Fri, 19 April 2024
Your Visitor Number :-   6984571
SuhisaverSuhisaver Suhisaver

ਇਹ ਤਸਵੀਰਾਂ -ਡਾ. ਅਮਰਜੀਤ ਟਾਂਡਾ

Posted on:- 06-06-2016

suhisaver

ਇਹ ਤਸਵੀਰਾਂ
ਬਹੁਤ ਕੁਝ ਬੋਲਦੀਆਂ ਹਨ
ਓਹਦੀ ਤਸਵੀਰ
ਜੋ ਮੇਰੇ ਕੋਲ ਹੈ-

ਕੋਈ ਵੀ ਤਸਵੀਰ ਨਹੀਂ ਬਣੀ ਹੈ
ਓਸ ਵਰਗੀ-

ਕੱਲ ਜਦੋਂ
ਘਰ ਅਲਮਾਰੀ ਫ਼ੋਲੀ
ਪੁਰਾਣੇ ਸਾਂਭੇ ਪੈਨ ਪੈਨਸਿਲਾਂ ਤਾਲੇ ਚਾਬੀਆਂ ਮਿਲੀਆਂ

ਪਰ ਓਹਨਾਂ ਚ ਇੱਕ ਮਿਲੀ
ਤਸਵੀਰ ਓਹਦੀ ਸਾਂਭੀ ਕਿਤਾਬ ਚ-

ਸਭ ਕੁਝ ਫ਼ਜ਼ੂਲ ਬੇਅਰਥ ਸੀ
ਇੱਕ ਤੇਰੀ ਤਸਵੀਰ ਬਿਨ-
ਤੂੰ ਜ਼ਰਾ ਮੇਰੇ ਵੱਲ ਮੂੰਹ ਤਾਂ ਕਰ
ਦੱਸ ਕੀ ਜਾਂਦਾ ਹੈ ਤੇਰਾ-

ਉਹ ਦਿਨ ਹਵਾ ਨੇ
ਨਹੀਂ ਆਉਣਾ ਮੁੜਕੇ
ਨਾ ਹੀ ਉਹ ਆਏਗੀ ਵਾਪਿਸ
ਕਿਸੇ ਘਰ ਨੂੰ ਸਜਾਉਂਦੀ
ਤੇ ਪਹਿਲੀ ਮੁਹੱਬਤ ਦੇ ਗੀਤ ਗੁਣਗਣਾਉਂਦੀ-

ਸੁਪਨਿਆਂ ਦੀ ਹੀ ਰਹਿ ਗਈ ਹੈ
ਇੱਕ ਰਾਤ ਬਾਕੀ
ਰੇਤ ਤੇ ਚੰਦ ਬਣਾ ਕੇ ਵੀ ਕੀ ਕਰਾਂਗਾ-

ਰੰਗੀਨ ਤਸਵੀਰਾਂ ਵਰਗੇ
ਨਹੀਂ ਪਰਤਣਗੇ ਦਿਨ ਕਦੇ
ਕੱਲ ਸੁਪਨੇ ਚ ਹੀ ਇੱਕ ਹੋਈ ਮੁਲਾਕਾਤ
ਕੰਬ ਰਹੇ ਸਨ
ਬੁੱਲ੍ਹ ਸਾਡੇ ਦੋਵਾਂ ਦੇ-

ਜੀਅ ਭਰ ਕੇ ਵੀ ਨਾ ਦੇਖਿਆ
ਇੱਕ ਦੂਸਰੇ ਨੂੰ-ਨਾ ਕੋਈ ਗੱਲ ਕੀਤੀ
ਏਡੀ ਲੰਬੀ ਸੀ ਮੁਲਾਕਾਤ-
ਓਸ ਦਿਨ ਬਾਅਦ
ਫਿਰ ਵੀ ਮਿਲਦੇ ਤਾਂ ਹਾਂ-

ਪਰ ਕੰਬਦੇ ਬੁੱਲ੍ਹ-ਗੱਲ ਕੀ ਕਰਨ-
ਜੇਬਾਂ ਚ ਤਸਵੀਰਾਂ ਸਨ ਇੱਕ ਦੂਜੇ ਦੀਆਂ-
ਖ਼ਾਬ ਮਰਨ ਨਾਲ ਹੀ ਜਲ ਗਈਆਂ
ਮੈਂ ਤਸਵੀਰ ਬਣਾਉਂਦਾ ਹਾਂ ਚੰਨ ਦੀ
ਤੇਰੀ ਬਣ ਜਾਂਦੀ ਹੈ ਤਸਵੀਰ ਹਰ ਵਾਰ-

ਰੰਗਾਂ ਨੂੰ ਵੀ ਸ਼ਾਇਦ ਇਸ਼ਕ ਹੋ ਗਿਆ ਹੈ
ਤੇਰੇ ਸ਼ਹਿਰ ਦਾ-

ਤਸਵੀਰਾਂ ਦੇ ਨਕਸ਼ ਲੈ ਕੇ
ਹੁਣ ਘੁੰਮ ਰਹੇ ਹਾਂ-
ਹੋ ਸਕਦਾ ਹੈ ਕਿਸੇ ਮੋੜ ਤੇ
ਮਿਲ ਪਈਏ-

ਲੋਕਾਂ ਨੇ ਹਰ ਮਿਲਣ ਤੇ
ਪਤਾ ਨਹੀਂ ਕਿਉਂ ਲਿਖ ਦਿੱਤੀ ਹੈ ਜੁਦਾਈ ਤੇ ਵਿਯੋਗ-

ਅੱਜ ਤੇਰੀ ਤਸਵੀਰ
ਮਨ 'ਚ ਉੱਤਰੀ
ਰਾਤ ਸੀ- ਫਿਰ ਜੁਆਨ ਹੋ ਗਈ
ਦਿੱਲ ਕਰਦਾ ਹੈ -ਛੱਤ ਤੇ ਚੱਲੀਏ-

ਤੂੰ ਚੰਦ ਤਾਰੇ ਦੇਖੀਂ
ਮੈਂ ਤੈਨੂੰ ਤੱਕਾਂਗਾ-
ਇਹ ਸ਼ਰਾਬ ਤਾਂ ਲੋਕ ਉਂਜ਼ ਹੀ ਪੀਂਦੇ ਨੇ
ਅਸੀਂ ਤਾਂ ਪੀਂਦੇ ਹਾਂ
ਤੇਰੇ ਮਸਤ ਨੈਣਾਂ ਦਾ ਖੁਮਾਰ
ਜਦੋਂ ਕਦੇ ਤਸਵੀਰ ਦੇਖਦਾਂ ਤੇਰੀ
ਲੋਕ ਜਿਊਣਾ ਪੁੱਛਦੇ ਹਨ-

ਮੈਨੂੰ ਤੇਰੀ ਨਿੱਕੀ ਜੇਹੀ
ਮੁਸਕਰਾਹਟ ਯਾਦ ਆ ਜਾਂਦੀ ਹੈ
ਦਿਲ ਟੋਹਦਾਂ ਹਾਂ ਤਾਂ
ਲਗਦਾ ਹੈ ਧੜਕਣ ਹੈ ਉਸ ਵਿਚ ਅਜੇ-

ਤੇਰੀ ਪੇਟਿੰਗ ਬਣਾ ਕੇ
ਰਾਤ ਅੰਬਰ ਤੇ ਲਟਕਾਈ
ਲੋਕਾਂ ਨੂੰ ਚੰਦ ਬੇਦਾਗ ਨਜ਼ਰ ਆਇਆ-ਕੱਲ

ਤੂੰ ਸ਼ੀਸ਼ਾ ਨਾ ਦੇਖਿਆ ਕਰ
ਕਿਤੇ ਨਜ਼ਰ ਨਾ ਲੱਗ ਜਾਵੇ
ਦੁਨੀਆਂ 'ਤੇ ਇਸ਼ਕ ਨੂੰ।

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ