Thu, 18 April 2024
Your Visitor Number :-   6981878
SuhisaverSuhisaver Suhisaver

ਚਿੱਲੀ ਵਿਚ ਖੱਬੇ ਪੱਖ ਦਾ ਮੁੜ ਉਭਾਰ -ਮਨਦੀਪ

Posted on:- 05-01-2022

suhisaver

ਲਾਤੀਨੀ ਅਮਰੀਕੀ ਮੁਲਕ ਚਿੱਲੀ ਵਿਚ 1970 ਵਿਚ ਸਲਵਾਦੋਰ ਅਲੈਂਦੇ ਸਮਾਜਵਾਦੀ ਸਰਕਾਰ ਦੇ 28ਵੇਂ ਰਾਸ਼ਟਰਪਤੀ ਬਣੇ ਸਨ ਜਿਨ੍ਹਾਂ ਦੀ ਹੱਤਿਆ, ਅਮਰੀਕੀ ਸਹਾਇਤਾ ਪ੍ਰਾਪਤ ਜਨਰਲ ਅਗੁਸਤੋ ਪਿਨੋਸ਼ੇ ਨੇ ਫੌਜੀ ਤਖਤਾ ਪਲਟ ਦੌਰਾਨ ਕਰ ਦਿੱਤੀ ਸੀ। 1973 ਤੋਂ 1990 ਤੱਕ ਚਿੱਲੀ ਵਿਚ 17 ਸਾਲ ਫੌਜੀ ਤਾਨਾਸ਼ਾਹ ਰਾਜ ਰਿਹਾ। 1990 ਵਿਚ ਲੋਕਤੰਤਰ ਦੀ ਬਹਾਲੀ ਹੋਈ ਪਰ ਕੁੱਲ ਜਮ੍ਹਾਂ-ਜੋੜ ਵਿਚ ਦੱਖਣਪੰਥੀ ਸਰਕਾਰਾਂ ਦਾ ਹੀ ਬੋਲਬਾਲਾ ਰਿਹਾ। ਹੁਣ ਤੱਕ ਚਿੱਲੀ ਅੰਦਰ ਤਾਨਾਸ਼ਾਹੀ ਦੌਰ ਵੇਲੇ ਦਾ ਸੰਵਿਧਾਨ ਹੀ ਚੱਲ ਹੈ। ਹੁਣ ਚਿੱਲੀ ਦੀਆਂ ਤਾਜ਼ਾ ਰਾਸ਼ਟਰਪਤੀ ਚੋਣਾਂ ਵਿਚ 35 ਸਾਲਾ ਖੱਬੇ ਪੱਖੀ ਨੌਜਵਾਨ, ਵਿਦਿਆਰਥੀ ਆਗੂ ਗਾਬਰੀਅਲ ਬੋਰਿਸ਼ ਨੇ 56% ਵੋਟ ਹਾਸਲ ਕਰਕੇ ਦੱਖਣਪੰਥੀ ਜੋਸ ਅੰਤੋਨਿਓ ਕਾਸਟ ਨੂੰ ਹਰਾ ਕੇ ਇਤਿਹਾਸਕ ਜਿੱਤ ਪ੍ਰਾਪਤ ਕੀਤੀ ਹੈ। ਉਸ ਨੇ ਚਿੱਲੀ ਅੰਦਰ ਗਰੀਬੀ ਅਤੇ ਨਾ-ਬਰਾਬਰੀ ਲਈ ਦਹਾਕਿਆਂ ਪਹਿਲਾਂ ਦੱਖਣਪੰਥੀ ਤਾਨਾਸ਼ਾਹ ਅਗੁਸਤੋ ਪਿਨੋਸ਼ੇ ਦੀਆਂ ਸਾਮਰਾਜੀ ਪੱਖੀ ਮੁਕਤ ਬਾਜ਼ਾਰ ਆਰਥਿਕ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

2018 ਵਿਚ ਚਿੱਲੀ ਦੀਆਂ ਕੁਝ ਖੱਬੇ ਪੱਖੀ ਪਾਰਟੀਆਂ ਦੇ ਗੱਠਜੋੜ ਨਾਲ 'ਸਮਾਜਿਕ ਤਬਦੀਲੀ' ਨਾਮ ਦੀ ਸਾਂਝੀ ਪਾਰਟੀ ਹੋਂਦ ਵਿਚ ਆਈ ਸੀ। ਚਿੱਲੀ ਦੀ ਕਮਿਊਨਿਸਟ ਪਾਰਟੀ ਸਮੇਤ ਇਸ ਪਾਰਟੀ ਦੇ ਝੰਡੇ ਹੇਠ ਸੱਤਾ ਧਿਰ ਖਿਲਾਫ ਵਾਤਾਵਰਨ, ਖਣਨ ਨੀਤੀ, ਸਬਵੇਅ ਕਿਰਾਇਆਂ ਵਿਚ ਵਾਧਾ, ਗਰੀਬੀ ਤੇ ਨਾ-ਬਰਾਬਰੀ ਦੇ ਮੁੱਦਿਆਂ ਨੂੰ ਲੈ ਕੇ ਲਗਾਤਾਰ ਸੰਘਰਸ਼ ਚੱਲ ਰਿਹਾ ਸੀ। ਬੋਰਿਸ਼ ਇਸ ਸੰਘਰਸ਼ ਦਾ ਪਾਪੂਲਰ ਨੌਜਵਾਨ ਚਿਹਰਾ ਰਿਹਾ। ਉਹ 2006 ਦੇ ਵਿਦਿਆਰਥੀ ਅੰਦੋਲਨ ਜਿਸ ਨੂੰ ਚਿੱਲੀ ਵਿਚ 'ਪੈਗੂਇਨ ਕ੍ਰਾਂਤੀ' ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਦੇ ਜਾਰੀ ਰੂਪ ਵਜੋਂ 2011-13 ਦੇ ਬਹੁ-ਚਰਚਿਤ ਵਿਦਿਆਰਥੀ ਸੰਘਰਸ਼ ਦਾ ਆਗੂ ਰਿਹਾ। ਉਸ ਸਮੇਂ ਹੋਰ ਵਿਦਿਆਰਥੀ ਮੰਗਾਂ ਤੋਂ ਇਲਾਵਾ ਮੁਫ਼ਤ ਅਤੇ ਸਭ ਲਈ ਬਰਾਬਰ ਸਿੱਖਿਆ ਦੀ ਮੰਗ ਮੁੱਖ ਸੀ, ਤੇ ਇਹ ਮੰਗ ਮੌਜੂਦਾ ਚੋਣ ਮੁਹਿੰਮ ਦਾ ਵੀ ਹਿੱਸਾ ਸੀ। ਚਿੱਲੀ ਨੂੰ ਸਮਾਜਿਕ ਹੱਕ ਮੁਹੱਈਆ ਕਰਨ ਲਈ ਮੁਲਕ ਦੀ ਨਿੱਜੀ ਪੈਨਸ਼ਨ ਪ੍ਰਣਾਲੀ ਖਤਮ ਕਰਨ, 'ਸੁਪਰ ਅਮੀਰਾਂ' ਉੱਤੇ ਟੈਕਸ ਵਧਾਉਣ ਅਤੇ ਮੂਲ ਨਿਵਾਸੀਆਂ ਅਤੇ ਵਾਤਾਵਰਨ ਦੀ ਸੁਰੱਖਿਆ ਨੂੰ ਮਜ਼ਬੂਤ ਕਰਨਾ ਬੋਰਿਸ਼ ਦੀ ਚੋਣ ਮੁਹਿੰਮ ਦੇ ਮੁੱਖ ਮੁੱਦੇ ਸਨ।

ਦੂਜੇ ਪਾਸੇ, ਦੱਖਣਪੰਥੀ ਲੀਡਰ ਕਾਸਟ ਸੁਰੱਖਿਆ ਅਤੇ ਪਰਵਾਸ ਵਰਗੇ ਮੁੱਦਿਆਂ ਤੇ ਸਖਤ ਰੁਖ਼ ਨਾਲ ਚੱਲ ਰਿਹਾ ਸੀ। ਉਹ ਪਰਵਾਸੀਆਂ ਨੂੰ ਚਿੱਲੀ ਵਿਚ ਦਾਖਲ ਹੋਣ ਤੋਂ ਰੋਕਣ ਲਈ 'ਸੁਰੱਖਿਆ ਰੁਕਾਵਟ' ਦੀ ਮੰਗ ਕਰਦਾ ਰਿਹਾ। ਉਸ ਨੇ ਸਾਬਕਾ ਤਾਨਾਸ਼ਾਹ ਅਗੁਸਤੋ ਪਿਨੋਸ਼ੇ ਦੀ 'ਆਰਥਿਕ ਵਿਰਾਸਤ' ਦੀ ਪ੍ਰਸ਼ੰਸਾ ਕੀਤੀ ਅਤੇ ਟੈਕਸ ਨਿਯਮ ਘਟਾਉਣ ਲਈ ਮੁਹਿੰਮ ਚਲਾਈ।

ਚੋਣ ਜਿੱਤਣ ਤੋਂ ਬਾਅਦ ਬੋਰਿਸ਼ ਨੇ ਸਮਾਜਿਕ ਅਧਿਕਾਰਾਂ ਦਾ ਵਿਸਤਾਰ ਕਰਨ ਦਾ ਵਾਅਦਾ ਕਰਦਿਆਂ ਚਿੱਲੀ ਦੀ ਪੈਨਸ਼ਨ ਅਤੇ ਸਿਹਤ ਸੰਭਾਲ ਪ੍ਰਣਾਲੀ ਵਿਚ ਸੁਧਾਰ ਕਰਨ, ਕੰਮ ਦਾ ਹਫ਼ਤਾ 45 ਤੋਂ 40 ਘੰਟਿਆਂ ਤੱਕ ਘਟਾਉਣ, ਨਿਵੇਸ਼ ਨੂੰ ਉਤਸ਼ਾਹਤ ਕਰਕੇ ਇਸ ਵਿਚਲੀ ਅਸਮਾਨਤਾ ਹੱਲ ਕਰਨ, ਮੂਲ ਨਿਵਾਸੀਆਂ ਤੇ ਰਾਸ਼ਟਰੀ ਵਾਤਾਵਰਨ ਤਬਾਹ ਕਰ ਦੇਣ ਵਾਲੇ ਵਿਵਾਦਪੂਰਨ ਤਜਵੀਜ਼ਸ਼ੁਦਾ ਖਣਨ ਪ੍ਰਾਜੈਕਟ ਰੋਕਣ, ਔਰਤਾਂ ਦੀ ਸਰਕਾਰ ਵਿਚ ਬਰਾਬਰ ਹਿੱਸੇਦਾਰੀ ਬਣਾ ਕੇ ਪਿੱਤਰਸੱਤਾ ਨਕਾਰਨ, ਚਿੱਲੀ ਦੀ ਨਵ-ਉਦਾਰਵਾਦੀ ਮੁਕਤ ਬਾਜ਼ਾਰ ਦੀ ਆਰਥਿਕਤਾ ਤੇ ਰੋਕ ਲਗਾਉਣ, ਲੋਕਤੰਤਰ ਦੀ ਦੇਖਭਾਲ ਕਰਨ ਅਤੇ ਨਾ-ਬਰਾਬਰੀ ਤੇ ਗਰੀਬੀ ਖਤਮ ਕਰਨ ਦਾ ਐਲਾਨ ਕੀਤਾ ਹੈ। ਚਿੱਲੀ ਦੇ ਚੋਣ ਨਤੀਜੇ ਦੱਸਦੇ ਹਨ ਕਿ ਲੋਕਾਂ ਨੇ ਮੁਲਕ ਅੰਦਰ ਤਾਨਾਸ਼ਾਹੀ ਦੇ ਪ੍ਰਸ਼ੰਸਕ ਕਾਸਟ ਨੂੰ ਨਕਾਰਦਿਆਂ ਆਪਣੇ ਬੁਨਿਆਦੀ ਮੁੱਦਿਆਂ ਨੂੰ ਮਹੱਤਵ ਦਿੱਤਾ ਹੈ। ਇਸ ਤੋਂ ਇਲਾਵਾ ਬੋਰਿਸ਼ ਨੇ ਦਲੇਰਾਨਾ ਦਾਅਵਾ ਕੀਤਾ ਕਿ "ਜੇ ਚਿੱਲੀ ਨਵ-ਉਦਾਰਵਾਦ ਦਾ ਪੰਘੂੜਾ ਸੀ ਤਾਂ ਇਹ ਉਸ ਦੀ ਕਬਰ ਵੀ ਹੋਵੇਗਾ।"

ਇਸ ਜਿੱਤ ਨਾਲ ਜਿੱਥੇ ਲੋਕਾਂ ਅੰਦਰ ਆਸ ਦੀ ਨਵੀਂ ਕਿਰਨ ਦੇਖਣ ਨੂੰ ਮਿਲ ਰਹੀ ਹੈ, ਉੱਥੇ ਲਾਤੀਨੀ ਅਮਰੀਕਾ ਦੇ ਖੱਬੇ ਪੱਖੀਆਂ ਅੰਦਰ ਵੀ ਬਦਲ ਰਹੇ ਸਿਆਸੀ ਮੂਡ ਅਤੇ 'ਗੁਲਾਬੀ ਲਹਿਰ' ਦੀ ਅੰਗੜਾਈ ਬਾਰੇ ਹੁਲਾਸ ਹੈ। ਅਰਜਨਟੀਨਾ, ਪੇਰੂ, ਬੋਲੀਵੀਆ ਤੇ ਵੈਨੇਜ਼ੁਏਲਾ ਤੋਂ ਬਾਅਦ ਚਿੱਲੀ ਅੰਦਰ ਖੱਬਾ ਪੱਖ ਮਜ਼ਬੂਤ ਹੋਣਾ ਆਉਂਦੇ ਸਾਲ ਦੀਆਂ ਬਰਾਜ਼ੀਲ ਚੋਣਾਂ ਅੰਦਰ ਖੱਬੇ ਪੱਖੀਆਂ ਲਈ ਸਾਜ਼ਗਰ ਹੋ ਸਕਦਾ ਹੈ। ਲੂਲਾ ਦਿ ਸਿਲਵਾ ਬਰਾਜ਼ੀਲ ਦਾ ਵੱਡਾ ਖੱਬੇ ਪੱਖੀ ਲੀਡਰ ਹੈ ਅਤੇ ਬਰਾਜ਼ੀਲ ਦੇ ਲੋਕ ਦੱਖਣਪੰਥੀ ਜਾਇਰ ਬੋਲਸੋਨਾਰੋ ਦੀਆਂ ਨਵ-ਉਦਾਰਵਾਦੀ ਨੀਤੀਆਂ ਤੋਂ ਅੱਕੇ ਹੋਏ ਹਨ। ਕਿਊਬਾ, ਪੇਰੂ, ਕੋਲੰਬੀਆ ਸਮੇਤ ਬਾਕੀ ਲਾਤੀਨੀ ਮੁਲਕਾਂ ਦੀਆਂ ਖੱਬੇ ਪੱਖੀ ਸਰਕਾਰਾਂ ਨੇ ਜਿੱਥੇ ਬੋਰਿਸ਼ ਨੂੰ ਜਿੱਤ ਦੀਆਂ ਵਧਾਈਆਂ ਦੇ ਸੰਦੇਸ਼ ਭੇਜੇ ਹਨ, ਉੱਥੇ ਵਪਾਰਕ ਸੰਬੰਧ ਵਧਾਉਣ ਅਤੇ ਸਾਥ ਦੇਣ ਦਾ ਭਰੋਸਾ ਵੀ ਦਿੱਤਾ ਹੈ।

ਲਾਤੀਨੀ ਅਮਰੀਕੀ ਮੁਲਕਾਂ ਅੰਦਰ ਦਹਾਕਿਆਂ ਤੋਂ ਸਾਮਰਾਜੀ ਵਿੱਤੀ ਸਰਮਾਏ ਦੀ ਚੌਧਰ ਰਹੀ ਹੈ। ਖੱਬੇ ਪੱਖੀਆਂ ਲਈ ਚੋਣਾਂ ਜਿੱਤਣ ਤੋਂ ਬਾਅਦ ਹੋਰ ਵੀ ਵੱਡੀ ਚੁਣੌਤੀ ਖੜ੍ਹੀ ਹੁੰਦੀ ਰਹੀ ਹੈ। ਪੱਛੜੀ ਆਰਥਿਕਤਾ ਵਾਲੇ ਇਹ ਮੁਲਕ ਜਿੱਥੇ ਕੌਮਾਂਤਰੀ ਮੁਦਰਾ ਫੰਡ ਅਤੇ ਸੰਸਾਰ ਵਪਾਰ ਸੰਸਥਾ ਵਰਗੀਆਂ ਅਮਰੀਕੀ ਵਿੱਤੀ ਸੰਸਥਾ ਦੇ ਕਰਜ਼ ਬੋਝ ਹੇਠ ਫਸੇ ਹੋਏ ਹਨ, ਉੱਥੇ ਇਨ੍ਹਾਂ ਦੀ ਆਰਥਿਕਤਾ ਵੱਡੀਆਂ ਸਾਮਰਾਜੀ ਬਹੁਕੌਮੀ ਕਾਰਪੋਰੇਸ਼ਨਾਂ ਅਤੇ ਵਿਦੇਸ਼ੀ ਨਿਵੇਸ਼ ਨਾਲ ਬੱਝੀ ਹੋਈ ਹੈ, ਤੇ ਇਹ ਵੱਡੇ ਆਰਥਿਕ-ਸਿਆਸੀ ਦਾਬੇ ਹੇਠ ਪਿਸ ਰਹੇ ਹਨ। ਬੋਰਿਸ਼ ਦੀ ਜਿੱਤ ਤੋਂ ਬਾਅਦ ਚਿੱਲੀ ਦੀ ਕਰੰਸੀ ਪੇਸੋ ਅਮਰੀਕੀ ਡਾਲਰ ਦੇ ਮੁਕਾਬਲੇ ਰਿਕਾਰਡ ਹੇਠਲੇ ਪੱਧਰ ਤੇ ਡਿੱਗ ਗਈ, ਸਟਾਕ ਮਾਰਕੀਟ 10% ਡਿੱਗ ਗਈ, ਮਾਈਨਿੰਗ ਸਟਾਕਾਂ ਨੇ ਬੇਹੱਦ ਬੁਰਾ ਪ੍ਰਦਰਸ਼ਨ ਕੀਤਾ। ਨਿਵੇਸ਼ਕ ਸਥਿਰਤਾ ਨੂੰ ਲੈ ਕੇ ਫ਼ਿਕਰਮੰਦ ਹਨ। ਉਹ ਸੋਚਦੇ ਹਨ ਕਿ ਉੱਚ ਟੈਕਸਾਂ ਅਤੇ ਕਾਰੋਬਾਰ ਦੇ ਸਖ਼ਤ ਸਰਕਾਰੀ ਨਿਯਮਾਂ ਦੇ ਨਤੀਜੇ ਵਜੋਂ ਉਨ੍ਹਾਂ ਦੇ ਮੁਨਾਫੇ ਨੂੰ ਨੁਕਸਾਨ ਹੋਵੇਗਾ। ਇਸ ਨਾਲ ਨਿਵੇਸ਼ ਪ੍ਰਭਾਵਿਤ ਹੋ ਰਿਹਾ ਹੈ ਅਤੇ ਬੇਰੁਜ਼ਗਾਰੀ ਵਧਣ, ਆਮਦਨ ਘਟਣ ਅਤੇ ਮਹਿੰਗਾਈ ਤੇ ਗਰੀਬੀ ਵਧਣ ਦੇ ਅਨੁਮਾਨ ਲਗਾਏ ਜਾ ਰਹੇ ਹਨ। ਅਮਰੀਕਾ ਵੱਲੋਂ ਆਰਥਿਕ ਤੇ ਵਪਾਰਕ ਰੋਕਾਂ ਲਗਾਉਣ ਅਤੇ ਉਸ ਦੀਆਂ ਵਿੱਤੀ ਸੰਸਥਾਵਾਂ ਵੱਲੋਂ ਕਰਜ਼ ਮੋੜਨ ਦੇ ਦਬਾਅ ਨਵੀਂ ਸਰਕਾਰ ਅੱਗੇ ਚੁਣੌਤੀਆਂ ਖੜ੍ਹੀਆਂ ਕਰ ਸਕਦੇ ਹਨ। ਇਹੀ ਹਸ਼ਰ ਪਹਿਲਾਂ ਅਰਜਨਟੀਨਾ ਅਤੇ ਬਾਅਦ ਵਿਚ ਵੈਨੇਜ਼ੁਏਲਾ ਅੰਦਰ ਵਾਪਰ ਚੁੱਕਾ ਹੈ। ਇਨ੍ਹਾਂ ਦੋਵਾਂ ਦੇਸ਼ਾਂ ਅੰਦਰ ਖੱਬੇ ਪੱਖੀ ਸਰਕਾਰਾਂ ਹੋਂਦ ਵਿਚ ਆਉਣ ਤੋਂ ਬਾਅਦ ਸਾਲ ਦੇ ਅੰਦਰ ਅੰਦਰ ਆਰਥਿਕਤਾ ਨੂੰ ਪੰਗੂ ਬਣਾ ਦਿੱਤਾ ਗਿਆ ਅਤੇ ਇਹ ਦੋਵੇਂ ਦੇਸ਼ ਬੁਰੀ ਤਰ੍ਹਾਂ ਆਰਥਿਕ ਸੰਕਟ ਵਿਚ ਘਿਰ ਗਏ ਸਨ। ਸਾਮਰਾਜੀ ਸਰਮਾਇਆ ਇਹੀ ਖੇਡ ਚਿੱਲੀ ਅੰਦਰ ਵੀ ਖੇਡੇਗਾ। ਚਿੱਲੀ ਦੀ ਆਰਥਿਕਤਾ ਦੀ ਰੀੜ੍ਹ ਤਾਂਬਾ ਬਰਾਮਦ ਹੈ ਜੋ ਚਿੱਲੀ ਦੀ ਕੁੱਲ ਘਰੇਲੂ ਪੈਦਾਵਾਰ ਦਾ 20% ਬਣਦਾ ਹੈ। ਇਹ ਬਰਾਮਦ ਸੰਸਾਰ ਮੰਡੀ ਨਾਲ ਜੁੜੀ ਹੋਈ ਹੈ। ਸੰਸਾਰ ਮੰਡੀ ਵਿਚ ਤਾਂਬੇ ਦੀਆਂ ਕੀਮਤਾਂ ਵਿਚ ਆਇਆ ਉਤਰਾਅ-ਚੜ੍ਹਾਅ ਚਿੱਲੀ ਦੀ ਆਰਥਿਕਤਾ ਉੱਤੇ ਆਪਣਾ ਚੰਗਾ-ਮਾੜਾ ਪ੍ਰਭਾਵ ਪਾਉਂਦਾ ਹੈ। ਸਾਮਰਾਜੀ ਏਕਾਧਿਕਾਰ ਸੰਸਾਰ ਮੰਡੀ ਵਿਚ ਤਾਂਬੇ ਦੀਆਂ ਕੀਮਤਾਂ ਕੰਟਰੋਲ ਕਰਦਾ ਹੈ। ਨਤੀਜੇ ਵਜੋਂ ਚਿੱਲੀ ਵਿਚੋਂ ਸਾਮਰਾਜੀ ਚੌਧਰ ਅੱਗੇ ਉੱਠੀ ਨਵੀਂ ਵੰਗਾਰ ਨੂੰ ਇਸ ਦੀ ਕੀਮਤ ਚੁਕਾਉਣੀ ਪੈ ਸਕਦੀ ਹੈ। ਅਮਰੀਕੀ ਸਾਮਰਾਜੀ ਪ੍ਰਭਾਵ ਵਾਲੇ ਮੁਲਕ ਵਿਚ ਖੱਬੇ ਪੱਖ ਦੇ ਉਭਾਰ ਨੂੰ ਅਮਰੀਕਾ ਆਪਣੀ ਸਿਆਸੀ ਚੌਧਰ ਦੇ ਖੋਰੇ ਦੇ ਨਾਲ ਨਾਲ ਆਪਣੀ ਮੰਡੀ ਅਤੇ ਮੁਨਾਫ਼ੇ ਲਈ ਵੀ ਚੁਣੌਤੀ ਸਮਝਦਾ ਹੈ।

ਅਮਰੀਕਾ ਨੇ ਚਿੱਲੀ ਅੰਦਰ ਮਹਿੰਗੇ ਕਰਜ਼ੇ, ਅਸਾਵੇਂ ਵਪਾਰ, ਅਸਾਵੇਂ ਮੁਦਰਾ ਤਬਾਦਲੇ ਅਤੇ ਵਪਾਰ ਰਾਹੀਂ ਅੰਨ੍ਹੀ ਲੁੱਟ-ਖਸੁੱਟ ਕੀਤੀ ਹੈ। ਸਿੱਟੇ ਵਜੋਂ ਕਰਜ਼ ਜਾਲ ਵਿਚ ਫਸੇ ਲੋਕਾਂ ਨੂੰ ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਤੇ ਮਹਿੰਗਾਈ ਦਾ ਸਾਹਮਣਾ ਕਰਨਾ ਪਿਆ। ਕੁਝ ਦਹਾਕਿਆਂ ਤੋਂ ਅਮਰੀਕੀ ਸਾਮਰਾਜ ਨੇ ਆਰਥਿਕ ਸੁਧਾਰਾਂ ਦੇ ਨਾਮ ਹੇਠ ਆਪਣੀਆਂ ਪਿੱਠੂ ਸਰਕਾਰਾਂ ਰਾਹੀਂ ਚਿੱਲੀ ਅੰਦਰ ਉਸਰੇ ਪਬਲਿਕ ਸੈਕਟਰ ਨੂੰ 'ਘਾਟੇਵੰਦਾ' ਤੇ 'ਚਿੱਟਾ ਹਾਥੀ' ਕਹਿ ਕੇ ਭੰਡਿਆ। ਹੌਲੀ ਹੌਲੀ ਪਬਲਿਕ ਸੈਕਟਰ ਤੋੜ ਕੇ ਅਨੇਕਾਂ ਜਨਤਕ ਸੇਵਾਵਾਂ ਦਾ ਭੋਗ ਪਾ ਦਿੱਤਾ ਅਤੇ ਇਸ ਨੂੰ ਕੌਡੀਆਂ ਦੇ ਭਾਅ ਪ੍ਰਾਈਵੇਟ ਦੇਸੀ ਵਿਦੇਸ਼ੀ ਕੰਪਨੀਆਂ ਹਵਾਲੇ ਕਰ ਦਿੱਤਾ। ਲਾਤੀਨੀ ਅਮਰੀਕਾ ਦੇ ਬਾਕੀ ਮੁਲਕਾਂ ਵਾਂਗ ਚਿੱਲੀ ਨਵ-ਉਦਾਰਵਾਦੀ ਨੀਤੀਆਂ ਦੀ ਪ੍ਰਯੋਗਸ਼ਾਲਾ ਰਿਹਾ ਹੈ। ਭਾਰਤ ਵਿਚ ਤਿੰਨ ਖੇਤੀ ਕਾਨੂੰਨ ਵੀ ਨਵ-ਉਦਾਰਵਾਦੀ ਨੀਤੀਆਂ ਦੀ ਹੀ ਦੇਣ ਸਨ। ਜਿੰਨੀ ਤੀਬਰਤਾ ਨਾਲ ਨਵ-ਉਦਾਰਵਾਦੀ ਹਮਲਿਆਂ ਦੀ ਮਾਰ ਅੱਜ ਭਾਰਤ ਸਹਿ ਰਿਹਾ ਹੈ, ਚਿੱਲੀ ਦੇ ਲੋਕਾਂ ਨੇ ਪੰਜ ਦਹਾਕਿਆਂ ਤੋਂ ਵੱਧ ਸਮੇਂ ਤੋਂ ਇਸ ਨੂੰ ਆਪਣੇ ਪਿੰਡੇ ਉਪਰ ਹੰਢਾਇਆ ਹੈ।

ਇਸ ਵਕਤ ਬੋਰਿਸ਼ ਸਰਕਾਰ ਅੱਗੇ ਵੱਡੀਆਂ ਚੁਣੌਤੀਆਂ ਹਨ: ਮੁਫ਼ਤ ਸਿੱਖਿਆ ਤੇ ਸਿਹਤ, ਤਾਨਾਸ਼ਾਹ ਪਿਨੋਸ਼ੇ ਦੇ ਦੌਰ ਦਾ ਪੁਰਾਣਾ ਸੰਵਿਧਾਨ ਬਲਦ ਕੇ ਨਵਾਂ ਸੰਵਿਧਾਨ ਬਣਾਉਣਾ, ਵਿਵਾਦਪੂਰਨ ਤਜਵੀਜ਼ਸ਼ੁਦਾ ਖਣਨ ਪ੍ਰਾਜੈਕਟ ਰੋਕਣਾ ਅਤੇ ਆਰਥਿਕ ਵਿਕਾਸ ਦੇ ਮਾਰਗ ਤੇ ਚੱਲਦਿਆਂ ਆਰਥਿਕ ਸਥਿਰਤਾ ਕਾਇਮ ਕਰਨਾ। ਇਸ ਤੋਂ ਬਿਨਾ ਗਰੀਬੀ ਅਤੇ ਨਾ-ਬਰਾਬਰੀ ਖਤਮ ਕਰਨਾ ਵੀ ਦੋ ਵੱਡੇ ਮੁੱਦੇ ਹਨ ਜਿਨ੍ਹਾਂ ਦੁਆਲੇ ਚੋਣ ਮੁਹਿੰਮ ਚਲਾਈ ਗਈ ਸੀ। ਚਿੱਲੀ ਵਿਚ ਨਾ-ਬਰਾਬਰੀ ਦੀ ਇੰਤਹਾ ਹੈ। ਸੰਯੁਕਤ ਰਾਸ਼ਟਰ ਅਨੁਸਾਰ ਲਾਤੀਨੀ ਅਮਰੀਕਾ ਵਿਚੋਂ ਦੁਨੀਆ ਦਾ ਸਭ ਤੋਂ ਵੱਡਾ ਆਮਦਨੀ ਪਾੜਾ ਚਿੱਲੀ ਵਿਚ ਹੈ। ਮੁਲਕ ਵਿਚ 1% ਆਬਾਦੀ ਮੁਲਕ ਦੀ 25% ਦੌਲਤ ਦੀ ਮਾਲਕ ਹੈ। ਚਿੱਲੀ ਵੱਡੇ ਕਰਜ਼ ਬੋਝ ਹੇਠ ਹੈ। ਸੈਂਟਰਲ ਬੈਂਕ ਆਫ ਚਿੱਲੀ ਦੇ ਪਿਛਲੇ ਸਾਲ ਦੇ ਸਰਵੇਖਣ ਅਨੁਸਾਰ ਤਿੰਨ ਚੌਥਾਈ ਆਬਾਦੀ ਭਾਰੀ ਕਰਜ਼ੇ ਹੇਠ ਹੈ। ਜਨਤਕ ਸਿੱਖਿਆ ਅਤੇ ਸਿਹਤ ਸੇਵਾਵਾਂ ਢਹਿ-ਢੇਰੀ ਹੋ ਗਈਆਂ ਹਨ। ਇਸ ਹਾਲਤ ਵਿਚ ਸੁਧਾਰ ਬੋਰਿਸ਼ ਸਰਕਾਰ ਲਈ ਵੱਡੀ ਚੁਣੌਤੀ ਹੈ। ਚਿੱਲੀ ਦੀ ਆਰਥਿਕਤਾ ਨੂੰ ਠੁੰਮਣਾ ਦੇਣ ਲਈ ਜੇ ਬੋਰਿਸ਼ ਸਰਕਾਰ ਵਿਦੇਸ਼ੀ ਨਿਵੇਸ਼ ਅਨੁਕੂਲ ਨੀਤੀਆਂ ਬਣਾਉਂਦੀ ਹੈ ਤਾਂ ਨਿਵੇਸ਼ਕਾਂ ਨੂੰ ਟੈਕਸ ਛੋਟਾਂ ਦੇਣੀਆਂ ਪੈਣਗੀਆਂ। ਇਸ ਲਈ ਨਿਵੇਸ਼ਕਾਂ ਉੱਤੇ ਟੈਕਸ ਕਟੌਤੀ ਵੱਡੀ ਸਮੱਸਿਆ ਖੜ੍ਹੀ ਕਰੇਗੀ ਕਿਉਂਕਿ ਬੋਰਿਸ਼ ਦਾ ਦਾਅਵਾ ਸੁਪਰ ਅਮੀਰਾਂ ਉੱਤੇ ਟੈਕਸ ਵਧਾਉਣ ਦਾ ਹੈ। ਦੂਜੇ ਪਾਸੇ, ਜੇ ਇਹ ਟੈਕਸ ਵਧਾਏ ਜਾਂਦੇ ਹਨ ਤਾਂ ਵਿਦੇਸ਼ੀ ਨਿਵੇਸ਼ਕ ਚਿੱਲੀ ਵਿਚ ਨਿਵੇਸ਼ ਕਰਨ ਤੋਂ ਕਤਰਾਉਣਗੇ। ਇਸ ਸੂਰਤ ਵਿਚ ਨਵੀਂ ਸਰਕਾਰ ਨੂੰ ਸਵੈ-ਨਿਰਭਰ ਆਰਥਿਕਤਾ ਦੇ ਔਖੇ ਪੈਂਡੇ ਉੱਤੇ ਚੱਲਣਾ ਹੋਵੇਗਾ ਜਿਸ ਲਈ ਮਹੱਤਵਪੂਰਨ ਉਦਯੋਗਾਂ, ਬੈਂਕਾਂ ਅਤੇ ਹੋਰ ਵਪਾਰਕ ਕੇਂਦਰਾਂ ਦੇ ਕੌਮੀਕਰਨ ਦਾ ਵੱਡਾ ਫੈਸਲਾ ਕਰਨਾ ਪਵੇਗਾ। ਇਸ ਤੋਂ ਬਿਨਾ ਨਵੀਂ ਖੱਬੇ ਪੱਖੀ ਬੋਰਿਸ਼ ਸਰਕਾਰ ਲੋਕਾਂ ਦੇ ਵਾਅਦਿਆਂ ਉੱਤੇ ਖਰੀ ਨਹੀਂ ਉੱਤਰ ਸਕਦੀ। ਨਵੀਂ ਸਰਕਾਰ ਨੂੰ ਅਮਰੀਕੀ ਸਾਮਰਾਜ, ਚਿੱਲੀ ਅਤੇ ਗਆਂਢੀ ਮੁਲਕਾਂ ਦੀਆਂ ਦੱਖਣਪੰਥੀ ਤਾਕਤਾਂ ਦੇ ਵਿਰੋਧ ਦਾ ਸਾਹਮਣਾ ਕਰਨ ਲਈ ਵੀ ਤਿਆਰ ਰਹਿਣਾ ਹੋਵੇਗਾ।

ਦੱਖਣੀ ਅਮਰੀਕੀ ਮੁਲਕਾਂ ਦੀ ਸਾਮਰਾਜੀ ਵਿਰੋਧੀ ਸੰਘਰਸ਼ ਦੀ ਆਪਣੀ ਸ਼ਾਨਾਮੱਤੀ ਵਿਰਾਸਤ ਹੈ। ਚੇ ਗੁਵੇਰਾ ਲਾਤੀਨੀ ਸਮਾਜ ਦਾ ਵੱਡਾ ਇਨਕਲਾਬੀ ਨੌਜਵਾਨ ਨਾਇਕ ਹੈ। ਇਸ ਤੋਂ ਬਿਨਾ ਅਮਰੀਕੀ ਸਾਮਰਾਜ ਨਾਲ ਟੱਕਰ ਲੈਣ ਵਾਲਿਆਂ ਵਿਚੋਂ ਕਿਊਬਾ ਦਾ ਫੀਦਲ ਕਾਸਤਰੋ, ਵੈਨੇਜ਼ੁਏਲਾ ਦਾ ਹਿਊਗੋ ਸ਼ਾਵੇਜ਼, ਪੇਰੂ ਦਾ ਆਗੂ ਗੰਜ਼ਾਲੋ, ਚਿੱਲੀ ਦਾ ਸਲਵਾਦੋਰ ਅਲੈਂਦੇ ਆਦਿ ਕੌਮੀ ਮੁਕਤੀ ਲਹਿਰ ਦੇ ਵੱਡੇ ਖੱਬੇ ਪੱਖੀ ਆਗੂ ਸਨ। ਗਾਬਰੀਅਲ ਬੋਰਿਸ਼ ਇਸੇ ਵਿਰਾਸਤ ਦੀ ਪੈਦਾਇਸ਼ ਹੈ ਅਤੇ ਉਸ ਦੀ ਜਿੱਤ ਚਿੱਲੀ ਦੇ ਲੋਕਾਂ ਦੁਆਰਾ ਨਵ-ਉਦਾਰਵਾਦੀ ਨੀਤੀਆਂ ਉੱਤੇ ਦਿੱਤਾ ਸਿੱਧਾ ਪ੍ਰਤੀਕਰਮ ਹੈ। ਲਾਤੀਨੀ ਅਮਰੀਕਾ ਦੇ ਇਨ੍ਹਾਂ ਮੁਲਕਾਂ ਦਾ ਸਾਮਰਾਜ ਵਿਰੋਧੀ ਆਮ ਰੁਝਾਨ ਰਿਹਾ ਹੈ। ਇਉਂ ਚਿੱਲੀ ਅੰਦਰ ਸਾਮਰਾਜ ਅਤੇ ਉਸ ਦੀਆਂ ਨਵ-ਉਦਾਰਵਾਦੀ ਨੀਤੀਆਂ ਨੂੰ ਪਿਛਲਮੋੜਾ ਦੇਣ ਲਈ ਖੱਬੇ ਪੱਖੀ ਕਾਂਗ ਦਾ ਉਭਾਰ ਹਾਂ-ਪੱਖੀ ਵਰਤਾਰਾ ਹੈ।



1973: ਵਤਨ ਨੂੰ ਫਿਰ ਧੋਖਾ ਦੇ ਦਿੱਤਾ ਸੀ...

ਚਿੱਲੀ ਵਿਚ 1970 ਦੀਆਂ ਰਾਸ਼ਟਰਪਤੀ ਚੋਣਾਂ ਸਮੇਂ ਸੰਸਾਰ ਪ੍ਰਸਿੱਧ ਕਵੀ ਪਾਬਲੋ ਨੇਰੂਦਾ, ਵਿਕਟਰ ਜਾਰਾ ਅਤੇ ਸਲਵਾਦੋਰ ਅਲੈਂਦੇ ਤਿੰਨ ਹਰਮਨ ਪਿਆਰੇ ਖੱਬੇ ਪੱਖੀ ਚਿਹਰੇ ਸਨ। ਉਸ ਵਕਤ ਪਾਬਲੋ ਨੇਰੂਦਾ ਰਾਸ਼ਟਰਪਤੀ ਅਹੁਦੇ ਦੇ ਮੁੱਖ ਦਾਅਵੇਦਾਰ ਸਨ ਪਰ ਉਨ੍ਹਾਂ ਆਪਣੀ ਇਹ ਦਾਅਵੇਦਾਰੀ ਆਪਣੇ ਮਿੱਤਰ ਸਲਵਾਦੋਰ ਅਲੈਂਦੇ ਨੂੰ ਸੌਂਪ ਦਿੱਤੀ। ਜਿੱਤ ਤੋਂ ਬਾਅਦ ਅਲੈਂਦੇ ਸਰਕਾਰ ਨੇ ਨਵ-ਉਦਾਰਵਾਦੀ ਨੀਤੀਆਂ ਦੇ ਉਲਟ ਸਿਹਤ, ਸਿੱਖਿਆ, ਖੇਤੀਬਾੜੀ ਤੇ ਉਦਯੋਗਿਕ ਖੇਤਰ ਵਿਚ ਕਈ ਇਨਕਲਾਬੀ ਸੁਧਾਰ ਕੀਤੇ। ਅਮਰੀਕੀ ਸ਼ਹਿ ਪ੍ਰਾਪਤ ਫੌਜੀ ਜਨਰਲ ਪਿਨੋਸ਼ੇ ਨੇ ਚਿੱਲੀ ਵਿਚ ਭਿਆਨਕ ਕਤਲੇਆਮ ਰਚਾ ਕੇ ਨਵੀਂ ਸਮਾਜਵਾਦੀ ਸਰਕਾਰ ਦਾ ਤਖਤਾ ਪਲਟ ਦਿੱਤਾ। 11 ਸਤੰਬਰ 1973 ਨੂੰ ਰਾਸ਼ਟਰਪਤੀ ਸਲਵਾਦੋਰ ਅਲੈਂਦੇ ਦੀ ਰਿਹਾਇਸ਼ ਉੱਤੇ ਬੰਬਾਰੀ ਕਰਕੇ ਉਸ ਦਾ ਭੇਤਭਰੀ ਹਾਲਤ ਵਿਚ ਕਤਲ ਕਰ ਦਿੱਤਾ ਗਿਆ। ਉਸ ਦੇ ਹਜ਼ਾਰਾਂ ਸਮਰਥਕਾਂ ਨੂੰ ਭੇਤਭਰੇ ਹਾਲਤ ਵਿਚ ਕਤਲ ਅਤੇ ਹਜ਼ਾਰਾਂ ਨੂੰ ਜੇਲ੍ਹਾਂ ਵਿਚ ਡੱਕ ਦਿੱਤਾ ਗਿਆ। ਸੱਤਾ ਹਥਿਆਉਣ ਤੋਂ ਬਾਰਾਂ ਦਿਨਾਂ ਬਾਅਦ (23 ਸਤੰਬਰ 1973) ਪਿਨੋਸ਼ੇ ਦੇ ਗੁਰਗਿਆਂ ਨੇ ਪਾਬਲੋ ਨੇਰੂਦਾ ਨੂੰ ਮਾਰ ਦਿੱਤਾ। ਵਿਕਟਰ ਜਾਰਾ ਨੂੰ ਚਿੱਲੀ ਦੇ ਇਕ ਸਟੇਡੀਅਮ ਵਿਚ ਬੰਦੀ ਬਣਾਏ ਪੰਜ ਹਜ਼ਾਰ ਕੈਦੀਆਂ ਸਾਹਮਣੇ ਗੋਲੀਆਂ ਮਾਰ ਕੇ ਮਾਰ ਦਿੱਤਾ। ... ਅਲੈਂਦੇ ਦੇ ਕਤਲ ਬਾਰੇ ਪਾਬਲੋ ਨੇਰੂਦਾ ਨੇ ਲਿਖਿਆ ਸੀ, "ਸਲਵਾਦੋਰ ਅਲੈਂਦੇ (ਰਾਸ਼ਟਰਪਤੀ) ਉਨ੍ਹਾਂ (ਅਮਰੀਕਾ ਦੀ ਸ਼ਹਿ ਤੇ ਬਗ਼ਾਵਤ ਕਰ ਰਹੀਆਂ ਫ਼ੌਜਾਂ) ਦਾ ਆਪਣੇ ਦਫ਼ਤਰ ਵਿਚ ਇੰਤਜ਼ਾਰ ਕਰ ਰਿਹਾ ਸੀ। ਉਸ ਦੇ ਵੱਡੇ ਦਿਲ ਤੋਂ ਬਿਨਾ ਉਸ ਦਾ ਕੋਈ ਹੋਰ ਸਾਥੀ ਨਹੀਂ ਸੀ। ਉਹ ਅੱਗ ਦੀਆਂ ਲਾਟਾਂ ਤੇ ਧੂੰਏਂ ਨਾਲ ਘਿਰਿਆ ਹੋਇਆ ਸੀ। ਉਸ (ਅਲੈਂਦੇ) ਨੂੰ ਮਸ਼ੀਨਗੰਨ ਨਾਲ ਗੋਲੀਆਂ ਮਾਰ ਕੇ ਮਾਰਨਾ ਪਿਆ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਉਹਨੇ ਕਦੇ ਵੀ ਅਸਤੀਫ਼ਾ ਨਹੀਂ ਦੇਣਾ। ਉਸ ਦੀ ਮ੍ਰਿਤਕ ਦੇਹ ਨੂੰ ਲੁਕਾ ਛਿਪਾ ਕੇ ਕਿਸੇ ਗੁਮਨਾਮ ਥਾਂ ਤੇ ਦਫ਼ਨ ਕਰ ਦਿੱਤਾ ਗਿਆ। ਲਾਸ਼ ਦੇ ਪਿੱਛੇ ਇਕ ਔਰਤ ਸੀ ਜਿਸ ਦੇ ਦਿਲ ਵਿਚ ਸਾਰੀ ਦੁਨੀਆ ਦਾ ਗ਼ਮ ਸੀ। ਚਿੱਲੀ ਦੇ ਫ਼ੌਜੀਆਂ ਜਿਨ੍ਹਾਂ ਆਪਣੇ ਵਤਨ ਨੂੰ ਫਿਰ ਧੋਖਾ ਦੇ ਦਿੱਤਾ ਸੀ, ਨੇ ਉਸ ਪ੍ਰਤਾਪੀ ਮ੍ਰਿਤਕ ਸਰੀਰ ਦੇ ਚੀਥੜੇ ਚੀਥੜੇ ਕਰ ਦਿੱਤੇ ਸਨ।"

ਸੰਪਰਕ (ਵ੍ਹੱਟਸਐਪ): +54-9381-338-9246

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ