Fri, 19 April 2024
Your Visitor Number :-   6985030
SuhisaverSuhisaver Suhisaver

ਅਮਰਜੀਤ ਟਾਂਡਾ ਦੀਆਂ ਤਿੰਨ ਰਚਨਾਵਾਂ

Posted on:- 09-10-2014



ਜੇ ਕਿਤੇ ਘੁੰਢ ਰਹਿ ਜਾਂਦਾ

ਜੇ ਕਿਤੇ ਘੁੰਢ ਰਹਿ ਜਾਂਦਾ ਤਾਂ
ਕਈ ਤੂਫ਼ਾਨਾਂ ਨੂੰ ਠੱਲ ਪੈ ਜਾਣੀ ਸੀ

ਹਯਾ ਲੱਜਾ ਤੇ ਪਾਕੀਜ਼ਗੀ ਨੇ ਵਿਹੜਿਆਂ ਚ ਨੱਚਣਾਂ ਸੀ
ਸ਼ਬਾਬ ਦੀ ਪਛਾਣ, ਸਨਮਾਨ, ਅਣਖ ਤੇ ਗ਼ੈਰਤ
ਨੇ ਘੁੰਮਣਾ ਸੀ ਰਾਹਾਂ ’ਚ
ਕੁਝ ਤਾਂ ਬਚ ਜਾਂਦਾ
ਅੰਗਿਆਰ ਘੁੰਢ ਓਹਲੇ ਹੀ ਰਹਿੰਦੇ
ਤਾਂ ਗੱਲ ਹੋਰ ਹੋਣੀ ਸੀ

ਪਿੰਡ ’ਚ ਵਹੁਟੀ ਆਉਂਦੀ
ਸਾਰਾ 'ਲਾਕਾ ਦੇਖਣ ਨੂੰ ਤਰਸਦਾ
ਸਿਤਾਰਿਆਂ ਨੂ ਨੀਦਂ ਨਾ ਆਉਂਦੀ

ਚੁੰਨੀ ਸਿਰ ਉਤੋਂ ਖਿਸਕਾਉਂਦੀ
ਨਵਾਰੀ ਪਲੰਘ ਉਪਰ ਬੈਠ ਕੇ,
ਜਿਵੇਂ ਸਰਘੀ ਦਾ ਸੂਰਜ ਹੌਲੀ-ਹੌਲੀ ਊਦੈ ਹੋ ਰਿਹਾ ਹੋਵੇ
ਗਲੀ ਮਹੱਲੇ ਦੀਆਂ ਕੁੜੀਆਂ
ਵਹੁਟੀ ਦੁਆਲੇ ਝੁਰਮਟ ਪਾ ਲੈਂਦੀਆਂ
ਸਿਤਾਰਿਆਂ ਵਾਲੀ ਚੁੰਨੀ ਸਰਕਾ ਸਰਕਾ ਮੂੰਹ ਵੇਖਦੀਆਂ
ਜਿਵੇਂ ਚੰਦ ਬਦਲੀ ਚੋਂ ਬਾਹਰ ਲਿਆਉਣਾ ਹੋਵੇ

ਇੱਜ਼ਤ ਦਾ ਪਰਦਾ ਸੀ ਪੰਜਾਬ ਤੇ

ਘੁੰਢ ਟੁਰ ਗਿਆ
ਤਾਂਘ ਰੁਲ ਗਈ
ਉਮੀਦ ਖੁਰ ਗਈ

ਮਹਿੰਦੀ ਰੰਗੀਆਂ ਗੋਰੀਆਂ ਚਿੱਟੀਆਂ
ਬਾਹਾਂ ਹੱਥ ਹਥੇਲੀਆਂ ਹੀ ਕਾਫ਼ੀ ਸਨ
ਪਿੰਡ ਚ ਤੂਫ਼ਾਨ ਲਿਆਉਣ ਨੂੰ
ਘਰ ਕਿਸੇ ਨਸ਼ੇ ਦੇ ਸਰੂਰ 'ਚ ਡੁੱਬੇ ਰਹਿੰਦੇ ਸਨ
ਪਿੰਡ ਵਾਲੇ ਬੁੱਢੇ ਵਕਤ ਨੀਝਾਂ ਲਾ ਲਾ
ਐਨਕਾਂ ਦੇ ਸ਼ੀਸੇ ਸਾਫ਼ ਤੇ ਠੀਕ ਕਰਦੇ
ਤੋਰਾਂ ਹੀ ਤੱਕਣ 'ਚ ਦਿਨ ਲੰਘਾ ਦਿੰਦੇ ਸਨ
ਅੱਖਾਂ ਵੀ ਨਾ ਝਮਕਦੇ

ਕਿੰਨਾ ਚਾਅ ਹੁੰਦਾ ਸੀ
ਭਾਬੀ ਦੇ ਮੂੰਹ ਨੂੰ ਦੇਖਣ ਦਾ

ਸਹੁਰੇ ਦੀ ਰੀਝ ਦੀ ਤਾਂ ਗੱਲ ਹੀ ਛੱਡੋ
ਬਿਨਾਂ ਖੰਘੇ ਬੂਹਾ ਖੜਕਾਏ
ਸੂਰਜ ਵੀ ਨਹੀਂ ਸੀ ਵੜਦਾ ਅੰਦਰ

ਘਰ ਚ ਝਾਂਜਰਾਂ ਦਾ ਕੋਈ ਸੰਗੀਤ ਝਰਦਾ ਸੀ-
ਵੰਗਾਂ ਦਾ ਗੀਤ ਵਰ੍ਹਦਾ ਸੀ-

ਅਸੀਂ ਆਪ ਹੀ ਮਿੱਟੀ ਪਾ ਕੇ
ਦੱਬ ਦਿਤੇ ਨੇ
ਛਣਕਾਰਾਂ ਤੇ ਗੀਤ

ਪਹਿਣ ਪੱਚਰ ਕੇ ਨਿਕਲੀ
ਵੀਰ ਤੇ ਭਾਬੀ ਦੀ ਜੋੜੀ ਨੂੰ
ਰਾਹਾਂ ਦੇ ਰੁੱਖ ਤੱਕਦੇ ਸਨ-
ਉਹਨਾਂ ਦੀ ਤੋਰ ਦੀ ਤਸਵੀਰ
ਸਾਰੇ ਹਿੱਕਾਂ 'ਚ ਰੱਖਦੇ ਸਨ-

ਨਿੱਤ ਨਵੇਂ ਸੂਟ 'ਚ ਸਜਿਆ ਕੋਈ ਜਾਂਦਾ ਸੀ ਜਹਾਨ
ਹਵਾਵਾਂ ਦੇ ਬੁੱਲ੍ਹਿਆਂ ਦੀ ਵੀ ਉਹ ਕੱਢ ਲੈਂਦਾ ਸੀ ਜਾਨ

***
ਪਤਾ ਨਹੀਂ ਕੀ ਕਿਹਾ ਹਵਾ ਨੇ

ਪਤਾ ਨਹੀਂ ਕੀ ਕਿਹਾ ਹਵਾ ਨੇ ਰਾਹ ਡਰ ਗਿਆ ਸੀ
ਸ਼ੀਸ਼ੇ 'ਚੋਂ ਅਕਸ ਲੱਭਿਆ ਉਹ ਵੀ ਖ਼ਰ ਗਿਆ ਸੀ

ਦੂਰ ਰਹਿਣਾ ਵੱਡਿਆਂ ਮਹਿਲਾਂ ਦਰਬਾਰਾਂ ਤੋਂ ਯਾਰੋ
ਕੱਲ ਦਰਿਆ ਸਮੁੰਦਰ 'ਚ ਡੁੱਬ ਕੇ ਮਰ ਗਿਆ ਸੀ

ਜ਼ਮੀਰ ਸੱਸਤੀ ਵਿਕਦੀ ਖਰੀਦ ਲਓ ਜੇੜੀ ਮਰਜ਼ੀ
ਸ਼ਹਿਰ ਸੀ ਬਦੀ ਤੋਂ ਊਣਾਂ ਉਹ ਵੀ ਭਰ ਗਿਆ ਸੀ

ਕਿਹਾ ਸੀ ਬਹੁਤ ਕਿ ਛੱਡ ਕੇ ਮਾਂ ਛਾਂ ਬਦੇਸ਼ ਨਾ ਜਾ
ਜਦੋਂ ਪਰਤਿਆ ਉਸ ਮਾਂ ਦਾ ਸਿਵਾ ਠਰ ਗਿਆ ਸੀ

ਰਾਤੀਂ ਮਹਿਬੂਬ ਦੇ ਹੰਝੂ ਮੈਂ ਐਂਵੇ ਹੀ ਪਰਖ ਬੈਠਾ
ਉਸ ਚ ਹੋਰ ਇਸ਼ਕ ਵਰਕਾ ਵੀ ਸੜ੍ਹ ਗਿਆ ਸੀ

ਮਿਟ ਗਏ ਸਾਰੇ ਅੱਖਰ ਜੋ ਅੰਬਰ 'ਤੇ ਲਿਖੇ ਸਨ
ਰੰਗ ਮਹਿੰਦੀ ਦਾ ਵੀ ਤਲੀਆਂ ਤੋਂ ਝੜ੍ਹ ਗਿਆ ਸੀ

***

ਕਿੱਧਰ ਦੀ ਆਵਾਂ

ਕਿੱਧਰ ਦੀ ਆਵਾਂ ਹੱਥਿਆਰ ਹੀ ਵਿਕਦੇ ਨੇ ਤੇਰੇ ਸ਼ਹਿਰ
ਲੱਭਦਾ ਕੋਈ ਰਾਹ ਜਿੱਥੇ ਵਿਕਣ ਪੰਜੇਬਾਂ ਜ਼ਰਾ ਠਹਿਰ

ਉਹ ਗਮਲਿਆਂ ਵਿਚ ਬੀਜਦੇ ਨੇ ਬੀਜ ਤਲਵਾਰਾਂ ਦੇ
ਬੀਜਦੇ ਹਾਂ ਅਸੀਂ ਸੂਰਜ ਫਿਰ ਖਿੜ੍ ਦੀ ਹੈ ਦੁਪਹਿਰ

ਜਿਹੜੀ ਵੀ ਗਲੀ ਜਾਂਵਾਂ ਬੇਗੁਨਾਹ ਖ਼ੂਨ ਡੁੱਲ੍ਹਾ ਮਿਲਦਾ
ਝਾਂਜਰਾਂ ਦੇ ਮੌਸਮ 'ਚ ਵੀ ਅੱਜਕਲ ਹੈ ਚੀਕਾਂ ਤੇ ਕਹਿਰ

ਕਿੱਥੋਂ ਲਿਆਵਾਂ ਗਲਾਸ ਦੁੱਧ ਦਾ ਚੰਨ ਖੋਰ ਕੇ ਪੁੱਤ ਲਈ
ਤਰਦੀਆਂ ਲਾਸ਼ਾਂ ਵਾਲੀ ਦਿਸਦੀ ਸੈਰ ਵੇਲੇ ਹਰ ਨਹਿਰ

ਗੁੰਨ੍ਹ ਗੁੰਨ੍ਹ ਸੁਪਨੇ ਬਣਾਇਆ ਸੀ ਅੰਬਰੀਂ ਮਸਾਂ ਇੱਕ ਘਰ
ਇਕ ਇਕ ਇੱਟ ਤੜਫ਼ਦੀ ਜਿਵੇਂ ਚਿਣੀ ਗਈ ਬਿਨ ਬਹਿਰ

ਦੀਵੇ ਪਲਾਂ 'ਚ ਬੁਝਾ ਕੇ ਟੁਰ ਜਾਂਦੇ ਨੇ ਦਰਬਾਰੀ ਲੋਕ
ਚੜ੍ਹੀ ਰਹਿੰਦੀ ਸਦੀਆਂ ਤੀਕ ਦਰਾਂ ਉਹਨਾਂ 'ਤੇ ਗਹਿਰ

ਦਰਿਆ ਤਾਂ ਓਹੀ ਸੀ ਗੀਤ ਸੀ ਆਸ ਸੀ ਮਿਲਣ ਦੀ
ਪਤਾ ਨਹੀਂ ਕਿੱਥੋਂ ਆ ਗਈ ਇਕ ਕੁਲੱਛਣੀ ਲਹਿਰ

ਖੁਸ਼ੀ ਬਹੁਤ ਸੀ ਵਟਣੇ ਮਲੇ ਤੇ ਮਹਿੰਦੀ ਵਾਲੇ ਹੱਥਾਂ ਦੀ
ਪਤਾ ਨਹੀਂ ਕਿਉਂ ਧੋਖ਼ਾ ਦੇ ਗਏ ਰਾਹੀਂ ਜਾਂਦੇ ਪਹਿਰ

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ