Fri, 19 April 2024
Your Visitor Number :-   6984985
SuhisaverSuhisaver Suhisaver

ਸਰਾਪੀ ਹਵੇਲੀ -ਕ੍ਰਿਸ਼ਨ ਬੇਤਾਬ

Posted on:- 06-06-2012

suhisaver

ਗਲ ਵਿੱਚ ਐਨਕ ਦਾ ਫੀਤਾ ਲਮਕਾਉਣ, ਸਿਰ ‘ਤੇ ਟੋਪੀ ਪਾਉਣ ਅਤੇ ਬਦਨ ਨੂੰ ਇੱਤਰਾਂ ਨਾਲ ਮਹਿਕਾਉਣ  ਦੇ ਸ਼ੌਕੀਨੀ 79 ਸਾਲ ਦੀ ਉਮਰ ਵਿੱਚ ਵੀ ਜੁਆਨ ਦਿਖਣ ਵਾਲੇ ਕ੍ਰਿਸ਼ਨ ਬੇਤਾਬ ਉਰਦੂ ਅਤੇ ਪੰਜਾਬੀ ਦੇ ਕਹਾਣੀਕਾਰ ਹਨ। ਇਨ੍ਹਾਂ ਹੁਣ ਤੱਕ 10 ਕਿਤਾਬਾਂ ਲਿਖ ਕੇ ਪੰਜਾਬੀ ਅਤੇ ਉਰਦੂ ਸਾਹਿਤ ਵਿੱਚ ਆਪਣੀ ਵਿਸ਼ੇਸ਼ ਥਾਂ ਬਣਾਈ ਹੈ, ਜਿਨ੍ਹਾਂ ਵਿੱਚ  ‘ਸੂਰਜ ਸਲਾਮ ਕਰਦਾ ਹੈ’, ‘ਲਹੂ ਦਾ ਦਰਿਆ’, ‘ਕੇਸਰ ਦੀ ਖ਼ੂਸਬੂ’, ‘ਲਮਹੋਂ ਕੀ ਦਾਸਤਾਂ’(ਉਰਦੂ),’ ਆਪਣੀ ਆਪਣੀ ਜੰਗ’,  ‘ਸੂਰਜ ਦਾ ਸਫ਼ਰ’ (ਸਵ੍ਹੈ ਜੀਵਨੀ) ਅਤੇ ‘ਇਤਿਹਾਸ ਰਿਆਸਤੇ ਜੀਂਦ- ਸੰਗਰ ਤੋਂ ਸਤਬੀਰ’ ਵਿਸ਼ੇਸ਼  ਜ਼ਿਕਰਯੋਗ ਹਨ। ਇਨ੍ਹਾਂ ਨੂੰ ਸਿੱਖਿਆ ਅਤੇ ਸਾਹਿਤ ਦੇ ਖੇਤਰ ਵਿੱਚ ਪਾਏ ਉੱਘੇ ਯੋਗਦਾਨ ਸਦਕਾ 1982 ਵਿੱਚ ਪੰਜਾਬ ਸਰਕਾਰ ਵੱਲੋਂ ਸਟੇਟ ਐਵਾਰਡ ਅਤੇ 1988 ਵਿੱਚ ਭਾਰਤ ਦੇ ਰਾਸ਼ਟਰਪਤੀ ਡਾ.  ਸ਼ੰਕਰ ਦਿਆਲ ਸ਼ਰਮਾ ਵੱਲੋਂ ਨੈਸ਼ਨਲ ਐਵਾਰਡ ਦੇ ਕੇ ਨਿਵਾਜ਼ਿਆ ਜਾ ਚੁੱਕਾ ਹੈ।ਇਨ੍ਹੀਂ ਦਿਨੀਂ, ਪਿਛਲੇ ਅੱਠ ਵਰ੍ਹਿਆਂ ਤੋਂ ਇਹ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸੰਗਰੂਰ ਵਿਖੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਚਲਾਈ ਜਾ ਰਹੀ ਉਰਦੂ ਆਮੋਜ਼ ਦੀ ਕਲਾਸ ਵਿੱਚ ਵਿਦਿਆਰਥੀਆਂ ਨੂੰ ਉਰਦੂ ਸਿਖਾ ਰਹੇ ਹਨ। ਪੇਸ਼ ਏ ਨਜ਼ਰ ਹੈ ‘ਸੂਹੀ ਸਵੇਰ’ ਦੇ ਪਾਠਕਾਂ ਲਈ ਉਹਨਾਂ ਦੀ ਇਹ ਕਹਾਣੀ।  
 


ਜਿਸ
ਵੇਲੇ ਇਸ ਸ਼ਹਿਰ ਨੂੰ ਆਬਾਦ ਕੀਤਾ ਜਾ ਰਿਹਾ ਸੀ, ਉਸ ਵੇਲੇ ਉਸ ਦੀ ਵਿਉਂਤ ਇਸ ਪ੍ਰਕਾਰ ਬਣਾਈ ਜਾ ਰਹੀ ਸੀ ਕਿ ਇਹ ਸ਼ਹਿਰ ਇੱਕ ਨਮੂਨੇ ਦਾ ਸ਼ਹਿਰ ਉੱਭਰ ਕੇ ਸਾਹਮਣੇ ਆਵੇ। ਵਸਾਇਆ ਜਾ ਰਿਹਾ ਸ਼ਹਿਰ ਕਦੇ ਇੱਕ ਗੁੰਮਨਾਮ ਜਿਹਾ ਛੋਟਾ ਕਸਬਾ ਸੀ। ਅੰਗਰੇਜ਼ਾਂ ਨੂੰ ਰਿਆਸਤ ਦੀ ਰਾਜਧਾਨੀ ਲਾਹੌਰ ਤੋਂ ਦੂਰ ਪੈਂਦੀ ਸੀ, ਖ਼ਾਸ ਕਰ ਗਰਮੀਆਂ ਵਿੱਚ ਅੰਗਰੇਜ਼ਾਂ ਲਈ ਇਸ ਦਾ ਦੌਰਾ ਕਰਨਾ ਮੁਸੀਬਤ ਤੋਂ ਘੱਟ ਨਹੀਂ ਸੀ। ਰਾਜਾ ਵੀ ਆਪਣੀ ਜਾਤ-ਬਰਾਦਰੀ ਵਾਲਿਆਂ ਤੋਂ ਦੂਰ ਸੀ। ਰਾਜਾ ਸਿੱਖ ਸੀ ਤੇ ਪ੍ਰਜਾ ਹਿੰਦੂ, ਪਰ ਹਿੰਦੂ-ਸਿੱਖ ਉਸ ਦੀਆਂ ਅੱਖਾਂ ਦੇ ਸਮਾਨ ਸਨ। ਭੇਦ-ਭਾਵ ਤਾਂ ਉਸ ਜ਼ਮਾਨੇ ਵਿੱਚ ਸੋਚਿਆ ਵੀ ਨਹੀਂ ਜਾ ਸਕਦਾ ਸੀ।

ਨਵੀਂ ਰਾਜਧਾਨੀ ਵਾਲੀ ਥਾਂ ਰਾਜੇ ਨੂੰ ਬੜੀ ਪਸੰਦ ਸੀ। ਧਰਤੀ ਉਪਜਾਊ ਸੀ ਤੇ ਚਾਰੇ ਪਾਸੇ ਹਰਿਆਲੀ ਹੀ ਹਰਿਆਲੀ ਸੀ। ਨਕਸ਼ੇ ਬਣ ਚੁੱਕੇ ਸਨ। ਉਸਾਰੀ ਆਰੰਭ ਹੋ ਚੁੱਕੀ ਸੀ। ਰਾਜਧਾਨੀ ਹੌਲੀ-ਹੌਲੀ ਯੋਜਨਾਬੰਦ ਤਰੀਕੇ ਨਾਲ ਆਪਣੀ ਹੋਂਦ ਵੱਲ ਵਧ ਰਹੀ ਸੀ। ਪ੍ਰਜਾ ਆਪਣੇ ਰਾਜੇ ਨੂੰ ਵਿਸ਼ਨੂੰ ਦਾ ਅਵਤਾਰ ਮੰਨਦੀ ਸੀ ਅਤੇ ਉਸ ਦਾ ਹਰ ਹੁਕਮ ਫ਼ਰਮਾਨ ਹੋਇਆ ਕਰਦਾ ਸੀ।



ਬਾਜ਼ਾਰ, ਚੁਰਸਤੇ, ਬਾਗ਼-ਬਗ਼ੀਚੇ, ਫ਼ੁਹਾਰੇ, ਮਹਿਲ-ਮਾੜੀਆਂ, ਤਲਾਅ, ਨਹਿਰਾਂ, ਗੁਰਦੁਆਰੇ, ਮੰਦਰ-ਮਸੀਤਾਂ ਤੋਂ ਇਲਾਵਾ ਸ਼ਾਹੀ ਦਰਬਾਰ ਦੀ ਇਮਾਰਤ, ਸ਼ਾਹੀ ਕਿਲਾ, ਫ਼ੌਜੀਆਂ ਲਈ ਛਾਉਣੀ, ਤੋਪਖ਼ਾਨਾ, ਘੰਟਾਘਰ ਅਤੇ ਹੋਰ ਅਣਗਿਣਤ ਇਮਾਰਤਾਂ ਤੇ ਭਵਨ ਜੰਗੀ ਪੱਧਰ 'ਤੇ ਖੁੰਬਾਂ ਵਾਂਗ ਉੱਭਰ ਰਹੇ ਸਨ। ਅਹਿਲਕਾਰ, ਜੋ ਇਮਾਨਦਾਰ ਸਨ ਤੇ ਜਿਨ੍ਹਾਂ ਵਿੱਚ ਸਮਰੱਥਾ ਨਹੀਂ ਸੀ ਕਿ ਪੁਰਾਣੀ ਰਾਜਧਾਨੀ ਤੋਂ ਉਜੜ ਕੇ ਨਵੀਂ ਰਾਜਧਾਨੀ ਵਿੱਚ ਵੱਸ ਜਾਣ, ਉਨ੍ਹਾਂ ਅਮੀਰਾਂ, ਸਰਦਾਰਾਂ ਅਤੇ ਅਹਿਲਕਾਰਾਂ ਨੂੰ ਰਾਜੇ ਨੇ ਆਪਣੇ ਖਰਚੇ 'ਤੇ ਕੋਠੀਆਂ ਅਤੇ ਹਵੇਲੀਆਂ ਬਣਵਾ ਕੇ ਦਿੱਤੀਆਂ।

ਗੈਸਟ ਹਾਊਸ, ਕੁੱਤਾਖ਼ਾਨਾ, ਹਾਥੀਖ਼ਾਨਾ, ਫਰਾਸ਼ਖ਼ਾਨਾ, ਬੱਘੀਖ਼ਾਨਾ, ਲੱਸੀਖ਼ਾਨਾ, ਜਲੌਅਖ਼ਾਨਾ, ਤੋਸ਼ਾਖ਼ਾਨਾ, ਅਸਤਬਲ ਆਦਿ ਜੋ ਰਾਜੇ ਦੀਆਂ ਨਿੱਜੀ ਇਮਾਰਤਾਂ ਉਸਾਰੀ ਅਧੀਨ ਸਨ, ਇਨ੍ਹਾਂ ਨਾਲ ਜਨਤਾ ਲਈ ਵੀ ਸ਼ਫਾਖ਼ਾਨਾ, ਪਸ਼ੂਆਂ ਲਈ ਹਸਪਤਾਲ, ਸਕੂਲ, ਕਾਲਜ, ਦਖ਼ਤਰ, ਕੋਰਟ-ਕਚਹਿਰੀਆਂ ਤੇ ਕਾਲ ਪੈ ਜਾਣ 'ਤੇ ਅਨਾਜ ਸਾਂਭਣ ਲਈ ਅਨਾਜ ਘਰ, ਯਤੀਮਖ਼ਾਨਾ, ਅਪਾਹਜ ਘਰ ਵੀ ਉਸੇ ਤੇਜ਼ੀ ਨਾਲ ਬਣਾਏ ਜਾ ਰਹੇ ਸਨ।

ਇਸ ਤੋਂ ਇਲਾਵਾ ਸ਼ਹਿਰ ਦੇ ਬਾਹਰ-ਬਾਹਰ, ਪਰਕੋਟਾ (ਪੱਕੀ ਫਸੀਲ) ਤਿਆਰ ਹੋ ਰਹੀ ਸੀ। ਚਾਰ ਬਾਜ਼ਾਰ ਅਤੇ ਚਾਰ ਹੀ ਵੱਡੇ ਜੰਗੀ ਦਰਵਾਜ਼ੇ, ਜੋ ਰਾਤ ਨੂੰ ਬੰਦ ਕਰ ਦਿੱਤੇ ਜਾਂਦੇ ਸਨ ਅਤੇ ਸ਼ਹਿਰ ਡੱਬੀ ਵਾਂਗ ਬੰਦ ਹੋ ਜਾਇਆ ਕਰਦਾ ਸੀ। ਫ਼ਸੀਲ ਦੇ ਇਰਦ-ਗਿਰਦ ਪਾਣੀ ਦੀ ਨਹਿਰ, ਸ਼ਹਿਰ ਦੀ ਸੁਰੱਖਿਆ ਲਈ ਬਣਾਈ ਜਾ ਰਹੀ ਸੀ। ਨਹਿਰ ਦੇ ਕੰਢੇ-ਕੰਢੇ ਸ਼ਹਿਰ ਵੱਲ ਖ਼ੂਬਸੂਰਤ ਪੌਦੇ ਖ਼ਾਸ ਤੌਰ 'ਤੇ ਲਗਾਏ ਜਾ ਰਹੇ ਸਨ, ਜੋ ਆਪਣੀ ਮਹਿਕ ਨਾਲ ਸ਼ਹਿਰੀਆਂ ਨੂੰ ਆਨੰਦ ਦਿੰਦੇ ਸਨ। ਰਾਤ ਦੀ ਰਾਣੀ, ਮੋਤੀਆ, ਚੰਪਾ ਤੇ ਚਮੇਲੀ ਰਾਤ ਨੂੰ ਸ਼ਹਿਰ ਨਿਵਾਸੀਆਂ ਲਈ ਕਾਮਪੋਜ ਦਾ ਕੰਮ ਕਰਦੇ ਸਨ, ਜਿਸ ਕਾਰਨ ਉਹ ਗਹਿਰੀ ਨੀਂਦ ਦਾ ਮਜ਼ਾ ਲੈਂਦੇ ਸਨ। ਮਕਾਨ ਉਸਾਰੀ ਵਿਭਾਗ ਦੇ ਅਹਿਲਕਾਰ ਦੂਜੇ ਪਾਸੇ ਸ਼ਹਿਰ ਨੂੰ ਆਬਾਦੀ ਕਰਨ ਹਿੱਤ, ਨਕਸ਼ਿਆਂ ਮੁਤਾਬਕ ਮੁਹੱਲੇ, ਦੁਕਾਨਾਂ ਤੇ ਬਸਤੀਆਂ ਦੀ ਆਬਾਦਕਾਰੀ ਦਾ ਸ੍ਰੀਗਣੇਸ਼ ਕਰ ਚੁੱਕੇ ਸਨ। ਪਲਾਟ ਕੱਟ-ਕੱਟ ਕੇ ਨਿਲਾਮੀਆਂ ਰਾਹੀਂ ਵੇਚੇ ਜਾ ਰਹੇ ਸਨ। ਨਿਲਾਮੀ ਦਾ ਕੰਮ ਬੜੀ ਸਫ਼ਲਤਾ ਨਾਲ ਚੱਲ ਰਿਹਾ ਸੀ, ਪਰ ਜਦੋਂ ਵੱਡੇ ਬਾਜ਼ਾਰ ਦੇ ਨਾਲ ਲੱਗਦੇ ਮੁਹੱਲਿਆਂ ਦੇ ਪਲਾਟ ਕੱਟ ਕੇ ਬੋਲੀ ਸ਼ੁਰੂ ਹੋਈ, ਸੂਈ ਉੱਥੇ ਆ ਕੇ ਅਟਕ ਗਈ। ਉਸ ਵੱਡੇ ਬਾਜ਼ਾਰ ਵਿੱਚ ਇੱਕ ਅਮੀਰ, ਬਾ-ਰਸੂਖ਼, ਖ਼ੂਬਸੂਰਤ ਤੁਆਇਫ ਦਾ ਕੋਠਾ ਸੀ, ਜਿਸ ਦਾ ਨਾਂ ਸੀ ਰੁਖ਼ਸਾਨਾ। ਰੁਖ਼ਸਾਨਾ ਚਾਹੁੰਦੀ ਸੀ ਕਿ ਉਹ ਬਾਜ਼ਾਰ ਤੋਂ ਉੱਠ ਕੇ ਨਾਲ ਲੱਗਦੀ ਨਵੀਂ ਕੱਟੀ ਗਈ ਬਸਤੀ ਵਿੱਚ ਇੱਕ ਪਲਾਟ ਖ਼ਰੀਦ ਕੇ ਬਾਜ਼ਾਰ ਤੋਂ ਰਾਤ ਨੂੰ ਓਟ ਵਿੱਚ ਆ ਜਾਏ। ਇਸ ਤਰ੍ਹਾਂ ਅਮੀਰਜ਼ਾਦਿਆਂ ਨੂੰ ਰੁਖ਼ਸਾਨਾ ਦੇ ਆਸ਼ਿਆਨੇ ਵਿੱਚ ਆਉਣ-ਜਾਣ ਦੀ ਆਸਾਨੀ ਹੋ ਜਾਏਗੀ। ਉਸ ਦੇ ਆਸ਼ਕਾਂ ਦਾ ਵੀ ਇਹੀ ਕਹਿਣਾ ਸੀ ਕਿ ਰੁਖ਼ਸਾਨਾ ਪਲਾਟ ਆਪ ਲੈ ਲਏ, ਉਸ ਨੂੰ ਸ਼ੀਸ਼ ਮਹਲ ਤਾਂ ਅਸੀਂ ਬਣਵਾ ਦੇਵਾਂਗੇ।

ਰੁਖ਼ਸਾਨਾ ਦੀ ਆਵਾਜ਼ ਕੋਇਲ ਵਰਗੀ ਸੀ, ਗਾਉਂਦੀ ਤਾਂ ਚੱਲਦਾ ਪਾਣੀ ਖਲੋ ਜਾਂਦਾ ਸੀ। ਆਦਮੀ ਦੀ ਔਕਾਤ ਹੀ ਕੀ ਸੀ? ਸੋਹਣੀ ਐਨੀ ਕਿ ਪਾਣੀ ਪੀਂਦੇ ਹੋਏ ਗਲੇ 'ਚੋਂ ਪਾਣੀ ਲੰਘਦਾ ਵਿਖਾਈ ਦਿੰਦਾ। ਸਾਂਚੇ 'ਚ ਢਲਿਆ ਸਰੀਰ। ਅਪਸਰਾ ਵੀ ਕੀ ਮੁਕਾਬਲਾ ਕਰੂ ਉਸ ਦੇ ਰੂਪ ਦਾ? ਮੋਤੀਆਂ ਵਰਗੇ ਦੰਦ, ਜਦ ਹੱਸਦੀ ਤਾਂ ਅੰਬਰੋਂ ਤਾਰੇ ਟੁੱਟ-ਟੁੱਟ ਡਿੱਗਦੇ। ਅੱਖਾਂ ਜਾਦੂ ਭਰੀਆਂ। ਜਿਸ ਨੂੰ ਤੱਕ ਲੈਂਦੀ, ਉਸ ਨੂੰ ਕੀਲ ਕੇ ਰੱਖ ਦਿੰਦੀ। ਦਰਿਆ ਦਿਲ ਸੱਚੀ-ਸੁੱਚੀ, ਬੋਲਾਂ ਦੀ ਪੱਕੀ। ਪੇਸ਼ਾ ਬੇਸ਼ੱਕ ਤੁਆਇਫ਼ ਦਾ ਸੀ, ਪਰ ਧੰਦੇ ਵਿੱਚ ਪੂਰੀ ਇਮਾਨਦਾਰ। ਹਰ ਕੋਈ ਉਸ ਦੀ ਸੂਰਤ ਤੇ ਸੀਰਤ ਦਾ ਦੀਵਾਨਾ ਸੀ। ਰੁਖ਼ਸਾਨਾ ਦੇ ਰੂਪ ਦੀ ਚਰਚਾ ਰਿਆਸਤ ਦੀਆਂ ਹੱਦਾਂ ਤੋਂ ਬਾਹਰ ਵੀ ਖ਼ੂਸ਼ਬੂ ਵਾਂਗ ਫੈਲੀ ਹੋਈ ਸੀ। ਅੰਦਰਖਾਤੇ ਵੱਡੇ-ਵੱਡੇ ਪ੍ਰਹੇਜ਼ਗਾਰ ਉਸ 'ਤੇ ਮਰਦੇ ਸਨ, ਪਰ ਉਨ੍ਹਾਂ ਦਾ ਇਸ ਮਾਮਲੇ ਵਿੱਚ ਵੱਸ ਨਹੀਂ ਚੱਲਦਾ ਸੀ।

ਜਦੋਂ ਰੁਖ਼ਸਾਨਾ ਆਪਣੇ ਦਾਸ-ਦਾਸੀਆਂ ਤੇ ਦਰ ਪਰਦਾ ਆਸ਼ਕਾਂ ਦੇ ਝੁਰਮਟ ਵਿੱਚ ਘਿਰੀ ਪਲਾਟ 'ਤੇ ਆਈ ਤਾਂ ਉਸ ਦੇ ਚਿਹਰੇ 'ਤੇ ਨਕਾਬ ਸੀ, ਉਹ ਵੀ ਬਾਰੀਕ ਜਾਲ ਦਾ, ਜਿਸ ਰਾਹੀਂ ਉਸ ਦੇ ਹੁਸਨ ਦੀਆਂ ਕਿਰਨਾਂ ਮਾਹੌਲ ਨੂੰ ਨੂਰੋ-ਨੂਰ ਕਰ ਰਹੀਆਂ ਸਨ। ਰੁਖ਼ਸਾਨਾ ਨੂੰ ਉੱਥੇ ਆਈ ਵੇਖ ਕੇ ਲੋਕ ਦੰਗ ਰਹਿ ਗਏ। ਸ਼ਹਿਰ ਦੇ ਮਹਾਜਨ, ਵਪਾਰੀ, ਬਾਬੂ, ਮੁਨਸ਼ੀ ਮੁਸੱਦੀ ਤੇ ਤਮਾਸ਼ਬੀਨ ਇੱਕ ਪਾਸੇ ਤੇ ਦੂਜੇ ਪਾਸੇ ਕੇਵਲ ਰੁਖ਼ਸਾਨਾ। ਪਲਾਟ ਦੀ ਬੋਲੀ ਸ਼ੁਰੂ ਹੋਈ। ਇੱਕ ਆਨੇ ਗਜ਼ ਦਾ ਹਜ਼ਾਰ ਗਜ਼ ਦਾ ਪਲਾਟ ਬੋਲੀ ਵਿੱਚ ਜਦ 12 ਆਨੇ ਗਜ਼ ਤੱਕ ਜਾ ਪੁੱਜਾ ਤਾਂ ਰੁਖ਼ਸਾਨਾ ਨੂੰ ਛੱਡ ਕੇ ਬਾਕੀ ਦੇ ਲੋਕ ਹੰਭ ਗਏ।

ਦੂਜੇ ਪਾਸੇ ਜਦ ਉੱਥੇ ਆਬਾਦ ਹੋਣ ਦੇ ਚਾਹਵਾਨਾਂ ਦੀਆਂ ਪਤਨੀਆਂ ਨੇ ਵੇਖਿਆ ਕਿ ਇੱਥੇ ਮਾਮਲਾ ਹੀ ਹੋਰ ਹੈ ਤਾਂ ਉਨ੍ਹਾਂ ਦੇ ਗ਼ੁੱਸੇ ਦੀ ਹੱਦ ਨਾ ਰਹੀ। ਉਨ੍ਹਾਂ ਦੇ ਗ਼ੁੱਸੇ ਦੀ ਲਹਿਰ ਸਾਰੇ ਸ਼ਹਿਰ ਵਿੱਚ ਫੈਲ ਗਈ। ਅਖੌਤੀ ਧਰਮ ਦੇ ਠੇਕੇਦਾਰਾਂ ਨੇ ਉੱਥੇ ਤੂਫਾਨ ਖੜਾ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਹੁਣ ਸਰਕਾਰ ਇੱਥੇ ਰੰਡੀਖ਼ਾਨਾ ਖੋਲ੍ਹਣ ਜਾ ਰਹੀ ਹੈ। ਤੁਰੰਤ ਸ਼ਰੀਫ ਸ਼ਹਿਰੀਆਂ ਦਾ ਇੱਕ ਜੱਥਾ ਵਜ਼ੀਰ ਮਕਾਨ ਉਸਾਰੀ ਦੀ ਕੋਠੀ 'ਤੇ ਜਾ ਪੁੱਜਾ ਤੇ ਫ਼ਰਿਆਦ ਕੀਤੀ ਅਤੇ ਔਰਤਾਂ ਨੇ ਦੁਹਾਈ ਪਾਈ ਕਿ ਹੁਣ ਸਰਕਾਰ ਮੁਹੱਲਿਆਂ ਵਿੱਚ ਰੰਡੀਆਂ ਨੂੰ ਵਸਾਊ। ਔਰਤਾਂ ਦੀ ਪੁਕਾਰ ਸੀ: ‘ਸਾਡਾ ਕੀ ਹੋਊ?’ ਫ਼ਰਿਆਦ ਸੁਣੀ ਗਈ, ਵਜ਼ੀਰ ਸਾਹਿਬ ਨੇ ਫ਼ਰਮਾਇਆ, ‘ਅਸੀਂ ਕਿਸੇ ਨੂੰ ਬੋਲੀ ਦੇਣ ਤੋਂ ਰੋਕ ਨਹੀਂ ਸਕਦੇ, ਬੋਲੀ ਕੋਈ ਵੀ ਦੇ ਸਕਦਾ ਹੈ। ਤੁਸੀਂ ਇੰਜ ਕਰੋ, ਸੇਠ ਧੰਨਾ ਨੂੰ ਕਹੋ ਕਿ ਵਜ਼ੀਰ ਸਾਹਿਬ ਨੇ ਕਿਹਾ ਹੈ, ਉਹ ਪਲਾਟ ਕਿਸੇ ਵੀ ਕੀਮਤ 'ਤੇ ਆਪਣੇ ਨਾਂ ਕਰਵਾ ਲਵੇ, ਜਿਸ 'ਤੇ ਰੁਖ਼ਸਾਨਾ ਦੀ ਬੋਲੀ ਲੱਗੀ ਹੋਈ ਹੈ।’

ਧੰਨੇ ਸੇਠ ਨੇ ਚਮੜੇ ਦੀਆਂ ਥੈਲੀਆਂ ਦੇ ਮੂੰਹ ਖੋਲ੍ਹ ਦਿੱਤੇ, ਚਾਂਦੀ ਦੇ ਰੁਪਿਆਂ ਦੇ ਢੇਰ ਲਾ ਦਿੱਤੇ। ਅਸ਼ਰਫੀ ਗਜ਼ ਦੇ ਹਿਸਾਬ ਨਾਲ ਪਲਾਟ ਖਰੀਦਣ ਵਾਲੀ ਰੁਖ਼ਸਾਨਾ ਆਖਰ ਹਾਰ ਗਈ ਤੇ ਜਾਂਦੀ-ਜਾਂਦੀ ਧੰਨੇ ਸੇਠ ਅੱਗੇ ਸਜਦਾ ਗੁਜ਼ਾਰਦੀ ਹੋਈ ਬੋਲੀ, ‘ਮੁਆਫ਼ ਕਰਨਾ ਸੇਠ ਜੀ, ਮੈਨੂੰ ਪਤਾ ਨਹੀਂ ਸੀ ਕਿ ਇਹ ਥਾਂ ਤੁਹਾਨੂੰ ਇੰਨੀ ਪਿਆਰੀ ਹੈ, ਨਹੀਂ ਤਾਂ ਕਨੀਜ਼ ਕਦੇ ਵੀ ਮੁਕਾਬਲੇ ਵਿੱਚ ਨਾ ਆਉਂਦੀ। ਇਹ ਪਲਾਟ ਆਪ ਨੂੰ ਮੁਬਾਰਕ ਹੋਵੇ।’

ਪਲਾਟ ਆਪਣੇ ਨਾਂ ਕਰਾ ਕੇ ਧੰਨਾ ਸੇਠ ਵਜ਼ੀਰ ਸਾਹਿਬ ਅੱਗੇ ਪੇਸ਼ ਹੋਏ ਅਤੇ ਅਰਜ਼ ਕੀਤੀ, ‘ਹਜ਼ੂਰ, ਹੁਕਮ ਦੀ ਪੂਰਤੀ ਹੋ ਗਈ ਹੈ, ਹੁਕਮ ਦਿਓ, ਉਸ ਪਲਾਟ ਦਾ ਕੀ ਕਰਨਾ ਹੈ?’

ਵਜ਼ੀਰ ਸਾਹਿਬ ਦਾ ਹੁਕਮ ਸੀ, ‘‘ਕਰਨਾ ਕੀ ਹੈ, ਆਪਣੇ ਲਈ ਸ਼ਾਨਦਾਰ ਹਵੇਲੀ ਬਣਵਾ ਲਓ।''
‘‘ਮਾਈ ਬਾਪ, ਹਵੇਲੀਆਂ ਤਾਂ ਪਹਿਲਾਂ ਹੀ ਬਹੁਤ ਹਨ।''

‘‘ਇੱਕ ਹੋਰ ਖ਼ੁਦ ਆਪਣੇ ਲਈ ਬਣਵਾ ਲਓ'', ਵਜ਼ੀਰ ਸਾਹਿਬ ਨੇ ਫ਼ਰਮਾਇਆ, ‘‘ਸਰਕਾਰ ਤੁਹਾਡੇ 'ਤੇ ਬਹੁਤ ਮਿਹਰਬਾਨ ਵੀ ਹੈ ਤੇ ਖ਼ੁਸ਼ ਵੀ, ਅੱਜ ਆਪ ਨੇ ਸਾਨੂੰ ਮੁਸ਼ਕਲ ਤੋਂ ਬਚਾਇਆ ਹੈ।''

ਰੁਖ਼ਸਾਨਾ ਜਦ ਬੋਲੀ ਹਾਰ ਕੇ ਆਪਣੇ ਹੁਜਰੇ ਵਿੱਚ ਦਾਖ਼ਲ ਹੋਈ ਤਾਂ ਇੱਕ ਜ਼ਖ਼ਮੀ ਔਰਤ ਵਾਂਗ ਸੀ, ਜਿਸ ਦਾ ਦਿਲ ਟੁੱਟ ਚੁੱਕਾ ਸੀ। ਸ਼ੀਸ਼ੇ ਨੂੰ ਹੀਰੇ ਦੀ ਕਣੀ ਨੇ ਵਿੱਚੋਂ ਚੀਰ ਕੇ ਰੱਖ ਦਿੱਤਾ। ਜਦੋਂ ਵੀ ਉਹ ਸਾਹ ਲੈਂਦੀ ਤਾਂ ਦਰਦ ਦੀ ਚੀਸ ਉਸ ਦੇ ਅੰਦਰੋਂ ਫੁੱਟ ਪੈਂਦੀ ਤੇ ਇੱਕ ਬਦ-ਦੁਆ ਮੱਲੋ-ਮੱਲੀ ਉਸ ਦੇ ਸੀਨੇ 'ਚੋਂ ਨਾ ਚਾਹੁੰਦੇ ਹੋਏ ਵੀ ਨਿਕਲ ਪੈਂਦੀ ਕਿ ‘‘ਜਾਹ ਸੇਠ, ਤੈਨੂੰ ਵੀ ਉਸ ਹਵੇਲੀ ਵਿੱਚ ਰਹਿਣ ਦਾ ਸੁੱਖ ਨਸੀਬ ਨਾ ਹੋਵੇ।''

ਸਮਾਂ ਨਦੀ ਦੇ ਪਾਣੀ ਵਾਂਗ ਪੁਲਾਂ ਹੇਠ ਦੀ ਲੰਘਦਾ ਰਿਹਾ। ਰੁਖ਼ਸਾਨਾ ਦਾ ਧੰਦਾ ਪੂਰੇ ਜੋਬਨ 'ਤੇ ਸੀ। ਦੂਜੇ ਪਾਸੇ ਵੇਖਦੇ ਹੀ ਵੇਖਦੇ ਉਸੇ ਪਲਾਟ 'ਤੇ ਇੱਕ ਵਿਸ਼ਾਲ ਤੇ ਸ਼ਾਨਦਾਰ ਹਵੇਲੀ ਬਣ ਕੇ ਤਿਆਰ ਹੋ ਗਈ। ਸੇਠ ਧੰਨਾ ਸ਼ਾਹ ਹਵੇਲੀ ਬਣਨ 'ਤੇ ਪੰਡਿਤਾਂ ਤੋਂ ਸਾਹਾ ਕੱਢਵਾ ਕੇ ਪੂਜਾ-ਪਾਠ, ਹਵਨ ਅਤੇ ਬ੍ਰਹਮ ਭੋਜ ਕਰਵਾ ਕੇ ਬੜੀਆਂ ਰੀਝਾਂ ਨਾਲ ਹਵੇਲੀ ਵਿੱਚ ਦਾਖ਼ਲ ਹੋਇਆ। ਹਾਲੇ ਉਸ ਹਵੇਲੀ ਦੀਆਂ ਚੁਗਾਠਾਂ ’ਤੇ ਅੰਬ ਦੇ ਪੱਤੇ ਖੰਮ੍ਹਣੀ ਨਾਲ ਬੰਨ੍ਹੇ ਸੁੱਕੇ ਨਹੀਂ ਸਨ ਕਿ ਦਿਲ ਦੇ ਘਾਤਕ ਦੌਰੇ ਨੇ ਸੇਠ ਦੀ ਜਾਨ ਲੈ ਲਈ। ਚਾਰੇ ਪਾਸੇ ਹਾਹਾਕਾਰ ਮੱਚ ਗਈ, ਜਿੰਨੇ ਮੂੰਹ, ਓਨੀਆਂ ਗੱਲਾਂ। ਕਈਆਂ ਦਾ ਕਹਿਣਾ ਸੀ ਕਿ ਸੇਠ ਦੀ ਮੌਤ ਰੁਖ਼ਸਾਨਾ ਦੀ ਦੁਰ-ਅਸੀਸ ਦਾ ਨਤੀਜਾ ਹੈ। ਰੁਖ਼ਸਾਨਾ ਨੂੰ ਸੱਚਮੁੱਚ ਸੇਠ ਦੇ ਮਰਨ ਦਾ ਬੜਾ ਦੁੱਖ ਹੋਇਆ। ਅੰਦਰੋਂ ਉਸ ਨੂੰ ਲੱਗਾ, ਜਿਵੇਂ ਰੱਬ ਨੇ ਬੜੇ ਨੇੜੇ ਹੋ ਕੇ ਉਸ ਦੀ ਸੁਣੀ ਹੋਵੇ। ਜਾਤ ਦੀ ਤੁਆਇਫ਼ ਸੀ। ਸਮਾਜ ਵਿੱਚ ਆਪਣੀ ਹੈਸੀਅਤ ਨੂੰ ਪਛਾਣਦੀ ਸੀ। ਬੇਸ਼ੱਕ ਅੰਦਰ ਲੋਕੀਂ ਉਸ 'ਤੇ ਮਰਦੇ ਸਨ, ਰੁਖ਼ਸਾਨਾ ਨੂੰ ਪਿਆਰ ਵੀ ਕਰਦੇ ਸਨ, ਪਰ ਇੱਕ ਲਛਮਣ ਰੇਖਾ ਵੀ ਸੀ, ਜਿਸ ਕਾਰਨ ਉਹ ਮਜਬੂਰ ਸਨ। ਇਸੇ ਤਰ੍ਹਾਂ ਰੁਖ਼ਸਾਨਾ ਵੀ ਸੇਠ ਦੇ ਘਰ ਸ਼ੋਕ ਪ੍ਰਗਟ ਕਰਨ ਜਾਣਾ ਚਾਹੁੰਦੀ ਸੀ, ਪਰ ਜਾ ਨਾ ਸਕੀ।

ਸਮਾਂ ਭਲਾ ਕਦੋਂ ਰੋਕੇ ਤੋਂ ਰੁਕਦਾ ਹੈ। ਕਾਲ ਦਾ ਚੱਕਰ ਆਪਣੀ ਚਾਲ ਚੱਲਦਾ ਰਿਹਾ, ਸਮੇਂ ਨੇ ਕਰਵਟ ਲਈ ਤੇ ਅੱਖ ਝਪਕਦੇ ਵਿੱਚ ਹੀ ਕੁਝ ਦਾ ਕੁਝ ਹੋ ਗਿਆ। ਦੇਸ਼ ਦੇ ਦੋ ਟੁਕੜੇ ਹੋ ਗਏ। ਇਸ ਵੰਡ ਨੇ ਵੇਖਦੇ ਹੀ ਵੇਖਦੇ ਸਭ ਕੁਝ ਉਲਟਾ ਪੁਲਟਾ ਕਰ ਦਿੱਤਾ। ਆਬਾਦੀ ਦੀ ਅਬਦਾ-ਬਦਲੀ ਵਿੱਚ ਗ਼ਰੀਬਾਂ ਤੇ ਬੇਗੁਨਾਹਾਂ ਦਾ ਘਾਣ ਹੋ ਗਿਆ। ਜਨੂੰਨੀ ਲੋਕਾਂ ਨੇ ਇਨਸਾਨੀਅਤ ਨੂੰ ਉਸ ਵੇਲੇ ਆਲੇ ਵਿੱਚ ਰੱਖ ਦਿੱਤਾ ਅਤੇ ਤਲਵਾਰ ਹੱਥ ਵਿੱਚ ਫੜ ਕੇ ਮਾਸੂਮਾਂ, ਔਰਤਾਂ ਅਤੇ ਬੱਚਿਆਂ ਨੂੰ ਗਾਜਰ-ਮੂਲੀ ਵਾਂਗ ਵੱਢ ਕੇ ਰਾਵੀ ਅਤੇ ਸਤਲੁਜ ਦਾ ਪਾਣੀ ਲਾਲ ਕਰ ਦਿੱਤਾ। ਉਸ ਦੁਖਾਂਤ ਵਿੱਚ ਰੁਖ਼ਸਾਨਾ ਵੀ ਨਾ ਬਚ ਸਕੀ। ਉਹ ਰੁਖ਼ਸਾਨਾ, ਜਿਸ ਨੇ ਕਦੇ ਜ਼ਮੀਨ 'ਤੇ ਪੈਰ ਨਹੀਂ ਰੱਖਿਆ ਸੀ, ਲਹੂ-ਲੁਹਾਨ ਪੈਰਾਂ ਨਾਲ ਪਾਕਿਸਤਾਨ ਵਿੱਚ ਆਪਣੇ ਇੱਕ ਆਸ਼ਕ ਨੂੰ ਲੈ ਕੇ ਦਾਖ਼ਲ ਹੋਈ।

ਇਸ ਰਾਜ ਪਲਟੇ ਵਿੱਚ ਜੋ ਲੋਕ ਫ਼ਕੀਰ ਸਨ, ਸ਼ਾਹ ਬਣ ਗਏ। ਜੋ ਸ਼ਾਹ ਸਨ, ਉਹ ਭਿਖਾਰੀ ਬਣ ਗਏ। ਰਿਆਸਤਾਂ ਟੁੱਟ ਗਈਆਂ, ਹਕੂਮਤ ਆਮ ਲੋਕਾਂ ਦੇ ਹੱਥਾਂ ਵਿੱਚ ਆ ਚੁੱਕੀ ਸੀ। ਪਿਆਦਿਆਂ ਨੇ ਸ਼ਾਹ ਨੂੰ ਮਾਤ ਦੇ ਦਿੱਤੀ ਸੀ। ਸ਼ਤਰੰਜ ਦੀ ਬਿਸਾਤ ਪਲਟ ਦਿੱਤੀ ਗਈ ਸੀ। ਜਦੋਂ ਤੱਕ ਟਿਕ-ਟਿਕਾਅ ਹੋਇਆ, ਉਦੋਂ ਤੱਕ ਬਹੁਤ ਕੁਝ ਬਦਲ ਚੁੱਕਾ ਸੀ। ਰਿਆਸਤ ਵਿੱਚ ਰੰਡੀਖ਼ਾਨੇ ਬੰਦ ਹੋ ਚੁੱਕੇ ਸਨ। ਰੌਲਾ ਤਾਂ ਇਹ ਵੀ ਸੀ ਕਿ ਸ਼ਰਾਬ ਤੇ ਅਫੀਮ ਦੇ ਠੇਕੇ ਬੰਦ ਹੋ ਜਾਣਗੇ, ਪਰ ਸ਼ਰਾਬ ਦੇ ਠੇਕੇ ਹੁਣ ਤੱਕ ਬੰਦ ਨਾ ਹੋ ਸਕੇ, ਅਫੀਮ ਦੇ ਠੇਕੇ ਜ਼ਰੂਰ ਬੰਦ ਹੋ ਗਏ ਸਨ। ਕੋਠੇ ਖਾਲੀ ਪਿੰਜਰਿਆਂ ਵਾਂਗ ਵੀਰਾਨ ਹੋ ਗਏ ਸਨ। ਹਾਂ, ਘੁੰਗਰੂਆਂ ਤੇ ਸਾਜ਼ਾਂ ਦੀ ਗੁੰਜਾਰ ਦਾ ਭੁਲੇਖਾ ਜ਼ਰੂਰ ਪੈਂਦਾ ਸੀ।

ਸੇਠ ਧੰਨੇ ਦੇ ਚਲਾਣਾ ਕਰ ਜਾਣ ਮਗਰੋਂ ਕੁਝ ਸਮੇਂ ਤੱਕ ਉਹ ਹਵੇਲੀ ਸੁੰਨਸਾਨ ਪਈ ਰਹੀ। ਹੁਣ ਛੋਟੇ ਸੇਠ ਹੁਰਾਂ ਦਾ ਉਹ ਦਬਦਬਾ ਨਹੀਂ ਰਿਹਾ ਸੀ, ਜੋ ਉਸ ਦੇ ਪਿਤਾ ਦਾ ਸੀ। ਖੁਸ਼ਾਮਦੀਆਂ ਨੇ ਵਿਗੜੇ ਇਕਲੌਤੇ ਪੁੱਤਰ ਨੂੰ ਆਪਣੇ ਹੱਥਾਂ ਵਿੱਚ ਬੋਚ ਲਿਆ, ਨਾ-ਤਜਰਬੇਕਾਰੀ ਕਰ ਕੇ ਦੌਲਤ ਉਸ ਦੇ ਹੱਥਾਂ ਵਿੱਚੋਂ ਰੇਤ ਵਾਂਗ ਨਿਕਲ ਗਈ। ਖ਼ਰਚੇ ਜ਼ਿਆਦਾ, ਆਮਦਨ ਘੱਟ, ਖਾਂਦੇ-ਪੀਂਦੇ ਤਾਂ ਖੂਹ ਖਾਲੀ ਹੋ ਜਾਂਦੇ ਹਨ। ਨੌਬਤ ਇੱਥੋਂ ਤੱਕ ਆ ਗਈ ਕਿ ਉਹ ਪਿਤਾ ਪੁਰਖੀ ਸ਼ਾਨਦਾਰ ਹਵੇਲੀ ਉਸ ਨੂੰ ਕਿਰਾਏ 'ਤੇ ਚੜ੍ਹਾਉਣੀ ਪੈ ਗਈ। ਸਬੱਬ ਨਾਲ ਕਿਰਾਏਦਾਰ ਵੀ ਅਜਿਹਾ ਵਿਅਕਤੀ ਮਿਲ ਗਿਆ, ਜਿਸ ਨੇ ਮੂੰਹ ਮੰਗਿਆ ਕਿਰਾਇਆ ਦੇ ਦਿੱਤਾ।
ਉਹ ਸ਼ਖ਼ਸ ਸੀ ਨਵਾਂ ਉੱਭਰ ਰਿਹਾ ਸ਼ਰਾਬ ਦਾ ਠੇਕੇਦਾਰ। ਪਹਿਲਾਂ ਅਫੀਮ ਦਾ ਠੇਕੇਦਾਰ ਸੀ, ਅਫੀਮ ਦੇ ਠੇਕੇ ਸਰਕਾਰ ਵੱਲੋਂ ਬੰਦ ਕਰ ਦਿੱਤੇ ਜਾਣ ਕਰ ਕੇ ਉਹ ਹੁਣ ਸ਼ਰਾਬ ਦਾ ਨਾਮੀ ਠੇਕੇਦਾਰ ਸੀ। ਠੇਕੇਦਾਰ ਨੂੰ ਹਵੇਲੀ ਕੀ ਮਿਲੀ, ਉਸ ਦੀਆਂ ਪੰਜੇ ਉਂਗਲਾਂ ਘਿਓ ਵਿੱਚ ਸਨ। ਉਸ ਨੂੰ ਕਾਰੋਬਾਰ ਵਿੱਚ ਇੰਨੀ ਸਫਲਤਾ ਮਿਲੀ ਕਿ ਦਿਨਾਂ ਵਿੱਚ ਨੋਟਾਂ ਦਾ ਮੀਂਹ ਵਰ੍ਹਨ ਲੱਗ ਪਿਆ। ਦੌਲਤਮੰਦ ਹੋਣ ਕਰ ਕੇ ਉਸ ਦਾ ਰਸੂਖ ਵੀ ਤਪਦੇ ਸੂਰਜ ਵਾਂਗ ਸੀ, ਕੀ ਮਜਾਲ ਕਿ ਕੋਈ ਅੱਖ ਮਿਲਾ ਸਕੇ। ਪੁਲਿਸ ਉਸ ਦੀ ਜੇਬ ਵਿੱਚ, ਇਸ ਕਰ ਕੇ ਦਾਦਾਗਿਰੀ ਵਿੱਚ ਹੌਸਲੇ ਬੁਲੰਦ ਸਨ। ਰੋਕਣ-ਟੋਕਣ ਵਾਲਾ ਉਸ ਠੇਕੇਦਾਰ ਨੂੰ ਕੋਈ ਨਹੀਂ ਸੀ, ਇਸ ਲਈ ਪੰਗੇ ਵੀ ਵੱਡੇ-ਵੱਡੇ ਲੈਂਦਾ। ਸ਼ਰਾਬ ਅਤੇ ਸ਼ਬਾਬ ਦਾ ਰਸੀਆ। ਰੋਜ਼ ਨਵੀਂ ਕੁੜੀ ਭਾਲਦਾ ਸੀ, ਜੂਏ ਦੀ ਆਦਤ ਕਰ ਕੇ ਦੂਰੋਂ-ਦੂਰੋਂ ਖਿਲਾੜੀ ਬ੍ਰੀਫਕੇਸ ਨੋਟਾਂ ਦੇ ਭਰ ਕੇ ਰੋਜ਼ ਹਵੇਲੀ ਵਿੱਚ ਆਉਂਦੇ ਤੇ ਖਾਲੀ ਹੱਥ ਉਥੋਂ ਜਾਂਦੇ।

ਆਖਰ ਹਰ ਚੀਜ਼ ਦੀ ਹੱਦ ਹੁੰਦੀ ਹੈ। ਇੱਕ ਰਾਤ ਜੂਏ ਦੀ ਹਾਰ-ਜਿੱਤ 'ਤੇ ਦਿੱਲੀ ਤੋਂ ਆਏ ਇੱਕ ਵਪਾਰੀ ਨਾਲ ਉਸ ਦਾ ਇੰਨਾ ਝਗੜਾ ਹੋਇਆ ਕਿ ਨੌਬਤ ਹੱਥੋਪਾਈ 'ਤੇ ਆ ਗਈ। ਉਸੇ ਹੱਥੋਪਾਈ ਵਿੱਚ ਠੇਕੇਦਾਰ ਦੇ ਹੱਥੋਂ ਉਸ ਦੇ ਪਿਸਤੌਲ ਦੀ ਗੋਲੀ ਨਾਲ ਵਪਾਰੀ ਦੀ ਮੌਤ ਹੋ ਗਈ। ਜਦੋਂ ਪੁਲਿਸ ਆਈ ਤਾਂ ਚੁਰਸਤੇ ਵਿੱਚ ਠੇਕੇਦਾਰ ਦਾ ਭਾਂਡਾ ਫੁੱਟ ਗਿਆ। ਹਵੇਲੀ 'ਚੋਂ ਪੰਜ ਕੁਆਰੀਆਂ ਮੁਟਿਆਰਾਂ ਮਿਲੀਆਂ, ਜਿਨ੍ਹਾਂ ਤੋਂ ਜਿਸਮ ਫਰੋਸ਼ੀ ਦਾ ਧੰਦਾ ਕਰਾਇਆ ਜਾਂਦਾ ਸੀ ਅਤੇ ਵੱਡੇ-ਵੱਡੇ ਸਰਕਾਰੀ ਅਫਸਰਾਂ ਤੋਂ ਅੜੇ ਕੰਮ ਕਢਵਾਏ ਜਾਂਦੇ ਸਨ। ਛਾਪੇ ਦੌਰਾਨ ਇਸ ਤੋਂ ਇਲਾਵਾ 2 ਲੱਖ ਰੁਪਏ ਨਕਦ, ਨਾਜਾਇਜ਼ 2 ਪਿਸਤੌਲ, ਮਣਾਂ-ਮੂੰਹੀ ਅਫੀਮ ਦੇ ਇਲਾਵਾ ਭੁੱਕੀ, ਗਾਂਜਾ ਤੇ ਚਰਸ ਬਰਾਮਦ ਹੋਏ।

ਮੁਹੱਲੇ ਵਾਲੇ ਜੋ ਠੇਕੇਦਾਰ ਤੋਂ ਅੰਤਾਂ ਦੇ ਦੁਖੀ ਸਨ, ਇਸ ਘਟਨਾ ਉਪਰੰਤ ਬੜਾ ਸੁਖੀ ਮਹਿਸੂਸ ਕਰ ਰਹੇ ਸਨ। ਉਦੋਂ ਡਰਦੇ ਜ਼ੁਬਾਨ ਨਹੀਂ ਖੋਲ੍ਹਦੇ ਸਨ, ਹੁਣ ਹਵੇਲੀ ਦੀ ਤਾਲਾਬੰਦੀ 'ਤੇ ਬੇਹੱਦ ਖੁਸ਼ ਸਨ। ਉਹ ਲੋਕ, ਜੋ ਰੁਖ਼ਸਾਨਾ ਨੂੰ ਇੱਥੇ ਪਲਾਟ ਨਹੀਂ ਲੈਣ ਦਿੰਦੇ ਸਨ, ਉਨ੍ਹਾਂ 'ਚੋਂ ਕੁਝ ਬੰਦੇ ਹਾਲੇ ਵੀ ਜਿਊਂਦੇ ਸਨ। ਉਹ ਸਾਰੇ ਇਸ ਕਾਂਡ ਮਗਰੋਂ ਇਕੱਠੇ ਹੋਏ ਅਤੇ ਆਪਸ ਵਿੱਚ ਚਰਚਾ ਕਰਨ ਲੱਗ ਪਏ। ਉਨ੍ਹਾਂ 'ਚੋਂ ਇੱਕ ਨੇ ਕਿਹਾ, ‘‘ਤਾਇਆ, ਤੂੰ ਹੀ ਸੀ, ਜਿਸ ਨੇ ਰੁਖ਼ਸਾਨਾ ਦਾ ਘੋਰ ਵਿਰੋਧ ਕੀਤਾ ਸੀ ਤੇ ਉਸ ਨੂੰ ਪਲਾਟ ਨਹੀਂ ਸੀ ਲੈਣ ਦਿੱਤਾ।''

‘ਹਾਂ ਭਾਈ, ਮੈਂ ਹੀ ਸੀ, ਪਰ ਅੱਜ ਮੈਨੂੰ ਰੁਖ਼ਸਾਨਾ ਦੀ ਬੜੀ ਯਾਦ ਆ ਰਹੀ ਹੈ। ਬੇਸ਼ੱਕ ਤੁਆਇਫ਼ ਸੀ, ਪਰ ਸੀ ਅਸੂਲਾਂ ਤੇ ਬੋਲਾਂ ਦੀ ਪੱਕੀ। ਅੱਜ ਵੇਖ ਲਓ।'' ਹਵੇਲੀ ਵੱਲ ਇਸ਼ਾਰਾ ਕਰਦਿਆਂ ਉਸ ਨੇ ਕਿਹਾ। ਇੱਕ ਨਹੀਂ, ਪੰਜ-ਪੰਜ ਕੁੜੀਆਂ ਬਰਾਮਦ ਹੋਈਆਂ ਇਸੇ ਹਵੇਲੀ ਵਿੱਚੋਂ। ਜਾਪਦਾ ਹੈ ਅੱਜ ਦੀ ਤਾਰੀਖ ਵਿੱਚ ਹਰ ਘਰ ਰੰਡੀਖ਼ਾਨਾ ਬਣਿਆ ਹੋਇਆ ਹੈ। ਰੁਖ਼ਸਾਨਾ ਬੇਸ਼ੱਕ ਧੰਦਾ ਕਰਦੀ ਸੀ, ਪਰ ਉਸ ਦੀਆਂ ਅੱਖਾਂ ਵਿੱਚ ਸ਼ਰਮ-ਲਿਹਾਜ਼ ਸੀ, ਜਦ ਵੀ ਬਾਹਰ ਨਿਕਲਦੀ, ਉਸ ਦੇ ਚਿਹਰੇ 'ਤੇ ਨਕਾਬ ਹੁੰਦਾ ਸੀ, ਸੱਚੇ ਦੀ ਰੱਬ ਜ਼ਰੂਰ ਸੁਣਦਾ ਹੈ, ਭਾਵੇਂ ਦੇਰ ਹੋ ਜਾਵੇ। ਦੱਸੋ, ਕਿਸ ਨੇ ਸੁੱਖ ਦਾ ਸਾਹ ਲਿਆ ਹੈ ਇਸ ਹਵੇਲੀ ਵਿੱਚ, ਜਦ ਦੀ ਬਣੀ ਹੈ। ਵੇਖ ਲੈਣਾ ਭਵਿੱਖ ਵਿੱਚ ਕਿਸੇ ਨੇ ਨਹੀਂ ਰਹਿਣਾ ਇਸ ਸਰਾਪੀ ਹਵੇਲੀ ਵਿੱਚ।’

ਸੰਪਰਕ:  93565 83521
ਸ਼ਿਵ ਹਰੇ ਨਿਵਾਸ, ਸੁਨਾਮੀ ਗੇਟ,
ਸੰਗਰੂਰ

Comments

Prof. Nirmal

betaab saab kamaal d kahani hai. Ene umar cha v tuhade walo kite ja rahe yatan aaj d nojwan pedi laye rah dasera hai.

ਮਨਪ੍ਰੀਤ

ਬਹੁਤ ਵਧੀਆ ਵਾਤਾਵਰਨ ਬੰਨਿਆ ਹੈ ਤੁਸੀ ਕਹਾਣੀ ਚ

Sarwan Singh

ਹਵੇਲੀਆਂ ਤਾਂ ਪਹਿਲਾਂ ਬਹੁਤ ਹਨ।''ਉਸ ਆਖਰ ਹਰ ਚੀਜ਼ ਦੀ ਹੱਦ ਹੁੰਦੀ ਹੈ। ਜ਼ਮਾਨੇ ..

Security Code (required)



Can't read the image? click here to refresh.

Name (required)

Leave a comment... (required)





ਕਹਾਣੀ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ