Fri, 19 April 2024
Your Visitor Number :-   6984076
SuhisaverSuhisaver Suhisaver

ਕਹਾਣੀਕਾਰ ਪ੍ਰੀਤ ਨੀਤਪੁਰ ਬਿਸ਼ਨ ਸਿੰਘ ਮਤਵਾਲਾ ਯਾਦਗਾਰੀ ਐਵਾਰਡ ਨਾਲ ਸਨਮਾਨਤ

Posted on:- 31-10-2014

suhisaver

-ਸ਼ਿਵ ਕੁਮਾਰ ਬਾਵਾ

 ਹੁਸ਼ਿਆਰਪੁਰ: ਨਵਰੰਗ ਵਿਚਾਰ ਮੰਚ ਅਤੇ ਸ਼ਿਲਪੀ ਪ੍ਰਕਾਸ਼ਨ ਵਲੋਂ ਪੁਸਤਕ ਰਲੀਜ਼ ਅਤੇ ਕਵੀਦਰਬਾਰ ਕਰਵਾਇਆ ਗਿਆ, ਜਿਸ ਵਿਚ ਉਘੇ ਸਵਰਗੀ ਲੋਕ ਕਵੀ ਬਿਸ਼ਨ ਸਿੰਘ ਮਤਵਾਲਾ ਦੀ ਪੁਸਤਕ ਸੰਕਲਪ, ਸੁਖਦੇਵ ਨਡਾਲੋਂ ਦੀ ਵਰਜਿਤ ਸੁਰ ਦਾ ਮੂਕ ਸੰਵਾਦ ਅਤੇ ਅੰਗੂਠਾ( ਕਾਵਿ ਨਾਟਕ) ਵਸੀਅਤ ਹਰਮਿੰਦਰ ਸਾਹਿਲ ,ਖੁਰਦੇ ਰੰਗਾਂ ਦੀ ਗਾਥਾ ਮੋਹਨ ਆਰਟਿਸਟ ਸੰਗੀਤ ਗਿਆਨ ਦਰਪਣ ਉਸਤਾਦ ਏ ਰਹਿਮਾਨ ਖਾਨ ਆਦਿ ਲੇਖਕਾਂ ਦੀਆਂ ਪੁਸਤਕਾਂ ਰਲੀਜ਼ ਕੀਤੀਆਂ ਗਈਆਂ।

ਉਕਤ ਪੁਸਤਕਾਂ ਰਲੀਜ਼ ਕਰਦਿਆਂ ਉਘੇ ਪੰਜਾਬੀ ਸ਼ਾਇਰ ਸੁਰਜੀਤ ਪਾਤਰ ਨੇ ਕਿਹਾ ਕਿ ਪੰਜਾਬੀ ਲੋਕ ਕਵੀ ਬਿਸ਼ਨ ਸਿੰਘ ਮਤਵਾਲਾ ਸਮੇਤ ਜਿਹਨਾਂ ਸ਼ਾਇਰਾਂ ਦੀਆਂ ਪੁਸਤਕਾਂ ਰਲੀਜ਼ ਹੋਈਆਂ ਹਨ ਉਹ ਕਿਸੇ ਵੀ ਜਾਣ ਪਹਿਚਾਣ ਦੇ ਮੁਥਾਜ ਨਹੀਂ ਹਨ। ਸ਼ਾਇਰ ਸੁਖਦੇਵ ਨਡਾਲੋਂ , ਮੋਹਨ ਆਰਟਿਸਟ ਅਤੇ ਹਰਮਿੰਦਰ ਸਾਹਿਲ ਵਧੀਆ ਸਾਹਿਤ ਸਿਰਜਣਾ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਸ਼ਿਲਪੀ ਪ੍ਰਕਾਸ਼ਨ ਪੰਜਾਬੀ ਦੇ ਉਭਰ ਰਹੇ ਲੇਖਕਾਂ ਦੀਆਂ ਪੁਸਤਕਾਂ ਛਾਪਕੇ ਸਾਹਿਤ ਦੀ ਝੋਲੀ ਵਿਚ ਪਾ ਰਿਹਾ ਹੈ ਤੇ ਖੁਦ ਹੀ ਉਕਤ ਪੁਸਤਕਾਂ ਨੂੰ ਪਾਠਕਾਂ ਦੀ ਕਚਹਿਰੀ ਵਿਚ ਪੇਸ਼ ਕਰ ਰਿਹਾ ਹੈ।

ਉਹਨਾਂ ਲੇਖਕਾਂ ਨੂੰ ਅਪੀਲ ਕੀਤੀ ਕਿ ਉਹ ਵਧੀਆ ਸਾਹਿਤ ਸਿਰਜਣਾ ਕਰਨ ਅਤੇ ਮੁਫਤ ਵਿਚ ਲੇਖਕਾਂ ਦੀਆਂ ਪੁਸਤਕਾਂ ਲੈ ਕੇ ਪੜ੍ਹਨ ਦੀ ਬਜਾਏ ਉਹ ਖਰੀਦ ਕਰਕੇ ਪੜ੍ਹਨ ਦੀ ਆਦਤ ਪਾਉਣ। ਇਸ ਨਾਲ ਪੰਜਾਬੀ ਸਾਹਿਤ ਦੀ ਖੁਰ ਰਹੀ ਸ਼ਾਖ ਤਾਂ ਬਚੇਗੀ ਹੀ ਪ੍ਰੰਤੂ ਲੇਖਕਾਂ ਦਾ ਉਤਸ਼ਾਹ ਵਧੇਗਾ।ਇਸ ਮੌਕੇ ਮੈਗਜ਼ੀਨ‘ ਹੁਣ ’ਦੇ ਸੰਪਾਦਕ ਸੁਸ਼ੀਲ ਦੌਸਾਂਝ ਨੇ ਆਪਣੇ ਸੰਬੋਧਨ ਵਿਚ ਆਖਿਆ ਕਿ ਲੇਖਕਾਂ ਨੂੰ ਪੁਸਤਕਾਂ ਖਰੀਦਕੇ ਹੀ ਪੜ੍ਹਨੀਆਂ ਚਾਹੀਦੀਆਂ ਹਨ। ਉਹਨਾਂ ਉਘੇ ਕਹਾਣੀਕਾਰ ਪ੍ਰੀਤ ਨੀਤਪੁਰ ਨੂੰ ਪਹਿਲਾ ਲੋਕ ਕਵੀ ਬਿਸ਼ਨ ਸਿੰਘ ਮਤਵਾਲਾ ਐਵਾਰਡ ਨਾਲ ਸਨਮਾਨ ਕਰਦਿਆਂ ਆਖਿਆ ਕਿ ਪ੍ਰੀਤ ਨੀਤਪੁਰ ਵਧੀਆ ਕਹਾਣੀਕਾਰ ਅਤੇ ਸ਼ਾਇਰ ਹੈ। ਉਸਦੀ ਸ਼ਾਇਰੀ ਵਿਚ ਦਮ ਹੈ। ਉਹਨਾਂ ਸੁਖਦੇਵ ਨਡਾਲੋਂ ਅਤੇ ਮੋਹਨ ਆਟਿਸਟ ਸਮੇਤ ਹੋਰ ਸ਼ਾਇਰਾਂ ਦੇ ਕਾਰਜ ਦੀ ਸ਼ਲਾਘਾ ਕੀਤੀ ਅਤੇ ਪਿੰਡ ਨਾਲ ਆਪਣੇ ਪਰਿਵਾਰ ਦੀਆਂ ਯਾਦਾਂ ਨੂੰ ਸਾਂਝਾ ਕਰਦਿਆਂ ਦੱਸਿਆ ਕਿ ਉਕਤ ਧਰਤ ਜਿਥੇ ਯੋਧੇ ਸੂਰਬੀਰ ਬੱਬਰਾਂ ਦੀ ਧਰਤ ਹੈ ਉਥੇ ਇਸ ਧਰਤ ਨੇ ਪੰਜਾਬੀ ਦੇ ਉਘੇ ਕਲਾਕਾਰ ਅਤੇ ਸਾਹਿਤਕਾਰ ਸਾਹਿਤ ਜਗਤ ਦੀ ਝੋਲੀ ਪਾਏ ਹਨ।

ਇਸ ਮੌਕੇ ਉਘੇ ਸਾਹਿਤਕਾਰ ਅਤੇ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਦਰਸ਼ਨ ਬੁੱਟਰ ਨੇ ਕਿਹਾ ਕਿ ਪੰਜਾਬੀ ਸਾਹਿਤ ਵਿਚ ਨਵੇਂ ਉਭਰ ਰਹੇ ਲੇਖਕਾਂ ਦੀਆਂ ਰਚਨਾਵਾਂ ਨੂੰ ਪੰਜਾਬੀ ਅਖਬਾਰਾਂ ਤਰਜੀਹ ਨਾਲ ਛਾਪਣ ਕਿਉਂਕਿ ਨਵੇਂ ਲੇਖਕ ਅਤੇ ਸ਼ਾਇਰ ਹੁਣ ਕਮਾਲ ਦਾ ਲਿਖ ਰਹੇ ਹਨ। ਉਹਨਾਂ ਆਪਣੇ ਆਪ ਵਿਚ ਬਣੇ ਵੱਡੇ ਲੇਖਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਨਵੇਂ ਲੇਖਕਾਂ ਦੀਆਂ ਪੁਸਤਕਾਂ ਮੁਫਤ ਵਿਚ ਨਾ ਪੜ੍ਹਨ ਸਗੋਂ ਉਹਨਾਂ ਨੂੰ ਖਰੀਦਕੇ ਪੜ੍ਹਨ। ਅਜਿਹਾ ਕਰਨ ਨਾਲ ਪੰਜਾਬੀ ਸਾਹਿਤ ਨੂੰ ਵੱਡਾ ਬੱਲ ਮਿਲਗੇਗਾ ਉਥੇ ਨਵੇਂ ਲੇਖਕਾਂ ਦਾ ਉਤਸ਼ਾਹ ਵਧੇਗਾ। ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਬਜ਼ੁਰਗ ਅਤੇ ਆਰਥਿਕ ਪੱਖ ਤੋਂ ਕਮਜ਼ੋਰ ਲੇਖਕਾਂ ਦੀਆਂ ਪੁਸਤਕਾਂ ਨੂੰ ਛਾਪਣ ਲਈ ਸਹਿਯੋਗ ਦੇਣ। ਪੰਜਾਬੀ ਮਾਂ ਬੋਲੀ ਦੀ ਤਰੱਕੀ ਤਾਂ ਹੀ ਹੋ ਸਕਦੀ ਹੈ ਜੇਕਰ ਸਰਕਾਰ ਅਜਿਹਾ ਕਰਨ ਵਿਚ ਆਪਣਾ ਯੋਗਦਾਨ ਪਾਵੇ।

ਸਮਾਗਮ ਦੇ ਦੂਸਰੇ ਦੌਰ ਵਿਚ ਕਵੀਦਰਬਾਰ ਕਰਵਾਇਆ ਗਿਆ ਜਿਸ ਵਿਚ ਸੁਰਜੀਤ ਪਾਤਰ, ਦਰਸ਼ਨ ਬੁੱਟਰ, ਬਲਵਿੰਦਰ ਸੰਧੂ, ਕੁਲਵਿੰਦਰ ਚਾਂਦ, ਸ਼ੁਸ਼ੀਲ ਦੁਸਾਂਝ ,ਜਸਵਿੰਦਰ, ਮਦਨ ਵੀਰਾ, ਨਵਤੇਜ ਗੜ੍ਹਦੀਵਾਲ, ਅਮਰੀਕ ਡੋਗਰਾ, ਰੇਸ਼ਮ ਚਿੱਤਰਕਾਰ, ਸ਼ਾਮ ਸੁੰਦਰ ਪੋਸੀ, ਸੁਖਦੇਵ ਨਡਾਲੋਂ , ਮੋਹਨ ਆਰਟਿਸਟ, ਸੰਧੂ ਵਰਿਆਣਵੀ, ਹਰਮਿੰਦਰ ਸਾਹਿਲ,ਅਵਤਾਰ ਸਿੰਘ ਸੰਧੂ,ਪ੍ਰੀਤ ਨੀਤਪੁਰ, ਪ੍ਰਦੀਪ ਬਘੌਰਾ, ਸੋਹਣ ਸਿੰਘ ਸੂਨੀ, ਪ੍ਰੋ ਜਸਵਿੰਦਰ ਸਿੰਘ, ਜੋਗਾ ਸਿੰਘ ਬਠੁੱਲਾ, ਰਣਜੀਤ ਪੋਸੀ,ਪਰਵਿੰਦਰ ਸਿੰਘ ਕਿੱਤਣਾ, ਅਵਤਾਰ ਸਿੰਘ ਲੰਗੇਰੀ, ਪ੍ਰੋ ਅਜੀਤ , ਜਗਤਾਰ ਸਿੰਘ ਬਾਹੋਵਾਲ, ਓ ਪੀ ਹੀਰਾ, ਬੁੱਧ ਸਿੰਘ ਚਿੱਤਰਕਾਰ, ਡਾ ਜਗਤਾਰ ਸਿੰਘ ਕੋਟਫਤੂਹੀ ਸਮੇਤ 100 ਤੋਂ ਵੱਧ ਸ਼ਾਇਰਾ ਨੇ ਆਪਦੀਆਂ ਰਚਨਾਵਾਂ ਦਾ ਗੁਣਗਾਨ ਕਰਕੇ ਹਾਜ਼ਰ ਦਰਸ਼ਕਾਂ ਨੂੰ ਕੀਲਕੇ ਰੱਖ ਦਿੱਤਾ। ਸਮੁੱਚੇ ਸਮਾਗਮ ਦੇ ਸਟੇਜ ਸੰਚਾਲਨ ਦੇ ਫਰਜ ਨਵਕਿਰਨ ਪਾਂਸ਼ਟਾ ਹੁਰਾਂ ਬਾਖੂਬੀ ਨਿਭਾਏ। ਪਹੁੰਚੇ ਸ਼ਾਇਰਾਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਦਾ ਧੰਨਵਾਦ ਡਾ ਜਗਤਾਰ ਸਿੰਘ ਹੁਰਾਂ ਕੀਤਾ।

Comments

Karamjit singh

Ih hoye aa bandia wali gal

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ