Thu, 18 April 2024
Your Visitor Number :-   6981624
SuhisaverSuhisaver Suhisaver

ਦੱਖਣੀ ਕੋਰੀਆ ਦੇ ਕਾਮਿਆਂ ਦਾ ਵਿਸ਼ਾਲ, ਸਾਂਝਾ ਤੇ ਲੰਮਾ ਸੰਘਰਸ਼ -ਮਨਦੀਪ

Posted on:- 17-11-2021

suhisaver

ਇਹਨੀਂ ਦਿਨੀਂ ਦੁਨੀਆਂ ਭਰ 'ਚ 'Squid game' ਨਾਮ ਦੀ ਨੈੱਟਫਲੈਕਸ ਸੀਰੀਜ਼ ਕਾਫੀ ਚਰਚਾ ਵਿੱਚ ਹੈ। ਇਸ ਸੀਰੀਜ਼ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਚੰਦ ਕੁ ਅਮੀਰਾਂ ਵੱਲੋਂ ਦੱਖਣੀ ਕੋਰੀਆ ਅੰਦਰ ਆਰਥਿਕ ਤੰਗੀਆਂ ਦੇ ਸ਼ਿਕਾਰ ਲੋਕਾਂ ਵਿਚਕਾਰ ਇਕ ਖੂਨੀ ਖੇਡ ਖੇਡੀ ਜਾਂਦੀ ਹੈ ਜੋ ਕਿ ਉਹਨਾਂ ਚੰਦ ਕੁ ਅਮੀਰ ਲੋਕਾਂ ਦੇ ਮੰਨੋਰੰਜਨ ਦਾ ਸਾਧਨ ਬਣਦੀ ਹੈ। ਇਸ ਸੀਰੀਜ਼ ਨੇ ਨੇਕੀ ਤੇ ਬਦੀ, ਅਮੀਰੀ ਤੇ ਗਰੀਬੀ ਅਤੇ ਅਯਾਸ਼ੀ ਤੇ ਮਜ਼ਬੂਰੀ ਦੇ ਵਿਰੋਧ ਨੂੰ ਬੜੇ ਕਲਾਤਮਿਕ ਢੰਗ ਨਾਲ ਉਭਾਰਿਆ ਹੈ। ਇਸਦਾ ਪ੍ਰਭਾਵ ਦੱਖਣੀ ਕੋਰੀਆ ਦੇ ਲੋਕਾਂ ਉੱਤੇ ਐਨਾ ਪਿਆ ਕਿ ਉਹਨਾਂ ਨੇ 'Squid game' ਵਿੱਚ ਵਰਤੇ ਗਏ ਮਾਸਕ ਪਹਿਣਕੇ ਸਰਕਾਰ ਖਿਲਾਫ ਰੋਸ ਮੁਜ਼ਹਾਰੇ ਕਰਨੇ ਸ਼ੁਰੂ ਕਰ ਦਿੱਤੇ।

ਬੀਤੇ 20 ਅਕਤੂਬਰ ਨੂੰ ਦੱਖਣੀ ਕੋਰੀਆ ਦੇ ਉਸਾਰੀ, ਆਵਾਜਾਈ, ਸੇਵਾ ਅਤੇ ਹੋਰ ਖੇਤਰਾਂ ਨਾਲ ਸਬੰਧਿਤ ਪੰਜ ਲੱਖ ਕਾਮਿਆਂ ਨੇ ਇੱਕ ਦਿਨ ਦੀ ਆਮ ਹੜਤਾਲ ਕੀਤੀ।ਇਹ ਹੜਤਾਲ'ਕੋਰੀਅਨ ਕਨਫੈਡਰੇਸ਼ਨ ਆਫ਼ ਟਰੇਡ ਯੂਨੀਅਨਜ਼' (ਕੇਸੀਟੀਯੂ) ਦੇ ਝੰਡੇ ਹੇਠ ਹੋਈ। ਇਹ ਹੜਤਾਲ ਦੱਖਣੀ ਕੋਰੀਆ ਦੇ ਸ਼ਹਿਰੀ ਗਰੀਬਾਂ ਅਤੇ ਕਿਸਾਨਾਂ ਨੂੰ ਲਾਮਬੰਦ ਕਰਨ ਲਈ ਕੀਤੀ ਗਈ ਜਿਸਦਾ ਮਕਸਦ ਮਜ਼ਦੂਰਾਂ ਦੀਆਂ ਮੰਗਾਂ ਲਈ ਸਾਂਝੇ ਮੋਰਚੇ ਦੀ ਅਗਵਾਈ ਹੇਠ ਦੇਸ਼ ਦੇ ਸ਼ਹਿਰੀ ਕੇਂਦਰਾਂ ਅਤੇ ਪੇਂਡੂ ਖੇਤਰਾਂ ਵਿੱਚ ਵੱਡੇ ਪੱਧਰ 'ਤੇ ਪ੍ਰਦਰਸ਼ਨ ਕਰਨਾ ਹੈ। ਇਹ ਪ੍ਰਦਰਸ਼ਨ ਅਤੇ ਲਾਮਬੰਦੀ ਮੁਹਿੰਮ ਜਨਵਰੀ 2022 ਵਿੱਚ ਦੇਸ਼ਪੱਧਰੇਵਿਰੋਧ ਪ੍ਰਦਰਸ਼ਨਦੇ ਰੂਪ ਵਿੱਚ ਸਮਾਪਿਤ ਹੋਵੇਗੀ। ਲੰਮੇ, ਵਿਸ਼ਾਲ ਅਤੇ ਸਾਂਝੇ ਸੰਘਰਸ਼ ਦੀ ਦਿਸ਼ਾ ਰੱਖਣ ਵਾਲਾ ਦੱਖਣੀ ਕੋਰੀਆ ਦੇ ਕਾਮਿਆ ਦਾ ਇਹ ਸੰਘਰਸ਼ ਭਾਰਤ ਅੰਦਰ ਚੱਲ ਰਹੇ ਕਿਸਾਨ ਸੰਘਰਸ਼ ਦੀ ਪਿਰਤ ਨਾਲ ਮੇਲ ਖਾਂਦਾ ਹੈ।

20 ਅਕਤੂਬਰ ਦੀ ਹੜਤਾਲ ਤਿੰਨ ਬੁਨਿਆਦੀ ਖੇਤਰਾਂ ਦੀਆਂ 15 ਵਿਸਤ੍ਰਿਤ ਮੰਗਾਂ ਨੂੰ ਲੈ ਕੇ ਹੋਈ। ਇਸਮਜਦੂਰ ਸੰਘਰਸ਼ ਦੀਆਂ ਪ੍ਰਮੁੱਖ ਮੰਗਾਂ ਹਨ:'ਅਨਿਯਮਿਤ ਕੰਮ' (ਪਾਰਟ-ਟਾਈਮ, ਅਸਥਾਈ ਜਾਂ ਕੰਟਰੈਕਟ ਲੇਬਰ) ਨੂੰ ਖਤਮ ਕਰਨਾ ਅਤੇ ਸਾਰੇ ਕਾਮਿਆਂ ਲਈ ਲੇਬਰ ਸੁਰੱਖਿਆ ਵਧਾਉਣਾ, ਸੰਕਟ ਸਮੇਂ ਆਰਥਿਕ ਪੁਨਰਗਠਨ ਦੇ ਫੈਸਲਿਆਂ ਵਿੱਚ ਮਜ਼ਦੂਰਾਂ ਨੂੰਹਿੱਸੇਦਾਰ ਬਣਾਉਣਾ ਅਤੇ ਮੁੱਖ ਉਦਯੋਗਾਂ ਦਾ ਕੌਮੀਕਰਨ ਕਰਨਾ, ਅਤੇ ਸਿੱਖਿਆ ਤੇ ਰਿਹਾਇਸ਼ ਵਰਗੀਆਂ ਬੁਨਿਆਦੀ ਸੇਵਾਵਾਂ ਦਾ ਸਮਾਜੀਕਰਨ ਕਰਨਾ।'ਅਨਿਯਮਿਤ ਕੰਮ' ਨੂੰ ਖਤਮ ਕਰਨ, ਕਿਰਤ ਕਾਨੂੰਨਾਂ ਵਿੱਚ ਖਾਮੀਆਂ ਨੂੰ ਖਤਮ ਕਰਨ, ਕਾਮਿਆਂ ਨੂੰ ਬੁਨਿਆਦੀ ਅਧਿਕਾਰ ਦੇਣ, ਅਤੇ ਕੋਵਿਡ-19 ਮਹਾਂਮਾਰੀ ਸੰਕਟ, ਜਲਵਾਯੂ ਸੰਕਟ ਅਤੇ "ਡਿਜੀਟਲ" ਅਰਥਵਿਵਸਥਾ ਬਣਾਉਣ ਲਈ ਨਵੀਂ ਸਰਕਾਰ ਦੇ ਯਤਨਾਂ ਦੇ ਮੱਦੇਨਜ਼ਰ, ਭਵਿੱਖ ਦੇ ਆਰਥਿਕ ਪੁਨਰਗਠਨ ਦੇ ਫੈਸਲੇ ਕਿਰਤੀ ਅਤੇ ਪ੍ਰਬੰਧਕਾਂ ਦੁਆਰਾ ਸਾਂਝੇ ਤੌਰ 'ਤੇ ਨਿਰਧਾਰਤ ਕਰਨ ਦੀ ਮੰਗ ਦੇ ਨਾਲ-ਨਾਲ ਮਜ਼ਦੂਰ ਸਰਕਾਰ ਤੋਂ ਤਬਦੀਲੀਆਂ ਨੂੰ ਖੁਦ ਨਿਰਧਾਰਤ ਕਰਨ ਲਈ ਵਧੇਰੇ ਤਾਕਤ ਲਈ ਸੰਘਰਸ਼ ਦੇ ਰਾਹ ਤੇ ਹਨ।

ਪਹਿਲਾਂ ਹੀ ਕੰਮ ਦੇ ਬੋਝ ਅਤੇ ਨੌਕਰੀ ਦੀ ਅਸੁਰੱਖਿਆ ਦੇ ਖਤਰੇ ਹੇਠ ਜਿਉਂ ਰਹੇ ਦੱਖਣੀ ਕੋਰੀਆਈ ਕਾਮਿਆਂ ਨੂੰ ਕਰੋਨਾਂ ਸੰਕਟ ਦੌਰਾਨ ਹੋਰ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਰੋਨਾ ਦੌਰਾਨ ਘੱਟ ਆਮਦਨ ਕਾਰਨ ਜਿੱਥੇ ਕਾਮਿਆਂ ਨੂੰ ਸਿਹਤ ਸਮੱਸਿਆਵਾਂ ਦਰਪੇਸ਼ ਹਨ ਉੱਥੇ ਸਿੱਖਿਆ ਦੇ ਨਿੱਜੀਕਰਨ ਕਰਕੇ ਉਹਨਾਂ ਦੇ ਬੱਚਿਆਂ ਲਈ ਸਿੱਖਿਆ ਪਹੁੰਚ ਤੋਂ ਹੋਰ ਦੂਰ ਹੋ ਗਈ ਹੈ।ਕਰੋਨਾ ਕਾਰਨ ਰੀਅਲ ਅਸਟੇਟ ਦੀਆਂ ਕਿਆਸਅਰਾਈਆਂ ਨੇ ਕਾਮਿਆਂ ਲਈ ਰਿਹਾਇਸ਼ੀ ਸੰਕਟ ਖੜਾ ਕਰ ਦਿੱਤਾ ਹੈ। ਸਭ ਤੋਂ ਵੱਧ ਸਾਲਾਨਾ ਕੰਮਕਾਜੀ ਘੰਟਿਆਂ ਵਿੱਚ ਅਤੇ ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ (OECD) ਦੇ ਮੈਂਬਰ ਦੇਸ਼ਾਂ ਵਿੱਚ ਕੰਮ ਵਾਲੀ ਥਾਂ 'ਤੇ ਹੋਣ ਵਾਲੀਆਂ ਮੌਤਾਂ ਵਿੱਚ ਦੱਖਣੀ ਕੋਰੀਆ ਤੀਜੇ ਸਥਾਨ 'ਤੇ ਆਉਂਦਾ ਹੈ ਅਤੇਇੱਥੇ ਕੁੱਲ ਕਾਮਿਆਂ ਵਿੱਚੋਂ 40 ਪ੍ਰਤੀਸ਼ਤ ਤੋਂ ਵੱਧ ਨੂੰ 'ਅਨਿਯਮਿਤ ਕਾਮੇ' ਮੰਨਿਆ ਜਾਂਦਾ ਹੈ। ਦੁਨੀਆਂ ਦੇ ਗਰੀਬ ਮੁਲਕਾਂ ਵਾਂਗ ਦੱਖਣੀ ਕੋਰੀਆਂ ਅੰਦਰ ਅਮੀਰੀ-ਗਰੀਬੀ ਦਾ ਪਾੜਾ ਹੋਰ ਵੱਧ ਡੂੰਘਾ ਹੋਇਆ ਹੈ।  ਇਕ ਰਿਪੋਰਟ ਮੁਤਾਬਕ 2016 ਵਿਚ ਦੱਖਣੀ ਕੋਰੀਆਂ ਦੇ 10% ਕਮਾਉਣ ਵਾਲਿਆ ਦਾ ਦੇਸ਼ ਦੀ ਕੁੱਲ ਆਮਦਨ ਦੇ 45% ਹਿੱਸੇ ਉੱਤੇ ਕਬਜਾ ਹੈ।

ਸਮਾਜਿਕ ਕਾਰਕੁੰਨ ਜੀਆ ਹੌਂਗ ਮੁਤਾਬਕਸੈਮਸੰਗ, ਹੁੰਡਈ ਅਤੇ ਐਲਜੀਵਰਗੀਆਂ ਕੰਪਨੀਆਂ ਦੇ ਚਮਕਦਾਰ ਇਲੈਕਟ੍ਰੋਨਿਕਸ ਅਤੇ ਕਾਰਾਂ ਦੇ ਪਿੱਛੇਮਜ਼ਦੂਰਾਂ ਦੇ ਸ਼ੋਸ਼ਣ ਦੀਆਂ ਅਣਗਿਣਤ ਕਹਾਣੀਆਂ ਛੁਪੀਆਂ ਹੋਈਆਂ ਹਨ। ਇਸ ਸਾਲ ਦੇ ਸ਼ੁਰੂ ਵਿੱਚ, ਐਲਜੀ ਟਵਿਨ ਟਾਵਰਜ਼ (ਕੰਪਨੀ ਦਾ ਸਕਾਈਸਕ੍ਰੈਪਰ ਹੈੱਡਕੁਆਰਟਰ) ਲਈ ਸਫਾਈ ਕਰਮਚਾਰੀਆਂ ਨੇ ਸਰਦੀਆਂ ਦੇ ਸਭ ਤੋਂ ਠੰਡੇ ਮਹੀਨਿਆਂ ਵਿੱਚ 136 ਦਿਨਾਂ ਤੱਕ ਕੰਪਨੀ ਦੀ ਇਮਾਰਤ ਦੇ ਬਾਹਰ ਡੇਰੇ ਲਾਏ ਅਤੇ ਕੰਮ ਵਾਲੀ ਥਾਂ ਤੇ ਸ਼ੋਸ਼ਣ ਕਰਨ ਵਾਲੀਆਂ ਹਾਲਤਾਂ ਦਾ ਵਿਰੋਧ ਕੀਤਾ।

ਦੱਖਣੀ ਕੋਰੀਆਂ ਦੇ ਕੋਲਾ ਖਾਣ ਮਜ਼ਦੂਰਾਂ ਦੀ ਹਾਲਤ ਕਰੋਨਾ ਸਮੇਂ ਬੇਹੱਦ ਦਰਦਨਾਕ ਹੋ ਗਈ। ਮਾਈਨਿੰਗ ਕਾਰਪੋਰੇਸ਼ਨਾਂ ਨੇ ਆਪਣੇ ਮੁਨਾਫੇ ਵਧਾਉਣ ਲਈ ਲੇਬਰ ਦੀ ਛਾਂਟੀ ਕਰ ਦਿੱਤੀ ਅਤੇ ਪਹਿਲਾਂ ਨਾਲੋਂ ਅੱਧੀ ਲੇਬਰ ਤੋਂ ਘੱਟ ਤਨਖਾਹ ਉੱਤੇ ਦੁੱਗਣਾ ਕੰਮ ਲੈਣਾ ਸ਼ੁਰੂ ਕਰ ਦਿੱਤਾ। ਕੋਲਾਂ ਖਾਣਾਂ ਦੀ ਧੂੜ ਅਤੇ ਵੱਧ ਕੰਮ ਬੋਝ ਕਰਕੇ ਮਜ਼ਦੂਰਾਂ ਨੂੰ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਨੇ ਭਾਂਪ ਲਿਆ ਕਿ ਵੱਧ ਘੰਟੇ ਮਜ਼ਦੂਰੀ, ਮਾੜੀਆਂ ਕੰਮ ਹਾਲਤਾਂ, ਬਿਮਾਰੀਆਂ, ਘੱਟ ਤਨਖਾਹ, ਛਾਂਟੀਆਂ ਦਾ ਡਰ, ਅਸੁਰੱਖਿਅਤ ਨੌਕਰੀ ਆਦਿ ਦੇ ਸਹਿਮ ਹੇਠ ਉਹ ਅਮੀਰਾਂ ਲਈ ਸਵਰਗ ਬਣਾ ਰਹੇ ਹਨ ਅਤੇ ਉਹ ਆਪ ਇੱਕ ਅੰਤਹੀਣ ਜਾਪਦੀ ਖੂਨੀ ਖੇਡ ਦਾ ਹਿੱਸਾ ਬਣੇ ਹੋਏ ਹਨ। ਅਤੇ ਇਸ ਖੂਨੀ ਖੇਡ ਦਾ ਖਾਤਮਾ ਉਹਨਾਂ ਦੀ ਇਕਜੁੱਟਤਾ ਅਤੇ ਸੰਘਰਸ਼ ਵਿੱਚ ਹੈ।

ਦੱਖਣੀ ਕੋਰੀਆ ਦੀ ਆਰਥਿਕਤਾ ਦਾ ਲੱਕ ਤੋੜਨ ਵਿੱਚ ਦੱਖਣੀ ਕੋਰੀਆ ਦੇ ਅਮਰੀਕੀ ਅਤੇ ਜਪਾਨੀ ਸਾਮਰਾਜੀ ਤਾਕਤਾਂ ਪੱਖੀ ਹਾਕਮਾਂ ਦਾ ਵੱਡਾ ਯੋਗਦਾਨ ਰਿਹਾ ਹੈ। ਉੱਤਰੀ ਅਤੇ ਦੱਖਣੀ ਕੋਰੀਆ ਦੇ ਆਪਸੀ ਸਬੰਧ ਹਮੇਸ਼ਾਂ ਨਾਜ਼ੁਕ ਰਹੇ ਹਨ ਅਤੇ ਅਮਰੀਕੀ ਸਾਮਰਾਜ ਨੇ ਸਦਾ ਇਸਦਾ ਆਰਥਿਕ-ਸਿਆਸੀ ਲਾਹਾ ਲਿਆ ਹੈ। ਦੂਜੇ ਪਾਸੇ ਚੀਨ ਅਤੇ ਰੂਸ ਖਿਲਾਫ ਆਪਣੇ ਵਪਾਰਕ ਅਤੇ ਜੰਗੀ ਹਿੱਤਾਂ ਲਈ ਅਮਰੀਕਾ ਨੇ ਦੱਖਣੀ ਕੋਰੀਆ ਨੂੰ ਹਮੇਸ਼ਾਂ ਇਕ ਹਥਿਆਰ ਦੀ ਤਰ੍ਹਾਂ ਵਰਤਿਆ ਹੈ। ਅਜਿਹੇ ਵਿੱਚ ਦੱਖਣੀ ਕੋਰੀਆ ਦੇ ਹਾਕਮਾਂ ਦੀ ਅਮਰੀਕੀ ਸਾਮਰਾਜ ਨਾਲ ਸਾਂਝ ਵਿੱਚੋਂ ਨੁਕਸਾਨ ਦੱਖਣੀ ਕੋਰੀਆ ਦੀ ਕਿਰਤੀ-ਕਾਮਾ ਜਮਾਤ ਦਾ ਹੋਇਆ ਜਿਸਨੇ ਪਿਛਲੇ ਲੱਗਭਗ ਸੱਤਰ ਸਾਲ ਤੋਂ ਯੁੱਧ ਅਤੇ ਆਰਥਿਕ ਤਬਾਹੀ ਦੇ ਸਿੱਟਿਆਂ ਨੂੰ ਆਪਣੇ ਪਿੰਡੇ ਉੱਤੇ ਹੰਢਾਇਆ।

ਇਸ ਸੰਘਰਸ਼ ਵਿੱਚ ਸਭ ਤੋਂ ਵੱਡੀ, ਮਹੱਤਵਪੂਰਨ ਅਤੇ ਪ੍ਰਮੁੱਖ ਮੰਗ ਸੰਕਟਗ੍ਰਸਤ ਉਦਯੋਗਾਂ (ਏਅਰਲਾਈਨ, ਆਟੋਮੋਬਾਈਲ ਮੈਨੂਫੈਕਚਰਿੰਗ ਅਤੇ ਸ਼ਿੱਪ ਬਿਲਡਿੰਗ ਉਦਯੋਗ) ਦਾ ਕੌਮੀਕਰਨ ਕਰਨ ਦੀ ਹੈ।ਇਸਤੋਂ ਇਲਾਵਾ ਸਾਰਿਆਂ ਲਈ ਰਿਹਾਇਸ਼, ਸਿਹਤ ਦੇਖਭਾਲ, ਬਜ਼ੁਰਗਾਂ ਦੀ ਦੇਖਭਾਲ, ਬੱਚਿਆਂ ਦੀ ਦੇਖਭਾਲ ਅਤੇ ਸਿੱਖਿਆ ਦੀ ਗਰੰਟੀ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਸਮਾਜਿਕ ਸੁਧਾਰਾਂ ਲਈ ਜਨਤਕ ਰਿਹਾਇਸ਼ੀ ਯੂਨਿਟਾਂ ਨੂੰ ਸਾਰੀਆਂ ਉਪਲਬਧ ਰਿਹਾਇਸ਼ਾਂ ਦੇ 5 ਪ੍ਰਤੀਸ਼ਤ ਤੋਂ ਵਧਾ ਕੇ 50 ਪ੍ਰਤੀਸ਼ਤ ਕਰਨ, ਸ਼ੁਰੂਆਤੀ ਕਾਲਜ ਕਲਾਸਾਂ ਨੂੰ ਸਾਰਿਆਂ ਲਈ ਮੁਫਤ, ਅਤੇ ਬਜ਼ੁਰਗ ਤੇ ਬੱਚਿਆਂ ਦੀ ਦੇਖਭਾਲ ਨੂੰ ਮੁਫਤ ਤੇ ਯਕੀਨੀ ਬਣਾਉਣ ਲਈ ਘੱਟੋ-ਘੱਟ 10 ਲੱਖ ਕੇਅਰ ਵਰਕਰਾਂ ਨੂੰ ਨਿਯੁਕਤ ਕਰਨ ਦੀਆਂ ਮੰਗਾਂ ਵੀ ਸ਼ਾਮਲ ਹਨ। ਦੱਖਣੀ ਕੋਰੀਆਈ ਮਜ਼ਦੂਰ ਸਰਕਾਰ ਦੁਆਰਾ, ਨਵੀਂ ਆਰਥਿਕਤਾ, ਉਦਯੋਗਿਕ ਖੇਤਰ ਵਿੱਚ ਡਿਜੀਟਲ ਪਰਿਵਰਤਨ, ਗਲੋਬਲ ਸਪਲਾਈ ਚੇਨ ਵਿੱਚ ਰੁਕਾਵਟਾਂ ਨੂੰ ਦੂਰ ਕਰਨ ਆਦਿ ਦੇ ਦਿਖਾਏ ਜਾ ਰਹੇ ਸਬਜਬਾਗਾਂ ਤੋਂ ਅੱਕ ਚੁੱਕੇ ਹਨ ਅਤੇ ਉਹ ਨਵਉਦਾਰਵਾਦ ਦੇ ਬੋਝ ਹੇਠ ਲਿਤਾੜੇ ਜਾ ਰਹੇ ਹਨ।
ਕੇਸੀਟੀਯੂ ਦੇ ਸੰਘਰਸ਼ ਅਤੇ ਮੰਗਾਂ ਤੋਂ ਸਪੱਸ਼ਟ ਦਿਖਦਾ ਹੈ ਕਿ ਇਹ ਸੰਘਰਸ਼ ਸਿਰਫ ਮਜਦੂਰਾਂ ਦੀਆਂ ਮੰਗਾਂ ਤੱਕ ਹੀਸੀਮਤ ਨਹੀਂ ਹੈ ਬਲਕਿ ਇਹ ਇੱਕ ਜਮਾਤ ਦੇ ਰੂਪ ਵਿੱਚ ਮਜ਼ਦੂਰਾਂ ਦੀ ਤਾਕਤ ਲਈ ਲੜਿਆ ਜਾ ਰਿਹਾ ਸੰਘਰਸ਼ ਹੈ।ਇਹਨਾਂ ਮੰਗਾਂ ਤੋਂ ਸਪੱਸ਼ਟ ਹੈ ਕਿ ਮਜਦੂਰ ਆਪਣੀ ਕਿਰਤ ਦਾ ਹਿੱਸਾ ਮੰਗ ਰਹੇ ਹਨ। ਇਸਦੇ ਉਲਟ ਦੱਖਣੀ ਕੋਰੀਆਈ ਹਾਕਮ ਦਮਨ ਦੀ ਨੀਤੀ ਉੱਤੇ ਉੱਤਰੇ ਹੋਏ ਹਨ। ਸਰਕਾਰ ਨੇ ਕੇਸੀਟੀਯੂ ਦੇ ਪ੍ਰਧਾਨ ਯਾਂਗ ਕਯੂੰਗ-ਸੂ ਸਮੇਤ 30 ਹੋਰ ਆਗੂਆਂ-ਕਾਰਕੁੰਨਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਅਤੇ ਯੂਨੀਅਨ ਦੇ ਕਾਰਕੁੰਨਾਂ ਉੱਤੇ ਉਹਨਾਂ ਦੀਆਂ ਗਤੀਵਿਧੀਆਂ ਲਈ ਜੁਰਮਾਨੇ ਅਤੇ ਮੁਕੱਦਮੇ ਕੀਤੇ ਗਏ।

ਅੱਜ ਦੱਖਣੀ ਕੋਰੀਆ ਵਿੱਚ ਮਜ਼ਦੂਰਾਂ ਦੀ ਕਿਰਤ ਸਕਤੀ ਲੁੱਟ ਕੇ ਪੂੰਜੀ ਦਾ ਜੋ ਪਿਰਾਮਿਡ ਉਸਰਿਆ ਹੈ ਇਸਦੇ ਪਿੱਛੇ ਦੱਖਣੀ ਕੋਰੀਆ ਵਿੱਚ 1980 ਦੇ ਦਹਾਕੇ ਬਾਅਦ ਹੋਏ ਨਵਉਦਾਰਵਾਦੀ ਸੁਧਾਰਾਂ ਦਾ ਹੱਥ ਹੈ।ਇਹਨਾਂ ਸੁਧਾਰਾਂ ਤਹਿਤ ਦੱਖਣੀ ਕੋਰੀਆ ਦੇ ਬਾਜ਼ਾਰ ਅਤੇ ਸਰੋਤਾਂ ਨੂੰ ਕਾਮਿਆਂ ਦੀ ਜਾਨ-ਮਾਲ ਦੀ ਕੀਮਤ 'ਤੇ ਵਿਦੇਸ਼ੀ ਨਿਵੇਸ਼ਕਾਂ ਲਈ ਖੋਲ੍ਹ ਦਿੱਤਾ ਗਿਆ। ਇੱਕ ਅੰਕੜੇ ਮੁਤਾਬਕ 1990 ਤੱਕ ਦੱਖਣੀ ਕੋਰੀਆ $100 ਬਿਲੀਅਨ ਦੇ ਵਿਦੇਸ਼ੀ ਕਰਜ਼ਿਆਂ ਵਿੱਚ ਫਸ ਗਿਆ ਸੀ। ਬਾਅਦ ਦੇ ਏਸ਼ੀਅਨ ਵਿੱਤੀ ਸੰਕਟ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ ਦੀਆਂ ਦੇਣਦਾਰੀਆਂ ਨਾਲ ਦੱਖਣੀ ਕੋਰੀਆ ਦੀ ਆਰਥਿਕਤਾ ਦਾ ਹੋਰ ਵੱਧ ਦੀਵਾਲਾ ਨਿਕਲ ਗਿਆ। ਸਿੱਟੇ ਵਜ਼ੋਂ ਇਸ ਸੰਕਟ ਦਾ ਬੋਝ ਮਜਦੂਰਾਂ ਉੱਤੇ ਪਾ ਦਿੱਤਾ ਗਿਆ। ਜਨਤਕ ਕਾਰਪੋਰੇਸ਼ਨਾਂ ਦਾ ਨਿੱਜੀਕਰਨ ਕੀਤਾ ਗਿਆ ਅਤੇ ਘਰੇਲੂ ਬਾਜ਼ਾਰ ਨੂੰ ਵਿਦੇਸ਼ੀ ਪੂੰਜੀ (ਖਾਸਕਰ ਅਮਰੀਕਾ ਤੇ ਜਪਾਨ) ਲਈ ਖੋਲ੍ਹ ਦਿੱਤਾ ਗਿਆ। 2007 ਦੇ ਅਮਰੀਕਾ-ਕੋਰੀਆ ਮੁਕਤ ਵਪਾਰ ਸਮਝੌਤੇ ਨੇ ਸੰਕਟ ਵਿੱਚ ਫਸੇ ਦੇਸ਼ ਦੀ ਹਾਲਤ ਨੂੰ ਹੋਰ ਵੱਧ ਬਰਬਾਦੀ ਵੱਲ ਧੱਕ ਦਿੱਤਾ।

ਦੱਖਣੀ ਕੋਰੀਆ ਦੀ ਮੌਜੂਦਾ ਆਰਥਿਕਤਾ ਅਤੇ ਮਜਦੂਰਾਂ ਦੀ ਮਾੜੀ ਹਾਲਤ ਪਿੱਛੇ ਮਜਦੂਰ ਵਿਰੋਧੀ ਨਵਉਦਾਰਵਾਦੀ ਆਰਥਿਕ ਨੀਤੀਆਂ ਦਾ ਵਿਸ਼ੇਸ਼ ਯੋਗਦਾਨ ਹੈ। ਦੱਖਣੀ ਕੋਰੀਆਆਮ ਤੌਰ ਤੇ ਜਪਾਨੀ ਸਾਮਰਾਜ ਅਤੇ ਖਾਸ ਤੌਰ ਤੇ ਅਮਰੀਕੀ ਸਾਮਰਾਜ ਲਈ ਪੂੰਜੀਵਾਦੀ ਵਿਕਾਸ ਦਾ ਮਾਡਲ ਬਣਿਆ ਚੱਲਿਆ ਆ ਰਿਹਾ ਹੈ। ਰੂਸੀ ਅਤੇ ਚੀਨੀ ਇਨਕਲਾਬ ਸਮੇਂ ਅਮਰੀਕੀ ਸਾਮਰਾਜ ਨੇ ਇਹਨਾਂ ਦੋਵਾਂ ਮੁਲਕਾਂ ਦੇ ਸਮਾਜਵਾਦੀ ਮਾਡਲ ਦੇ ਮੁਕਾਬਲੇ ਏਸ਼ੀਆ ਵਿੱਚ ਦੱਖਣੀ ਕੋਰੀਆ ਨੂੰ ਪੂੰਜੀਵਾਦੀ ਮਾਡਲ ਵਜ਼ੋਂ ਪੇਸ਼ ਕਰਨ ਲਈ ਦੱਖਣੀ ਕੋਰੀਆ ਦੇ ਵਿਕਾਸ ਲਈ ਵੱਡੀ ਪੱਧਰ ਤੇ ਪੂੰਜੀ, ਤਕਨੀਕ ਅਤੇ ਮੰਡੀ ਮੁਹੱਇਆ ਕਰਵਾਈ। ਇਸ ਪਿੱਛੇ ਮਕਸਦ ਦੁਨੀਆਂ ਭਰ ਦੇ ਲੋਕਾਂ ਨੂੰ ਸਮਾਜਵਾਦੀ ਮਾਡਲ ਦੇ ਮੁਕਾਬਲੇ ਪੂੰਜੀਵਾਦੀ ਮਾਡਲ ਵੱਲ ਭਰਮਿਤ ਕਰਨਾ ਸੀ। ਪਰੰਤੂਰੂਸ ਅਤੇ ਚੀਨ ਵਿੱਚ ਪੂੰਜੀਵਾਦੀ ਮੁੜਬਹਾਲੀ ਦੇ ਦੌਰ ਤੋਂ ਬਾਅਦ ਅਮਰੀਕੀ ਸਾਮਰਾਜ ਲਈ ਦੱਖਣੀ ਕੋਰੀਆ ਨੂੰ ਪੂੰਜੀਵਾਦੀ ਵਿਕਾਸ ਮਾਡਲ ਵਜੋਂ ਉਭਾਰਨ ਦੀ ਲੋੜ ਨਹੀਂ ਰਹੀ। ਇਸਤੋਂ ਬਾਅਦ ਦੱਖਣੀ ਕੋਰੀਆ ਵਿੱਚ ਵੱਡੀ ਪੱਧਰ ਉੱਤੇ ਤੇਜੀ ਨਾਲ ਸਾਮਰਾਜੀ ਦਿਸ਼ਾ ਨਿਰਦੇਸ਼ਕਆਰਥਿਕ ਸੁਧਾਰ ਲਾਗੂ ਕੀਤੇ ਗਏ ਜਿਸਦੇ ਸਿੱਟੇ ਵਜ਼ੋਂ ਇਸ ਪੂੰਜੀਵਾਦੀ ਵਿਕਾਸ ਮਾਡਲ ਦਾ ਗੁਬਾਰਾ ਫਟ ਗਿਆ ਅਤੇ ਇਹ ਸੰਕਟ ਵਿੱਚ ਘਿਰ ਗਿਆ ਜਿਸਦਾ ਬੋਝ ਇੱਥੋਂ ਦੀ ਕਿਰਤੀ ਜਮਾਤ ਦੇ ਮੋਢਿਆਂ ਉੱਤੇ ਲੱਦ ਦਿੱਤਾ ਗਿਆ। ਨਤੀਜੇ ਵਜੋਂ ਦੱਖਣੀ ਕੋਰੀਆ ਵਿਚੋਂ ਪੂੰਜੀਵਾਦੀ ਪ੍ਰਬੰਧ ਖਿਲਾਫ ਵਿਰੋਧ ਲਗਾਤਾਰ ਵੱਧਦਾ ਜਾ ਰਿਹਾ ਹੈ।ਦੱਖਣੀ ਕੋਰੀਆ ਦੇ ਹਾਕਮ ਅਮਰੀਕੀ ਸਾਮਰਾਜ ਦੇ ਸੰਗੀ ਰਹੇ ਹਨ ਅਤੇ ਇਸਦਾ ਚੀਨ ਅਤੇ ਚੀਨ ਪੱਖੀ ਉੱਤਰੀ ਕੋਰੀਆ ਨਾਲ ਅੱਪਵਾਦਾਂ ਦੇ ਬਾਵਯੂਦ ਸਦਾ ਵਿਰੋਧ ਰਿਹਾ ਹੈ। ਮੌਜੂਦਾ ਦੌਰ ਅੰਦਰ ਅਮਰੀਕੀ ਸਾਮਰਾਜ ਦੀ ਪਹਿਲਾਂ ਵਾਲੀ ਚੜ੍ਹਤ ਨਹੀਂ ਰਹੀ ਅਤੇ ਇਹ ਵੱਡੇ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਇਸਦੇ ਮੁਕਾਬਲੇ ਚੀਨ ਸੰਸਾਰ ਵਿੱਚ ਇਕ ਵੱਡੀ ਆਰਥਿਕ ਸ਼ਤਕੀ ਵਜੋਂ ਆਪਣਾ ਪਸਾਰ ਕਰ ਰਿਹਾ ਹੈ। ਸੰਸਾਰ ਸਾਮਰਾਜੀ ਤਾਕਤਾਂ ਦੇ ਇਸ ਆਪਸੀ ਖਹਿਭੇੜ ਦਾ ਅਸਰ ਦੱਖਣੀ ਕੋਰੀਆ ਉੱਤੇ ਪੈਣਾ ਲਾਜ਼ਮੀਂ ਹੈ।

ਦੱਖਣੀ ਕੋਰੀਆ ਦੀ ਮਜਦੂਰ ਜਮਾਤ ਸਾਹਮਣੇ ਇਸ ਸਮੇਂ ਦੱਖਣੀ ਕੋਰੀਆ ਦੀਆਂ ਹਾਕਮ ਜਮਾਤਾਂ ਅਤੇ ਅਮਰੀਕੀ ਸਾਮਰਾਜ ਦੋ ਵੱਡੀਆਂ ਤਾਕਤਾਂ ਦੀ ਚੁਣੌਤੀ ਦਰਪੇਸ਼ ਹੈ। ਇਸ ਵੱਡੀ ਚੁਣੌਤੀ ਨੂੰ ਠੱਲ੍ਹਣ ਲਈ ਦੱਖਣੀ ਕੋਰੀਆ ਦੇ ਕਿਰਤੀ ਲੋਕਾਂ ਨੂੰ ਕੇਸੀਟੀਯੂ ਨੇ ਲੰਮੇ, ਵਿਸ਼ਾਲ ਅਤੇ ਸਾਂਝੇ ਸੰਘਰਸ਼ਾਂ ਦਾ ਸਹੀ ਰਾਹ ਦਿਖਾਇਆ ਹੈ।


ਸੰਪਰਕ : (438-924-2052)

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ