Wed, 17 January 2018
Your Visitor Number :-   1131451
SuhisaverSuhisaver Suhisaver
ਇਸ ਸਾਲ ਦਾ ‘ਸੂਹੀ ਸਵੇਰ ਮੀਡੀਆ ਐਵਾਰਡ’ ਬੂਟਾ ਸਿੰਘ ਅਤੇ ਮਹਿੰਦਰ ਸਿੰਘ ਮਾਨੂੰਪੁਰੀ ਨੂੰ !               ਲਾਲੂ ਯਾਦਵ ਸਜ਼ਾ ਖ਼ਿਲਾਫ਼ ਹਾਈ ਕੋਰਟ ਪੁੱਜੇ               ਹਿੰਦੀ ਲੇਖਕ ਦੂਧਨਾਥ ਸਿੰਘ ਦਾ ਦੇਹਾਂਤ              

ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ ।।

Posted on:- 02-09-2017

suhisaver

-ਰਣਦੀਪ ਮੱਦੋਕੇ

ਡੇਰੇ ਵਾਲੇ ਸਾਧ ਦੇ ਮਸਲੇ ਨੂੰ ਲੈਕੇ ਹੋ ਰਹੇ ਹੋ ਹੱਲੇ ਵਿੱਚ ਢੇਰ ਸਾਰੀਆਂ ਬਹਿਸਾਂ ਮੁਬਾਹਿਸ਼ਾਂ ਚੱਲ ਰਹੀਆਂ ਹਨ।   ਮੀਡੀਆ, ਰਾਜਨੀਤੀ, ਸੱਭਿਆ ਸਮਾਜ , ਵਿਰੋਧੀਆਂ ਅਤੇ ਪੱਖੀਆਂ ਦੀ ਆਪਣੀ ਆਪਣੀ ਰਾਏ ਹੈ। ਮਸਲੇ ਦੀ ਅਸਲ ਜੜ੍ਹ ਤੱਕ ਪਹੁੰਚਣ ਦੀ ਕੋਈ ਖੇਚਲ ਨਹੀਂ ਕਰ ਰਿਹਾ, ਨਾ ਕਰਨਾ ਚਾਹੁੰਦਾ ਹੈ; ਜ਼ਿਆਦਾਤਰ, ਆਪਣੀ ਆਪਣੀ ਸਹੂਲੀਅਤ ਮੁਤਾਬਿਕ ਪਰਿਭਾਸ਼ਾਵਾਂ ਘੜੀਆਂ ਜਾ ਰਿਹੀਆਂ ਹਨ।  

ਬਿਨਾ ਸ਼ੱਕ ਕਿਸੇ ਵੀ ਗੁਨਾਹਗਾਰ ਨੂੰ ਉਸਦੇ ਕੀਤੇ ਦੀ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਡੇਰੇਦਾਰ ਨੂੰ ਅਖੀਰ ਉਹ ਮਿਲ ਵੀ ਗਈ। ਪਰ ਹੁਣ ਸਵਾਲ ਇਹ ਹੈ ਕਿ ਕੀ ਅੱਗੇ ਤੋਂ ਇਹ ਸਿਲਸਿਲਾ ਪੂਰਨ ਰੂਪ ਵਿੱਚ ਠੱਲ੍ਹ ਗਿਆ, ਡੇਰਾਵਾਦ ਦੀ ਮਿਆਦ ਪੁੱਗ ਗਈ? ਕੀ ਸਮਾਜ ਵੱਲੋਂ ਪ੍ਰਵਾਨਿਤ ਸਨਮਾਨਿਤ ਬਾਕੀ ਧਾਰਮਿਕ ਅਦਾਰਿਆਂ ਦਾ ਕਿਰਦਾਰ ਸ਼ਤ-ਪ੍ਰਤੀਸ਼ਤ ਦੁੱਧ ਧੋਤਾ ਹੈ? ਕਿ ਹਰ ਆਸਥਾ ਨਾਲ ਜੁੜੇ ਅਦਾਰੇ ਦੀ ਵੀ ਮੁੜ ਵਿਆਖਿਆ ਹੋਵੇਗੀ? ਉਹਨਾਂ ਹਜ਼ਾਰਾਂ ਭੋਲ਼ੇਭਾਲੇ  ਲੋਕਾਂ ਦੀ ਹੋਣੀ ਜੋ ਡੇਰੇ ਦੇ ਸ਼ਰਧਾਲੂ ਹਨ/ਸਨ, ਕੀ ਸਮਾਜ 'ਚ ਰਹਿੰਦਿਆਂ ਓਹਨਾਂ ਨੂੰ ਸ਼ਰਮਸਾਰ ਅਤੇ ਸੱਭਿਆ ਸਮਾਜ ਦੇ ਮਖੌਲ ਦੇ ਪਾਤਰ ਬਣਕੇ ਅਲਗਾਓ ਵਿੱਚ ਰਹਿਣਾ ਪਵੇਗਾ ? ਕੀ ਡੇਰੇਦਾਰ ਦੇ ਚੁੰਗਲ 'ਚ ਜਾ ਫਸਣ ਦੇ  ਉਹ ਇੱਕਲੇ ਖੁਦ ਜ਼ਿੰਮੇਵਾਰ ਹਨ, ਜਾਂ ਉਹਨਾਂ ਸਮਾਜਿਕ ਆਰਥਿਕ ਹਾਲਾਤਾਂ ਦੀ  ਪੁਣਛਾਣ ਵੀ ਹੋਣੀ ਚਾਹੀਦੀ, ਜਿਨ੍ਹਾਂ ਨੇ  ਉਹਨਾਂ ਨੂੰ ਅੰਧ ਸ਼ਰਧਾਲੂ ਬਣਾਇਆ?

ਕੀ  ਹੁਣ ਸੱਭਿਆ ਸਮਾਜ ਵੱਲੋਂ   ਉਹਨਾਂ ਨੂੰ ਆਰ. ਐੱਸ. ਐੱਸ ਵਰਗੇ ਦੰਗਈ/ ਕਾਤਿਲ ਗਰੋਹਾਂ ਦੇ ਕੱਚੇ ਮਾਲ ਵਜੋਂ ਛੱਡ ਦਿੱਤਾ ਜਾਵੇਗਾ? ਕੀ ਸੱਭਿਆ ਸਮਾਜ ਨੂੰ ਆਪਣੇ ਹਿੱਸੇ ਦੀ ਸ਼ਰਮ ਵੀ ਮਹਿਸ਼ੂਸ ਕਰਨੀ ਨਹੀਂ ਬਣਦੀ? ਕੀ ਰਾਮ ਰਹੀਮ ਕਿਤੋਂ ਅਚਾਨਕ ਅਸਮਾਨੋਂ ਟਪਕਿਆ ਸੀ, ਕੀ ਉਹ ਇਕੱਲਾ ਹੀ ਜ਼ਿੰਮੇਵਾਰ ਹੈ ਜਾਂ ਫਿਰ ਆਪਣੇ ਸੌੜੇ ਮੁਫਾਦਾਂ ਲਈ  ਗੁਰਮੀਤ ਸਿੰਘ ਸਿੱਧੂ ਨੂੰ ਗੁਰਮੀਤ ਰਾਮ ਰਹੀਮ ਬਣਾਕੇ ਡੇਰਾ ਸੱਚਾ ਸੌਦਾ ਦੇ ਮੁਖੀ ਵਜੋਂ ਧੋਖੇ ਨਾਲ ਸਥਾਪਿਤ ਕਰਨ ਵਾਲੀ ਧਿਰ ਵੀ ਉਸਦੇ ਗੁਨਾਹਾਂ ਦੀ ਬਰਾਬਰ  ਭਾਗੀਦਾਰ ਧਿਰ ਹੈ ? ਕਿਓਂਕਿ ਉਸੇ ਧਿਰ ਦੇ ਸਮਰਥਕ ਅੱਜ ਸਾਧ ਦੀ ਬਰਬਾਦੀ ਤੇ ਸਭ ਤੋਂ  ਵੱਧ ਬਾਘੀਆਂ ਪਾ ਰਹੇ ਹਨ, ਇਸ ਗੱਲ ਦੀ ਸ਼ਰਮ ਮੰਨੇ ਬਗੈਰ  ਕੀ ਉਹਨਾਂ ਦੇ 'ਮਾਨਸ  ਕੀ  ਜਾਤ ਸਭਿ ਏਕਿ ਪਹਿਚਾਨਬੋ।।' ਦੇ ਸਿਧਾਂਤ ਨੂੰ ਤਿਲਾਂਜਲੀ ਦੇਣ ਦਾ ਨਤੀਜਾ ਹੈ ਇਹ ਸਭ।


ਇਹਨਾਂ ਡੇਰਿਆਂ ਦੇ ਸ਼ਰਧਾਲੂਆਂ ਦੀ ਬਹੁ ਗਿਣਤੀ  ਸਮਾਜ ਦੇ ਹਾਸ਼ੀਅਗ੍ਰਸ਼ਤ  ਵਰਗਾਂ 'ਚੋ ਆਉਂਦੀ ਹੈ, ਜੋ ਕਿਸੇ ਡੇਰੇ ਦੇ ਚੇਲੇ ਨਾ ਹੋਣ ਤੋਂ ਇਲਾਵਾ ਵੀ, ਸਮਾਜ ਵਿੱਚ ਕਈ ਕਿਸਮ ਦੀ ਜਲਾਤ ਝੱਲਦੇ ਹਨ। ਨਾਮਨਿਹਾਦ ਸਭਿਆ
ਸਮਾਜ ਇਹਨਾਂ ਦੀ ਹੋਣੀ ਨਾਲ  ਕਿਸੇ  ਡੇਰੇਦਾਰ ਨਾਲੋਂ ਵੀ ਕਿਤੇ ਵੱਧ ਖਿਲਵਾੜ੍ਹ ਕਰਦਾ ਹੈ।  ਇਹਨਾਂ ਸ਼ਰਧਾਲੂਆਂ ਦੀ ਬਹੁ ਗਿਣਤੀ ਪੰਜਾਬ ਦੇ ਮਾਲਵੇ ਖਿੱਤੇ ਦੀ ਵਾਸੀ  ਹੈ, ਇਹ ਸਮਾਜ  ਦੇ ਜਿਸ ਹਿੱਸੇ ਵਿਚੋਂ ਆਉਂਦੇ ਹਨ ਓਥੇ ਇਸ ਵਰਗ ਦੇ ਲੋਕਾਂ ਦੀ ਦੁਰਦਸ਼ਾ ਸਮਾਜਿਕ, ਆਰਥਿਕ ਅਤੇ ਸੱਤਾ ਵਿੱਚ ਪ੍ਰਭਾਵਸ਼ਾਲੀ ਵਰਗ ਵੱਲੋਂ ਸਿਰਫ  ਡੇਰੇ ਦੇ ਸ਼ਰਧਾਲੂ ਹੋਣ  ਕਰਕੇ ਹੀ ਨਹੀਂ ਹੁੰਦੀ ਸਗੋਂ ਇਹ ਜਦੋਂ ਵੀ  ਆਪਣੇ ਸਮਾਜਿਕ  ਮਾਣ ਸਨਮਾਨ ਨੂੰ ਹਾਸਿਲ  ਕਰਨ ਲਈ ਇਕਜੁੱਟ ਹੁੰਦੇ ਹਨ ਤਾਂ ਵੀ ਪ੍ਰਭਾਵਸ਼ਾਲੀ ਵਰਗ ਦੇ ਹੱਥ ਪੈਰ ਫੁਲ ਜਾਂਦੇ ਹਨ ਅਤੇ ਇਹਨਾਂ ਨੂੰ ਸਮਾਜਿਕ ਬਾਈਕਾਟ ਵਰਗੇ  ਸਮੂਹਿਕ ਸੰਤਾਪ ਝੱਲਣੇ ਪੈਂਦੇ ਹਨ । ਮਾਲਵਾ ਖਿੱਤੇ 'ਚ ਹੀ ਹਾਸ਼ੀਆਗ੍ਰਸਤ ( ਦਲਿਤ ) ਵਰਗ ਦੇ ਲੋਕ ਜ਼ਮੀਨ ਪ੍ਰਾਪਤੀ ਦਾ ਸੰਘਰਸ਼ ਵੀ ਕਰ ਰਹੇ ਹਨ , ਜ਼ਮੀਨ ਮਾਲਕ ਪ੍ਰਭਾਵਸ਼ਾਲੀ ਵਰਗ ਅਕਸਰ ਇਹਨਾਂ ਦੇ ਸਮਾਜਿਕ ਮਾਣ ਸਨਮਾਨ ਦੀ ਲੜਾਈ ਦੇ ਖਿਲਾਫ ਅਕਸਰ ਉੱਠ ਖੜ੍ਹ ਹੁੰਦਾ ਹੈ ਅਤੇ ਪ੍ਰਸ਼ਾਸ਼ਨ ਅਤੇ ਸਰਕਾਰਾਂ ਵੀ ਇਹਨਾਂ ਦੇ ਖਿਲਾਫ ਭੁਗਤਦੀਆਂ ਹੈ, ਅਤੇ ਪ੍ਰਭਾਵਸ਼ਾਲੀ ਵਰਗ ਦੀ ਪਿੱਠ ਪੂਰਦੀਆਂ ਹਨ , ਸਮਾਜਿਕ ਬਾਈਕਾਟ ਅਤੇ ਸਮੂਹਿਕ ਹਮਲਿਆਂ ਦੀ ਮਾਰ ਝੱਲਦਾ ਇਹ ਵਰਗ ਆਪਣੀ ਹੋਣੀ ਬਦਲਣ  ਲਈ ਸੌ ਥਾਂਵੀਂ ਅੱਕੀਂ ਪਲਾਹੀਂ ਹੱਥ ਮਾਰਦਾ ਹੈ।

ਉੱਚ ਜਾਤੀ ਪ੍ਰਭਾਵਸ਼ਾਲੀ ਵਰਗ ਦੀ ਨੀਤੀ ਅਸਲੋਂ ਇਹਨਾਂ ਨੂੰ ਹਰ ਪਾਸਿਓਂ ਜੁੱਤੀ ਥੱਲੇ ਰੱਖਣ ਦੀ ਰਹਿੰਦੀ ਹੈ।  ਡੇਰੇ ਵਿੱਚ ਛੁਟਪੁਟ ਉੱਚ ਜਾਤੀ ਪ੍ਰਭਾਵਸ਼ਾਲੀ ਵਰਗ ਦੀ ਸਮੂਹਲੀਅਤ  ਵੀ ਹੁੰਦੀ ਹੈ ਪਰ ਇਹ ਵਰਗ ਇਥੇ ਵੀ ਕਿਸੇ ਹੱਦ ਤੱਕ ਮੁਨਾਫ਼ੇ ਚ ਰਹਿੰਦਾ ਹੈ ਉਹ ਭਾਵੇਂ ਸਤਸੰਗ ਤੇ ਜਾਣ ਵੇਲੇ ਟ੍ਰਾਂਸਪੋਰਟ ਦੇ  ਸਾਧਨ  ਹੋਣ ਜਾ ਡੇਰੇ ਦੇ ਮਾਰਕੇ ਵਾਲੀਆਂ ਵਸਤਾਂ ਵੇਚਣ ਵਾਲੇ ਏਜੰਟ ਜਾਂ ਦੁਕਾਨਦਾਰ ਹੋਣ ਉਹਨਾਂ ਨੂੰ ਆਮ ਸ਼ਰਧਾਲੂਆਂ ਨਾਲੋਂ  ਡੇਰੇ ਵੱਲੋਂ   ਵੱਧ ਸੱਚੇ ਸੌਦੇ ਕਰਨ  ਦੇ ਮੌਕੇ ਹਾਸਿਲ ਹੁੰਦੇ ਹਨ।  ਕਹਿਣ ਨੂੰ ਇੱਕ ਬਹੁ ਗਿਣਤੀ ਸਿਆਣੇ ਲੋਕਾਂ ਦਾ ਮੰਨਣਾ ਹੈ ਕਿ ਡੇਰਿਆਂ ਵਿੱਚ ਹੀ ਅੰਧ ਸ਼ਰਧਾ ਹੁੰਦੀ ਹੈ , ਪਰ ਅੰਧ ਸ਼ਰਧਾ ਨਾਮਨਿਹਾਦ ਅਗਾਂਹ ਵਾਧੂ ਆਸਥਾ ਦੇ ਸਥਾਨਾਂ ਤੇ ਵੀ  ਉਸੇ ਤਰ੍ਹਾਂ ਵਿਆਪਕ ਰੂਪ ਵਿੱਚ ਵਿਧਮਾਨ ਹੈ, ਬੱਸ ਇਹ ‘ਥੋਡਾ ਕੁੱਤਾ, ਕੁੱਤਾ! ਤੇ ਸਾਡਾ ਕੁੱਤਾ ਡੱਬੂ’’ ਵਾਲੀ ਗੱਲ ਹੀ ਹੈ , ਆਪਣੇ ਅੰਦਰ ਕੋਈ ਵੀ ਝਾਕਣਾਂ ਨਹੀਂ ਚਾਹੁੰਦਾ, ਪਰ ਦੂਜਿਆਂ ਦੀ ਬੁਰਾਈ ਹੀ ਬੁਰਾਈ ਮੰਨੀ ਜਾਂਦੀ ਆਪਣੀਆਂ ਬੁਰਾਈਆਂ  ਨੂੰ ਅਗਾਂਹ ਵਾਧੂ ਦੇ ਲਾਬਦੇ ਹੇਠ ਚਲਾਕੀ ਨਾਲ  ਲੁਕੋ ਲਿਆ ਜਾਂਦਾ ਹੈ। ਆਰ ਐੱਸ ਐੱਸ ਦੇ ਘਰ ਵਾਪਸੀ ਪ੍ਰੋਗਰਾਮ ਵਰਗਾ ਕੋਈ ਪ੍ਰੋਗਰਾਮ ਸ਼ੱਚਮੁੱਚ  ਡੇਰਾ ਪ੍ਰੇਮੀਆਂ ਨੂੰ ਘਰ ਵਿੱਚ ਉਹਨਾਂ ਦੀ ਬਣਦੀ ਥਾਂ ਦੇ ਪਵੇਗਾ ? ਕੀ ਇਹਦੇ ਵਿੱਚ ਇਸ ਵਰਗ  ਨੂੰ  ਹਮੇਸ਼ਾ ਤੋਂ  ਬੇਦਖਲ ਕਰੀ ਰੱਖਣ ਦਾ ਪਛਤਾਵਾ ਵੀ ਹੋਵੇਗਾ ?

 ਮੈਂ ਪਿਛਲੇ ਸੱਤ ਸਾਲਾਂ  ਤੋਂ ਪੰਜਾਬ ਦੇ ਇਸ ਵੰਚਿਤ ਵਰਗ ਬਾਰੇ ਦਸਤਾਵੇਜ਼ੀ ਫਿਲਮ ਅਤੇ ਫੋਟੋਗਰਾਫੀ ਪ੍ਰੋਜੈਕਟ ਲੈਂਡਲੇਸ ਤੇ  ਕੰਮ ਕਰ ਰਿਹਾ ਹਾਂ, ਅਤੇ ਮੈਂ ਇਹਨਾਂ ਦੀ ਸਮਾਜਿਕ ਆਰਥਿਕ ਅਤੇ ਰਾਜਨੀਤਿਕ ਭਾਗੀਦਾਰੀ ਨੂੰ ਸਮਝਣ ਲਈ ਇਹਨਾਂ ਦੀ ਸਮੂਹਲੀਅਤ ਵਾਲੀਆਂ ਥਾਂਵਾਂ ਤੇ ਵੀ ਗਿਆ ਭਾਵੇਂ ਇਹ ਸਭ ਕੁਝ ਮੇਰੇ ਪ੍ਰੋਜੈਕਟ ਦਾ ਸਿੱਧਾ ਹਿੱਸਾ ਨਹੀਂ ਸੀ , ਪਰ ਮੈਂ ਇਹਨਾਂ ਦੀ ਕੁਝ ਹਾਸਿਲ ਕਰਨ ਦੀ ਭਟਕਣ ਨੂੰ ਸਮਝਣਾ ਚਾਹੁੰਦਾ ਸੀ , ਜਿਥੇ ਬਹੁਤ ਸਾਰੇ ਡੇਰਿਆਂ ਵਾਲਿਆਂ ਨੂੰ ਮੈਂ ਸਿੱਧੇ ਤੌਰ ਤੇ ਮਿਲਿਆ ,ਅਤੇ ਜਾਣਿਆਂ ਕਿ ਕਿਸ ਵਰਗ ਦੇ ਲੋਕ ਇਥੇ ਜਿਆਦਾ ਆਉਂਦੇ ਹਨ , ਸਰਧਾਲੂਆਂ ਨੂੰ ਵੀ ਪੁੱਛਿਆ ਕਿ ਤੁਹਾਨੂੰ ਇਥੇ ਆਕੇ ਕੀ ਮਹਿਸੂਸ/ਹਾਸਿਲ  ਹੁੰਦਾ ਹੈ।  ਸੱਚੇ ਸੌਦੇ ਵਾਲਿਆਂ ਦੀ ਪ੍ਰਬੰਧਕ ਕਮੇਟੀ ਭਾਵੇਂ ਬਹੁਤ ਤੇਜ ਰਤਾਰ ਹੋਣ ਕਰਕੇ ਬਹੁਤ ਕੁਝ ਦੀ ਵਿਆਖਿਆ ਸੱਚ ਨਾਲੋਂ ਅਲੱਗ ਕਰਦੀ ਹੈ ਅਤੇ ਇਹ ਕਹਿੰਦੀ ਹੈ ਕਿ ਸਾਡੇ ਡੇਰੇ 'ਚ ਤਾਂ ਸਭ ਧਰਮਾਂ ਜਾਤਾਂ ਦੇ ਲੋਕ ਬਰਾਬਰ ਆਉਂਦੇ ਹਨ , ਪਰ ਅਸਲ ਵਿੱਚ ਇੰਝ ਨਹੀਂ ਹੈ।   ਮੈਂ ਕਿਸੇ ਦਲਿਤ ਦੇ ਘਰ ਵਿੱਚ ਹੁੰਦੀ ਡੇਰੇ ਵਾਲਿਆਂ ਦੀ ਨਾਮ ਚਰਚਾ ਵਿੱਚ ਵੀ ਗਿਆ , ਓਥੇ ਕਿਸੇ ਕਿਸਮ ਦੀ ਰੂਹਾਨੀਅਤ ਨਾਲੋਂ ਵੱਧ ਸਮਾਜਿਕ ਬਰਾਬਰੀ ਅਤੇ ਮਾਨਸੰਮਾਨ ਦੀ ਭਾਵਨਾ ਮੈਂ ਉਭਰਵੇਂ ਰੂਪ ਵਿੱਚ ਦੇਖੀ, ਗਰੀਬ ਦਲਿਤ ਦੇ ਘਰ  ਵਿੱਚ  ਕੁਝ ਉੱਚ ਜਾਤੀ ਪ੍ਰੇਮੀ , ਜਿਨ੍ਹਾਂ ਚੋਂ ਇਕ ਭੰਗੀ ਦਾਸ ( ਕਿਸੇ ਪਿੰਡ ਦੀ ਸੰਗਤ ਦਾ ਮੁਖੀ ) ਵੀ ਕਿਸੇ ਵਿਤਕਰੇ ਤੋਂ ਬਿਨਾਂ ਹਰ ਕੰਮ ਵਿੱਚ ਸ਼ਾਮਿਲ ਸੀ ਸਾਰੇ ਲੋਕ ਖਾਦ ਵਾਲੇ ਗੱਟਿਆਂ ਦੀ ਵੱਡੀ ਪੱਲੀ ਉੱਪਰ ਬਿਨਾ ਕਿਸੇ ਵੱਖਰੀ ਲਾਈਨ ਜਾਂ ਵਖਰੇਵੇਂ ਤੋਂ ਬੈਠੇ ਸਨ।   ਹੁਣ ਸੁਆਲ ਉੱਠਦਾ ਹੈ ਕਿ ਇਹ ਸਭ ਬਾਕੀ ਅਗਾਂਹ ਵਾਧੂ ਧਾਰਮਿਕ  ਸਥਾਨਾਂ ਤੇ ਜਾਂ  ਆਸਥਾ ਵਿੱਚ ਵਿਸ਼ਵਾਸ਼ ਰੱਖਣ ਵਾਲਿਆਂ ਵਿੱਚ ਵੀ ਮੌਜੂਦ ਹੈ ?

ਹਾਸ਼ੀਅਗ੍ਰਸਤ ਵਰਗ ਨੂੰ ਜਨਗਣਨਾ ਵਿੱਚ ਆਪਣੇ ਧਰਮ ਦੀ ਗਿਣਤੀ ਨੂੰ ਵਧਾਉਣ ਲਈ ਬੰਨਕੇ ਰੱਖਣ ਨਾਲੋਂ ਕੀਤੇ ਅੱਗੇ ਦੇ ਸੁਆਲਾਂ ਨੂੰ ਵੀ ਸੰਬੋਧਨ ਹੋਣਾ ਪਵੇਗਾ। ਅਤੇ ਰਾਜਨੀਤੀ ਵਿੱਚ ਆਪਣੇ ਆਪ ਨੂੰ ਅਗਾਂਹਵਧੂ ਧਿਰ ਕਹਾਉਣ ਵਾਲੀ ਧਿਰ ਨੂੰ ਵੀ ਆਪਣੀ ਪੀਹੜੀ ਹੇਠ ਸੋਟਾ ਮਾਰਨ ਦੀ ਲੋੜ ਹੈ , ਨਹੀਂ ਤਾਂ ਨਾ ਇਹ ਵਰਤਾਰੇ ਰੁਕਣੇ ਨੇ ਅਤੇ ਨਾ ਹੀ ਸੁਹਜਵਾਨ, ਤਰਕਸੰਗਤ  ਸਮਾਜ ਦੇ ਨਕਸ਼ ਘੜੇ ਜਾ ਸਕਦੇ ਹਨ। ਜਦੋਂ ਤੱਕ   ਲੁੱਟ, ਨਾਬਰਾਬਰੀ ਅਤੇ ਵਿਤਕਰੇ  ਵਾਲਾ ਸਮਾਜਿਕ ਆਰਥਿਕ ਰਾਜਨੀਤਿਕ ਢਾਂਚਾ ਬਰਕਰਾਰ ਰਹੇਗਾ , ਅਨੇਕਾਂ ਰਾਮ ਰਹੀਮ ਆਉਂਦੇ ਜਾਂਦੇ ਰਹਿਣਗੇ ਅਤੇ ਥੁੜਾਂ ਮਾਰੇ ਹਾਸ਼ੀਏ ਤੇ ਧੱਕੇ ਭੋਲੇ ਭਲੇ ਲੋਕਾਂ ਦੀ ਆਸਥਾ ਦਾ ਬਲਾਤਕਾਰ ਕਰਦੇ ਰਹਿਣਗੇ ।  ਅਸੀਂ ਆਪਣੀਆਂ ਜਿੰਮੇਵਾਰੀਆਂ ਤੋਂ ਪੱਲਾ ਝਾੜਕੇ , ਸਮਾਜ ਅਨਾਰ ਕਿਸੇ ਤਬਦੀਲੀ ਦੀ ਆਸ ਨਹੀਂ ਰੱਖ ਸਕਦੇ, ਸਮਾਜਿਕ ਬਰਾਬਰੀ ਦੀ ਲੜਾਈ ਸਾਨੂੰ ਆਪਣੇ ਆਪ ਤੋਂ ਸ਼ੁਰੂ ਕਰਨੀ ਪਵੇਗੀ ।  ਬਾਬਾ ਫ਼ਰੀਦ ਜੀ ਦੇ ਅਨੁਸਾਰ , ਕਿੱਕਰਾਂ ਬੀਜਕੇ ਦਾਖਾਂ ਖਾਣ ਦੀ ਆਸ ਨਹੀਂ ਰੱਖੀ ਜਾ ਸਕਦੀ।

Comments

Name (required)

Leave a comment... (required)

Security Code (required)ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ