Fri, 19 April 2024
Your Visitor Number :-   6984898
SuhisaverSuhisaver Suhisaver

ਪੰਜਾਬ ਸੰਤਾਪ ਤੋਂ ਬਾਹਰ ਆਉਣ ਦੀ ਲੋੜ - ਰਘਬੀਰ ਸਿੰਘ

Posted on:- 09-06-2014

suhisaver

ਪਿਛਲ਼ੀ ਸਦੀ ਦੇ ਅਖੀਰਲੇ ਦੋ ਦਹਾਕਿਆਂ ਵਿਚ ਪੰਜਾਬ ਜਿਸ ਸੰਤਾਪ ਵਿਚੋਂ ਲੰਘਿਆ, ਉਸਦੀ ਯਾਦ ਭੁਲਾ ਸਕਣੀ ਬਿਲਕੁਲ ਸੰਭਵ ਨਹੀਂ। ਇਸ ਤ੍ਰਾਸਦਕ ਵਰਤਾਰੇ ਦੇ ਵਿਸ਼ਲੇਸ਼ਨ ਦੇ ਨਾਂ ‘ਤੇ ਅਖਬਾਰਾਂ ਰਾਹੀਂ ਅਤੇ ਪੁਸਤਕਾਂ ਦੇ ਰੂਪ ਵਿਚ ਬਹੁਤ ਕੁਝ ਛਪ ਰਿਹਾ ਹੈ ਅਤੇ ਦੂਜੇ ਸੰਚਾਰ ਸਾਧਨਾਂ ਰਾਹੀਂ ਵੀ ਬੜਾ ਕੁਝ ਕਿਹਾ ਸੁਣਿਆ ਤੇ ਵਿਖਾਇਆ ਜਾ ਰਿਹਾ ਹੈ। ਸੰਤਾਪ ਲਈ ਕਿਹੜੀਆਂ ਕਿਹੜੀਆਂ ਧਿਰਾਂ ਜ਼ਿੰਮੇਵਾਰ ਸਨ, ਕੌਣ ਜ਼ੁਲਮ ਢਾਹੁਣ ਤੇ ਦਵੈਖ ਫੈਲਾਉਣ ਦਾ ਦੋਸ਼ੀ ਸੀ, ਅਤੇ ਕੌਣ ਇਸ ਦਾ ਸ਼ਿਕਾਰ, ਇਸ ਬਾਰੇ ਵੱਖ ਵੱਖ ਦ੍ਰਿਸ਼ਟੀਕੋਣਾਂ ਤੋਂ ਚਰਚਾ ਹੁੰਦੀ ਆ ਰਹੀ ਹੈ। ਇਹਨਾਂ ਵਰ੍ਹਿਆਂ ਵਿਚ ਪੰਜਾਬੀ ਲੋਕਾਂ ਨੂੰ ਏਨੀ ਦੋਹਰੀ ਮਾਰ ਸਹਿਣੀ ਪਈ ਕਿ ਇਹ ਪ੍ਰਭਾਵ ਬਣਿਆ, ਜਿਵੇਂ ਇਸ ਨੇ ਸੰਤਾਲੀ ਦੇ ਬਟਵਾਰੇ ਦੇ ਅਣਮਨੁੱਖੀ ਵਰਤਾਰੇ ਦੇ ਦਿਨਾਂ ਨੂੰ ਜੇ ਮਾਤ ਨਹੀਂ ਵੀ ਪਾਇਆ ਤਾਂ ਦੁਹਰਾ ਅਵੱਸ ਦਿੱਤਾ ਹੋਵੇ। ਉਦੋਂ ਮਜ਼ਹਬੀ ਜਨੂੰਨ ਨੇ ਸਦੀਆਂ ਦੇ ਭਰੱਪਣ ਵਾਲੇ ਸਾਂਝੇ ਭਾਈਚਾਰੇ ਨੂੰ ਇਕ ਦਮ ਤਹਿਸ ਨਹਿਸ ਕਰਕੇ ਰੱਖ ਦਿੱਤਾ ਸੀ।

ਸੰਤਾਲੀ ਦਾ ਦੁਖਾਂਤ ਪੰਜਾਬ ਦੀਆਂ ਹੱਦਾ ਸਰਹੱਦਾਂ ਟੱਪ ਕੇ ਆਪਣਾ ਭਿਆਨਕ ਜਲਵਾ ਬਹੁਤ ਦੂਰ ਤਕ ਵਿਖਾ ਚੁੱਕਿਆ ਸੀ। ਇਹੀ ਸਾਰਾ ਕੁਝ ਪੰਜਾਬ ਸੰਤਾਪ ਵਾਲੇ ਵਰ੍ਹਿਆਂ ਵਿਚ ਵਾਪਰਿਆ, ਜਦੋਂ ਅੰਨੀ ਸੱਤਾ ਅਤੇ ਇਸਦੇ ਤਥਾ-ਕਥਿਤ ਵਿਰੋਧੀ ਦੋਵੇਂ ਲੜਦੇ ਹੋਏ ਜਾਂ ਸ਼ਾਇਦ ਇਕ ਖੇਡ ਖੇਡਦੇ ਹੋਏ ਆਪਣੇ ਕੀ ਕੁਝ ਸੰਵਾਰ ਜਾਂ ਵਿਗਾੜ ਰਹੇ ਸਨ, ਇਸ ਬਾਰੇ ਤਾਂ ਸ਼ਾਇਦ ਨਿਸਚੇ ਨਾਲ ਕੁਝ ਕਹਿਣਾ ਸੰਭਵ ਨਾ ਹੋਵੇ, ਪਰ ਇਸ ਬਾਰੇ ਸੰਦੇਹ ਨਹੀਂ ਕਿ ਇਸ ਵਿਚ ਜਨਸਮੂਹ ਚੱਕੀ ਦੇ ਦੋ ਪੁੜਾਂ ਵਿਚ ਪਿਆ ਬੁਰੀ ਤਰ੍ਹਾਂ ਪਿਸ ਰਿਹਾ ਸੀ। ਬਜਾਏ ਵਟਬਾਰੇ ਦੇ ਦੁਖਾਂਤ ਨੂੰ ਭੁਲਾਉਣ ਦੇ, ਇਸ ਸੰਾਤਪ ਨੇ ਸਗੋਂ ਪੁਰਾਣੇ ਜ਼ਖਮ ਵੀ ਉਚੇੜ ਦਿੱਤੇ ਸਨ।


ਜ਼ਖ਼ਮਾਂ ਨੂੰ ਉਚੇੜਦੇ ਰਹਿਣ ਨਾਲ ਕੁਝ ਪਲਾਂ ਲਾਈ ਥੋੜ੍ਹੀ ਜਿਹੀ ਰਾਹਤ ਹੋਣ ਦਾ ਭੁਲੇਖਾ ਲਗਦਾ ਹੈ, ਪਰ ਹਕੀਕਤ ਵਿਚ ਇਸ ਤਰ੍ਹਾਂ ਦਾ ਅਮਲ ਬਹੁਤ ਹਾਨੀਕਾਰਕ ਹੁੰਦਾ ਹੈ, ਜੋ ਰੋਗ ਤੇ ਦੁੱਖ ਨੂੰ ਵਧਾਉਣ ਤੇ ਦੀਰਘ ਬਣਾਉਣ ਦਾ ਕਾਰਣ ਬਣਦਾ ਹੈ। ਪੰਜਾਬ ਸੰਤਾਪ ਦੇ ਵਰ੍ਹਿਆਂ ਤੋਂ ਪਿੱਛੋਂ ਚਰਚਾ ਤੇ ਵਿਸ਼ਲੇਸ਼ਨ ਦੇ ਪੱਖੋਂ ਅਤੇ ਦੋਹਾਂ ਪਾਸਿਆਂ ਵੱਲੋਂ ਆਪਣੇ ਆਪ ਨੂੰ ਦੁਖਾਂਤ ਭੋਗਦੀ, ਅਤਿਆਚਾਰ ਸਹਿੰਦੀ ਅਤੇ ਦੂਜੀ ਧਿਰ ਨੂੰ ਇਸ ਸਭ ਕੁਝ ਲਈ ਦੋਸ਼ੀ ਕਹਿਣ ਦੇ ਰਾਹ ਤੁਰਨ ਦੀ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਇਤਿਹਾਸਕ ਤੌਰ ‘ਤੇ ਹਕੀਕਤਾਂ ਨੂੰ ਵਿਗਾੜ ਕੇ ਪੇਸ਼ ਕਰਨ ਦੀਆਂ ਇਹਨਾਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਜਨਸਮੂਹ ਵਿਚ ਇਹ ਧਾਰਨਾ ਅਕੱਟ ਰੂਪ ਵਿਚ ਪ੍ਰਵਾਨ ਹੈ ਕਿ ਪੰਜਾਬੀ ਲੋਕਾਂ ਨੂੰ ਸੰਤਾਪ ਭੋਗਣ ਲਈ ਮਜਬੂਰ ਕਰਨ ਵਿਚ ਕੋਈ ਕਿਸੇ ਤੋਂ ਘੱਟ ਨਹੀ ਸੀ। ਇਸ ਦੀ ਸ਼ੁਰੂਆਤ ਕਿਸ ਨੇ ਕੀਤੀ ਅਤੇ ਕਿਉਂ ਕੀਤੀ, ਇਹ ਵਿਵਾਦ ਵੀ ਨਿਹਿਤ ਸਵਾਰਥ ਵਾਲੇ ਅਤੇ ਅਖੌਤੀ ਬੌਧਿਕ ਹਲਕਿਆਂ ਵਿਚ ਬਣਿਆ ਹੋਇਆ ਹੈ, ਪਰ ਆਮ ਲੋਕ ਏਸ ਮੁੱਦੇ ਬਾਰੇ ਵੀ ਸਪਸ਼ਟ ਹਨ ਕਿ ਇਸਦੀ ਤਹਿ ਵਿਚ ਰਾਜਸੀ ਹਿਤ ਕਾਰਜ਼ਸ਼ੀਲ ਸਨ। ਇਕ ਰਾਜਸੀ ਧਿਰ ਧਰਮ ਨੂੰ ਆਪਣੀ ਰਾਜਨੀਤੀ ਦਾ ਆਧਾਰ ਬਣਾ ਕੇ ਚਲਦੀ ਆ ਰਹੀ ਸੀ, ਗਿਣਤੀ ਮਿਣਤੀ ਦੇ ਪੱਖ ਤੋਂ ਜਿਸਦਾ ਫਾਇਦਾ ਦੂਜੀ ਰਾਜਸੀ ਧਿਰ ਨੂੰ ਪ੍ਰਤੱਖ ਦਿਸਦਾ ਸੀ। ਇਸ ਪਹੁੰਚ ਦਾ ਅਖੌਤੀ ਵਿਰੋਧ ਕਰਨ ਵਾਲੀ ਧਿਰ ਨੇ ਆਪਣੇ ਪ੍ਰਤੀਦਵੰਦੀ ਨੂੰ ਮਾਤ ਪਾਉਣ ਲਈ ਮਜ਼ਹਬੀ ਸ਼ਕਤੀ ਦੇ ਉਸੇ ਹੀ ਹਥਿਆਰ ਨੂੰ ਇਸ ਢੰਗ ਨਾਲ ਆਪਣੇ ਹੱਕ ਵਿਚ ਵਰਤਣ ਦੀ ਨੰਗੀ ਚਿੱਟੀ ਕੋਸ਼ਿਸ਼ ਕੀਤੀ, ਪਰ ਪ੍ਰਭਾਵ ਇਹ ਪਾਇਆ ਜਿਵੇਂ ਇਸਦਾ ਹੋ ਵਾਪਰ ਰਹੇ ਸਭ ਕੁਝ ਨਾਲ ਕੋਈ ਵਾਹ ਵਾਸਤਾ ਨਹੀਂ।

ਕਿਉਂਕਿ ਇਹ ਖੇਡ ਹੀ ਮੁੱਢ ਤੋਂ ਇਕ ਗੰਦੀ ਖੇਡ ਸੀ, ਇਸ ਲਈ ਇਸਨੂੰ ਖੇਡਣ ਵਾਲੀ ਕਿਸੇ ਵੀ ਧਿਰ ਦਾ ਫਾਇਦਾ ਨਹੀਂ ਹੋਇਆ। ਪਰ ਮਜ਼ਹਬੀ ਜਨੂੰਨ ਦੇ ਦੈਂਤ ਨੇ ਬਾਹਰ ਨਿਕਲ ਕੇ ਉਹ ਭਿਆਨਕ ਜਲਵਾ ਵਿਖਾਇਆ ਕਿ ਲੋਕ ਤ੍ਰਾਹ ਤ੍ਰਾਹ ਕਰ ਉੱਠੇ। ਅਤੇ ਦੈਂਤ ਸੀ ਕਿ ਹੁਣ ਕਿਸੇ ਦੇ ਕਾਬੂ ਵਿਚ ਨਹੀਂ ਸੀ, ਨਾ ਉਸ ਧਿਰ ਦੇ ਜਿਸਨੇ ਇਸਨੇ ਇਸ ਨੂੰ ਆਪਣੇ ਪ੍ਰਤੀਦਵੰਦੀ ਨੂੰ ਠਿੱਬੀ ਲਾਉਣ ਲਈ ਬਾਹਰ ਕੱਢਿਆ ਸੀ, ਅਤੇ ਨਾ ਹੀ ਉਸ ਦੇ ਜਿਸ ਦਾ ਉਹ ਰਵਾਇਤ ਅਨੁਸਾਰ ਹਿਤੈਸ਼ੀ ਸਮਝਿਆ ਜਾਂਦਾ ਸੀ। ਅਕਾਲੀਆਂ, ਕਾਂਗਰਸੀਆਂ ਜਾਂ ਭਿੰਡਰਾਂਵਾਲੇ ਦੀਆਂ ਕਾਰਗੁਜ਼ਾਰੀਆਂ ਨੇ ਹਜ਼ਾਰਾਂ ਦੀ ਗਿਣਤੀ ਵਿਚ ਮਾਸੂਮ ਲੋਕਾਂ ਦੀਆਂ ਜਾਨਾਂ ਲੈਣ ਤੋਂ ਬਿਨਾਂ ਏਨੀ ਹੀ ਵੱਡੀ ਗਿਣਤੀ ਵਿਚ ਜਿਵੇਂ ਘਰ ਉਜਾੜੇ ਹਨ, ਉਸਦਾ ਸਿਰਫ ਪਛਤਾਵਾ ਹੀ ਕੀਤਾ ਜਾ ਸਕਦਾ ਹੈ, ਹੋਰ ਕੁਝ ਨਹੀਂ। ਸਿੱਖਾਂ ਦੇ ਸਭ ਤੋਂ ਪਵਿੱਤਰ ਸਥਾਨ ਉੱਤੇ ਫੌਜੀ ਹੱਲੇ ਦੇ ਰੂਪ ਵਿਚ ਸਿੱਖ ਹਿਰਦਿਆਂ ਦਾ ਵਲੂੰਧਰਿਆ ਜਾਣਾ ਤਾਂ ਸੁਭਾਵਕ ਹੀ ਸੀ, ਇਸ ਤਰ੍ਹਾਂ ਦਾ ਕਾਰਾ ਕਰਨ ਲਈ ਮੁੱਢਲੇ ਤੌਰ ‘ਤੇ ਜ਼ਿੰਮੇਵਾਰ ਪ੍ਰਧਾਨ ਮੰਤਰੀ ਦਾ ਕਤਲ ਵੀ ਇਕ ਅਣਹੋਣੀ ਸੀ। ਪਰ ਜੋ ਕੁਝ ਉਸ ਤੋਂ ਪਿੱਛੋਂ ਦਿੱਲੀ ਵਿਚ ਤੇ ਹੋਰਨੀਂ ਥਾਈਂ ਵਾਪਰਿਆ, ਉਸਦਾ ਦੁੱਖ ਸਿੱਖ-ਜਗਤ ਤਾਂ ਲਈ ਬਹੁਤ ਡਾਢਾ ਹੈ ਹੀ, ਇਹ ਸਾਧਾਰਨ ਮਾਨਵਵਾਦੀ ਦ੍ਰਿਸ਼ੀਕੋਣ ਤੋਂ ਵੀ ਅਤਿਅੰਤ ਮਾੜਾ ਤੇ ਨਿੰਦਣਯੋਗ ਹੈ।

ਇਹ ਏਨਾ ਵੱਡਾ ਘਾਉ ਹੈ, ਜਿਸਦੇ ਛੇਤੀ ਭਰਨ ਦੀ ਆਸ ਕਰਨੀ ਨਿਰਮੂਲ ਹੈ। ਪਰ ਇਸਦਾ ਇਹ ਅਰਥ ਨਹੀਂ ਕਿ ਘਾਉ ਭਰਨ ਦੀ ਕੋਸ਼ਿਸ਼ ਹੀ ਨਾ ਕੀਤੀ ਜਾਵੇ, ਇਸ ਉੱਤੇ ਮਲ੍ਹਮ ਲਗਾਈ ਹੀ ਨਾ ਜਾਵੇ ਅਤੇ ਇਸਨੂੰ ਲਗਾਤਾਰ ਉਚੇੜਿਆ ਜਾਵੇ। ਬਦਕਿਸਮਤੀ ਨਾਲ ਇਹੋ ਕੁਝ ਹੈ ਜੋ ਵਾਸਤਵਿਕ ਸੰਤਾਪ ਦਾ ਦੌਰ ਖਤਮ ਹੋ ਜਾਣ ਦੇੇ ਦੋ ਦਹਾਕਿਆਂ ਪਿੱਛੋਂ ਵੀ ਲਗਾਤਾਰ ਕੀਤਾ ਜਾ ਰਿਹਾ ਹੈ। ਹਜ਼ਾਰਾਂ ਹੀ ਬੇਗੁਨਾਹ ਲੋਕਾਂ ਦਾ ਰਾਜਧਾਨੀ ਵਿਚ ਵਿਆਪਕ ਕਤਲ-ਏ-ਆਮ ਇਕ ਧਿਰ ਲਈ ਮਹਿਜ਼ ਇਕ ਵੱਡੇ ਦਰਖਤ ਦੇ ਹਿੱਲਣ ਦਾ ਪ੍ਰਤੀਕਰਮ ਸੀ। ਇਸ ਤਰ੍ਹਾਂ ਸਮਝਣ ਵਾਲੀ ਧਿਰ ਨੇ ਆਪਣੀ ਬੋਲ ਵਾਣੀ ਵਿਚ ਤਾਂ ਸ਼ਾਇਦ ਕੋਈ ਫਰਕ ਪਾਇਆ ਹੋਵੇ, ਪਰ ਅਮਲੀ ਰੂਪ ਵਿਚ ਇਸ ਨੇ ਆਪਣੇ ਵਤੀਰੇ ਉੱਤੇ ਪੁਨਰ ਝਾਤ ਪਾਉਣ ਦੀ ਕੋਈ ਸੰਜੀਦਾ ਕੋਸ਼ਿਸ਼ ਕਦੇ ਨਹੀਂ ਕੀਤੀ।

ਪੰਜਾਬ ਦਾ ਇਹ ਸੰਤਾਪ ਜਿਵੇਂ 1984 ਵਿਚ ਇਸ ਪ੍ਰਦੇਸ਼ ਦੀਆਂ ਸੀਮਾਵਾਂ ਲੰਘਕੇ ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਉਸ ਤੋਂ ਵੀ ਕਿਤੇ ਅਗਾਂਹ ਲੰਘ ਗਿਆ ਸੀ, ਉਸ ਦੌਰਾਨ ਅਤੇ ਉਸ ਤੋਂ ਮਗਰੋਂ ਦੇ ਵਰ੍ਹਿਆਂ ਵਿਚ ਦੀਆਂ ਭੈੜੀਆਂ ਸੋਆਂ ਦੂਰ-ਦੁਰਾਡੇ ਦੇਸ਼ਾਂ ਵਿਚ ਵੀ ਪਹੁੰਚਦ ਗਈਆਂ। ਵੱਡੀ ਤ੍ਰਾਸਦੀ ਵਾਲੀ ਗੱਲ ਇਹ ਹੈ ਕਿ ਇਹ ਸੋਆਂ ਸਗੋਂ ਪੰਜਾਬ ਤੋਂ ਬਾਹਰ ਵਧੇਰੇ ਸੁਣ ਵੀ ਰਹੀਆਂ ਹਨ ਅਤੇ ਆਪਣਾ ਮਾੜਾ ਪ੍ਰਭਾਵ ਵੀ ਛੱਡ ਰਹੀਆਂ ਹਨ। ਪੰਜਾਬ ਦੇ ਸੰਤਾਪ ਵਿਚ ਬਾਹਰਲੀਆਂ ਧਿਰਾਂ ਦਾ ਕਿੰਨਾ ਕੁ ਦਖਲ ਸੀ, ਇਹ ਨਿਰਣਾ ਤਾਂ ਅਜੇ ਨਹੀਂ ਹੋ ਸਕਿਆ। ਪਰ ਇਹ ਸਪਸ਼ਟ ਹੈ ਕਿ ਜੋ ਕੁਝ ਹੁਣ ਕੁਝ ਧਿਰਾਂ ਵੱਲੋਂ ਕਿਤੇ ਪ੍ਰਤੱਖ ਅਤੇ ਕਿਤੇ ਲੁਕਵੇਂ ਰੂਪ ਵਿਚ ਬਾਹਰ ਕੀਤਾ ਕਰਾਇਆ ਜਾ ਰਿਹਾ ਹੈ, ਉਹ ਸੰਤਾਪ ਦੇ ਦੁੱਖ ਨੂੰ ਭੁਲਾਉਣ ਜਾਂ ਘਟਾਉਣ ਵਾਲਾ ਨਹੀਂ, ਸਗੋਂ ਇਸ ਰੋਗ ਨੂੰ ਦਾਇਮੀ ਬਣਾਉਣ ਵਾਲਾ ਹੈ। ਸਭ ਨੂੰ ਪਤਾ ਹੈ ਕਿ ਬਦੇਸ਼ਾਂ ਵਿਚ ਜਾਣ ਦੀ ਲਲ਼੍ਹਕ ਵਿਚ ਅਨੇਕਾਂ ਨੌਜਵਾਨਾਂ ਨੇ ਪੰਜਾਬ ਦੇ ਇਸ ਸੰਤਾਪ ਨੂੰ ਬਹਾਨੇ ਵਜੋਂ ਵਰਤਿਆ ਸੀ। ਅਤੇ ਇਹ ਵੀ ਸੱਚ ਹੈ ਕਿ ਉਹ ਲੋਕ ਵੀ ਬਦੇਸ਼ੀ ਧਰਤੀਆਂ ਉੱਤੇ ਬੈਠੇ ਹਨ ਜਿਹਨਾਂ ਦੇ ਹੱਥ ਉਹਨਾਂ ਸੰਤਾਪੇ ਦਿਨਾਂ ਤੋੰ ਮਾਸੂਮਾਂ ਦੇ ਖੂਨ ਨਾਲ ਰੰਗੇ ਹੋਏ ਹਨ ਅਤੇ ਜਾਂ ਜਿਹਨਾਂ ਨੇ ਅਜਿਹੀ ਕਾਰਵਾਈ ਨੂੰ ਹਲਾਸ਼ੇਰੀ ਦਿੱਤੀ ਸੀ। ਇਕ ਹੱਦ ਤਕ ਇਹ ਗੁਨਾਹ ਦੀ ਭਾਵਨਾ ਹੈ ਜੋ ਸੁਖ ਸੁਵਿਧਾ ਹੰਢਾ ਰਹੇ ਝੂਠ ਬੋਲ ਕੇ ਬਦੇਸ਼ ਆਏ ਬਹੁਤ ਸਾਰੇ ਲੋਕਾਂ ਨੂੰ ਭੁਲਾਂਦਰੇ ਵਾਲੀ ਮਜ਼ਹਬੀ ਚੇਤਨਾ ਤੋਂ ਪਾਸੇ ਨਹੀਂ ਜਾਣ ਦੇ ਰਹੀ। ਪਰ ਬਹੁਤ ਹਾਲਤਾਂ ਵਿਚ ਸਿੱਖਾਂ ਨਾਲ ਵਿਤਕਰੇ ਦੇ ਨਾਂ ‘ਤੇ ਦਵੈਖ ਤੇ ਤੰਗ ਨਜ਼ਰੀ ਦਾ ਪਰਚਾਰ ਕਰਨ ਵਾਲੀ ਬਦੇਸ਼ਾਂ ਵਿਚ ਬੈਠੀ ਧਿਰ ਉਹ ਹੈ ਜਿਸਨੇ ਨਿਸਚੈ ਹੀ ਪੰਜਾਬ ਨੂੰ ਸੰਤਾਪ ਵਿਚ ਪਾਉਣ ਵਿਚ ਤਕੜਾ ਹਿੱਸਾ ਪਾਇਆ ਸੀ।

ਭਾਰਤ ਜਾਂ ਪੰਜਾਬ ਦੀ ਵਿਵਸਥਾ ਕਿੰਨੀ ਵੀ ਮਾੜੀ ਕਿਉਂ ਨਾ ਹੋਵੇ, ਇਹ ਏਨੀ ਮਾੜੀ ਨਹੀਂ ਕਿ ਇਸਦੇ ਵਿਰੁੱਧ ਬਦੇਸ਼ਾਂ ਦੀ ਧਰਤੀ ਤੋਂ ਬੈਠ ਕੇ ਜਿਹਾਦ ਕੀਤਾ ਜਾਵੇ। ਏਥੋਂ ਦੀ ਧਰਮ-ਨਿਰਪੇਖਤਾ ਵਿਚ ਵੀ ਅਨੇਕਾਂ ਨੁਕਸ ਹੋ ਸਕਦੇ ਹਨ, ਪਰ ਫਿਰ ਵੀ ਇਸਦੀ ਸੱਤਾ-ਵਿਵਸਥਾ ਵਿਚ ਜਨੂੰਨ ਦੇ ਪਨਪਣ ਦੀ ਕੋਈ ਗੁੰਜਾਇਸ਼ ਨਹੀਂ। ਇਸ ਲਈ ਸਿੱਖ ਭਾਈਚਾਰੇ ਨੂੰ ਇਸ ਮਾਨਸਿਕਤਾ ਦਾ ਸ਼ਿਕਾਰ ਨਹੀਂ ਬਣਨ ਦੇਣਾ ਚਾਹੀਦਾ ਕਿ ਭਾਰਤ ਦੀ ਸਟੇਟ ਉਹਨਾਂ ਨਾਲ ਕੋਈ ਵਿਤਕਰਾ ਕਰ ਰਹੀ ਹੈ, ਘਾਣ ਕਰਨ ਦੀ ਕਿਸੇ ਨੀਤੀ ਦੀ ਗੱਲ ਦਾ ਤਾਂ ਹਕੀਕਤ ਨਾਲ ਦੂਰ ਦਾ ਵੀ ਵਾਸਤਾ ਨਹੀਂ। ਪੂੰਜੀਵਾਦੀ ਲੁੱਟ-ਚੋਂਘ ਵਾਲੀ ਵਿਵਸਥਾ ਹਿੰਦੂ, ਮੁਸਲਿਮ, ਸਿੱਖ, ਈਸਾਈ ਜਾਂ ਦਲਿਤ ਕਿਸੇ ਦਾ ਵੀ ਲਿਹਾਜ਼ ਨਹੀਂ ਕਰਦੀ, ਉਹ ਸਭ ਨੂੰ ਬਰਾਬਰ ਰੂਪ ਵਿਚ ਲਤਾੜ ਰਹੀ ਹੈ। ਲੋੜ ਹੈ ਉਸ ਅਨਿਆਈਂ ਵਿਵਸਥਾ ਨੂੰ ਨਿਆਈ ਬਣਾਉਣ ਦੀ। ਬਾਹਰ ਬੈਠ ਕੇ ਵਿਵਸਥਾ ਨੂੰ ਠੀਕ ਲੀਹ ਉੱਤੇ ਨਹੀਂ ਲਿਆਂਦਾ ਜਾ ਸਕਦਾ। ਅਤੇ ਆਪਣੇ ਭਾਈਚਾਰੇ ਦੀ ਗੱਲ ਵੀ ਭਾਈਚਾਰੇ ਵਿਚ ਬੈਠ ਕੇ ਹੀ ਕਰਨੀ ਯੋਗ ਹੈ, ਬਾਹਰ ਕੀਤੀ ਏਸ ਤਰ੍ਹਾਂ ਦੀ ਗੱਲ ਮਹਿਜ਼ ਵਿਖਾਵਾ ਹੈ, ਲੋਕਾਂ ਸਮੇਤ ਖੁਦ ਆਪਣੇ ਆਪ ਨਾਲ ਵੀ ਕੀਤਾ ਜਾਣ ਵਾਲਾ ਧੋਖਾ। ਜਨ ਸਮੁ੍ਹਹ ਦੇ ਵਿਹਾਰ ਵਿਚ ਕਿਸੇ ਤਰ੍ਹਾਂ ਦੀ ਕੋਈ ਸੰਕੀਰਣਤਾ ਦੀ ਗੁੰਜਾਇਸ਼ ਬਹੁਤ ਥੋੜ੍ਹੀ ਹੈ। ਜੇ ਲੋੜ ਹੈ ਤਾਂ ਸਿਰਫ ਰਾਜਸੀ ਧਿਰਾਂ ਦੇ ਆਪਣੇ ਸੌੜੇ ਹਿਤਾਂ ਤੋਂ ਬਾਹਰ ਆਉਣ ਦੀ। ਬੁੱਧੀਮਾਨ, ਚਿੰਤਕ, ਲੇਖਕ, ਸਿਰਜਕ ਇਸ ਸੇਧ ਵਿਚ ਬਹੁਤ ਕੁਝ ਕਰ ਸਕਦੇ ਹਨ ਤਾਂ ਜੁ ਪੰਜਾਬ ਮੁੜ ਉਸ ਤਰ੍ਹਾਂ ਦੇ ਸੰਤਾਪ ਦਾ ਭਾਗੀ ਨਾ ਬਣੇ, ਜਿਸ ਵਿਚੋਂ ਇਹ ਬੜੀ ਮੁਸ਼ਕਲ ਨਾਲ ਬਾਹਰ ਆਇਆ ਹੈ।

Comments

deep

ਚਮਚਾ ਰਘੁਬੀਰ ਸਿੰਘ

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ