Mon, 15 July 2024
Your Visitor Number :-   7187065
SuhisaverSuhisaver Suhisaver

ਅੱਗ ਦੀ ਲਾਟ: ਅੰਗਰੇਜ਼ੀ ਸੱਭਿਆਚਾਰ ਅਤੇ ਅਮੀਰ ਰਾਜਿਆਂ ਮਹਾਰਾਜਿਆਂ ਦੇ ਜੀਵਨ ਨੂੰ ਚਿੱਤਰਦੀ ਕਿਤਾਬ - ਗੁਰਚਰਨ ਸਿੰਘ ਪੱਖੋਕਲਾਂ

Posted on:- 13-05-2015

suhisaver

ਇੰਗਲੈਂਡ ਦੀ ਸ਼ਹਿਜ਼ਾਦੀ ਡਾਇਨਾਂ ਦੇ ਜੀਵਨ ਦੇ ਅਧਾਰ ਤੇ ਉੱਥੋਂ ਦੀ ਧਰਤੀ ਤੇ ਵੱਸਦੇ ਪੰਜਾਬੀ ਨੌਜਵਾਨ ਲੇਖਕ ਬਲਰਾਜ ਸਿੰਘ ਸਿੱਧੂ ਵੱਲੋ ਲਿਖੀ ਬੇਬਾਕ ਵੱਡ ਅਕਾਰੀ ਕਿਤਾਬ ਅੱਗ ਦੀ ਲਾਟ ਛਪੀ ਹੈ, ਜਿਸਨੂੰ ਪੜਦਿਆਂ ਹੋਇਆਂ ਪਾਠਕ ਵਿਦੇਸੀ ਰਾਜਿਆਂ ਮਹਾਰਾਜਿਆਂ ਦੇ ਜੀਵਨ ਚਰਿੱਤਰ ਦੇ ਚੰਗੇ ਮਾੜੇ ਪਹਿਲੂਆਂ ਅਤੇ ਸੱਭਿਆਚਾਰ ਦੀ ਪੂਰੀ ਯਾਤਰਾ ਕਰ ਲੈਂਦਾ ਹੈ। ਇਹ ਨਾਵਲ ਦੇ ਰੂਪ ਵਿੱਚ ਵੱਖੋ ਵੱਖਰੇ ਬੱਤੀ ਸਿਰਲੇਖਾਂ  ਅਧੀਨ  ਲਿਖੇ ਹੋਏ ਲੇਖਾਂ ਦਾ ਸੰਗ੍ਰਿਹ ਹੈ। ਸਹਿਜ਼ਾਦੀ ਡਾਇਨਾਂ ਦੇ ਪਿਆਰ ਚੱਕਰਾਂ ਵਿੱਚ ਪਏ ਹੋਏ ਚਰਚਿਤ ਰਹੇ ਅਸਲੀ ਪਰੇਮੀ ਮੇਜਰ ਜੇਮਜ ਹਿਊਵਟ ਵਾਲੇ ਪਾਤਰ ਦੇ ਮੁੱਖ ਤੋਂ ਹੀ ਲੇਖਕ ਨੇ ਸਭ ਕੁਝ ਬੁਲਵਾਇਆ ਹੈ, ਜਿਸ ਨਾਲ ਲੇਖਕ  ਇਸਨੂੰ ਇਤਿਹਾਸਕ ਸੱਚਾਈ ਦੇ ਨੇੜੇ ਲੈਕੇ ਜਾਣ ਦੀ ਕੋਸ਼ਿਸ਼ ਕਰਦਾ ਹੈ। ਦੂਰ ਦੇਸ ਆਮ ਪੰਜਾਬੀਆਂ ਦੀ ਪਹੁੰਚ ਤੋਂ ਬਾਹਰ ਅਮੀਰ ਅੰਗਰੇਜ਼ ਲੋਕਾਂ ਦੇ ਸੱਭਿਆਚਾਰ  ਨੂੰ ਪੇਸ ਕਰਦੀ ਇਹ ਕਹਾਣੀ ਪੰਜਾਬੀ ਪਾਠਕ ਨੂੰ ਇੱਕ ਨਵੀਂ ਕਿਸਮ ਦੀ ਦੁਨੀਆਂ ਦੀ ਸੈਰ ਕਰਵਾ ਦਿੰਦੀ ਹੈ।

ਆਮ ਪਾਠਕ ਦਾ ਇਹੋ ਜਿਹੀ ਅੱਯਾਸ  ਜ਼ਿੰਦਗੀ ਨਾਲ ਵਾਹ ਨਾਂ ਹੋਣ ਕਰਕੇ ਅਮੀਰਾਂ ਦੇ ਬਦਚਲਣ ਸੱਭਿਆਚਾਰ ਨੂੰ ਪੜਦਿਆਂ ਹੋਇਆਂ ਹੈਰਾਨੀ ਦੇ ਸਮੁੰਦਰ ਵਿੱਚ ਕਈ ਵਾਰ ਡੁੱਬਦਾ ਹੈ। ਲੇਖਕ ਦੇ ਵੱਲੋਂ ਵਿਦੇਸੀ ਸੱਭਿਆਚਾਰ ਦੇ ਨਾਲ ਸ਼ਿੰਗਾਰੀ ਕਿਤਾਬ  ਪੰਜਾਬੀ ਪਾਠਕਾਂ ਨੂੰ ਦੇਕੇ ਪੰਜਾਬੀ ਪੁਸਤਕ ਸੱਭਿਆਚਾਰ ਵਿੱਚ ਇੱਕ ਨਵੀਂ ਤਰ੍ਹਾਂ ਦਾ ਇਤਿਹਾਸਕ ਪਾਤਰ੍ਹਾਂ ਤੇ ਲਿਖਣ ਦਾ ਆਪਣਾ ਵਿਸ਼ੇਸ਼ ਅੰਦਾਜ ਦੀ ਇਹ ਨਵੀਂ ਕਿਤਾਬ ਦੇਕੇ ਆਪਣਾ ਵਿਲੱਖਣ ਅੰਦਾਜ ਸਥਾਪਤ ਕੀਤਾ ਹੈ । ਪੰਜਾਬੀ ਲੇਖਕਾਂ ਨੇ ਵਿਦੇਸੀ ਸਭਿਆਚਾਰਾਂ ਨੂੰ ਪੇਸ ਕਰਦੀਆਂ ਬਹੁਤ ਸਾਰੀਆਂ ਅਨੁਵਾਦਤ ਕਿਤਾਬਾਂ ਤਾਂ ਜ਼ਰੂਰ ਦਿੱਤੀਆਂ ਹਨ, ਪਰ ਬਲਰਾਜ ਸਿੱਧੂ ਵਾਂਗ ਆਮ ਪੰਜਾਬੀ ਬੋਲੀ ਵਿੱਚ ਆਪ ਲਿਖਕੇ ਪੇਸ਼ ਕਰਨ ਦਾ ਮਾਣ ਸਿਰਫ ਇਸ ਲੇਖਕ ਨੂੰ ਜਾਂਦਾ ਹੈ।

ਇਤਿਹਾਸ ਵਰਗੇ ਬੋਰਿੰਗ ਸਬਜੈਕਟ ਨੂੰ ਦਿਲਚਸਪ ਬਣਾ ਕਿ ਪੇਸ਼ ਕਰਨ ਦਾ ਲੇਖਕ ਕੋਲ ਕਮਾਲ ਦਾ ਹੁਨਰ ਹੈ। ਇਸ ਲੇਖਕ ਦੀਆਂ ਪਹਿਲੀਆਂ ਕਿਤਾਬਾਂ ਮੋਰਾਂ ਦਾ ਮਹਾਰਾਜਾ ਜੋ ਮਹਾਰਾਜਾ ਰਣਜੀਤ ਸਿੰਘ ਦੇ ਅਤੇ ਮਸਤਾਨੀ ਨਾਂ ਦੀ ਕਿਤਾਬ ਮੱਧ ਭਾਰਤ ਦੇ ਰਾਜਿਆਂ ਦੇ ਜੀਵਨ ਚਰਿੱਤਰ ਨੂੰ ਚਿਤਰਦੀ ਹੋਈਆਂ ਲੇਖਕ ਦੇ ਇਤਿਹਾਸ ਨੂੰ ਤੀਜੀ ਅੱਖ ਨਾਲ ਦੇਖਣ ਦੀ ਸਕਤੀ ਦਾ ਪਰਗਟਾਵਾ ਕਰਦੀਆਂ ਹਨ ਅਤੇ ਇਹ ਤੀਸਰੀ ਕਿਤਾਬ ਅੱਗ ਦੀ ਲਾਟ ਨੇ ਲੇਖਕ ਦੇ ਅੰਤਰ ਰਾਸਟਰੀ  ਇਤਿਹਾਸ ਦੇ ਇੱਕ ਅੱਯਾਸ ਹਿੱਸੇ ਨੂੰ ਚਿੱਤਰਨ ਦਾ ਵਿਸ਼ੇਸ਼ ਉਪਰਾਲਾ ਲੇਖਕ ਨੂੰ ਵਿਸ਼ੇਸ਼ ਬਣਾਉਂਦਾ ਹੈ।
                                           
ਆਉਣ ਵਾਲੇ ਸਮੇਂ ਵਿੱਚ ਲੇਖਕ ਪੰਜਾਬੀ ਲੇਖਕਾਂ ਵਿੱਚ ਇੱਕ ਵੱਖਰੀ ਪਹਿਚਾਣ ਵਾਲੇ ਲੇਖਕ ਦੇ ਤੌਰ ਤੇ ਸਿਤਾਰਿਆਂ ਵਾਂਗ ਵੱਖਰਾ ਹੀ ਚਮਕਦਾ ਦਿਖਾਈ ਦੇਵੇਗਾ। ਜਿਸ ਵਕਤ ਪੰਜਾਬੀ ਦੇ ਸਥਾਪਤ ਲੇਖਕ ਪਾਠਕਾ ਦੇ ਨਾਂ ਹੋਣ ਦਾ ਰੋਣਾਂ ਰੋਂਦੇ ਹਨ, ਉਸ ਸਮੇਂ ਇਸ ਕਿਤਾਬ ਦਾ ਧੜਾਧੜ ਵਿਕਣਾਂ ਲੇਖਕ ਦੀ ਨਿੱਜੀ ਮਿਹਨਤ ਅਤੇ ਉਸਦੀ ਲੇਖਣੀ ਦੀ ਗਵਾਹੀ ਪੈਂਦੀ ਹੈ। ਜੋ ਲੇਖਕ ਸਥਾਪਤ ਮਾਪਦੰਡਾਂ ਤੋਂ ਪਾਸੇ ਹਟਕੇ ਸਮੇਂ ਦੇ ਹਾਣ ਦਾ ਨਵਾਂ ਕੁਝ ਪਾਠਕਾਂ ਨੂੰ ਉਹਨਾਂ ਦੇ ਨਵੇਂ ਸਮੇਂ ਅਨੁਸਾਰ ਦੇਵੇਗਾ, ਉਹ ਲੇਖਕ ਹੀ ਨਵੇਂ ਪਾਠਕਾਂ ਨਾਲ ਜੁੜਿਆ ਰਹਿ ਸਕੇਗਾ। ਪੁਰਾਣੇ ਪਾਠਕਾਂ ਦੇ ਹਿਸਾਬ ਨਾਲ ਕਿਤਾਬ ਉੱਪਰ ਅਸ਼ਲੀਲਤਾ ਦਾ ਦੋਸ਼ ਲਾਇਆ ਜਾ ਸਕਦਾ ਹੈ, ਕਿਉਂਕਿ ਲੇਖਕ ਕਈ ਵਾਰ ਜਾਣੇ ਅਣਜਾਣੇ ਤੌਰ ਤੇ ਬੰਦ ਕਮਰਿਆ ਦੇ ਅੰਦਰ ਦੇ ਗੁਪਤ ਵਰਤਾਰਿਆਂ ਨੂੰ ਵੀ ਬੇਬਾਕੀ ਨਾਲ ਲਿਖ ਜਾਂਦਾ ਹੈ।

ਹੋ ਸਕਦਾ ਹੈ ਵਿਦੇਸੀ ਧਰਤੀ ਤੇ ਇਹ ਸਭ ਕੁਝ ਪਰਵਾਨ ਹੋਵੇ ਪਰ ਆਮ ਪੰਜਾਬੀ ਪਾਠਕ ਇਸ ਦੇ ਹਾਣ ਦਾ ਨਹੀਂ ਹੋਇਆ ਹੈ, ਜਿਸ ਕਾਰਨ ਕਈਆਂ ਨੂੰ ਕੋਫਤ ਵੀ ਹੋ ਸਕਦੀ ਹੈ। ਬਲਰਾਜ ਸਿੱਧੂ ਦੀ ਲੇਖਣੀ ਵਿੱਚ ਬਹੁਤ ਵੱਡੀਆਂ ਸੰਭਾਵਨਾਵਾਂ ਹਨ, ਜੇ ਲੇਖਕ ਆਉਣ ਵਾਲੇ ਸਮੇਂ ਵਿੱਚ ਬਾਲਗ ਵਰਤਾਰਿਆਂ ਤੋਂ ਬਿਨਾਂ ਵੀ ਨਵਾਂ ਕੁੱਝ ਲਿਖਣ ਦੀ ਕੋਸ਼ਿਸ਼ ਕਰੇ ਤਦ ਵੀ ਉਹ ਹੋਰ ਜ਼ਿਆਦਾ ਹਰਮਨ ਪਿਆਰਾ ਹੋਵੇਗਾ, ਕਿਉਂਕਿ ਉਸ ਕੋਲ ਲਿੱਖਣ ਦੀ ਬਹੁਤ ਵਧੀਆ ਸ਼ੈਲੀ ਹੈ। ਪਾਠਕ ਹਮੇਸਾਂ ਅਸ਼ਲੀਲਤਾ ਦੀ ਲਿਖਣ ਸ਼ੈਲੀ ਦੇ ਅਧਾਰ ਤੇ ਹੀ ਲੇਖਕ ਅਤੇ ਕਿਤਾਬਾਂ ਪੜਦੇ ਹਨ। ਜਿਸ ਕਿਤਾਬ ਵਿੱਚ ਬਾਲਗ ਵਰਤਾਰਿਆਂ ਦਾ ਵਰਣਨ ਜ਼ਿਆਦਾ ਹੁੰਦਾ  ਹੈ ਉਸ ਕਿਤਾਬ ਨੂੰ ਸਿਅਣੀ ਉਮਰ ਦਾ ਪਾਠਕ ਦੂਸਰਿਆਂ ਨੂੰ ਪੜਨ ਦੀ ਸਲਾਹ ਜਾਂ ਤੋਹਫੇ ਦੇ ਤੌਰ ਤੇ ਦੇਣ ਤੋਂ ਕੰਨੀ ਕਤਰਾਉਂਦਾ ਹੈ।
             
ਪੰਜਾਬ ਪਬਲੀਕੇਸਨ ਦੇ ਨਾਂ ਥੱਲੇ ਛਪੀ ਤਿੰਨ ਸੌ ਪੰਜਾਹ ਰੁਪਏ ਦੀ ਕੀਮਤ ਵਾਲੀ ਇਹ ਕਿਤਾਬ ਸ਼ਹਿਜ਼ਾਦੀ ਡਾਇਨਾਂ ਦੀਆਂ ਰੰਗਦਾਰ ਤਸਵੀਰਾਂ ਨਾਲ ਸ਼ਿਗਾਰੀ ਹੋਈ ਹੈ। ਸ਼ਹਿਜ਼ਾਦੀ ਦੇ ਨਿੱਜੀ ਜੀਵਨ ਦੀ ਢੇਰ ਸਾਰੀਆਂ ਅੱਯਾਸ ਗੁਪਤ ਜਾਣਕਾਰੀਆਂ ਤੋਂ ਪਰਦਾ ਚੁਕਦੀ ਇਹ ਕਿਤਾਬ ਪੰਜਾਬੀ ਪਾਠਕਾਂ ਦਾ ਨਵੇਂ ਸੰਸਾਰ ਨਾਲ ਵਾਹ ਪਵਾਉਣ ਵਿੱਚ ਅਤੇ ਨਵੀਂ ਤਰ੍ਹਾਂ ਦੀ ਜਾਣਕਾਰੀ ਵਿੱਚ ਜਿਕਰਯੋਗ ਵਾਧਾ ਕਰਨ ਵਿੱਚ ਸਫਲ ਹੁੰਦੀ ਹੈ। ਆਉਣ ਵਾਲੇ ਸਮੇਂ ਵਿੱਚ ਲੇਖਕ ਤੋਂ ਹੋਰ  ਜ਼ਿਆਦਾ ਆਸਾਂ ਅਤੇ ਉਡੀਕਾਂ ਨਵੀਆਂ ਲਿਖਤਾਂ ਦੇ ਰੂਪ ਵਿੱਚ ਬਣੀਆਂ ਰਹਿਣਗੀਆਂ।

ਸੰਪਰਕ: +91 94177 27245  

Comments

Security Code (required)Can't read the image? click here to refresh.

Name (required)

Leave a comment... (required)

ਕਿਤਾਬਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ