Thu, 18 April 2024
Your Visitor Number :-   6980836
SuhisaverSuhisaver Suhisaver

ਸਮੁੱਚੀ ਮਾਨਵਤਾ ਦੇ ਭਲੇ ਲਈ ਚੇਤੰਨ ਹੋ ਕੇ ਸੰਘਰਸ਼ਸ਼ੀਲ ਹੋਣ ਦਾ ਸੁਨੇਹਾ ਦਿੰਦੀ ਉੱਘੀ ਰੰਗਕਰਮੀ ਤੇ ਸ਼ਾਇਰਾ ‘ਬਖਸ਼ ਸੰਘਾ’

Posted on:- 25-07-2018

suhisaver

-ਗੁਰਪ੍ਰੀਤ ਸਿੰਘ ਰੰਗੀਲਪੁਰ

ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ ਗਏ ਪੰਜਾਬੀਆਂਕੋਲ ਆਪਣੇ ਆਪ ਲਈ ਵਿਹਲ ਨਹੀਂ ਹੁੰਦਾ ।ਡਾਲਰ-ਪੌਂਡ ਬਣਾਉਣ ਦੀ ਵੀ ਖਿੱਚ ਹੁੰਦੀ ਹੈ । ਅਤੀ-ਰੁਝੇਂਵੇ ਭਰੀ ਜ਼ਿੰਦਗੀ ਵਿੱਚੋਂ ਸਮਾਂ ਕੱਢਣਾ ਵੀ ਬਹੁਤ ਔਖਾ ਹੁੰਦਾ ਹੈ । ਧੰਨ ਨੇ ਉਹ ਪੰਜਾਬੀ ਜੋ ਵਿਦੇਸ਼ ਵਿੱਚ ਰਹਿ ਕੇ ਵੀ ਰੁਝੇਂਵਿਆਂ ਵਿੱਚੋਂ ਸਮਾਂ ਕੱਢ ਕੇ ਮਾਤ-ਭਾਸ਼ਾ ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਲਈ ਯਤਨਸ਼ੀਲ ਰਹਿੰਦੇ ਹਨ ।ਕੁਝ ਅਜਹਿੇ ਵਿਦੇਸ਼ ਵਿੱਚ ਵੱਸਦੇ ਪੰਜਾਬੀ ਵੀ ਹਨ ਜੋ ਮਾਤ-ਭਾਸ਼ਾ ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਕਰਨ ਲਈ ਤਾਂ ਸਮਾਂ ਕੱਢਦੇ ਹੀ ਹਨ ਪਰ ਨਾਲ ਹੀ ਸਮੁੱਚੀ ਮਾਨਵਤਾ ਦੇ ਭਲੇ ਲਈ ਚੇਤੰਨ ਹੋ ਕੇ ਸੰਘਰਸ਼ਸ਼ੀਲ ਹੋਣ ਦਾ ਸੁਨੇਹਾ ਵੀ ਦਿੰਦੇ ਹਨ । ਅਜਿਹੀ ਹੀ ਸਮੁੱਚੀ ਮਾਨਵਤਾ ਦੇ ਭਲੇ ਲਈ ਚੇਤੰਨ ਹੋ ਕੇ ਸੰਘਰਸ਼ਸ਼ੀਲ ਹੋਣ ਦਾ ਸੁਨੇਹਾ ਦੇਣ ਵਾਲੀ ਸਖਸ਼ੀਅਤ ਹੈਉੱਘੀ ਰੰਗਕਰਮੀ ਤੇ ਸ਼ਾਇਰਾ ‘ਬਖਸ਼ ਸੰਘਾ’ ।ਉਹਨਾਂ ਦੀ ਇੱਕ ਬਹੁਤ ਹੀ ਖੂਬਸੂਰਤ ‘ਬੋਲੀ’ ਨੁਮਾ ਛੋਟੀ ਕਵਿਤਾ ਦੀਆਂ ਸਤਰਾਂਸਾਨੂੰ ਜ਼ਿੰਦਗੀ ਅਣਖ ਨਾਲ ਜੀਉਣ ਦਾ ਸੁਨੇਹਾ ਦਿੰਦੀਆ ਹਨ ਕਿ,

“ ਘੁੱਗੂ ਬਣ ਕੇ ਕੱਟ ਲਈ ਵੇ ਤੂੰ, ਉਮਰ ਗੀਤ ਦੀ ਸਾਰੀ ।
ਗੀਤ ਤੇਰੇ ਨੂੰ ਲੋੜ ਬੋਲਾਂ ਦੀ, ਕਾਹਤੋਂ ਚੁੱਪ ਤੂੰ ਧਾਰੀ ?
ਜ਼ਿੰਦਗੀ ਡਰ-ਡਰ ਕੇ, ਜਾਂਦੀ ਨਹੀਂਉ ਗੁਜ਼ਾਰੀ ।”


ਰੰਗਕਰਮੀ ਤੇ ਸ਼ਾਇਰਾ ਬਖਸ਼ ਸੰਘਾ ਦਾ ਜਨਮ ਪਿਤਾ ਸ਼੍ਰੀ ਸਾਧੂ ਸਿੰਘ ਰੰਧਾਵਾ ਮਾਤਾ ਸ਼੍ਰੀਮਤੀ ਅਜੀਤ ਕੌਰ ਰੰਧਾਵਾ ਦੇ ਘਰ ਪਿੰਡ ਢਪੱਈ ਜ਼ਿਲ੍ਹਾ ਕਪੂਰਥਲਾ, ਪੰਜਾਬ ਵਿੱਚ ਹੋਇਆ ।ਉਹਨਾਂ ਬਾਰਵੀਂ ਪੰਜਾਬ ਤੋਂ ਕੀਤੀ । ਫਿਰ ਅਪਗਰੇਡਿੰਗ ਅਲਬਰਟਾ ਕਾਲਜ, ਐਡਮਿੰਟਨ ਤੋਂ ਕੀਤੀ । ਫਿਰ ਉਹਨਾਂ ਡਿਪਲੋਮਾ ਇਨ ਕੰਪਿਊਟਰਾਈਜ਼ਡ ਆਫਿਸ ਐਡਮਿਨਸਟਰੇਸ਼ਨ, ਸੀ.ਡੀ.ਆਈ.ਕਾਲਜ ਅਲਬਰਟਾ, ਐਡਮਿੰਟਨ ਤੋਂ ਕੀਤਾ । ਉਹਨਾਂ ਦਾ ਵਿਆਹ 1989 ਵਿੱਚ ਰੰਗਕਰਮੀ ਤੇ ਗਾਇਕ ਜਸਵੀਰ ਸੰਘਾ ਨਾਲ ਹੋਇਆ । ਉਹਨਾਂ ਦਾ ਇੱਕ ਬੇਟਾ ਨਵਕਿਰਨ ਸੰਘਾ ਹੈ । ਉਹ ਪ੍ਰੋਗਰੈਸਿਵ ਆਰਟ ਐਸੋਸੀਏਸ਼ਨ ਅਲਬਰਟਾ, ਐਡਮਿੰਟਨ ਦੇ ਪ੍ਰੋਗਰਾਮਾਂ ਵਿੱਚ ਬਤੌਰ ਰੰਗਕਰਮੀ ਪੰਝੀ ਨਾਟਕਾਂ ਵਿੱਚ ਸਫਲਤਾਪੂਰਵਕ ਇਸਤਰੀ ਪਾਤਰਾਂ ਦੇ ਰੋਲ ਨਿਭਾ ਚੁੱਕੇ ਹਨ । ਉਹਨਾਂ ਕੇਵਲ ਧਾਲੀਵਾਲ, ਦਵਿੰਦਰ ਦਮਨ, ਆਤਮਜੀਤ, ਗੁਰਸ਼ਰਨ ਸਿੰਘ, ਜਸਪਾਲ ਢਿੱਲੋਂ ਤੇ ਰਵੀ ਸੰਧੂ ਨਾਲ ਵੀ ਕੰਮ ਕੀਤਾ ਹੈ ।ਉਹ ਪ੍ਰੋਗਰੈਸਿਵ ਪੀਪਲਜ਼ ਆਫ ਐਡਮਿੰਟਨ, ਪੰਜਾਬੀ ਕਲਚਰ ਐਸੋਸੀਏਸ਼ਨ ਅਲਬਰਟਾ, ਮੈਪਲ ਲੀਫ ਰਾਈਟਰਜ਼ ਐਸੋਸੀਏਸ਼ਨ ਅਤੇ ਫੁੱਟਬਾਲ ਟੂਰਨਾਮੈਂਟ ਕਮੇਟੀ ਦੇ ਕਾਰਜਕਾਰੀ ਮੈਂਬਰ ਹਨ ।ਉਹ ਪੰਜਾਬੀ ਕਲਚਰ ਐਸੋਸੀਏਸ਼ਨ ਦੇ ਬੈਨਰ ਹੇਠ ਸਲਾਨਾ ‘ਮਾਂ ਧੀ ਦਾ ਮੇਲੇ’, ‘ਅੰਤਰਰਾਸ਼ਟਰੀ ਮਹਿਲਾ ਦਿਵਸ’ ਅਤੇ ਪੰਜਾਬੀ ਲਰਨਿੰਗ ਪ੍ਰੋਗ੍ਰਾਮ ਦਾ ਆਯੋਜਨ ਕਰਦੇ ਹਨ । ਅੱਜਕੱਲ੍ਹ ਉਹ 2047-61, ਸਟਰੀਟ ਐੱਨ.ਡਬਲਯੂ. ਐਡਮਿੰਟਨ, ਕਨੇਡਾ ਰਹਿ ਰਹੇ ਹਨ ।

ਬਖਸ਼ ਸੰਘਾ ਜੀ ਪੰਜਾਬੀ, ਹਿੰਦੀ, ਉਰਦੂ ਅਤੇ ਅੰਗਰੇਜੀ ਭਾਸ਼ਾਂਵਾ ਦਾ ਗਿਆਨ ਰੱਖਦੇ ਹਨ । ਉਹਨਾਂ ਦੀਆਂ ਚਾਰ ਪੁਸਤਕਾਂ ‘ਸੁਣ ਨੀਂ ਕੁੜੀਏ ਜੀਉਣ ਜੋਗੀਏ’, ‘ਮਾਂ ਧੀ ਦਾ ਸੰਵਾਦ’, ‘ਤੁਰ ਚਾਨਣ ਦੀ ਤੋਰ’ ਅਤੇ ‘ਚਾਨਣ ਦੀ ਛੋਹ’ ਛਪ ਚੁੱਕੀਆਂ ਹਨ । ‘ਮਾਂ ਧੀ ਦਾ ਸੰਵਾਦ ਦੂਜਾ ਸੰਸਕਰਨ 2018’ ਵੀ ਆ ਚੁੱਕਾ ਹੈ ।ਉਹਨਾਂ ਦਾ ਸ਼ਾਹਮੁਖੀ ਵਿੱਚ ‘ਗੱਲੜੀਆਂ’ ਅਤੇ ‘ਤੁਰ ਚਾਨਣ ਦੀ ਤੋਰ’ ( ਹਿੰਦੀ ) ਸਿਰਲੇਖਾਂ ਹੇਠ ਲਿਪੀਅੰਤਰ ਛਪ ਚੁੱਕੇ ਹਨ ।ਉਹਨਾਂ ਨੇ ਇਸਤਰੀ ਅਧਿਐਨ ਵਿਭਾਗ, ਮਹਾਤਮਾ ਗਾਂਧੀ ਅੰਤਰਰਾਸ਼ਟਰੀ ਹਿੰਦੀ ਯੂਨੀਵਰਸਿਟੀ, ਵਰਧਾ, ਮਹਾਂਰਾਸ਼ਟਰ ਤੋਂ ‘ਨਾਰੀਵਾਦੀ ਵਿਸ਼ਲੇਸ਼ਣ’ ਅਤੇ ਐੱਮ.ਏ. ਦੇ ਪ੍ਰੋਜੈਕਟ ਵਰਕ ਨਾਲ ਸਬੰਧਿਤ ਖੋਜ ਕਾਰਜ ਕੀਤਾ ਹੈ ।ਇੱਕ ਉਹਨਾਂ ਦਾ ਹਿੰਦੀ ਦਾ ਕਾਵਿ-ਸੰਗ੍ਰਹਿ ਅਤੇ ਇੱਕ ਹਿੰਦੀ ਦਾ ਲਿਪੀਅੰਤਰ ਛਪਾਈ ਅਧੀਨ ਹੈ ।ਉਹਨਾਂ ਨੇ ਕਵਿਤਾਵਾਂ ਲੋਕ-ਭਾਸ਼ਾ ਵਿੱਚ ਰਚੀਆਂ ਹਨ ।ਲੋਕਾਂ ਦੁਆਰਾ ਬੋਲੇ ਜਾਂਦੇ ਮੁਹਾਵਰੇ-ਅਖਾਣ ਹੀ ਵਰਤੇ ਹਨ । ਉਹੀ ਬਿੰਬ-ਅਲੰਕਾਰ ਵਰਤੇ ਹਨ ਜੋ ਅਸੀਂ ਰੌਜ਼ਾਨਾ ਜ਼ਿੰਦਗੀ ਵਿੱਚ ਆਮ ਹੀ ਵਰਤਦੇ ਹਾਂ । ਇਹੀ ਉਹਨਾਂ ਦੀ ਕਵਿਤਾ ਦੀ ਖੂਬੀ ਹੈ ।ਛੇਤੀ ਹੀ ਮੂੰਹ ਤੇ ਚੜ੍ਹਨ ਵਾਲੀਆਂ ਉਹਨਾਂ ਦੀਆਂ ਕੁਝ ‘ਬੋਲੀਆਂ’ ਨੁਮਾ ਛੋਟੀਆਂ ਕਵਿਤਾਵਾਂ ਅਸਾਨੀ ਨਾਲ ਹੀ ਯਾਦ ਹੋ ਜਾਂਦੀਆਂ ਹਨ । ਉਹਨਾਂ ਦੀ ਇੱਕ ਕਵਿਤਾ ਦੀਆਂ ਸਤਰਾਂ, ਉਹਨਾਂ ਦੀ ਪ੍ਰੋੜਤਾ ਵੱਲ ਵੀ ਇਸ਼ਾਰਾ ਕਰਦੀਆਂ ਹਨ ਕਿ,

“ਜਿੱਥੇ ਪੈਣ ਰੀਝਾਂ ਨੂੰ ਫੁੱਲ ਵੇ ਮੇਰੇ ਬਾਬਲਾ ।
ਉਹ ਰੁੱਤ ਲੈ ਦਈਂ ਮੁੱਲ ਵੇ ਮੇਰੇ ਬਾਬਲਾ ।”

ਸ਼ਾਇਰਾ ਬਖਸ਼ ਸੰਘਾ ਇੱਕ ਚੇਤੰਨ ਕਵਿੱਤਰੀ ਹਨ । ਉਹ ਸਮਝਦੇ ਹਨ ਕਿ ਪੰਜੀਵਾਦ ਦੇ ਇਸ ਯੁੱਗ ਵਿੱਚ ਸਾਮਰਾਜਵਾਦ ਆਪਣੇ ਮਨਸੂਬੇ ਪੂਰੇ ਕਰਨ ਵਿੱਚ ਕਾਮਯਾਬ ਹੁੰਦਾ ਜਾ ਰਿਹਾ ਹੈ । ਉਹ ਵੱਖ-ਵੱਖ ਦੇਸ਼ਾਂ ਨੂੰ ਆਪਸ ਵਿੱਚ ਜੰਗ ਕਰਨ ਲਈ ਉਕਸਾ ਕੇ ਆਪ ਹੀ ਉਹਨਾਂ ਦੋਵਾਂ ਦੇਸ਼ਾਂ ਨੂੰ ਹਥਿਆਰ ਵੇਚ ਕੇ ਮੋਟਾ ਮੁਨਾਫਾ ਕਮਾਂਉਦਾ ਹੈ ।ਉਹਦੇ ਪੈਦਾ ਕੀਤੇ ਮੁੱਠੀ ਕੁ ਸਰਮਾਏਦਾਰ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਫਸਾ ਕੇ ਆਪਣਾ ਉੱਲੂ ਸਿੱਧਾ ਕਰੀ ਜਾ ਰਹੇ ਹਨ । ਉਹਨਾਂ ਸਾਰੀ ਦੁਨੀਆਂ ਨੂੰ ਮਹਿਜ਼ ਇੱਕ ਮੰਡੀ ਬਣਾ ਛੱਡਿਆ ਹੈ ।ਪੈਸੇ ਦੀ ਦੌੜ ਨੇ ਰਿਸ਼ਤਿਆਂ ਤੱਕ ਦੀ ਬੋਲੀ ਲਾ ਦਿੱਤੀ ਹੈ । ਸਰਮਾਏਦਾਰੀ ਦੌਰ ਦੀ ਇਸ ਕੌੜੀ ਸਚਾਈ ਨੂੰ ਹੂ-ਬ-ਹੂ ਪੇਸ਼ ਕਰਦੀਆਂ ਉਹਨਾਂ ਦੀ ਕਵਿਤਾ ਦੀਆਂ ਸਤਰਾਂ ਹਨ ਕਿ,
“ ਪਾਵੇ…….. ਪਾਵੇ,

ਸਰਮਾਏਦਾਰੀ ਦੌਰ ਚੰਦਰਾ, ਨਸ਼ੇ ਵੇਚੇ, ਹਥਿਆਰ ਬਣਾਵੇ ।”ਅਤੇ
“ਲੋੜ ਮੰਡੀ ਦੀ ਵੱਧਦੀ ਜਾਵੇ, ਪੈਸਾ-ਪੈਸਾ ਰੱਟਦੀ ।
ਮਨੁੱਖੀ ਰਿਸ਼ਤਿਆਂ ਦੀ, ਕੀਮਤ ਜਾਵੇ ਵੱਟਦੀ ।”

ਸ਼ਾਇਰਾ ਬਖਸ਼ ਸੰਘਾ ਸਾਮਰਾਜਵਾਦ ਦੇ ਵੱਸ ਪਏ ਦੇਸ਼ਾਂ ਦੀਆਂ ਮੰਦੜੀਆਂ ਹਾਲਤਾਂ ਤੋਂ ਵੀ ਚੰਗੀ ਤਰ੍ਹਾਂ ਵਾਕਫ ਨਜ਼ਰ ਆਉਂਦੇ ਹਨ । ਜਿਸ-ਜਿਸ ਦੇਸ਼ ਵਿੱਚ ਵੀ ਸਾਮਰਾਜਵਾਦੀ ਤਾਕਤਾਂ ਨੇ ਸਰਮਾਏਦਾਰੀ ਨੂੰ ਸਥਾਪਿਤ ਕੀਤਾ ਹੈ ਉਸ-ਉਸ ਦੇਸ਼ ਵਿੱਚ ਬੇਰੁਜ਼ਗਾਰੀ, ਫਿਰਕਾਪ੍ਰਸਤੀ, ਮਹਿੰਗਾਈ, ਨਸ਼ੇ, ਗੁੰਡਾਗਰਦੀ, ਜਾਤ-ਧਰਮ-ਨਸਲ ਦੇ ਨਾਮ ਤੇ ਵਿਤਕਰੇ, ਦਲਿਤਾਂ ਤੇ ਔਰਤਾਂ ਦੀ ਦੁਰਦਸ਼ਾ, ਬਾਲ-ਮਜ਼ਦੂਰੀ, ਬਲਾਤਕਾਰਵਰਗੀਆਂ ਸਮੱਸਿਆਂਵਾ ਹੱਦਾਂ ਟੱਪ ਗਈਆਂ ਹਨ । ਉੱਥੋਂ ਦੇ ਘਰਾਂ ਦੇ ਵਿਹੜਿਆਂ ਵਿੱਚ ਉਦਾਸੀ ਛਾਈ ਹੈ । ਮਾਸੂਮ ਮਾਨੋਸੂਲੀ ਟੰਗੇ ਗਏ ਹਨ । ਉੱਥੇ ਅਸ਼ਾਂਤੀ, ਅਰਾਜਕਤਾ,ਅਣ-ਸੁਖਾਵਾਂ ਤੇ ਅਸਰੁੱਖਿਆ ਦਾ ਮਾਹੌਲ ਬਣਿਆ ਹੈ । ਪਰ ਸ਼ਾਇਰਾ ਬਖਸ਼ ਸੰਘਾ ਦੀ ਵਿਲੱਖਣ ਵਿਸ਼ੇਸ਼ਤਾ ਹੈ ਕਿ ਅਜਿਹੇ ਹਾਲਾਤਾਂ ਵਿੱਚ ਵੀ ਉਹ ਬਾਗ਼ ਦੇ ਮਾਲੀ ਨੂੰ ਸਵਾਲ ਕਰਦੇ ਨਜ਼ਰ ਆਂਉਦੇ ਹਨ ਕਿ,

“ਬਾਗੀਂ ਛਾਈਆਂ ਉਦਾਸੀਆਂ, ਤਿਤਲੀ ਸੂਲ ਪਰੋਈ ।
ਦੱਸੀਂ ਖਾਂ ਬਾਗ਼ ਦਿਆ ਮਾਲੀਆ, ਭੌਰਾ ਵੀ ਦਿਸੇ ਕੋਈ ।”

ਸ਼ਾਇਰਾ ਬਖਸ਼ ਸੰਘਾ ਨੇ ਆਪ ਔਰਤ ਹੋਣ ਕਰ ਕੇ ‘ਨਾਰੀਵਾਦੀ ਵਿਸ਼ਲੇਸ਼ਣ’ ਰਾਹੀਂ ਮਰਦ-ਪ੍ਰਧਾਨ ਸਮਾਜ ਦੀ ਸੋਚ ਵਿੱਚ ਪਿਸ ਰਹੀਆਂ ਇਸਤਰੀਆਂ ਦੇ ਦਰਦ ਨੂੰ ਵੀ ਬਖੂਬੀ ਬਿਆਨਿਆ ਹੈ । ਉਹ ਬਿਆਨ ਕਰਦੇ ਹਨ ਕਿ ਸੁਰਜ ਦੇ ਸੇਕ ਨਾਲੋਂ ਜ਼ਿਆਦਾ ਭਾਂਬੜ ਔਰਤਾਂ ਦੇ ਸੀਨੇ ਵਿੱਚ ਮੱਚਦੇ ਹਨ । ਜਿੰਨਾ ਕੁਝ ਔਰਤਾਂ ਬਰਦਾਸ਼ਤ ਕਰਦੀਆਂ ਹਨ ਮਰਦ ਕਦੀ ਵੀ ਬਰਦਾਸ਼ਤ ਨਹੀਂ ਕਰ ਸਕਦੇ । ਫਿਰ ਵੀ ਔਰਤਾਂ ਨੂੰ ਮਰਦਾਂ ਦੀ ਹੈਂਕੜ ਸਹਿਣੀ ਪੈਂਦੀ ਹੈ । ਉਹ ਲਿਖਦੇ ਹਨ ਕਿ,

“ਪੱਥਰ ਹੋਈ ਆਂ ਹੈਂਕੜ ਸਹਿ ਕੇ, ਅੱਗ ਵਰਸੇ ਪਰਦੇ ਵਿੱਚ ਰਹਿ ਕੇ,
ਹਉਕਿਆਂ ਦੀ ਇਹ ਧੁੱਪੜੀ ਡਾਢੀ, ਸੂਰਜ ਦੀ ਬੁੱਕਲ ਬਹੇਸਾਂ ।
ਮਾਹੀ ਵੇ ਅਸੀਂ ਮਾਰੂਥਲ ਦੀਆਂ ਰੇਤਾਂ ।” ਅਤੇ
“ ਬੰਦਸ਼ਾਂ ਵਿੱਚ ਗੜੁੱਚੇ ਹਿਰਦੇ, ਭਾਂਬੜ ਬਣ-ਬਣ ਮੱਚਦੇ ਨੀਂ ।”

ਸ਼ਾਇਰਾ ਬਖਸ਼ ਸੰਘਾ ਲੋਕਾਂ ਨੂੰ ਪਾਖੰਡੀ ਬਾਬਿਆਂ ਦੇ ਜਾਲ ਵਿੱਚ ਫਸਣ ਤੋਂ ਰੋਕਣ ਲਈ ਯਤਨ ਕਰਦੇ ਵੀ ਨਜ਼ਰ ਆਉਂਦੇ ਹਨ । ਉਹ ਦੱਸਦੇ ਹਨ ਕਿ ਕੋਈ ਮੰਗੀ ਸੁੱਖ, ਕੋਈ ਮੰਗੀ ਮੰਨ੍ਹਤ ਉੰਨਾ ਚਿਰ ਪੂਰੀ ਨਹੀਂ ਹੋ ਸਕਦੀ ਜਦ ਤੱਕ ਉਸ ਮੰਗੀ ਸੁੱਖ ਜਾਂ ਮੰਨ੍ਹਤ ਦੀ ਪੂਰਤੀ ਲਈ ਮਨੁੱਖ ਆਪ ਮਿਹਨਤ ਨਹੀਂ ਕਰਦਾ । ਉਹ ਵਿਹਲੜਾਂ-ਪਾਖੰਡੀਆਂ ਬਾਬਿਆਂ ਤੋਂ ਬਚ ਕੇ ਆਪਣੇ-ਆਪ ਯਤਨ ਕਰਨ ਲਈ ਪ੍ਰੇਰਦੇ ਨਜ਼ਰ ਆਉਂਦੇ ਹਨ ।ਧੰਨ, ਦੌਲਤ ਤੇ ਇੱਜ਼ਤ ਇਹਨਾਂ ਪਾਖੰਡੀਆਂ ਕੋਲ ਗੁਆ ਕੇ ਕੁਝ ਹਾਂਸਿਲ ਨਹੀਂ ਹੋਣਾ । ਮਿਹਨਤ ਤੇ ਲਗਨ ਨਾਲ ਹੀ ਮੁਸ਼ਕਿਲ ਤੋਂ ਮੁਸ਼ਕਿਲ ਮੰਜਿਲ ਪਾਈ ਜਾ ਸਕਦੀ ਹੈ । ਇਸ ਲਈ ਉਹ ਲਿਖਦੇ ਹਨ ਕਿ,

“ਖੁਦ ਨੂੰ ਯਤਨ ਜਟਾਉਣੇ ਪੈਂਦੇ, ਮਿਹਨਤ ਹੁੰਦੀ ਦਾਰੂ ।
ਮੰਨ੍ਹਤ ਬਾਬਿਆਂ ਦੀ, ਦੱਸ ਤੈਨੂੰ ਕੀ ਤਾਰੂ ?”

ਉੱਘੀ ਰੰਗਕਰਮੀ ਤੇ ਸ਼ਾਇਰਾ ‘ਬਖਸ਼ ਸੰਘਾ’ ਅਜਿਹੀ ਸਖਸ਼ੀਅਤ ਹੈ ਜੋ ਕਿ ਵਿਦੇਸ਼ ਵਿੱਚ ਰਹਿ ਕੇ ਰੁਝੇਂਵਿਆਂ ਭਰੀ ਜ਼ਿੰਦਗੀ ਵਿੱਚੋਂ ਸਮਾਂ ਕੱਢ ਕੇ ਮਾਤ-ਭਾਸ਼ਾ ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਤਾਂ ਕਰਦੇ ਹੀ ਹਨ ਪਰ ਨਾਲ ਹੀ ਉਹ ਸਮੁੱਚੀ ਮਾਨਵਤਾ ਦੇ ਭਲੇ ਲਈ ਚੇਤੰਨ ਹੋ ਕੇ ਸੰਘਰਸ਼ਸ਼ੀਲ ਹੋਣ ਦਾ ਸੁਨੇਹਾ ਵੀ ਦਿੰਦੇ ਹਨ । ਇਸ ਲਈ ਉਹਨਾਂ ਦੀਆਂ ਰਚਨਾਵਾਂ ਲੋਕਾਂ ਦੀਆਂ ਸਹੀ ਅਗਵਾਈ ਕਰਦੀਆਂ ਵੀ ਨਜ਼ਰ ਆਉਂਦੀਆਂ ਹਨ । ਉਹ ਲੋਕਾਂ ਦੀ ਭਾਸ਼ਾ ਵਿੱਚ ਸਾਹਿਤ ਰਚਦੇ ਹਨ । ਇਸ ਲਈ ਸਾਮਰਾਜਵਾਦ ਦੇ ਯੁੱਗ ਵਿੱਚ ਸਮੁੱਚੀ ਲੁਕਾਈ ਨੂੰ ਪੇਸ਼ ਆਉਂਦੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾ ਕੇ ਉਹ ਉਹਨਾਂ ਦੇ ਹੱਲ ਲਈ ਸਾਨੂੰ ਸਾਰਥਿਕ ਹੰਭਲੇ ਮਾਰਨ ਲਈ ਪ੍ਰੇਰਦੇ ਨਜ਼ਰ ਆਉਂਦੇ ਹਨ । ਅੰਤ ਵਿੱਚ ਉਹਨਾਂ ਦੀ ਇੱਕ ਕਵਤਿਾ ਦੀਆਂ ਸਤਰਾਂ ਕਹਿ ਕੇ ਦੀਵੇ ਵਾਂਗ ਆਪਣਾ-ਆਪ ਬਾਲ ਕੇ ਹਨ੍ਹੇਰਿਆਂ ਵਿੱਚੋਂ ਲੋਅ ਲੱਭ ਲਿਆਉਣ ਦੀ ਅਪੀਲ ਕਰਦਾ ਹੋਇਆ ਆਪ ਜੀ ਤੋਂ ਵਿਦਾ ਲੈਂਦਾ ਹਾਂ ਕਿ,

‘ਬਲ-ਬਲ ਦੀਵੜਿਆ, ਜਗ-ਮਗ ਕਰਦਾ ਰਹੁ ।
ਸ਼ਾਹ ਕਾਲੀਆ ਰਾਤਾਂ ‘ਚੋਂ, ਲੱਭ ਲਿਆ ਕੋਈ ਲੋਅ ।”


ਰਾਬਤਾ +91 98552 07071

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ