Thu, 18 April 2024
Your Visitor Number :-   6982563
SuhisaverSuhisaver Suhisaver

ਵਿਗਿਆਨਕ ਯੁੱਗ ਵਿੱਚ ਗੁਆਚਦਾ ਜਾ ਰਿਹਾ ਮਨੁੱਖੀ ਆਚਰਨ -ਗੁਰਚਰਨ ਪੱਖੋਕਲਾਂ

Posted on:- 27-01-2014

ਮਨੁੱਖ ਨਿੱਤ ਦਿਨ ਵਿਕਾਸ ਕਰ ਰਿਹਾ ਹੈ । ਇਸ ਵਿਕਾਸ ਕਰਨ ਦੀ ਦੌੜ ਵਿੱਚ ਮਨੁੱਖ ਅਤੇ ਸਮਾਜ  ਦੇ ਵਿੱਚ ਬਹੁਤ ਵੱਡੇ ਪੱਧਰ ਤੇ ਚੁੱਪ ਚਪੀਤੇ ਬਦਲਾਅ ਆਈ ਜਾ ਰਹੇ ਹਨ। ਸਮਾਜ ਦੇ ਬਦਲਣ ਵਿੱਚ ਮਨੁੱਖ ਦਾ ਆਚਰਨ ਦਾ ਬਦਲਾਅ ਬਹੁਤ ਹੀ ਨੀਵੇਂ ਪੱਧਰ ਵੱਲ ਸਫਰ ਕਰ ਰਿਹਾ ਹੈ । ਪੁਰਾਤਨ ਅਤੇ ਵਰਤਮਾਨ ਯੁੱਗ ਵਿੱਚ ਤੁਲਨਾ ਕਰਨ ਤੇ ਵਰਤਮਾਨ ਮਨੁੱਖ ਨੂੰ ਤਾਂ ਪਾਗਲ ਤੱਕ ਹੀ ਐਲਾਨਿਆਂ ਜਾ ਸਕਦਾ ਹੈ ।  ਵਰਤਮਾਨ ਯੁਗ ਵਿੱਚ ਦੁਨੀਆਂ ਦੇ ਬਹੁਤੇ ਕਾਰਨਾਮਿਆਂ ਦੀ ਮਿਣਤੀ ਆਰਥਿਕ ਲਾਭ ਨਾਲ ਹੀ ਕੀਤੀ ਜਾਂਦੀ ਹੈ।

ਮਨੁਖੀ ਆਚਰਨ ਦੀ ਕਦਰ ਦਿਨੋ ਦਿਨ ਘੱਟਦੀ ਜਾ ਰਹੀ ਹੈ । ਆਰਥਿਕ ਤੌਰ ਤੇ ਕਾਮਯਾਬ ਆਚਰਨ ਹੀਣ ਲੋਕ ਸਮਾਜ ਦੇ ਵਿੱਚ ਸਤਿਕਾਰ ਦੇ ਪਾਤਰ ਬਣ ਰਹੇ ਹਨ । ਨੈਤਿਕ ਕਦਰਾਂ ਕੀਮਤਾਂ ਦੀ ਪਾਲਣਾ ਕਰਨ ਵਾਲੇ ਲੋਕਾਂ ਦਾ ਜੇ ਆਰਥਿਕ ਪੱਧਰ ਨੀਵਾਂ ਰਹਿ ਜਾਵੇ ਤਦ ਸਮਾਜ ਉਹਨਾਂ ਨੂੰ ਬਹੁਤ ਛੋਟੇ ਘੇਰੇ ਨੂੰ ਛੱਡਕੇ ਅਣ ਦੇਖਿਆ ਕਰ ਜਾਂਦਾਂ ਹੈ। ਸਮਾਜ ਦਾ ਬਹੁਤ ਛੋਟਾ ਹਿੱਸਾ ਹੀ ਚੰਗੇ ਆਚਰਨ ਦਾ ਕਦਰ ਦਾਨ ਰਹਿ ਗਿਆ ਹੈ ਜਦੋਂ ਕਿ ਸਮਾਜ ਦਾ ਵੱਡਾ ਹਿੱਸਾ ਤਾਂ ਗਲਤ ਢੰਗਾਂ ਅਤੇ ਦੂਸਰਿਆਂ ਨੂੰ ਲਤਾੜ ਕੇ ਅਮੀਰ ਹੋਣ  ਵਾਲਿਆ ਦੇ ਗੁਣ ਗਾਉਣ ਦੀ ਪਰਵਿਰਤੀ ਦਾ ਸਿਕਾਰ ਹੋ ਰਿਹਾ ਹੈ।

ਪੁਰਾਣੇ ਵਕਤਾਂ ਵਿੱਚ ਭਾਵੇਂ ਮਨੁੱਖ ਤਕਨੀਕੀ ਤੌਰ ਤੇ ਬਹੁਤੀ ਤਰੱਕੀ ਨਹੀਂ ਕੀਤੀ ਸੀ ਪਰ ਮਨੁੱਖ ਹਮਦਰਦੀ ,ਦਇਆ, ਪਿਆਰ ਅਤੇ ਮੋਹ ਵਰਗੇ ਗੁਣਾਂ ਦਾ ਖਜ਼ਾਨਾ ਹੁੰਦਾ ਸੀ। ਵਰਤਮਾਨ ਸਮਾਜ ਵਿੱਚ ਮਨੁੱਖ ਹਰ ਖੇਤਰ ਵਿੱਚ ਮਸੀਨੀ ਕਰਨ ਦੇ ਘੋੜੇ ਦੀ ਵਰਤੋਂ ਕਰਦਾ ਹੈ। ਮਸ਼ੀਨ ਦੀ ਵਰਤੋਂ  ਕਰਦਿਆਂ ਹੋਇਆਂ ਮਨੁੱਖ ਖੁਦ ਵੀ ਮਸ਼ੀਨ ਵਰਗਾ ਹੋ ਗਿਆ ਹੈ ਅਤੇ ਇਸਦੀ ਸੋਚ ਵਿੱਚ ਸਮਾਜ ਭਲਾਈ ਦੀ ਥਾਂ ਨਿੱਜਵਾਦ ਦਾ ਕੀੜਾ ਹੀ ਘਰ ਬਣਾਕੇ ਬੈਠਿਆ ਦਿਖਾਈ ਦਿੰਦਾ ਹੈ ।

ਪੁਰਾਣੇ ਵਕਤਾਂ ਵਿੱਚ ਸਮਾਜ ਦੇ ਤਿ੍ਸਕਾਰੇ ਡਾਕੂ ਅਤੇ ਵੈਲੀ ਕਿਸਮ ਦੇ ਬੰਦੇ ਵੀ ਉੱਚੇ ਆਚਰਨ ਦੀਆਂ ਮਿਸਾਲਾਂ ਪੇਸ ਕਰਦੇ ਸਨ ਪਰ ਵਰਤਮਾਨ ਸਮਾਜ ਦੇ ਧਾਰਮਿਕ ਅਖਵਾਉਂਦੇ ਰਹਿਬਰਾਂ ਤੋਂ ਵੀ ਡਰ ਲੱਗਦਾ ਹੈ। ਅੱਜ ਕਲ ਦੇ ਸਮਾਜ ਸੇਵੀ ਅਖਵਾਉਣ ਵਾਲੇ ਲੋਕ ਵੀ ਲੁਟੇਰਿਆਂ ਨੂੰ  ਮਾਤ ਪਾਈ ਜਾਂਦੇ ਹਨ। ਲੋਕ ਸੇਵਕ ਬਣੇ ਰਾਜਨੀਤਕ ਲੋਕ  ਲੋਕ ਸੇਵਾ ਦੀ ਥਾਂ ਦੇਸ ਵੇਚਣ ਵਰਗੇ ਕੰਮ ਕਰੀ ਜਾ ਰਹੇ ਹਨ । ਲੋਕਸੇਵਾ ਵਿੱਚੋਂ ਪਰਿਵਾਰ ਸੇਵਾ ਕਰਕੇ ਹੀ ਅਤੇ ਲੋਕਾਂ ਨੂੰ ਲਾਰਿਆਂ ਵਿੱਚ ਹੀ ਜ਼ਿੰਦਗੀ ਜਿਉਣ ਲਈ ਮਜਬੂਰ ਕਰ ਦਿੰਦੇ ਹਨ।               
                 
ਵਰਤਮਾਨ ਸਮਾਜ ਵਿੱਚ ਬਿਮਾਰਾਂ ਦੀ ਸੇਵਾ ਕਰਨ ਵਾਲਾ ਡਾਕਟਰ ਵਰਗ ਦਾ ਵੱਡਾ ਹਿੱਸਾ ਬੁਚੜ ਕਿਸਮ ਦੇ ਲੋਕਾਂ ਨੂੰ ਮਾਤ ਪਾਈ ਜਾ ਰਿਹਾ ਹੈ । ਬਿਮਾਰ ਲੋਕ ਇਲਾਜ ਕਰਵਾਉਣ ਜਾਂਦੇ ਹਨ  ਇਲਾਜ ਹੋਵੇ ਨਾਂ ਹੋਵੇ ਘਰ ਜਰੂਰ ਲੁਟਾ ਆਉਂਦੇ ਹਨ। ਪੁਰਾਤਨ ਸਮੇਂ ਦੇ ਵੈਦ ਕਿਸਮ ਦੇ ਲੋਕ ਹਮਦਰਦੀ ਨਾਲ ਭਰੇ ਹੋਏ ਰਹਿਮ ਦਿਲ ਹੁੰਦੇ ਸਨ । ਪੈਸੇ ਕਮਾਉਣ ਦੀ ਥਾਂ ਬਿਮਾਰ ਦੇ ਇਲਾਜ ਨੂੰ ਪਹਿਲ ਦਿੰਦੇ ਸਨ ਪਰ ਵਰਤਮਾਨ ਵਿੱਚ ਖਤਰਨਾਕ ਹਾਲਤ ਵਿੱਚ ਪਹੁੰਚੇ ਹੋਏ ਬਿਮਾਰਾਂ ਨੂੰ ਮੁਢਲੀ ਸਹਾਇਤਾ ਵੀ ਦੇਣ ਤੋ ਗੁਰੇਜ ਕੀਤਾ ਜਾਂਦਾ ਹੈ ਜਦ ਤੱਕ ਨਗਦੀ ਦੀਆਂ ਰਸੀਦਾਂ ਨਹੀਂ ਦਿਖਾਈਆਂ ਜਾਂਦੀਆਂ ।

ਪੁਰਾਣੇ ਵਕਤਾਂ ਦੇ ਸਭਿਆਚਾਰ ਵਿੱਚ ਆਂਢ ਗੁਆਂਢ ਦੇ ਕਿਸੇ ਵੀ ਘਰ ਕੋਈ ਦੁੱਖ ਦੀ  ਘੜੀ ਸਾਰੇ ਲੋਕ ਇਕੱਠੇ ਹੋ ਜਾਂਦੇ ਸਨ ਪਰ ਅੱਜਕਲ ਸੜਕਾਂ ਤੇ ਤੜਫਦੇ ਇਨਸਾਨ ਨੂੰ ਵੀ ਕੋਈ ਨਹੀਂ ਚੁਕਦਾ ਸਗੋਂ ਨਾ ਚੁੱਕਣ ਦੇ ਹੱਕ ਵਿੱਚ ਅਨੇਕਾਂ ਦਲੀਲਾਂ ਦੇਣ ਲੱਗਦੇ ਹਨ। ਸਾਡੇ ਵਰਤਮਾਨ ਸਮਾਜ  ਦਾ ਸਭ ਤੋਂ ਸਿਆਣਾ ਅਖਵਾਉਣ ਵਾਲ ਪੜਿਆ  ਲਿਖਿਆ ਨੌਕਰੀ ਪੇਸਾ ਵਰਗ ਤਾਂ ਏਨਾਂ  ਬੇਰਹਿਮ ਹੋ  ਗਿਆ ਹੈ  ਜੋ ਗਰੀਬ ਲੋਕਾਂ ਦੀਆਂ ਮੱਦਦ ਦੀਆਂ ਸਕੀਮਾਂ ਵਾਲਾ ਪੈਸਾ ਖਾਣ ਤੋਂ ਵੀ ਗੁਰੇਜ਼ ਨਹੀਂ ਕਰਦਾ । ਗਰੀਬ ਲੋਕਾਂ ਲਈ ਸਰਕਾਰੀ ਸਹਾਇਤਾ ਵਾਲੇ ਅਨਾਜ ਤੱਕ ਨੂੰ ਮੁਨਾਫਿਆਂ ਲਈ ਗਰੀਬਾਂ ਦੀ ਥਾਂ  ਬਜ਼ਾਰਾਂ ਵਿੱਚ ਵੇਚ ਜਾਣ ਵਾਲਿਆਂ ਨੂੰ ਕਿਹੜੀ ਤਰੱਕੀ ਕਿਹੜੀ ਵਿੱਦਿਆ  ਦਾ ਨਾਂ ਦੇਈਏ ।ਸਮਾਜ ਦੇ ਇਸ ਸਿਆਣੇ ਅਖਵਾਉਂਦੇ ਮੁਲਾਜ਼ਮ ਵਰਗ ਨੇ ਹੀ ਤਾਂ ਦੇਖਣਾਂ ਸੀ ਅਤੇ ਸੇਧ ਦੇਣੀ ਸੀ ਕਿ ਸਮਾਜ ਵਿੱਚ ਬਰਾਬਰਤਾ ਦੀ ਨੀਂਹ ਰੱਖਣ ਲਈ ਆਮ ਲੋਕਾਂ ਦਾ ਜੀਵਨ ਪੱਧਰ ਵੀ ਉਹਨਾਂ ਦੇ ਬਰਾਬਰ ਹੋਣਾਂ ਚਾਹੀਦਾ ਹੈ ਨਹੀਂ ਤਾਂ ਅਸਾਵੇਂਪਣ ਨਾਲ ਸਮਾਜ ਵਿੱਚ ਸਦਾ ਅਰਾਜਕਤਾ ਦਾ ਲਾਵਾ ਜਮਾਂ ਹੁੰਦਾ ਜਾਵੇਗਾ ।

ਸਮਾਜ ਦੇ ਇਸ ਵਰਗ ਦਾ ਜੀਵਨ ਪੱਧਰ ਆਮ ਲੋਕਾਂ ਨਾਲੋਂ ਕਈ ਗੁਣਾ ਚੰਗਾ ਹੋਣ ਦੇ ਬਾਵਜੂਦ ਵੀ ਇਹਨਾਂ ਦਾ  ਢਿੱਡ ਨਹੀਂ ਭਰਦਾ ਸਗੋਂ ਭਿ੍ਰਸਟਾਚਾਰ ਕਰਨ ਦੇ ਨਾਲ ਨਾਲ ਨਿੱਤ ਦਿਨ ਕਿਸੇ ਨਾਂ ਕਿਸੇ ਬਹਾਨੇ ਆਪਣੀਆਂ ਤਨਖਾਹਾਂ ਵਧਾਉਣ ਦੇ ਜੁਗਾੜ ਹੀ ਕਰਦੇ ਰਹਿੰਦੇ ਹਨ ਕਦੇ ਮਹਿੰਗਾਈ ਦੇ ਨਾਂ ਤੇ ਕਦੇ ਇੱਕ ਰੈਂਕ ਇੱਕ ਤਨਖਾਹ ਜਾਂ ਕੋਈ ਹੋਰ ਬਹਾਨਾ।  ਆਮ ਲੋਕ ਜ਼ਿੰਦਗੀ ਬਤੀਤ ਵੀ ਮੁਸ਼ਕਲ ਨਾਲ ਕਰਦੇ ਹਨ, ਉਹਨਾਂ ਬਾਰੇ ਸੋਚਣਾਂ ਹੀ ਛੱਡ ਦਿੱਤਾ ਹੈ ਦੇਸ ਦੀ ਬਾਬੂਸਾਹੀ ਨੇ।

ਦੇਸ ਦੇ ਰਾਜਨੀਤਕ ਲੋਕਤੰਤਰ ਦੇ ਨਾਂ  ਤੇ ਸਮਾਜ ਨੂੰ ਪਾਟੋਧਾੜ ਕਰਨ ਵਿੱਚ ਹੀ ਸਮਾਜ ਭਲਾਈ ਦਾ ਨਾਅਰਾ ਬੁਲੰਦ ਕਰਦੇ ਰਹਿੰਦੇ ਹਨ। ਸਮਾਜ ਦੇ ਵਿੱਚ ਵੱਖ ਵੱਖ ਵਰਗਾਂ ਨੂੰ ਰਿਆਇਤਾਂ ਦੇ ਸਬਜ਼ ਬਾਗ ਦਿਖਾਉਣੇ ਅਤੇ ਇੱਕ ਦੂਸਰੇ ਨਾਲ ਰਲਣ ਨਾ ਦੇਣਾ ਹੀ ਇਹਨਾਂ ਦੀ ਨੀਤੀ ਹੈ ਭਾਵੇਂ ਕਹਿਣ ਨੂੰ ਏਕਤਾ ਦਾ ਰਾਗ ਅਲਾਪਦੇ ਰਹਿੰਦੇ ਹਨ। ਹਾਥੀ ਦੇ ਦੰਦ ਖਾਣ ਵਾਲੇ ਹੋਰ ਦਿਖਾਉਣ ਵਾਲੇ ਹੋਰ ਵਾਂਗ ਸਾਰਾ ਸਮਾਜ ਹੀ  ਦੋਗਲਾ ਕਿਰਦਾਰ ਰੱਖਣ ਵੱਲ ਤੁਰਦਾ ਜਾ ਰਿਹਾ ਹੈ।ਇਸ ਤਰਾਂ ਦਾ ਸਮਾਜ ਨੂੰ ਕੀ ਤਰੱਕੀ ਵਾਲਾ ਸਮਾਜ ਕਿਹਾ ਜਾਵੇ ਜਾਂ ਕੁੱਝ ਹੋਰ । ਜੇ ਸਮਾਜ ਦਾ ਆਚਰਨ ਇਸ ਰਾਹ ਤੇ ਹੀ ਤੁਰਦਾ ਰਿਹਾ ਤਾਂ ਸ਼ਾਇਦ ਭਵਿੱਖ ਵਿੱਚ ਮਨੁੱਖ ਨੂੰ ਕੋਈ ਨਵਾਂ ਹੀ ਨਾਂ ਦੇਣਾ ਪਵੇ। ਖੁਦਾ ਖੈਰ ਕਰੇ ਦੀ ਕਾਮਨਾ ਹੀ ਕੀਤੀ ਜਾ ਸਕਦੀ ਹੈ।    

ਸੰਪਰਕ: +91 94177 27245

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ