Fri, 19 April 2024
Your Visitor Number :-   6984491
SuhisaverSuhisaver Suhisaver

ਕਰਜ਼ ਅਤੇ ਗਰੀਬੀ ਦੀ ਦਲ ਦਲ ’ਚ ਧਸੇ ਸਾਬਕਾ ਵਿਧਾਇਕ ਸ਼ਿੰਗਾਰਾ ਰਾਮ ਸਹੂੰਗੜਾ ਦੀ ਹਾਲਤ ਤਰਸਯੋਗ

Posted on:- 07-09-2014

suhisaver

- ਸ਼ਿਵ ਕੁਮਾਰ ਬਾਵਾ

ਹੁਸ਼ਿਆਰਪੁਰ: ਸਾਲ 1992 ਤੋਂ 2002 ਤੱਕ ਪੰਜਾਬ ਵਿਧਾਨ ਸਭਾ ਵਿੱਚ ਦਲਿਤਾਂ,ਦੱਬੇ ਕੁੱਚਲੇ ਅਤੇ ਗਰੀਬ ਗੁਰਬੇ ਸਮਾਜ ਦੇ ਹੱਕਾਂ ਲਈ ਗੱਡਕੇ ਅਵਾਜ਼ ਬੁਲੰਦ ਕਰਨ ਵਾਲੇ ਸਾਬਕਾ ਵਿਧਾਇਕ ਸ਼ਿਗਾਰਾ ਰਾਮ ਸਹੂੰਗੜਾ ਦੀ ਆਰਥਿਕ ਹਾਲਤ ਐਨੀ ਪਤਲੀ ਹੋ ਗਈ ਹੈ ਕਿ ਉਸਨੂੰ ਦੋ ਵਕਤ ਦੀ ਰੋਟੀ ਦੇ ਲਾਲ੍ਹੇ ਪਏ ਹੋਏ ਹਨ। ਇਸ ਆਗੂ ਕੋਲ ਰਹਿਣ ਲਈ ਵੀ ਆਪਣਾ ਘਰ ਨਹੀਂ ਹੈ। ਪੰਜਾਬ ਸਰਕਾਰ ਸਮੇਤ ਵਿਰੋਧੀ ਤਾਕਤਾਂ ਉਸਨੂੰ ਘਰੋਂ ਬੇਘਰ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਹੀਆਂ ਹਨ। ਪੰਜਾਬ ਦੇ ਆਮਦਨ ਅਤੇ ਕਰ ਵਿਭਾਗ ਵਲੋਂ ਸਰਕਾਰ ਦੀ ਸ਼ਹਿ ਤੇ ਉਸਨੂੰ ਵਿਧਾਇਕ ਵਜੋਂ ਮਿਲਣ ਵਾਲੀ ਪੈਨਸ਼ਨ ਪਿਛਲੇ ਤਿੰਨ ਸਾਲ ਤੋਂ ਰੋਕੀ ਹੋਈ ਹੈ।

ਪਿਛਲੇ 22 ਸਾਲ ਤੋਂ ਨਹਿਰ ਵਿਭਾਗ ਦੇ ਰੈਸਟ ਹਾਊਸ ਵਿਚ ਰਹਿੰਦੇ ਸਹੂੰਗੜਾ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸੀਨੀਅਰ ਆਗੂ ਘਰ ਖਾਲੀ ਕਰਨ ਦਾ ਕਈ ਬਾਰ ਨੋਟਿਸ ਕੱਢ ਚੁੱਕੇ ਹਨ ਅਤੇ ਹੁਣ ਪੱਕੇ ਤੌਰ ਤੇ ਘਰ ਖਾਲੀ ਕਰਵਾਉਣ ਲਈ ਪੁਲੀਸ ਦੇ ਉਚ ਅਧਿਕਾਰੀਆਂ ਦੀ ਸਹਾਇਤਾ ਲਈ ਜਾ ਰਹੀ ਹੈ। ਉਕਤ ਸਾਬਕਾ ਵਿਧਾਇਕ ਦੀ ਜਿੱਥੇ ਸਰਕਾਰ, ਪ੍ਰਸ਼ਾਸ਼ਨ ਅਤੇ ਪੁਲੀਸ ਦੇ ਬੇਲੋੜੇ ਦਖਲ ਨੇ ਮੱਤ ਮਾਰੀ ਹੋਈ ਹੈ ਉਥੇ ਆਰਥਿਕ ਮੰਦਹਾਲੀ ਦੇ ਨਾਲ ਨਾਲ ਗੰਭੀਰ ਕਿਸਮ ਦੇ ਜਾਨਲੇਵਾ ਰੋਗ ਸ਼ੂਗਰ, ਬੀ ਪੀ ਅਤੇ ਧੋਣ ਤੇ ਵੱਡੇ ਪੱਧਰ ਤੇ ਇਕੱਠੇ ਹੋਏ ਨਾੜਾਂ ਦੇ ਗੁੱਛੇ ਅਤੇ ਦਰਦ ਕਾਰਨ ਉਸਨੂੰ ਮੰਜੇ ਦਾ ਮਰੀਜ਼ ਬਣਾ ਦਿੱਤਾ ਹੈ।

ਅਤਿ ਦੀਆਂ ਦਰਦਾਂ ਕਾਰਨ ਨੀਂਦ ਨਾ ਆਉਣ ਕਾਰਨ ਉਸਦੀ ਹਾਲਤ ਨੀਮ ਪਾਗਲਾਂ ਵਰਗੀ ਬਣ ਚੁੱਕੀ ਹੈ। ਉਸਨੇ ਭਾਰਤ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਲਿਖਕੇ ਮੰਗ ਕੀਤੀ ਹੈ ਕਿ ਉਸਦੀ ਮਾਸਿਕ ਪੈਨਸ਼ਨ ਤੇ ਲਾਈ ਗਈ ਰੋਕ ਤੁਰੰਤ ਹਟਾਈ ਜਾਵੇ ਅਤੇ ਉਸਦੇ ਪਰਿਵਾਰ ਨੂੰ ਰਹਿਣ ਲਈ ਘਰ ਦਿੱਤਾ ਜਾਵੇ।

ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਇਥੇ ਬਹੁਜਨ ਸਮਾਜ ਪਾਰਟੀ ਦੇ ਸਾਬਕਾ ਵਿਧਾਇਕ ਸ਼ਿੰਗਾਰਾ ਰਾਮ ਸਹੂੰਗੜਾ ਨੇ ਦੱਸਿਆ ਕਿ ਉਹ ਬਸਪਾ ਦੀ ਪੰਜਾਬ ਵਿੱਚ ਪੂਰੀ ਚੜ੍ਹਤ ਦੇ ਸਮੇਂ ਦੌਰਾਨ ਸਾਲ 1997 ਤੋਂ 2002 ਤੱਕ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਤੋਂ ਲਗਾਤਾਰ ਵਿਧਾਇਕ ਰਹੇ ਹਨ। ਤੀਸਰੀ ਵਾਰ ਉਹ ਮਾਮੂਲੀ ਵੋਟਾਂ ਦੇ ਫਰਕ ਨਾਲ ਮੌਜੂਦਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਤੋਂ ਚੋਣ ਹਾਰ ਗਏ ਸਨ। ਉਹਨਾਂ ਦੱਸਿਆ ਕਿ ਉਹਨਾਂ ਵਿਧਾਇਕ ਹੁੰਦਿਆਂ ਹਲਕੇ ਸਮੇਤ ਪੂਰੇ ਦੇਸ਼ ਵਿੱਚ ਬਾਬੂ ਕਾਂਸ਼ੀ ਰਾਮ ਦੇ ਅੰਦੋਲਨ ਲਈ ਸਰਗਰਮੀ ਨਾਲ ਕੰਮ ਕੀਤਾ ਅਤੇ ਗਰੀਬ ਗੁਰਬੇ ਅਤੇ ਹਰ ਪੱਖ ਤੋਂ ਅੱਤਿਆਚਾਰ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਦੇ ਹੱਕ ਵਿੱਚ ਵਿਧਾਨ ਸਭਾ ਸਮੇਤ ਰੈਲੀਆ, ਅੰਦੋਲਨਾ ਵਿਚ ਵੱਧ ਚੜ੍ਹਕੇ ਸ਼ਾਮਿਲ ਹੋ ਕੇ ਅਵਾਜ਼ ਬੁਲੰਦ ਕੀਤੀ। ਇਸੇ ਦਰਮਿਆਨ ਉਸਦੀ ਸਿਹਤ ਖਰਾਬ ਹੋਣ ਕਾਰਨ ਉਹ ਸਰੀਰਕ ਪੱਖ ਤੋਂ ਕਮਜ਼ੋਰ ਹੋ ਗਏ ਜਿਸ ਸਦਕਾ ਉਹ ਆਪਣਾ ਘਰ ਤੱਕ ਵੀ ਖਰੀਦ ਨਹੀਂ ਸਕੇ।

ਇਥੇ ਇਹ ਜ਼ਿਕਰਯੋਗ ਹੈ ਕਿ ਸ਼ਿੰਗਾਰਾ ਰਾਮ ਸਹੂੰਗੜਾ ਪੜ੍ਹਦੇ ਸਮੇਂ ਹੀ ਬਸਪਾ ਦੇ ਸਰਗਰਮ ਆਗੂ ਬਣੇ ਅਤੇ ਬਾਬੂ ਕਾਂਸ਼ੀ ਰਾਮ ਵਲੋਂ ਉਹਨਾਂ ਨੂੰ ਸਾਲ 1992 ਵਿੱਚ ਗੜ੍ਹਸ਼ੰਕਰ ਤੋਂ ਬਸਪਾ ਵਲੋਂ ਚੋਣ ਲੜਾਈ ਗਈ ਤਾਂ ਉਹ ਵੋਟਾਂ ਦੇ ਵੱਡੇ ਫਰਕ ਨਾਲ ਕਾਂਗਰਸ ਦੇ ਪ੍ਰੋ ਕਮਲ ਸਿੰਘ ਨੂੰ ਹਰਾਕੇ ਵਿਧਾਨ ਸਭਾ ਵਿੱਚ ਪੁੱਜੇ। ਸਾਲ 2002 ਵਿੱਚ ਉਹ ਬਸਪਾ ਦੇ ਅਜਿਹੇ ਆਗੂ ਸਨ ਜੋ ਲਗਾਤਾਰ ਦੂਸਰੀ ਬਾਰ ਚੋਣ ਜਿੱਤੇ ਸਨ। ਉਹਨਾਂ ਦੂਸਰੀ ਬਾਰ ਭਾਜਪਾ ਦੇ ਅਵਿਨਾਸ਼ ਰਾਏ ਖੰਨਾ ਨੂੰ ਲੱਗਭਗ 5000 ਵੋਟਾ ਦੇ ਫਰਕ ਨਾਲ ਹਰਾਕੇ ਪੰਜਾਬ ਵਿਧਾਨ ਸਭਾ ਵਿੱਚ ਦਾਖਲ ਹੋਏ। ਸ਼ਿੰਗਾਰਾ ਰਾਮ ਸਹੂੰਗੜਾ ਦਾ ਗੜ੍ਹਸ਼ੰਕਰ ਹਲਕੇ ਸਮੇਤ ਪੰਜਾਬ ਵਿੱਚ ਪੂਰਾ ਰੋਅ੍ਹਬ ਹੈ। ਅਤਿ ਦਰਜੇ ਦੇ ਗਰੀਬ ਪਰਿਵਾਰ ਨਾਲ ਸਬੰਧਤ ਉਕਤ ਆਗੂ ਨੇ ਵਿਧਾਇਕ ਬਣਨ ਤੋਂ ਪਹਿਲਾਂ ਭੱਠੇ ਤੇ ਇੱਟਾਂ ਪੱਥਣ ਅਤੇ ਰਾਜ ਮਿਸਤਰੀਆਂ ਨਾਲ ਮਜ਼ਦੂਰੀ ਵੀ ਕੀਤੀ। ਜਦੋਂ ਉਹ ਪਹਿਲੀ ਬਾਰ ਵਿਧਾਇਕ ਚੁਣੇ ਗਏ ਤਾਂ ਉਸਦੇ ਪਿੰਡ ਸਹੂੰਗੜਾ ਵਿੱਚ ਉਸਦਾ ਕੱਚਾ ਘਰ ਸੀ ਜੋ ਅੱਜ ਵੀ ਹੈ। ਘਰ ਦੀ ਮਾੜੀ ਮੋਟੀ ਹਾਲਤ ਸੁਧਾਰਨ ਵਿਚ ਵੀ ਆਪਨੇ ਕੋਈ ਯੋਗਦਾਨ ਨਹੀਂ ਪਾਇਆ। ਉਕਤ ਘਰ ਅੱਜ ਵੀ ਪਹਿਲਾਂ ਵਾਲੀ ਸਥਿੱਤੀ ਵਿਚ ਹੈ। ਆਪਦੇ ਪਿਤਾ ਮਜ਼ਦੂਰੀ ਕਰਦੇ ਸਨ ਜੋ ਆਪਦੇ ਵਿਧਾਇਕ ਬਣਨ ਤੋਂ ਥੌੜ੍ਹੇ ਸਮੇਂ ਬਾਅਦ ਹੀ ਮੌਤ ਦਾ ਸ਼ਿਕਾਰ ਹੋ ਗਏ ਸਨ। ਆਪਜੀ ਦੀ ਮਾਤਾ ਦੀ 2012 ਵਿਚ ਮੌਤ ਹੋ ਗਈ।

ਅੱਜ ਉਸਨੇ ਭਾਵੁਕ ਹੁੰਦਿਆਂ ਦੱਸਿਆ ਕਿ ਉਹ 22 ਸਾਲ ਤੋਂ ਗੜ੍ਹਸ਼ੰਕਰ ਵਿਖੇ ਨਹਿਰ ਵਿਭਾਗ ਦੇ ਰੈਸਟ ਹਾਊਸ ਵਿੱਚ ਪਰਿਵਾਰ ਸਮੇਤ ਰਹਿ ਰਿਹਾ ਹੈ। ਉਸਦੇ ਤਿੰਨ ਬੱਚੇ ਹਨ। ਵੱਡਾ ਲੜਕਾ ਬੀ ਏ ਕਰ ਰਿਹਾ ਹੈ ਜਦਕਿ ਦੂਸਰਾ ਨੌਵੀਂ ਅਤੇ ਲੜਕੀ ਛੇਵੀਂ ਜਮਾਤ ਵਿਚ ਪੜ੍ਹ ਰਹੀ ਹੈ। ਉਸਨੇ ਦੱਸਿਆ ਕਿ ਆਰਥਿਕ ਤੰਗੀ ਕਾਰਨ ਉਹ 10 ਸਾਲ ਵਿਧਾਇਕ ਹੁੰਦੇ ਹੋਏ ਵੀ ਆਪਣਾ ਘਰ ਨਹੀਂ ਬਣਾ ਸਕੇ। ਉਸਨੇ ਆਪਣੀ ਸਮੁੱਚੀ ਜ਼ਿੰਦਗੀ ਗਰੀਬ ਲੋਕਾਂ ਦੀ ਸੇਵਾ ਨੂੰ ਸਮਰਪਿਤ ਕੀਤੀ ਹੋਈ ਹੈ ਇਸ ਕਰਕੇ ਉਸਨੂੰ ਆਪਣਾ ਘਰ ਨਾ ਬਣਾ ਸਕਣ ਦਾ ਕੋਈ ਗਿਲਾ ਨਹੀਂ ਹੈ। ਸਰਕਾਰ ਨੇ ਇਸ ਵਕਤ ਰੈਸਟ ਹਾਊਸ ਦਾ ਉਸ ਵੱਲ 35 ਲੱਖ ਕਿਰਾਇਆ ਕੱਢਿਆ ਹੈ। ਕਿਰਾਇਆ ਨਾ ਦੇਣ ਦੀ ਸੂਰਤ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦਾ ਸਮੁੱਚਾ ਪ੍ਰਸ਼ਾਸ਼ਨ ਉਸ ਕੋਲੋਂ ਹੁਣ ਪੁਲੀਸ ਦੀ ਮੱਦਦ ਨਾਲ ਘਰ ਖਾਲੀ ਕਰਵਾਉਣ ਦਾ ਦਬਾਅ ਪਾ ਰਿਹਾ ਹੈ।

ਉਸਨੇ ਸਾਫ ਕਿਹਾ ਕਿ ਉਸਨੇ ਕਦੇ ਕੋਈ ਭਿ੍ਰਸ਼ਟਾਚਾਰ ਨਹੀਂ ਕੀਤਾ। ਉਹ ਮੰਨਦੇ ਹਨ ਕਿ ਉਸ ਵਲੋਂ ਰੈਸਟ ਹਾਊਸ ਤੇ ਕਬਜ਼ਾ ਕੀਤਾ ਹੈ ਪ੍ਰੰਤੂ ਸਰਕਾਰ ਉਸਨੂੰ ਇੱਕ ਘਰ ਬਣਾਕੇ ਦੇ ਦੇਵੇ ਤਾਂ ਉਹ ਉਕਤ ਰੈਸਟ ਹਾਊਸ ਛੱਡ ਦੇਣਗੇ। ਉਹਨਾਂ ਦਾ ਮੰਨਣਾ ਹੈ ਕਿ ਬਹੁਤੇ ਸੱਤਾਧਾਰੀ ਸਿਆਸੀ ਆਗੂਆਂ ਨੇ ਕਰੋੜਾ ਦੀ ਪ੍ਰਾਪਰਟੀ ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ ਪ੍ਰੰਤੂ ਉਸਨੇ ਤਾਂ ਸਿਰਫ ਆਪਣੇ ਪਰਿਵਾਰ ਦੇ ਰਹਿਣ ਲਈ ਇਕ ਛੋਟੇ ਜਿਹੇ ਰੈਸਟ ਹਾਊਸ ਤੇ ਕਬਜ਼ਾ ਕੀਤਾ ਹੈ। ਉਹ ਇਸਨੂੰ ਗੈਰ ਕਾਨੂੰਨੀ ਨਹੀਂ ਮੰਨਦੇ।
ਉਹਨਾਂ ਦੱਸਿਆ ਕਿ ਆਮਦਨ ਵਿਭਾਗ ਵਲੋਂ ਉਸ ਵੱਲ 65 ਲੱਖ ਦਾ ਟੈਕਸ ਕੱਢਿਆ ਹੋਇਆ ਹੈ। ਟਾਟਾ ਕੰਪਨੀ ਵਲੋਂ ਜੋ ਉਸਨੂੰ ਇੱਕ ਡੀਲ ਬਦਲੇ 18 ਅਤੇ 17 ਲੱਖ ਦੇ ਚੈਕ ਦੇ ਕੇ ਪੇਮੈਂਟ ਕੀਤੀ ਸੀ ਉਸ ਕੰਪਨੀ ਦਾ ਅਦਾਲਤ ਵਿੱਚ ਕੇਸ ਚਲਦਾ ਹੋਣ ਕਰਕੇ ਸਰਕਾਰ ਨਾਲ ਡੀਲ ਹੀ ਟੁੱਟ ਗਈ ਸੀ। ਉਸਨੇ ਦੱਸਿਆ ਕਿ ਵਿਭਾਗ ਨੇ ਮਿਲੇ 35 ਲੱਖ ਰੁਪਏ ਮਗਰ ਦੁਗਣਾ ਟੈਕਸ ਪਾ ਕੇ ਉਸਦੀ ਪਿੱਛਲੇ ਤਿੰਨ ਸਾਲ ਤੋਂ ਪੈਨਸ਼ਨ ਰੋਕੀ ਹੋਈ ਹੈ ਜਿਸ ਸਦਕਾ ਉਹ ਆਰਥਿਕ ਤੌਰ ਤੇ ਐਨਾ ਕਮਜ਼ੋਰ ਹੋ ਚੁੱਕਾ ਹੈ ਕਿ ਉਸਦਾ ਸਮੁੱਚਾ ਪਰਿਵਾਰ ਪੇਟ ਭਰਵੀਂ ਰੋਟੀ ਖਾਣ ਤੋਂ ਵੀ ਅਵਾਜਾਰ ਹੈ। ਉਸਨੇ ਦੱਸਿਆ ਕਿ ਦੂਸਰੇ ਪਾਸੇ ਸ਼ੂਗਰ, ਧੋਣ ਤੇ ਨਾੜਾਂ ਦੇ ਗੁੱਛੇ ਅਤੇ ਸੋਜ ਨੇ ਉਸਦੇ ਸਰੀਰ ਨੂੰ ਕੱਖਾਂ ਨਾਲੋਂ ਹੋਲਾ ਕਰਕੇ ਰੱਖ ਦਿੱਤਾ ਹੈ। ਉਸਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਉਸਨੂੰ ਘਰ ਖਾਲੀ ਕਰਵਾਉਣ ਲਈ ਹੋਰ ਤੰਗ ਪ੍ਰੇਸ਼ਾਨ ਨਾ ਕਰੇ ਨਹੀਂ ਤਾਂ ਉਹ ਗਰੀਬੀ ਤੋਂ ਤੰਗ ਹੋ ਕੇ ਆਤਮ ਹੱਤਿਆ ਹੀ ਕਰ ਲੈਣਗੇ।

ਇਸ ਸਬੰਧ ਵਿੱਚ ਸੀ ਪੀ ਐਮ ਦੇ ਸੂਬਾਈ ਆਗੂ ਕਾਮਰੇਡ ਦਰਸ਼ਨ ਸਿੰਘ ਮੱਟੂ, ਜਨਵਾਦੀ ਇਸਤਰੀ ਸਭਾ ਦੀ ਜਨ ਸਕੱਤਰ ਬੀਬੀ ਸੁਭਾਸ਼ ਮੱਟੂ ਅਤੇ ਕਾਂਗਰਸੀ ਆਗੂ ਕੁਲਵਿੰਦਰ ਬਿੱਟੂਦਾ ਕਹਿਣ ਹੈ ਕਿ ਸਰਕਾਰ ਸ਼ਿੰਗਾਰਾ ਰਾਮ ਸਹੂੰਗੜਾ ਨਾਲ ਕੋਈ ਵਧੀਕੀ ਨਾ ਕਰੇ ਅਤੇ ਉਸਦੀ ਸਰਕਾਰੀ ਤੋਰ ਤੇ ਮੱਦਦ ਕਰਨ ਤੋਂ ਇਲਾਵਾ ਉਸਦੀ ਮਾਸਿਕ ਪੈਨਸ਼ਨ ਚਾਲੂ ਕਰੇ।

ਇਸ ਸਬੰਧ ਵਿੱਚ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਸਾਬਕਾ ਵਿਧਾਇਕ ਵਲੋਂ ਨਹਿਰੀ ਰੈਸਟ ਹਾਊਸ ਤੇ ਕੀਤਾ ਗਿਆ ਕਬਜ਼ਾ ਨਾਜਾਇਜ਼ ਹੈ ਪ੍ਰੰਤੂ ਕੀ ਸਰਕਾਰ ਜਾਂ ਨਹਿਰ ਵਿਭਾਗ ਪਿਛਲੇ 22 ਸਾਲ ਤੋਂ ਸੁੱਤਾ ਪਿਆ ਹੈ ? ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਵਿਰੁੱਧ ਸਰਗਰਮ ਹੈ । ਇਸਦਾ ਬਦਲਵਾਂ ਪ੍ਰਬੰਧ ਵੀ ਸਰਕਾਰ ਚਾਹੇ ਤਾਂ ਕਰ ਸਕਦੀ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ