ‘ਊ...ਫ਼, ਊ...ਫ਼' ਦੀ ਦਬਵੀਆਂ ਹੂਕਾਂ ਤੇ ਪੀੜ ਨਾਲ ਮਾਰੂਥਲ ਹੋ ਗਏ ਮੇਰੇ ਬੁੱਲ, ਕਿਸੇ ਵੀ ਮਰੀਜ਼ ਅੰਦਰਲੀ ਬਰਫ਼ ਨੂੰ ਨਰਮਾਉਣ ਵਿੱਚ ਕਾਮਯਾਬ ਨਹੀਂ ਸਨ ਹੋ ਰਹੇ।

ਪੰਜੀਂ-ਸਤੀਂ ਮਿੰਟੀਂ, ਕਚਿਹਰੀ 'ਚ ਤਰੀਕ ਭੁਗਤਣ ਆਇਆਂ ਨੂੰ ਵਜਦੀ ‘ਵਾਜ' ਵਾਂਗੂੰ, ਰੀਸੈਪਸ਼ਨ ਡੈਸਕ ਤੋਂ ਜਿਉਂ ਹੀ ਕਿਸੇ ਮਰੀਜ਼ ਦੇ ਨਾਮ ਦਾ ਅਵਾਜ਼ਾ ਉੱਭਰਦਾ, ਮੈਂ ਜਲਦੀ ਹੀ ਆਪਣੇ ਆਪ ਨੂੰ ਬੈੱਡ 'ਤੇ ਦੇਖਣ ਦਾ ਤਸੱਵਰ ਕਰਨ ਲੱਗ ਜਾਂਦਾ: ਪੀੜ ਰਤਾ ਕੁ ਮੱਠੀ ਹੋਈ ਮਹਿਸੂਸ ਹੋਣ ਲੱਗਦੀ, ਤੇ ਮੱਥੇ ਨੂੰ, ਲਗਾਤਾਰ ਆ ਰਹੀਆਂ ਤੌਣੀਆਂ ਤੋਂ, ਪਲ ਕੁ ਲਈ, ਕੁੱਝ ਕੁ ਰਾਹਤ ਮਿਲਦੀ ਜਾਪਦੀ।

ਮੇਰੀਆਂ ਬੁਝ-ਬੁਝ ਜਗਦੀਆਂ ਅੱਖਾਂ ਦੀ ਬੇਚਾਰਗੀ ਨੂੰ ਨਾ ਸਹਾਰਦੀ ਹੋਈ, ਵਾਰ-ਵਾਰ ਮੇਰੇ ਮੱਥੇ ਤੋਂ ਨੈਪਕਿਨ ਨਾਲ ਤ੍ਰੇਲੀਆਂ ਪੂੰਝਦੀ ਮੇਰੀ ਬੀਵੀ, ਅਚਾਨਕ ਹੀ, ਰਿਸੈਪਸ਼ਨ ਡੈਸਕ 'ਤੇ ਜਾ ਧਮਕੀ!

ਮੇਰਾ ਹਸਬੰਡ ਦੋ ਘੰਟੇ ਤੋਂ ਪੀੜ ਨਾਲ ਤੜਫ਼ ਰਿਹੈ; ਨਾ ਤੁਸੀਂ ਉਸ ਨੂੰ ਪੀਣ ਲਈ ਪਾਣੀ ਦਿੰਦੇ ਹੋ, ਤੇ ਨਾ ਹੀ ਕੋਈ ਦਰਦ ਮਾਰ ਗੋਲ਼ੀ ਉਸ ਦੀ ਜੀਭ 'ਤੇ ਧਰਦੇ ਓਂ!

ਤੁਹਾਡੇ ਹਸਬੰਡ ਨਾਲ ਸਾਨੂੰ ਢੇਰ ਹਮਦਰਦੀ ਐ, ਰੀਸੈਪਸ਼ਨ-ਨਰਸ ਆਪਣੀ ਲੰਬੂਤਰੀ ਠੋਡੀ ਨੂੰ ਆਪਣੀ ਛਾਤੀ ਵੱਲ ਨੂੰ ਖਿੱਚਦਿਆਂ ਬੋਲੀ। ਸਾਨੂੰ ਪਤੈ ਪਈ ਉਹ ਅਸਹਿ ਪੀੜ ਨਾਲ ਤੜਫ਼ ਰਿਹੈ, ਪਰ ਡਾਕਟਰ ਦੀ ਇਜਾਜ਼ਤ ਬਗ਼ੈਰ ਤਾਂ  ਅਸੀਂ ਉਸ ਨੂੰ ਪਾਣੀ ਦੀ ਤਿੱਪ ਵੀ ਨੀ ਦੇ ਸਕਦੇ ਤੇ ਨਾ ਹੀ ਕੋਈ ਦਰਦ-ਮਾਰ ਗੋਲ਼ੀ। ਸੌਰੀ, ਮੈਡਮ, ਪਰ ਹੁਣ ਤਾਂ ਉਸ ਨੂੰ ਆਪਣੀ ਵਾਰੀ ਹੀ ਉਡੀਕਣੀ ਪੈਣੀ ਐ।

ਪਰ ਉਸ ਦੀ ਵਾਰੀ ਆਖ਼ਿਰ ਆਵੇਗੀ ਕਦੋਂ?
ਉਸ ਦੀ ਵਾਰੀ? ਨਰਸ ਨੇ ਆਪਣੀਆਂ ਨੀਲੀਆਂ ਅੱਖਾਂ ਨੂੰ ਚਮਕਾਇਆ। ਉਹ ਤਾਂ ਹੁਣ ਵਾਰੀ ਸਿਰ ਹੀ ਆਵੇਗੀ!
ਪਰ ਆਹ ਕੀ ਪਈ ਉਸ ਤੋਂ ਬਾਅਦ ਵਿੱਚ ਆਏ ਮਰੀਜ਼ਾਂ ਨੂੰ ਤੁਸੀਂ ਪਹਿਲਾਂ ਅੰਦਰ ਲਿਜਾਈ ਜਾਨੇਂ ਓਂ? ਤਿਊੜੀਆਂ ਨੂੰ ਡੂੰਘੀਆਂ ਕਰਦੀ ਹੋਈ ਮੇਰੀ ਬੀਵੀ ਕੁੜ-ਕੁੜਾਈ।

ਕਈ ਮਰੀਜ਼ ਸਾਨੂੰ ਜਲਦੀ ਅਟੈਂਡ ਕਰਨੇ ਪੈਂਦੇ ਨੇ, ਨਰਸ ਨੇ ਆਪਣੀਆਂ ਤਰਾਸ਼ੀਆਂ ਹੋਈਆਂ ਭਵਾਂ ਨੂੰ ਉੱਪਰ ਵੱਲ ਖਿੱਚਿਆ। ਅਸੀਂ ਦੇਖ ਲਿਐ ਪਈ ਤੁਹਾਡੇ ਹਸਬੰਡ ਨੂੰ ਕਿਡਨੀ-ਸਟੋਨ ਦਾ ਦਰਦ ਐ, ਪਰ ਇਹ ਦਰਦ... ਗਹਿਰਾ ਹੋਣ ਦੇ ਬਵਜੂਦ, ਜਾਨਲੇਵਾ ਨਹੀਂ। ਜਿਨ੍ਹਾਂ ਮਰੀਜ਼ਾਂ ਨੂੰ ਅਸੀਂ ਦੂਜਿਆਂ ਦੀਆਂ ਵਾਰੀਆਂ ਕੱਟ ਕੇ ਪਹਿਲ ਦੇ ਆਧਾਰ 'ਤੇ ਅੰਦਰ ਲਿਜਾ ਰਹੇ ਆਂ, ਉਨ੍ਹਾਂ ਦੀ ਹਾਲਤ ਅਤਿਅੰਤ ਸੰਗੀਨ ਐ: ਕਿਸੇ ਦੇ ਜਿਸਮ ਦੇ ਜ਼ਖਮ ਨੁੱਚੜ ਰਹੇ ਨੇ, ਤੇ ਕਈਆਂ ਦੀਆਂ ਛਾਤੀਆਂ ਨੂੰ ਦਰਦ ਪਿੰਜੀ ਜਾ ਰਿਹੈ; ਤੇ ਕਈਆਂ ਦਾ ਬਲੱਡ ਪ੍ਰੈਸ਼ਰ ਅਸਮਾਨੀ ਚੜਿਆ ਹੋਇਐ! ਅਜੇਹੇ ਮਰੀਜ਼ਾਂ ਨੂੰ ਮੈਡੀਕਲ ਮਦਦ ਦੀ ਤੁਰੰਤ ਲੋੜ ਹੁੰਦੀ ਐ।

ਇਹ ਸ਼ਾਇਦ ਤਲਖ਼ ਮੁਦਰਾ 'ਚ ਮੇਰੀ ਬੀਵੀ ਦੀ ਦਖ਼ਲਅੰਦਾਜ਼ੀ ਦਾ ਕ੍ਰਿਸ਼ਮਾ ਹੀ ਸੀ ਕਿ ਅੱਧੇ ਕੁ ਘੰਟੇ 'ਚ ਹੀ ਮੈਨੂੰ ਫ਼ਰਸ਼ ਤੋਂ ਉਠਾਲ ਕੇ, ਐਮਰਜੈਂਸੀ ਰੀਸੈਪਸ਼ਨ-ਡੈਸਕ ਦੇ ਪਿਛਵਾੜੇ, ਇੱਕ ਬੈੱਡ ਉੱਤੇ ਲਿਟਾਅ ਦਿੱਤਾ ਗਿਆ, ਪਰ ਡਾਕਟਰ ਦਾ ਚੇਹਰਾ ਦੇਖਣਾ ਮੈਨੂੰ ਚਾਰ ਕੁ ਘੰਟੇ ਬਾਅਦ ਹੀ ਨਸੀਬ ਹੋਇਆ।
ਡਾਕਟਰ ਦੇ ਆਉਣ ਤੋਂ ਬਾਅਦ, ਪਲਾਂ 'ਚ ਹੀ ਮੇਰੀ ਵੱਖੀ ਐਕਸਰੇਅ ਮਸ਼ੀਨ ਦੇ ਕੈਮਰੇ ਛੱਲੇ ਸੀ।

ਐਕਸਰੇ ਤਸਵੀਰ ਨੂੰ ਗਹੁ ਨਾਲ ਦੇਖ ਕੇ ਡਾਕਟਰ ਨੇ ਫੁਰਮਾਇਆ ਕਿ ਇੱਕ ਮੋਟਾ ਸਟੋਨ, ਗੁਰਦੇ 'ਚੋਂ ਖਿਸਕ ਕੇ ਪਿਸ਼ਾਬ -ਬਲੈਡਰ ਵੱਲ ਨੂੰ ਜਾਂਦੀ ਨਾਲੀ ਵਿੱਚ ਨੂੰ ਖ਼ਿਸਕ ਗਿਆ ਸੀ। ਇਸ ਨੂੰ ਕੱਢਣ ਲਈ ਇੱਕ ਸਰਲ ਜਿਹੇ ਅਪ੍ਰੇਸ਼ਨ ਦੀ ਜ਼ਰੂਰਤ ਸੀ ਜਿਸ ਲਈ ਸਮਾਂ ਰਾਤ ਦੇ ਨੌਂ ਵਜੇ ਤੈਅ ਹੋਇਆ।

ਆਪਰੇਸ਼ਨ ਥੀਅਟਰ 'ਚ, ਨਰਸ ਦੇ ਹੱਥਾਂ ਵਿੱਚ ਪਲਾਸਟਿਕ ਦੇ ਇੱਕ ਪੈਕਟ 'ਚੋਂ ਖੁੱਲ੍ਹ ਰਹੀ ਸੂਈ ਨੂੰ ਦੇਖ ਕੇ ਮੇਰੇ ਮੋਢੇ ਸੁੰਗੜਨ ਲੱਗੇ। ਸੱਜੀਆਂ ਉਂਗਲ਼ਾਂ 'ਚ ਪਕੜੀ ਸੂਈ ਨੂੰ ਨਰਸ ਨੇ ਹੁਣ ਆਪਣੀਆਂ ਅੱਖਾਂ ਦੇ ਸਾਹਮਣੇ ਖਲ੍ਹਿਆਰਿਆ ਹੋਇਆ ਸੀ। ਮੇਰੀਆਂ ਵਾਰ-ਵਾਰ ਝਮਕ ਰਹੀਆਂ ਅੱਖਾਂ ਵੱਲ ਦੇਖ ਕੇ ਨਰਸ ਨੇ ਸੂਈ ਉੱਪਰ ਠੋਲਾ ਮਾਰਿਆ।

ਫ਼ਿਕਰ ਨਾ ਕਰ! ਉਹ ਮੁਸਕ੍ਰਾਈ। ਇਹ ਸੂਈਆਂ ਤਾਂ ਮਰੀਜ਼ਾਂ ਦੀਆਂ ਨਾੜਾਂ 'ਚ ਮੈਂ ਹਜ਼ਾਰਾਂ ਵਾਰ ਚੋਭ ਚੁੱਕੀ ਆਂ। ਤੈਨੂੰ ਤਾਂ ਚੁਭਦੀ ਸੂਈ ਮਹਿਸੂਸ ਵੀ ਨੀ ਹੋਣੀ!
ਤੇ ਉਸ ਨੇ ਇਨਟਰਾਵੀਨਸ ਦੀ ਸੂਈ ਮਲਕੜੇ ਜੇਹੇ ਮੇਰੇ ਖੱਬੇ ਹੱਥ ਦੇ ਬਾਹਰਲੇ ਪਾਸੇ ਇੱਕ ਨਾੜ ਦੇ ਅੰਦਰ ਖਿਸਕਾਅ ਦਿੱਤੀ।

ਇੰਟਰਾਵੀਨਸ-ਸਟੈਂਡ ਤੋਂ ਲਟਕਦੀ ਗੁਲੂਕੋਜ਼ ਦੀ ਥੈਲੀ 'ਚ ਬੁਲਬੁਲਿਆਂ ਨੇ ਹਲਕੀ ਜਿਹੀ ਹਲਚਲ ਕੀਤੀ, ਤੇ ਮੇਰੀਆਂ ਨਾੜਾਂ 'ਚ ਭਾਫ਼ ਵਰਗਾ ਅਹਿਸਾਸ ਵਗਣ ਲੱਗਾ।

ਅਗਲੇ ਹੀ ਪਲ, ਐਨਸਥੀਯਾ ਡਾਕਟਰ, ਉਂਗਲ ਕੁ ਲੰਮੀਂ ਸਰਿੰਜ ਨੂੰ ਆਪਣੇ ਚਿਹਰੇ ਦੇ ਸਾਹਮਣੇ ਖੜੀ ਕਰ ਕੇ, ਮੁਸਕ੍ਰਾਇਆ।

ਮਿਸਟਰ ਗਿੱਲ, ਮੈਂ ਤੈਨੂੰ ਗੂੜੀ ਨੀਂਦ ਦੇ ਹਵਾਲੇ ਕਰਨ ਲੱਗਿਆ ਆਂ।

ਐਮਸਥੀਯਾ ਰਾਹੀਂ ਨੀਂਦ 'ਚ ਦਾਖਲ ਹੋਣ ਦਾ ਇਹ ਮੇਰਾ ਪਹਿਲਾ ਤਜ਼ਰਬਾ ਹੈ, ਮੈਂ ਬੁੱਲ੍ਹਾਂ 'ਤੇ ਮੁਸਕਾਨ ਟੁੰਗਣ ਦਾ ਯਤਨ ਕਰਦਿਆਂ ਆਖਿਆ, ਮੈਂ ਦੇਖਣਾ ਚਾਹੁੰਦਾ ਹਾਂ ਕਿ ਸੁਰਤ 'ਤੋਂ ਬਿਸੁਰਤੀ 'ਚ ਵੜਦਿਆਂ ਕਿੰਝ ਮਹਿਸੂਸ ਹੁੰਦਾ ਐ।

ਡਾਕਟਰ ਦੀ ਮੁਸਕ੍ਰਾਹਟ ਵਿਚਲੀ ਤਨਜ਼ ਦਾ ਬੋਧ ਮੈਨੂੰ ਕਈ ਘੰਟਿਆਂ ਮਗਰੋਂ, ਸੁਰਤ ਆਉਣ ਤੋਂ ਬਾਅਦ ਹੋਇਆ।

ਸਰਿੰਜ ਦੀ ਸੂਈ, ਗੁਲੂਕੋਜ਼ ਦੀ ਥੈਲੀ 'ਚੋਂ ਹੇਠਾਂ ਵੱਲ ਨੂੰ ਫੁੱਟਦੀ ਪਲਾਸਟਿਕ ਦੀ ਨਲ਼ੀ ਵੱਲ ਉੱਲਰੀ। ਪਲਾਸਟਿਕ ਦੀ ਨਾਲ਼ੀ ਨੇ ਬਿਨ-ਵਿਰੋਧ ਆਪਣੇ ਆਪ ਨੂੰ ਸੂਈ ਦੇ ਹਵਾਲੇ ਕਰ ਦਿੱਤਾ। ਸਰਿੰਜ ਦੀ ਸ਼ਾਫਟ ਨੂੰ ਡਾਕਟਰ ਦੇ ਅੰਗੂਠੇ ਦੇ ਦਬਾਅ ਦਾ ਹੀ ਇੰਤਜ਼ਾਰ ਸੀ ਕਿ ਤਰਲ ਐਨਸਥੀਯਾ, ਥੈਲੀ ਵਿੱਚੋਂ ਨਾਲੀ ਅੰਦਰ ਤੁਪਕ-ਰਹੇ ਗੁਲੂਕੋਜ਼ ਨਾਲ, ਇੱਕ ਜਾਨ ਹੋਣ ਲੱਗਾ। ਦੋ-ਤਿੰਨ ਸਕਿੰਟਾਂ ਤੋਂ ਬਾਅਦ ਕੀ ਵਾਪਰਿਆ, ਮੈਨੂੰ ਕੁਝ ਵੀ ਯਾਦ ਨਹੀਂ।

ਜਦੋਂ ਮੈਂ ਬਿਹੋਸ਼ੀ ਦੀ ਬੁਕਲ ਚੋਂ ਬਾਹਰ ਨਿਕਲ਼ਿਆ, ਮੇਰੀਆਂ ਬੇਜਾਨ ਉਂਗਲਾਂ ਮੇਰੀ ਬੀਵੀ ਦੇ ਹੱਥਾਂ ਵਿੱਚ ਸਨ। ਮੇਰਾ ਭਤੀਜਾ ਤੇ ਭਤੀਜ-ਨੂੰਹ ਮੇਰੇ ਬੈੱਡ ਦੇ ਸੱਜੇ ਪਾਸੇ ਆਪਣੇ ਹੱਥ ਬਗ਼ਲਾਂ 'ਚ ਕਰੀ ਖਲੋਤੇ ਸਨ। ਉਨ੍ਹਾਂ ਦੇ ਕੰਨਾਂ ਵੱਲ ਨੂੰ ਖਿੱਚੇ ਹੋਏ ਮੋਢੇ ਦੇਖ ਕੇ ਮੇਰੀਆਂ ਅੱਖਾਂ ਆਲੇ-ਦੁਆਲੇ ਘੁੰਮਣ ਲੱਗੀਆਂ।

ਆਪਰੇਸ਼ਨ ਕਦੋਂ ਹੋਣੈਂ? ਭਾਰੀਆਂ-ਭਾਰੀਆਂ ਹੋ ਗਈਆਂ ਅੱਖਾਂ ਨੂੰ ਖੁੱਲ੍ਹੀਆਂ ਰੱਖਣ ਦੀ ਕੋਸ਼ਿਸ਼ ਕਰਦਿਅਆਂ, ਮੈਂ ਬੁੜਬੁੜਾਇਆ।

 ਉਹ ਤਾਂ... ਹੋ ਵੀ ਗਿਆ, ਮੇਰੀ ਬੀਵੀ, ਮੇਰਾ ਹੱਥ ਘੁਟਦੀ ਹੋਈ, ਘਗਿਆਈ ਆਵਾਜ਼ 'ਚ ਬੋਲੀ।

ਅੱਛਾ? ਮੇਰੀਆਂ ਭਵਾਂ ਹਲਕਾ ਜਿਹਾ ਥਿਰਕੀਆਂ। ਕੀ ਟਾਈਮ ਐ ਹੁਣ?
ਤੜਕੇ ਦੇ... ਸਾਢੇ ਚਾਰ, ਮੇਰੇ ਭਤੀਜੇ ਨੇ ਦੱਸਿਆ।

ਹੈਂ? ਮੇਰੇ ਮੱਥੇ 'ਤੇ ਸਿਲਵਟਾਂ ਉੱਭਰੀਆਂ। ਏਨੀ ਸਵਖ਼ਤੇ ਤੁਸੀਂ ਕਿਵੇਂ ਆਗੇ ਐਥੇ?
ਤਿੰਨਾਂ ਦੀਆਂ ਨਜ਼ਰਾਂ ਇੱਕ ਦੂਜੀ ਨਾਲ ਟਕਰਾਅ ਕੇ ਫ਼ਰਸ਼ 'ਤੇ ਕਿਰ ਗਈਆਂ। ਉਨ੍ਹਾਂ ਦੀ ਖ਼ਾਮੋਸ਼ੀ ਲੋੜ ਤੋਂ ਵਧੇਰੇ ਲੰਮੇਰੀ ਹੋਣ ਲੱਗੀ।

ਡਾਕਟਰ ਨੇ ਬੁਲਾਇਆ ਸੀ, ਚੁੱਪ ਨੂੰ ਝੰਜੋੜਨ ਲਈ ਭਤੀਜਾ ਬੋਲਿਆ।
ਕਿਉਂ? ਮੈਂ ਡੂੰਘਾ ਸਾਹ ਲੈ ਕੇ ਪੁੱਛਿਆ।
ਆਪਰੇਸ਼ਨ... ਆਪਰੇਸ਼ਨ 'ਚ ਗੜਬੜ ਹੋ ਗਈ ਸੀ।

ਗੜਬੜ? ਮੇਰੀਆਂ ਭਵਾਂ ਇੱਕ ਦੂਜੀ ਨਾਲ ਟਕਰਾਉਣ ਲੱਗੀਆਂ।

ਹਾਂਅ... ਪਰ ਸ਼ੁਕਰ ਕਰੋ ਤੁਹਾਡੀ ਜਾਨ ਬਚਗੀ, ਮੇਰੀ ਬੀਵੀ ਦਾ ਗੱਚ ਉੱਛਲਣ ਦੇ ਕੰਢੇ ਹੋ ਗਿਆ।

ਡਾਕਟਰ ਤੋਂ ਗ਼ਲਤੀ ਨਾਲ ਤੁਹਾਡੀ ਉਹ ਨਾਲੀ ਕੱਟੀ ਗਈ ਜਿਹੜੀ ਪਿਸ਼ਾਬ ਨੂੰ ਗੁਰਦੇ ਤੋਂ ਬਲੈਡਰ ਵੱਲ ਲਿਜਾਂਦੀ ਐ।
ਸਾਹ ਦਾ ਇੱਕ ਭਰਵਾਂ ਬੁੱਲਾ ਮੇਰੇ ਅੰਦਰ ਵੱਲ ਖਿੱਚਿਆ ਗਿਆ।
ਫੇਰ ਕੀ ਕੀਤਾ ਡਾਕਟਰ ਨੇ? ਮੈਂ ਕਾਹਲੀ ਨਾਲ ਪੁੱਛਿਆ।

ਨਾਲ਼ੀ ਦੀ ਮੁਰੰਮਤ ਕਰਨ ਲਈ, ਤੁਹਾਡੇ ਪੇਟ 'ਚ ਲਾਏ ਛੋਟੇ ਜਿਹੇ ਕੱਟ ਨੂੰ, ਸਵਾ ਗਿੱਠ ਲੰਮਾਂ ਕਰਨਾ ਪਿਆ।

ਮੇਰਾ ਹੇਠਲਾ ਬੁੱਲ੍ਹ ਦੰਦਾਂ ਵਿਚਕਾਰ ਜਾ ਬੈਠਾ। ਚਿੰਤਾ ਦੀਆਂ ਬਦਲੀਆਂ ਨੂੰ ਮੇਰੇ ਚਿਹਰੇ 'ਤੇ ਸੰਘਣੀਆਂ ਹੁੰਦੀਆਂ ਦੇਖ ਕੇ ਭਤੀਜਾ ਬੋਲਿਆ, ਫ਼ਿਕਰ ਵਾਲੀ ਕੋਈ ਗੱਲ ਨੀਂ... ਡਾਕਟਰ ਨੇ ਲੰਮੀਂ ਕੋਸ਼ਿਸ਼ ਕਰ ਕੇ ਨਲੀ ਜੋੜ ਦਿੱਤੀ ਐ, ਤੇ ਪਿਸ਼ਾਬ ਦੇ ਰਸਤਿਓਂ ਇੱਕ ਪਲਾਸਟਿਕ ਦੀ ਨਲਕੀ, ਕੱਟ ਗਈ ਨਾਲੀ ਦੇ ਜੋੜ ਅੰਦਰ ਸਪੋਰਟ ਲਈ ਖਿਸਕਾਅ ਦਿੱਤੀ ਐ।

ਹੁਣ ਮੇਰੇ ਅੰਦਰ ਮੇਰੇ ਜਣਨ ਅੰਗਾਂ ਉਦਾਲੇ ਸਿਲ੍ਹ ਜਿਹੀ ਹੋਣ ਦਾ ਅਹਿਸਾਸ ਜਾਗਿਆ। ਮੇਰਾ ਹੱਥ ਜਾਂਘਾਂ ਵੱਲ ਨੂੰ ਖਿਸਕਿਆ ਤਾਂ ਮਹਿਸੂਸ ਹੋਇਆ ਕਿ ਮੇਰਾ ਕੱਛਾ ਗ਼ਾਇਬ ਸੀ। ਜਣਨਅੰਗ ਨੂੰ ਛੁੰਹਦਿਆਂ ਹੀ, ਮੇਰੀਆਂ ਉਂਗਲ਼ਾਂ ਤੁਰੰਤ ਕੰਬਲ 'ਚੋਂ ਬਾਹਰ ਆ ਗਈਆਂ। ਉਂਗਲ਼ਾਂ ਉਦਾਲੇ ਲਾਲ ਰੰਗ ਦਾ ਲੇਪ ਦੇਖਦਿਆਂ ਹੀ ਮੇਰੀ ਬੀਵੀ ਦੇ ਬੁੱਲ੍ਹ ਸੁੰਗੜਨ ਲੱਗੇ। ਭਤੀਜਾ ਫ਼ਟਾ-ਫ਼ਟ ਨਰਸ ਕਾਊਂਟਰ ਵੱਲ ਨੂੰ ਦੌੜਿਆ।

ਲਰਸ ਨੇ ਆਉਂਦਿਆਂ ਹੀ ਪੇਪਰ-ਟਾਵਲ ਮੇਰੇ ਹੱਥ ਉਦਾਲੇ ਲਪੇਟ ਕੇ, ਮੇਰਾ ਹੱਥ ਆਪਣੀਆਂ ਫ਼ਿੱਕੀਆਂ ਗ਼ੁਲਾਬੀ ਉਂਗਲਾਂ 'ਚ ਬੋਚ ਲਿਆ।

ਮਿਸਟਰ ਗਿੱਲੀ-ਬਿੱਲੀ, ਆਪਣੀਆਂ ਅੱਖਾਂ 'ਚੋਂ ਦਿਲਾਸੇ ਦੀ ਫ਼ੁਹਾਰ ਸੁੱਟਦਿਆਂ, ਨਰਸ ਮਜ਼ਾਕੀਆ ਅੰਦਾਜ਼ 'ਚ ਛਣਕੀ। ਫ਼ਿਕਰ ਕਰਨ ਦੀ ਜ਼ਰੂਰਤ ਨੲ੍ਹੀਂ! ਤੇਰੇ ਪੇਟ ਅੰਦਰ ਡਾਕਟਰ ਨੂੰ ਕਾਫ਼ੀ ਕੱਟ-ਵੱਢ ਕਰਨੀ ਪਈ ਜਿਸ ਕਰਕੇ ਤੇਰੇ ਅੰਦਰੋਂ ਹਾਲੇ ਵੀ ਸਿੰਮ ਰਿਹਾ ਖ਼ੂਨ, ਪਿਸ਼ਾਬ ਰਸਤਿਓਂ ਬਾਹਰ ਆਈ ਜਾ ਰਿਹਾ ਹੈ। ਜਿਉਂ-ਜਿਉਂ ਜਖ਼ਮ ਆਠਰੇਗਾ, ਖ਼ੂਨ ਦਾ ਸਿੰਮਣਾ ਗ਼ਾਇਬ ਹੋ ਜਾਵੇਗਾ।

ਖ਼ੂਨ ਨਾਲ ਤਰ ਹੋ ਗਏ ਪੇਪਰ-ਟਾਵਲ ਨੂੰ ਗਾਰਬਿਜ-ਕੈਨ 'ਚ ਸੁੱਟਦਿਆਂ, ਉਸ ਨੇ ਆਪਣੀਆਂ ਨਜ਼ਰਾਂ ਮੇਰੀ ਪਤਨੀ ਵੱਲ ਫ਼ੇਰੀਆਂ।

ਮਿਸਿਜ਼ ਗਿੱਲ, ਤੁਸੀਂ ਸਾਰੇ ਇਸ ਕਮਰੇ 'ਚੋਂ ਪੰਜ ਕੁ ਮਿੰਟ ਲਈ ਬਾਹਰ ਜਾਣ ਦੀ ਕਿਰਪਾ ਕਰ ਸਕਦੇ ਓ?

 ਬੀਵੀ, ਭਤੀਜੇ ਤੇ ਉਸ ਦੀ ਪਤਨੀ ਦੇ ਬਾਹਰ ਹੁੰਦਿਆਂ ਹੀ ਨਰਸ ਨੇ ਛੱਤ ਤੋਂ ਲਟਕਦਾ ਪਰਦਾ, ਮੇਰੇ ਬੈੱਡ ਉਦਾਲੇ ਤਾਣ ਲਿਆ। ਅਗਲੇ ਪਲ ਉਸ ਨੇ ਨਿੱਕੇ-ਨਿੱਕੇ, ਸਿਲ੍ਹੇ ਤੌਲੀਆਂ ਨਾਲ ਮੇਰੀਆਂ ਜਾਂਘਾਂ ਤੇ ਆਲੇ-ਦੁਆਲੇ ਨੂੰ ਏਨੀ ਕੋਮਲਤਾ ਨਾਲ ਸਾਫ ਕਰਨਾ ਸ਼ੁਰੂ ਕਰ ਦਿੱਤਾ ਜਿਵੇਂ ਮੈਂ ਉਸਦਾ ਨਵ-ਜੰਮਿਆਂ ਬੱਚਾ ਹੋਵਾਂ। ਮੇਰੇ ਸੂਖ਼ਮ ਅੰਗਾਂ ਦੀ ਸਫ਼ਾਈ ਕਰਦਿਆਂ ਉਹ ਦਿਲਾਸਿਆਂ ਦੇ ਅੰਦਾਜ਼ 'ਚ ਬੋਲੀ ਜਾ ਰਹੀ ਸੀ: ਮਿਸਟਰ ਗਿੱਲ ਦਾ ਦਰਦ ਬਸ ਕੁੱਝ ਘੰਟਿਆਂ ਦਾ ਪ੍ਰਾਹੁਣਾ ਈ ਐ। ਮਿਸਟਰ ਗਿੱਲੀ-ਬਿੱਲੀ ਸਾਡਾ ਬਹਾਦਰ ‘ਬੱਚਾ' ਐ। ਇਹ ਨੀਂ ਘਬਰਾਉਂਦਾ ਪੀੜਾਂ ਤੋਂ ਤੇ ਤਕਲੀਫ਼ਾਂ ਤੋਂ! ਏਨੇ ਬੱਸ ਕੁਝ ਈ ਦਿਨਾਂ 'ਚ ਠੀਕ ਹੋ ਕੇ ਦੌੜਨ ਲੱਗ ਜਾਣੈਂ! ਹਰੇਕ ਜੀਅ ਏਹਨੂੰ ਦੌੜਦੇ ਨੂੰ ਦੇਖ ਕੇ ਹੈਰਾਨ ਹੋਵੇਗਾ। ਠੀਕ ਕਿਹਾ ਮੈਂ ਗਿੱਲ ਬੋਆਏ?

 ਮੈਨੂੰ ਜਾਪਿਆ ਮੈਂ ਪੋਤੜੇ 'ਚ ਲਿਪਟਿਆ ਹੋਇਆ ਨਵ-ਜਨਮਿਆਂ ਬੱਚਾ ਸਾਂ ਤੇ ਮਾਂ ਦੀ ਗੋਦ 'ਚ ਪਿਆ ਲੋਰੀਆਂ ਸੁਣ ਰਿਹਾ ਸਾਂ।

ਪਰ ਇਹ ਮੇਰੀ ਮਾਂ ਨਹੀਂ!
ਫ਼ਿਰ ਕੌਣ ਹੈ ਇਹ?

ਕਿੱਥੇ ਆਂ ਮੈਂ, ਤ... ਤ... ਤੇ ਕੌਣ ਹੈਂ ਤੂੰ? ਮੈਂ ਅਰਧ-ਸੁਰਤ ਵਿੱਚੋਂ ਬੁੜਬੁੜਾਇਆ।
ਮੈਂਅਅ? ਉਸਦੀ ਲਿਪਸਟਿਕ ਉਸਦੇ ਕੰਨਾਂ ਵੱਲ ਨੂੰ ਫੈਲਣ ਲੱਗੀ। ਮੈਂ ਏਥੇ ਨਰਸ ਹਾਂ, ਮਿਸਟਰ ਗਿੱਲ, ਤੇਰੇ ਵਰਗੇ ਮਰੀਜ਼ਾਂ ਦੀ ਦੇਖ-ਭਾਲ਼ ਲਈ, ਉਹ ਮੇਰੇ ਵਾਲਾਂ ਨੂੰ ਪਲੋਸਦਿਆਂ ਬੋਲੀ।

ਨਈਂ... ਮੇਰੀਆਂ ਅੱਖਾਂ ਮਲਕੜੇ-ਮਲਕੜੇ ਮਿਟੀਆਂ ਤੇ ਹੌਲ਼ੀ-ਹੌਲ਼ੀ ਮੇਰੇ ਦਿਮਾਗ਼ 'ਚ ਸਾਈਕਲ ਦੇ ਚੱਕੇ ਘੰਮਣ ਲੱਗੇ। ਕੱਚੇ ਰਾਹ ਦੀ ਧੁੱਦਲ ਉਬਾਸਣ ਲੱਗੀ, ਗਲ਼ੀਆਂ ਦਾ ਚਿੱਕੜ ਹਿੱਲਿਆ ਤੇ ਅਗਲੇ ਪਲੀਂ ਮੈਂ ਆਪਣੇ ਪਿੰਡ ਵਾਲੇ ਘਰ ਦੇ ਦਰਵਾਜ਼ੇ ਅਗਾੜੀ ਸਾਈਕਲ ਦੀ ਘੰਟੀ ਖੜਕਾਅ ਰਿਹਾ ਸਾਂ। ਦਰਵਾਜ਼ਾ ਖੁਲਦਿਆਂ ਹੀ ਬੇਬੇ ਦੇ ਚਿਹਰੇ 'ਤੇ ਜੰਮਿਆ ਸੰਸਾ ਬੋਲਿਆ: ਅੱਜ ਐਨਾ ਕੁਵੇਲਾ?
ਅੱਜ... ਅੱਜ ਫ਼ੰਕਸ਼ਨ ਸੀ ਕਾਲਜ 'ਚ... ਤੇ ਜਦੋਂ ਮੈਂ ਕਾਲਜੋਂ ਬਾਹਰ ਆਇਆ ਤਾਂ ਸਾਈਕਲ ਦਾ ਟਾਇਰ ‘‘ਪੈਂਚਰ'' ਹੋ ਗਿਆ।

ਗੁਸਲਖਾਨੇ 'ਚੋਂ ਬਾਹਰ ਨਿੱਕਲਿਆ ਤਾਂ ਬੈਠਕ 'ਚ ਖਲੋਤੇ ਮੇਜ਼ ਉੱਪਰ ਚਾਹ ਦਾ ਗਲਾਸ ਉਡੀਕ ਰਿਹਾ ਸੀ। ਕੁਰਸੀ 'ਤੇ ਬੈਠੀ ਬੇਬੇ ਅਖ਼ਬਾਰ ਦੀਆਂ ਖ਼ਬਰਾਂ ਤੋਂ ਗ਼ਰਦ ਝਾੜ ਰਹੀ ਸੀ। ਆਖ਼ਰੀ ਸਫ਼ੇ ਤੋਂ ਸੁਰਖ਼ਰੂ  ਹੋ ਕੇ ਬੇਬੇ ਨੇ ਆਪਣਾ ਚੇਹਰਾ ਮੇਰੇ ਵੱਲ ਗੇੜਿਆ: ਕੀ ਗੱਲ ਐ, ਮੱਲ... ਬੋਲਦਾ ਨੀ ‘ਕੁਸ਼' ਅੱਜ... ਚਿੱਤ ਤਾਂ ਨੀ ਢਿੱਲਾ?

ਹੀਂ, ਚਿੱਤ ਤਾਂ ਠੀਕ ਐ।
ਫ਼ਿਰ ਚੁੱਪ-ਚੁੱਪ ਕਿਉਂ ਬੈਠੈਂ?

ਚੁੱਪਅਅਅ... ਮੇਰੀਆਂ ਅੱਖਾਂ ਆਪਣੇ ਆਪ ਵਾਰ-ਵਾਰ ਝਮਕਣ ਲੱਗੀਆਂ। ਬੱਸ... ਕਈਆਂ ਦਿਨਾਂ ਤੋਂ... ਮੇਰੇ ਮਨ 'ਚ ਇੱਕ ਗੱਲ ਜੲ੍ਹੀ ਆਈ ਜਾਂਦੀ ਐ ਮੁੜ-ਮੁੜ ਕੇ...

ਸੁੱਖ ਐ?
ਹੈ ਤਾਂ ਸੁੱਖ ਈ...
ਫੇਰ ਐਸੀ ਕਿਹੜੀ ਗੱਲ ਐ? ਮੈਨੂੰ ਦੱਸ! ਲੜਾਈ ਤਾਂ ਨੀ ਹੋਗੀ ਕਿਸੇ ਨਾਲ?

ਮੈਂ ਆਹ... ‘ਗੁਜਰੀ-ਆਲ਼ੇ' ਬਾਰੇ ਸੋਚ ਰਿਹਾਂ... ਮੈਂ ਆਪਣੀ ਨਜ਼ਰ ਨੂੰ ਸਥਿਰ ਰੱਖਣ ਦੀ ਕੋਸ਼ਿਸ਼ ਕਰਦਿਆਂ ਬੋਲਿਆ। ਜਦੋਂ ਦੀ ਮੈਂ ਸੁਰਤ ਸੰਭਾਲੀ ਐ... ਉਦੋਂ ਤੋਂ ਈ ਆਪਣੇ ਪਿੰਡ ਦੀਆਂ ਬੁੜੀਆਂ ਨੂੰ ਮੈਂ ਮੈਨੂੰ ‘ਗੁਜਰੀ-ਆਲ਼ਾ' ਆਖਦੀਆਂ ਸੁਣੀਐਂ... ਨਿੱਕੇ ਹੁੰਦਿਆਂ ਤਾਂ ਮੈਂ ਇਸ ਬਾਰੇ ਕਦੇ ਬਾਹਲ਼ੀ ਗੌਰ ਨੀ ਸੀ ਕੀਤੀ... ਸੋਚਿਆ ਐਵੈਂ ਅੱਲ ਪਾਈ ਹੋਣੀ ਐਂ, ਪਰ ਹੁਣ ਮੇਰੇ ਮਨ 'ਚ ਵਾਰ-ਵਾਰ ਉੱਠਦੈ ਬਈ ਬੁੜ੍ਹੀਆਂ ਮੈਨੂੰ ‘ਗੁਜਰੀ-ਆਲ਼ਾ' ਕਿਉਂ ਆਖਦੀਐਂ! ਆ ਗਿਆ ਗੁਜਰੀ-ਆਲ਼ਾ? ਕੈਵੀਂ 'ਚ ਹੋ ਗਿਐ ਵੇਅ੍ਹ ਗੁਜਰੀ-ਆਲ਼ਿਆ? ਮੋਗਿਓਂ ਆਉਂਦਾ ਹੋਇਆ ਚਾਹ-ਪੱਤੀ ਲਿਆਦੇਂਗਾ ਗੁਜਰੀ-ਆਲ਼ਿਆ? ਨੀ ‘ਵੜਾ' ਕੱਦ ਕੱਢਿਐ ਗੁਜਰੀ-ਆਲ਼ੇ ਨੇ!

ਗੁਜਰੀ... ਬੇਬੇ ਦੇ ਡੂੰਘੇ ਹੌਂਕੇ ਨਾਲ ਅਖਬਾਰ ਦੀਆਂ ਸੁਰਖ਼ੀਆਂ ਹਿਲਣ ਲੱਗੀਆਂ। ਗੁਜਰੀ-ਆਲ਼ਾ ਤੈਨੂੰ, ਭਾਈ, ਏਸ ਲਈ ਆਖਦੀਐਂ ਕਿਉਂਕਿ ਤੂੰ ਬੱਸ ਸੀ ਹੀ ਉਹਦਾ ਈ।

 ਮੈਂ ਸੀ ਹੀ ਉਹਦਾ ਈ? ਮੇਰੀਆਂ ਅੱਖਾਂ ਤੇ ਮੱਥਾ ਸੁੰਗੜੇ। ਮੇਰੇ ਮਨ 'ਚ ਆਇਆ ਕਿ ਗੁਜਰੀ ਸ਼ਾਇਦ ਮੇਰੀ ਮਾਂ ਸੀ ਜਿਹੜੀ ਕਿਸੇ ਕਾਰਨ ਇਸ ਸੰਸਾਰ ਤੋਂ ਚਲੀ ਗਈ ਹੋਣੀ ਐਂ, ਤੇ ਫਿਰ ਮੇਰੀ ਐਸ ‘ਬੇਬੇ' ਨੇ ਮੈਨੂੰ ਪਾਲ਼ਿਆ ਹੋਣੈਂ।
 ਮੈਂ, ਬੇਬੇ ਜੀ, ਉਹਦਾ ਕਿਵੇਂ?

ਉਹ ਇਉਂ, ਕਾਕਾ, ਕਿ ਜਨਮ ਤੋਂ ਲੈ ਕੇ ਡੇਢ ਸਾਲ ਤੈਨੂੰ ਓਹਨੇ ਈ ਪਾਲ਼ਿਐ।
ਅੱਛਾਅਅ? ਮੇਰੇ ਮੱਥੇ 'ਤੇ ਕਸੇਵਾਂ ਨਰਮਾਇਆ। ਪਰ ਉਹ ਸੀ ਕੌਣ? ਕਿਉਂ ਪਾਲ਼ਿਆ ਉਹਨੇ ਮੈਨੂੰ?

ਰੱਬ ਦੀ ਬੰਦੀ! ਬੇਬੇ ਨੇ ਆਪਣੇ ਹੌਂਕੇ ਦੀ ਰੱਸੀ ਨੂੰ ਡੂੰਘੇ ਖ਼ੂਹ 'ਚ ਲਮਕਾਅ ਦਿੱਤਾ। ਔਹ ਗਲ਼ੀ ਤੋਂ ਪਰਲੇ ਪਾਸੇ ਸੀ ਉਹਦਾ ਘਰ... ਬੱਸ ਇੱਕ ਕੋਠਾ ਤੇ ਕੋਠੇ ਦੇ ਬਾਹਰ ਚੌਂਕਾ-ਚੁੱਲ੍ਹਾ... ਏਸੇ ਕੋਠੇ 'ਚ ਈ ਪੜਛੱਤੇ ਹੇਠਾਂ ਉਹਦੇ ਘਰਆਲ਼ੇ ਸਮਦੂ ਨੇ ਖੱਡੀ ਲਾਈ ਹੋਈ ਸੀ, ਲੋਕਾਂ ਦਾ ਖ਼ਦਰ ਬੁਣਨ ਨੂੰ... ਚਾਹਾਂ-ਲੱਸੀਆਂ ਪੀ ਕੇ ਸਮਦੂ ਖੱਡੀ ਨੂੰ ਜਾ ਲੱਗਦਾ ਤੇ ਗੁਜਰੀ ਐਧਰ ਆਪਣੇ ਚੌਂਕੇ-ਚੁੱਲ੍ਹੇ 'ਤੇ ਆ ਜਾਂਦੀ੩ ਨਿੱਕੇ-ਨਿੱਕੇ ਕੰਮਾਂ 'ਚ ਮੇਰਾ ਹੱਥ ਵਟਾਉਂਦੀ ਰਹਿੰਦੀ...
ਕਿੰਨੀ ਕੁ ਉਮਰ ਸੀ ਉਹਦੀ?

ਮੇਰੀ ਹਾਨਣ ਈ ਸੀ... ਬਾਹਲ਼ੀਓ ਈ ਸੋਹਣੀ...

ਕੋਈ... ਨਿੱਕਾ-ਨਿਆਣਾ ਨੀ ਸੀ ਉਨ੍ਹਾਂ ਦਾ ਆਵਦਾ?
ਇੱਕ ਨਿਆਣਾ ਹੋਇਆ ਸੀ... ਰੱਬ ਨੇ ਅਗਲੇ ਦਿਨ ਈਂ... ਮੁੜ ਕੇ ਬੱਸ ਨਿਕਰਮੀ ਨਿਆਣੇ ਦਾ ਮੂੰਹ ਦੇਖਣ ਨੂੰ ਤਰਸਦੀ ਰਹੀ...

ਬੇਬੇ ਦੀਆਂ ਗੱਲਾਂ ਸੁਣਦਿਆਂ ਗੋਰੇ ਰੰਗ ਦੀ ਪਤਲੀ ਜਿਹੀ, ਤੀਹ-ਪੈਂਤੀ ਸਾਲ ਦੀ ਇੱਕ ਔਰਤ ਦਾ ਵਜੂਦ ਮੇਰੇ ਮਨ 'ਚ ਜੁੜਨ-ਖਿੰਡਰਨ ਲੱਗਾ... ਗਲ਼ 'ਚ ਤਵੀਤੀਆਂ, ਨੱਕ 'ਚ ਕੋਕਾ ਤੇ ਵੀਣੀਆਂ ਉਦਾਲ਼ੇ ਮੋਟੀਆਂ-ਮੋਟੀਆਂ ਵੰਙਾਂ... ਸਾਡੇ ਕੱਚੀ ਕੰਧੋਲ਼ੀ ਵਾਲੇ ਚੌਂਕ 'ਚ ਚਾਹਾਂ ਉਬਾਲ਼ਦੀ, ਪਰਾਂਤ 'ਚ ਆਟੇ ਨੂੰ ਮਧੋਲ਼ਦੀ, ਤੇ ਸੁਆਹ ਨਾਲ ਭਾਂਡੇ ਮਾਂਜਦੀ।

ਅੱਛਾਅ!

ਪਰ ਆਪਣੇ ਪਰਿਵਾਰ ਨਾਲ ਐਨੀ ਨੇੜਤਾ ਕਿਵੇਂ ਹੋਗੀ ਸੀ ਉਸ ਦੀ?
ਹੋਰ ਉਨ੍ਹਾਂ ਦਾ ਕੋਈ ਸਕਾ ਸੰਬੰਧੀ ਕੋਈ ਹੈ ਈ ਨੀ ਸੀ, ਕਾਕਾ... ਬੇਬੇ ਤਹਿ ਕੀਤੇ ਅਖ਼ਬਾਰ ਨੂੰ ਖੋਲ੍ਹਣ-ਬੰਦਣ ਲੱਗੀ। ਤੇਰੇ ਬਾਪੂ ਜੀ ਦਾ ਤਿਓ੍ਹ ਸੀ ਸਮਦੂ ਨਾਲ਼... ਇਹ ਮੁਸਲਮਾਨਾਂ ਨਾਲ ਸੂਗ ਨੀ ਸੀ ਰੱਖਦੇ... ਵਿਚਾਰਾ ਸਮਦੂ... ਸਾਰੀ ਦਿਅ੍ਹਾੜੀ ਖੱਡ੍ਹੀ 'ਤੇ ਖ਼ੱਦਰ ਬੁਣਦਿਆਂ-ਬੁਣਦਿਆਂ ਉਹਨੂੰ ਕੁੱਬ ਜਿਆ੍ਹ ਨਿੱਕਲ ਆਇਆ ਸੀ। ਖੱਡੀ ਬੰਦ ਕਰਦਾ ਤਾਂ ਉਹਨੂੰ ਐਧਰ ਆਪਣੇ ਘਰ ਆਉਣ ਦੀ ਅੱਚਵੀ ਲੱਗ ਜਾਂਦੀ।

ਮੇਰੇ ਸਾਹਮਣੇ ਪਤਲੀਆਂ-ਪਤਲੀਆਂ ਨੰਗੀਆਂ ਲੱਤਾਂ ਵਾਲਾ ਇੱਕ ਬੰਦਾ ਸਾਕਾਰ ਹੋਣ ਲੱਗਾ... ਕੁਤਰੀ ਹੋਈ ਕਰੜ-ਬਰੜ ਦਾੜ੍ਹੀ ਤੇ ਸਿਰ ਉਦਾਲੇ ਲਪੇਟਿਆ ਖ਼ਦਰ ਦਾ ਪਰਨਾ... ਆਥਣ ਹੋਈ ਤਾਂ ਹੁੱਕਾ ਚੁੱਕੀ, ਆਪਣੇ ਚਿਹਰੇ ਦੀ ਕਾਲੋਂ ਨੂੰ ਲਿਸ਼ਕਾਉਂਦਾ, ਧੀਮੇਂ ਕਦਮੀਂ ਉਹ ਸਾਡੇ ਘਰ ਆ ਵੜਿਆ।

ਆ ਬਈ ਸਮਦੂ, ਮੇਰੇ ਬਾਪੂ ਨੇ ਉਸ ਨੂੰ ਮੰਜੇ 'ਤੇ ਬਹਿਣ ਦਾ ਇਸ਼ਾਰਾ ਕੀਤਾ। ਚੱਕ ਗਲਾਸ ਤੇ ਕਰ ਬੋਤਲ ਦੇ ਹੋਠਾਂ।
ਧੌਣ ਨੂੰ ਰਤਾ ਕੁ ਘੁਮਾ ਕੇ, ਸਮਦੂ ਸਾਡੇ ਚੌਂਕੇ ਵਲੀਂ ਤਿਰਛੀ ਨਜ਼ਰੇ ਝਾਕਿਆ।
ਸਰਦਾਰਨੀ ਤਾਂ ਨੀ ਘਰੇ? ਉਹ ਆਪਣੀਆਂ ਕਾਲ਼ੀਆਂ ਲੱਤਾਂ ਨੂੰ ਖੁਰਕਦਾ ਬੋਲਿਆ।
ਉਹ ਤੇ ਗੁਜਰੀ ਤਾਂ ਸਾਗ ਤੋੜਨ ਗਈਐਂ, ਬਾਪੂ ਨੇ ਬੋਤਲ ਦੇ ਮੂੰਹ ਨੂੰ ਗਲਾਸ ਦੇ ਕਿਨਾਰੇ ਨਾਲ ਜੋੜ ਦਿੱਤਾ।
ਲਿਆ ਫੇਰ ਲੁਆ ਦੇ ਘੁੱਟ ਉਨ੍ਹਾਂ ਦੇ ਮੁੜਨ ਤੋਂ ਪਹਿਲਾਂ...
ਉਹ ਤੇਰੇ ਬਾਪੂ ਜੀ ਕੋਲ ਆ ਬਹਿੰਦਾ... ਬੇਬੇ ਆਪਣੀਆਂ ਚੇਤੇ ਦੀਆਂ ਤਹਿਆਂ ਨੂੰ ਉਧੇੜਨ ਲੱਗੀ। ਬਾਪੂ ਜੀ ਤੇਰਾ ਕਦੇ ਕੁੱਕੜ ਵੱਢ ਲੈਂਦਾ ਤੇ ਕਦੇ ਮੋਗਿਓਂ ਆਉਂਦਾ ਹੋਇਆ ਬੱਕਰੇ ਦਾ ਮਾਸ ਲੈ ਆਉਂਦਾ... ਸਮਦੂ ਤੇ ਗੁਜਰੀ ਨੂੰ ਆਖਦਾ ਅੱਜ ਰੋਟੀ ਐਧਰੇ ਈ ਖਾਣੀ ਐਂ।
%ਪਰ ਇਹ ਦੱਸੋ ਬਈ ਉਹਨੇ ਮੈਨੂੰ ਪਾਲ਼ਿਆ ਕਿਉਂ, ਮੈਂ ਖ਼ਾਲੀ ਗਿਲਾਸ 'ਚ ਉਂਗਲੀ ਘੁਮਾਉਂਦਿਆਂ ਪੁੱਛਿਆ।
ਉਹ ਇਉਂ ਬਈ ਤੇਰਾ ਜਨਮ ਐ ਫੱਗਣ ਦੇ ਪਹਿਲੇ ਪੱਖ ਦਾ (ਫ਼ਰਵਰੀ 22), ਬੇਬੇ ਅਖ਼ਬਾਰ ਦੀ ਤਹਿ ਵਿੱਚ ਡੂੰਘੀ ਲੱਥਣ ਲੱਗੀ। ਮੈਂ, ਕਾਕਾ, ਤੇਰੇ ਜਨਮ ਤੋਂ ਪਹਿਲਾਂ ਬਹੁਤ ‘ਬਮਾਰ' ਹੋ ਗਈ ਸੀ... ਉਲਟੀਆਂ, ਮਰੋੜੇ ਬੱਸ ਸਾਰੀ ਦਿਅ੍ਹਾੜੀ ਜੀਅ ਕੱਚਾ-ਕੱਚਾ ਹੋਈ ਜਾਇਆ ਕਰੇ... ਜਦੋਂ ਤੂੰ ਜਨਮਿਆਂ ਤਾਂ ਮੇਰੇ, ਕਾਕਾ, ਦੁੱਧ ਈ ਨਾ ਉੱਤਰਿਆ। ਤੂੰ ਕੁਰਲਾਇਆ, ਕੁਰਲਾਇਆ... ਤੇ ਕੁਰਲਾਉਂਦਾ-ਕੁਰਲਾਉਂਦਾ ਨੀਲਾ ਹੋਣ ਲੱਗਾ।
ਮੇਰੇ ਜ਼ਿਹਨ 'ਚ ਹੁਣੇ-ਜਨਮਿਆਂ ਮੈਂ ਮੇਰੀ ਬੇਬੇ ਦੇ ਹੱਥਾਂ 'ਚ ਲਗਾਤਾਰ ‘‘ਕੁਆਂ-ਕੁਆਂ'' ਕਰਨ ਲੱਗਾ, ਲੱਸਣ ਦੀਆਂ ਨਿੱਕੀਆਂ-ਨਿੱਕੀਆਂ, ਛਿੱਲੀਆਂ ਹੋਈਆਂ ਗੰਢੀਆਂ ਜਿਹੀਆਂ ਉਂਗਲਾਂ ਮੁੱਠੀਆਂ ਬਣੀਆਂ ਹੋਈਆਂ... ਨਿੱਕੀਆਂ-ਨਿੱਕੀਆਂ ਬਲਹੀਣ ਲੱਤਾਂ ਅਤੇ ਬਾਹਾਂ ਨੂੰ ਆਸੇ-ਪਾਸੇ ਚਲਾਉਂਦਾ। ਕਿਆਂਅਅ-ਕਿਆਂਅਅ ਕਾਰਨ ਮਿੱਚ ਕੇ ਤ੍ਰੇੜਾਂ ਹੋਈਆਂ ਅੱਖਾਂ। ਚਿੜੀ ਦੇ ਬੋਟ ਵਰਗੇ ਕੰਬ ਰਹੇ ਬੁੱਲ੍ਹਾਂ ਦੇ ਪਿਛਾੜੀ ਮੇਰੀ ਨਹੁੰ ਕੁ ਭਰ ਜੀਭ ਸੁੰਗੜਨ-ਫੈਲਣ ਲੱਗੀ। ਮੇਰੀ ਵਿਲਕਣੀ ਜਦੋਂ ਬੰਦ ਹੋਣ 'ਚ ਈ ਨਾ ਆਈ ਤਾਂ ਗੁਜਰੀ ਨੇ ਆਪਣਾ ਪੰਜਾ ਪਾਣੀ ਵਾਲੇ ਛੰਨੇ 'ਚ ਡੁਬੋਇਆ ਤੇ ਗਿੱਲੀਆਂ ਉਂਗਲਾਂ ਨੂੰ ਪੋਟਿਆਂ ਲਾਗਿਓਂ ਇਕੱਠੀਆਂ ਕਰ ਕੇ, ਮੇਰੇ ਮੂੰਹ ਦੇ ਉੱਪਰ ਲਿਆ ਕੇ ਹੇਠਾਂ ਵੱਲ ਸਿੱਧੀਆਂ ਕਰ ਦਿੱਤੀਆਂ। ਪੰਜੇ 'ਚੋਂ ਚੋਂਦੀਆਂ ਬੂੰਦਾਂ ਮੇਰੀ ਪੋਟਾ-ਕੁ ਜੀਭ ਉੱਤੇ ਕਿਰੀਆਂ, ਵਿਲਕਣੀ ਤੋਂ ਪਲ ਕੁ ਲਈ ਮੁਕਤ ਹੋ ਕੇ ਮੇਰਾ ਮੂੰਹ ਨਿੱਕੇ-ਨਿੱਕੇ ਹਟਕੋਰੇ ਲੈਣ ਲੱਗਾ। ਪਰ ਤੁਰੰਤ ਹੀ ਫੇਰ ਮੇਰੀਆਂ ਲੇਰਾਂ ਕਾਰਨ ਸਾਡੇ ਕੱਚੇ ਕੋਠੇ ਦੀਆਂ ਕੜੀਆਂ-ਕੰਧਾਂ ਤੋਂ ਗਰਦ ਕਿਰਨ ਲੱਗੀ। ਗੰਨੀਆਂ  ਤੋਂ ਢਿਲਕੇ ਹੋਏ ਬੁੱਲ੍ਹਾਂ ਨੂੰ ਪੂੰਝਦੀ ਬੇਬੇ ਬੋਲੀ- ਪਾਣੀ ਨਾਲ ਨ੍ਹੀ ਇਹਨੇ ਵਿਲਕਣੋਂ ਹੱਟਣਾ, ਗੁਜਰੀਏ... ਦੁੱਧ ਮੰਗਦੈ, ਚੰਦਰਾ ਦੁੱਧ! ਗੁਜਰੀ ਨੇ ਮੈਨੂੰ ਬੇਬੇ ਦੀ ਗੋਦੀ 'ਚੋਂ ਚੁੱਕਿਆ ਤੇ ਆਪਣੀ ਛਾਤੀ ਨਾਲ ਲਾ ਲਿਆ। ਵਿਰਾਉਂਧੀ-ਵਿਰਾਉਂਦੀ ਨੂੰ ਪਤਾ ਨੀ ਕੀ ਸੁੱਝੀ, ਬਈ ਕੁੜਤੀ ਚੁੱਕ ਕੇ ਆਪਣੀ ਛਾਤੀ ਮੇਰੇ ਮੂੰਹ 'ਚ ਕਰ ਦਿੱਤੀ...

-ਭਾਣਾ ਰੱਬ ਦਾ, ਬੇਬੇ ਨੇ ਆਪਣੇ ਸਿਰ ਨੂੰ ਖੱਬੇ-ਸੱਜੇ ਗੇੜਿਆ। -ਉਹਦੀਆਂ ਤਾਂ, ਭਾਈ, ਛਾਤੀਆਂ 'ਚ ਦੁੱਧ ਉੱਤਰ ਆਇਆ।
ਅੱਛਾਅ? ਮੇਰੇ ਕੰਨਾਂ 'ਚੋਂ ਸੇਕ ਨਿਕਲਣ ਲੱਗਾ। ਐਂ ਵੀ ਹੋ ਜਾਂਦੈ?

ਹਾਂਅਅ, ਬੇਬੇ ਨੇ ਆਪਣੀਆਂ ਅੱਖਾਂ 'ਚ ਸਿੰਮ ਆਈ ਸਿੱਲ੍ਹ ਨੂੰ ਪੂੰਝਿਆ। ਬਸ ਹਰ ਰੋਜ਼ ਉਹ ਸੁਵਖ਼ਤੇ ਈ ਆਪਣੇ ਘਰ ਆ ਜਾਂਦੀ ਤੇ ਆਪਣੀ ਛਾਤੀ ਤੇਰੇ ਬੁੱਲ੍ਹਾਂ 'ਚ ਕਰ ਦੇਂਦੀ। ਤੈਨੂੰ ਆਪਣੇ ਦੁੱਧ ਨਾਲ ਰਜਾਅ ਕੇ, ਉਹ ਆਪਣੇ ਟੱਬਰ ਲਈ ਚਾਹ ਬਣਾਉਂਦੀ, ਚੌਂਕਾ-ਚੁੱਲ੍ਹਾ ਸੰਵਾਰਨ ਲੱਗ ਜਾਂਦੀ, ਬਹੁਕਰ ਮਾਰਦੀ, ਦਾਲ਼ ਰਿੰਨ੍ਹਦੀ, ਰੋਟੀ ਪਕਾਉਂਦੀ, ਤੇ ਮੈਨੂੰ ਦਿਲਾਸੇ ਦੇਂਦੀ।

ਮੇਰੇ ਸਾਹ ਲੰਮੇਰੇ ਹੋਣ ਲੱਗੇ, ਤੇ ਮੇਰੇ ਬੁੱਲ੍ਹਾਂ ਅੰਦਰ ਹਰਕਤਾਂ ਥਰਕਣ ਲੱਗੀਆਂ।
ਜਦੋਂ ਤੂੰ ਆਲ਼ੇ-ਦੁਆਲ਼ੇ ਨੂੰ ਦੇਖ ਕੇ ਹੱਸਣ ਲੱਗ ਪਿਆ, ਬੇਬੇ ਨੇ ਅਖ਼ਬਾਰ ਦੇ ਅੱਖਰਾਂ ਨਹੁੰਆਂ ਨਾਲ ਖੁਰਕਦਿਆਂ ਦੱਸਿਆ, ਤਾਂ ਮੈਂ ਜੇ ਗੁਜਰੀ ਕੋਲੋਂ ਤੈਨੂੰ ਆਪਣੇ ਹੱਥਾਂ 'ਚ ਫੜਨ ਲਈ ਬਾਹਾਂ ਉਲਾਰਦੀ, ਤੂੰ, ਭਾਈ, ਗੁਜਰੀ ਦੀ ਹਿੱਕ ਨਾਲ ਚਿੰਬੜ ਕੇ, ਆਪਣਾ ਮੂੰਹ ਉਹਦੀਆਂ ਛਾਤੀਆਂ 'ਚ ਲੁਕੋਅ ਲੈਂਦਾ। ਤੈਥੋਂ ਵੱਡੇ ਸੀ ਚਰਨਾ ਤੇ ਬਲਵੰਤ... ਤੇ ਤੇਰਾ ਨਾਂ ਅਸੀਂ ਧਰਿਆ ਸੀ ‘ਅਕਵਾਲ' ਪਰ ਤੂੰ ਤਾਂ ਗੁਜਰੀ ਦੀ ਗੋਦੀਓਂ ਈ ਨੀ ਸੀ ਉਤਰਦਾ... ਤਾਂ ਆਪਣੀਆਂ ਆਂਢਣਾਂ-ਗੁਆਂਢਣਾਂ ਤੈਨੂੰ ‘ਗੁਜਰੀ-ਆਲ਼ਾ' ਈ ਕਹਿਣ ਲੱਗ ਪੀਆਂ।

ਮੇਰੇ ਬੁੱਲ੍ਹ ਲਗਾਤਾਰ ਕਦੇ ਦੰਦਾਂ ਦੇ ਅੰਦਰ ਵੱਲ ਨੂੰ ਤੇ ਕਦੇ ਬਾਹਰ ਵੱਲ ਨੂੰ ਹਰਕਤ ਕਰਨ ਲੱਗੇ, ਤੇ ਮੇਰੀਆਂ ਭਵਾਂ ਉੱਪਰ ਵੱਲ ਨੂੰ ਖਿੱਚੀਆਂ ਗਈਆਂ।
ਕਿੰਨਾਂ ਕੁ ਚਿਰ ਖਿਡਾਇਆ ਉਨ੍ਹੇ ਮੈਨੂੰ? ਸ਼ਕਲ ਅਖ਼ਤਿਆਰ ਕਰ ਰਹੇ ਹੌਂਕੇ ਨੂੰ ਕਾਬੂ 'ਚ ਕਰਦਿਆਂ ਮੈਂ ਆਪਣੀ ਧੌਣ ਨੂੰ ਟੇਢੀ ਕਰ ਕੇ ਪੁੱਛਿਆ।
ਡੇਢ ਸਾਲ!
ਡੇਢ ਸਾਲ? ਤੇ ਫੇਰ ਕੀ ਹੋਇਆ?

ਫੇਰ ਭਾਈ, ਪੁੱਛ ਨਾ! ਬੇਬੇ ਨੇ ਆਪਣੇ ਸਿਰ ਨੂੰ ਸੱਜੇ-ਖੱਬੇ ਫੇਰਿਆ। ਅਫ਼ਵਾਹਾਂ ਚੱਲ ਪੀਆਂ- ਅਖ਼ੇ ਪੰਜਾਬ ਨੂੰ ਵੱਢ ਕੇ ਪਰਲਾ ਪਾਸਾ ਪਾਕਿਸਤਾਨ ਬਣ ਜਾਣੈਂ! ਸੱਥਾਂ 'ਚ ਗੱਲਾਂ ਚੱਲ ਪੀਆਂ ਵਈ ਮੁਸਲਮਾਨਾਂ ਨੂੰ ਘਰ-ਬਾਰ ਛੱਡ ਕੇ ਪਾਕਿਸਤਾਨ ਜਾਣਾਂ ਪੈਣੈਂ। ਮੁਸਲਮਾਨ ਵਿਚਾਰੇ ਲੱਗ ਪਏ ਅੰਦਰੋ-ਅੰਦਰ ਪਿੰਡੋਂ ਖਿਸਕਣ ਦੀਆਂ ਤਿਆਰੀਆਂ ਕਰਨ। ਆਟਾ ਪੀਹ ਕੇ ਬੋਰੀਆਂ ਭਰਲੀਆਂ, ਛੋਲੇ ਤੇ ਜੌਂ ਭੁੰਨਾਅ ਕੇ ਗਠੜੀਆਂ ਬੰਨ੍ਹ ਲੀਆਂ!

ਮੈਂ ਪਾਕਿਸਤਾਨ ਬਣਨ ਵੇਲੇ ਹੋਏ ਕਹਿਰਵਾਨ ਉਜਾੜੇ ਬਾਰੇ ਕਾਫ਼ੀ ਕੁਝ ਪੜ੍ਹ-ਸੁਣ ਚੁੱਕਿਆ ਸਾਂ- ਮਸੂਮਾਂ ਦੇ ਕਤਲ, ਔਰਤਾਂ ਦੀਆਂ ਅਜ਼ਮਤਾਂ ਦੀ ਲੁੱਟ, ਤੇ ਹੋਰ ਬਹੁਤ ਕੁਝ! ਬੇਬੇ ਦੀ ਵਾਰਤਾਲਾਪ ਸੁਣ ਕੇ ਮੇਰੇ ਦਿਮਾਗ਼ 'ਚ ਗੱਡਿਆਂ ਉੱਪਰ ਬਾਂਸਾਂ ਦੇ ਵਿੱਢ (ਫ਼ਰੇਮ) ਉਸਰਨ ਲੱਗੇ, ਗਧਿਆਂ-ਘੋੜਿਆਂ 'ਤੇ ਸਮਾਨ ਲੱਦਣ ਲਈ, ਅਨਾਜ ਵਾਲੀਆਂ ਬੋਰੀਆਂ ਖੁਰਜੀਆਂ 'ਚ ਬਦਲਣ ਲੱਗੀਆਂ। ਮਿੱਟੀ ਦਾ ਤੇਲ, ਲਾਲਟਣਾਂ, ਤੇ ਪਾਥੀਆਂ-ਲੱਕੜਾਂ ਗੱਡਿਆਂ 'ਤੇ ਸਵਾਰ ਹੋਣ ਲੱਗੀਆਂ। ਸਾਡੇ ਪਿੰਡ 'ਚ ਸਦੀਆਂ ਤੋਂ ਭਰਾਵਾਂ ਵਾਂਗ ਵੱਸਦੇ ਸਿੱਖਾਂ ਤੇ ਮੁਸਲਮਾਨਾਂ ਵਿਚਕਾਰ ਇੱਕ ਖ਼ਾਮੋਸ਼ੀ ਤਣੀ ਜਾਣ ਲੱਗੀ। ਸਿੱਖਾਂ ਦੇ ਘਰਾਂ ਦੀਆਂ ਕੰਧਾਂ ਦੇ ਅੰਦਰਲੇ ਪਾਸੇ ਘੁਸਰ-ਮੁਸਰ ਹੋਣ ਲੱਗੀ।

ਸਮਦੂ ਤੇ ਗੁਜਰੀ ਇੱਕ ਦਿਨ ਡਿੱਗੀਆਂ ਹੋਈਆਂ ਵਰਾਛਾਂ ਲੈ ਕੇ ਸਾਡੇ ਘਰ ਆ ਵੜੇ- ਦਿਲਜੀਤ ਕੁਰੇ, ਸੁਣਿਆਂ ਮੁਸਲਮਾਨਾਂ ਨੂੰ ਉਜੜਨਾ ਪੈਣੈਂ!

ਸੁਣਿਆ ਤਾਂ ਮੈਂ ਵੀ ਆ, ਮੇਰੀ ਮਾਂ ਦੀਆਂ ਗੱਲਾਂ 'ਚੋਂ ਹਵਾ ਖਾਰਜ ਹੋ ਗਈ। ਚਿਹਰੇ ਦੇ ਢਿਲਕ ਗਏ ਮਾਸ ਹੇਠਾਂ, ਉਹਦਾ ਉੱਪਰਲਾ ਬੁੱਲ੍ਹ ਲਮਕ ਕੇ ਉਸਦੇ ਉਪਰਲੇ ਦੰਦਾਂ 'ਤੇ ਤਣ ਗਿਆ।
ਸਾਨੂੰ... ਬੇਔਲਾਦਿਆਂ ਨੂੰ ਵੀ ਉੱਜੜਨਾ ਪਊ? ਸਮਦੂ ਮੈਨੂੰ ਭਰੇ ਗਲ਼ੇ ਨਾਲ ਬੋਲਦਾ ਦਿਸਿਆ। ਅਸੀਂ ਤਾਂ ਦਿਲਜੀਤ ਕੁਰੇ ਕਦੇ ਵਸੇ ਈ ਨੀ! ਕੈਸਾ ‘ਜ਼ਮਾਨਾ' ਆ ਗਿਐ ਵਈ ਉੱਜੜਿਆਂ ਨੂੰ ਵੀ ਉੱਜੜਨਾ ਪਊ?

ਅਸੀਂ ਭਲਾ ਕਿਵੇਂ ਛੱਡ ਸਕਦੇ ਆਂ ਐਸ ਨਿਆਣੇ ਨੂੰ, ਸਿੱਲੀਆਂ ਅੱਖਾਂ ਨੂੰ ਵਾਰ-ਵਾਰ ਝਮਕਦਿਆਂ, ਗੁਜਰੀ ਮੈਨੂੰ ਆਪਣੀ ਬੁੱਕਲ਼ 'ਚ ਘੁੱਟ ਕੇ ਬੋਲੀ। ਸਾਨੂੰ ਕਿਸੇ ਤਰੀਕੇ ਬਚਾਵੋ ਏਸ ਉਜਾੜੇ ਤੋਂ! ਸਮਦੂ ਮੈਨੂੰ ਫੁਟ-ਫੁਟ ਰੋਂਦਾ ਸੁਣਾਈ ਦੇਣ ਲੱਗਾ।

ਕੀ ਹੋਇਆ ਫੇਰ? ਮੈਂ ਦੋਹਾਂ ਹੱਥਾਂ ਦੀਆਂ ਉਂਗਲਾਂ ਨੂੰ ਇੱਕ-ਦੂਜੇ 'ਚ ਉਂਸਾ ਕੇ ਮਰੋੜਦਿਆਂ ਬੇਬੇ ਵੱਲ ਤੱਕਿਆ।
ਫੇਰ ਭਾਈ ਆ ਗਿਆ ਉਜਾੜੇ ਦਾ ਦਿਨ, ਬੇਬੇ ਦੀਆਂ ਅੱਖਾਂ ਮਿਚੀਆਂ।

ਮੇਰੇ ਸਿਰ 'ਚ ਪਿੰਡ ਦੀਆਂ ਗਲ਼ੀਆਂ ਉੱਤਰ ਆਈਆਂ- ਮੁਸਲਮਾਨ ਗੱਡਿਆਂ, ਘੋੜਿਆਂ ਤੇ ਗਧੀਆਂ ਉੱਤੇ ਰਾਸ਼ਨ ਲੱਦਣ ਵਿੱਚ ਰੁਝੇ ਹੋਏ, ਨਾ ਉਹ ਮੰਜੇ ਲਿਜਾ ਸਕਦੇ ਸਨ, ਨਾ ਕਣਕ ਦੀਆਂ ਬੋਰੀਆਂ। ਕੰਧਾਂ ਤੇ ਛੱਤਾਂ ਗਠੜੀਆਂ 'ਚ ਨਹੀਂ ਸਨ ਬੰਨੀਂਆਂ ਜਾ ਸਕਦੀਆਂ। ਉਨ੍ਹਾਂ ਨੂੰ ਕੋਈ ਐਸੀ ਬੋਰੀ ਨਹੀਂ ਸੀ ਲੱਭਦੀ ਜਿਸ 'ਚ ਉਨ੍ਹਾਂ ਦੇ ਵਿਹੜਿਆਂ ਨੂੰ ਬੰਨਿਆਂ ਜਾ ਸਕਦਾ ਸੀ। ਜਿੰਨਾਂ ਦੇ ਘਰਾਂ 'ਚ ਹਵਾ ਵੀ ਦਸਤਕ ਦੇ ਕੇ ਵੜਦੀ ਹੋਣੀ ਐਂ, ਉਹਨਾਂ ਦੇ ਸਾਹਮਣੇ ਹੀ ਲੋਕ ਉਨ੍ਹਾਂ ਦੀਆਂ ਬੱਕਰੀਆਂ ਨੂੰ ਆਵਦੇ ਘਰਾਂ ਵੱਲ ਨੂੰ ਖਿੱਚਣ ਲੱਗੇ। ਕਈ ਡੌਰ-ਭੌਰ ਹੋਈਆਂ ਮੱਝਾਂ-ਗਾਈਆਂ ਦੇ ਸੰਗਲ਼ਾਂ ਨੂੰ ਖੜਕਾਈ ਜਾ ਰਹੇ ਸਨ। ਬੇਵੱਸ ਮਾਲਕਾਂ ਦੇ ਸਾਹਮਣੇ ਹੀ ਕਈ ਜਣੇ, ਵਿਹੜਿਆਂ 'ਚ ਕੁੜ-ਕੁੜ ਕਰ ਕੇ, ਖੱਲਾਂ-ਖੂੰਜਿਆਂ 'ਚ ਲੁਕਣ ਲਈ ਦੌੜਦੇ ਕੁੱਕੜਾਂ ਮਗਰ ਭੱਜਦੇ ਦਿਸਣ ਲੱਗੇ। ਕੋਈ ਦਾਤੀਆਂ-ਰੰਬਿਆਂ ਨੂੰ ਬੋਰੀਆਂ 'ਚ ਬੰਨੀਂ ਜਾਂਦਾ ਸੀ, ਮੰਜੇ, ਮੇਜ਼ ਤੇ ਕੁਰਸੀਆਂ, ਓਪਰਿਆਂ ਦੇ ਸਿਰਾਂ 'ਤੇ ਅਸਵਾਰ ਹੋਣ ਲੱਗੇ।

ਗੁਜਰੀ ਤੇ ਸਮਦੂ ਵੀ ਫਿਰ ਚਲੇ ਗਏ ਪਾਕਿਸਤਾਨ? ਮੈਂ ਲੰਮੇਂ ਹਾਉਂਕੇ ਤੋਂ ਮੁਕਤ ਹੁੰਦਿਆਂ ਪੁੱਛਿਆ।

ਨੲ੍ਹੀਂ! ਬੇਬੇ ਨੇ ਸਿਰ ਹਿਲਾਇਆ। ਉਹ ਤਾਂ, ਭਾਈ, ਅੜ ਕੇ ਬੈਠਗੇ, ਕਹਿੰਦੇ ਅਸੀਂ ਨੀਂ ਜਾਣਾ ਪੜੇ-ਪਾਕਿਸਤਾਨ!

ਮੇਰੀਆਂ ਅੱਖਾਂ 'ਚ ਤੜਕਸਾਰ ਨੇ ਅੰਗੜਾਈ ਲਈ। ਬਾਪੂ ਨੇ ਤ੍ਰੇਲ 'ਚ ਭਿੱਜੇ ਤਾਰਿਆਂ 'ਚ ਅੱਖਾਂ ਗੱਡ ਦਿੱਤੀਆਂ। ਉੱਠ ਹੁਣ ਕਰਨੈਲ ਸਿਅ੍ਹਾਂ! ਬਾਪੂ ਦਾ ਅੰਦਰ ਬੋਲਿਆ।

ਬਾਪੂ ਨੇ ਮਲਕੜੇ ਜੇਹੇ ਸਾਡੇ ਘਰ ਦਾ ਫਾਟਕ ਅੰਦਰ ਵੱਲ ਨੂੰ ਖਿੱਚਿਆ, ਬਾਹਰ ਸਾਰੀ ਗਲ਼ੀ ਤੇ ਕੰਧਾਂ ਘੂਕ ਸੁੱਤੇ ਸਨ। ਉਹਨੇ ਗੁਜਰੀ ਤੇ ਸਮਦੂ ਨੂੰ ਜਾ ਉਠਾਲ਼ਿਆ।

ਤੁਸੀਂ ਨੀ ਹਿੱਲਣਾ ਏਥੋਂ, ਦੋਹਾਂ ਨੂੰ ਤੂੜੀ ਵਾਲੇ ਕੋਠੇ 'ਚ ਧਕਦਿਆਂ  ਬਾਪੂ ਨੇ ਤਿਊੜੀਆ-ਅੰਦਾਜ਼ 'ਚ ਤਾਕੀਦ ਕੀਤੀ। ਭਾਵੇਂ ਮੀਂਹ ਆਵੇ, ਭਾਵੇਂ ਮੁੜ੍ਹਕਾ, ਤੁਸੀਂ ਬੱਸ ਅੰਦਰੇ ਈ ਪਏ ਰਹਿਣੈਂ। ਆਹ ਫੜੋ ਖ਼ਾਲੀ ਬੋਰੀਆਂ ਤੇ ਤੂੜੀ 'ਤੇ ਵਿਛਾਅ ਕੇ ਪਏ ਰਹੋ!

ਮੈਂ ਕਿੱਥੇ ਸੀ ਉਦੋਂ?

ਤੂੰ? ਬੇਬੇ ਆਪਣੀ ਧੌਣ ਨੂੰ ਤੁਣਕਾਅ ਕੇ ਬੋਲੀ। ਤੂੰ ਕਦੇ ਸਾਡੇ ਕੋਲ ਤੇ ਕਦੇ ਗੁਜਰੀ ਦੀ ਗੋਦ 'ਚ! ਗੁਜਰੀ ਨੀ ਸੀ ਵਸਾਹ ਕਰਦੀ ਤੇਰਾ ਇੱਕ ਮਿੰਟ ਦਾ ਵੀ! ਬੇਬੇ ਨੇ ਆਪਣਾ ਸਿਰ ਸੱਜੇ-ਖੱਬੇ ਫੇਰਿਆ।

ਫਿਰ ਕਿੰਨਾਂ ਕੁ ਚਿਰ ਰਹਿਣਾ ਪਿਆ ਵਿਚਾਰਿਆਂ ਨੂੰ ਲੁਕ-ਲੁਕ ਕੇ?
ਮੁਸਲਮਾਨਾਂ ਦੇ ਉੱਜੜਿਆਂ, ਕਾਕਾ, ਹਾਲੇ ਮਹੀਨਾ ਕੁ ਹੋਇਆ ਹੋਣੈਂ, ਬੇਬੇ ਲਬ ਨੂੰ ਗਲ਼ੇ 'ਤੋਂ ਹੇਠਾਂ ਵੱਲ ਨੂੰ ਧੱਕਦਿਆਂ ਬੋਲੀ। ਇੱਕ ਦਿਨ ਆਗੀਆਂ ਫੇਰ ਮਿਲਟਰੀ ਦੀਆਂ ਜੀਪਾਂ... ਉੱਤਰ ਆਏ ਹਰਲ-ਹਰਲ ਕਰਦੇ ਲਾਲ ਪੱਗਾਂ ਆਲ਼ੇ।

ਕਰਨੈਲ ਕਵੀਸ਼ਰ ਤੇਰਾ ਈ ਨਾਂ ਐ? ਸਾਡੀ ਦੇਹਲੀ ਵੜਦਿਆਂ ਉਹ ਡੰਡਾ ਘੁਮਾਉਂਦਾ ਗਰਜਿਆ।
ਹਾਂ ਜੀ... ਜੀ.. ਜੀ ਹਾਂ, ਬਾਪੂ ਦੇ ਬੁੱਲ੍ਹ ਕੰਬੇ।
ਤੂੜੀ ਵਾਲ਼ਾ ਕੋਠਾ ਕਿਹੜੈ ਉਏ ਤੇਰਾ?
ਬਾਪੂ ਦਰਵਾਜ਼ੇ ਵੱਲ ਝਾਕਿਆ।
ਖੋਲ੍ਹ ਜਿੰਦਰਾ!

ਪੁਲਸੀਆਂ ਦੀ ਧਾੜ ਜਦੋਂ ਤੂੜੀ ਵਾਲੇ ਕੋਠੇ 'ਚ ਵੜੀ, ਪਿੱਛੇ-ਪਿੱਛੇ ਮੈਂ ਤੇ ਤੇਰਾ ਬਾਪੂ ਜੀ! ਬੇਬੇ ਨੇ ਆਪਣਾ ਹਾਉਂਕਾ ਇੱਕ ਦਮ ਪਿਛਾਹਾਂ ਖਿੱਚਿਆ। ਤੂੰ ਕਾਕਾ, ਗੁਜਰੀ ਦੇ ਪੱਟਾਂ 'ਤੇ ਸੁੱਤਾ ਪਿਆ ਸੀ।

ਮੈਨੂੰ ਹੱਥ ਨਾ ਲਾਇਓ, ਗਾਤਰੇ ਪਾਈ ਨਿੱਕੀ ਕਿਰਪਾਨ ਨੂੰ ਸਣੇ ਮਿਆਨ, ਲੱਕ ਕੋਲ਼ੋਂ ਪੁਲਸੀਆਂ ਵੱਲ ਨੂੰ ਵਧਾਉਂਦਾ ਸਮਦੂ ਮੇਰੇ ਮੱਥੇ 'ਚ ਉੱਛਲਿਆ। ਆਹ ਦੇਖੋ ਮੇਰੀ ਕਿਰਪਾਨ! ਮੈਂ ਸਿੱਖ ਹੋ ਗਿਆਂ, ਸਿੱਖ!

ਪਖੰਡ ਕਰਦੇ ਓਂ ਤੁਸੀਂ ਦੋਵੇਂ ਸਿੱਖ ਹੋਣ ਦਾ, ਪਖੰਡ! ਠਾਣੇਦਾਰ ਨੇ ਮੋੜਵੀਂ ਗਰਜ ਮਾਰੀ। ਸਾਲ਼ੇ ਸਿੱਖ ਹੋਣ ਦੇ! ਪਾਕਿਸਤਾਨ-ਪਾਕਿਸਤਾਨ ਕਰਦੇ ਸੀ... ਲੈ ਲੋ ਸੁਆਦ ਹੁਣ ਪਾਕਿਸਤਾਨ ਬਣਾਉਣ ਦਾ! ਨਿਕਲੋ ਸਾਡੇ ਮੁਲਕ 'ਚੋਂ, ਮਲੇਛੋ! ਸਿੱਧੇ ਹੋ ਕੇ ਜੀਪ 'ਚ ਬਹਿ ਜੋ ਨਹੀਂ ਤਾਂ...

ਠਾਣੇਦਾਰ ਦੀ ‘ਨਹੀਂ ਤਾਂ' ਸੁਣਦਿਆਂ ਹੀ, ਸਿਪਾਹੀਆਂ ਦੀ ਧਾੜ, ਭਾਈ, ਸਮਦੂ ਤੇ ਗੁਜਰੀ ਉੱਤੇ ਝਪਟ ਪੀ... ਤੇ ਤੂੰ, ਭਾਈ, ਜਾਗ ਕੇ ਲੱਗ ਪਿਆ ਚੀਕਣ!

ਮੈਂ ਤਾਂ ਸਿੱਖਣੀ ਆਂ ਸਿੱਖਣੀ! ਗੁਜਰੀ ਗਾਤਰਾ ਦਿਖਾਉਂਦਿਆਂ ਕੁਰਲਾਈ। ਆਹ ਦੇਖੋ ਮੈਂ ਆਪਣੀ ਧਰਮ ਦੀ ਭੈਣ ਦਲਜੀਤੋ ਦਾ ਮੁੰਡਾ ਗੋਦ ਲਿਐ!

ਗੁਜਰੀ ਵੱਲੋਂ ਮੈਨੂੰ ਹਿੱਕ ਨਾਲ ਘੁੱਟੇ ਜਾਣ 'ਤੇ ਮੇਰੀਆਂ ਲੇਰਾਂ ਨਿਕਲਣ ਲੱਗੀਆਂ। ਸਮਦੂ ਹੱਥਾਂ ਨਾਲ ਪੁਲਸੀਆਂ ਨੂੰ ਧੱਕਣ ਲੱਗਾ। ਭਾਰੇ ਬੂਟਾਂ ਦੀ ਦਰੜ-ਦਰੜ ਹੇਠ, ਫ਼ਰਸ਼ 'ਤੇ ਚਿੰਤਾ 'ਚ ਡੁੱਬੀ ਤੂੜੀ 'ਚ ਹਲਚਲ ਮੱਚਣ ਲੱਗੀ। ਕੋਠੇ ਦੇ ਨੀਮ-ਹਨੇਰੇ 'ਚ ਪਾਕਿਸਤਾਨ ਢਹਿਣ-ਉਸਰਨ ਲੱਗਾ।

ਸਿਪਾਹੀ, ਅਕਵਾਲ ਸਿਆਂ, ਗੁਜਰੀ ਨੂੰ ਤੇਰੇ ਸਮੇਤ ਈ ਧੂਹ ਕੇ ਜੀਪ ਕੋਲ਼ ਲੈ ਗੇ। ਮੈਂ ਤੇ ਤੇਰਾ ਬਾਪੂ ਜੀ ਮਗਰ-ਮਗਰ!

ਛੱਡ ਦਿਓ ਅਬਲਾ ਨੂੰ, ਜਾਲਮੋ! ਮੈਨੂੰ ਮੇਰੀ ਮਾਂ ਦੀਆਂ ਕੂਕਾਂ ਸੁਣਾਈ ਦੇਣ ਲੱਗੀਆਂ। ਦੇਖਿਓ ਮੇਰਾ ਮੁੰਡਾ ਨਾ ਮਾਰ ਦਿਓ!

ਛੱਡ ਦੇ ਮੁੰਡੇ ਨੂੰ, ਨਹੀਂ ਤਾਂ ਸਿਰ ਪਾੜਦੂੰ ਤੇਰਾ, ਖਾਕੀ ਪਗੜੀ ਦੇ ਐਨ ਵਿਚਕਾਰੋਂ ਠਾਣੇਦਾਰ ਦੇ ਕੁੱਲੇ ਦਾ ਤਿਰਛ ਉੱਛਲਿਆ, ਤੇ ਉਹ ਡੰਡਾ ਉਲਾਰ ਕੇ ਗਰਜਿਆ।

ਦੋ-ਤਿੰਨ ਸਿਪਾਹੀਆਂ ਨੇ ਗੁਜਰੀ ਦੀਆਂ ਬਾਹਾਂ ਮਰੋੜ ਕੇ ਮੈਨੂੰ ਉਸ ਦੀ ਬੁੱਕਲ਼ 'ਚੋਂ ਮੂਲ਼ੀ ਵਾਂਗੂੰ ਪੱਟ ਲਿਆ। ਜੀਪ ਦਾ ਪਿਛਲਾ ਫੱਟਾ ਹੇਠਾਂ ਨੂੰ ਡਿੱਗਿਆ, ਤੇ ਜੀਪ 'ਚ ਸੁੱਟੀਆਂ ਪਾਕਿਸਤਾਨ ਦੀਆਂ ਦੋ ਫਾਕੜਾਂ ਭੀੜ ਦੀਆਂ ਨਜ਼ਰਾਂ ਤੋਂ ਓਝਲ ਹੋ ਗਈਆਂ।

ਏਸ ਤੋਂ ਬਾਅਦ ਮੇਰੇ ਦੋਵੇਂ ਬੁੱਲ੍ਹ ਅੰਦਰ ਵੱਲ ਨੂੰ ਮੁੜੇ ਤੇ ਮੇਰਿਆਂ ਦੰਦਾਂ ਵਿਚਾਲੇ ਘੁੱਟੇ ਗਏ। ਮੇਰੀਆਂ ਲਗਾਤਾਰ ਝਮਕ ਰਹੀਆਂ ਅੱਖਾਂ 'ਚ ਤੈਰ ਰਹੀ ਨਮੀ ਮੇਰੀਆਂ ਮੁੱਛਾਂ ਵੱਲ ਨੂੰ ਵਗਣ ਲਕਮਰੇ 'ਚ ਛਾਅ ਗਈ ਲਮਕਵੀਂ ਖ਼ਾਮੋਸ਼ੀ ਨੂੰ ਤੋੜਨ ਲਈ ਮੇਰੀ ਮਾਂ ਦਾ ਹਟਕੋਰਾ ਕੰਬਿਆ।

ਕੀ ਬਣਿਆਂ ਗੁਜਰੀ ਦਾ ਫਿਰ? ਘੁੱਟੇ ਹੋਏ ਗਲ਼ੇ 'ਚ ਤਿੜਕ ਰਹੇ ਬੋਲ ਨੂੰ ਠੁੰਮਣਦਿਆਂ ਮੈਂ ਪੁੱਛਿਆ। ਕੋਈ ਚਿੱਠੀ ਪੱਤਰ ਆਇਆ ਉਨ੍ਹਾਂ ਦਾ ਪਾਕਿਸਤਾਨੋਂ?
ਗੁਜਰੀ? ਬੇਬੇ ਦਾ ਹੇਠਲਾ ਬੁੱਲ੍ਹ ਉਹਦੇ ਦੰਦਾਂ ਵੱਲ ਨੂੰ ਵਧਿਆ ਤੇ ਉਸਦੇ ਨੱਕ 'ਚ ਸੁਰੜ-ਸੁਰੜ ਹੋਣ ਲੱਗੀ। ਮੋਗ਼ੇ ਕੋਲ ਕੈਂਪ ਸੀ ਮੁਸਲਮਾਨਾਂ ਲਈ... ਉੱਥੇ ਪਹੁੰਚਣ ਤੋਂ ਪਹਿਲਾਂ ਈ ਉਹ... ਧਾਹਾਂ ਮਾਰਦੀ-ਮਾਰਦੀ...

ਏਸ ਤੋਂ ਬਾਅਦ ਬੇਬੇ ਦਾ ਸਿਰ ਸੱਜੇ-ਖੱਬੇ ਗਿੜਨ ਲੱਗਾ।

ਮੇਰੀਆਂ ਉਂਗਲਾਂ ਇੱਕ-ਦੂਜੀ 'ਚ ਫੱਸਣ-ਨਿਕਲਣ ਲੱਗੀਆਂ। ਮੇਰੀਆਂ ਅੱਖਾਂ 'ਚ ਉੱਛਲ ਆਇਆ ਸਹਿਮ ਬੇਬੇ ਦੇ ਕਸੇ ਗਏ ਬੁੱਲ੍ਹਾਂ 'ਚੋਂ ਉਸਦੇ ਬਾਕੀ ਰਹਿੰਦੇ ਵਾਕ ਦੇ ਕਿਰਨ ਦਾ ਇੰਤਜ਼ਾਰ ਕਰਨ ਲੱਗਾ। ਬੇਬੇ ਨੇ ਇੱਕ ਡੂੰਘਾ ਸਾਹ ਲਿਆ ਤੇ ਉਸ ਦੀਆਂ ਅੱਖਾਂ ਮੀਟੀਆਂ ਗਈਆਂ।

ਕੀ ਹੋਇਆ ਫਿਰ ਉਹਨੂੰ ਧਾਹਾਂ ਮਾਰਦੀ ਨੂੰ?
ਉਹ... ਉਹ ਬੱਸ.. ਜੀਪ 'ਚ ਈ ਪੂਰੀ ਹੋਗੀ।

ਇੱਕ ਝਟਕੇ ਨਾਲ ਮੇਰੀ ਨੀਂਦ ਦੀਆਂ ਕੀਚਰਾਂ ਹੋ ਗਈਆਂ। ਸਟੈਂਡ 'ਤੇ ਲਟਕਦਾ ਗੁਲੂਕੋਜ਼ ਦਾ ਲਿਫ਼ਾਫ਼ਾ ਕੰਬਿਆ। ਮੈਂ ਘਾਬਰੀ ਹੋਈ ਕਾਟੋ ਵਾਂਗ ਆਲੇ-ਦੁਆਲੇ ਵੱਲ ਝਾਕਿਆ। ਚਾਰਟ 'ਤੇ ਕੁਝ ਲਿਖ ਰਹੀ ਨਰਸ ਦਾ ਪੈੱਨ ਥਾਏਂ ਫ਼ਰੀਜ਼ ਹੋ ਗਿਆ।

ਪਰ ਗੁਜਰੀ ਪੂਰੀ ਨਹੀਂ ਹੋਈ, ਮੈਂ ਸੋਚਣ ਲੱਗਾ।
ਮੈਂ ਕਾਲਜਾਂ 'ਚ ਪੜ੍ਹਿਆ-ਪੜ੍ਹਾਇਆ, ਦੇਸ-ਬਦੇਸ ਘੁੰਮਿਆ, ਅਣਗਿਣਤ ਦੁਸ਼ਵਾਰੀਆਂ ਨਾਲ ਗੁੱਥਮਗੁੱਥਾ ਹੋਇਆ, ਪਰ ਜਦੋਂ ਵੀ ਆਪਣੇ-ਆਪ ਨਾਲ ਗੁਫ਼ਤਗੂ ਕਰ ਰਿਹਾ ਹੁੰਨਾਂ ਤਾਂ ਗੁਜਰੀ ਦਾ ਅਣਦੇਖਿਆ ਚਿਹਰਾ ਮੇਰੀ ਸੁਰਤੀ 'ਚ ਤਰਨ ਤੋਂ ਨਹੀਂ ਰੁਕਦਾ। ਮੈਂ ਉਸ ਦੀਆਂ ਬਾਹਾਂ, ਉਸ ਦੀਆਂ ਉਂਗਲਾਂ ਤੇ ਉਸ ਦੀਆਂ ਦੁੱਧੀਆਂ ਨੂੰ ਚਿਤਵਦਾ ਆ ਰਿਹਾ ਹਾਂ। ਮੈਂ ਉਹਦੇ ਗਲ਼ 'ਚ ਲਟਕਦੀ ਤਵੀਤੀ ਨੂੰ ਆਪਣੀਆਂ ਨਿੱਕੀਆਂ-ਨਿੱਕੀਆਂ ਉਂਗਲਾਂ ਨਾਲ ਫੜ ਕੇ ਖਿੱਚਦਾ ਹਾਂ... ਜਿਵੇਂ ਮੈਂ ਉਸ ਦੇ ਗਲ਼ ਉਦਾਲਿਓਂ ਪਾਕਿਸਤਾਨ ਨੂੰ ਤੋੜ ਰਿਹਾ ਹੋਵਾਂ। ਉਹ ਕਹਿੰਦੀ ਹੈ- ਛੱਡ ਏਹਨੂੰ ਸ਼ਰਾਰਤੀਆ! ਮੈਂ ਆਪਣੇ ਬੁੱਲ੍ਹਾਂ ਨੂੰ ਮਰੋੜ ਕੇ ਆਪਣੇ ਨਿੱਕੇ-ਨਿੱਕੇ ਭਰਵੱਟਿਆਂ ਨੂੰ ਸੰਗੋੜ ਲੈਂਦਾ ਹਾਂ। ਉਹ ਆਪਣੀ ਪਹਿਲੀ ਉਂਗਲੀ ਮੇਰੇ ਹੇਠਲੇ ਬੁੱਲ੍ਹ 'ਤੇ ਟਿਕਾਅ ਕੇ ਦਬਾਉਂਦੀ ਹੈ, ਤੇ ਨਾਲ-ਨਾਲ ਚਿਹਰੇ ਨੂੰ ਮੇਰੇ ਵੱਲ ਝੁਕਾਅ ਕੇ ਬੋਲਦੀ ਹੈ- ‘ਗੁੱਛੇ' ਹੋ ਗਿਆ ‘ਛਾਡਾ' ਕਾਲੂ-ਮਾਲੂ? ਕਾਅ੍ਹਤੋਂ ‘ਗੁੱਛੇ' ਹੋ ਗਿਆ ‘ਛਾਡਾ' ਲੱਡੂ-ਮੱਡੂ'! ‘ਗੁੱਛੇ' ਹੋਣਾ ਬੀ ਆ ਗਿਆ, ‘ਛਾਡੇ' ਭੂੰਡ-ਪਟਾਕੇ ਨੂੰ? ਮਾਂ ‘ਛਦਕੇਅਅ'! ਨੀ ਮੈਂ ‘ਬਾਰੀ' ਜਾਮਾ ਮੇਰੇ ‘ਖੰਡ-ਪਤਾਛੇ' 'ਤੋਂਅਅ!

 ਮੈਂ ਗੁਲੂਕੋਜ਼ ਦੀ ਨਲਕੀ ਵੱਲ ਝਾਕਿਆ- ਮੇਰੀ ਸੁਰਤੀ 'ਚ ਤੇਈ ਵਰ੍ਹੇ ਪਹਿਲਾਂ ਵਾਲਾ ਉਹ ਦਿਨ ਖੁੱਲ੍ਹਣ ਲੱਗਾ ਜਦੋਂ ਮੇਰੀ ਬੀਵੀ ਹਸਪਤਾਲ 'ਚੋਂ ਮੇਰੇ ਲਈ ਦੋ ਜੌੜੀਆਂ ਧੀਆਂ ਦਾ ਤੋਹਫ਼ਾ ਲੈ ਕੇ ਘਰ ਪਰਤੀ ਸੀ, ਉਸ ਦੇ ਜਿਸਮ ਵਿੱਚੋਂ ਤੇ ਕੱਪੜਿਆਂ ਵਿੱਚੋਂ ਜਣੇਪੇ ਦੀ ਇੱਕ ਸਾਊ ਜਿਹੀ ਗੰਧ ਆਉਣ ਲੱਗੀ ਸੀ ਜਿਸ ਨੂੰ ਸੁੰਘਦਿਆਂ ਮੈਨੂੰ ਜਾਪਦਾ ਜਿਵੇਂ ਮੈਂ ਗੁਜਰੀ ਦੀ ਗੋਦ ਵਿੱਚ ਸੁੱਤਾ ਹੋਵਾਂ। ਉਹ ਮੇਰੀਆਂ ਧੀਆਂ ਨੂੰ ਗੋਦੀ 'ਚ ਲੈ ਕੇ ਥਾਪੜਦੀ, ਤਾਂ ਉਹ ਗੁਜਰੀ ਬਣ ਜਾਂਦੀ। ਤੇ ਫਿਰ ਮੇਰੀ ਸੁਰਤੀ 'ਚ ਉਹ ਦਿਨ ਜਾਗਣ ਲੱਗੇ ਜਦੋਂ ਇੱਕ ਵਾਰ ਮੈਂ ਪਾਕਿਸਤਾਨ ਗਿਆ, ਉੱਥੇ ਮੈਂ ਤੀਹ ਪੈਂਤੀ ਸਾਲ ਦੀ ਹਰ ਔਰਤ ਦੇ ਚਿਹਰੇ ਵੱਲ ਗਹੁ ਨਾਲ ਝਾਕਦਾ ਤੇ ਹਰ ਚਿਹਰੇ 'ਚ ਮੈਨੂੰ ਗੁਜਰੀ ਦੇ ਨਕਸ਼ ਉੱਭਰਦੇ ਦਿਸੀ ਜਾਣ।

ਨਰਸ ਨੇ ਮਲਕੜੇ ਜਿਹੇ, ਮੇਰੇ ਸਿਰਹਾਣੇ ਕੋਲ਼ ਪਏ ਬਾਕਸ 'ਚੋਂ ਨੈਪਕਿਨ ਖਿੱਚਿਆ ਤੇ ਮੇਰੀਆਂ ਧੁੰਦਿਆਈਆਂ ਅੱਖਾਂ 'ਚੋਂ ਨਮੀ ਸੋਕ ਦਿੱਤੀ।

ਗੁਜਰੀ ਸ਼ਾਇਦ ਕਿਧਰੇ ਜੀਂਦੀ ਹੋਵੇ! ਮੇਰੇ ਘੁੱਟੇ ਹੋਏ ਗਲ਼ੇ 'ਚ ਲਫ਼ਜ਼ ਪੀੜੇ ਜਾਣ ਲੱਗੇ

ਪਰ ਮੇਰੇ ਮੱਥੇ 'ਚ ਮੇਰੀ ਮਾਂ ਬੋਲ ਉੱਠੀ- ਉਹ ਧਾਹਾਂ ਮਾਰਦੀ, ਜੀਪ 'ਚ ਈ ਪੂਰੀ ਹੋਗੀ!

ਪਰ ਕਦੇ ਨੀ ਪੂਰੀਆਂ ਹੁੰਦੀਆਂ ਗੁਜਰੀਆਂ, ਮੇਰੇ ਬੁੱਲ੍ਹ ਫੁਸਫੁਸਾਉਣ ਲੱਗੇ। ਇਹ ਹਰ ਜਗ੍ਹਾ... ਹਰ ਸ਼ਹਿਰ... ਹਰ ਦੇਸ਼ 'ਚ ਜੰਮਦੀਆਂ ਰਹਿੰਦੀਆਂ ਨੇ, ਬੇਬੇ!
ਕੀ ਬਰੜਾਅ ਰਿਹੈਂ, ਮਿਸਟਰ ਬਿੱਲੀ-ਗਿੱਲੀ?

ਅਗਲੇ ਪਲੀਂ ਨਰਸ ਦੇ ਮੋਢੇ 'ਚੋਂ ਉੱਗਿਆ ਗੁਜਰੀ ਦਾ ਹੱਥ ਮੇਰੀ ਛਾਤੀ ਨੂੰ ਥਾਪੜ ਰਿਹਾ ਸੀ।
    

Comments

Nishan singh virdi ...........vill-hasti wala......distt-ferozepur.........(punjab )

kmaal d likht aa g...........

Rajinder

jnaab iqbaal ji tusi tan rwa k rakh taaaaa

Loveen Kaur Gill

Masterpiece by our legend!

ਗੁਲਾਬ ਸਿੰਘ ਰੋਪੜ

ਜਿਥੇ ਏਕ ਭਾਵਪੂਰਤ ਲੇਖ ਹੈ ਉਥੇ ਪੰਜਾਬੀ ਵਾਰਤਕ ਦਾ ਸ਼ਾਹਕਾਰ ਨਮੂਨਾ ਵੀ ਹੈ | ਮੇਰੀਆਂ ਅੱਖਾਂ ਅੱਗੇ ਸਭ ਦ੍ਰਿਸ਼ ਘੁਮਣ ਲੱਗੇ ਨੇ ਹਸਪਤਾਲ ਵੀ ਤੇ ਗੁਜਰੀ ਵੀ ਨਨਾ ਬਾਲਕ ਇਕ਼ਬਾਲ ਵੀ ਤੇ 1947 ਦੀ ਵਹਿਸੀਆਨਾ ਕਾਤ੍ਲੋਗਾਹਤ ਵੀ

Dr, jiwan jot kaur

Kamal derachna dhur dil de dungaye vichon nikli te state nu v nanga kardi

BAEE AVTAR GILLL

ਜਜ਼ਬਾਤੀ ਕਰ ਦਿੱਤਾ......ਬਾਈ ਇਕ਼ਬਾਲ...ਹੋਰ ਕਈ ਸੁਣੀਆਂ ਹੋਈਆਂ ਕਹਾਣੀਆਂ ਵੀ ਯਾਦ ਕਰਵਾ ਦਿੱਤੀਆਂ...ਪਰ ਅਸ਼ਕੇ ਤੇਰੀ ਲੇਖਣੀ ਦੇ

j.singh.1@kpnmail.nl

eh hai clasical vartaq. kini amir hai punjabi te odka da amir hai is amir punjabi de pehchan karvaun vala bai iqbal ramuvalia. koi vartiq inj vi shuru oh saqdi hai mere kapat khul gai han.ji oe bali gil eh leekh jini sheti ho saqe shahmukhi vich suhi saveer nu jaldi to jaldi tarjma kar shapna chahida hy hetha bai di amir punjabi di vangi pado.ਸੰਨ 2000 ਦੀ ਆਮਦ ਦੀ ਗਲੋਬਲੀ ਛਣਕਾਟ ਨੂੰ ਗੁਜ਼ਰਿਆਂ ਛੇ ਮਹੀਨੇ ਬੀਤ ਗਏ ਸਨ। ਬਾਕੀ ਸੰਸਾਰ ਵਾਂਗ, ਟਰਾਂਟੋ ਵਾਸੀ ਵੀ ਨਵੀਂ ਸਦੀ ਦੇ ਜਸ਼ਨਾਂ ਦੀ ਚਮਕ-ਦਮਕ ਤੇ ਧੂਮ-ਧੜੱਕੇ ਨੂੰ ਮਾਣਨ ਤੋਂ ਬਾਅਦ ਪੂਰੀ ਤਰ੍ਹਾਂ ਸਹਿਜ ਵੱਲ ਪਰਤ ਆਏ ਸਨ। ਘਰਾਂ ਦੇ ਦਰਵਾਜ਼ਿਆਂ, ਛੱਤਾਂ ਤੇ ਸੜਕਾਂ ਦੇ ਦੋਹੀਂ ਪਾਸੀਂ ਪਹਿਰਾ ਦੇਂਦੇ, ਰੁੰਡ-ਮਰੁੰਡ ਦਰਖ਼ਤਾਂ ਨੂੰ, ਲਾੜੀਆਂ ਵਾਂਗ ਸਜਾਉਣ ਵਾਲੀਆਂ ਰੰਗੀਨ ਲਾਈਟਾਂ, ਗੱਤੇ ਦੇ ਬਕਸੇ ਵਿੱਚ ਗੁੰਝਲੀਆਂ ਮਾਰ ਕੇ, ਘਰਾਂ ਦੀਆਂ ਬੇਸਮੈਂਟਾਂ ਵਿੱਚ ਉੱਤਰ ਗਈਆਂ ਸਨ। ਬਜ਼ਾਰਾਂ 'ਚ, ਸੜਕਾਂ ਦੇ ਸਿਰਾਂ ਉੱਤੋਂ ਦੀ, ਇੱਕ ਬਾਹੀ ਦੇ ਖੰਭਿਆਂ ਤੋਂ ਦੂਸਰੇ ਪਾਸੇ ਦੇ ਖੰਭਿਆਂ ਤੀਕ ਲਟਕਾਈਆਂ, ਰੰਗ-ਬਰੰਗੇ ਭੁਕਾਨਿਆਂ ਦੀਆਂ ਸੰਘਣੀਆਂ ਲੜੀਆਂ ਬੁੱਢੀ ਮੱਝ ਦੇ ਪਿਚਕੇ ਹੋਏ ਥਣਾਂ 'ਚ ਵਟ ਗਈਆਂ ਸਨ।

gg

vqi

HARBANS BUTTAR CALGARY

ਅੱਜ ਜਦੋਂ ਮੈਂ ਗੁਜਰੀ ਬਾਰੇ ਪੜਿਆ ਤਾਂ ਮੇਰੀਆਂ ਅੱਖਾਂ ਵਿੱਚੋ ਹੰਝੂ ਤਰਲ ਤਰਲ ਰੋਕਦਿਆਂ ਹੋਇਆਂ ਵੀ ਨਾ ਰੁੱਕ ਸਕੇ।ਭਾਵੇਂ ਇਹ ਇੱਕ ਸੱਚੀ ਘਟਨਾਂ ਨੂੰ ਕਲਮ ਬੱਧ ਕੀਤਾ ਗਿਆ ਹੈ ਪਰ ਅਸਕੇ ਤੇਰੀ ਕਲਮ ਦੇ ਬਾਈ ਇਕਬਾਲ ਸਿਆਂ ! ਭਾਵੇਂ ਤੇਰੇ ਨਾਂ ਨਾਲ ਕੋਈ ਵੱਡਾ ਪੰਜਾਬੀ ਦਾ ਪੁਰਸਕਾਰ ਵਿਜੇਤਾ ਸ਼ਬਦ ਨਹੀਂ ਲੱਗਦਾ ਪਰ ਅੱਜ ਮੈਨੂੰ ਇੰਝ ਮਹਿਸੂਸ ਹੋਇਆ ਕਿ ਤੈਨੂੰ ਕਿਸੇ ਸੰਸਥਾ ਵੱਲੋਂ ਦਿੱਤੇ ਜਾਂਦੇ ਪੁਰਸਕਾਰਾਂ ਦੀ ਲੋੜ ਨਹੀਂ । ਪਾਠਕ ਦੀ ਅੱਖ ਵਿੱਚੋਂ ਡਿੱਗਿਆ ਹੰਝੂ ਉਹਨਾਂ ਪੁਰਸਕਾਰਾਂ ਨਾਲੋਂ ਕਿਤੇ ਵੱਧ ਹੈ। ਹਰਬੰਸ ਬੁੱਟਰ ਕੈਲਗਰੀ

Iqbal Ramoowalia Canada Contact 905 792 7357

ਧੰਨਵਾਦ ਦੋਸਤੋ! ਇਹ ਕਹਾਣੀ ਮੇਰੀ ਸਵੈਜੀਵਨੀ 'ਸੜਦੇ ਸਾਜ਼ ਦੀ ਸਰਗਮ' ਦਾ ਪਹਿਲ ਚੈਪਟਰ ਹੈ। ਇਹ ਸਵੈਜੀਵਨੀ ਮੈਂ ਕਦੇ ਨਹੀਂ ਸੀ ਲਿਖਣੀ ਅਗਰ ਵਰਿਆਮ ਸੰਧੂ ਮੈਨੂੰ ਪ੍ਰੇਰਤ ਨਾ ਕਰਦਾ। ਵਰਿਆਮ ਦਾ ਵੀ ਧੰਨਵਾਦ।

Parmjit Kaur

bahut sohni rachna! vandd dee peed noo ujagar kardi hoiye

Hari Krishan Mayer

partition de dard nu khub surti nal rupman kardi hai eh kahani

Azeem Shekhar

Vartik da sohna nmoona a ji

surinder

kmaal dee rachna pr ke rona aa giaa

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ