Fri, 19 April 2024
Your Visitor Number :-   6985168
SuhisaverSuhisaver Suhisaver

ਪ੍ਰੋਫ਼ੈਸਰ ਸਾਈਂਬਾਬਾ ਨੂੰ ਗ੍ਰਿਫ਼ਤਾਰ ਕਰਨ ਵਿਰੁੱਧ ਪ੍ਰਦਰਸ਼ਨ

Posted on:- 24-05-2014

ਚੰਡੀਗੜ੍ਹ: ਪਿਛਲੇ ਦਿਨੀਂ ਦਿੱਲੀ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਜੀ.ਐਨ. ਸਾਈਂਬਾਬਾ ਨੂੰ ਮਹਾਰਾਸ਼ਟਰ ਦੀ ਪੁਲਿਸ ਵਲੋਂ ਗ੍ਰਿਫ਼ਤਾਰ ਕਰਨ ਦੇ ਵਿਰੋਧ ਵਿਚ ਇਥੋਂ ਦੇ ਸੈਕਟਰ ੧੭ ਵਿਚ ਵੱਖ-ਵੱਖ ਜਮਹੂਰੀ ਜਥਬੰਦੀਆਂ ਅਤੇ ਸਮਾਜਕ ਕਾਰਕੁਨਾਂ ਵਲੋਂ ਪ੍ਰਦਰਸ਼ਨ ਕੀਤਾ ਗਿਆ। ਉਹ ਜੀ.ਐਨ. ਸਾਈਂਬਾਬਾ ਦੀ ਤੁਰੰਤ ਰਿਹਾਈ ਦੀ ਮੰਗ ਕਰ ਰਹੇ ਸਨ। ਲੋਕਾਂ ਦੇ ਸੰਘਰਸ਼ਾਂ ਨਾਲ ਇਕਮੁੱਠਤਾ ਪ੍ਰਗਟਾਉਣ ਵਾਲੇ ਸੰਗਠਨ 'ਲੋਕਾਇਤ' ਦੇ ਆਗੂ ਅਜੇ ਨੇ ਦੋਸ਼ ਲਾਇਆ ਕਿ ਸਾਈਂਬਾਬਾ ਨੂੰ ਇਸ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ ਕਿਉਂਕਿ ਉਹ ਸਾਮਰਾਜੀ ਹਮਲੇ, ਜਮਹੂਰੀ ਹੱਕਾਂ ਨੂੰ ਕੁਚਲਣ ਅਤੇ ਆਦਿਵਾਸੀਆਂ ਨੂੰ ਉਜਾੜੇ ਜਾਣ ਦਾ ਲਗਾਤਾਰ ਵਿਰੋਧ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਆਂਧਰਾ, ਬਿਹਾਰ, ਝਾਰਖੰਡ, ਉੜੀਸਾ ਅਤੇ ਹੋਰ ਨਾਲ ਲੱਗਦੇ ਸੂਬਿਆਂ ਵਿਚ ਆਦਿਵਾਸੀਆਂ ਨੂੰ ਉਜਾੜਨ ਲਈ ਚਾਰ ਲੱਖ ਤੋਂ ਵੱਧ ਅਰਧ ਸੈਨਿਕ ਬਲਾਂ ਅਤੇ ਪੁਲਿਸ ਫ਼ੋਰਸਾਂ ਨੂੰ ਉਤਾਰਿਆ ਗਿਆ ਹੈ। ਜਿਸ ਦਾ ਵੱਖ-ਵੱਖ ਜਮਹੂਰੀ ਜਥੇਬੰਦੀਆਂ ਅਤੇ ਸਮਾਜਕ ਕਾਰਕੁਨਾਂ ਨੇ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰ ਅਤੇ ਸਮਾਜਕ ਕਾਰਕੁਨ ਪ੍ਰਸ਼ਾਂਤ ਰਾਹੀ ਅਤੇ ਲੋਕ ਕਲਾਕਾਰ ਹੇਮ ਮਿਸ਼ਰਾ ਨੂੰ ਵੀ ਇਸ ਲੜੀ ਤਹਿਤ ਜੇਲ੍ਹ ਵਿਚ ਡੱਕਿਆ ਗਿਆ ਹੈ।

    ਪੰਜਾਬ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਲਲਿਨ ਨੇ ਕਿਹਾ ਕਿ ਇਕ ਪਾਸੇ ਚੋਣਾਂ ਰਾਹੀਂ ਲੋਕਤੰਤਰ ਰਾਹੀਂ ਸਰਕਾਰ ਚੁਣਨ ਦੀ ਗੱਲ ਆਖੀ ਜਾ ਰਹੀ ਹੈ, ਪਰ ਦੂਜੇ ਪਾਸੇ ਜਮਹੂਰੀ ਜਥੇਬੰਦੀਆਂ ਅਤੇ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਲਲਿਨ ਨੇ ਕਿਹਾ ਕਿ ਸਾਈਂਬਾਬਾ 90 ਫ਼ੀ ਸਦੀ ਸਰੀਰਕ ਤੌਰ 'ਤੇ ਅੰਗਹੀਣ ਹਨ, ਜਿਹੜੇ ਲਗਾਤਾਰ ਵੀਲ੍ਹਚੇਅਰ 'ਤੇ ਰਹਿੰਦੇ ਹਨ ਅਤੇ ਉਨ੍ਹਾਂ 'ਤੇ ਯੂ.ਏ.ਪੀ.ਏ (ਸਰਕਾਰ ਵਿਰੁਧ ਬਗ਼ਾਵਤ) ਦੇ ਕੇਸ ਪਾਏ ਗਏ ਹਨ।

ਵਿਗਿਆਨੀ ਇੰਦਰਜੀਤ ਸਿੰਘ ਨੇ ਕਿਹਾ ਕਿ ਪ੍ਰੋਫ਼ੈਸਰ ਲੋਕਾਂ ਨੂੰ ਬਹੁਤ ਕੁੱਝ ਸਿਖਾਉਂਦੇ ਹਨ। ਉਹ ਨੌਜਵਾਨਾਂ ਨੂੰ ਅੱਗੇ ਵਧਣ ਲਈ ਪ੍ਰੇਰਦੇ ਹਨ, ਇਸ ਲਈ ਅਜਿਹੀਆਂ ਹਸਤੀਆਂ ਨੂੰ ਜੇਲ੍ਹਾਂ 'ਚ ਰੱਖਣਾ ਅਤਿ ਨਿੰਦਣਯੋਗ ਕਾਰਵਾਈ ਹੈ।

ਐਡਵੋਕੇਟ ਰਾਜੀਵ ਗੋਂਦਾਰਾ ਨੇ ਕਿਹਾ ਕਿ ਹੇਮ ਮਿਸ਼ਰਾ, ਪ੍ਰਸ਼ਾਂਤ ਰਾਹੀ ਤੋਂ ਬਾਅਦ ਹੁਣ ਪ੍ਰੋ. ਸਾਈਂਬਾਬਾ ਦੀ ਗ੍ਰਿਫ਼ਤਾਰੀ ਤੋਂ ਇਹ ਸੰਕੇਤ ਮਿਲਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਜਮਹੂਰੀ ਜਥੇਬੰਦੀਆਂ ਅਤੇ ਲੋਕਾਂ 'ਤੇ ਹਮਲੇ ਹੋਰ ਤੇਜ਼ ਹੋਣ ਵਾਲੇ ਹਨ। ਉਨ੍ਹਾਂ ਕਿਹਾ ਕਿ ਅਗਾਂਹ ਵਧੂ ਲੋਕਾਂ ਨੂੰ ਇਸ ਗੱਲ ਨੂੰ ਲੈ ਕੇ ਸੁਚੇਤ ਰਹਿਣਾ ਚਾਹੀਦਾ ਹੈ।

ਜ਼ਿਕਰਯੋਗ ਹੈ ਕਿ ਬੀਤੀ 9 ਮਈ ਨੂੰ ਦਿੱਲੀ ਯੂਨੀਵਰਸਿਟੀ ਦੇ ਪ੍ਰੋਫ਼ੈਸਰ  ਅਤੇ ਰੈਵੋਲਿਊਸ਼ਨਰੀ ਡੈਮੋਕ੍ਰੇਟਿਕ ਫਰੰਟ (ਆਰ.ਡੀ.ਐਫ.) ਦੇ ਜਨਰਲ ਸਕੱਤਰ ਸਾਈਂਬਾਬਾ ਨੂੰ ਮਹਾਰਾਸ਼ਟਰ ਦੀ ਗੜ੍ਹਚਿਰੌਲੀ ਪੁਲੀਸ ਨੇ ਉਸ ਸਮੇਂ ਗ੍ਰਿਫ਼ਤਾਰ ਕਰ ਲਿਆ ਸੀ, ਜਦੋਂ ਉਹ ਯੂਨੀਵਰਸਿਟੀ ਤੋਂ ਪੜ੍ਹਾ ਕੇ ਅਪਣੇ ਘਰ ਪਰਤ ਰਹੇ ਸਨ। ਮਹਾਰਾਸ਼ਟਰ ਪੁਲੀਸ ਨੇ ਸਾਈਂਬਾਬਾ 'ਤੇ ਮਾਓਵਾਦੀਆਂ ਨਾਲ ਸਬੰਧ ਰੱਖਣ ਦਾ ਦੋਸ਼ ਲਾਇਆ ਹੈ ਅਤੇ ਉਹ 14 ਦਿਨਾਂ ਲਈ ਰਿਮਾਂਡ 'ਤੇ ਹਨ।

    ਇਸ ਪ੍ਰਦਰਸ਼ਨ ਵਿਚ ਸਮਾਜਕ ਕਾਰਕੁਨ ਅਨੰਦ ਪ੍ਰਕਾਸ਼, ਐਸ.ਪੀ. ਸਿੰਘ, ਨਾਟਕਕਾਰ ਸੈਮੂਅਲ ਜੌਹਨ, ਟਰੇਡ ਯੂਨੀਅਨ (ਏਕਟੂ) ਆਗੂ ਵਿਪਿਨ, ਹਸ਼ੀਸ਼ ਮਹਿਲਾ, ਸਟੂਡੈਂਟਸ ਫ਼ਾਰ ਸੁਸਾਇਟੀ (ਐਸ.ਐਫ.ਐਸ) ਦੇ ਕਾਰੁਕੁਨ ਵੀ ਸ਼ਾਮਲ ਸਨ।

-ਆਰਤੀ

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ