Wed, 17 January 2018
Your Visitor Number :-   1131453
SuhisaverSuhisaver Suhisaver
ਇਸ ਸਾਲ ਦਾ ‘ਸੂਹੀ ਸਵੇਰ ਮੀਡੀਆ ਐਵਾਰਡ’ ਬੂਟਾ ਸਿੰਘ ਅਤੇ ਮਹਿੰਦਰ ਸਿੰਘ ਮਾਨੂੰਪੁਰੀ ਨੂੰ !               ਲਾਲੂ ਯਾਦਵ ਸਜ਼ਾ ਖ਼ਿਲਾਫ਼ ਹਾਈ ਕੋਰਟ ਪੁੱਜੇ               ਹਿੰਦੀ ਲੇਖਕ ਦੂਧਨਾਥ ਸਿੰਘ ਦਾ ਦੇਹਾਂਤ              

ਪੰਚਕੁਲਾ ਕਾਂਡ: ਹਾਈਕੋਰਟ ਦੇ ਸਰੋਕਾਰਾਂ ਦੀ ਹਕੀਕਤ –ਪਾਵੇਲ

Posted on:- 07-09-2017

suhisaver

ਡੇਰਾ ਸਿਰਸਾ ਮੁਖੀ ਦੇ ਕੇਸ ਦੇ ਮਾਮਲੇ ਨਾਲ ਜੁੜ ਕੇ ਮੁਲਕ ਦੀ ਹਾਕਮ ਜਮਾਤੀ ਸਿਆਸਤ ਦਾ ਦੀਵਾਲੀਆਪਣ ਬੁਰੀ ਤਰ੍ਹਾ ਉਜਾਗਰ ਹੋਇਆ ਹੈ। ਇਸ ਵਾਰ ਇਸ ਦੀਵਾਲੀਏਪਣ ਦੀ ਨੁਮਾਇਸ਼ ਭਾਰਤੀ ਜਨਤਾ ਪਾਰਟੀ ਵੱਲੋਂ ਲਾਈ ਗਈ ਹੈ। ਉਂਝ ਸਾਰੀਆਂ ਹੀ ਹਾਕਮ ਜਮਾਤੀ ਮੌਕਾਪ੍ਰਸਤ ਪਾਰਟੀਆਂ ਅਜਿਹੀ ਨੁਮਾਇਸ਼ ਲਾਉਂਦੀਆਂ ਰਹਿੰਦੀਆਂ ਹਨ। ਹੁਣ ਇਸ ਦਾ ਕਾਰਜ-ਭਾਰ ਭਾਜਪਾ ਨੇ ਸਾਂਭਿਆ ਹੋਇਆ ਹੈ। ਭਾਜਪਾ ਨੇ ਏਨੀ ਬੇਸ਼ਰਮੀ ਨਾਲ ਨਿਸ਼ੰਗ ਹੋ ਕੇ-ਇਕ ਬਲਾਤਕਾਰੀ ਤੇ ਕਾਰੋਬਾਰੀ ਸਾਧ ਨਾਲ ਯਾਰਾਨਾ ਪੁਗਾਉਣ ਦਾ ਯਤਨ ਕੀਤਾ ਹੈ ਕਿ ਉਸ ਨੇ ਭਾਰਤੀ ਰਾਜ ਦੇ ਲੋਕਾਂ 'ਚ ਨਕਸ਼ੇ ਦੀ ਰੱਤੀ ਭਰ ਵੀ ਪ੍ਰਵਾਹ ਨਹੀਂ ਕੀਤੀ।

ਉਸ ਨੇ ਭਾਰਤੀ ਰਾਜ ਵੱਲੋਂ ਲੋਕਾਂ ਨੂੰ ਇਨਸਾਫ ਦੇਣ ਦੇ ਭੁਲੇਖਾ-ਪਾਊ  ਦਾਅਵਿਆਂ ਦੀ ਪ੍ਰਵਾਹ ਕੀਤੇ ਬਿਨਾਂ ਹੀ ਸਾਧ ਦੇ ਹੱਕ 'ਚ ਨੰਗੀ ਚਿੱਟੀ ਪੁਜ਼ੀਸ਼ਨ ਲੈ ਲਈ। ਭਾਜਪਾ ਦਾ ਇਹ ਪੈਂਤੜਾ ਭਾਰਤੀ ਰਾਜ ਲਈ ਨਮੋਸ਼ੀਜਨਕ ਕਾਰਵਾਈ ਬਣਦਾ ਹੋਣ ਕਰਕੇ ਅਦਾਲਤ ਨੇ ਮੌਕਾ ਸੰਭਾਲਿਆ ਤੇ ਭਾਰਤੀ ਰਾਜ ਦੀ ਅਖੌਤੀ ਇਨਸਾਫ-ਕਰੂ ਧਾਰਨਾ ਦਾ ਪ੍ਰਚਮ ਲਹਿਰਾਇਆ। ਇਸ ਘਟਨਾਕ੍ਰਮ ਦਾ ਵਿਸ਼ੇਸ਼ ਪਹਿਲੂ ਇਹ ਹੈ ਕਿ ਇਸ ਨੇ ਇਕ ਪਾਸੇ ਨਿਘਾਰ ਦੀਆਂ ਨਿਵਾਣਾਂ ਛੂਹ ਰਹੀ ਹਾਕਮ ਜਮਾਤੀ ਸਿਆਸਤ ਦਾ ਜਲੂਸ ਕੱਢ ਦਿੱਤਾ ਹੈ ਤੇ ਨਾਲ ਹੀ ਇਸ ਪਰਦਾਚਾਕ ਦੀ ਭਰਪਾਈ ਲਈ ਰਾਜ ਦੇ ਹੋਰਨਾਂ ਅੰਗਾਂ ਦੀ ਹਰਕਤਸ਼ੀਲਤਾ ਰਾਹੀਂ ਸੰਤੁਲਨ ਬਣਾਉਣ ਦੇ ਯਤਨਾਂ ਨੂੰ ਉਘਾੜ ਕੇ ਦਰਸਾਇਆ ਹੈ।

ਸੰਸਾਰੀ ਕਰਨ ਦੇ ਮੌਜੂਦਾ ਦੌਰ 'ਚ ਸਾਰੀਆਂ ਹੀ ਹਾਕਮ ਜਮਾਤੀ ਵੋਟ ਪਾਰਟੀਆਂ ਵੱਖ ਵੱਖ ਪੱਖਾਂ ਤੋਂ ਲੋਕਾਂ 'ਚ ਬੇਪਰਦ ਹੋ ਚੁੱਕੀਆਂ ਹਨ ਤੇ ਉਹ ਭਾਰਤੀ ਰਾਜ ਦੇ ਲੋਕ ਮਨਾਂ 'ਚ ਬਣਾਏ ਗਏ ਨਕਸ਼ੇ ਦੀ ਕੋਈ ਵੀ ਪ੍ਰਵਾਹ ਛੱਡ ਚੁੱਕੀਆਂ ਹਨ। ਇਸ ਨਕਸ਼ੇ ਦਾ ਇੱਕ ਅਹਿਮ ਪੱਖ ਮੌਜੂਦਾ ਭਾਰਤੀ ਰਾਜ ਪ੍ਰਬੰਧ ਵੱਲੋਂ ਆਮ ਲੋਕਾਂ ਨੂੰ ਇਨਸਾਫ ਮਿਲਣ ਬਾਰੇ ਕੀਤੇ ਜਾਂਦੇ ਦਾਅਵਿਆਂ ਦਾ ਹੈ। ਏਸੇ ਤਰ੍ਹਾਂ ਹੀ ਆਮ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਦੀ ਘੱਟੋ-ਘੱਟ ਤੇ ਮੁੱਢਲੀ ਡਿਊਟੀ ਨਿਭਾਉਣ ਦੇ ਮਾਮਲੇ 'ਚ ਭਾਰਤੀ ਰਾਜ ਦੀ ਭਰੋਸੇਯੋਗਤਾ ਦਾ ਹੈ। ਹਰਿਆਣੇ ਦੇ ਪ੍ਰਸੰਗ 'ਚ ਮਗਰਲਾ ਪੱਖ ਪਿਛਲੇ ਸਮੇਂ 'ਚ ਵਿਸ਼ੇਸ਼ ਕਰਕੇ ਉੱਭਰਿਆ ਹੈ। ਰਾਖਵੇਂਕਰਨ ਦੇ ਮੁੱਦੇ 'ਤੇ ਹਰਿਆਣਾ 'ਚ ਡੇਢ ਵਰ੍ਹੇ ਪਹਿਲਾਂ ਹੋਏ ਜਾਟ ਅੰਦੋਲਨ ਸਮੇਂ ਵਾਪਰੀਆਂ ਹਿੰਸਕ ਘਟਨਾਵਾਂ ਮੌਕੇ ਖੱਟਰ ਸਰਕਾਰ ਵੱਲੋਂ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਦੀ ਅਸਫਲਤਾ ਦਾ ਮੁੱਦਾ ਜੋਰ ਸ਼ੋਰ ਨਾਲ ਉੱਭਰਿਆ ਸੀ। ਇਹ ਅਸਫਲਤਾ ਭਾਰਤੀ ਰਾਜ ਦੀ ਉਪਰੋਕਤ ਭਰੋਸੇਯੋਗਤਾ ਨੂੰ ਆਂਚ ਪਹੁੰਚਾਉਣ ਵਾਲੀ ਸੀ। ਉਸ ਤੋਂ ਮਗਰੋਂ ਹਾਈ ਕੋਰਟ ਵੱਲੋਂ ਕੀਤੀਆਂ ਟਿੱਪਣੀਆਂ ਤੇ ਲਏ ਗਏ ਕਦਮ ਏਸੇ ਪ੍ਰਸੰਗ 'ਚੋਂ ਉਪਜੇ ਸਨ ਕਿਉਂਕਿ ਮੌਜੂਦਾ ਆਪਾਸ਼ਾਹ ਤੇ ਲੁਟੇਰੇ ਭਾਰਤੀ ਰਾਜ ਦੀ ਲੰਮੇਰੀ ਉਮਰ ਲਈ ਫਿਕਰਮੰਦ ਬੁਰਜੁਆਜ਼ੀ ਦੇ ਹਿੱਸਿਆਂ ਲਈ ਇਹ ਅਸਫਲਤਾ ਬਹੁਤ ਰੜਕਵੀਂ ਸੀ। ਹੁਣ ਵੀ ਡੇਰਾ ਮੁਖੀ ਦੇ ਮੁੱਦੇ 'ਤੇ ਖੱਟਰ ਹਕੂਮਤ ਦੀਆਂ ਗਿਣਤੀਆਂ ਮਿਣਤੀਆਂ 'ਚੋਂ ਉਪਜ ਰਿਹਾ ਰਵੱਈਆ ਮੁੜ ਜਾਟ ਅੰਦੋਲਨ ਵਰਗੀਆਂ ਘਟਨਾਵਾਂ ਦੁਹਰਾਏ ਜਾਣ ਦੇ ਸੰਕੇਤ ਕਰਦਾ ਸੀ। ਇਹ ਮੁੜ ਭਾਰਤੀ ਰਾਜ ਵੱਲੋਂ ਲੋਕਾਂ ਦੇ ਜਾਨ ਮਾਲ ਦੀ ਰਾਖੀ ਦੇ ਮੁੱਢਲੇ ਕਾਰਜ ਦੀ ਭਰੋਸੇਯੋਗਤਾ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰਨ ਦਾ ਸਬੱਬ ਬਣ ਸਕਦਾ ਸੀ।

ਭਾਰਤੀ ਜਨਤਾ ਪਾਰਟੀ ਨੂੰ ਆਪਣੀਆਂ ਫੌਰੀ ਗਿਣਤੀਆਂ ਮਿਣਤੀਆਂ ਕਰਕੇ ਇਸ ਦੀ ਪ੍ਰਵਾਹ ਨਹੀਂ ਸੀ ਪਰ ਭਾਰਤੀ ਰਾਜ ਦੇ ਇੱਕ ਥੰਮ੍ਹ ਵਜੋਂ ਹਾਈਕੋਰਟ ਦਾ ਇਹ ਗਹਿਰਾ ਸਰੋਕਾਰ ਸੀ ਤੇ ਉਸ ਨੇ ਇਸ ਮਸਲੇ 'ਤੇ ਏਸੇ ਪ੍ਰਸੰਗ 'ਚ ਹੀ ਦਖਲ ਦਿੱਤਾ। ਉਹ ਸਰਗਰਮ ਦਖਲਅੰਦਾਜ਼ੀ ਕਰਕੇ  ਤੇ ਸਰਕਾਰ ਵਾਂਗ ਹਦਾਇਤਾਂ ਕਰਕੇ, ਇਸ ਭਰੋਸੇਯੋਗਤਾ ਨੂੰ ਖੋਰਾ ਪੈਣੋ ਬਚਾਉਣ ਦਾ ਯਤਨ ਕਰਦਿਆਂ, ਭਾਰਤੀ ਰਾਜ ਦੇ ਵਡੇਰੇ ਹਿਤਾਂ ਨੂੰ ਮੁਖਾਤਬ ਹੋਈ। ਉਹਦੇ ਸਾਹਮਣੇ ਅਜਿਹੀ ਭਰੋਸੇਯੋਗਤਾ ਦਾ ਮਸਲਾ ਬੇਹੱਦ ਮਹੱਤਵਪੂਰਨ ਸੀ ਤੇ ਏਸੇ ਲਈ ਪੁਲਸ ਕਾਰਵਾਈ ਦੌਰਾਨ ਗਈਆਂ 39 ਮਨੁੱਖੀ ਜਾਨਾਂ ਪ੍ਰਤੀ ਕੋਰਟ ਦਾ ਕੋਈ ਸਰੋਕਾਰ ਨਹੀਂ ਸੀ ਸਗੋਂ ਉਸ ਨੇ ਪੁਲਿਸ ਕਾਰਵਾਈ ਨੂੰ ਵਾਜਬ ਠਹਿਰਾਇਆ ਤੇ ਠੋਕ ਵਜਾ ਕੇ ਅਜਿਹੀ ਕਾਰਵਾਈ ਦੀ ਹਮਾਇਤ ਕੀਤੀ। ਹਾਈਕੋਰਟ ਦੇ ਫੁੱਲ ਬੈਂਚ ਨੇ ਪੁਲਿਸ ਫਾਇਰਿੰਗ ਬਾਰੇ ਕਿੰਤੂ ਕਰਦੀ ਪਟੀਸ਼ਨ ਨੂੰ ਵੀ ਰੱਦ ਕਰ ਦਿੱਤਾ ਤੇ ਇਹਦੀ ਜਾਂਚ ਕਰਵਾਉਣ ਦੀ ਜਰੂਰਤ ਨਹੀਂ ਸਮਝੀ। ਹਾਲਾਂਕਿ ਇਹ  ਸਾਫ ਦਿਸਦਾ ਸੀ ਕਿ ਲੋਕਾਂ ਨੂੰ ਕਤਲ ਕੀਤੇ ਬਿਨਾ ਵੀ ਕਾਬੂ ਕੀਤਾ ਜਾ ਸਕਦਾ ਸੀ। ਹਾਈਕੋਰਟ ਸੰਤੁਸ਼ਟ ਹੈ ਕਿ ਉਸ ਨੇ, ਤੇ ਉਸ ਦੇ ਹੁਕਮਾਂ 'ਤੇ ਪੁਲਿਸ ਨੇ, ਭਾਰਤੀ ਰਾਜ ਦੀ ਅਜਿਹੀ ਭਰੋਸੇਯੋਗਤਾ ਨੂੰ ਆਂਚ ਆਉਣ ਤੋਂ ਬਚਾ ਲਈ ਹੈ। ਇਸ  ਲਈ ਕਿੰਨੇ ਲੋਕ ਭੇਂਟ ਚੜ੍ਹੇ ਇਹ ਉਸ ਲਈ ਬਹੁਤੀ ਫਿਕਰਮੰਦੀ ਦਾ ਮਸਲਾ ਨਹੀਂ ਹੈ।

ਉਹ ਤਸੱਲੀ 'ਚ ਹੈ ਕਿ ਹੁਣ ਲੋਕ ਮਨਾਂ 'ਚ  ਡੇਰਾ ਸ਼ਰਧਾਲੂਆਂ ਦੇ ਕਹਿਰ ਤੋਂ ਰੱਖਿਆ ਕਰਨ ਪਹੁੰਚੇ ਭਾਰਤੀ ਰਾਜ ਅਤੇ ਉਸ ਦੀ ਮਸ਼ੀਨਰੀ ਦੀ ਜੈ-ਜੈ ਕਾਰ ਹੈ। ਇਸ ਜੈ-ਜੈ ਕਾਰ ਦੌਰਾਨ ਜੋ ਬੇਕਸੂਰ ਡੇਰਾ ਸ਼ਰਧਾਲੂਆਂ 'ਤੇ ਗੁਜ਼ਰ ਰਹੀ ਹੈ ਉਹ ਨਾ ਕਿਸੇ ਕੋਰਟ ਤੇ ਨਾ ਹੀ ਕਿਸੇ ਚੈਨਲ ਲਈ ਸਰੋਕਾਰ ਦਾ ਮਾਮਲਾ ਹੈ। ਅਖਬਾਰੀ ਖਬਰਾਂ ਅਨੁਸਾਰ ਹਜ਼ਾਰਾਂ ਸ਼ਰਧਾਲੂ ਘਰਾਂ ਤੋਂ ਬਾਹਰ ਹਨ, ਤੇ ਡਰ ਦੇ ਮਾਰੇ ਸੰਕਟਾਂ 'ਚੋਂ ਗੁਜ਼ਰ ਰਹੇ ਹਨ। ਥੋਕ 'ਚ ਦੇਸ਼ ਧ੍ਰੋਹ ਦੇ ਕੇਸ ਬਣਾਏੇ ਜਾ ਰਹੇ ਹਨ। ਡੇਰਾ ਮੁਖੀ ਨੂੰ ਡੱਕਣ ਦੀ ਆੜ 'ਚ ਭਾਰਤੀ ਰਾਜ ਨੇ ਆਪਣੇ ਗੈਰ-ਜਮਹੂਰੀ ਅਮਲਾਂ ਦੇ ਝੰਡੇ ਝੁਲਾਏ ਹਨ।

ਜਿੱਥੋਂ ਤੱਕ ਹੇਠਲੀ ਅਦਾਲਤ ਵੱਲੋਂ ਡੇਰਾ ਮੁਖੀ ਨੂੰ ਸਜਾ ਦੇ ਕੇ ਪੀੜਤ ਲੜਕੀਆਂ ਨੂੰ ਇਨਸਾਫ ਦੇਣ ਦਾ ਸਬੰਧ ਹੈ, ਆਪਣੇ ਆਪ 'ਚ ਇਹ ਫੈਸਲਾ ਸਵਾਗਤਯੋੋਗ ਹੈ। ਡੇਰਾ ਮੁਖੀ ਆਪਣੇ ਕੁਕਰਮਾਂ ਕਰਕੇ ਹੋਰ ਵੀ ਵੱਡੀ ਸਜ਼ਾ ਦਾ ਭਾਗੀਦਾਰ ਬਣਦਾ ਹੈ। ਪਰ ਹੁਣ ਜਿਵੇਂ ਹਾਕਮ ਜਮਾਤੀ ਮੀਡੀਏ ਵੱਲੋਂ ਇਸ ਫੈਸਲੇ ਦੇ ਝਰੋਖੇ 'ਚੋਂ ਭਾਰਤੀ ਅਦਾਲਤੀ ਇਨਸਾਫ ਦੇ ਸੋਹਲੇ ਗਾਏ ਜਾ ਰਹੇ ਹਨ, ਉਹ ਮੁਲਕ ਭਰ 'ਚ ਰੁਲਦੇ ਇਨਸਾਫ ਦੀ ਹਕੀਕਤ ਨੂੰ ਧੂੰਆਂ-ਧਾਰ ਪ੍ਰਚਾਰ ਦੇ ਗਰਦੋ-ਗੁਬਾਰ ਨਾਲ ਢਕ ਲੈਣ ਦਾ ਯਤਨ ਹੈ। ਲੁਟੇਰੇ ਭਾਰਤੀ ਰਾਜ ਦੇ ਵਕੀਲ ਇਸ ਰਾਜ ਅਧੀਨ ਦੇਰ ਸਵੇਰ ਇਨਸਾਫ ਲਾਜ਼ਮੀ ਮਿਲਣ ਦੀ ਧਾਰਨਾ ਦਾ ਘਸਿਆ ਪਿਟਿਆ ਰਾਗ ਅਲਾਪਦੇ ਰਹਿੰਦੇ ਹਨ। ਪਰ ਹਕੀਕਤਾਂ ਏਨੀਆਂ ਮੂੰਹ ਜੋਰ ਹਨ ਕਿ ਲੋਕਾਂ ਲਈ ਪੈਰ ਪੈਰ 'ਤੇ ਬੇਇਨਸਾਫੀ ਦਾ ਦਰਦ ਇਸ ਰਾਗ ਦਾ ਕੁੱਝ ਵੱਟਿਆ ਨਹੀਂ ਜਾਣ ਦਿੰਦਾ। ਹੁਣ ਏਸ ਕੇਸ 'ਚ 'ਬਾਬੇ' ਨੂੰ ਸਜਾ ਮਿਲਣ ਦੀ ਘਟਨਾ ਨੂੰ ਮੀਡੀਆ 'ਕਾਨੂੰਨ ਦੀਆਂ ਨਜ਼ਰਾਂ 'ਚ ਸਭ ਬਾਰਬਰ ਹਨ' ਦੀ ਦੁਹਾਈ ਨੂੰ ਮੁੜ ਦੁਹਰਾ ਰਿਹਾ ਹੈ। ਪਰ ਇਹ ਇੱਕ ਫੈਸਲਾ ਭਾਰਤੀ ਅਦਲਤਾਂ ਦਾ ਜਮਾਤੀ ਕਿਰਦਾਰ ਨਹੀਂ ਬਦਲ ਦਿੰਦਾ। ਸੱਤਾ ਦੇ ਗਲਿਆਰਿਆਂ 'ਚ ਵੱਖ ਵੱਖ ਸਮੀਕਰਣਾ ਬਦਲਣ ਦੇ ਦੌਰ 'ਚ ਕੋਈ ਆਸਾ ਰਾਮ ਜਾਂ ਰਾਮ ਰਹੀਮ ਝਟਕਾਇਆ ਜਾ ਸਕਦਾ ਹੈ ਪਰ ਇਹਦਾ ਅਰਥ ਇਹ ਨਹੀਂ ਕਿ ਭਾਰਤੀ ਕਿਰਤੀ ਲੋਕਾਂ ਲਈ ਇਨਸਾਫ ਪਹੁੰਚ 'ਚ ਹੋ ਗਿਆ ਹੈ। ਇਹ ਜ਼ਾਹਰਾ ਹਕੀਕਤਾਂ ਹਨ ਕਿ ਦਿੱਲੀ ਦੰਗਿਆਂ ਤੋਂ ਲੈ ਕੇ ਬਾਬਰੀ ਮਸਜਿਦ ਤੇ ਗੋਦਰਾ ਕਾਂਡ ਦੇ ਦੋਸ਼ੀ ਮੁਲਕ ਦੇ ਉਚ ਆਹੁਦਿਆਂ 'ਤੇ ਸ਼ਸ਼ੋਭਤ ਹਨ ਤੇ ਉਹਨਾਂ ਨੂੰ ਭਾਰਤੀ ਅਦਾਲਤਾਂ ਵੱਲੋਂ ਫੁੱਲ ਦੀ ਨਹੀਂ ਲੱਗੀ। ਹਰ ਦੰਗਿਆਂ 'ਚ ਦਿਨ ਦਿਹਾੜੇ ਔਰਤਾਂ ਦੇ ਸ਼ਰੇਆਮ ਬਲਾਤਕਾਰ ਹੋਏ ਹਨ ਤੇ ਗਵਾਹਾਂ ਸਬੂਤਾਂ ਦੀ ਕੋਈ ਕਮੀ ਨਹੀਂ ਹੈ। ਇਹੀ ਕੁੱਝ ਮੱਧ ਭਾਰਤ ਦੇ ਜੰਗਲਾਂ 'ਚ ਭਾਰਤੀ ਰਾਜ ਦੀਆਂ ਫੌਜਾਂ ਵੱਲੋ ਰੋਜ਼ ਦੁਹਰਾਇਆ ਜਾ ਰਿਹਾ ਹੈ। ਤੇ ਕਸ਼ਮੀਰ ਸਮੇਤ ਉਤਰ-ਪੂਰਬ 'ਚ ਵੀ ਦਿਨ-ਦਿਹਾੜੇ ਬਲਾਤਕਾਰਾਂ ਤੇ ਕਤਲਾਂ ਦੇ ਕੁਕਰਮ ਵਰਦੀਧਾਰੀ ਮੁਜ਼ਰਮਾਂ ਵੱਲੋ ਅੰਜ਼ਾਮ ਦਿਤੇ ਜਾਂਦੇ ਹਨ, ਜਿੱਥੇ ਅਦਾਲਤਾਂ ਅੱਖਾਂ ਮੀਚ ਕੇ ਰਖਦੀਆਂ ਹਨ। ਇਹ ਹਕੀਕਤਾਂ ਏਨੀਆਂ ਮੂੰਜ ਜੋਰ ਹਨ ਕਿ ਵਿਕਾਊ ਟੀ.ਵੀ. ਐਂਕਰਾਂ ਦੀਆਂ ਪਾਟਵੀਆਂ ਆਵਾਜਾਂ ਉਹਨਾਂ ਨੂੰ ਰੋਲ ਨਹੀਂ ਸਕਦੀਆਂ। ਏਸੇ ਰੌਲੇ ਦੌਰਾਨ ਹੀ ਹਰਿਆਣੇ ਦੇ ਇੱਕ ਹੋਰ 'ਸੰਤ' ਰਾਮਪਾਲ ਦੇ ਦੋ ਕੇਸਾਂ 'ਚੋਂ ਬਰੀ ਹੋਣ ਦੀ ਖਬਰ ਵੀ ਆ ਗਈ ਹੈ। ਪਹਿਲਾਂ ਅਸੀਮਾ ਨੰਦ ਤੇ ਸਾਧਵੀ ਪ੍ਰਗਿਆ ਵਰਗਿਆਂ ਨੂੰ ਬਰੀ ਕਰਨ ਦੇ ਫੈਸਲਿਆਂ ਦੀ ਸਿਆਹੀ ਅਜੇ ਸੁਕੀ ਨਹੀਂ ਹੈ।

ਜਿੱਥੋਂ ਤੱਕ ਮੌਜੂਦਾ ਕੇਸ ਦਾ ਸਬੰਧ ਹੈ ਇਨਸਾਫ ਦੀ ਹਕੀਕਤ ਤਾਂ ਇਸ ਰਾਹੀਂ ਹੀ ਦੇਖੀ ਜਾ ਸਕਦੀ ਹੈ। ਡੇਰੇ 'ਚ ਬਾਬੇ ਦੀ ਹਵਸ ਦੀਆਂ ਪੀੜਤ ਕੁੜੀਆਂ ਦੀ ਗਿਣਤੀ ਕਿਤੇ ਜ਼ਿਆਦਾ ਹੈ ਪਰ ਭਾਰਤੀ ਰਾਜ 'ਚੋਂ ਇਨਸਾਫ ਮਿਲਣ ਦੀ ਆਸ ਦੀ ਹਕੀਕਤ ਦੀ ਹੀ ਪੁਸ਼ਟੀ ਹੈ ਕਿ ਦੋਹਾਂ ਤੋਂ ਬਿਨਾਂ ਹੋਰ ਕਿਸੇ ਨੇ ਅਜਿਹਾ ਹੌਂਸਲਾ ਨਹੀਂ ਕੀਤਾ ਤੇ ਜਿੰਨ੍ਹਾਂ ਨੇ ਕੀਤਾ ਉਨ੍ਹਾਂ ਨੂੰ ਭਾਰੀ ਕੀਮਤ ਤਾਰਨੀ ਪਈ ਹੈ। ਪੰਦਰੇ ਵਰ੍ਹੇ ਸਿਦਕੀ ਜੱਦੋ ਜਹਿਦ ਕਰਨੀ ਪਈ ਹੈ ਤੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹਨਾਂ ਸਾਲਾਂ ਦੌਰਾਨ ਉਹਨਾਂ ਨੂੰ ਡੂੰਘੀ ਮਾਨਸਕ ਪੀੜਾ ਤੇ ਡੇਰੇ ਦੇ ਖੌਫ 'ਚੋਂ ਗੁਜ਼ਰਨਾ ਪਿਆ ਹੋਵੇਗਾ। ਉਨ੍ਹਾਂ ਨੇ ਲੁਕ-ਲੁਕ ਦਿਨ ਕੱਟੇ ਹਨ। ਦੋ ਜਣਿਆਂ ਨੇ ਕੇਸ ਦੌਰਾਨ ਜਾਨ ਤੋਂ ਹੱਥ ਧੋਤੇ ਹਨ। ਸੀ.ਬੀ.ਆਈ ਦੇ ਅਧਿਕਾਰੀ ਨੂੰ ਵੀ ਸਿਰੇ ਦੇ ਦਬਾਅ 'ਚੋਂ ਗੁਜ਼ਰਨਾ ਪਿਆ ਹੈ।

ਇਸ ਕੇਸ ਨੂੰ ਉਸਾਰਨ ਤੇ ਘੜਨ 'ਚ ਹਰਿਆਣੇ ਦੇ ਤਰਕਸ਼ੀਲ ਕਾਰਕੁੰਨਾਂ ਤੇ ਜਮਹੂਰੀ ਵਿਅਕਤੀਆਂ ਦੀਆਂ ਬੇਖੌਫ ਤੇ ਸਿਰੜੀ ਕੋਸ਼ਿਸ਼ਾਂ ਦਾ ਯੋਗਦਾਨ ਹੈ। ਇਉਂ ਡੇਰਾ ਮੁਖੀ ਨੂੰ ਹੋਈ ਸਜ਼ਾ ਮੁਲਕ ਦੀ ਅਦਾਲਤੀ ਪ੍ਰਕਿਰਿਆ ਦਾ ਸਹਿਜ ਸਿੱਟਾ ਨਹੀਂ ਹੈ ਸਗੋਂ ਇਹਦੇ 'ਚ ਸਿਰੇ ਦੀਆਂ ਵਿਅਕਤੀਗਤ ਕੋਸ਼ਿਸ਼ਾਂ ਦਾ ਵਿਸ਼ੇਸ਼ ਰੋਲ ਹੈ। ਸਭ ਤੋਂ ਵਧ ਕੇ ਇੱਕ ਬਾਬੇ ਦੀ ਬਲੀ ਰਾਹੀਂ ਭਾਰਤੀ ਨਿਆਂ ਵਿਵਸਥਾ ਦੀ ਭਰੋਸੇਯੋਗਤਾ ਦਾ ਦੰਭ ਸਿਰਜਣ ਦਾ ਸੌਦਾ ਭਾਰਤੀ ਰਾਜ ਲਈ ਮਹਿੰਗਾ ਨਹੀਂ ਹੈ। ਭਾਰਤੀ ਰਾਜ ਇਸ ਨੂੰ ਆਪਣੀ ਸਿਆਸੀ ਪ੍ਰਾਪਤੀ ਸਮਝਦਾ  ਹੈ। ਧਾਰਮਿਕ ਸੰਸਕਾਰਾਂ ਤੇ ਅੰਧਵਿਸ਼ਵਾਸ਼ਾਂ ਨਾਲ ਭਰਪੂਰ ਮੁਲਕ ਦੇ ਮੌਜੂਦਾ ਮਹੌਲ 'ਚ ਬਾਬੇ ਤਾਂ ਆਥਣ ਨੂੰ ਉੱਗ ਆਉਂਦੇ ਹਨ ਤੇ ਪੈਰ-ਪੈਰ 'ਤੇ ਉੱਗ ਰਹੇ ਹਨ। ਮੌਕਾਪ੍ਰਸਤ ਵੋਟ ਪਾਰਟੀਆਂ ਲਈ ਹੋਰ ਬਥੇਰੇ ਸਾਧ ਮੌਜੂਦ ਹਨ।

Comments

Name (required)

Leave a comment... (required)

Security Code (required)ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ