Mon, 15 July 2024
Your Visitor Number :-   7187045
SuhisaverSuhisaver Suhisaver

ਸਰੋਤੇ ਉਡੀਕਦੀਆਂ ਕਹਾਣੀਆਂ - ਅਜੇ ਭਾਰਦਵਾਜ

Posted on:- 27-11-2012

suhisaver

ਬਟਵਾਰੇ ਬਾਅਦ ਦੇ ਪੰਜਾਬ ਦਾ ਯਾਦਾਂ ਦਾ ਨਕਸ਼ਾ

ਦਿੱਲੀ ਵਸਦਾ ਫ਼ਿਲਮਕਾਰ ਅਜੇ ਭਾਰਦਵਾਜ ਪੰਜਾਬ ’ਤੇ ਤਿੰਨ ਦਸਤਾਵੇਜ਼ੀ ਫ਼ਿਲਮਾਂ ਬਣਾ ਚੁੱਕਿਆ ਹੈ। ਉਸ ਦੀਆਂ ਪਹਿਲੀਆਂ ਦੋ ਫ਼ਿਲਮਾਂ ‘ਕਿਤੇ ਮਿਲ਼ ਵੇ ਮਾਹੀ' ਅਤੇ ‘ਰੱਬਾ ਹੁਣ ਕੀ ਕਰੀਏ' ਕਾਫੀ ਚਰਚਿਤ ਰਹੀਆਂ ਹਨ। ਪੰਜਾਬ ਦੇ ਉਸ ਦੀ ਤੀਜੀ ਦਸਤਾਵੇਜ਼ੀ ਫ਼ਿਲਮ ‘ਮਿਲ਼ਾਂਗੇ ਬਾਬੇ ਰਤਨ ਨੇ ਮੇਲੇ ਤੇ' ਰਲੀਜ਼ ਹੋਣ ਲਈ ਤਿਆਰ ਹੈ। ਅਜੇ ਭਾਰਦਵਾਜ ਦਾ ਇਹ ਲੇਖ ਪਿੱਛੇ ਜਿਹੇ ‘ਇਕਨਾਮਿਕ ਐਂਡ ਪੁਲਿਟੀਕਲ ਵੀਕਲੀ' ਵਿਚ ਛਪਿਆ ਸੀ। ਇਸ ਲੇਖ ਦਾ ਅਨੁਵਾਦ ਕੁਲਵਿੰਦਰ ਨੇ ਕੀਤਾ ਹੈ, ਜਿਸ ਨੂੰ ਅਦਾਰਾ ‘ਸੂਹੀ ਸਵੇਰ’ ਛਾਪਣ ਦੀ ਖ਼ੁਸ਼ੀ ਲੈ ਰਿਹਾ ਹੈ। (ਸੰਪਾ.)
    

    
ਇਹ ਲੇਖ ਦੋ ਕਹਾਣੀਆਂ ਬਾਰੇ ਹੈ ਜੋ ਪੂਰਵੀ ਪੰਜਾਬ ਵਿਚਲੀ 1947 ਦੀ ਨਸਲਕੁਸ਼ੀ ਹਿੰਸਾ ਬਾਰੇ, ਦੋ ਵੱਖਰੇ ਬੰਦਿਆਂ ਵੱਲੋਂ ਸੁਣਾਈਆਂ ਗਈਆਂ, ਜਿਨ੍ਹਾਂ ’ਚੋਂ ਇੱਕ ਸਿੱਖ ਅਤੇ ਦੂਜਾ ਮੁਸਲਿਮ ਸੀ।

ਪਹਿਲੀ ਕਹਾਣੀ ਜਨਵਰੀ, 2003 ਦੀ ਹੈ, ਜਦੋਂ ਮੈਂ ਹੈਦਰਾਬਾਦ ਤੋਂ ਏਸ਼ੀਅਨ ਸੋਸ਼ਲ ਫੋਰਮ ਦੇ ਤਿੰਨ ਦਿਨਾਂ ਪ੍ਰੋਗਰਾਮ ਵਿੱਚ ਸ਼ਾਮਲ ਹੋ ਕੇ ਵਾਪਸ ਪਰਤ ਰਿਹਾ ਸਾਂ, ਜਿੱਥੇ ਮੇਰੀ ਦਸਤਾਵੇਜ਼ੀ ਫ਼ਿਲਮ ‘ਏਕ ਮਿੰਟ ਕਾ ਮੌਨ' ਦਿਖਾਈ ਗਈ ਸੀ। ਏਸੇ ਸਫ਼ਰ ਦੌਰਾਨ ਇੱਕ ਭੀੜ ਨਾਲ ਭਰੀ ਰੇਲ਼ ਗੱਡੀ ਵਿੱਚ ਮੈਂ ਇੱਕ ਮੌਸਮ ਦੀ ਮਾਰ ਨਾਲ ਨਿਸੱਲ ਹੋਏ ਦਰਮਿਆਨੀ ਉਮਰ ਦੇ ਸਿੱਧੂ ਨੂੰ ਮਿਲ਼ਿਆ ਸੀ, ਜੋ ਸਿੱਧੂ ਰੈਫਰੀਜੇਸ਼ਨ ਚਲਾਉਂਦਾ ਸੀ ਅਤੇ ਪੂਰਾ ਏਅਕਕੰਡੀਸ਼ਨ ਪਲਾਂਟ ਸੈੱਟ ਕਰਨਾ ਦਾ ਮਾਹਿਰ ਸੀ। ਜਿਉਂ ਹੀ ਰੇਲ ਗੱਡੀ ਅਗਾਂਹ ਵਧੀ, ਇੱਕ ਪੋਲੇ ਜਿਹੇ ਝਟਕੇ ਨੇ ਸਾਨੂੰ ਨਜ਼ਦੀਕ ਸਰਕਾ ਦਿੱਤਾ, ਸਾਡੀ ਸਾਂਝੀ ਮਾਤ ਭਾਸ਼ਾ ਪੰਜਾਬੀ ਨੇ ਸਾਡੇ ਵਿਚਲੇ ਫਾਸਲੇ ਨੂੰ ਹੋਰ ਘਟਾ ਦਿੱਤਾ। ਜਿਸ ਤਰ੍ਹਾਂ ਅਜਨਬੀ ਇੱਕ ਦੂਜੇ ਨਾਲ਼ ਖੁੱਲ੍ਹਦੇ ਹਨ, ਉਹ ਹੈਦਰਾਬਾਦ ਵਿਚ ਬਿਤਾਈ ਜ਼ਿੰਦਗੀ ਬਾਰੇ ਦੱਸਣ ਲੱਗਾ। ਲਾਜ਼ਮੀ ਹੈ ਕਿ ਕਿ ਦੋ ਪੰਜਾਬੀਆਂ ਵਿਚਲੀ ਗੱਲਬਾਤ 1947 ਦੀ ਭਾਰਤ ਦੀ ਵੰਡ ਦੇ ਭੂਤਾਂ ਨਾਲ ਸਾਹਮਣਾ ਕਰਨ ਅੰਦਰ ਵਲ ਚਲੀ ਜਾਵੇ। ਸੰਧੂ ਨੇ ਮੈਨੂੰ ਦੱਸਿਆ ਕਿ ਕਿਵੇਂ ਉਸ ਦੇ ਚਾਚੇ ਨੇ ਮੁਸਲਿਮ ਬੱਚਿਆਂ ਨੂੰ ਮਾਰ ਕੇ ਆਪਣੇ ਬਰਸ਼ੇ ਤੇ ਟੰਗਿਆ ਸੀ।
   
‘‘ਮੇਰੇ ਬਾਪ ਨੇ ਉਸ ਨਾਲ ਸਾਰੇ ਨਾਤੇ ਤੋੜ ਲਏ'', ਸਿੱਧੂ ਨੇ ਦੱਸਿਆ। ਇੱਕ ਲੰਮੀ ਚੁੱਪ ਬਾਅਦ ਸਿੱਧੂ ਨੇ ਆਪਣੀ ਕਹਾਣੀ ਜਾਰੀ ਰੱਖਿਆ। ‘‘ਮੇਰੇ ਚਾਚੇ ਨੂੰ ਆਪਣੇ ਕੀਤੇ ਦੀ ਬੁਰੀ ਸਜ਼ਾ ਮਿਲ਼ੀ। ਉਸ ਦਾ ਕੋਈ ਵੀ ਬੱਚਾ ਨਹੀਂ ਬਚਿਆ। ਜਾਂ ਤਾਂ ਉਸ ਦੇ ਲੂਲੇ ਬੱਚੇ ਪੈਦਾ ਹੋਏ ਤੇ ਜਾਂ ਜਨਮ ਤੋਂ ਕੁਝ ਘੰਟਿਆਂ ਬਾਅਦ ਮਰ ਗਿਆ।''

    
ਸਿੱਧੂ ਦੀ ਕਹਾਣੀ ਦੀਆਂ ਗੂੰਜਾਂ ਇੱਕ ਸਾਲ ਬਾਅਦ ਮੁੜ ਗੂੰਜਣ ਲੱਗੀਆਂ ਜਦੋਂ ਮੈਂ ਦਲਿਤਾਂ ਅਤੇ ਸੂਫ਼ੀਵਾਦ ਦੀਆਂ ਡੂੰਘੀਆਂ ਤੰਦਾਂ ਤੇ ਰੋਸ਼ਨੀ ਪਾਉਣ ਵਾਲੀ ਦਸਤਾਵੇਜ਼ੀ ਫ਼ਿਲਮ ਕਿਤੇ ਮਿਲ਼ ਵੇ ਮਾਈ ਬਣਾ ਰਿਹਾ ਸੀ। ਦੱਖਣੀ ਪੰਜਾਬ ਦੇ ਪਿੰਡਾਂ ਵਿਚ ਸਥਾਨਕ ਇਤਿਹਾਸ ਦੀ ਖੋਜ ਲਈ ਘੰਮਦੇ ਨੂੰ ਮੈਂ ਹਨੀਫ਼ ਮੁਹੰਮਦ ਨੂੰ ਮਿਲ਼ਿਆ, ਜਿਸ ਕੋਲ਼ ਪਿੰਡ ਦੀ ਦੇਹਰੀ ਤੇ ਸਥਿਤ ਇੱਕ ਮਜ਼ਾਰ ਦੁਆਲੇ ਘੁੰਮਦੀ ਅਜਿਹੀ ਹੀ ਇੱਕ ਵੰਡ ਦੀ ਇੱਕ ਕਹਾਣੀ ਸੀ।
    
ਹਨੀਫ਼ ਮੁਹੰਮਦ ਸਥਾਨਕ ਹਾਈ ਸਕੂਲ ਵਿਚ ਚਪੜਾਸੀ ਵਜੋਂ ਸੇਵਾ ਮੁਕਤ ਹੋਇਆ ਸੀ। ਉਹ ਝੁੜਰੀਆਂ ਵਿਹੂਣੇ ਚਿਹਰੇ ਵਾਲ਼ਾ ਸੱਠ ਸਾਲਾਂ ਦੇ ਲੰਮੇ ਜੁੱਸੇ ਵਾਲ਼ਾ ਬੰਦਾ ਸੀ, ਜਿਸ ਦੀ ਚਿੱਟੀ ਦਾਹੜੀ ਸੀ ਅਤੇ ਉਸ ਨੇ ਸਿਰ ’ਤੇ ਚਿੱਟੀ ਟੋਪੀ ਪਾਈ ਸੀ। ਇੱਕ ਝਟਕੇ ਨਾਲ ਮੈਨੂੰ ਇਹ ਸਮਝ ਆਈ ਕਿ ਆਪਣੇ ਚਾਲੀ ਸਾਲਾਂ ਦੇ ਜੀਵਨ ਵਿੱਚ, ਇਹ ਪਹਿਲੀ ਵਾਰ ਸੀ ਕਿ ਮੈਂ ਇੱਕ ਪੰਜਾਬੀ ਮੁਸਲਮਾਨ ਨੂੰ ਦੇਖਿਆ ਸੀ।
    
ਸਮਾਧ ਦੀ ਕਹਾਣੀ ਹਨੀਫ਼ ਮੁਹੰਮਦ ਦੀ ਕਹਾਣੀ ਬਣ ਗਈ। ਪੂਰਵੀ ਪੰਜਾਬ ਦੇ ਪੰਜਾਬੀ ਮੁਸਮਾਨਾਂ ਦੀ ਕਹਾਣੀ ਨਾਲ਼ ਬੁਣੀ ਹੋਈ ਹਨੀਫ਼ ਦੀ ਕਹਾਣੀ ਵੰਡ ਦੀ ਕਹਾਣੀ ਬਣ ਗਈ। ਬਿਨਾਂ ਕਿਸੇ ਕੜਵਾਹਟ ਦੇ ਇਕੱਠੀ ਕੀਤੀ ਗਈ, ਇਹ ਬਹੁਤ ਸਾਰੀਆਂ ਕਹਾਣੀਆਂ ਦਾ ਮਿਸ਼ਰਣ ਸੀ, ਜਿਹੜਾ 1947 ਵਿੱਚ ਸ਼ੁਰੂ ਹੋਇਆ, ਜਦੋਂ ਹਨੀਫ਼ ਪੰਜਾਂ ਸਾਲਾਂ ਦਾ ਸੀ। ਹਨੀਫ਼ ਦਾ ਵਿਰਤਾਂਤ ਇਹ ਯਾਦ ਕਰਦਿਆਂ ਖਤਮ ਹੋਇਆ ਕਿ 1947 ਵਿਚ ਪੀਰ ਦੀ ਸਮਾਧ ਦਾ ਅਪਮਾਨ ਕਰਨ ਵਾਲ਼ੇ ਆਪਣਾ ਮਾਮਸਿਕ ਸੰਤੁਲਨ ਗੁਆ ਬੈਠ ਅਤੇ ਪਾਗਲ ਹੋ ਕੇ ਮਰੇ ਸਨ। ਇਹ ਸਿੱਧੂ ਦੀ ਕਹਾਣੀ ਦੀ ਇੱਕ ਗੂੰਜ ਸੀ।
    
ਇਹ ਦੋ ਕਹਾਣੀਆਂ, ਭਾਵੇਂ ਕਿੰਨੀਆਂ ਵੀ ਵੱਖਰੀਆਂ ਹਨ, ਦੋਵੇਂ ਇੱਕ ਲੋਕ ਨੈਤਿਕਤਾ ਦੀ ਦੁਹਾਈ ਦਿੰਦੀਆਂ ਹਨ। ਕੁਕਰਮੀਆਂ ਨੂੰ ਉਨ੍ਹਾਂ ਦੇ ਜਿਉਂਦਿਆਂ ਹੀ ਆਪਣੇ ਕੀਤੇ ਦੀ ਸਜ਼ਾ ਮਿਲ਼ ਗਈ, ਲੋਕ ਨਿਆ ਦੇ ਗਵਾਹ ਸਨ। ਇਹ ਕਹਾਣੀਆਂ ਮੈਨੂੰ ਜਾਣੀਆਂ ਪਛਾਣੀਆਂ ਲੱਗੀਆਂ ਕਿਉਂ ਕਿ ਮੇਰੀ ਯਾਦ ਵਿਚ ਇੱਕ ਵਿਰਤਾਂਤ ਵੱਸਿਆ ਸੀ, ਜੋ ਮੈਂ ਆਪਣੇ ਬਚਪਨ ਵਿੱਚ ਪੰਜਾਬ ਵਿੱਚ ਆਪਣੇ ਪਿੰਡ ਅਕਾਲਗੜ੍ਹ ਫੇਰੀ ਦੌਰਾਨ ਇੱਕ ਪਿੰਡ ਵਾਸੀ ਤੋਂ ਸੁਣੀ ਸੀ।

ਵੰਡ ਦੌਰਾਨ ਕਾਤਲ ਟੋਲਿਆਂ ਨੂੰ ਬਚਣ ਜਦ ਸਾਡੇ ਪਿੰਡ ਦੇ ਮੁਸਲਮਾਨ ਮੁਸਲਮ ਬਹੁਗਿਣਤੀ ਵਾਲ਼ੇ ਇੱਕ ਗੁਆਂਡੀ ਪਿੰਡ ਹਲਵਾਰੇ ਨੂੰ ਜਾ ਰਹੇ ਸਨ, ਤਾਂ ਉਨ੍ਹਾਂ ਨੇ ਆਪਣਾ ਕੀਮਤੀ ਸਮਾਨ ਆਪਣੇ ਹਿੰਦੂ ਸਿੱਖ ਮਿੱਤਰਾਂ ਨੂੰ ਦਿੱਤਾ, ਜੋ ਉਨ੍ਹਾਂ  ਨੇ ਉਨ੍ਹਾਂ ਨੂੰ ਵਾਪਸ ਕਰ ਦਿੱਤਾ, ਜਦੋਂ ਉਹ ਕੈਂਪਾਂ ਵਿੱਚ ਪਹੁੰਚ ਗਏ। ਪਰ ਰਾਜਪੂਤ ਮੁਸਲਮਾਨਾਂ ਦੇ ਇੱਕ ਸਮੂਹ ਦੇ ਵਿਸ਼ਵਾਸ ਨੂੰ ਇੱਕ ਗੁਆਂਡੀ ਪਰਿਵਾਰ ਨੇ ਤੋੜ ਦਿੱਤਾ। ਉਹ ਖਾਲੀ ਹੱਥ ਪਕਿਸਤਾਨ ਚਲੇ ਗਏ, ਪਰ ਜਿਸ ਪਰਿਵਾਰ ਨੇ ਰਾਜਪੂਰ ਮੁਸਲਮਾਨਾਂ ਨਾਲ਼ ਧੋਖਾ ਕੀਤਾ ਸੀ, ਨੂੰ ਇਸ ਕੁਕਰਮ ਦੀ ਬੁਰੀ ਸਜ਼ਾ ਮਿਲ਼ੀ। ਪਰਿਵਾਰ ਵਿਚਲੇ ਚਾਰੇ ਭਰਾ ਜੁਆਨੀ ਵਿਚ ਹੀ ਮਰ ਗਏ, ਦਰਦੀਲੇ ਹਾਲਤ ਵਿੱਚ, ਉਨ੍ਹਾਂ ਦੇ ਬੱਚੇ ਕੰਗਾਲੀ ਵਿਚ ਪਲ਼ੇ। ਪਿੰਡ ਵਾਲ਼ੇ ਉਨ੍ਹਾਂ ਨਾਲ ਹਮਦਰਦੀ ਕਰਦੇ ਸਨ ਪਰ ਪਛਤਾਵੇ ਨਾਲ਼ ਇਹ ਕਹਿੰਦੇ ਸਨ ਕਿ ਇਹ ਉਸ ਦੀ ਸਜ਼ਾ ਹੈ, ਜਿਸ ਢੰਗ ਨਾਲ ਉਨ੍ਹਾਂ ਨੇ ਰਾਜਪੂਰ ਮੁਸਲਮਾਨਾਂ ਨਾਲ ਧੋਖਾ ਕੀਤਾ ਸੀ।
 
ਨਿਆ ਦੀ ਲੋਕਯਾਨੀ ਧਾਰਨਾ ?

ਪਿਛਲੇ ਦਸਾਂ ਸਾਲਾਂ ਵਿੱਚ ਆਪਣੀਆਂ ਦਸਤਾਵੇਜ਼ੀ ਫ਼ਿਲਮਾਂ ਦੇ ਸਿਲਸਿਲੇ ਵਿੱਚ ਮੈਂ ਪੰਜਾਬ ਦੇ ਹੋਰਨਾਂ ਤੋਂ ਇਲਾਵਾ ਲੁਧਿਆਣਾ, ਪਟਿਆਲਾ, ਮਾਨਸਾ, ਬਠਿੰਡਾ ਅਤੇ ਸੰਗਰੂਰ ਜ਼ਿਲ੍ਹਿਆਂ ਜੇ ਦਿਹਾਤ ਵਿੱਚ ਘੁੰਮਿਆਂ ਹਨ। ਅਕਸਰ ਮੇਰਾ ਅਜਿਹੇ ਲੋਕਾਂ ਨਾਲ ਵਾਹ ਪੈ ਜਾਂਦਾ ਹੈ, ਜਿਨ੍ਹਾਂ ਚੋਂ ਬਹੁਤੇ ਵੰਡ ਦੀ ਪੀੜ੍ਹੀ ਦੇ ਹਨ, ਜੋ ਉਨ੍ਹਾਂ ਲੋਕਾਂ ਦੀ ਹੋਣੀ ਬਾਰੇ ਦੱਸਦੇ ਹਨ, ਜਿਨ੍ਹਾਂ ਨੇ 1947 ਦੇ ਕਤਲੇਆਮ ਨੂੰ ਅੰਜ਼ਾਮ ਦਿੱਤਾ ਸੀ। ਸੱਠਾਂ ਸਾਲਾਂ ਬਾਅਦ ਵੀ ਉਹ ਸਪੱਸ਼ਟ ਰੂਪ ਵਿਚ ਉਨ੍ਹਾਂ ਘਟਨਾਵਾਂ ਨੂੰ ਯਾਦ ਕਰਦੇ ਹਨ, ਜਿਵੇਂ ਕਿ ਇਹ ਹਾਲੇ ਕੱਲ ਦਾ ਹੀ ਵਾਕਿਆ ਹੋਵੇ। ਉਹ ਨਿੱਘੇ ਰੂਪ ਵਿੱਚ ਆਪਣੇ ਮੁਸਲਿਮ ਗੁਆਂਡੀਆਂ, ਹਮਜਮਾਤੀਆਂ ਅਤੇ ਬਚਪਨ ਦੇ ਦੋਸਤਾਂ ਅਤੇ ਆਪਣੇ ਇਕੱਠਿਆਂ ਬਿਤਾਏ ਸਮੇਂ ਨੂੰ ਯਾਦ ਕਰਦੇ ਹਨ। ਬੜੇ ਦੁੱਖ ਅਤੇ ਅਫ਼ਸੋਸ ਨਾਲ ਤਦ ਉਹ ਯਾਦ ਕਰਦੇ ਹਨ ਕਿ ਕਿਵੇਂ ਉਨ੍ਹਾਂ ਦੇ ਗੁਆਂਢੀਆਂ ਨੂੰ ਜਾਣਾ ਪਿਆ, ਅਤੇ ਜਾਂ ਉਹ ਬੇਸ਼ਰਮੀ ਨਾਲ ਮਾਰ ਦਿੱਤੇ ਗਏ।
    
ਬਿਨ੍ਹਾਂ ਸੁਆਲ ਦੀ ਉਡੀਕ ਕੀਤਿਆਂ, ਉਹ ਆਪ ਮੁਹਾਰੇ ਆਪਣੀਆਂ ਗੱਲਾਂ ਬਾਤਾਂ ਨੂੰ ਇਹ ਕਹਿ ਕੇ ਮੁਕਾਉਂਦੇ ਹਨ ਕਿ ਕਿਵੇਂ ਕੁਕਰਮੀ, ਜੋ ਉਨ੍ਹਾਂ ਦੇ ਭਾਈਚਾਰੇ ਚੋਂ ਸਨ, ਨੂੰ ਆਪਣੇ ਜੀਵਨ ਵਿਚ ਹੀ ਆਪਣੀਆਂ 1947 ਦੀਆਂ ਕਰਤੂਤਾਂ ਨੂੰ ਭੁਗਤਣਾ ਪਿਆ। ਉਹ ਇਹ ਦੱਸਣਾ ਕਦੇ ਵੀ ਨਹੀਂ ਭੁੱਲਦੇ ਕਿ ਕਿੰਨੇ ਬੁਰੇ ਢੰਗ ਨਾਲ ਉਨ੍ਹਾਂ ਦੇ ਜੀਵਨ ਦਾ ਅੰਤ ਹੋਇਆ। ਨਾ ਹੀ ਇੱਕ ਵਾਰ ਵੀ ਮੈਂ ਕਦੀ ਪੂਰਵੀ ਪੰਜਾਬ ਦੇ ਮੁਸਲਮਾਨਾਂ ਦੀ ਦੁਰਦਸ਼ਾ ਲਈ ਹੋਣੀ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਸੁਣਿਆ ਹੈ। ਨਾ ਹੀ ਮੈਂ ਕਿਸੇ ਇੱਕ ਅਜਿਹੀ ਘਟਨਾ ਨਾਲ ਵਾਵਸਤਾ ਹੋਇਆ ਹਾਂ ਜਿੱਥੇ ਲੋਕਾਂ ਨੇ ਮੁਸਲਮਾਨਾਂ ਦੇ ਕਾਤਲਾਂ ਨੂੰ ਵਡਿਆਇਆ ਹੋਵੇ ਜਾਂ ਉਨ੍ਹਾਂ ਦੇ ਕਾਰਿਆਂ ਕਾਰਣ ਉਨ੍ਹਾਂ ਦੀ ਇਜ਼ੱਤ ਕੀਤੀ ਹੋਵੇ, ਜਾਂ ਮੌਤਾਂ ਨੂੰ ਸੂਰਮਗਤੀ ਦੇ ਕਾਰਜ ਗਰਦਾਨਿਆ ਹੋਵੇ।
    
ਇਹ ਗੈਰ ਰਸਮੀ ਕਹਾਣੀਆਂ, ਲੱਗਭੱਗ ਕਿਸੇ ਲੋਕਯਾਨ ਦੀ ਤਰ੍ਹਾਂ, ਪੰਜਾਬ ਦੇ ਦਿਹਾਤ ਦੇ ਯਾਦਨਕਸ਼ੇ ’ਤੇ ਉੱਕਰੀਆਂ ਪਈਆਂ ਹਨ। ਪੂਰਵੀ ਪੰਜਾਬ ਦੇ ਦਿਹਾਤ ਦੇ ਇਹ ਵਿਰਤਾਂਤ ਵੰਡ ਦੇ ਵਿਰਤਾਂਤ ਦੇ ਇੱਕ ਅਨਿੱਖੜਵਾਂ ਹਿੱਸਾ ਬਣ ਚੁੱਕੇ ਹਨ।
    
ਪਿੰਡ ਵਿੱਚ ਹਰ ਕੋਈ ਹਰ ਕਿਸੇ ਨੂੰ ਜਾਣਦਾ ਹੈ। ਪੀੜ੍ਹੀਆਂ ਤੋਂ ਲੋਕ ਇਕੱਠੇ ਰਹਿੰਦੇ ਹਨ। ਅਜਿਹਾ ਕੁਝ ਵੀ ਨਹੀਂ ਜੋ ਇੱਕ ਦੂਜੇ ਤੋਂ ਲਕੋਇਆ ਜਾ ਸਕੇ। ਇਹ ਕਾਰਣ ਹੈ ਕਿ 1947 ਵਿਚ ਕਿਸ ਨੇ ਕੀ ਕੀਤਾ, ਇਹ ਲੋਕਾਂ ਦੀ ਜਾਣਕਾਰੀ ਵਿੱਚ ਹੈ।
    
ਵੰਡ ਵਾਲ਼ੀ ਪੀੜ੍ਹੀ, ਵਿਸ਼ੇਸ਼ ਰੂਪ ਵਿੱਚ, ਇਸ ਯਾਦ ਦੀ ਰਖਵਾਲ ਹੈ, ਪਰ ਇਹ ਪੀੜ੍ਹੀ ਵੀ ਤੇਜ਼ੀ ਨਾਲ ਖਤਮ ਹੁੰਦੀ ਜਾ ਰਹੀ ਹੈ।  ਵੰਡ ਦੀਆਂ ਯਾਦਾਂ ਦੀ ਇਹ ਵਿਸ਼ੇਸ਼ ਕੜੀ ਹੈ। 1947 ਦੇ ਘੱਲੂਕਾਰੇ ਤੇ ਉਨ੍ਹਾਂ ਦਾ ਫੈਸਲਾ, ਇਤਿਹਾਸ ਅਤੇ ਸਮਾਜ, ਦੋਵਾਂ ਲਈ ਬਹੁਤ ਮਹੱਤਵਪੂਰਣ ਹੈ, ਜਿਸ ਨੂੰ ਅਸੀਂ ਆਪਣੀ ਬਰਬਾਦੀ ਦੀ ਕੀਮਤ ’ਤੇ ਹੀ ਅਣਗੋਲਿਆਂ ਕਰ ਸਕਦੇ ਹਾਂ। ਇਹ ਮੰਨੇ ਜਾਂਦੇ ਵੱਖਰੇਵਿਆਂ ਦੇ ਅਧਾਰ ਤੇ ਲੋਕਾਂ ਨੂੰ ਵੰਡਣ ਅਤੇ ਮਾਰਨ ਦੀਆਂ ਕੋਸ਼ਿਸ਼ਾਂ ਦੇ ਖਿਲਾਫ਼ ਇੱਕ ਤਾਕਤਵਰ ਗਵਾਹੀ ਹੈ। ਇਹ ਗਵਾਹੀ ਹੋਰ ਵੀ ਬਹੁਤ ਜਿਆਦਾ ਮਹੱਤਵਪੂਰਣ ਹੋ ਜਾਂਦੀ ਹੈ, ਕਿਉਂਕਿ ਪੱਛਮੀਂ ਏਸ਼ਿਆਈ ਦੇਸ਼ਾਂ ਵਿਚ, ਦਸ ਲੱਖ ਬੇਕਸੂਰੇ ਬੱਚਿਆਂ, ਔਰਤਾਂ ਅਤੇ ਮਰਦਾਂ, ਜਿਹੜੇ 1947 ਦੇ ਕਤਲੇਆਮ ਵਿਚ ਮਾਰੇ ਗਏ, ਦੀ ਯਾਦ ਕਰਨਾ ਲਈ ਕੁਝ ਵੀ ਨਹੀਂ ਕੀਤਾ ਗਿਆ।    
    
ਵੰਡ ਦਾ ਵਿਰਤਾਂਤ ਅਜੇ ਤੱਕ ਬਹੁਤ ਹੱਦ ਤੱਕ ਉੱਥੇ ਸ਼ਕਲ ਅਖਤਿਆਰ ਕਰਦਾ ਹੈ, ਜਿੱਥੇ ਹਿੰਦੂ, ਸਿੱਖ ਅਤੇ ਮੁਸਲਮਾਨ ਪਨਾਹਗੀਰ, ‘‘ਦੂਜੀ'' ਧਿਰ ਦੇ ਜੁਲਮਾਂ ਅਤੇ ਕਤਲੇਆਮਾਂ ਦੇ ਸ਼ਿਕਾਰ ਬਣੇ। ਪਰ, ਇਹ ਇੱਕ ਸੁਆਲ ਉਠਾਉਂਦਾ ਹੈ - ਜੇ ਹਰ ਕੋਈ ਪੀੜਤ ਸੀ, ਤਰ੍ਹਾਂ ਇਸ ਨੂੰ ਅੰਜ਼ਾਮ ਦੇਣਾ ਵਾਲ਼ੇ ਕੋਣ ਸਨ? ਦੋਵੇਂ ਕੌਮ ਰਾਜਾਂ, ਭਾਰਤ ਅਤੇ ਪਾਕਿਸਤਾਨ, ਖੰਡਨ ਦੀ ਮਿੱਥ ਵਿਚ ਵਿਸ਼ਵਾਸ ਰੱਖਣਾ ਪਸੰਦ ਕਰਦੇ ਹਨ - ਲੋਕ ਆਪਣੇ ਭਾਈਚਾਰੇ ਦੁਆਰਾ ਕੀਤੇ ਗਏ ਕਤਲੇਆਮਾਂ ਬਾਰੇ ਗੱਲ ਨਹੀਂ ਕਰਨਾ ਚਾਹੁੰਦੇ।  
    
ਇਹ ਮਿੱਥ ਦੋਵਾਂ ਪਾਸੇ ਉਸਰੇ ਕੌਮ ਰਾਜਾਂ ਦੇ ਕੌਮਵਾਦੀ ਪ੍ਰਵਚਨ ਨੂੰ ਮੇਚ ਆਉਂਦੀ ਹੈ। ਕੁਕਰਮੀ ਸਦਾ ਹੀ ਦੂਜਾ - ਦੂਜਾ ਭਾਈਚਾਰਾ, ਹੁੰਦਾ ਹੈ। ਅਤੇ ਏਸੇ ਤਰਜ ਤੇ, ਦੂਜਾ ਦੇਸ਼- ਹਿੰਦੂਆਂ ਅਤੇ ਸਿੱਖਾਂ ਲਈ ਮੁਸਲਮਾਨ ਅਤੇ ਪਾਕਿਸਤਾਨ, ਅਤੇ ਪਾਕਿਸਤਾਨ ਦੇ ਮੁਸਲਮਾਨਾਂ ਲਈ ਹਿੰਦੂ ਅਤੇ ਸਿੱਖ ਅਤੇ ਭਾਰਤ। ਨਤੀਜੇ ਵਜੋਂ, ਪਿਛਲੇ ਸੱਠ ਸਾਲਾਂ ਵਿਚ ਨਫ਼ਰਤ ਰਿੜਕਦੀ ਮਧਾਣੀ ਆਟੋ ਮੋਡ ਤੇ ਲੱਗੀ ਹੈ।         

ਇਹ ਉੱਥੇ ਤੱਕ ਹੈ ਜਿੱਥੇ ਤੱਕ ਵੰਡ ਦਾ ਜਨਤਕ ਅਤੇ ਰਾਜਨੀਤਕ ਚਿਹਰਾ ਜਾਂਦਾ ਹੈ। ਇਸ ਦੇ ਪਿੱਛੇ ਉਨ੍ਹਾਂ ਲੋਕਾਂ ਦਾ ਲੰਮੇ ਚਿਰ ਤਾਂ ਦੱਬਿਆ ਯਥਾਰਥ ਹੈ, ਜਿਨ੍ਹਾਂ ਨੇ ਉਸ ਕਤਲੇਆਮੀ ਹਿੰਸਾ ਦੇ ਗਵਾਹ ਹਨ, ਜਿਹੜਾ ਉਨ੍ਹਾਂ ਦੀ ਭਾਈਚਾਰੇ ਨੇ ਇੰਜ਼ਾਮ ਦਿੱਤਾ ਹੈ। ਅਤੇ ਜ਼ੁਰਮ ਅਤੇ ਪਛਤਾਵੇ ਦਾ ਪ੍ਰਗਟਾਵਾ ਕਰ ਉਹ ਆਪਣੀਆਂ ਆਤਮਾਵਾਂ ਨੂੰ ਧੋਂਦੇ ਹਨ। ਇਹ ਹੀ ਸ਼ਾਇਦ ਇੱਕੋ ਇੱਕ ਢੰਗ ਹੈ ਜਿਸ ਨਾਲ ਭਾਈਚਾਰੇ ਅਜਿਹੇ ਦੁਖਦਾਈ ਭੂਤਕਾਲ ਤੋਂ ਜ਼ਖ਼ਮ ਭਰ ਸਕਦੇ ਹਨ - ਮਾਫ਼ੀ ਮੰਗੋ ਅਤੇ ਮਾਫ਼ ਕੀਤੇ  ਜਾਣ ਦੀ ਆਰ ਰੱਖੋ।
    
ਵੰਡ ਦੇ ਮਸਲੇ ਨਾਲ ਦੋ ਚਾਕ ਹੁੰਦਿਆਂ, ਸ਼ਾਇਦ ਇਹ ਯਾਦ ਰੱਖਣਾ ਜਰੂਰੀ ਹੋਵੇਗਾ ਕਿ ਭਾਰਤ ਅਤੇ ਪਾਕਿਸਤਾਨ ਨੇ ਨੂਰੀਮਬਰਗ ਮੁਕੱਦਮੇ, ਜਾਂ ਹਾਲੋਕਾਸਟ ਤੋਂ ਬਾਅਦ ਦੇ ਜਰਮਨੀ ਦੇ ਕਤਲੇਆਮ ਦਾ ਸ਼ਿਕਾਰ ਬਣੇ ਲੋਕਾਂ ਜਿਹੀ ਕੋਈ ਘਟਨਾ ਦਾ ਤਜਰਬਾ ਨਹੀਂ ਹੋਇਆ।
    
ਤਬਾਹੀ ਤੋਂ ਬਾਅਦ ਦੇ ਜਰਮਨੀ ਦੇ ਬਿਲਕੁਲ ਉਲਟ, ਭਾਰਤ ਵਿਚ, ਵੰਡ ਦੇ ਕਤਲੇਆਮ ਨੂੰ ਕਦੇ ਵੀ ਯਾਦ ਨਹੀਂ ਕੀਤਾ ਗਿਆ - ਜਨਤਕ ਥਾਵਾਂ ਤੇ ਇਸ ਨੂੰ ਯਾਦ ਕਰਦਾ ਕੋਈ ਕਲਾਕ੍ਰਿਤ ਨਹੀਂ ਬਣਾਈ ਗਈ। ਇਹ ਯਕੀਨੀ ਬਣਾਉਣ ਲਈ ਕੋਈ ਆਜਾਇਬ ਘਰ ਨਹੀਂ ਉਸਾਰਿਆ ਗਿਆ ਤਾਂ ਕਿ ਅਸੀਂ ਇਸ ਨੂੰ ਅਸਾਨੀ ਨਾਲ਼ ਭੁੱਲ ਨਾ ਸਕੀਏ। ਇਸ ਲਈ, ਜਥੇਬੰਦ ਅਤੇ ਸਮਾਜਕ ਰੂਪ ਵਿਚ ਲੋਕਾਂ ਨੂੰ ਕਦੇ ਵੀ ਪੜ੍ਹਾਇਆ, ਸਮਝਾਇਆ, ਪ੍ਰੇਰਤ ਅਤੇ ਤਿਆਰ ਨਹੀਂ ਕਿਤਾ ਗਿਆ ਕਿ ਉਨ੍ਹਾਂ ਜਾਂ ਉਨ੍ਹਾਂ ਦੇ ਭਾਈਚਾਰੇ ਦੁਆਰਾ 1947 ਵਿਚ ਕੀਤੇ ਗਏ ਕਤਲੇਆਮ ਨਾਲ ਅੱਖਾਂ ਵਿਚ ਅੱਖਾਂ ਪਾ ਕੇ ਦੇਖ ਸਕਣ।
    
ਜਰਮਨੀ ਕੋਲ 1960 ਵਿਆਂ ਦੀ ਵਿਦਿਆਰਥੀ ਲਹਿਰ ਹੈ, ਜਦੋਂ ਖਾਣੇ ਦੇ ਮੇਜ਼ ’ਤੇ ਬੱਚੇ ਆਪਣੇ ਮਾਪਿਆਂ ਨਾਲ਼ ਤੀਜੀ ਰੇਸ਼ ਵਿੱਚ ਯਹੂਦੀਆਂ ਦੀਆਂ ਮੌਤਾਂ ਅਤੇ ਗਾਇਬ ਹੋਣ ਵਿਚ ਨਿਭਾਏ ਰੋਲ ਲਈ ਖਹਿਬੜੇ ਸਨ। ਦੱਖਣੀ ਅਫ਼ਰੀਕਾ ਕੋਲ ਆਪਣਾ ‘ਸੱਚ ਅਤੇ ਮੇਲ਼ਜੋਲ ਕਮਿਸ਼ਨ' ਹੈ, ਜਿਸ ਲੋਕਾਂ ਨੂੰ ਇੱਕ ਦੂਜੇ ਦੇ ਨੇੜੇ ਲਿਆਂਦਾ ਹੈ, ਪੀੜਤਾਂ ਅਤੇ ਜੁਲਮੀਆਂ ਦੋਵਾਂ ਨੂੰ ਹੀ। ਭਾਰਤ ਵਿੱਚ, ਇੱਕ ਸਮਾਜ ਵਜੋਂ ਇਸ ਨਾਲ ਮਿਲ਼ਦੀ ਜੁਲ਼ਦੀ ਕੋਈ ਚੀਜ ਨਹੀਂ ਮਿਲ਼ਦੀ। ਇਸ ਦੇ ਉਹਲ, ਅਸੀਂ ਹਿੰਸਾ ਦੀ ਇੱਕ ਪੂਰੀ ਕੜੀ ਨੂੰ ਖਾਮੋਸ਼ੀ ਦੀ ਕੰਧ ਨਾਲ ਬੰਦ ਕਰ ਦਿੱਤਾ ਹੈ।  
    
ਇਨ੍ਹਾਂ ਸਾਰੇ ਸਮਾਜਕ ਤਜਰਬਿਆਂ ਤੋਂ ਸੱਖਣੇ, ਲੋਕਾਂ ਦਾ ਵੱਡਾ ਹਿੱਸਾ ਹਾਲੇ ਵੀ 1947 ਵਿਚ ਉਨ੍ਹਾਂ ਦੇ ਭਾਈਚਾਰਿਆਂ ਵਲੋਂ ਕੀਤੀ ਗਈ ਹਿੰਸਾ ਨੂੰ ਖਾਰਜ ਕਰਦਾ ਹੈ। ਉਹ ਹਿੰਸਾ ਦੇ ਆਪਣੇ ਕਾਰਨਾਮਿਆਂ ਨੂੰ ਨਹੀਂ ਭੁੱਲਦੇ ਅਤੇ ਨਾ ਹੀ ਉਹ ਉਨ੍ਹਾਂ ਦੀ ਨਖੇਦੀ ਕਰਦੇ ਹਨ ਜਾਂ ਉਨ੍ਹਾਂ ਨੂੰ ਬੇਦਖਲ ਕਰਦੇ ਹਨ। ਇਸ ਦੀ ਥਾਂ, ਉਹ ਆਪਣੇ ਕਰਮਾਂ ਨੂੰ ਕਬੂਲਦੇ, ਅਫਸੋਸ ਕਰਦੇ ਅਤੇ ਪਛਤਾਵਾ ਅਤੇ ਜੁਰਮ ਨੂੰ ਕਬੂਲਦੇ ਹਨ। ਇਹ ਉਹ ਅਜਿਹੀ ਭਾਸ਼ਾ ਵਿਚ ਕਰਦੇ ਹਨ ਜੋ ਪੂਰੀ ਤਰ੍ਹਾਂ ਨਾਲ਼ ਉਨ੍ਹਾਂ ਦੀ ਆਪਣੀ ਹੈ, ਆਪਣੇ ਵਿਲੱਖਣ ਪ੍ਰੰਪਰਿਕ ਅਤੇ ਸਭਿਆਚਾਰਕ ਢੰਗ ਨਾਲ -  ਇੱਕ ਅਜਿਹੀ ਭਾਸ਼ਾ ਜਿਸ ਨੂੰ ਅਕਾਦਮਿਕਤਾ ਦੇ ਦਰਸ਼ਣੀ ਦਰਵਾਜ਼ਿਆਂ ਨੇ ਅਣਗੋਲਿਆਂ ਕੀਤਾ ਹੋਇਆ ਹੈ। ਫਿਰ ਵੀ ਇਹ ਪੰਜਾਬੀ ਲੋਕਾਂ ਦੀ 1947 ਦੇ ਕਤਲੇਆਮ ਦੇ ਖਿਲਾਫ਼ ਸਭ ਤੋਂ ਤਾਕਤਵਾਰ ਜਥੇਬੰਦਕ ਹੁਘਾਰਾ ਦਿਖਾਈ ਦਿੰਦੀ ਹੈ। ਜਿਹਾ ਕਿ ਰਾਜ ਸੱਤਾ ਦੀ ਖਾਮੋਸ਼ੀ ਵੀ ਦਿੰਦੀ ਹੈ। 

Comments

Sukhdev Singh

pta nhi kew banda bhul janda hai k eh, es hath lai tai us hath de, da tarika ethe vartia janda hai

Tejpal Gill

bahut kuchh aisa e jo lok nahi mannde .... jehda dekh lainda oh fer samjhada .... doojeyan layi eh gallan sirf pari kahaniya vargiyan ne

j.singh.1@kpnmail.nl

੬੫ ਸਾਲ ਹੋ ਚਲੇ ਹਨ ਵੰਡ ਨੁੰ। ਲੋਕ ਕਿੳਂ ਨਹੀ ਭੁੱਲਦੇ ਇਹ ਕਹਾਣੀਆ ? ਕਿੳਂਕਿ ਇਹ ਕਹਾਣੀਆਂ ਰਿਸਦੇ ਜ਼ਖਮਾਂ ਵਾਂਗ ਅੱਲੀਆ ਹਨ ਲੋਕ ਸਵਾਲ ਕਰਦੇ ਹਨ ਲੋਕ ਕਸੂਰਵਾਰ ਮਹਿਸੂਸ ਕਰਦੇ ਹਨ। ਲੋਕ ਕੁੱਸ਼ ਦੱਸਣਾ ਚਾਹੁਦੇ ਹਨ ਲੋਕ ਕੁੱਸ਼ ਸਣਨਾ ਚਾਹੁੰਦੇ ਹਨ । ਪਰ ਦੱਸਣ ਸੁਣਨ ਸਨਾਉਣ ਨੁੰ ਕੋਈ ਸਾਂਝੀ ਧਰਮਸ਼ਾਲਾ ਹੈ ਨਹੀਂ। ਸੰਤਾਲੀ ਦੇ ਮੋਇਆਂ ਦੀ ਜਰੂਰ ਕੋਈ ਸਾਂਝੀ ਯਾਦਗਾਰ ਹੋਣੀ ਚਾਹੀਦੀ ਹੈ ਜਿੱਥੇ ਬਹਿ ਕੇ ਇਸ ਸੰਤਾਪ ਨੁੰ ਹੰਢਾਉਣ ਵਾਲੇ ਗੁਨਾਹ ਮੁਕਤ ਹੋ ਸਕਣ। ਰੋ ਸਕਣ , ਪਛਤਾਵਾ ਕਰ ਸਕਣ, ਐਸੀ ਕੋਈ ਥਾ ਨਹੀਂ ਹੈ ਇਸ ਉਪਮਹਾਦੀਪ ਵਿੱਚ। ਯਾਰੋ ਮੈਂ ਹੌਲੈਂਡ ਵਿੱਚ ਰਹਿੰਦਾ ਹਾ ਦੁਜੀ ਸੰਸਾਰ ਜੰਗ ਵਿੱਚ ਮਰੇ ਮਾਸੂਮ ਤੇ ਬੇਕਸੂਰੇ ਲੋਕਾਂ ਦੀਆਂ ਪਿੰਡ ਪਿੰਡ ਯਾਦਗਾਰਾਂ ਹਨ। ਪਰੰਤੂ ਦੁਨੀਆ ਦੇ ਪਿੱਛਲੀ ਸਦੀ ਦੇ ਸੱਭ ਤੋਂ ਵੱਡੇ ਕਤਲੇਆਂਮ ਅਤੇ ੧੦ ਲੱਖ ਲੋਕਾਂ ਦੇ ਉਜਾੜੇ ਦੀ ਕੋਈ ਸ਼ਾਝੀ ਯਾਦਗਾਰ ਨਹੀਂ ?।

Paramjit Gill

I think it is very easy to justify and build memorials for people killed in wars where the "enemy" is easily identified. For example, the Nazis are identified as culprits for Jewish genocide. Most Germans would not object to that. But how do you identify the enemy for 1947 Hind-Sikh-Muslim genocide? Would you erect a memorial in your own village for your Muslim neighbors who were killed? How would you say that my uncle/father/grandfather did something shameful and inhuman? I think the same goes for Hindu-Sikh conflict of 1980s. Who was the real enemy? Whom do you demonize?

MALKIT SINGH GILL

ਬੇਦੋਸ਼ਿਆਂ ਨੂੰ ਮਾਰਨ ਵਾਲਿਆਂ ਨੂੰ ਭੁਗਤਨਾ ਪਿਆ ਹੈ , ਮੇਰੇ ਆਪਨੇ ਪਿੰਡ ਅਜੇਹੇ ਹੀ ਦੋ ਭਰਾਵਾਂ ਨਾਲ ਹੋਈ ਜਿੰਨਾਂ ਨੇ ਛੋਟੇ ਮਾਸੂਮ ਬਚਿਆਂ ਨੂੰ ਬਰਛਿਆਂ ਦੀ ਨੋਕ ਤੇ ਟੰਗ ਕੇ ਆਪਨੇ ਖੇਤ ਵਿਚ ਮਾਰਿਆ ਸੀ । ਉਸੇ ਖੇਤ ਵਿਚ ਹੀ ਦੋਵਾਂ ਭਰਾਵਾਂ ਦੇ ਬਚਿਆਂ ਦੀ ਲੜਾਈ ਹੋਈ , ਤਿੰਨ ਜਾਣੇ ਉਸੇ ਖੇਤ ਵਿਚ ਮਰ ਗਏ ਬਾਕੀ ਫਾਂਸੀ ਕਰਕੇ ਤੇ ਜੇਲ ਵਿਚ , ਦੋਵਾਂ ਦੇ ਕੁੱਲ ਤਿੰਨ ਤਿੰਨ ਪੁੱਤ ਖਤਮ ਹੋ ਗਏ , ਭਾਵੇ ਇਹ ਸਭ ਇੱਕ ਚਾੰਸ ਹੋਵੇ ਪਰ ਲੋਕ ਰਾਏ ਰੱਬੀ ਨਿਆਂ ਸਮਝਦੀ ਹੈ

j.singh.1@kpnmail.nl

ਪਰਮਜੀਤ ਗਿੱਲ ਜੀ ਮੇਰੀ ਅੰਗਰੇਜ਼ੀ ਬਹੁਤ ਮਾੜੀ ਹੈ। ਕਿ੍ਰਪਾ ਕਰਕੇ ਜੇ ਤੁਸੀ ਅਪਣਾ ਕੁਮੈਂਟ ਪੰਜਾਬੀ ਵਿੱਚ ਦੁਬਾਰਾ ਲਿਖ ਦੇਵੋ। ਰੋਮਨ ਅੱਖਰਾਂ ਵਿੱਚ ਪੰਜਾਬੀ ਲਿਖ ਸਕਦੇ ਹੋ ਤਾਂ ਜੋ ਪਾਠਕ ਮੇਰੇ ਵਰਗੇ ਜੋ ਹੌਲੈਂਡ ਵਰਗੇ ਦੇਸ਼ ਵਿੱਚ ਰਹਿੰਦੇ ਹਨ ਅਸਾਨੀ ਨਾਲ ਸਮਝ ਸਕਣ। ਅਸੀਂ ਪਿੱਛਲੇ ੩੦ ਸਾਲਾਂ ਤੋਂ ਅੰਗਰੇਜੀ ਨਾਲੋ ਟੁੱਟੇ ਹੋਏ ਹਾਂ। ਸਾਡਾ ਸਾਰਾ ਕੰਮ ਡੱਚ ਭਾਸ਼ਾ ਵਿੱਚ ਹੁੰਦਾ ਹੈ। ਇਸ ਕਰਕੇ ਡੱਚ ਅਤੇ ਜਰਮਨ ਭਾਸ਼ਾ ਵਿੱਚ ਮੁਹਾਰਤ ਹੈ ਤੇ ਮਾਤ ਭਾਸ਼ਾ ਪੰਜਾਬੀ ਵਿੱਚ ਵੀ। ਪਰੰਤੂ ਅੰਗਰੇਜ਼ੀ ਪੂਰੀ ਸੰਮਝ ਵਿੱਚ ਨਹੀਂ ਆਉਂਦੀ ਅੰਗਰੇਜੀ਼ ਨਾਲ ਸਾਡਾ ਵਾਹ ਵਾਸਤਾ ਬਹੁਤ ਹੀ ਘੱਟ ਪੈਂਦਾ ਹੈ। ਮੈਂ ਇਸ ਵਾਸਤੇ ਮੁਆਫੀ ਦਾ ਮੰਗਣ ਦਾ ਹੱਕਦਾਰ ਹਾਂ।

Security Code (required)Can't read the image? click here to refresh.

Name (required)

Leave a comment... (required)

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ