Fri, 19 April 2024
Your Visitor Number :-   6984974
SuhisaverSuhisaver Suhisaver

ਮਿਆਰੀ ਗਾਇਕੀ ਲਈ ਲੋਕ ਲਹਿਰ ਉਸਾਰਨ ਦੀ ਲੋੜ

Posted on:- 02-05-2012

suhisaver

ਪੰਜਾਬੀ ਵਿਭਾਗ, ਪੰਜਾਬੀ ਯੂਨੀਵਟਸਿਟੀ ਪਟਿਆਲਾ ਵੱਲੋਂ ਪੰਜਾਬੀ ਗਾਇਕੀ 'ਤੇ ਕਰਵਾਇਆ ਗਿਆ  ਸੈਮੀਨਾਰ

ਸੱਭਿਆਚਾਰਾਂ
ਦੇ ਵਿਕਾਸ ਨੂੰ ਕਲਾਵਾਂ ਦਾ ਮਿਆਰ ਨਿਰਧਾਰਤ ਕਰਦਾ ਹੈ। ਅਜੋਕੇ ਸਮੇਂ ਵਿੱਚ ਪੰਜਾਬੀ ਜਨ-ਮਾਨਸ ਨੂੰ ਸਭ ਤੋਂ ਵੱਧ ਗੀਤ ਅਤੇ ਗੀਤ ਵੀਡੀਓ ਪ੍ਰਭਾਵਿਤ ਕਰ ਰਹੇ ਹਨ ਕਿਉਂਕਿ ਇਸ ਵਿਚ ਕਵਿਤਾ ਸੰਗੀਤ, ਆਵਾਜ਼, ਨਾਚ, ਅਦਾਕਾਰੀ, ਦ੍ਰਿਸ਼ਾਵਲੀ ਦੀ ਚੋਣ ਤੋਂ ਲੈ ਕੇ ਵੀਡੀਓ ਫੋਟੋਗ੍ਰਾਫੀ ਤਕ ਬਹੁਤ ਕੁਝ ਸ਼ਾਮਲ ਹੈ। ਇਸ ਗਾਇਕੀ ਦਾ ਪ੍ਰਭਾਵ ਖੇਤਰ ਬਹੁਤ ਜਿ਼ਆਦਾ ਹੈ ਤੇ ਇਹ ਨਵੀਂ ਪੀੜ੍ਹੀ ਨੂੰ ਪ੍ਰਭਾਵਿਤ ਕਰ ਰਿਹਾ ਹੈ ਪਰੰਤੂ ਪੰਜਾਬੀ ਗਾਇਕੀ ਅਤੇ ਵੀਡੀਓਗ੍ਰਾਫੀ ਦੇ ਮਿਆਰ ਸਬੰਧੀ ਅਕਸਰ ਪੰਜਾਬੀ ਸਭਿਅਚਾਰ ਨਾਲ ਲਗਾਓ ਰੱਖਣ ਵਾਲੇ ਲੋਕਾਂ ਵੱਲੋਂ ਚਿੰਤਾ ਕੀਤੀ ਜਾਂਦੀ ਹੈ। ਅਜੋਕੀ ਪੰਜਾਬੀ ਗਾਇਕੀ ਬਾਰੇ ਇਕ ਧਿਰ ਦਾ ਵਿਚਾਰ ਹੈ ਕਿ ਇਹ ਪੰਜਾਬ ਦੀਆਂ ਸੀਮਤ ਹੱਦਾਂ ਟੱਪ ਕੇ ਅੱਜ ਦੇਸ਼-ਵਿਦੇਸ਼ ਵਿਚ ਵੀ ਫੈਲ ਗਈ ਹੈ। ਅੱਜ ਕੋਈ ਵੀ ਹਿੰਦੀ ਫਿਲਮ ਓਨੀ ਦੇਰ ਪੂਰੀ ਨਹੀਂ ਹੁੰਦੀ ਜਿੰਨੀ ਦੇਰ ਉਸ ਨੂੰ ਪੰਜਾਬੀ ਸੰਗੀਤ ਦਾ ਤੜਕਾ ਨਾ ਲਗਾਇਆ ਜਾਵੇ। ਅੰਤਰ-ਰਾਸ਼ਟਰੀ ਪੱਧਰ ਤੇ ਭੰਗੜਾ ਬੀਟ ਇਕ ਵੱਖਰੀ ਸੰਗੀਤਕ ਵੰਨਗੀ (ਮਿਊਜ਼ੀਕਲ ਜਾਨਰ) ਬਣ ਗਿਆ ਹੈ। ਹਰ ਪਾਸੇ ਪੰਜਾਬੀ ਸੰਗੀਤ ਦੀਆਂ ਧੁੰਮਾਂ ਹਨ। ਕੋਈ ਵੀ ਚੈਨਲ ਲਗਾਓ, ਰੇਡੀਓ ਬਜਾਓ, ਕਿਸੇ ਵੀ ਮੋਬਾਈਲ ਨੂੰ ਸੁਣੋ, ਕਿਸੇ ਵੀ ਸਮਾਗਮ ਤੇ ਜਾਓ, ਬੱਸ ਵਿਚ ਬੈਠੋ ਜਾਂ ਹਵਾਈ ਜਹਾਜ਼ ਵਿਚ ਜਾਓ ਹਰ ਥਾਂ ਪੰਜਾਬੀ ਗਾਇਕੀ ਆਪਣਾ ਜੌਹਰ ਅਤੇ ਜੋਰ ਵਿਖਾ ਰਹੀ ਹੁੰਦੀ ਹੈ। ਇਹ ਗੱਲ ਬਹੁਤ ਸਾਰੇ ਪੰਜਾਬੀਆਂ ਨੂੰ ਗੌਰਵ ਨਾਲ ਭਰਦੀ ਹੈ। ਇਸ ਦੇ ਉਲਟ ਇਕ ਵਿਚਾਰ ਇਹ ਵੀ ਹੈ ਕਿ ਅਜੋਕੀ ਪੰਜਾਬੀ ਗਾਇਕੀ ਸੁਰ ਦੀ ਥਾਵੇਂ ਸ਼ੋਰ, ਕਾਵਿ ਦੀ ਥਾਂ ਤੁਕਬੰਦੀ ਤੇ ਤਾਲ ਦੀ ਥਾਵੇਂ ਬੇਤਾਲ ਹੋਈ ਆਲ-ਪਤਾਲ ਖਾ ਰਹੀ ਹੈ। ਸੁਣਨ ਦੀ ਥਾਂ ਵੇਖਣ ਦੀ ਚੀਜ਼ ਬਣ ਗਈ ਹੈ। ਇਸ ਦਾ ਮਿਆਰ ਦਿਨੋ ਦਿਨ ਡਿੱਗ ਰਿਹਾ ਹੈ। ਔਰਤ ਨੂੰ ਵਸਤ ਸਮਝਿਆ ਜਾ ਰਿਹਾ ਹੈ। ਨਸ਼ਿਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਹਥਿਆਰਾਂ ਦੀ ਭੌਡੀ ਪ੍ਰਦਰਸ਼ਨੀ ਨਾਲ ਹਿੰਸਾ ਦਾ ਪ੍ਰਦਰਸ਼ਨ ਕਰਕੇ ਵੈਲੀਪੁਣੇ ਨੂੰ ਪਰਚਾਰਿਆ ਜਾ ਰਿਹਾ ਹੈ, ਜ਼ਾਤ ਅਭਿਮਾਨ ਫੈਲਾਇਆ ਜਾ ਰਿਹਾ ਹੈ ਅਤੇ ਉਚੇਰੇ ਸੁਹਜ ਸੁਆਦਾਂ ਦੀ ਥਾਂ ਕਾਮੁਕ-ਅਦਾਵਾਂ ਨੂੰ ਪ੍ਰਮੁੱਖਤਾ ਦਿੱਤੀ ਜਾ ਰਹੀ ਹੈ। ਉਚੇਰੀਆਂ ਕਦਰਾਂ-ਕੀਮਤਾਂ ਅਤੇ ਸਮਾਜਿਕ ਸਰੋਕਾਰਾਂ ਦੀ ਥਾਵੇਂ ਖਪਤ ਸੱਭਿਆਚਾਰ ਦੀ ਪੇਸ਼ਕਾਰੀ ਹੋ ਰਹੀ ਹੈ। ਗਾਇਕੀ ਨਿਘਾਰ ਵੱਲ ਜਾ ਰਹੀ ਹੈ ਤੇ ਇਹ ਪੰਜਾਬੀਆਂ ਲਈ ਗੌਰਵ ਨਹੀਂ, ਸ਼ਰਮ ਦੀ ਗੱਲ ਹੈ। ਇਨ੍ਹਾਂ ਦੋਹਾਂ ਉਲਾਰ ਕਿਨਾਰਿਆਂ ਵਿਚਕਾਰ ਸਹੀ ਸਮਝ ਦਾ ਪੁਲ਼ ਉਸਾਰਨ ਦੀ ਲੋੜ ਹੈ। ਪੰਜਾਬੀ ਭਾਸ਼ਾ ਸਾਹਿਤ ਸਭਿਆਚਾਰ ਦੇ ਸਹੀ ਵਾਰਸ ਹੋਣ ਕਰਕੇ ਸਾਨੂੰ ਨਿਰੋਲ ਨਿੰਦਿਆ ਤੇ ਨਿਰੋਲ ਆਪਣੇ ਮੂੰਹੋਂ ਮੀਆਂ ਮਿੱਠੂ ਬਣ ਕੇ ਦਮਗਜ਼ੇ ਮਾਰਨ ਦੀ ਥਾਂ ਆਤਮ-ਚੀਨਣ ਦੀ ਲੋੜ ਹੈ।
 

ਇਸ ਸਬੰਧੀ ਪਿਛਲੇ ਦਿਨੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਪੰਜਾਬੀ ਗਾਇਕੀ ਦੇ ਵਰਤਮਾਨ ਅਤੇ ਭਵਿੱਖ ਸਬੰਧੀ ਇਕ ਵਿਸ਼ੇਸ਼ ਵਿਚਾਰ-ਗੋਸ਼ਟੀ ਕਰਵਾਈ ਕਿਉਂਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਉਦੇਸ਼ ਸਾਹਿਤ ਤੇ ਸਭਿਆਚਾਰ ਨੂੰ ਪ੍ਰਫੁੱਲਤ ਕਰਨਾ  ਹੈ। ਇਸ ਗੋਸ਼ਟੀ ਦੀ ਵਿਲੱਖਣ ਗੱਲ ਇਹ ਸੀ ਕਿ ਨਿਰੋਲ ਅਕਾਦਮਿਕ ਪੱਧਰ ’ਤੇ ਬਹਿਸ ਕਰਨ ਦੀ ਥਾਵੇਂ ਸਬੰਧਤ ਖੇਤਰ ਦੇ ਗੀਤਕਾਰਾਂ,ਗਾਇਕਾਂ, ਸੰਗੀਤਕਾਰਾਂ ,ਕੰਪਨੀਆਂ, ਵੀਡੀਓ   ਨਿਰਦੇਸ਼ਕਾਂ, ਆਲੋਚਕਾਂ ਅਤੇ ਵਿਦਿਆਰਥੀਆਂ ਨਾਲ ਸਾਂਝਾ ਸੰਵਾਦ ਰਚਾਇਆ ਗਿਆ। ਵਿਚਾਰ ਚਰਚਾ ਦੌਰਾਨ ਸਭ ਤੋਂ ਮੁੱਖ ਗੱਲ ਇਹ ਸਾਹਮਣੇ ਆਈ ਕਿ ਔਰਤ ਮਰਦ ਸਬੰਧਾਂ ਬਾਰੇ ਦੁਨਿਆਵੀ ਵਿਸ਼ੇ ਕਿੱਸਾ ਕਾਵਿ ਤੇ ਲੋਕ ਕਾਵਿ ਵਿਚ ਮੌਜੂਦ ਸਨ ਪਰ ਉਥੇ ਇਹ ਅਸ਼ਲੀਲ ਨਹੀਂ ਮੰਨੇ ਜਾਂਦੇ ਸੀ ਕਿਉਂਕਿ ਇਹ ਸਭ ਕੁਝ ਲਿੰਗ ਤੇ ਉਮਰ ਨਾਲ ਸਬੰਧਤ ਸੀਮਤ ਦਾਇਰੇ ਵਿਚ ਹੁੰਦੇ ਸੀ ਜਦੋਂ ਕਿ ਆਧੁਨਿਕਤਾ ਦੇ ਆਉਣ ਨਾਲ ਲੋਕ ਦਾਇਰੇ ਟੁੱਟ ਗਏ ਅਤੇ ਇਹ ਕਲਾਵਾਂ ਤਥਾ-ਕਥਿਤ ਸਰਬਜਨਕ ਹੋ ਗਈਆਂ। ਪਿੰਡੋਂ ਬਾਹਰ ਢਾਣੀਆਂ ਵਿਚ ਸੁਣੀਆਂ ਜਾਣ ਵਾਲੀਆਂ ਬੋਲੀਆਂ ਬਨੇਰਿਆਂ ’ਤੇ ਵੱਜਣ ਲੱਗੀਆਂ ਅਤੇ 1990 ਤੋਂ ਬਾਅਦ ਰੇਡੀਓ ਤੇ ਟੈਲੀਵਿਜ਼ਨ ਉਪਰ ਸਰਕਾਰੀ ਕਾਬੂ ਖਤਮ ਹੋ ਜਾਣ ਨਾਲ ਘਰ-ਪਰਿਵਾਰ  ਦੀ ਨਿਜੀ ਜ਼ਿੰਦਗੀ ਵੀ ਮੰਡੀ ਚਾਲਤ ਗਾਇਕੀ ਦੇ ਦਾਇਰੇ ਵਿਚ ਆ ਗਈ। ਕੰਪਨੀਆਂ ਨੇ ਆਪਣੇ ਮੁਨਾਫੇ ਲਈ ਕਾਮੁਕਤਾ ਪਰੋਸਣੀ ਸ਼ੁਰੂ ਕਰ ਦਿੱਤੀ। ਇਸ ਸਥਿਤੀ ਵਿਚ ਇਕ ਵਿਚਾਰ ਇਹ ਸਾਹਮਣੇ ਆਉਂਦਾ ਹੈ ਕਿ ਲੋਕ ਜਿਹੋ ਜਿਹਾ ਸੁਣਨਾ ਚਾਹੁੰਦੇ ਹਨ। ਕੰਪਨੀਆਂ ਅਤੇ ਗੀਤ ਗਾਇਕ ਉਹੋ ਜਿਹਾ ਕੁਝ ਸੁਣਾ ਦਿੰਦੇ ਹਨ। ਦੂਸਰੇ ਪਾਸੇ ਇਹ ਵਿਚਾਰ ਆਉਂਦਾ ਹੈ ਕਿ ਅਸਲ ਵਿਚ ਲੋਕਾਂ ਨੂੰ ਜੋ ਪਰੋਸਿਆ ਜਾਂਦਾ ਹੈ, ਉਹੀ ਕੁਝ ਸੁਣਨ ਲਈ ਮਜ਼ਬੂਰ ਹੁੰਦੇ ਹਨ। ਇਸ ਲਈ ਇਕ ਮੰਗ ਇਹ ਆਉਂਦੀ ਹੈ ਕਿ ਪੰਜਾਬ ਪੱਧਰ ਦਾ ਸੈਂਸਰ ਬੋਰਡ ਬਣਨਾ ਚਾਹੀਦਾ ਹੈ। ਇਸ ਦੇ ਨਾਲ ਹੀ ਦੂਸਰਾ ਇਹ ਵਿਚਾਰ ਸਾਹਮਣੇ ਆਉਂਦਾ ਹੈ ਕਿ ਸੈਂਸਰ ਬੋਰਡ ਮਨੁੱਖੀ ਆਜ਼ਾਦੀ ਨੂੰ ਖਤਮ ਕਰ ਦਿੰਦਾ ਹੈ। ਇਹ ਸਿਆਸੀ ਵਿਰੋਧੀਆਂ ਲਈ ਹਥਿਆਰ ਬਣ ਜਾਂਦਾ ਹੈ ਅਤੇ ਮੁਨਾਫੇ਼ ਲਈ ਕੰਪਨੀਆਂ ਇਸ ਬੋਰਡ ਨੂੰ ਭ੍ਰਿਸ਼ਟ ਕਰ ਦੇਣਾ ਹੈ।

ਇਸ ਲਈ ਮੁੱਖ ਤੌਰ ’ਤੇ ਇਹ ਦਲੀਲ ਸਾਹਮਣੇ ਆਉਂਦੀ ਹੈ ਕਿ ਫਿਲਮਾਂ ਲਈ ਸੈਂਸਰ ਬੋਰਡ ਹੋਣ ਦੇ ਬਾਵਜੂਦ ਮਿਆਰ ਕੋਈ ਉੱਚਾ ਨਹੀਂ ਉੱਠ ਸਕਿਆ। ਇਸ ਸਥਿਤੀ ਵਿਚ ਇਹੀ ਵਿਚਾਰ ਸਭ ਤੋਂ ਵੱਧ ਪਾਏਦਾਰ ਸਮਝਿਆ ਗਿਆ ਕਿ ਗ਼ੈਰ-ਮਿਆਰੀ ਲੱਚਰ ਗਾਇਕੀ ਦੇ ਖ਼ਿਲਾਫ ਲੋਕ ਲਹਿਰ ਚਲਾਉਣੀ ਚਾਹੀਦੀ ਹੈ। ਸਭ ਤੋਂ ਵੱਡਾ ਸੈਂਸਰ ਖੁਦ ਸਮਾਜ ਹੁੰਦਾ ਹੈ ਜੇ ਸਮਾਜ ਤੇ ਸਰਕਾਰ ਦਰਮਿਆਨ ਪਾੜਾ ਪੈ ਜਾਵੇ ਤਾਂ ਲਹਿਰਾਂ ਹੀ ਲੋੜਾਂ ਨੂੰ ਉਜਾਗਰ ਕਰਦੀਆਂ ਹਨ। ਸੈਮੀਨਾਰ ਦਾ ਉਦਘਾਟਨ ਕਰਦਿਆਂ ਪੰਜਾਬੀ ਅਕਾਦਮੀ ਦਿੱਲੀ ਦੇ ਸਕੱਤਰ ਡਾ.ਰਵੇਲ ਸਿੰਘ ਨੇ ਆਖਿਆ ਕਿ ਭਾਰਤ ਵਿਚ ਸੰਗੀਤ ਦੀ ਪਰੰਪਰਾ ਸਾਮਵੇਦ ਤੋਂ ਸ਼ੁਰੂ ਹੁੰਦੀ ਹੈ। ਇਸ ਵਿਚਾਰ-ਚਰਚਾ ਵਿਚ ਹਿੱਸਾ ਲੈਂਦਿਆਂ  ਸੁਰੀਲੇ ਸੂਫੀ ਰੰਗਤ ਵਾਲ਼ੇ ਗਾਇਕ ਹੰਸ ਰਾਜ ਹੰਸ ਨੇ ਬੜੀ ਹਲੀਮੀ ਨਾਲ ਇਕਬਾਲ ਕੀਤਾ ਕਿ ਉਹ ਜਦੋਂ ਆਪਣੇ ਉਸਤਾਦ ਪੂਰਨ ਸ਼ਾਹ ਕੋਟੀ ਨਾਲ ਕਵਾਲੀਆਂ ਗਾਉਂਦਾ ਸੀ ਤਾਂ ਭਾਵੇਂ ਪੈਦਲ ਤੁਰ ਕੇ ਮੰਗ ਪਿੰਨ ਕੇ ਗੁਜ਼ਾਰਾ ਹੁੰਦਾ ਸੀ ਪਰ ਰੂਹ ਹਰ ਸਮੇਂ ਸ਼ਰਸ਼ਾਰ ਰਹਿੰਦੀ ਸੀ। ਜਦੋਂ ਗਾਉਂਣ ਉਪਰੰਤ ਪੈਸਾ, ਕੋਠੀਆਂ ਕਾਰਾਂ ਮਿਲਣ ਲੱਗੀਆਂ ਤਾਂ ਰੂਹ ’ਤੇ ਦਾਗ ਪੈਣ ਲੱਗੇ ਤੇ ਸੜਕਾਂ ’ਤੇ ਅੱਗ ਤੁਰਨ ਲੱਗੀ ਜਿਸ ਵਿਚ ਪੰਜਾਬੀ ਸੁਹਜ਼ ਸਵਾਦ ਝੁਲਸਣ ਲੱਗੇ। ਉਨ੍ਹਾਂ ਨੇ ਆਪਣੇ ਵਿਸ਼ੇਸ਼ ਅੰਦਾਜ਼ ਵਿਚ ਕਿਹਾ ਕਿ ਦਾਗਦਾਰ ਧਨ ਜਦੋਂ ਖਤਮ ਹੋ ਗਿਆ ਤਾਂ ਮੈਂ ਮੁੜ ਆਪਣੀ ਵਿਰਾਸਤ ਨਾਲ ਜੁੜਿਆ ਤੇ ਇਸ ਵਿਚੋਂ ਹੀ ਮੈਨੂੰ ਸੰਤੁਸ਼ਟੀ ਮਿਲ ਰਹੀ ਹੈ। ਆਪਣੇ ਹੀ ਢੰਗ ਨਾਲ ਉਨ੍ਹਾਂ ਨੇ ਇਕ ਸੁਨੇਹਾ ਲੋਕਾਂ ਨੂੰ ਦਿੱਤਾ ਕਿ ਕੰਪਨੀਆਂ ਆਪਣੀ ਲੋੜ ਅਨੁਸਾਰੀ ਗੀਤ ਗਵਾਉਣ ਲਈ ਪੈਸੇ ਦਿੰਦੀਆਂ ਹਨ ਪਰ ਇਉਂ ਕਲਾਕਾਰ ਦੀ ਰੂਹ ਦੀ ਆਜ਼ਾਦੀ ਖੁੱਸ ਜਾਂਦੀ ਹੈ। ਇਸ ਸਮੇਂ ਪਹੁੰਚੀ ਲੰਮੀ ਹੇਕ ਦੀ ਮਲਕਾ ਗੁਰਮੀਤ ਬਾਵਾ ਨੇ ਆਖਿਆ ਕਿ ਮੇਰੀ ਤੀਜੀ ਪੀੜ੍ਹੀ ਗਾਇਕੀ ਵਿਚ ਹੈ ਅਤੇ ਮੇਰੇ ਸਰੋਤੇ ਵੀ ਤੀਜੀ ਪੀੜ੍ਹੀ ਦੇ ਹਨ। ਜਦੋਂ ਉਨ੍ਹਾਂ ਨੇ ‘ਕਹਾਰੋ ਡੋਲੀ ਨਾ ਚਾਇਓ’ ਲੋਕ ਗੀਤ ਗਾਇਆ ਤਾਂ ਸਾਰੀਆਂ ਅੱਖਾਂ ਨਮ ਹੋ ਗਈਆਂ। ਇਸ ਤੋਂ ਇਹ ਗੱਲ ਸਿੱਧ ਹੋਈ ਕਿ ਚਾਹੇ ਉਸ ਨੇ ਸਾਜਾਂ ਤੋਂ ਬਗੈਰ ਗਾਇਆ ਤੇ ਇਹ ਇਕੱਠ ਵੀ ਬੌਧਿਕ ਲੋਕਾਂ ਦਾ ਸੀ, ਇਸ ਦੇ ਬਾਵਜੂਦ ਜੇ ਸ਼ਬਦਾਂ ਵਿਚ ਰਸ ਅਤੇ ਆਵਾਜ ਵਿਚ ਦਮ ਹੋਵੇ ਤਾਂ ਜਾਦੂ ਸਿਰ ਚੜ੍ਹ ਕੇ ਬੋਲਦਾ ਹੈ। ਮੁਹੰਮਦ ਸਦੀਕ ਨੇ ਆਪਣੀ ਗੱਲ ਬਾਬੇ ਨਾਨਕ ਦੀ ਇਲਾਹੀ ਬਾਣੀ ਗਾਇਨ ਦੇ ਰਬਾਬੀ ਭਾਈ ਮਰਦਾਨੇ ਦੀ ਅੰਸ਼ ਹੋਣ ਤੋਂ ਗੱਲ ਸ਼ੁਰੂ ਕੀਤੀ। ਉਨ੍ਹਾਂ ਜ਼ੋਰ ਦਿੱਤਾ ਕਿ ਗੁਰੂ ਸ਼ਿਸ਼ ਦੀ ਪਰੰਪਰਾ ਪੁਨਰ ਸੁਰਜੀਤ ਹੋਣੀ ਚਾਹੀਦੀ ਹੈ। ਪੰਜਾਬੀ ਗੀਤਕਾਰੀ ਦੇ ਥੰਮ ਦੇਵ ਥਰੀਕਿਆਂ ਵਾਲ਼ੇ ਨੇ ਆਪਣੇ ਪੋਤੇ ਦੀ ਗੱਲ ਸੁਣਾਈ ਕਿ ਉਹ ਇਕ ਵਾਰ ਟੀ.ਵੀ. ’ਤੇ ਵੱਜ ਰਹੇ ਗੀਤ ਦਾ ਮੁਖੜਾ ਦੁਹਰਾ ਰਿਹਾ ਸੀ ਤਾਂ ਮੈਂ ਪੁੱਛਿਆ ਕਿ ਇਹ ਕਿਸ ਦਾ ਹੈ ਤਾਂ ਉਸ ਨੇ ਕਿਹਾ ਕਿ ਤੁਹਾਡਾ, ਤਾਂ ਮੈਨੂੰ ਸ਼ਰਮ ਆਈ ਕਿ ਭਾਵੇਂ ਕੋਈ ਵੀ ਮਾੜਾ ਲਿਖੇ ਦੋਸ਼ੀ ਤਾਂ ਸਾਰਾ ਗਾਇਕ ਤੇ ਗੀਤਕਾਰ ਭਾਈਚਾਰਾ ਹੀ ਹੁੰਦਾ ਹੈ।ਪੰਜਾਬੀ ਸਾਹਿਤ ਅਕੈਡਮੀ ਦੇ ਪ੍ਰਧਾਨ ਤੇ ਕਵੀ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਚੈਨਲਾਂ ਨੂੰ ਸ਼ਰਮ ਚਾਹੀਦੀ ਹੈ ਕਿ ਗੁਰਬਾਣੀ ਪ੍ਰਸਾਰਨ ਤੋਂ ਤੁਰੰਤ ਬਾਅਦ ਉਸੇ ਚੈਨਲ ਤੋਂ ਸਾਨੂੰ ਲੱਚਰਤਾ ਨਾ ਪਰੋਸੀ ਜਾਵੇ। ਇਸ ਸੈਮੀਨਾਰ ਵਿਚ ਪਰਚਾ ਪੜ੍ਹਦਿਆਂ ਨਿੰਦਰ ਘੁਗਿਆਣਵੀ ਨੇ ਜ਼ੋਰ ਦੇ ਕੇ ਆਖਿਆ ਕਿ ਪਹਿਲੇ ਸਮੇਂ ਦੇ ਸਰੋਤਿਆਂ ਕੋਲ ਸਬਰ ਸੀ, ਉਥੇ ਸੰਗੀਤਕਾਰਾਂ ਕੋਲ ਸੁਰੀਲੀ ਸੁਰ ਸੀ। ਸਰੋਤਿਆਂ ਪਾਸ ਸੁਣਨ ਲਈ ਸੰਜੀਦਗੀ ਤੇ ਸੁਹਿਰਦਤਾ ਸੀ, ਉਨ੍ਹਾਂ ਦੀ ਕਲਾ ਵਿਚ ਸੰਦੇਸ਼ ਸੀ। ਉਸ ਨੇ ਕਰਨੈਲ ਸਿੰਘ ਪਾਰਸ ਦਾ ਹਵਾਲਾ ਦਿੰਦਿਆਂ ਆਖਿਆ ਕਿ ਪਹਿਲਾਂ ਕਲਾਕਾਰਾਂ ਦਾ ਮਨ ਨੀਵਾਂ ਤੇ ਮੱਤ ਉੱਚੀ ਹੁੰਦੀ ਸੀ। ਹੁਣ ਦੇ ਬਹੁਤੇ ਕਲਾਕਾਰਾਂ ਦੀ ਮੱਤ ਖੱਡਾਂ ਵਿਚ ਜਾ ਧਸੀ ਹੈ। ਸਵਰਨ ਟਹਿਣੇ ਨੇ ਪੰਜਾਬੀ ਗਾਇਕੀ ਦੇ ਵਰਤਮਾਨ ਤੇ ਭਵਿੱਖ ਬਾਰੇ ਗੱਲ ਕਰਦਿਆਂ ਜ਼ੋਰ ਦਿੱਤਾ ਕਿ ਵਰਤਮਾਨ ਦੀ ਗਾਇਕੀ ਦਾ ਧੁਰਾ 15 ਤੋਂ 23 ਸਾਲ ਦੀ ਉਮਰ ਬਣ ਕੇ ਰਹਿ ਗਿਆ ਹੈ। ਉਨ੍ਹਾਂ ਨੇ ਚੈਨਲਾਂ ਤੇ ਜਿ਼ੰਮੇਵਾਰੀ ਸੁੱਟਦਿਆਂ ਆਖਿਆ ਕਿ ਜੇ ਚੈਨਲ ਘੱਟ ਬੱਜਟ ਵਾਲੇ ਹਲਕੇ ਵੀਡੀਓਜ਼ ਨੂੰ ਚਲਾਉਣ ਤੋਂ ਨਾਂਹ ਕਰ ਸਕਦੇ ਨੇ ਤਾਂ ਉਨ੍ਹਾਂ ਨੂੰ ਉਹ ਗੀਤ ਚਲਾਉਣ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈ ਜਿਹੜੇ ਸਾਡੀ ਜਵਾਨੀ ਨੂੰ ਕੁਰਾਹੇ ਪਾਉਂਦੇ ਹਨ। ਧਰਮ ਕੰਮੇਆਣਾ ਨੇ ਮੌਜੂਦਾ ਗੀਤ-ਸੰਗੀਤ ਮੰਡੀ ਦੀ ਆਰਥਿਕਤਾ ਦੇ ਸੱਚ ਨੂੰ ਉਜਾਗਰ ਕਰਦਿਆਂ ਆਖਿਆ ਕਿ ਅੱਜ ਜਦੋਂ ਕੰਪਨੀਆਂ ਕਿਸੇ ਗਾਇਕ ਤੇ ਪੱਲਿਓਂ ਪੈਸਾ ਲਗਾਉਣ ਦੀ ਥਾਂ ਗਾਇਕ ਤੋਂ ਹੀ ਪੈਸੇ ਲਗਵਾ ਰਹੀਆਂ ਹਨ ਤਾਂ ਉਸ ਸਮੇਂ ਚੰਗਾ ਗਾਉਣ ਵਾਲੇ ਪਿੱਛੇ ਰਹਿ ਗਏ ਹਨ ਤੇ ਪੈਸੇ ਵਾਲੇ ਅੱਗੇ ਆ ਰਹੇ ਹਨ। ਪੰਜਾਬੀ ਗਾਇਕਾ ਮਨਪ੍ਰੀਤ ਅਖ਼ਤਰ ਨੇ ਭਾਸ਼ਾ ਦੀ ਸ਼ੁਧਤਾ ਤੇ ਜ਼ੋਰ ਦਿੰਦਿਆਂ ਘਰਾਣੇ ਦੀ ਗਾਇਕੀ ਨੂੰ ਪੁਨਰ ਸੁਰਜੀਤ ਕਰਨ ’ਤੇ ਜ਼ੋਰ ਦਿੱਤਾ। ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦੀ ਪ੍ਰੋਫੈਸਰ ਨਿਵੇਦਤਾ ਉੱਪਲ ਨੇ ਆਖਿਆ ਕਿ ਸਾਨੂੰ ਪੰਜਾਬੀ ਗਾਇਕੀ ਦੀਆਂ ਸਾਰੀਆਂ ਵੰਨਗੀਆਂ ਸੂਫੀ ਗਾਇਕੀ, ਗ਼ਜ਼ਲ ਗਾਇਕੀ, ਸ਼ਾਸਤਰੀ ਸੰਗੀਤ ਨੂੰ ਵੀ ਪਛਾਣਨਾ ਚਾਹੀਦਾ ਹੈ। ਉਨ੍ਹਾਂ ਨੇ ਗੀਤਾਂ ਵਿਚ ਔਰਤਾਂ ਦੀ ਕੀਤੀ ਜਾਂਦੀ ਬੇਜ਼ਤੀ ਬਾਰੇ ਆਪਣਾ ਪ੍ਰਤੀਕਰਮ ਦਿੱਤਾ ਕਿ ਇਸ ਦੇ ਅਸਲ ਜ਼ਿੰਮੇਵਾਰ ਕੌਣ ਹਨ, ਇਸ ਦੀ ਨਿਸ਼ਾਨਦੇਹੀ ਕਰਕੇ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਸੰਗੀਤਕਾਰ ਕੁਲਜੀਤ ਨੇ ਭੇਦ ਸਾਂਝਾ ਕੀਤਾ ਕਿ ਕਈ ਵਾਰ ਤਾਂ ਗਾਇਕ ਏਨੇ ਕਾਹਲੇ ਅਤੇ ਸਿੱਖਣ ਤੋਂ ਇਨਕਾਰੀ ਹੁੰਦੇ ਹਨ ਕਿ ਉਹ ਪੈਸੇ ਦੇ ਜੋਰ ਨਾਲ ਸੰਗੀਤ ਖਰੀਦਣਾ ਚਾਹੁੰਦੇ ਹਨ। ਛੋਟੀ ਜਿਹੀ ਰਾਏ ਦੇਣ ’ਤੇ ਕਿਸੇ ਹੋਰ ਕੋਲ ਜਾਣ ਦੀ ਧਮਕੀ ਦੇ ਦਿੰਦੇ ਹਨ। ਗਾਇਕ ਤੇ ਅਦਾਕਾਰ ਸਰਬਜੀਤ ਚੀਮਾ ਨੇ ਆਪਣੀ ਹਾਜ਼ਰੀ ਲਗਵਾਉਂਦਿਆਂ ਆਖਿਆ ਕਿ ਮਿਆਰੀ ਗਾਇਕੀ ਗੀਤਕਾਰਾਂ ਤੇ ਗਾਇਕਾਂ ਦੇ ਨਾਲ ਸਰੋਤਿਆਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਚੰਗਾ ਸੁਣਨ ਦੀ ਆਦਤ ਪਾਉਣ। ਇਸ ਮੌਕੇ ਲੱਚਰ ਗਾਇਕੀ ਦਾ ਵਿਰੋਧ ਕਰਨ ਵਾਲੇ ਸਮਾਜ ਸੁਧਾਰਕ ਸੰਗਠਨ ਇਸਤਰੀ ਜਾਗ੍ਰਿਤੀ ਮੰਚ ਦੀ ਪ੍ਰਧਾਨ ਸ਼੍ਰੀਮਤੀ ਸੰਘਾ ਨੇ ਆਖਿਆ ਕਿ ਇਹ ਲੱਚਰਤਾ ਦੇ ਪਿਛੋਕੜ ਵਿਚ ਸਰਮਾਏਦਾਰੀ ਦਾ ਖਪਤ ਸਭਿਆਚਾਰ ਹੈ ਜੋ ਮਿਹਨਤ-ਮੁਸ਼ੱਕਤ ਕਰਦੇ ਕਿਸਾਨ-ਮਜ਼ਦੂਰਾਂ ਦੇ ਖਿਲਾਫ ਭੁਗਤਦੀ ਹੈ ਪਰ ਇਸ ਦੀ ਮੁੱਖ ਸ਼ਿਕਾਰ ਔਰਤ ਹੁੰਦੀ ਹੈ। ਉਨ੍ਹਾਂ ਆਪਣਾ ਅਹਿਦ ਦੁਹਰਾਇਆ ਕਿ ਅਸੀਂ ਆਪਣੀ ਸਮਰਥਾ ਅਨੁਸਾਰ ਲੱਚਰ ਗਾਇਕੀ ਦਾ ਵਿਰੋਧ ਕਰਦੇ ਰਹਾਂਗੇ। ਇਸ ਸਮੇਂ ਨਵੀਂ ਪੀੜ੍ਹੀ ਦੇ ਵਿਦਿਆਰਥੀਆਂ ਵਿਚੋਂ ਅਮਨਦੀਪ ਕੌਰ ਦਿਉਲ ਨੇ ਵੀ ਵਿਚਾਰ ਰੱਖੇ ਕਿ ਨਵੀਂ ਪੀੜ੍ਹੀ ਵਿਚ ਚੰਗਾ ਸੁਣਨ ਵਾਲੇ ਅਤੇ ਮਾੜੇ ਦਾ ਵਿਰੋਧ ਕਰਨ ਵਾਲੇ ਮੌਜੂਦ ਹਨ। ਗੁਰਮੀਤ ਕੌਰ ਅਨੁਸਾਰ ਗੀਤਾਂ ਵਿਚ ਵੀ ਕਲਾ ਦੇ ਹੋਰ ਰੂਪਾਂ ਵਾਂਗ ਸਤਿਅਮ, ਸਿ਼ਵਮ ਸੁੰਦਰਮ ਵਾਲਾ ਗੁਣ ਧਾਰਨ ਕਰਨਾ ਚਾਹੀਦਾ ਹੈ। ਸਰਵੀਰ ਅਨੁਸਾਰ ਵਿਦਿਅਕ ਅਦਾਰਿਆਂ ਵਿਚ ਲੱਚਰ ਫਿਲਮਾਂ ਤੇ ਗੀਤਾਂ ਦੇ ਫਿਲਮਾਂਕਣ ਤੇ ਪ੍ਰਦਰਸ਼ਨ ਤੇ ਰੋਕ ਹੋਣੀ ਚਾਹੀਦੀ ਹੈ।


ਪ੍ਰਸਿੱਧ ਲੋਕ-ਗਾਇਕ ਪਰਮਜੀਤ ਸਿੰਘ ਸਿੱਧੂ (ਪੰਮੀ ਬਾਈ) ਨੇ ਧੰਨਵਾਦੀ ਮਤੇ ਪੇਸ਼ ਕਰਦਿਆਂ ਕਿਹਾ ਕਿ ਉਹ ਸਮੁੱਚੇ ਕਲਾਕਾਰ ਭਾਈਚਾਰੇ ਵਲੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਧੰਨਵਾਦ ਕਰਦਾ ਹੈ ਕਿ ਉਸ ਨੇ ਪਰਦਰਸ਼ਨੀ ਕਲਾਵਾਂ(ਪ੍ਰੋਫਾਰਮੈਂਸ ਆਰਟ) ਦੇ ਜਨ-ਸੰਚਾਰ ਸਾਧਨਾਂ (ਮਾਸ ਮੀਡੀਆ) ਵਿਚ ਪ੍ਰਚੱਲਤ ਤੇ ਪ੍ਰਭਾਵੀ ਰੂਪ ਪੰਜਾਬੀ ਗਾਇਕੀ ਉਪਰ ਅਕਾਦਮਿਕ ਪੱਧਰ ਦੀ ਸੁਚੱਜੀ ਵਿਚਾਰ ਚਰਚਾ ਕਰਵਾਈ ਹੈ।

 2. ਅਕਾਦਮਿਕ ਅਦਾਰਿਆਂ ਨੂੰ ਚਾਹੀਦਾ ਹੈ ਕਿ ਉਹ ਲੋਕ ਪ੍ਰਚੱਲਤ ਭਾਵ ਪਾਪੂਲਰ ਕਲਚਰ ਨੂੰ ਵੀ ਅਕਾਦਮਿਕ ਪੱਖੋਂ ਅਧਿਐਨ ਅਤੇ ਅਧਿਆਪਨ ਦਾ ਹਿੱਸਾ ਬਨਾਉਣ।

3. ਪੰਜਾਬ ਦਾ ਖਿੱਤਾ ਆਪਣੀ ਭਾਸ਼ਾ, ਸਾਹਿਤ ਤੇ ਸਭਿਆਚਾਰਕ ਵਿਰਾਸਤ ਕਾਰਨ ਵਿਲੱਖਣ ਹਸਤੀ ਰਖਦਾ ਹੈ। ਇਸ ਦਾ ਗੌਰਵਸ਼ਾਲੀ ਇਤਿਹਾਸ ਹੈ ਪਰ ਇਸ ਦੇ ਚੰਗੇ ਭਵਿੱਖ ਲਈ ਇਕ ਸਭਿਆਚਾਰਕ ਨੀਤੀ ਦੀ ਜ਼ਰੂਰਤ ਹੈ। ਇਸ ਦਿਸ਼ਾ ਵੱਲ ਪੰਜਾਬ ਸਰਕਾਰ ਨੂੰ ਪਹਿਲ-ਕਦਮੀ ਕਰਨੀ ਚਾਹੀਦੀ ਹੈ।

4. ਬਾਜ਼ਾਰ ਵਿਚ ਵਿਕਣ ਵਾਲੇ ਆਡੀਓ-ਵੀਡੀਓ ਰਿਕਾਰਡਾਂ, ਸੀਡੀਆਂ, ਫਿਲਮਾਂ, ਲਾਈਵ ਸ਼ੋਅ ਰਿਕਾਰਡਿੰਗ ਅਤੇ ਰੇਡੀਓ/ਟੈਲੀਵਿਜ਼ਨ ’ਤੇ ਪੇਸ਼ ਕੀਤੇ ਜਾਣ ਵਾਲੇ ਗੀਤ, ਵੀਡੀਓ ਅਤੇ ਹੋਰ ਮਨੋਰੰਜਨ ਨਾਲ ਸਬੰਧਤ ਪ੍ਰੋਗਰਾਮਾਂ ਬਾਰੇ ਸੰਸਥਾ ਹੋਣੀ ਚਾਹੀਦੀ ਹੈ।

5. ਅੱਜ ਦਾ ਇਕੱਠ ਇਕ ਪਾਸੇ ਤਾਂ ਮਨੋਰੰਜਨ ਸਨਅਤ (ਇੰਟਰਟੇਨਮੈਂਟ ਇੰਡਸਟਰੀ) ਦੇ ਸਾਰੇ ਕਾਮਿਆਂ, ਗੀਤਕਾਰਾਂ, ਗਾਇਕਾਂ, ਸੰਗੀਤਕਾਰਾਂ, ਅਦਾਕਾਰਾਂ, ਨਿਰਦੇਸ਼ਕਾਂ, ਨਿਰਮਾਤਾਵਾਂ ਤੇ ਕੰਪਨੀਆਂ ਨੂੰ ਅਪੀਲ ਕਰਦਾ ਹੈ ਕਿ ਸਾਫ-ਸੁਥਰੇ, ਸੁਹਜ-ਭਰੇ ਤੇ ਸਮਾਜ ਨੂੰ ਸਾਰਥਕ ਸੇਧ ਦੇਣ ਵਾਲੇ ਪ੍ਰੋਗਰਾਮ ਪੇਸ਼ ਕਰਨ ਅਤੇ ਦੂਜੇ ਪਾਸੇ ਸਮੂਹ ਪੰਜਾਬੀ ਲੋਕਾਈ ਨੂੰ ਵੀ ਅਪੀਲ ਕਰਦਾ ਹੈ ਕਿ ਉਹ ਉੱਚੀ ਸੁੱਚੀ ਕਲਾ ਦੀ ਕਦਰ ਕਰੇ ਤੇ ਸਰਪ੍ਰਸਤੀ ਦੇਵੇ।

ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਸਾਰੀ ਵਿਚਾਰ-ਚਰਚਾ ਨੂੰ ਪ੍ਰਧਾਨਗੀ ਭਾਸ਼ਨ ਵਿਚ ਸਮੇਟਦਿਆਂ ਆਖਿਆ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦੇ ਮੁਢਲੇ ਉਦੇਸ਼ ’ਤੇ ਅਡੋਲ ਖੜੀ ਹੈ। ਇਸ ਲਈ ਨਿਰੰਤਰ ਕੋਸਿ਼ਸ਼ਾਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਉੱਚੇ-ਸੁੱਚੇ ਸੁਹਜ ਸੁਆਦ ਪੈਦਾ ਕਰਨ ਲਈ ਬਦਲ ਸਿਰਜਣਾ ਪਵੇਗਾ। ਯੂਨੀਵਰਸਿਟੀ ਨੇ ਸੰਸਾਰ ਪ੍ਰਸਿੱਧ ਨੋਬਲ ਪ੍ਰਾਈਜ਼ ਵਿਜੇਤਾਵਾਂ ਦੀਆਂ ਰਚਨਾਵਾਂ ਦਾ ਪੰਜਾਬੀ ਭਾਸ਼ਾ ਵਿਚ ਅਨੁਵਾਦ ਕੀਤਾ ਹੈ। ਲੋਕ-ਨਾਚਾਂ ਦੇ ਮੌਲਿਕ ਰੂਪ ਸੰਭਾਲਣ ਲਈ ਸੀ.ਡੀ. ਤਿਆਰ ਕੀਤੀ ਹੈ। ਜੀਵੰਤ ਪੇਸ਼ਕਾਰੀਆਂ ਨੂੰ ਹੁਲਾਰਾ ਦੇਣ ਲਈ ਸੁਨਾਦ ਅਤੇ ਮੰਗਲਕਾਮਨਾ ਵਰਗੇ ਪ੍ਰੋਗਰਾਮ ਨਿਰੰਤਰ ਚੱਲ ਰਹੇ ਹਨ। ਸਾਰੇ ਭਾਰਤ ਵਿਚ ਪੰਜਾਬੀ ਚੇਤਨਾ ਜਗਾਉਣ ਲਈ ਸਰਬ ਭਾਰਤੀ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਸਾਰੀਆਂ ਸੰਸਥਾਵਾਂ ਨੂੰ ਸੱਦਾ ਦਿੱਤਾ ਕਿ ਮਿਆਰੀ ਗਾਇਕੀ ਲਈ ਰਲਮਿਲ ਕੇ ਲੋਕ ਲਹਿਰ ਉਸਾਰੀ ਜਾਵੇ ਤਾਂ ਕਿ ਲੋਕੀ ਮਾੜਾ ਸੁਣਨਾ ਹੀ ਛੱਡ ਜਾਣ।      

ਸੂਹੀ ਸਵੇਰ ਬਿਊਰੋ

Comments

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ