Fri, 19 April 2024
Your Visitor Number :-   6983642
SuhisaverSuhisaver Suhisaver

"ਹਿੰਦੂ" ਕੀ ਹੈ? - ਕੰਵਲ ਧਾਲੀਵਾਲ

Posted on:- 27-12-2017

ਸਭ ਤੋਂ ਪਹਿਲਾਂ ਇਹ ਭਰਮ ਦੂਰ ਕਰਨਾ ਚਾਹੀਦਾ ਹੈ ਕਿ ਜਦੋਂ ਵੀ ਤੁਸੀਂ ਇਰਾਨ (ਪਾਰਸ/ ਫਾਰਸ / ਪਰਸ਼ੀਆ /) ਬਾਰੇ ਗੱਲ ਕਰੋ ਤਾਂ ਦੱਖਣੀ-ਏਸ਼ੀਆ ਦੇ ਸਾਰੇ ਲੋਕ ਅਕਸਰ ਇਸ ਨੂੰ ਇਸਲਾਮ ਨਾਲ ਜੋੜ ਕੇ ਵੇਖਦੇ ਹਨ।  ਇਰਾਨ ਦੀ ਸੱਭਿਅਤਾਅਤੇ ਭਾਸ਼ਾ  ਹੋਰ ਪ੍ਰਾਚੀਨ ਸਭਿਅਤਾਵਾਂ ਵਾਂਗ ਹੀ ਹਜਾਰਾਂ ਸਾਲ ਪੁਰਾਣੀ ਹੈ ਉਦੋਂ ਦੀ ਜਦੋਂ ਇਸਲਾਮ ਤਾਂ ਕੀ ਮੁਹੰਮਦ ਸਾਹਿਬ ਦਾ ਜਨਮ ਵੀ ਨਹੀਂ ਹੋਇਆ ਸੀ। ਸੱਤਵੀਂ ਸਦੀ ਈਸਵੀ ਵਿੱਚ, ਅਰਬਾਂ ਨੇ ਇਰਾਨ ਦੇ ਸਵਦੇਸ਼ੀ ਸਾਸਾਨੀ ਸਾਮਰਾਜ ਤੇ ਹਮਲਾ ਕੀਤਾ ਅਤੇ ਤਬਾਹ ਕਰ ਦਿੱਤਾ ਅਤੇ ਈਰਾਨ ਹੌਲੀ ਹੌਲੀ  ਇਸਲਾਮੀ ਬਣਦਾ ਗਿਆ।  ਪਰ ਈਰਾਨ ਦਾ ਆਪਣਾ ਮੂਲ ਧਰਮ ਇਸਲਾਮੀ ਨਹੀਂ ਸੀ ਬਲਕਿ "ਵੈਦਿਕ" ਵਿਚਾਰਧਾਰਾ ਦਾ ਹੀ ਇਕ ਹਿੱਸਾ ਸੀ ਜਿਸ ਵਿਚ ਅੱਗ ਦੀ ਪੂਜਾ ਨੂੰ ਵਿਸ਼ੇਸ਼ ਮਹੱਤਵੀ ਸੀ।  ਇਸ ਨੂੰ '' ਜ਼ੋਰੋਆਸ਼ਟਰੀ'' ਧਰਮ ਕਿਹਾ ਜਾਂਦਾ ਹੈ, ਜਿਸਦਾ ਨਾਮ  ਉਸਦੇ ਸੰਤ ਜ਼ਰਾਥੁਸਟਰ  ਤੋਂ ਪਿਆ।

ਇਸਲਾਮੀ  ਹਮਲੇ ਦੇ ਕਾਰਨ, ਜ਼ੋਰੋਆਸ਼ਟਰੀ ਧਰਮ ਦੇ ਲੋਕ ਜੋ ਕਿਸੇ ਵੀ ਹਾਲਤ ਵਿੱਚ ਅਰਬਾਂ ਦਾ ਧਰਮ ਅਪਨਾਉਣ ਲਈ ਤਿਆਰ ਨਹੀਂ ਸਨ, ਉਹ ਭੱਜਕੇ ਭਾਰਤ ਆ ਗਏ ਤੇ ਗੁਜਰਾਤ ਰਾਜ ਵਿੱਚ ਸ਼ਰਨਾਰਥੀ ਬਣ ਗਏ।  ਗੁਜਰਾਤ ਦੇ 'ਹਿੰਦੂ' ਰਾਜੇ ਨੇ ਉਨ੍ਹਾਂ ਨੂੰ ਸ਼ਰਨ ਦੇ ਦਿੱਤੀ ਤੇ ਉਦੋਂ ਤੋਂ ਹੀ ਉਹ ਭਾਰਤ ਵਿਚ ਘੁੰਗ ਵੱਸ ਰਹੇ ਹਨ।  ਅੱਜ ਅਸੀਂ ਇਹਨਾਂ ਨੂੰ  "ਪਾਰਸੀ" ਕਹਿੰਦੇ ਹਾਂ। ਜਮਸ਼ੇਦ ਜੀ ਟਾਟਾ, ਫਿਰੋਜ਼ ਗਾਂਧੀ (ਰਾਹੁਲ ਗਾਂਧੀ ਦਾ ਦਾਦਾ) ਅਤੇ ਸਮ੍ਰਿਤੀ ਇਰਾਨੀ ਵਰਗੇ ਲੋਕ ਉਨ੍ਹਾਂ ਪਾਰਸੀਆਂ ਦੇ ਵੰਸ਼ ਵਿੱਚੋਂ ਹੀ ਹਨ।  ਇਸ ਤੋਂ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ 'ਫ਼ਿਰੋਜ਼' ਅਤੇ 'ਜਮਸ਼ੇਦ' ਨਾਮ ਇਰਾਨੀ  ਮੂਲ ਦੇ ਹਨ ਅਤੇ ਨਾ ਕਿ ਇਸਲਾਮੀ ਤੇ ਇਹ ਵੀ ਕਿ ਰਾਹੁਲ ਗਾਂਧੀ ਦਾ 'ਪੁਸ਼ਤੈਨੀ ਧਰਮ' ਕੀ ਸੀ !

ਆਉ ਹੁਣ ਅਸੀਂ ਸ਼ਬਦ "ਇਰਾਨ" ਵੱਲ ਆਈਏ- ਇਸ ਸ਼ਬਦ ਦਾ ਅਧਾਰ ਉਹੀ ਸ਼ਬਦ ਹੈ ਜੋ ਸੰਸਕ੍ਰਿਤ ਵਿੱਚ "ਆਰੀਆ" ਹੈ।  ਈਰਾਨ ਦਾ ਅਰਥ ਹੈ 'ਆਰੀਆ ਜਾਤੀ ਦਾ ਦੇਸ਼' । ਤੁਸੀਂ ਸੁਣਿਆ ਹੋਣਾ ਕਿ ਅਫਗਾਨਿਸਤਾਨ ਦੀ ਹਵਾਈ ਸੇਵਾ ਦਾ ਨਾਂ ਸੀ-  “ਆਰੀਆਨਾ ਏਅਰ ਲਾਈਨਜ਼"- ਇਸ ਵਿਚ ਇਹ "ਆਰੀਆਨਾ" ਕਿੱਥੋਂ ਆਇਆ? ਇਹ ਉਹੀ "ਆਰੀਆ" ਹੈ! ਅਸਲ ਵਿੱਚ ਫ਼ਾਰਸੀ ਸਭਿਅਤਾ ਈਰਾਨ ਤੱਕ ਹੀ ਸੀਮਿਤ ਨਹੀਂ ਹੈ, ਪਰ ਉੱਤਰ-ਪੱਛਮੀ ਭਾਰਤ ਤੋਂ ਲੈ ਕੇ  ਅਫਗਾਨਿਸਤਾਨ, ਈਰਾਨ ਅਤੇ ਮੱਧ ਏਸ਼ੀਆ ਦੇ ਦੇਸ਼ਾਂ ਵਿੱਚ ਤਾਜਿਕਸਤਾਨ ਉਜ਼ਬੇਕਿਸਤਾਨ ਆਦਿ ਤਕ ਫੈਲੀ ਹੋਈ ਹੈ। ਆਰੀਆ ਸਭਿਅਤਾ ਦਾ ਵਿਸ਼ਾ ਬਹੁਤ ਵੱਡਾ ਹੈ - ਇਸ ਦੀ ਹੋਰ ਗੱਲ ਇੱਥੇ ਨਹੀਂ  ਹੋ ਸਕੇਗੀ , ਇਸ ਲੇਖ ਦਾ ਉਦੇਸ਼ ਸਿਰਫ "ਹਿੰਦੂ" ਸ਼ਬਦ ਨੂੰ ਸਮਝਣਾ ਹੈ।

ਇਹ ਜਾਣਨਾ ਬਹੁਤ ਮਹੱਤਵਪੂਰਨ ਹੈ ਕਿ ਜਿਵੇਂ  ਜਿਵੇਂ ਈਰਾਨ ਦੀ ਸੱਭਿਅਤਾ ਦਾ ਅਰਬ ਸੱਭਿਅਤਾ ਨਾਲ ਕੋਈ ਸਬੰਧ ਨਹੀਂ ਉਵੇਂ ਫਾਰਸੀ ਭਾਸ਼ਾ ਦਾ ਅਰਬੀ ਭਾਸ਼ਾ ਨਾਲ ਵੀ ਕੋਈ ਰਿਸ਼ਤਾ ਨਹੀਂ ਹੈ ਪਰ ਫਾਰਸੀ ਦਾ ਸੰਸਕ੍ਰਿਤ ਨਾਲ ਨਾਤਾ ਬਹੁਤ ਢੁੰਗਾ ਹੈ। ਜਿਵੇਂ ਅੱਜ ਸਾਰੇ ਉੱਤਰੀ ਭਾਰਤ ਦੀਆਂ ਭਾਸ਼ਾਵਾਂ (ਪਸ਼ਤੋ, ਪੰਜਾਬੀ, ਹਿੰਦੁਸਤਾਨੀ, ਰਾਜਸਥਾਨੀ, ਗੁਜਰਾਤੀ, ਸਿੰਧੀ, ਮਰਾਠੀ, ਬੰਗਾਲੀ) ਸੰਸਕ੍ਰਿਤ ਤੋਂ ਪ੍ਰਭਾਵਤ ਹਨ, ਬਲਕਿ ਸੰਸਕ੍ਰਿਤ ਦੀ ਉਲਾਦ ਹੀ ਹਨ, ਉਸੇ ਤਰ੍ਹਾਂ ਫ਼ਾਰਸੀ ਭਾਸ਼ਾ ਦੀ ਜਨਨੀ ਹੈ - ਆਵੇਸਤਾਂ ਨਾਮ ਦੀ ਪੁਰਾਤਨ ਭਾਸ਼ਾ । ਇਸ ਅਵੇਸਤਾਂ ਨੂੰ  'ਸੰਸਕ੍ਰਿਤ ਦੀ ਭੈਣ' ਮੰਨਿਆ ਜਾਂਦਾ ਹੈ। ਭਾਸ਼ਾ ਵਿਗਿਆਨੀਆਂ ਨੇ ਤਾਂ  ਕਈ ਵਾਰ ਵੇਦਾਂ ਦੀ ਭਾਸ਼ਾ ਨੂੰ ਸਮਝਣ ਲਈ ਅਵੇਸਤਾਂ ਦਾ ਸਹਾਰਾ ਲੈਣ ਦੀ ਸਿਫਾਰਸ਼ ਵੀ ਕੀਤੀ ਹੈ । ਹੁਣ ਤੁਸੀਂ ਫ਼ਾਰਸੀ ਅਤੇ ਉੱਤਰੀ ਭਰਤ ਦੀਆਂ ਭਾਸ਼ਾਵਾਂ ਵਿਚਕਾਰ ਰਿਸ਼ਤਾ ਸਮਝ ਗਏ ਹੋਵੋਗੇ। ਇਸ ਲਈ ਸ਼ਬਦਕੋਸ਼ ਤੇ ਨਜ਼ਰ ਮਾਰੋ ਤਾਂ ਤੁਹਾਨੂੰ ਹਜ਼ਾਰਾਂ ਸ਼ਬਦ ਲੱਭਣਗੇ  ਜਿਹੜੇ ਸੰਸਕ੍ਰਿਤ ਅਤੇ ਫ਼ਾਰਸੀ ਵਿਚ ਇੱਕੋ ਜਿਹੇ ਹਨ ਜਾਂ ਮਾਮੂਲੀ ਉਚਾਰਨ ਦਾ ਵਖਰੇਵਾਂ ਹੈ। ਸ਼ਬਦ "ਹਿੰਦੁਸਤਾਨ / ਪਾਕਿਸਤਾਨ "  ਵਿਚ ਪਿਛੇਤਰ  "-ਸਤਾਨ" ਹੀ ਲਵੋ - ਸੰਸਕ੍ਰਿਤ ਵਿਚ ਇਹ 'ਸਥਾਨ' ਹੈ (ਜਿਵੇਂ ਰਾਜਸਥਾਨ) ਤੇ ਫ਼ਾਰਸੀ ਵਿਚ 'ਸਤਾਨ';ਅਰਥ ਉਹੀ ਹੈ - ਜਗਾਹ !

'ਸ' ਅਤੇ 'ਹ' ਦੀ ਆਵਾਜ਼ ਆਵੇਸਤਾਂ ਅਤੇ ਸੰਸਕ੍ਰਿਤ ਦੁਆਰਾ ਪ੍ਰਭਾਵਿਤ ਭਾਸ਼ਾਵਾਂ ਵਿੱਚ ਇਕ ਦੂਜੇ ਨਾਲ ਬਦਲਦੀ ਰਹਿੰਦੀ ਹੈ  । ਇਹ ਬੋਲਣ ਵਾਲਿਆਂ ਦੇ ਉਚਾਰਣ ਦੀ ਆਦਤ ਕਾਰਨ ਹੋਇਆ । ਪੰਜਾਬੀ ਵਿਚ ਪੜਨਾਂਵ "ਉਹ" ਦੇ ਨਾਲ ਜਦੋਂ ਅਸੀਂ ਕਾਰਕ ਚਿਨ੍ਹ - ਦਾ/ਦੇ/ਦੀ/ਦੀਆਂ  ਜੋੜਦੇ ਹਾਂ,ਤਾਂ ਇਹ 'ਉਸ' ਵੀ ਬੋਲਿਆ ਜਾਣ ਲਗਦਾ ਹੈ ।  ਜਿਵੇਂ - ਉਸ ਦਾ ਘਰ / ਉਸ ਦੀ ਕਮੀਜ਼ ਆਦਿ ਇਸੇ ਤਰ੍ਹਾਂ ਇਕ ਮਸ਼ਹੂਰ ਸ਼ਬਦ ਹੈ - "ਅਸੁਰ" ਜੋ ਕਿ ਮੂਲ ਭਾਰਤੀਆਂ  ਲਈ ਇਕ ਬਹੁਤ ਹੀ ਨਕਾਰਾਤਮਕ ਰੂਪ ਵਿਚ ਪੇਸ਼ ਕੀਤਾ ਜਾਂਦਾਹੈ।  ਅਤੇ ਇਸ ਸ਼ਬਦ ਦਾ ਜ਼ਿਕਰ "ਦੇਵਾਸੁਰਸੰਗਰਾਮ" ਵਰਗੇ ਮਿਥਿਹਾਸ ਵਿਚ ਕੀਤਾ ਗਿਆ ਹੈ - ਪਰ ਬਹੁਤ ਸਾਰੇ ਵਿਦਵਾਨ ਮੰਨਦੇ ਹਨ ਕਿ ਇਹ ਸ਼ਬਦ ਅਸਲ ਵਿਚ "ਅਹੂਰ" ਹੈ - ਜਿਵੇਂ ਜ਼ੋਰੋਂਆਸ਼ਟਰ ਧਰਮ ਦੇ ਸੰਤ ਦਾ ਨਾਮ 'ਅਹੁਰ ਮਾਜ਼ਦਾ'-  ਇੱਥੇ ਵੀ, 'ਸਾ' ਅਤੇ 'ਹ' ਦੀ ਆਵਾਜ਼ ਅੰਦਰੂਨੀ ਤੌਰ ਤੇ ਆਪਸ ਵਿਚ ਤਬਦੀਲ ਹੋ ਰਹੀ ਹੈ । ਅਜਿਹੀਆਂ ਹੋਰ ਵੀ ਬਹੁਤ ਉਧਾਰਨਾਂ ਹਨ, ਜਿੱਥੇ ਸ ਅਤੇ ਹ ਦੀਆਂ ਅਵਾਜ਼ਾਂ ਵਿਚ ਆਪਸੀ ਫੇਰ-ਬਦਲ ਹੋਇਆ ਹੈ। ਇਕ ਹੋਰ ਮਿਸਾਲ ਹੈ ਜੋ ਤੁਸੀਂ ਅਕਸਰ ਵਰਤਦੇ ਹੋ ਪਰ ਧਿਆਨ ਨਹੀਂ ਦਿੰਦੇ - 'ਹਫਤਾ ਅਤੇ 'ਸਪਤਾਹ' -ਫਾਰਸੀ ਵਿਚ ਹਫਤਾ ਹੈ ਤਾਂ ਸੰਸਕ੍ਰਿਤ ਦਾ ਸਪਤਾਹ ।  

ਸੰਸਕ੍ਰਿਤ ਦਾ ਸ਼ਬਦ ਹੈ - "ਸਿੰਧੂ" ਹੈ, ਜਿਸਦਾ ਸਿੱਧਾ ਸਿੱਧਾ ਅਰਥ ਹੈ: ਜਲਰਾਸ਼ੀ - ਦਰਿਆ, ਨਦੀ, ਸਮੁੰਦਰ, ਮਹਾਂਸਾਗਰ ਆਦਿ।  ਇਸ ਲਈ ਉੱਤਰ-ਪੱਛਮੀ ਭਾਰਤੀ ਉਪ-ਮਹਾਂਦੀਪ ਵਿੱਚ ਵਹਿੰਦੀ ਨਦੀ ਨੂੰ ਨਾਮ ਮਿਲਿਆ - "ਸਿੰਧੂ" ਜਿਸ ਨੂੰ ਸਿੰਧ ਵੀ ਕਿਹਾ ਜਾਂਦਾ ਹੈ ਜੋ ਅਜੇ ਵੀ ਇਸ ਨਾਮ ਥੱਲੇ ਵਹਿੰਦਾ ਹੈ। ਜਿਸ ਸਮੇਂ ਗੋਰੀ ਜਾਤੀ  (ਚਿੱਟੀ ਚਮੜੀ) ਅਤੇ ਸੰਸਕ੍ਰਿਤ ਭਾਸ਼ਾ ਬੋਲਣ ਵਾਲੇ 'ਹਿੰਦ-ਆਰੀਆਈ' ਕਬੀਲੇ 2500-2000 ਈ.ਪੁ. ਭਾਰਤੀ ਉਪ ਮਹਾਂਦੀਪ ਵਿਚ ਦਾਖਲ ਹੋਏ ਸਨ, ਤਾਂ ਇਹ ਆਲੀਸ਼ਾਨ ਦਰਿਆ ਉਨ੍ਹਾਂ ਦੇ ਸਾਹਮਣੇ ਸੀ, ਜਿਸ ਨੂੰ ਪਾਰ ਕਰ ਕੇ ਉਹ ਉਤਰੀ ਭਾਰਤ ਦੇ ਮੈਦਾਨਾਂ ਵਿਚ ਦਾਖਲ ਹੋਣ ਤੋਂ ਪਹਿਲਾਂ  ਇਸੇ ਦਰਿਆ ਦੇ ਆਸ-ਪਾਸ ਵੱਸ ਗਏ ਸਨ। ਪਰ ਆਰੀਆਂ ਦਾ ਭਾਰਤ ਵਿਚ ਆਉਣਾ ਤੇ ਵੱਸ ਜਾਣਾ ਕੋਈ ਅਚਾਨਕ ਨਹੀਂ ਹੋਇਆ, ਬਲਕਿ ਇਹ ਵਸੇਵਾਂ ਕਈ ਸਦੀਆਂ ਵਿਚ ਪੂਰਾ ਹੋਇਆ।  ਇਸ ਨਦੀ ਦਾ ਨਾਮ ਸੰਸਕ੍ਰਿਤ ਵਿਚ ਰੱਖਿਆ ਜਾ ਚੁੱਕਾ ਸੀ। ਇਸ ਤੋਂ ਪਹਿਲਾਂ ਵੀ ਇਸ ਖਿਤੇ ਵਿਚ ਵਸਦੇ ਲੋਕ ਇਸ ਮਹਾਨ ਦਰਿਆ ਨੂੰ ਕਿਸ ਨਾਮ ਨਾਲ ਬੁਲਾਉਂਦੇ ਹੋਣਗੇ - ਕੁਝ ਪਤਾ ਨਹੀਂ ਕਿਉਂਕਿ ਉਨ੍ਹਾਂ ਦੀ ਲਿੱਪੀ / ਭਾਸ਼ਾ ਪੜ੍ਹੀ ਨਹੀਂ ਗਈ ਹੈ।  ਕਿਸੇ ਵੀ ਭੂਗੋਲਿਕ ਸਥਾਨ ਦੀਆਂ ਕੁਦਰਤੀ ਵਿਸ਼ੇਸ਼ਤਾਵਾਂ ਤੋਂ ਹੀ ਉਸਦਾ ਨਾਮ ਪੈ ਜਾਣਾ ਕੋਈ ਨਵੀਂ ਗੱਲ ਨਹੀਂ ਹੈ- ਰਾਜਸਥਾਨ ਵਿਚ ਮਾਰੂਥਲ ਦਾ ਨਾਮ ਥਾਰ/ਥਰ ਹੈ ਕਿਉਂਕਿ ਸਥਾਨਕ ਭਾਸ਼ਾ ਵਿਚ ਮਾਰੂਥਲ ਦਾ ਅਰਥ ਹੀ ਥਾਰ ਹੈ।  ਇਸੇ ਤਰ੍ਹਾਂ, ਮਾਰੂਥਲ ਨੂੰ ਅਰਬੀ ਭਾਸ਼ਾ ਵਿੱਚ ਸਹਿਰਾ ਕਿਹਾ ਜਾਂਦਾ ਹੈ ਅਤੇ ਹੁਣ ਉੱਤਰੀ ਅਫ਼ਰੀਕਾ ਦਾ ਮਹਾਨ ਮਾਰੂਥਲ  ਇਸੇ ਅਰਬੀ ਨਾਮ ਨਾਲ ਜਾਣਿਆ ਜਾਂਦਾ ਹੈ।  ਬਰਤਾਨੀਆਂ ਵਿਚ ਵਹਿੰਦੇ ਦਰਿਆ ਦਾ ਨਾਮ ਏਵਨ ਹੈ।  ਇਹ ਸ਼ਬਦ ਅਸਲ ਵਿਚ ਮੂਲ ਬਰਤਾਨਵੀ ਭਾਸ਼ਾ ਗੇਲ ਦਾ ਸ਼ਬਦ 'ਏਬਨ' ਹੈ ਜਿਸਦਾ ਅਰਥ ਹੀ ਦਰਿਆ ਹੈ । 

ਈਰਾਨ ਵਿਚ ਰਹਿਣ ਵਾਲੇ ਪਾਰਸੀ ਕਬੀਲੇ ਇਹਨਾਂ ਹਿੰਦ-ਆਰੀਆਈ ਕਬੀਲਿਆਂ ਦੇ ਹੀ ਭਰਾ-ਭਤੀਜੇ ਸਨ ਪਰ ਉਨ੍ਹਾਂ ਦੀਆਂ ਭਾਸ਼ਾਵਾਂ (ਫ਼ਾਰਸੀ) ਨੇ ਕਈ ਸਦੀਆਂ ਦੇ ਅੰਤਰਾਲ ਕਾਰਨ ਆਜ਼ਾਦ ਰੂਪ ਨੂੰ ਪ੍ਰਾਪਤ ਕਰ ਲਿਆ ਸੀ। ਇਸੇ ਤਰ੍ਹਾਂ ਉਨ੍ਹਾਂ ਦੇ ਉਚਾਰਣ ਵਿੱਚ ਵੀ ਉਹ ਫਰਕ ਸੀ ਜਿਸ ਬਾਰੇ ਅਸੀਂ ਗੱਲ ਕੀਤੀ ਹੈ - ਸ ਨੂੰ ਹ ਕਹਿਣਾ।  ਇਸ ਲਈ ਇਨ੍ਹਾਂ ਲੋਕਾਂ ਨੇ ਹੀ ਪਿਹਲੋ-ਪਹਿਲ ਸਿੰਧ ਦਰਿਆ ਨੂੰ 'ਹਿੰਦ/ ਹੇਂਦ' ਕਿਹਾ ਤੇ ਸਿੰਧ ਤੋਂ ਪਾਰ ਰਹਿਣ ਵਾਲੇ ਲੋਕਾਂ ਲਈ- ਹਿੰਦੂ। ਇਕ ਖੋਜ ਅਨੁਸਾਰ, ਸ਼ਬਦ "ਹਿੰਦੂ" ਸਭ ਤੋਂ ਪਹਿਲਾਂ ਫਾਰਸ/ ਇਰਾਨ  ਦੇ ਰਾਜੇ  ਨੇ 600 ਈ ਵਿਚ "ਸਿੰਧ ਦੇਸ਼ ਦੇ ਲੋਕ" ਦੇ ਅਰਥਾਂ ਵਿਚ ਕੀਤਾ। ਉਸ ਤੋਂ ਬਾਅਦ ਵਿਚ ਵੀ, ਯੂਨਾਨੀ ਹਮਲਾਵਰਾਂ  ਅਤੇ ਯਾਤਰੂਆਂ ਨੇ ਇਹੀ ਸ਼ਬਦ ਵਰਤਿਆ ਪਰ ਜਿਵੇਂ ਅਸੀਂ ਵੇਖਦੇ ਹੀ ਹਾਂ ਉਨ੍ਹਾਂ ਆਪਣੇ ਉਚਾਰਣ ਮੁਤਾਬਿਕ ਇਸ ਨੂੰ 'ਹਿੰਦ' ਤੋਂ 'ਇੰਦ' ਕਰ ਦਿੱਤਾ ।  ਇਹ ਤੱਥ ਸਰਵਪ੍ਰਵਾਨ ਹੈ ਕਿ ਪ੍ਰਾਚੀਨ ਯੂਰਪ ਵਿਚ, ਲਤੀਨੀ ਭਾਸ਼ਾ ਦੇ ਅਸਰ ਹੇਠ ਦੇਸ਼ਾਂ ਦੇ ਨਾਂ ਹਮੇਸ਼ਾ ਪਿਛੇਤਰ "-ਈਆ" ਨਾਲ ਮੁਕਦੇ ਹਨ- ਜਿਵੇਂ ਬਰਤਾਨੀਆ (Britain), ਇਤਾਲੀਆ (Italy), ਗੇਰਮਾਨੀਆ (Germany), ਰੋਮਾਨੀਆ, (Romania) ਇਸਪਾਨੀਆ (Spain) ਆਦਿ। ਇਸੇ ਤਰਾਂ ਭਾਰਤ ਦਾ ਨਾਮ ਵੀ ਪਹਿਲੀ ਵਾਰ ਇੰਦੀਆ (India) ਬਣਿਆ ਅਤੇ ਫਿਰ ਯੂਰਪ (ਪੁਰਤਗਾਲੀ, ਫ਼ਰਾਂਸੀਸੀ ਅਤੇ ਅੰਗਰੇਜ਼ੀ) ਵਲੋਂ ਆਉਣ ਵਾਲੇ ਸਾਰੇ ਧਾੜਵੀਆਂ/ ਯਾਤਰੀਆਂ ਨੇ ਇਸ ਦੇਸ਼ ਨੂੰ ਇਹੀ ਨਾਮ ਨਾਲ ਜਾਣਿਆ।

ਈਰਾਨ ਵਿਚ ਇਸਲਾਮ ਸਥਾਪਿਤ ਹੋਣ ਤੋਂ ਬਾਅਦ, ਸਭਿਆਚਾਰਕ ਪੱਧਰ 'ਤੇ ਜੋ ਇਕ ਵੱਡਾ ਬਦਲਾਅ ਆਇਆ ਉਹ ਸੀ ਫ਼ਾਰਸੀ ਭਾਸ਼ਾ ਲਈ ਅਰਬੀ ਲਿੱਪੀ ਦੀ ਚੋਣ।  ਪੁਰਾਣੀ ਫ਼ਾਰਸੀ ਦੀ ਵੀ ਆਪਣੀ ਲਿਪੀ ਸੀ ਜਿਵੇਂ ਭਾਰਤ ਵਿਚ ਬ੍ਰਹਮੀ ਲਿਪੀ ਤੇ ਆਧਾਰਿਤ ਸਵਦੇਸ਼ੀ ਲਿੱਪੀਆਂ ਬਣੀਆਂ।  ਇੱਥੋਂ ਹੀ ਫਾਰਸੀ ਅਤੇ ਉੱਤਰੀ ਭਾਰਤ ਦੀਆਂ ਭਾਸ਼ਾਵਾਂ ਦੇ ਆਪਸੀ ਸਬੰਧਾਂ ਵਿੱਚ ਤ੍ਰੇੜ ਪੈਣੀ  ਸ਼ੁਰੂ ਹੋ ਗਈ, ਕਿਉਂਕਿ ਦੋਹਾਂ ਪਾਸਿਆਂ ਤੇ ਜੋ ਲਿਖਿਆ ਜਾ ਰਿਹਾ ਸੀ ਉਸਨੂੰ  ਪੜ੍ਹਨ/ਸਮਝਣ ਵਾਲੇ ਨਾ ਰਹੇ।

ਯੂਰਪੀ ਵਿਦੇਸ਼ੀਆਂ ਦੇ ਆਉਣ ਤੋਂ ਪਹਿਲਾਂ, ਭਾਰਤ ਦੇ ਗੁਆਂਢੀ ਦੇਸ਼ਾਂ ਤੋਂ ਅਕਸਰ ਹਮਲੇ ਹੁੰਦੇ ਸਨ ਜਿਹੜੇ ਮੁਸਲਮਾਨ ਸਨ ਪਰ ਫਾਰਸੀ ਨਹੀਂ, ਤੁਰਕੀ ਅਤੇ ਅਰਬੀ ਬੋਲਦੇ ਸਨ, ਪਰ ਉਹ ਫ਼ਾਰਸੀ ਭਾਸ਼ਾ ਤੋਂ ਬਹੁਤ ਪ੍ਰਭਾਵਤ ਸਨ।  ਅਰਬਾਂ ਨੇ ਵੀ ਦੱਖਣੀ ਏਸ਼ੀਆ ਨੂੰ  "ਹਿੰਦ" ਹੀ ਕਿਹਾ ਅਤੇ ਇੱਥੇ ਰਹਿਣ ਵਾਲੇ ਲੋਕਾਂ ਨੂੰ "ਹਿੰਦੀ",  ਉਹਨਾਂ ਦਾ ਮਜ਼ਹਬ  ਜੋ ਵੀ ਹੋਵੇ।  ਭਾਰਤ ਵਿਚ ਖਾਲਿਸ ਫ਼ਾਰਸੀ ਬੋਲਣ ਵਾਲੇ ਸ਼ਾਸਕਾਂ ਦੀ ਸ਼ੁਰੂਆਤ ਸਮਰਾਟ ਅਕਬਰ ਨਾਲ ਹੋਈ।

ਇਤਿਹਾਸਕਾਰਾਂ ਮੁਤਾਬਿਕ ਮੁਗ਼ਲਾਂ ਦਾ ਇਹੀ ਸਮਾਂ ਹੈ ਜਦੋਂ 'ਹਿੰਦੂ' ਸ਼ਬਦ ਜੋ ਇਕ ਭੂਗੋਲਿਕ ਸਥਾਨ ਦਾ ਨਾਂ ਸੀ, ਪਹਿਲੀ ਵਾਰ ਧਾਰਮਿਕ ਵਿਸ਼ਵਾਸਾਂ ਨਾਲ ਜੁੜਨਾ ਸ਼ੁਰੂ ਹੋਇਆ । ਉਦੋਂ ਇਹ ਦੱਖਣੀ-ਏਸ਼ੀਆ ਦੇ ਉਨ੍ਹਾਂ ਲੋਕਾਂ ਲਈ ਵਰਤਿਆ ਗਿਆ ਜੋ ਤੁਰਕ ਜਾਂ ਅਰਬ ਨਹੀਂ ਸਨ। ਉਸ ਤੋਂ ਬਾਅਦ ਅੰਗਰੇਜ਼ ਨੇ ਹਿੰਦੂ ਸ਼ਬਦ ਨੂੰ ਜਾਣ-ਬੁੱਝ ਕੇ ਮੁਸਲਿਮ ਅਤੇ ਗੈਰ-ਮੁਸਲਮ ਦੇ ਵਿਚਕਾਰ ਪਾੜਾ  ਵਧਾਉਣ ਲਈ  'ਬ੍ਰਾਹਮਣਵਾਦ/ ਵੈਦਿਕ ਧਰਮ' ਦੇ ਰੂਪ ਵਿਚ ਅਜਿਹਾ ਵਰਤਿਆ ਕਿ ਅਜੱ ਭਾਰਤ ਦੇ  ਮੂਰਖ ਲੋਕ ਇਸ ਨੂੰ ਆਪਣੀ ਧਾਰਮਿਕ ਪਛਾਣ ਮੰਨਦੇ ਹਨ । ਉਂਜ ਵੀ ਅੰਗਰੇਜ਼ ਨੇ ਇਸ ਖੇਤਰ ਵਿੱਚ ਪਣਪੇ ਵੱਖ-ਵੱਖ ਧਰਮਾਂ ਦੀ ਖੋਜ ਕਰਨ ਦੀ ਬਜਾਇ "ਹਿੰਦੂ" ਸ਼ਬਦ ਨੂੰ ਛਤਰੀ-ਸ਼ਬਦ  ਵਜੋਂ ਵਰਤਿਆ ਹੈ - ਉਹ ਇਸ ਯੱਬ ਚ ਹੀ ਨਹੀਂ ਪਏ ਇਥੇ ਸ਼ੈਵ ਕੌਣ ਹੈ, ਵੈਸ਼ਣਨ ਕੌਣ, ਦੇਵੀ ਭਗਤ ਕੌਣ ਹਨ, ਬੌਧ ਕੌਣ ਤੇ  ਮੁਰੂਗਨ ਭਗਤ ਕੌਣ ਹਨ ਆਦਿ;  ਇੱਥੋਂ ਤੱਕ ਕਿ ਭਾਰਤੀ ਮੂਲ ਦੇ ਲੋਕਾਂ ਅਤੇ ਬ੍ਰਾਹਮਣ ਧਰਮ ਵੱਲੋਂ ਦੁਤਕਾਰੇ ਗਏ ਸ਼ੂਦਰਾਂ ਨੂੰ ਵੀ ਉਸੇ ਹੀ "ਹਿੰਦੂ" ਛੱਤ ਹੇਠ ਇਕੱਠੇ ਕਰ ਦਿੱਤਾ, ਜਿਥੇ ਵੈਦਕ ਧਰਮ ਨੂੰ ਮੰਨਣ ਵਾਲੇ ਸਨਾਤਨੀ ਵੀ ਸਨ।  ਕੁਝ ਵੀ ਹੈ  ਇਹ ਤਾਂ ਸਾਬਤ ਹੁੰਦਾ ਹੈ ਕਿ ਉਹ ਲੋਕ ਜੋ ਲੋਕ ਆਪਣਾ ਧਰਮ "ਹਿੰਦੂ" ਮੰਨਦੇ ਹਨ - ਉਨ੍ਹਾਂ ਨੂੰ ਖਬਰ ਨਹੀਂ ਇਸ ਸ਼ਬਦ ਦਾ ਉਨ੍ਹਾਂ ਦੀਆਂ ਆਸਥਾਵਾਂ ਨਾਲ ਕੋਈ ਸਬੰਧ ਨਹੀਂ ਤੇ ਇਹ ਨਾਮ ਵੀ "ਵਦੇਸ਼ੀ" ਹੈ । ਮੁਸਲਮਾਨਾਂ ਨੂੰ ਛੱਡ ਕੇ ਬਾਕੀ ਸਾਰੇ ਭਾਰਤੀਆਂ ਨੂੰ ਇੱਕੋ ਨਾਮ ਦਿੱਤੇ  ਜਾਣ ਨਾਲ  ਜਿੱਥੇ ਇਹ ਫਾਇਦਾ ਹੋਇਆ ਕਿ ਦੇਸ਼ ਇਕ ਸੂਤਰ ਵਿਚ ਪਰੋਇਆ ਗਿਆ ਉਥੇ ਨੁਕਸਾਨ ਇਹ ਕਿ  ਬਾਹਰੋਂ ਆਏ ਬ੍ਰਾਹਮਣ ਧਰਮ ਨੇ ਪੂਰੇ ਦੇਸ਼ ਦੀ ਸਭਿਆਚਾਰਕ ਵੰਨਗੀ ਨੂੰ ਨਿਗਲ ਲਿਆ ਅਤੇ ਸਮਾਜ ਵਿਚ ਸਦੀਆਂ ਤੋਂ ਪਣਪ ਰਹੀ ਅਣਮਨੁੱਖੀ ਜਾਤ-ਪ੍ਰਥਾ ਦੀਆਂ ਜੜਾਂ ਹੋਰ ਢੂੰਗੀਆਂ ਹੋਈਆਂ।

ਹੁਣ ਸਾਡਾ ਦੁਖਾਂਤ  ਵੇਖੋ-  ਹਿੰਦੁਸਤਾਨ ਨੂੰ ਜਿਸ ਨਦੀ ਨੇ ਨਾਮ ਦਿੱਤਾ ਉਹ ਹੁਣ ਹਿੰਦੁਸਤਾਨ ਵਿਚ ਨਹੀਂ ਵਗਦੀ,  ਅਤੇ ਭਾਰਤ ਦਾ ਉਹ ਟੁਕੜਾ ਜੋ "ਹਿੰਦੂ" ਸ਼ਬਦ ਨਾਲ ਨਫਰਤ ਕਰਦਾ ਹੈ, ਉਸੇ ਸਿੰਧ ਨਦੀ ਤੇ ਵਸਦਾ ਹੈ ਜਿਸ ਤੋਂ ਹਿੰਦੂ ਨਾਮ ਪਿਆ !

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ