Thu, 18 April 2024
Your Visitor Number :-   6982118
SuhisaverSuhisaver Suhisaver

ਅਧੂਰਾ ਸੁਫ਼ਨਾ - ਗੁਰਤੇਜ ਸਿੱਧੂ

Posted on:- 25-03-2016

suhisaver

ਉਹ ਰਾਤ ਬੜੀ ਭਿਆਨਕ ਸੀ।ਬੱਦਲਾਂ ਸੀ ਗਰਜ ਅਤੇ ਚਮਕਦੀ ਬਿਜਲੀ ਇਸ ਨੂੰ ਹੋਰ ਵੀ ਖੌਫਨਾਕ ਬਣਾ ਰਹੀ ਸੀ।ਹਲਕੀ ਹਲਕੀ ਹੋ ਰਹੀ ਬਰਸਾਤ ਜਾਂਦੀ ਹੋਈ ਸਰਦੀ ਦਾ ਅਹਿਸਾਸ ਦਿਵਾਉਂਦੀ ਸੀ।ਰਾਤ ਦਾ ਇੱਕ ਵੱਜ ਗਿਆ ਸੀ, ਪਰ ਅਜੇ ਵੀ ਅੱਖਾਂ ‘ਚ ਨੀਂਦ ਦਾ ਨਾਮੋ ਨਿਸ਼ਾਨ ਸੀ ਪਤਾ ਨਹੀਂ ਕਿਉਂ ਬੇਚੈਨੀ ਵਧਦੀ ਜਾ ਰਹੀ ਸੀ ਤੇ ਮੈਂ ਆਪਣੇ ਕਮਰੇ ‘ਚ ਟਹਿਲਣਾ ਸ਼ੁਰੂ ਕਰ ਦਿੱਤਾ।ਮੇਰੇ ਕਮਰੇ ਦੀ ਬੱਤੀ ਜਗਦੀ ਦੇਖਕੇ ਮੇਰੇ ਮਾਪੇ ਸਮਝ ਰਹੇ ਸਨ ਕਿ ਮੈਂ ਕੱਲ ਦੇ ਪੇਪਰ ਦੀ ਤਿਆਰੀ ਵਿੱਚ ਮਗਨ ਹਾਂ ਪਰ ਮੈਂ ਤਾਂ….।

ਦਰਅਸਲ ਮੇਰੇ ਬਾਰਵੀਂ ਜਮਾਤ ਦੇ ਸਾਲਾਨਾ ਇਮਤਿਹਾਨ ਚੱਲ ਰਹੇ ਸਨ ਤੇ 23 ਮਾਰਚ ਹੋਣ ਕਾਰਨ ਪੇਪਰ ਹੋਣ ਦੇ ਬਾਵਜੂਦ ਦਿਨੇ ਸ਼ਹੀਦ ਭਗਤ ਸਿੰਘ ਦੀ ਸ਼ਹੀਦੀ ਸਬੰਧੀ ਪੜਦਾ ਅਤੇ ਟੀਵੀ ‘ਤੇ ਲੋਕਾਂ ਦੀਆਂ ਤਕਰੀਰਾਂ ਸੁਣਦਾ ਰਿਹਾ ਸਾਂ।ਉਨ੍ਹਾਂ ਦੀ ਜੀਵਨੀ ਅਤੇ ਅਭੁੱਲ ਦ੍ਰਿਸ਼ ਮੇਰੇ ਜ਼ਿਹਨ ਵਿੱਚ ਘੁੰਮ ਰਹੇ ਸਨ।

ਇਹ ਸੋਚ ਕੇ ਮੈਨੂੰ ਹੌਲ ਜਿਹੇ ਪੈਦੇ ਸਨ ਕਿ ਉਹ ਕਿਸ ਮਿੱਟੀ ਦੇ ਬਣੇ ਹੋਏ ਸਨ ਮੇਰੇ ਜੇਡੀ ਉਮਰ ‘ਚ ਹੀ ਉਨ੍ਹਾਂ ਨੇ ਇੰਨਾ ਅਧਿਐਨ ਕੀਤਾ ਤੇ ਸੰਘਰਸ਼ ਦਾ ਰਾਹ ਅਖਤਿਆਰ ਕੀਤਾ ਸੀ।ਕਾਫੀ ਦੇਰ ਬਾਅਦ ਨਾਲ ਦੇ ਕਮਰੇ ‘ਚੋਂ ਮਾਂ ਦੀ ਅਵਾਜ਼ ਕੰਨੀ ਪੁੱਤ ਸੌਂ ਜਾਹ ਹੁਣ ਨਹੀਂ ਤਾਂ ਕੱਲ ਨੂੰ ਪੇਪਰ ‘ਚ ਊਂਘੀ ਜਾਵੇਗਾ।ਬੱਤੀ ਬੁਝਾ ਕੇ ਮੈਂ ਬਿਸਤਰੇ ‘ਤੇ ਪੈ ਗਿਆ ਤੇ ਸੌਣ ਦੀ ਕੋਸ਼ਿਸ਼ ਕਰਨ ਲੱਗਾ,ਪਤਾ ਨਹੀਂ ਅੱਜ ਨੀਦ ਕਿਤੇ ਖੰਭ ਲਾਕੇ ਉੱਡ ਗਈ ਸੀ।

ਕਾਫੀ ਸਮੇਂ ਬਾਅਦ ਨੀਂਦ ਆਈ ਪਰ ਮੈਨੂੰ ਪਤਾ ਨਹੀਂ ਚੱਲਿਆ ਕਿਉਂਕਿ ਉਹੀ ਵਿਚਾਰ ਮੇਰੇ ਮਨ ‘ਤੇ ਭਾਰੂ ਸਨ।ਥੋੜਾ ਨਿਢਾਲ ਜਿਹਾ ਜਿਸਮ ਤੇ ਦਿਲ ‘ਚ ਸਮੋਇਆ ਦਰਦ ਜੋ ਬੇਚੈਨੀ ਦਾ ਸ਼ਿਕਾਰ ਲੱਗਦਾ ਸੀ।ਸਿਰ ‘ਤੇ ਬੰਨੀ ਘਸਮੈਲੀ ਜਿਹੀ ਪੱਗ ਕਿਸੇ ਗਰੀਬ ਬਾਪ ਕਿਹੀ ਜਾਪਦੀ ਸੀ ਜਿਸ ਦੀਆਂ ਧੀਆਂ ਗਰੀਬੀ ਕਾਰਨ ਉਸਦੇ ਬੂਹੇ ‘ਤੇ ਬੈਠੀਆਂ ਹੋਣ।ਫਿਰ ਵੀ ਉਸਦੀਆਂ ਅੱਖਾਂ ‘ਚ ਅਜੀਬ ਜਿਹੀ ਚਮਕ ਭਾ ਮਾਰ ਰਹੀ ਸੀ।ਹੱਥ ‘ਚ ਸਮਾਜਵਾਦ ਅਤੇ ਕ੍ਰਾਂਤੀ ਦੀਆਂ ਕਿਤਾਬਾਂ ਸਨ।ਹੌਲੀ ਹੌਲੀ ਉਸ ਮੁੱਛ ਫੁੱਟ ਨੌਜਵਾਨ ਦਾ ਚਿਹਰਾ ਮੇਰੇ ਕਰੀਬ ਆ ਰਿਹਾ ਸੀ ਤੇ ਮੈ ਇਹ ਦੇਖਕੇ ਹੈਰਾਨ ਰਹਿ ਗਿਆ ਸੀ ਇਹ ਤਾਂ ਸ. ਭਗਤ ਸਿੰਘ ਜੀ ਹਨ।ਉਨ੍ਹਾਂ ਨੂੰ ਅਚਾਨਕ ਸਾਹਮਣੇ ਦੇਖ ਕੇ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਹੁਣ ਮੈ ਕੀ ਕਰਾਂ।ਇਸੇ ਘਬਰਾਹਟ ‘ਚ ਹੀ ਉਨ੍ਹਾਂ ਨੂੰ ਮੈ ਫਤਹਿ ਬੁਲਾਈ ਤੇ ਬੈਠਣ ਲਈ ਕੁਰਸੀ ਅੱਗੇ ਕੀਤੀ।ਉਨ੍ਹਾਂ ਦੀ ਮੁਸਕੁਰਾਹਟ ਨੇ ਫਤਹਿ ਪ੍ਰਵਾਨ ਕੀਤੀ।ਹਾਲ ਚਾਲ ਦੇ ਨਾਲ ਉਨ੍ਹਾਂ ਮੇਰੀ ਪੜਾਈ ਬਾਰੇ ਪੁੱਛਿਆ ਤੇ ਮੈਂ ਥਿੜਕਦੀ ਅਵਾਜ਼ ‘ਚ ਕਿਹਾ ਜੀ…ਜੀ ਬਹੁਤ ਵਧੀਆ।ਫਿਰ ਮੈਂ ਉਨ੍ਹਾਂ ਨੂੰ ਚਾਹ ਪਾਣੀ ਪੁੱਛਿਆ ਪਰ ਉਨ੍ਹਾਂ ਇਹ ਕਹਿਕੇ ਮਨ੍ਹਾਂ ਕਰ ਦਿੱਤਾ ਕਿ ਅਜੇ ਨਹੀਂ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ।ਮੈਨੂੰ ਘਬਰਾਇਆ ਦੇਖ ਉਨ੍ਹਾਂ ਕਿਹਾ ਛੋਟੇ ਵੀਰ ਘਬਰਾ ਨਾ ਤੂੰ ਮੇਰੇ ਕੋਲ ਆਕੇ ਬੈਠ।ਉਨ੍ਹਾਂ ਸਾਹਮਣੇ ਬੈਠ ਕੇ ਮੇਰੀ ਇੰਨੀ ਹਿੰਮਤ ਨਹੀਂ ਸੀ ਕਿ ਉਨ੍ਹਾਂ ਦੀਆਂ ਮਿਸ਼ਾਲ ਤੋਂ ਵੀ ਤੇਜ ਚਮਕਦਾਰ ਅੱਖਾਂ ‘ਚ ਅੱਖਾਂ ਪਾਕੇ ਕੋਈ ਗੱਲ ਕਰ ਸਕਾਂ।

ਕਾਫੀ ਸਮੇਂ ਤੱਕ ਸਾਡੇ ਦੋਨਾਂ ‘ਚੋਂ ਕੋਈ ਕੁਝ ਨਾ ਬੋਲਿਆ ਤੇ ਬਾਹਰ ਪੈਦੀਆਂ ਕਣੀਆਂ ਦੀ ਅਵਾਜ਼ ਸਾਫ ਸੁਣਾਈ ਦੇ ਰਹੀ ਸੀ।ਆਖਿਰ ਮੈਂ ਚੁੱਪੀ ਤੋੜੀ ਜਿਵੇਂ ਉਹ ਇਹੀ ਉਡੀਕ ਰਹੇ ਹੋਣ।ਆਪਣੀ ਸ਼ੰਕਾ ਨਵਿਰਤੀ ਹਿਤ ਮੈਂ ਉਨ੍ਹਾਂ ਨੂੰ ਸਵਾਲ ਕੀਤਾ ਬਾਈ ਜੀ ਜਦੋ ਦੇਸ਼ ਵਿੱਚ ਸ਼ਾਂਤੀ ਨਾਲ ਅਜਾਂਦੀ ਲਈ ਅੰਦੋਲਨ ਚੱਲ ਰਿਹਾ ਸੀ ਤਾਂ ਤੁਸੀ ਤੇ ਤੁਹਾਡੇ ਸਾਥੀਆਂ ਨੇ ਹਥਿਆਰ ਕਿਉਂ ਚੱਕੇ, ਹਿੰਸਾ ਦਾ ਰਾਹ ਹੀ ਕਿਉਂ ਅਖਤਿਆਰ ਕੀਤਾ।ਉਨ੍ਹਾਂ ਹੱਸਦੇ ਹੋਏ ਕਿਹਾ ਬੜਾ ਕਮਾਲ ਦਾ ਪ੍ਰਸ਼ਨ ਕੀਤਾ ਹੈ ਫਿਰ ਗੰਭੀਰ ਹੋਕੇ ਕਿਹਾ ਹਥਿਆਰ ਚੁੱਕਣਾ ਮਾੜੀ ਗੱਲ ਤਾਂ ਨਹੀਂ, ਹਾਂ ਇਸਦਾ ਗਲਤ ਇਸਤੇਮਾਲ ਕਰਨਾ ਬੁਰੀ ਗੱਲ ਹੈ।ਅਸੀ ਕਦੇ ਵੀ ਬੇਗੁਨਾਹਾਂ ਦਾ ਕਤਲ ਨਹੀਂ ਕੀਤਾ,ਬਲਕਿ ਮੈਂ ਤਾਂ ਮਨੁੱਖੀ ਹੱਤਿਆ ਦਾ ਵਿਰੋਧੀ ਰਿਹਾ ਹਾਂ ਕਿਉਂਕਿ ਪਿਸਤੌਲ ਤੇ ਬੰਬ ਕਦੇ ਇਨਕਲਾਬ ਨਹੀਂ ਲਿਆਉਦੇ ਬਲਕਿ ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਸਾਣ ‘ਤੇ ਤਿੱਖੀ ਹੁੰਦੀ ਹੈ।ਜੇਕਰ ਅਸੀ ਹਿੰਸਾ ਦੇ ਪੁਜਾਰੀ ਹੁੰਦੇ ਤਾਂ ਸੰਸਦ ਵਿੱਚ ਨਕਲੀ ਬੰਬਾਂ ਨਾਲ ਫੋਕਾ ਧਮਾਕਾ ਨਾ ਕਰਦੇ।ਇਹ ਕਹਿੰਦੇ ਹੋਏ ਉਨ੍ਹਾਂ ਦਾ ਚਿਹਰਾ ਲਾਲ ਹੋ ਗਿਆ ਸੀ।

ਤੁਹਾਡੇ ਬਾਰੇ ਇਹ ਗੱਲ ਬੜੀ ਪ੍ਰਸਿੱਧ ਰਹੀ ਹੈ ਕਿ ਤੁਸੀ ਤਾਨਾਸ਼ਾਹ ਤੇ ਦਹਿਸ਼ਤ ਪਸੰਦ ਹੋ।ਇਹ ਕਿੱਥੋਂ ਤੱਕ ਸਹੀ ਹੈ ਜਾਂ ਫਿਰ ਲੋਕਾਂ ਦਾ ਭੁਲੇਖਾ ਹੈ।ਮੈਂ ਗੰਭੀਰ ਹਾਵ ਭਾਵ ਦਿਖਾ ਕੇ ਉਨ੍ਹਾਂ ਨੂੰ ਪੁੱਛਿਆ।

ਇੱਕ ਇਨਕਲਾਬੀ ਹੋਣ ਕਾਰਨ ਮੈਂ ਇਹ ਗੱਲ ਚੰਗੀ ਤਰਾਂ ਜਾਣਦਾ ਹਾਂ ਕਿ ਸਮਾਜਵਾਦੀ ਸਮਾਜ ਦੀ ਸਥਾਪਨਾ ਹਿੰਸਕ ਤਰੀਕਿਆਂ ਨਾਲ ਨਹੀਂ ਹੋ ਸਕਦੀ,ਬਲਕਿ ਉਸਦੇ ਅੰਦਰੋਂ ਹੀ ਉਪਜਣੀ ਤੇ ਵਿਕਸਿਤ ਹੋਣੀ ਚਾਹੀਦੀ ਹੈ।ਦਹਿਸ਼ਤਵਾਦ ਕੋਈ ਮੁਕੰਮਲ ਇਨਕਲਾਬ ਨਹੀਂ ਹੈ ਤੇ ਇਨਕਲਾਬ ਲਈ ਦਹਿਸ਼ਤਵਾਦ ਲਾਜ਼ਮੀ ਹੈ।ਦਹਿਸ਼ਤਵਾਦ ਜਾਬਰ ਦੇ ਮਨ ‘ਚ ਡਰ ਪੈਦਾ ਕਰਕੇ ਪੀੜਿਤ ਲੋਕਾਂ ਨੂੰ ਉਸਦੇ ਖਿਲਾਫ ਡਟਣ ਦਾ ਬਲ ਪ੍ਰਦਾਨ ਕਰਦਾ ਹੈ।

ਫਿਰ ਇਨਕਲਾਬ ਤੇ ਤੁਹਾਡੀ ਸੋਚੀ ਹੋਈ ਅਜਾਂਦੀ ਦਾ ਕੀ ਮਤਲਬ ਹੈ ਜੋ ਤੁਸੀ ਕਹਿੰਦੇ ਹੋ ਕਿ ਅਹਿੰਸਾਵਾਦੀ ਤਾਂ ਇੱਕ ਵਿਰੋਧ ਦੀ ਭਾਸ਼ਾ ਹੈ ਤੇ ਅੰਤ ਸਮਝੌਤਾ ਹੁੰਦਾ ਹੈ।ਇਸਦਾ ਕੀ ਮਤਲਬ ਹੈ ਬਾਈ ਜੀ।

ਇਨਕਲਾਬ ਕੋਈ ਬਿਨਾਂ ਸੋਚੀ ਸਮਝੀ ਅਗੱਜਨੀ ਦੀ ਦਰਿੰਦਾ ਮੁਹਿੰਮ ਨਹੀਂ।ਇਨਕਲਾਬ ਕੋਈ ਮਾਯੂਸੀ ‘ਚੋਂ ਪੈਦਾ ਹੋਇਆ ਫਲਫਸਾ ਵੀ ਨਹੀਂ ਅਤੇ ਨਾਂ ਹੀ ਸਰਫਰੋਸ਼ੀ ਦਾ ਕੋਈ ਸਿਧਾਂਤ ਹੈ।ਇਨਕਲਾਬ ਰੱਬ ਵਿਰੋਧੀ ਹੋ ਸਕਦਾ ਹੈ ਪਰ ਮਨੁੱਖ ਵਿਰੋਧੀ ਨਹੀਂ।ਇਨਕਲਾਬ ਤੋਂ ਭਾਵ ਇੱਕ ਅਜਿਹੇ ਸਮਾਜੀ ਢਾਂਚੇ ਦੀ ਸਥਾਪਨਾ ਕਰਨੀ ਜਿਸ ਵਿੱਚ ਮਜਦੂਰ ਜਮਾਤ ਦੀ ਸਰਦਾਰੀ ਪ੍ਰਵਾਨਿਤ ਹੋਵੇ।

ਹਾਂ ਜੀ ਇਹ ਤਾਂ ਠੀਕ ਹੈ ਪਰ ਬਾਈ ਜੀ ਜਿਸ ਉਦੇਸ਼ ਨਾਲ ਤੁਸੀ ਸੰਘਰਸ਼ ਵਿੱਢਿਆ ਸੀ ਤੇ ਅਜਾਂਦੀ ਦੇ ਸਾਢੇ ਛੇ ਦਹਾਕਿਆਂ ਬਾਅਦ ਵੀ ਦੇਸ਼ ‘ਚ ਉਹੀ ਕੁਝ ਹੋ ਰਿਹਾ।ਉਦੋਂ ਤਾਂ ਅੰਗ੍ਰੇਜ਼ ਬਿਗਾਨੇ ਸਨ ਪਰ ਹੁਣ ਤਾਂ…..ਮੈਂ ਕਿਹਾ।

ਛੋਟੇ ਵੀਰ ਕੁਝ ਨਹੀਂ ਬਦਲਿਆ ਸਿਰਫ ਚਿਹਰੇ ਬਦਲੇ ਹਨ।ਪਹਿਲਾਂ ਅਸੀ ਗੋਰਿਆਂ ਦੇ ਗੁਲਾਮ ਸੀ ਹੁਣ ਆਪਣੇ ਸਾਂਵਲੇ ਅੰਗ੍ਰੇਜ਼ਾਂ ਦੇ।ਇਨ੍ਹਾਂ ਦੇ ਹੱਥਾਂ ‘ਚ ਦੇਸ਼ ਦੀ ਵਾਗਡੋਰ ਦੇਖਕੇ ਸੋਚਿਆ ਸੀ ਸਾਡੇ ਸੁਪਨਿਆਂ ਦਾ ਸਮਾਜ ਸਿਰਜਣਗੇ ਪਰ ਇਨ੍ਹਾਂ ਨੇ ਤਾਂ ਆਪਣੇ ਹਿਤਾਂ ਕਾਰਨ ਸਭ ਕੁਝ ਦੀ ਤਿਲਾਂਜਲੀ ਦੇ ਦਿੱਤੀ।

ਬਾਈ ਜੀ ਦੇਸ਼ ਅੰਦਰ ਲੋਕਤੰਤਰ ਸਿਰਫ ਨਾਮ ਦਾ ਹੀ ਰਹਿ ਗਿਆ ਹੈ ਸਾਡੇ ਨੇਤਾ ਕੁਰਸੀ ਨੂੰ ਮਹਾਰਾਜੇ ਦਾ ਸਿੰਘਾਸਨ ਸਮਝਦੇ ਹਨ।ਸਾਰੀ ਉਮਰ ਇਸ ‘ਤੇ ਕਾਬਜ ਰਹਿਣ ਲਈ ਹਰ ਹੱਥਕੰਡੇ ਅਪਣਾਉਂਦੇ ਹਨ।ਦੇਸ਼ ਦੀ ਵਾਗਡੋਰ ਤੇ ਸੰਪਤੀ ਚੰਦ ਲੋਕਾਂ ਤੱਕ ਸੀਮਿਤ ਹੈ।ਲੋਕ ਗੁਰਬਤ ਦੇ ਸ਼ਿਕਾਰ ਹਨ।ਇਹ ਪਤਾ ਨਹੀਂ ਕਿਹੜੀ ਵਧੀ ਹੋਈ ਵਿਕਾਸ ਦਰ ਦਾ ਰਾਗ ਅਲਾਪਦੇ ਹਨ।ਲੋਕਾਂ ਦੀ ਦਸ਼ਾ ਬਹੁਤ ਮਾੜੀ ਹੋ ਗਈ ਹੈ।ਹਰ ਪਾਸੇ ਅਸੁਰੱਖਿਅਤਾ ਦਾ ਆਲਮ ਹੈ।

ਛੋਟੇ ਵੀਰ ਇਹ ਗੱਲ ਤਾਂ ਸਹੀ ਹੈ।ਮੇਰੀਆਂ ਧੀਆਂ ਭੈਣਾਂ ਦੀ ਇੱਜ਼ਤ ਸ਼ਰੇਆਮ ਨਿਲਾਮ ਹੋ ਰਹੀ ਹੈ ਤੇ ਇਹ ਕੁਰਸੀਆਂ ‘ਤੇ ਬੈਠ ਕੇ ਕਨੂੰਨਾਂ ਦੀ ਘੋਖ ਪੜਤਾਲ ਕਰਨ ਦਾ ਪਖੰਡ ਕਰਦੇ ਹਨ।ਲੋਕ ਹਰ ਰੋਜ ਧੀਆਂ ਭੈਣਾਂ ਨਾਲ ਜਬਰਦਸਤੀ ਕਰਦੇ ਹਨ ਹੋਰ ਤਾਂ ਹੋਰ ਮੇਰੇ ਜਨਮ ਅਤੇ ਆਹ ਸ਼ਹੀਦੀ ਵਾਲੇ ਦਿਨ ਨੌਜਵਾਨ ਬਸੰਤੀ ਪੱਗਾਂ ਬੰਨ ਕੇ ਮੈਨੂੰ ਸ਼ਰਧਾਂਜਲੀ ਦੇਣ ਆਉਂਦੇ ਹਨ ਪਰ ਰਸਤੇ ‘ਚ ਮਿਲਦੀਆਂ ਅੋਰਤਾਂ ਨਾਲ ਛੇੜਖਾਨੀਆਂ ਕਰਦੇ ਹਨ।ਇਹ ਸਭ ਦੇਖਕੇ ਮੈਨੂੰ ਬਹੁਤ ਦੁੱਖ ਹੁੰਦਾ ਹੈ ਮੰਨੋ ਮੇਰਾ ਕਲੇਜਾ ਫਟ ਜਾਵੇਗਾ।

ਇਹ ਕਹਿੰਦੇ ਹੋਏ ਉਨ੍ਹਾਂ ਦੀਆਂ ਨਮ ਹੋ ਗਈਆਂ ਸਨ।ਉਨ੍ਹਾਂ ਦੇ ਦਿਲ ‘ਚ ਲੋਕਾਂ ਲਈ ਕਿੰਨਾ ਦਰਦ ਛਿਪਿਆ ਹੋਇਆ ਹੈ ਇਹ ਮੈ ਮਹਿਸੂਸ ਕਰ ਰਿਹਾ ਸੀ।ਅਚਾਨਕ ਤੇਜ਼ ਹਵਾ ਦਾ ਇੱਕ ਬੁੱਲਾ ਆਇਆ ਉਨ੍ਹਾਂ ਦਾ ਕੱਪੜਾ ਉੱਠਿਆ ਮੈ ਇਹ ਦੇਖਕੇ ਸੁੰਨ ਹੋ ਗਿਆ ਸੀ ਉਨ੍ਹਾਂ ਦੇ ਸਰੀਰ ‘ਤੇ ਤਸ਼ੱਦਦ ਦੇ ਕਾਫੀ ਡੂੰਘੇ ਜ਼ਖਮ ਸਨ ਜੋ ਜਾਬਰ ਦੀ ਬੇਰਹਿਮੀ ਦੀ ਦਾਸਤਾਨ ਬਿਆਨ ਕਰ ਰਹੇ ਸਨ।ਕਾਫੀ ਦੇਰ ਤੱਕ ਕਮਰੇ ‘ਚ ਸੰਨਾਟਾ ਛਾਇਆ ਰਿਹਾ।ਇਸ ਖਮੋਸ਼ੀ ਨੂੰ ਚੀਰਦਿਆਂ ਉਨ੍ਹਾਂ ਅਚਨਚੇਤ ਕਿਹਾ ਇਹ ਨੇਤਾ ਬਹੁਤ ਗੰਦੀ ਰਾਜਨੀਤੀ ‘ਤੇ ਉੱਤਰ ਆਏ ਹਨ ਕੁਰਸੀ ਖਾਤਰ ਹਰ ਢੰਗ ਅਪਣਾਉਦੇ ਹਨ।ਧਰਮ, ਜਾਤਪਾਤ ਦੇ ਨਾਂਅ ‘ਤੇ ਲੋਕਾਂ ਨੂੰ ਭੜਕਾਉਂਦੇ ਹਨ।

ਲੋਕ ਬਾਈ ਜੀ ਇਨ੍ਹਾਂ ਸਾਰਿਆਂ ਤੋਂ ਹੀ ਔਖੇ ਹਨ ਉਹ ਭਾਵੇਂ ਤੁਹਾਡੀ ਸੋਚ ਦੇ ਧਾਰਨੀ ਕਹਾਉਣ ਵਾਲੇ ਅਜੋਕੇ ਅਖੌਤੀ ਕਾਮਰੇਡ ਹੀ ਕਿਉਂ ਨਾ ਹੋਣ।ਉਨ੍ਹਾਂ ਦੇ ਰਾਜ ਵਿੱਚ ਲੋਕਾਂ ਨੂੰ ਬਹੁਤ ਉਮੀਦਾਂ ਸਨ ਪਰ ਉਹ ਵੀ ਇਨ੍ਹਾਂ ਵਾਂਗ…।ਉਨ੍ਹਾਂ ਦੇ ਹੰਕਾਰ ਨੇ ਉਨ੍ਹਾਂ ਦਾ ਤੇ ਲੋਕਾਂ ਦਾ ਬੇੜਾ ਗਰਕ ਕੀਤਾ ਹੈ।

ਹਾਂ ਛੋਟੇ ਵੀਰ ਤੀਜੀ ਧਿਰ ਦਾ ਦਾਅਵਾ ਕਰਨ ਵਾਲੇ ਤੇ ਸਾਡੇ ਸੁਪਨਿਆਂ ਦਾ ਸਮਾਜ ਸਿਰਜਣ ਵਾਲੇ ਇੱਕ ਸਖਸ਼ ਨੇ ਮੇਰੇ ਪਿੰਡ ਖਟਕੜ ਕਲਾਂ ਤੋਂ ਆਪਣੀ ਲੋਕਾਂ ਦੀ ਪਾਰਟੀ ਦੀ ਸ਼ੁਰੂਆਤ ਕੀਤੀ ਸੀ।ਮੇਰੀਆਂ ਅੱਖਾਂ ਤੇ ਦਿਲ ਨੇ ਉਸਨੂੰ ਕਿਹਾ ਸੀ ਦੋਸਤ! ਤੂੰ ਹੁਣ ਇਸ ਰਸਤੇ ‘ਤੇ ਰਾਜਭਾਗ ਤਿਆਗ ਕੇ ਆਇਆ ਹੈਂ ਲੋਕਾਂ ਦੇ ਦਰਦ ਨੂੰ ਆਪਣਾ ਸਮਝ ਕੇ ਅੱਗੇ ਵਧਦਾ ਰਹੀ।ਦੋਵੇਂ ਧਿਰਾਂ ਤੋਂ ਤੈਨੂੰ ਲਾਲਚ ਮਿਲਣਗੇ ਪਰ ਤੂੰ ਅਡੋਲ ਰਹੀ।ਜੇਕਰ ਤੂੰ ਵੀ ਹੋਰਾਂ ਵਾਂਗ ਖਾਸ ਕਰਕੇ ਲੋਕਾਂ ਦੀ ਭਲਾਈ ਸੋਚਣ ਕਰਨ ਦੇ ਦਾਅਵੇ ਕਰਨ ਵਾਲਿਆਂ ਵਾਂਗ ਜਟੇਗਾ ਤਾਂ ਆਮ ਜਨਤਾ ਦਾ ਯਕੀਨ ਉੱਠ ਜਾਵੇਗਾ ਤੇ ਅੱਗਿਉਂ ਛੇਤੀ ਕਿਤੇ ਉਹ ਕਿਸੇ ‘ਤੇ ਵੀ ਵਿਸ਼ਵਾਸ਼ ਨਹੀਂ ਕਰਨਗੇ।ਆਖਿਰ ਹੋਇਆ ਉਹੀ ਉਸਨੇ ਦੂਜੀ ਧਿਰ ਨਾਲ ਸਮਝੌਤਾ ਕਰ ਲਿਆ।ਪਤਾ ਨਹੀਂ ਕਿੱਧਰ ਗਿਆ ਜਨੂੰਨ ਲੋਕਾਂ ਨੂੰ ਸਮਾਜਵਾਦੀ ਦੇਸ਼ ਦਾ ਢਾਂਚਾ ਦੇਣ ਦਾ,ਸਾਡੇ ਸੁਪਨਿਆਂ ਤੇ ਸ਼ਹੀਦਾਂ ਦੀ ਕਸਮਾਂ ਨੂੰ ਸਿਆਸਤ ‘ਚ ਛਿੱਕੇ ਟੰਗ ਦਿੱਤਾ।

ਬਾਈ ਜੀ! ਇਹੀ ਤਾਂ ਦੁੱਖ ਦੀ ਗੱਲ ਹੈ ਅੱਜ ਲੋਕ ਕਿਸ ਉੱਪਰ ਯਕੀਨ ਕਰਨ।ਆਮ ਆਦਮੀ ਦੇ ਨਾਂਅ ‘ਤੇ ਅਜੋਕੇ ਦੌਰ ‘ਚ ਇੱਕ ਹੋਰਸ ਖਸ਼ ਦੇਸ਼ ਨੂੰ ਬਦਲਣ ਦੇ ਖੁਆਬ ਜਨਤਾ ਨੂੰ ਦਿਖਾ ਰਿਹਾ ਹੈ।ਉਂਝ ਚੰਦ ਦਿਨਾਂ ਦੀ ਸਰਕਾਰ ਅੰਦਰ ਉਸਨੇ ਕਾਫੀ ਅੱਛਾ ਕੰਮ ਕੀਤਾ ਪਰ ਕੀ ਪਤਾ ਕੱਲ ਉਹ ਵੀ ਦੂਜਿਆਂ ਵਾਂਗ ਬਦਲ ਜਾਵੇ ਤੇ ਲੋਕਾਂ ਦਾ ਭਰੋਸਾ ਤਹਿਸ ਨਹਿਸ ਹੋ ਜਾਵੇ।ਖੈਰ ਇਸ ਸਵਾਲ ਦਾ ਜਵਾਬ ਤਾਂ ਭਵਿੱਖ ਦੀ ਗੋਦ ਵਿੱਚ ਹੈ।

ਇਨ੍ਹਾਂ ਨੇਤਾਵਾਂ ਦਾ ਕੀ ਕਹਿਣਾ,ਮੇਰੀ ਜਨਮ ਸ਼ਤਾਬਦੀ ਸਮੇਂ ਇਨ੍ਹਾਂ ਨੇ ਉੱਥੇ ਕੁੜੀਆਂ ਮੁੰਡੇ ਨਚਾਏ ਅਤੇ ਗਾਇਕਾਂ ਨੇ ਆਪਣੇ ਤਰੀਕੇ ਨਾਲ ਲੋਕਾਂ ਦਾ ਮਨੋਰੰਜਨ ਕੀਤਾ।ਕਿਸੇ ਨੇ ਵੀ ਸਮਾਜਵਾਦ,ਲੋਕਾਂ ਨਾਲ ਸਬੰਧਿਤ ਕੋਈ ਮੁੱਦਾ ਉਠਾਇਆ।ਸਿਰਫ ਦਿਖਾ ਦਿੱਤਾ ਕਿ ਅਸੀ ਸ਼ਹੀਦ ਦੀ ਜਨਮ ਸ਼ਤਾਬਦੀ ਮਨਾਈ।ਮੇਰੇ ਬੁੱਤ ‘ਤੇ ਹਾਰਾਂ ਦੀਆਂ ਲੜੀਆਂ ਜੋ ਮੈਨੂੰ ਮਰਿਆ ਸਾਬਿਤ ਕਰਨ ਲਈ ਕਾਫੀ ਸਨ।ਬੋਲਣਾ ਤਾਂ ਮੈਂ ਉੱਥੇ ਵੀ ਚਾਹੁੰਦਾ ਸੀ ਪਰ ਉੱਥੇ ਤਾਂ ਸਾਰੇ ਲਲਚਾਈਆਂ ਨਜ਼ਰਾਂ ਨਾਲ ਅੱਧ ਢਕੀਆਂ ਕੁੜੀਆਂ ਵੱਲ ਦੇਖ ਰਹੇ ਸਨ।ਕੋਈ ਮੈਨੂੰ ਬਹਾਦਰ ਯੋਧਾ ਦੱਸ ਰਿਹਾ ਸੀ ਤੇ ਕਈਆਂ ਨੇ ਮੇਰੇ ਹਥਿਆਰਾਂ ਵਾਲੇ ਪੋਸਟਰਾਂ ਨੂੰ ਸਲਾਮਾਂ ਕੀਤੀਆਂ ਪਰ ਸਾਡੀ ਸੋਚ ਜੋ ਅਸੀ ਕਰਨਾ ਚਾਹੁੰਦੇ ਸੀ ਉਸਨੂੰ ਕਿਸੇ ਉਜਾਗਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।ਇਹ ਸਭ ਉਨ੍ਹਾਂ ਨੇ ਬੜੀ ਮਾਯੂਸੀ ਨਾਲ ਕਿਹਾ ਜੋ ਉਨ੍ਹਾਂ ਦੀਆਂ ਅੱਖਾਂ ‘ਚੋਂ ਸਾਫ ਝਲਕ ਰਿਹਾ ਸੀ।


ਆਰਥਿਕ ਨਾਬਰਾਬਰੀ ਤੇ ਜਾਤਪਾਤ ਅੱਜ ਵੀ ਸਿਖਰਾਂ ‘ਤੇ ਹੈ।ਲੋਕ ਤਾਂ ਤੁਹਾਡੀ ਵੀ ਜਾਤ ਦੀ ਪੁੱਛ ਦੱਸ ਕਰਦੇ ਹਨ।ਤੁਹਾਡੇ ਉਪਨਾਮ ਨੂੰ ਆਪਣੇ ਨਾਮ ਨਾਲ ਲਗਾ ਕੇ ਕਹਿੰਦੇ ਹਨ ਕਿ ਅਸੀ ਤੇਰੀ ਬਿਰਾਦਰੀ ‘ਚੋਂ ਹਾਂ ਪਰ ਉਦੋਂ ਤਾਂ ਤੁਹਾਨੂੰ ਇਹੀ ਲੋਕ ਪਾਗਲ ਕਹਿੰਦੇ ਹੋਣਗੇ।ਲੋਕ ਤੁਹਾਡੇ ਨਾਮ ਤੇ ਕੰਮ ਨੂੰ ਸਲਾਮ ਕਰਦੇ ਹਨ ਤੇ ਤੁਹਾਡੀ ਦੁਬਾਰਾ ਲੋੜ ਵੀ ਮਹਿਸੂਸ ਕਰਦੇ ਹਨ ਪਰ ਆਪਣੇ ਬੱਚਿਆਂ ਨੂੰ ਤੁਹਾਡੀ ਸੋਚ ਦਾ ਧਾਰਨੀ ਨਹੀਂ ਬਣਨ ਦਿੰਦੇ।

ਹਾਂ ਛੋਟੇ ਵੀਰ ਇਹੀ ਤਾਂ ਦੁੱਖ ਦੀ ਗੱਲ ਹੈ ਇੰਨੀ ਤਰੱਕੀ ਦੇ ਬਾਵਜੂਦ ਲੋਕਾਂ ਦੀ ਮਾਨਸਿਕਤਾ ਸੌੜੀ ਹੈ।ਧਾਰਮਿਕ ਬਿਰਤੀ ਸਿਰਫ ਸਵਾਰਥ ਸਿੱਧੀ ਲਈ ਵਰਤੀ ਜਾਂਦੀ ਹੈ।ਧਰਮ ਦੇ ਨਾਂਅ ‘ਤੇ ਹੁੰਦੇ ਦੰਗੇ ਫਸਾਦ ਸਵਾਰਥੀਆਂ ਦੀ ਹੀ ਦੇਣ ਹਨ।ਸੰਸਾਰ ‘ਚ ਜਿੰਨਾਂ ਖੂਨ ਖਰਾਬਾ ਧਰਮ ਦੇ ਨਾਮ ‘ਤੇ ਹੋਇਆ ਹੈ ਸ਼ਾਇਦ ਹੀ ਕਿਸੇ ਹੋਰ ਕਾਰਨ ਕਰਕੇ ਹੋਇਆ ਹੋਵੇ।ਧਰਮ ਤੇ ਸਿਆਸਤ ਜਦੋ ਮਿਲਦੇ ਹਨ ਤਾਂ ਬੜੀ ਖਤਰਨਾਕ ਜ਼ਹਿਰ ਉਪਜਾਉਦੇ ਹਨ ਜੋ ਲੋਕਾਂ ਨੂੰ ਮਾਨਸਿਕ ਤੌਰ ‘ਤੇ ਅਪੰਗ ਕਰ ਦਿੰਦੀ ਹੈ।ਸਾਰੇ ਕਤਲੇਆਮ ਦੋਸ਼ੀਆਂ ਨੂੰ ਸਜਾ ਦੇਣ ਲਈ ਨਹੀਂ ਹੋਏ।ਇਹ ਆਹੂ ਇਸ ਲਈ ਨਹੀਂ ਨਹੀਂ ਲਾਹੇ ਗਏ ਹਨ ਕਿ ਫਲਾਣਾ ਮਨੁੱਖ ਦੋਸ਼ੀ ਹੈ ਸਗੋਂ ਇਸ ਲਈ ਕਿ ਫਲਾਣਾ ਮਨੁੱਖ ਹਿੰਦੂ ਹੈ ਜਾਂ ਮੁਸਲਮਾਨ।

ਹਾਂ ਬਾਈ ਜੀ ਇਹ ਗੱਲ ਤੁਹਾਡੀ ਬਿਲਕੁਲ ਸੱਚੀ ਹੈ ਫਿਰਕੂ ਲੀਡਰਾਂ ਨੇ ਲੋਕਾਂ ਨੂੰ ਅਜਿਹੇ ਕਤਲੇਆਮਾਂ ਲਈ ਭੜਕਾ ਕੇ ਆਪਣੇ ਹਿਤ ਪੂਰੇ ਹਨ।ਚੌਧਰ ਵਾਲੀ ਮਾਨਸਿਕਤਾ ਕਾਰਨ ਅਖੌਤੀ ਉੱਚ ਜਾਤੀ ਦੇ ਲੋਕਾਂ ਤੋਂ ਦੱਬੇ ਕੁਚਲੇ ਲੋਕਾਂ ਦੀ ਤਰੱਕੀ ਬਰਦਾਸ਼ਤ ਨਹੀਂ ਹੁੰਦੀ ਜਿਸਨੇ ਇਨ੍ਹਾਂ ਖਿਲਾਫ ਹੋਣ ਜੁਲਮਾਂ ਵਿੱਚ ਵਾਧਾ ਕੀਤਾ ਹੈ।

ਗਰੀਬੀ ਪਾਪ ਹੈ ਇਹ ਸਜਾ ਹੈ ਜਿਸ ਨਾਲ ਮਨੁੱਖ ਹੋਰ ਵਧੇਰੇ ਅਪਰਾਧ ਕਰਨ ਲਈ ਮਜਬੂਰ ਹੁੰਦਾ ਹੈ।ਉਹਦੀ ਅਗਿਆਨਤਾ ਤੇ ਗਰੀਬੀ ਕਾਰਨ ਖੁਦ ਨੂੰ ਚੰਗੇ ਸਮਝਣ ਵਾਲੇ ਉਸਨੂੰ ਨਫਰਤ ਕਰਦੇ ਤੇ ਧਿਰਕਾਰਦੇ ਹਨ।ਧਰਮਾਂ ਨੇ ਪਤਾ ਨਹੀਂ ਕਿਉਂ ਗਰੀਬੀ ਨੂੰ ਸਲਾਹੁਣ ਦਾ ਠੇਕਾ ਲੈ ਰੱਖਿਆ ਹੈ।ਇਸੇ ਲਈ ਨਾਸਤਿਕਤਾ ਨੂੰ ਮੈਂ ਫੋਕੀ ਆਸਤਿਕਤਾ ਤੋਂ ਕਈ ਗੁਣਾ ਬਿਹਤਰ ਸਮਝਦਾ ਹਾਂ।ਮੇਰੀ ਨਾਸਤਿਕਤਾ ਨੂੰ ਕਈ ਮੇਰੀ ਮਗਰੂਰੀ ਸਮਝਦੇ ਹਨ ਦਰਅਸਲ ਅਜਿਹਾ ਨਹੀਂ ਹੈ।ਨਾਸਤਿਕ ਹੋਣ ਲਈ ਉਚੇਰੀ ਸੋਚ ਅਤੇ ਦ੍ਰਿੜ ਹੌਸਲੇ ਦੀ ਜਰੂਰਤ ਹੁੰਦੀ ਹੈ।ਨਾਸਤਿਕਤਾ ਦੀ ਬੁਨਿਆਦ ਮੇਰੇ ਦਿਲ ਦਿਮਾਗ ‘ਚ ਮਨੁੱਖਤਾ ਦੀ ਨਿੱਘਰੀ ਹਾਲਤ ਦੇਖ ਕੇ ਉਪਜੀ ਹੈ।ਇਸ ਹਾਲਤ ਲਈ ਮਨੁੱਖ ਹੀ ਜਿੰਮੇਵਾਰ ਹੈ ਅਤੇ ਉਸਦੇ ਯਤਨਾਂ ਸਦਕਾ ਹੀ ਇਹ ਸਭ ਠੀਕ ਹੋਣਾ ਹੈ ਨਾਂ ਕਿ ਕੋਈ ਰੱਬੀ ਸ਼ਕਤੀ ਨੇ ਇਸ ਪਾਸੇ ਕੁਝ ਕਰਨਾ ਹੈ।ਛੋਟੇ ਵੀਰ ਮੈਂ ਤਾਂ ਅੱਜ ਵੀ ਮਜਦੂਰ ਜਮਾਤ,ਮੱਧ ਵਰਗ ਨੂੰ ਕਹਿੰਦਾ ਹਾ ਤੁਹਾਡਾ ਭਲਾ ਇਸ ਵਿੱਚ ਹੈ ਕਿ ਤੁਸੀ ਧਰਮ,ਰੰਗ,ਨਸਲ ਅਤੇ ਕੌਮ ਦੇ ਭਿੰਨ ਮਿਟਾ ਕੇ ਇਕੱਠੇ ਹੋ ਜਾਉ ਅਤੇ ਹਕੂਮਤ ਦੀ ਵਾਗਡੋਰ ਆਪਣੇ ਹੱਥ ਵਿੱਚ ਲੈਣ ਦੇ ਯਤਨ ਕਰੋ।ਅਫਸੋਸ ਦੀ ਗੱਲ ਹੈ ਜੋ ਸੁਪਨਾ ਅਸੀ ਦੇਸ਼ ਦੇ ਬਦਲਾਅ ਅਤੇ ਇਸਦੀ ਅਜ਼ਾਦੀ ਦੇ ਸੰਦਰਭ ‘ਚ ਦੇਖਿਆ ਸੀ ਉਹ ਅਜੇ ਵੀ ਅਧੂਰਾ ਹੈ।

ਬਾਈ ਜੀ! ਸਮੱਸਿਆਵਾਂ ਤਾਂ ਕਿਹੜੀਆਂ ਕਿਹੜੀਆਂ ਗਿਣਾਈਏ ਜਿਨ੍ਹਾਂ ਨੇ ਲੋਕਾਂ ਦਾ ਜੀਣਾ ਦੁੱਭਰ ਕੀਤਾ ਹੋਇਆ ਹੈ।ਹਰ ਮੋੜ ‘ਤੇ ਲੋਕ ਅਨਿਆਂ ਦੇ ਸ਼ਿਕਾਰ ਹਨ।ਅਗਰ ਕੋਈ ਇਸ ਅਨਿਆਂ ਵਿਰੁੱਧ ਅਵਾਜ਼ ਵਿਰੁੱਧ ਬੁਲੰਦ ਕਰਦਾ ਹੈ ਜਾਂ ਫਿਰ ਮਜਬੂਰੀ ਵਸ ਹਥਿਆਰ ਤੇ ਕਲਮ ਨੂੰ ਹੱਥ ਪਾਉਦਾ ਹੈ ਉਸਨੂੰ ਅੱਤਵਾਦੀ ਕਹਿ ਕੇ ਝੂਠੇ ਮੁਕਾਬਲੇ ਬਣਾ ਕੇ ਮਾਰ ਮੁਕਾਇਆ ਜਾਂਦਾ ਹੈ।ਹੁਣ ਦੱਸੋ ਤੁਹਾਡੇ ਅਤੇ ਸਾਡੇ ਸਮੇਂ ‘ਚ ਕਿੱਥੇ ਤੇ ਕੀ ਫਰਕ ਹੈ।

ਕੋਈ ਫਰਕ ਨਹੀਂ ਵੀਰ ਇਨ੍ਹਾਂ ਹਾਲਾਤਾਂ ਨੂੰ ਦੇਖ ਕੇ ਤਾਂ ਮੇਰਾ ਦੋਸਤ ਚੰਦਰ ਸ਼ੇਖਰ ਅਜ਼ਾਦ ਹੀ ਮੈਨੂੰ ਕਹਿੰਦਾ ਹੈ ਕਿ “ਭਗਤ ਜੇਕਰ ਮੈਂ ਉਦੋਂ ਐਲਫ੍ਰੇਡ ਪਾਰਕ ‘ਚ ਪਏ ਘੇਰੇ ਦੌਰਾਨ ਆਪਣੇ ਆਪ ਨੂੰ ਗੋਲੀ ਨਾ ਮਾਰਦਾ ਤਾਂ ਉਹੀ ਕੰਮ ਅੱਜ ਦੇਸ ਦੇ ਹਾਲਾਤ ਦੇਖ ਕੇ ਜ਼ਰੂਰ ਕਰਦਾ ਕਿ ਅਸੀ ਦੇਸ਼ ਦੇ ਸੰਦਰਭ ‘ਚ ਕੀ ਸੋਚਦੇ ਰਹੇ ਸਾਂ”।ਛੋਟੇ ਵੀਰ ਮੈਨੂੰ ਮੇਰੇ ਸਰੀਰਕ ਜ਼ਖਮਾਂ ਦੀ ਕੋਈ ਪਰਵਾਹ ਨਹੀਂ ਪਰ ਸਾਡੇ ਅਧੂਰੇ ਸੁਪਨੇ ਅਤੇ ਅਧੂਰੀ ਲੜਾਈ ਦਾ ਦਰਦ ਹਮੇਸ਼ਾਂ ਰਹੇਗਾ।ਇਹੀ ਦਰਦ ਮੈਨੂੰ ਚੈਨ ਨਹੀਂ ਲੈਣ ਦਿੰਦੇ, ਪਤਾ ਨਹੀਂ ਕਦੋਂ….।

ਇਹ ਕਹਿੰਦੇ ਹੋਏ ਉਨ੍ਹਾਂ ਲੰਬਾ ਸਾਹ ਲਿਆ ਤੇ ਫਿਰ ਇੱਕ ਹੱਥ ਠੋਡੀ ਥੱਲੇ ਰੱਖਿਆ ਜਿਵੇਂ ਉਹ ਆਪਣੇ ਦੇਸ਼ ਰੂਪੀ ਘਰ ਦੇ ਉਜਾੜੇ ਤੋਂ ਚਿੰਤਤ ਹੋਣ।ਮੈਂ ਬੜੇ ਗਹੁ ਨਾਲ ਉਨ੍ਹਾਂ ਦੇ ਚਿਹਰੇ ਵੱਲ ਦੇਖ ਰਿਹਾ ਸੀ ਤੇ ਉਹ ਟਿਕਟਿਕੀ ਲਗਾ ਕੇ ਇੱਕ ਪਾਸੇ ਦੇਖ ਰਹੇ ਸਨ।ਕਾਫੀ ਦੇਰ ਤੱਕ ਅਸੀ ਦੋਨੋ ਇਸੇ ਤਰਾਂ ਬੈਠੇ ਰਹੇ।ਥੋੜੀ ਦੇਰ ਬਾਅਦ ਉਨ੍ਹਾਂ ਮੇਰਾ ਛੋਟਾ ਨਾਮ ਲੈਕੇ ਕਿਹਾ ਚੰਗਾ ਗੁਰੀ ਹੁਣ ਮੈਂ ਚੱਲਦਾ ਹਾਂ ਰਾਤ ਕਾਫੀ ਹੋ ਚੁੱਕੀ ਹੈ,ਕੱਲ ਤੇਰਾ ਪੇਪਰ ਵੀ ਹੈ।ਧਿਆਨ ਨਾਲ ਤੇ ਮਨ ਲਗਾਕੇ ਪੜਾਈ ਕਰੀ,ਨੌਜਵਾਨਾਂ ਤੋਂ ਮੈਨੂੰ ਬਹੁਤ ਉਮੀਦਾਂ ਹਨ ਜੋ ਸਾਡੇ ਸੁਪਨਿਆਂ ਦਾ ਦੇਸ਼ ਸਿਰਜਣਗੇ।ਸਮਾਜਵਾਦੀ ਸਮਾਜ ਜਿੱਥੇ ਹਰ ਕਿਸੇ ਨੂੰ ਹਰ ਪੱਖੋਂ ਅਜਾਂਦੀ ਹੋਵੇਗੀ।ਮੇਰੀਆਂ ਸ਼ੁਭ ਇਛਾਵਾਂ ਤੁਹਾਡੇ ਨਾਲ ਹਨ।ਉਹ ਕੁਰਸੀ ਤੋਂ ਉੱਠੇ ਅਤੇ ਆਪਣੀਆਂ ਕਿਤਾਬਾਂ ਸਮੇਂਟੀਆਂ,ਮੈਂ ਉੱਠ ਕੇ ਉਨ੍ਹਾਂ ਦੇ ਚਰਨ ਛੂਹਣੇ ਚਾਹੇ ਪਰ ਇਹ ਸੁਭਾਗ ਮੈਨੂੰ ਪ੍ਰਾਪਤ ਨਾਂ ਹੋਇਆ ਕਿਉਂਕਿ ਮੇਰੀ ਅੱਖ ਖੁੱਲ ਗਈ ਸੀ।ਮੇਰੀਆਂ ਨਜ਼ਰਾਂ ਕਮਰੇ ਵਿੱਚ ਉਨ੍ਹਾਂ ਨੂੰ ਲੱਭ ਰਹੀਆਂ ਸਨ ਪਰ ਉਹ ਤਾਂ…..।ਮੇਰਾ ਸਿਰ ਸ਼ਰਧਾ ਨਾਲ ਉਨ੍ਹਾਂ ਦੀ ਘਾਲਣਾ ਅਤੇ ਦੇਸ਼ ਨੂੰ ਸਮਰਪਣ ਭਰੇ ਜਜਬੇ ਅੱਗੇ ਝੁਕ ਗਿਆ ਸੀ।ਆਪਣੇ ਅਤੇ ਉਨ੍ਹਾਂ ਦੇ ਅਧੂਰੇ ਸੁਫਨੇ ਦੇ ਖਿਆਲ ਮੇਰੇ ਮਨ ‘ਚ ਸਨ।

ਸੰਪਰਕ: +91 94641 72783

Comments

Security Code (required)



Can't read the image? click here to refresh.

Name (required)

Leave a comment... (required)





ਕਹਾਣੀ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ