Thu, 18 April 2024
Your Visitor Number :-   6981271
SuhisaverSuhisaver Suhisaver

ਸੋਵੀਅਤ ਲੋਕਤੰਤਰ ’ਚ ਔਰਤ ਮਜ਼ਦੂਰ ਸੰਘਰਸ਼ ਦੇ ਕਾਰਜ - ਲੈਨਿਨ

Posted on:- 05-03-2015

suhisaver

ਅਨੁਵਾਦ: ਮਨਦੀਪ
ਸੰਪਰਕ: +91 98764 42052


(ਗ਼ੈਰ-ਪਾਰਟੀ ਔਰਤ ਮਜ਼ਦੂਰਾਂ ਦੇ ਚੌਥੇ ਮਾਸਕੋ ਨਗਰ ਸੰਮੇਲਨ ’ਚ ਦਿੱਤਾ ਗਿਆ ਭਾਸ਼ਣ। ਇਹ ਭਾਸ਼ਣ ਸੋਵੀਅਤ ਲੋਕਤੰਤਰ ’ਚ ਮਜ਼ਦੂਰ ਔਰਤ ਸੰਘਰਸ਼ ਦੇ ਕਾਰਜ ਅਤੇ ਪੂੰਜੀਵਾਦੀ ਲੋਕਤੰਤਰ ਅਤੇ ਸੋਵੀਅਤ ਸਮਾਜਵਾਦੀ ਲੋਕਤੰਤਰ ਵਿਚਲੇ ਫ਼ਰਕ ਨੂੰ ਸਪਸ਼ਟ ਕਰਦਾ ਹੈ। ਲੈਨਿਨ ਦੀ ਇਹ ਤਕਰੀਰ ਪੂੰਜੀਵਾਦੀ ਲੋਕਤੰਤਰ ਦੇ ਬਦਲ ’ਚ ਸੋਵੀਅਤ ਲੋਕਤੰਤਰ ਵਿੱਚ ਔਰਤਾਂ ਦੀ ਬਿਹਤਰ ਹਾਲਤ ਸਬੰਧੀ ਜਾਣੂ ਕਰਵਾਉਂਦੀ ਹੈ। ਲੈਨਿਨ, ਜਿਵੇਂ ਕਿ ਉਸ ਸਮੇਂ ਸੱਤਾ ਬਦਲੀ ਦੇ ਫੌਰੀ ਬਾਅਦ ਸੋਵੀਅਤ ਯੂਨੀਅਨ ’ਚ ਸਮਾਜਵਾਦੀ ਉਸਾਰੀ ਲਈ ਆਰਥਿਕ ਨਿਰਮਾਣ ਦੇ ਕਾਰਜ ਵਿੱਚ ਲੱਗੇ ਹੋਏ ਸਨ, ਇਸ ਲਈ ਉਨ੍ਹਾਂ ਨੇ ਔਰਤ ਮੁਕਤੀ ਲਈ ਨਿੱਜੀ ਜਾਇਦਾਦ ਦੇ ਖ਼ਾਤਮੇ ਲਈ ਲਗਾਤਾਰ ਤੇਜ਼ ਯਤਨ ਕਰਦਿਆਂ ਆਰਥਿਕ ਨਿਰਮਾਣ ਦੇ ਸਵਾਲ ਉੱਪਰ ਜ਼ੋਰ ਦਿੱਤਾ। ਪਰੰਤੂ ਸਮਾਜਵਾਦੀ ਉਸਾਰੀ ਸਬੰਧੀ ਮਾਓ ਦੀ ਅਗਵਾਈ ’ਚ ਹੋਏ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਨੇ ਸਿੱਧ ਕੀਤਾ ਕਿ ਸਮਾਜਵਾਦੀ ਉਸਾਰੀ ’ਚ ਆਰਥਿਕ ਨਿਰਮਾਣ ਦੀ ਮਹੱਤਤਾ ਦੇ ਨਾਲ-ਨਾਲ ਉਲਟ ਇਨਕਲਾਬੀ ਤੱਤਾਂ ਨਾਲ ਵਿਚਾਰਧਾਰਕ ਪੱਧਰ ’ਤੇ ਵੀ ਲਗਾਤਾਰ ਤਿੱਖੇ ਸੰਘਰਸ਼ ਦੀ ਜ਼ਰੂਰਤ ਬਣੀ ਰਹਿੰਦੀ ਹੈ। ਕੇਵਲ ਤੇ ਕੇਵਲ ਜਾਇਦਾਦ ਉੱਪਰ ਨਿੱਜੀ ਮਾਲਕੀ ਦੇ ਸਬੰਧ ਹੀ ਮੁਕਤੀ ਦਾ ਧਰਾਤਲ ਕਾਇਮ ਨਹੀਂ ਕਰ ਸਕਦੇ। ਇਸ ਲਈ ਲੈਨਿਨ ਦੀ ਇਸ ਤਕਰੀਰ ਦੀ ਮਹੱਤਤਾ ਨੂੰ ਬਾਅਦ ਦੇ ਵਿਕਾਸ ਅਮਲ ਨਾਲ ਜੋੜਕੇ ਸਮਝਣਾ ਚਾਹੀਦਾ ਹੈ। - ਅਨੁਵਾਦਕ )

ਸਾਥੀਓ, ਮੈਨੂੰ ਔਰਤ ਮਜ਼ਦੂਰਾਂ ਦੇ ਸੰਮੇਲਨ ਦਾ ਸਵਾਗਤ ਕਰਦੇ ਹੋਏ ਬੇਹੱਦ ਖ਼ੁਸ਼ੀ ਹੋ ਰਹੀ ਹੈ। ਮੈਂ ਉਹਨਾਂ ਵਿਸ਼ਿਆਂ ਅਤੇ ਉਹਨਾਂ ਸਵਾਲਾਂ ਨੂੰ ਨਾ ਛੂਹਣ ਦੀ ਆਗਿਆ ਲੈਂਦਾ ਹਾਂ, ਜੋ ਨਿਰਸੰਦੇਹ ਇਹ ਸਮੇਂ ਹਰੇਕ ਮਜ਼ਦੂਰ ਔਰਤ ਨੂੰ ਅਤੇ ਮਿਹਨਤਕਸ਼ ਜਨ-ਸਾਧਾਰਨ ’ਚੋਂ ਰਾਜਨੀਤਕ ਦਿ੍ਰਸ਼ਟੀ ਤੋਂ ਸੁਚੇਤ ਹਰੇਕ ਵਿਅਕਤੀ ਨੂੰ ਸਭ ਤੋਂ ਵੱਧ ਚਿੰਤਤ ਕਰ ਰਹੇ ਹਨ। ਇਹ ਸਭ ਤੋਂ ਜ਼ਿਆਦਾ ਭਖਦੇ ਸਵਾਲ-ਰੋਟੀ ਅਤੇ ਸਾਡੀ ਫ਼ੌਜੀ ਸਥਿਤੀ ਦੇ ਸਬਕ ਹਨ। ਪਰ ਜਿਵੇਂ ਕਿ ਮੈਨੂੰ ਤੁਹਾਡੀਆਂ ਸਭਾਵਾਂ ਬਾਰੇ ਅਖ਼ਬਾਰੀ ਰਿਪੋਰਟਾਂ ਤੋਂ ਪਤਾ ਲੱਗਿਆ ਹੈ, ਸਾਥੀ ਤਰਾਤਸਕੀ ਫ਼ੌਜੀ ਮਾਮਲਿਆਂ ਦੀ ਅਤੇ ਸਾਥੀ ਯਾਕੋਵਲੇਵਾ ਅਤੇ ਸਾਥੀ ਸਿਵਦੇਸਕਰੀ ਰੋਟੀ ਦੇ ਮਾਮਲੇ ਦੀ ਇੱਥੇ ਅਤਿਅੰਤ ਵਿਸਥਾਰ ਪੂਰਵਕ ਵਿਆਖਿਆ ਕਰ ਚੁੱਕੇ ਹਨ ਅਤੇ ਇਸ ਕਾਰਨ ਮੈਨੂੰ ਇਹਨਾਂ ਸਬਕਾਂ ਨੂੰ ਨਾ ਛੋਹਣ ਦੀ ਆਗਿਆ ਦੇਵੋ।

ਮੈਂ ਸੋਵੀਅਤ ਲੋਕਤੰਤਰ ’ਚ ਮਜ਼ਦੂਰ ਸੰਘਰਸ਼ ਦੇ ਆਮ ਕੰਮਾਂ-ਕਾਜਾਂ ਦੇ ਉਹਨਾਂ ਦੇ ਕੰਮ-ਕਾਰਾਂ ਦੇ ਸੰਬੰਧ ’ਚ ਕੁੱਝ ਸ਼ਬਦ ਕਹਿਣਾ ਚਾਹਾਂਗਾ। ਜੋ ਸਮਾਨ ਸਮਾਜਵਾਦ ’ਚ ਪਰਿਵਰਤਨ ਨਾਲ ਜੁੜੇ ਹੋਏ ਹਨ ਅਤੇ ਜੋ ਇਸ ਸਮੇਂ ਵਿਸ਼ੇਸ਼ ਜ਼ੋਰ ਨਾਲ ਉੱਭਰਕੇ ਸਾਹਮਣੇ ਆ ਰਹੇ ਹਨ। ਸਾਥੀਓ, ਸੋਵੀਅਤ ਸੱਤਾ ਔਰਤਾਂ ਦੀ ਸਥਿਤੀ ਦਾ ਸਵਾਲ ਸ਼ੁਰੂ ਤੋਂ ਹੀ ਪੇਸ਼ ਕਰਦੀ ਆ ਰਹੀ ਹੈ। ਮੈਨੂੰ ਲੱਗਦਾ ਹੈ ਕਿ ਸਮਾਜਵਾਦ ’ਚ ਤਬਦੀਲ ਹੋ ਰਹੇ ਕੁੱਲ ਮਜ਼ਦੂਰ ਰਾਜਾਂ ਦਾ ਕੰਮਭਾਰ ਦੋਹਰੀ ਕਿਸਮ ਦਾ ਹੋਵੇਗਾ। ਅਤੇ ਇਸ ਕੰਮਭਾਰ ਦਾ ਪਹਿਲਾ ਭਾਗ ਮੁਕਾਬਲਤਨ ਸਾਦਾ ਤੇ ਹਲਕਾ ਹੈ। ਉਸਦਾ ਸਰੋਕਾਰ ਉਹਨਾਂ ਪੁਰਾਣੇ ਕਾਨੂੰਨਾਂ ਨਾਲ ਹੈ ਜੋ ਔਰਤਾਂ ਨੂੰ ਮਰਦਾਂ ਦੀ ਤੁਲਨਾ ’ਚ ਗ਼ੈਰ-ਬਰਾਬਰਤਾ ਦੀ ਸਥਿਤੀ ’ਚ ਰੱਖਦੇ ਸਨ।

ਪੱਛਮੀ ਯੂਰਪ ’ਚ ਕੁੱਲ ਮੁਕਤੀ ਅੰਦੋਲਨਾਂ ਦੇ ਪ੍ਰਤੀਨਿਧ ਲੰਮੇ ਸਮੇਂ ਤੋਂ ਕੇਵਲ ਦਹਾਕਿਆਂ ਤੋਂ ਨਹੀਂ, ਕਈ ਸਦੀਆਂ ਤੋਂ ਇਨ੍ਹਾਂ ਬੀਤੇ ਸਮੇਂ ਦੇ ਕਾਨੂੰਨਾਂ ਨੂੰ ਰੱਦ ਕਰਨ ਤੇ ਕਾਨੂੰਨਨ ਔਰਤਾਂ ਨੂੰ ਮਰਦਾਂ ਦੀ ਬਰਾਬਰੀ ਦਾ ਦਰਜਾ ਦਿਵਾਉਣ ਦੀ ਮੰਗ ਕਰਦੇ ਰਹੇ, ਪਰ ਯੂਰਪ ਦੇ ਲੋਕਤੰਤਰੀ ਰਾਜਾਂ ’ਚੋਂ ਇੱਕ ਵੀ, ਸਭ ਤੋਂ ਅਗਾਂਹਵਧੂ ਲੋਕਤੰਤਰਾਂ ਵਿੱਚੋਂ ਇੱਕ ਵੀ ਇਸਨੂੰ ਅਮਲੀ ਜਾਮਾ ਪਹਿਨਾਉਣ ’ਚ ਸਫ਼ਲ ਨਹੀਂ ਰਿਹਾ। ਕਿਉਂਕਿ ਇੱਥੇ ਪੂੰਜੀਵਾਦ ਆਪਣੀ ਹੋਂਦ ’ਚ ਹੈ। ਇੱਥੇ ਜ਼ਮੀਨ ਤੇ ਨਿੱਜੀ ਮਾਲਕੀ, ਮਿੱਲਾਂ ਤੇ ਕਾਰਖ਼ਾਨਿਆਂ ਉੱਤੇ ਨਿੱਜੀ ਮਾਲਕੀ ਬਰਕਰਾਰ ਹੈ, ਜਿੱਥੇ ਪੂੰਜੀ ਦੀ ਸੱਤਾ ਬਰਕਰਾਰ ਹੈ ਉੱਥੇ ਮਰਦਾਂ ਦੇ ਵਿਸ਼ੇਸ਼ ਅਧਿਕਾਰ ਬਣੇ ਰਹਿੰਦੇ ਹਨ। ਰੂਸ ਵਿੱਚ ਇਸਨੂੰ ਅਮਲੀ ਜਾਮਾ ਪਹਿਨਾਉਣ ’ਚ ਕੇਵਲ ਇਸ ਲਈ ਸਫ਼ਲਤਾ ਮਿਲੀ ਹੈ ਕਿਉਂਕਿ ਉੱਥੇ 25 ਅਕਤੂਬਰ 1917 ਨੂੰ ਮਜ਼ਦੂਰਾਂ ਦੀ ਸੱਤਾ ਸਥਾਪਿਤ ਹੋ ਗਈ ਸੀ। ਸੋਵੀਅਤ ਸੱਤਾ ਨੇ ਸ਼ੁਰੂ ਤੋਂ ਹੀ ਆਪਣੇ ਲਈ ਇਹ ਕਾਰਜ ਨਿਰਧਾਰਿਤ ਕੀਤਾ ਕਿ ਉਹ ਸਾਰੇ ਸ਼ੋਸ਼ਣਾਂ ਤੋਂ ਦੁਸ਼ਮਣੀ ਰੱਖਣ ਵਾਲੀ ਮਿਹਨਤਕਸ਼ਾਂ ਦੀ ਸੱਤਾ ਦੇ ਰੂਪ ’ਚ ਹੋਂਦ ’ਚ ਰਹੇਗੀ। ਉਸਨੇ ਜ਼ਿਮੀਦਾਰਾਂ ਤੇ ਪੂੰਜੀਪਤੀਆਂ ਦੁਆਰਾ ਸ਼ੋਸ਼ਣ ਕੀਤੇ ਜਾਣ ਦੀਆਂ ਸੰਭਵਾਨਾਵਾਂ ਮਿਟਾਉਣ, ਪੂੰਜੀ ਦੇ ਮਹੱਤਵ ਨੂੰ ਮਿਟਾਉਣ ਦਾ ਕਾਰਜ ਆਪਣੇ ਲਈ ਨਿਰਧਾਰਤ ਕੀਤਾ। ਸੋਵੀਅਤ ਸੱਤਾ ਇਸਨੂੰ ਪ੍ਰਾਪਤ ਕਰਨ ਦਾ ਯਤਨ ਕਰਦੀ ਰਹੀ ਹੈ ਕਿ ਮਿਹਨਤਕਸ਼ ਜ਼ਮੀਨ ਤੇ ਨਿੱਜੀ ਮਾਲਕੀ ਦੇ ਬਿਨਾਂ, ਮਿੱਲਾਂ ਤੇ ਕਾਰਖ਼ਾਨਿਆਂ ਉੱਤੇ ਨਿੱਜੀ ਮਾਲਕੀ ਦੇ ਬਿਨਾਂ, ਉਸ ਨਿੱਜੀ ਮਾਲਕੀ ਦੇ ਬਿਨਾਂ ਆਪਣੀ ਜ਼ਿੰਦਗੀ ਦਾ ਨਿਰਮਾਣ ਕਰਨ ਜਿਸਨੇ ਸਾਰੇ, ਪੂਰੇ ਸੰਸਾਰ ’ਚ ਪੂਰਨ ਰਾਜਨੀਤਕ ਆਜ਼ਾਦੀ ਤੱਕ ਦੇ ਅੰਤਰਗਤ ਜਨਤਕ ਲੋਕਤੰਤਰ ਦੇ ਅੰਤਰਗਤ ਮਿਹਨਤਕਸ਼ਾਂ ਨੂੰ ਅਮਲ ’ਚ ਦਰਿਦਰਤਾ ਤੇ ਉਜ਼ਰਤੀ ਗੁਲਾਮੀ ਦੀ ਸਥਿਤੀ ’ਚ ਅਤੇ ਔਰਤਾਂ ਦੀ ਦੋਹਰੀ ਗੁਲਾਮੀ ਦੀ ਸਥਿਤੀ ’ਚ ਰੱਖਿਆ ਹੈ।

ਮਿਹਨਤਕਸ਼ਾਂ ਦੀ ਸੱਤਾ ਦੇ ਰੂਪ ’ਚ ਸੋਵੀਅਤ ਸੱਤਾ ਨੇ ਆਪਣੀ ਹੋਂਦ ਦੇ ਪਹਿਲੇ ਮਹੀਨਿਆਂ ’ਚ ਹੀ ਔਰਤਾਂ ਨਾਲ ਸਰੋਕਾਰ ਰੱਖਣ ਵਾਲੇ ਵਿਧਾਨ ’ਚ ਸੰਪੂਰਨ ਫ਼ੈਸਲਾਕੁੰਨ ਇਨਕਲਾਬ ਨੂੰ ਮੂਰਤ ਰੂਪ ਦਿੱਤਾ। ਸੋਵੀਅਤ ਲੋਕਤੰਤਰ ’ਚ ਉਹਨਾਂ ਕਾਨੂੰਨਾਂ ਦੇ, ਜਿਨ੍ਹਾਂ ਨੇ ਔਰਤਾਂ ਨੂੰ ਅਧੀਨ ਹਾਲਤਾਂ ’ਚ ਰੱਖਿਆ, ਨਾਮੋ-ਨਿਸ਼ਾਨ ਮਿਟਾ ਦਿੱਤੇ ਗਏ ਹਨ। ਮੈਂ ਉੱਥੇ ਠੀਕ ਉਹਨਾਂ ਕਾਨੂੰਨਾਂ ਦੀ ਯਾਨਿ ਤਲਾਕ ਸਬੰਧੀ, ਬੱਚੇ ਸਬੰਧੀ, ਉਹਨਾਂ ਦੇ ਪਾਲਣ-ਪੋਸਣ ਲਈ ਉਹਨਾਂ ਦੇ ਪਿਤਾ ਉੱਤੇ ਦਾਅਵਾ ਕਰਨ ਲਈ ਔਰਤਾਂ ਦੇ ਅਧਿਕਾਰ ਸਬੰਧੀ ਕਾਨੂੰਨਾਂ ਦੀ ਗੱਲ ਕਰ ਰਿਹਾ ਹਾਂ, ਜੋ ਔਰਤਾਂ ਦੀ ਜ਼ਿਆਦਾ ਨਿਰਬਲ ਹਾਲਤ ਦਾ ਲਾਹਾ ਲੈਂਦੇ ਸਨ, ਉਹਨਾਂ ਨੂੰ ਗ਼ੈਰ-ਬਰਾਬਰਤਾ ਦੀ, ਅਕਸਰ ਅਪਮਾਨਜਨਕ ਹਾਲਤ ’ਚ ਰੱਖਦੇ ਸਨ।

ਠੀਕ ਇਸ ਖੇਤਰ ’ਚ ਬਰਜ਼ੂਆ ਵਿਧਾਨ ਬਾਰੇ ਇਹ ਕਹਿਣਾ ਹੋਵੇਗਾ ਕਿ ਸਭ ਤੋਂ ਅਗਾਂਹਵਧੂ ਦੇਸ਼ਾਂ ਤੱਕ ’ਚ, ਔਰਤਾਂ ਨੂੰ ਗ਼ੈਰ ਬਰਾਬਰਤਾ ਦੀ ਦਸ਼ਾ ’ਚ ਰੱਖਣ, ਉਹਨਾਂ ਨੂੰ ਅਪਮਾਨਤ ਕਰਨ ਲਈ ਉਹਨਾਂ ਦੀ ਵੱਧ ਨਿਰਬਲ ਹਾਲਤ ਦਾ ਲਾਹਾ ਲੈਂਦਾ ਹੈ। ਠੀਕ ਇਸੇ ਖੇਤਰ ’ਚ ਸੋਵੀਅਤ ਸੱਤਾ ਨੇ ਪੁਰਾਣੇ, ਅਨਿਆਂ ਪੂਰਨ, ਮਿਹਨਤਕਸ਼ ਜਨ-ਸਾਧਾਰਨ ਲਈ ਕਾਨੂੰਨਾਂ ਦਾ ਨਾਮੋ-ਨਿਸ਼ਾਨ ਤੱਕ ਮਿਟਾ ਦਿੱਤਾ ਹੈ ਅਤੇ ਹੁਣ ਅਸੀਂ ਪੂਰੇ ਮਾਣ ਨਾਲ ਬਿਨਾਂ ਕਿਸੇ ਹਿਚਕਚਾਹਟ ਦੇ ਕਹਿ ਸਕਦੇ ਹਾਂ ਕਿ ਸੋਵੀਅਤ ਰੂਸ ਦੇ ਇਲਾਵਾ ਸੰਸਾਰ ’ਚ ਇੱਕ ਵੀ ਦੇਸ਼ ਨਹੀਂ ਹੈ, ਜਿੱਥੇ ਔਰਤਾਂ ਨੂੰ ਪੂਰਨ ਬਰਾਬਰਤਾ ਪ੍ਰਾਪਤ ਹੋਵੇ, ਜਿੱਥੇ ਔਰਤਾਂ ਅਜਿਹੀ ਅਪਮਾਨਜਨਕ ਸਥਿਤੀ ’ਚ ਨਾ ਹੋਣ, ਜੋ ਵਿਸ਼ੇਸ ਰੂਪ ਤੋਂ ਰੋਜ਼ਮਰ੍ਹਾ ਦੇ ਪਰਿਵਾਰਕ ਜੀਵਨ ’ਚ ਅਨੁਭਵ ਕੀਤੀ ਜਾਂਦੀ ਹੈ, ਇਹ ਸਾਡੇ ਪਹਿਲ-ਪਿ੍ਰਥਮੇ ਅਤੇ ਸਭ ਤੋਂ ਮਹੱਤਵਪੂਰਨ ਕਾਰਜਾਂ ਵਿੱਚੋਂ ਇੱਕ ਸੀ।

ਜੇਕਰ ਤੁਹਾਨੂੰ ਬਾਲਸ਼ਵਿਕਾਂ ਨਾਲ ਦੁਸ਼ਮਣੀ ਰੱਖਣ ਵਾਲੀਆਂ ਪਾਰਟੀਆਂ ਦੇ ਸੰਪਰਕ ’ਚ ਆਉਣ ਦਾ ਮੌਕਾ ਮਿਲੇ, ਜੇਕਰ ਕੋਲਚਾਕ ਜਾਂ ਦੇਨੀਕਿਨ ਦੇ ਅਧਿਕਾਰਤ ਇਲਾਕਿਆਂ ਦੇ ਰੂਸੀ ’ਚ ਪ੍ਰਕਾਸ਼ਿਤ ਹੋਣ ਵਾਲੇ ਅਖ਼ਬਾਰ ਤੁਹਾਡੇ ਹੱਥ ਲੱਗ ਜਾਣ, ਜੇਕਰ ਤੁਹਾਨੂੰ ਇਹਨਾਂ ਅਖ਼ਬਾਰਾਂ ਦੇ ਦਿ੍ਰਸ਼ਟੀਕੋਣ ਨੂੰ ਮੰਨਣ ਵਾਲੇ ਲੋਕਾਂ ਨਾਲ ਗੱਲ ਕਰਨ ਦਾ ਮੌਕਾ ਮਿਲੇ ਤਾਂ ਤੁਸੀ ਉਹਨਾਂ ਤੋਂ ਜ਼ਿਆਦਾਤਰ ਸੋਵੀਅਤ ਸੱਤਾ ’ਤੇ ਇਹ ਦੋਸ਼ ਲਾਉਂਦੇ ਹੋਏ ਸੁਣੋਗੇ ਕਿ ਉਸਨੇ ਲੋਕਤੰਤਰ ਦੀ ਉਲੰਘਣਾ ਕੀਤੀ ਹੈ।

ਸਾਨੂੰ ਸੋਵੀਅਤ ਸੱਤਾ ਦੇ ਪ੍ਰਤੀ ਨਿੰਦਿਆ ਨੂੰ, ਬਾਲਸ਼ਵਿਕਾਂ, ਕਮਿਊਨਿਸਟਾਂ ਅਤੇ ਸੋਵੀਅਤ ਸੱਤਾ ਦੇ ਪੱਖੀਆਂ ਨੂੰ ਲਗਾਤਾਰ ਝਿੜਕਿਆ ਜਾਂਦਾ ਹੈ ਕਿ ਅਸੀਂ ਲੋਕਤੰਤਰ ਦੀ ਉਲੰਘਣਾ ਕੀਤੀ ਤੇ ਇਸ ਦੋਸ਼ ਦੇ ਪ੍ਰਮਾਣ ਦੇ ਰੂਪ ’ਚ ਇਹ ਤੱਥ ਪੇਸ਼ ਕੀਤਾ ਜਾਂਦਾ ਹੈ ਕਿ ਸੋਵੀਅਤ ਸੱਤਾ ਨੇ ਸੰਵਿਧਾਨ ਸਭਾ ਭੰਗ ਕਰ ਦਿੱਤੀ। ਅਸੀਂ ਇਸ ਦੋਸ਼ ਦਾ ਆਮ ਤੌਰ ’ਤੇ ਇਹ ਉੱਤਰ ਦਿੰਦੇ ਹਾਂ ਕਿ ਉਸ ਲੋਕਤੰਤਰ ਦਾ ਅਤੇ ਉਸ ਸੰਵਿਧਾਨ ਸਭਾ ਦੀ ਜਿਨ੍ਹਾਂ ਨੇ ਜ਼ਮੀਨ ਤੇ ਨਿੱਜੀ ਮਾਲਕੀ ਦੇ ਅੰਤਰਗਤ ਜਨਮ ਲਿਆ, ਜਦੋਂ ਲੋਕਾਂ ਵਿੱਚ ਬਰਾਬਰਤਾ ਨਹੀਂ ਸੀ, ਜਦ ਨਿੱਜੀ ਪੂੰਜੀ ਰੱਖਣ ਵਾਲਾ ਮਾਲਕ ਹੁੰਦਾ ਸੀ ਤੇ ਬਾਕੀ ਲੋਕ ਉਸ ਲਈ ਕੰਮ ਕਰਨ ਵਾਲੇ ਲੋਕ, ਉਸਦੇ ਉਜ਼ਰਤੀ ਦਾਸ ਹੁੰਦੇ ਸਨ। ਅਜਿਹੇ ਲੋਕਤੰਤਰ ਦੀ ਸਾਡੇ ਸਾਹਮਣੇ ਕੋਈ ਕੀਮਤ ਨਹੀਂ ਹੈ। ਅਜਿਹਾ ਲੋਕਤੰਤਰ ਸਭ ਤੋਂ ਅਗਾਂਹਵਧੂ ਰਾਜਾਂ ਤੱਕ ’ਚ ਗ਼ੁਲਾਮੀ ਛੁਪਾਇਆ ਕਰਦਾ ਸੀ। ਅਸੀ ਲੋਕ, ਸਮਾਜਵਾਦੀ ਲੋਕਤੰਤਰ ਦੇ ਕੇਵਲ ਉਸ ਹੱਦ ਤੱਕ ਪੱਖੀ ਹਾਂ, ਜਿਸ ਹੱਦ ਤੱਕ ਉਹ ਮਿਹਨਤਕਸ਼ਾਂ ਅਤੇ ਉਤਪੀੜਿਤਾਂ ਦੀ ਸਥਿਤੀ ਨੂੰ ਹਲਕਾ ਬਣਾਉਂਦਾ ਹੈ। ਸਮਾਜਵਾਦ ਦੇ ਸਾਰੇ ਸੰਸਾਰ ’ਚ ਮਨੁੱਖ ਦੁਆਰਾ ਮਨੁੱਖ ਦੇ ਸ਼ੋਸ਼ਣ ਦੇ ਵਿਰੁੱਧ ਸੰਘਰਸ਼ ਨੂੰ ਆਪਣਾ ਕਾਰਜ ਨਿਰਧਾਰਿਤ ਕੀਤਾ ਹੈ। ਸਾਡੇ ਲਈ ਉਸ ਲੋਕਤੰਤਰ ਦਾ ਸੱਚਾ ਮਹੱਤਵ ਹੈ, ਜੋ ਪੀੜਤਾਂ ਦੀ ਸੇਵਾ ਕਰਦਾ ਹੈ। ਜਿਨ੍ਹਾਂ ਨੂੰ ਗ਼ੈਰ ਬਰਾਬਰਤਾ ਦੀ ਸਥਿਤੀ ’ਚ ਰੱਖ ਦਿੱਤਾ ਗਿਆ ਹੈ, ਜੇਕਰ ਉਹਨਾਂ ਨੂੰ, ਜੋ ਕੰਮ ਨਹੀਂ ਕਰਦੇ, ਵੋਟ ਅਧਿਕਾਰ ਤੋਂ ਵੰਚਿਤ ਕਰ ਦਿੱਤਾ ਜਾਂਦਾ ਹੈ ਤਾਂ ਇਹ ਲੋਕਾਂ ਵਿਚਕਾਰ ਅਸਲੀ ਸਮਾਨਤਾ ਹੈ, ਜੋ ਕੰਮ ਨਹੀਂ ਕਰਨਗੇ, ਉਹ ਖਾਣਗੇ ਵੀ ਨਹੀਂ।

ਇਹਨਾਂ ਦੋਸ਼ਾਂ ਦੇ ਉੱਤਰ ’ਚ ਅਸੀਂ ਕਹਿੰਦੇ ਹਾਂ ਕਿ ਸਬਕ ਨੂੰ ਇਸ ਤਰ੍ਹਾਂ ਪੇਸ਼ ਕਰਨਾ ਜ਼ਰੂਰੀ ਹੈ ਕਿ ਇਸ ਜਾਂ ਉਸ ਰਾਜ ਵਿੱਚ ਲੋਕਤੰਤਰ ਨੂੰ ਕਿਵੇਂ ਅਮਲੀ ਜਾਮਾ ਪਹਿਨਾਇਆ ਜਾਂਦਾ ਹੈ? ਅਸੀਂ ਸੰਯੁਕਤ ਲੋਕਪੱਖੀ ਲੋਕਤੰਤਰਾਂ ’ਚ ਦੇਖਦੇ ਹਾਂ ਕਿ ਬਰਾਬਰਤਾ ਤਾਂ ਘੋਸ਼ਿਤ ਕੀਤੀ ਜਾਂਦੀ ਹੈ, ਪਰ ਦੀਵਾਨੀ ਕਾਨੂੰਨਾਂ ਤੇ ਔਰਤਾਂ ਦੇ ਅਧਿਕਾਰਾਂ ਦੇ ਕਾਨੂੰਨਾਂ ’ਚ ਔਰਤਾਂ ਦੀ ਪਰਿਵਾਰ ’ਚ ਸਥਿਤੀ ਦੇ ਅਰਥ ’ਚ, ਤਲਾਕ ਦੇ ਅਰਥ ’ਚ ਪੈਰ-ਪੈਰ ਤੇ ਔਰਤਾਂ ਦੀ ਗ਼ੈਰ ਬਰਾਬਰਤਾ ਅਤੇ ਉਹਨਾਂ ਦਾ ਅਪਮਾਨ ਦੇਖਦੇ ਹਾਂ, ਅਤੇ ਅਸੀਂ ਕਹਿੰਦੇ ਹਾਂ ਕਿ ਇਹ ਲੋਕਤੰਤਰ ਦਾ ਉਲੰਘਣ ਹੈ। ਵਿਸ਼ੇਸ਼ ਰੂਪ ’ਚ ਠੀਕ ਪੀੜਤਾਂ ਦੇ ਸੰਬੰਧ ’ਚ। ਸੋਵੀਅਤ ਸੱਤਾ ਨੇ ਲੋਕਤੰਤਰ ਨੂੰ ਹੋਰ ਸੰਯੁਕਤ ਰਾਜਾਂ, ਸਭ ਤੋਂ ਅਗਾਹਵਧੂ ਦੇਸ਼ਾਂ ’ਚ ਅਧਿਕ ਮਾਤਰਾ ’ਚ ਅਮਲੀ ਜਾਮਾ ਪਹਿਨਾਇਆ, ਕਿਉਂਕਿ ਉਸਨੇ ਆਪਣੇ ਕਾਨੂੰਨਾਂ ’ਚ ਔਰਤਾਂ ਦੀ ਗ਼ੈਰ ਬਰਾਬਰਤਾ ਦਾ ਨਾਮੋ-ਨਿਸ਼ਾਨ ਤੱਕ ਨਹੀਂ ਰਹਿਣ ਦਿੱਤਾ। ਮੈਂ ਇਹ ਗੱਲ ਦੁਹਰਾਉਂਦਾ ਹਾਂ ਕਿ ਸੋਵੀਅਤ ਸੱਤਾ ਨੇ ਆਪਣੀ ਹੋਂਦ ਦੇ ਪਹਿਲੇ ਮਹੀਨਿਆਂ ’ਚ ਔਰਤਾਂ ਲਈ ਜਿੰਨਾ ਕੀਤਾ, ਉਸਦਾ ਅੱਧਾ ਭਾਗ ਤੱਕ ਵੀ ਕਿਸੇ ਵੀ ਰਾਜ ਨੇ, ਕਿਸੇ ਵੀ ਲੋਕਪੱਖੀ ਵਿਧਾਨ ਨੇ ਨਹੀਂ ਕੀਤਾ।

ਨਿਰਸੰਦੇਹ, ਇਕੱਲੇ ਕਾਨੂੰਨ ਹੀ ਕਾਫ਼ੀ ਨਹੀਂ ਹੁੰਦੇ, ਅਤੇ ਅਸੀਂ ਕੋਰੇ ਹੁਕਮਾਂ ਤੋਂ ਕਦੀ ਸੰਤੁਸ਼ਟ ਨਹੀਂ ਹਾਂ। ਪਰ ਵਿਧਾਨ ਦੇ ਖੇਤਰ ’ਚ ਅਸੀਂ ਉਹ ਸਭ ਕੁੱਝ ਕਰ ਦਿੱਤਾ ਹੈ, ਜਿਸਦੀ ਸਾਥੋਂ ਔਰਤਾਂ ਦੀ ਸਥਿਤੀ ਨੂੰ ਮਰਦਾਂ ਦੀ ਸਥਿਤੀ ਦੇ ਬਰਾਬਰ ਬਣਾਉਣ ਲਈ ਇੱਛਾ ਕੀਤੀ ਜਾਂਦੀ ਸੀ, ਅਤੇ ਅਸੀਂ ਇਸਤੇ ਬਹੁਤ ਜ਼ਿਆਦਾ ਮਾਣ ਕਰ ਸਕਦੇ ਹਾਂ। ਸੋਵੀਅਤ ਰੂਸ ’ਚ ਹੁਣ ਔਰਤਾਂ ਦੀ ਸਥਿਤੀ ਅਜਿਹੀ ਹੈ ਕਿ ਉਹ ਸਭ ਤੋਂ ਅਗਾਂਹਵਧੂ ਰਾਜਾਂ ਦੇ ਦਿ੍ਰਸ਼ਟੀਕੋਣ ਤੋਂ ਆਦਰਸ਼ ਹਨ। ਪਰ ਅਸੀਂ ਖ਼ੁਦ ਨੂੰ ਕਹਿੰਦੇ ਹਾਂ ਕਿ ਇਹ ਨਿਰੰਸਦੇਹ ਅਜੇ ਕੇਵਲ ਸ਼ੁਰੂਆਤ ਹੈ। ਘਰੇਲੂ ਕੰਮਾਂ ਦੇ ਝੰਜਟਾਂ ’ਚ ਔਰਤ ਦੇ ਰੁਝੇਵਿਆਂ ਦੇ ਕਾਰਨ ਉਹਨਾਂ ਦੀ ਸਥਿਤੀ ਅਜੇ ਵੀ ਮੁਸ਼ਕਿਲ ਬਣੀ ਹੋਈ ਹੈ। ਔਰਤਾਂ ਦੀ ਪੂਰਨ ਆਜ਼ਾਦੀ ਲਈ ਅਤੇ ਮਰਦਾਂ ਨਾਲ ਉਹਨਾਂ ਦੀ ਅਸਲੀ ਬਰਾਬਰਤਾ ਲਈ ਇਹ ਜਰੂਰੀ ਹੈ ਕਿ ਸਮਾਜਿਕ ਆਰਥਿਕ ਵਿਵਸਥਾ ਹੋਵੇ ਕਿ ਔਰਤਾਂ ਸਾਂਝੀ ਉਤਪਾਦਕ ਕਿਰਤ ’ਚ ਸ਼ਾਮਿਲ ਹੋਣ। ਹੁਣ ਔਰਤਾਂ ਉਸ ਹਾਲਤ ’ਚ ਹੋਣਗੀਆਂ ਜੋ ਮਰਦਾਂ ਦੀ ਹੈ।

ਨਿਰਸੰਦੇਹ, ਇੱਥੇ ਅਰਥ ਕਿਰਤ ਉਤਪਾਦਕਤਾ ਕਿਰਤ ਦੀ ਮਾਤਰਾ, ਕਿਰਤ ’ਚ ਸਮੇਂ ਦੀ ਸੀਮਾ, ਕਿਰਤ ਦੀਆਂ ਹਾਲਤਾਂ, ਆਦਿ ’ਚ ਔਰਤ ਦੀ ਸਥਿਤੀ ਬਰਾਬਰ ਬਣਾਉਣ ਨਾਲ ਨਹੀਂ ਹੈ, ਸਗੋਂ ਇਸ ਸ਼ੱਕ ਨਾਲ ਹੈ ਕਿ ਔਰਤਾਂ ਦੀ ਮਰਦਾਂ ਤੋਂ ਵੱਖਰੀ ਆਰਥਿਕ ਸਥਿਤੀ ਕਾਰਨ ਉਹਨਾਂ ਦਾ ਸ਼ੋਸ਼ਣ ਨਾ ਕੀਤਾ ਜਾਏ। ਤੁਸੀਂ ਸਭ ਜਾਣਦੇ ਹੋ ਕਿ ਸੰਪੂਰਨ ਬਰਾਬਰ ਅਧਿਕਾਰ ਹੋਣ ’ਤੇ ਹੀ ਔਰਤਾਂ ਦੀ ਇਹ ਅਸਲ ਦਾਬੂ ਸਥਿਤੀ ਬਰਕਰਾਰ ਰਹਿੰਦੀ ਹੈ, ਕਿਉਂਕਿ ਸਾਰੇ ਘਰੇਲੂ ਕੰਮ ਦੇ ਝੰਜਟ ਦੇ ਹਵਾਲੇ ਕਰ ਦਿੱਤੇ ਜਾਂਦੇ ਹਨ। ਜ਼ਿਆਦਾਤਰ ਮਾਮਲਿਆਂ ’ਚ ਇਹ ਘਰੇਲੂ ਕੰਮ ’ਚ ਝੰਜਟ ਸਭ ਤੋਂ ਵੱਧ ਉਤਪਾਦਕ, ਸਭ ਤੋਂ ਵੱਧ ਅਣਮਨੁੱਖੀ, ਸਭ ਤੋਂ ਵੱਧ ਮਿਹਨਤ ਵਾਲੇ ਹਨ। ਜਿਸਨੂੰ ਔਰਤਾਂ ਪੂਰਾ ਕਰਦੀਆਂ ਹਨ। ਇਹ ਕਿਰਤ ਸਰਾਸਰ ਤੁੱਛ ਹੁੰਦੀ ਹੈ, ਉਸ ਵਿੱਚ ਅਜਿਹਾ ਕੁੱਝ ਨਹੀਂ ਹੁੰਦਾ ਜੋ ਕਿਸੇ ਵੀ ਤਰ੍ਹਾਂ ਔਰਤਾਂ ਦੇ ਵਿਕਾਸ ਕਰਨ ਦੇ ਯੋਗ ਹੋਵੇ।

ਸਮਾਜਵਾਦੀ ਆਦਰਸ਼ ਦੀ ਨਕਲ ਕਰਦੇ ਹੋਏ ਅਸੀਂ ਸਮਾਜਵਾਦ ਦੇ ਪੂਰਨ ਕੰਮ ’ਚ ਲਾਉਣਾ ਚਾਹੁੰਦੇ ਹਾਂ ਅਤੇ ਇੱਥੇ ਔਰਤਾਂ ਦੀ ਬਰਾਬਰ ਕਿਰਤ ਦਾ ਅਤਿਅੰਤ ਵਿਸ਼ਾਲ ਖੇਤਰ ਖੁੱਲ੍ਹਿਆ ਹੁੰਦਾ ਹੈ ਅਸੀਂ ਇਸ ਸਮੇਂ ਸਮਾਜਵਾਦ ਦੇ ਨਿਰਮਾਣ ਲਈ ਜ਼ਮੀਨ ਸਾਫ਼ ਕਰਨ ਦੀ ਗੰਭੀਰਤਾ ਪੂਰਵਕ ਤਿਆਰੀ ਕਰ ਰਹੇ ਹਾਂ, ਪਰ ਸਮਾਜਵਾਦੀ ਸਮਾਜ ਦਾ ਖ਼ੁਦ ਨਿਰਮਾਣ ਕਾਰਜ ਤਦ ਸ਼ੁਰੂ ਹੋਵੇਗਾ ਜਦ ਅਸੀਂ ਔਰਤਾਂ ਦੀ ਪੂਰਨ ਬਰਾਬਰਤਾ ਹਾਸਲ ਕਰ ਲਵਾਂਗੇ, ਇਸ ਤੁੱਛ ਮੂਰਖ ਬਣਾਉਣ ਵਾਲੇ ਅਣ-ਉਤਪਾਦਕ ਕਿਰਤ ਤੋਂ ਮੁਕਤ ਔਰਤਾਂ ਨੂੰ ਮਿਲਾਕੇ ਨਵੇਂ ਕਾਰਜ ਦਾ ਬੀੜਾ ਉਠਾਂਵਾਗੇ। ਇਸ ਕੰਮ ’ਚ ਸਾਨੂੰ ਕਈ ਸਾਲ ਲੱਗ ਜਾਣਗੇ।

ਇਹ ਕੰਮ ਨਾ ਤਾਂ ਤੇਜ਼ੀ ਨਾਲ ਫਲ ਦੇਵੇਗਾ ਤੇ ਨਾ ਹੀ ਕੋਈ ਚਕਾਚੌਂਧ ਕਰਨ ਵਾਲਾ ਪ੍ਰਭਾਵ ਪੈਦਾ ਕਰ ਸਕਦਾ ਹੈ।

ਅਸੀਂ ਨਮੂਨੇ ਦੇ ਤੌਰ ’ਤੇ ਅਜਿਹੀਆਂ ਸੰਸਥਾਵਾਂ, ਰਸੋਈਆਂ ਅਤੇ ਕਿੰਡਰਗਾਰਡਨ ਸਥਾਪਿਤ ਕਰ ਰਹੇ ਹਾਂ, ਜੋ ਔਰਤਾਂ ਨੂੰ ਘਰੇਲੂ ਕੰਮਾਂ ਦੇ ਝੰਜਟਾਂ ਤੋਂ ਮੁਕਤ ਕਰ ਦੇਣਗੇ ਅਤੇ ਇਹਨਾਂ ਸਾਰੀਆਂ ਸੰਸਥਾਵਾਂ ਦੇ ਸੰਗਠਨ ਦਾ ਕੰਮ ਸਭ ਤੋਂ ਜ਼ਿਆਦਾ ਔਰਤਾਂ ਨੂੰ ਉਠਾਉਣਾ ਪਵੇਗਾ। ਇਹ ਸਵੀਕਾਰ ਕਰਨਾ ਪਵੇਗਾ ਕਿ ਇਸ ਸਮੇਂ ਅਜਿਹੀਆਂ ਸੰਸਥਾਵਾਂ ਰੂਸ ’ਚ ਬਹੁਤ ਘੱਟ ਹਨ, ਜੋ ਔਰਤਾਂ ਨੂੰ ਘਰੇਲੂ ਗ਼ੁਲਾਮੀ ਦੀ ਸਥਿਤੀ ਤੋਂ ਛੁਟਕਾਰਾ ਦਿਵਾਉਣ ’ਚ ਮਦਦ ਦੇਣ। ਉਹਨਾਂ ਦੀ ਗਿਣਤੀ ਨਿਗੂਣੀ ਹੈ ਅਤੇ ਇਸ ਸਮੇਂ ਸੋਵੀਅਤ ਲੋਕਤੰਤਰ ਮੌਜੂਦ ਪ੍ਰਬੰਧ ਯੁੱਧ ਅਤੇ ਖਾਧ-ਖ਼ੁਰਾਕ ਦੀਆਂ ਚੀਜ਼ਾਂ ਦੇ ਪ੍ਰਬੰਧ, ਜਿਨ੍ਹਾਂ ਬਾਰੇ ਇੱਥੇ ਸਾਥੀ ਤੁਹਾਨੂੰ ਵਿਸਥਾਰ ’ਚ ਦੱਸ ਚੁੱਕੇ ਹਨ ਇਸ ਕੰਮ ’ਚ ਸਾਡੇ ਰਾਹ ’ਚ ਰੁਕਾਵਟ ਪੈ ਰਹੀ ਹੈ। ਫਿਰ ਵੀ ਇਹ ਕਹਿਣਾ ਹੋਵੇਗਾ ਕਿ ਇਹ ਸੰਸਥਾਵਾਂ, ਜੋ ਔਰਤਾਂ ਨੂੰ ਘਰੇਲੂ ਗ਼ੁਲਾਮੀ ਦੀ ਹਾਲਤ ਤੋਂ ਛੁਟਕਾਰਾ ਦਿਵਾਉਂਦੀਆਂ ਹਨ, ਇੱਥੇ ਥੋੜੀ ਬਹੁਤੀ ਸੰਭਾਵਨਾ ਹੈ, ਜਨਮ ਲੈ ਰਹੀ ਹੈ।

ਅਸੀਂ ਕਹਿੰਦੇ ਹਾਂ ਕਿ ਮਜ਼ਦੂਰਾਂ ਦੀ ਮੁਕਤੀ ਦਾ ਕੰਮ ਖ਼ੁਦ ਮਜ਼ਦੂਰਾਂ ਦਾ ਕੰਮ ਹੋਣਾ ਚਾਹੀਦਾ ਹੈ ਅਤੇ ਠੀਕ ਉਸੇ ਤਰ੍ਹਾਂ ਔਰਤ ਮਜ਼ਦੂਰਾਂ ਦੀ ਮੁਕਤੀ ਦਾ ਕੰਮ ਖ਼ੁਦ ਔਰਤ ਮਜ਼ਦੂਰਾਂ ਦਾ ਕੰਮ ਹੋਣਾ ਚਾਹੀਦਾ ਹੈ। ਖ਼ੁਦ ਔਰਤ ਮਜ਼ਦੂਰਾਂ ਨੂੰ ਅਜਿਹੀਆਂ ਸੰਸਥਾਵਾਂ ਦਾ ਵਿਕਾਸ ਕਰਨ ਦੀ ਚਿੰਤਾ ਕਰਨੀ ਚਾਹੀਦੀ ਹੈ ਅਤੇ ਔਰਤਾਂ ਦੀ ਇਹ ਗਤੀਵਿਧੀਆਂ ਪੂੰਜੀਵਾਦੀ ਸਮਾਜ ਦੇ ਅੰਤਰਗਤ ਉਹਨਾਂ ਦੀ ਪੁਰਾਣੀ ਸਥਿਤੀ ’ਚ ਪੂਰਨ ਪਰਿਵਰਤਨ ਲੈ ਆਵੇਗੀ। ਪੁਰਾਣੇ ਪੂੰਜੀਵਾਦੀ ਸਮਾਜ ’ਚ ਰਾਜਨੀਤੀ ’ਚ ਹਿੱਸਾ ਲੈਣ ਲਈ ਵਿਸ਼ੇਸ਼ ਸਿਖਲਾਈ ਦੀ ਇੱਛਾ ਕੀਤੀ ਜਾਂਦੀ ਸੀ ਅਤੇ ਇਸ ਕਾਰਨ ਰਾਜਨੀਤੀ ’ਚ ਔਰਤਾਂ ਦੀ ਹਿੱਸੇਦਾਰੀ ਸਭ ਤੋਂ ਅਗਾਂਹਵਧੂ ਅਤੇ ਸੁਤੰਤਰ ਪੂੰਜੀਵਾਦੀ ਦੇਸ਼ਾਂ ਤੱਕ ’ਚ ਨਿਗੂਣੀ ਸੀ। ਸਾਡਾ ਕੰਮ ਇਹ ਹੈ ਕਿ ਰਾਜਨੀਤੀ ਹਰੇਕ ਮਿਹਨਤਕਸ਼ ਔਰਤ ਲਈ ਜ਼ਰੂਰੀ ਬਣਾਈ ਜਾਵੇ। ਉਸੇ ਪਲ ਤੋਂ ਜਦ ਜ਼ਮੀਨ ਅਤੇ ਕਲ-ਕਾਰਖ਼ਾਨਿਆਂ ਤੇ ਨਿੱਜੀ ਮਾਲਕੀ ਦਾ ਖ਼ਾਤਮਾ ਕਰ ਦਿੱਤਾ ਗਿਆ ਸੀ ਅਤੇ ਜ਼ਿਮੀਦਾਰਾਂ ਅਤੇ ਪੂੰਜੀਪਤੀਆਂ ਦੀ ਸੱਤਾ ਉਲਟਾ ਦਿੱਤੀ ਗਈ ਸੀ, ਰਾਜਨੀਤੀ ਦੇ ਕੰਮ ਮਿਹਨਤਕਸ਼ ਜਨ ਸਧਾਰਨ ਅਤੇ ਮਿਹਨਤਕਸ਼ ਔਰਤਾਂ ਲਈ ਸਰਲ, ਸਪੱਸ਼ਟ ਅਤੇ ਸਭ ਲਈ ਪੂਰੀ ਤਰ੍ਹਾਂ ਸੌਖੇ ਹੋ ਗਏ ਹਨ। ਪੂੰਜੀਵਾਦੀ ਸਮਾਜ ’ਚ ਔਰਤਾਂ ਨੂੰ ਅਜਿਹੀ ਅਧਿਕਾਰਹੀਣ ਹਾਲਤ ’ਚ ਰੱਖਿਆ ਜਾਂਦਾ ਹੈ ਕਿ ਰਾਜਨੀਤੀ ’ਚ ਉਹਨਾਂ ਦੀ ਸ਼ਮੂਲੀਅਤ ਮਰਦਾਂ ਦੀ ਸ਼ਮੂਲੀਅਤ ਦਾ ਨਿਗੂਣਾ ਹਿੱਸਾ ਹੁੰਦੀ ਹੈ। ਇਸ ਹਾਲਤ ’ਚ ਤਬਦੀਲੀ ਲਿਆਉਣ ਲਈ ਜ਼ਰੂਰੀ ਹੈ ਕਿ ਸੱਤਾ ਮਿਹਨਤਕਸ਼ਾਂ ਦੀ ਹੋਵੇ, ਅਤੇ ਤਦ ਰਾਜਨੀਤੀ ਦੇ ਮੁੱਖ ਕਾਰਜ ’ਚ ਉਹ ਸਭ ਸ਼ਾਮਲ ਹੋਣਗੇ ਜਿੰਨਾਂ ਦਾ ਖ਼ੁਦ ਮਿਹਨਤਕਸ਼ਾਂ ਦੀ ਨੀਤੀ ਨਾਲ ਪ੍ਰਤੱਖ ਤੌਰ ਤੇ ਸਰੋਕਾਰ ਹੋਵੇਗਾ।
ਅਤੇ ਇੱਥੇ ਵੀ ਔਰਤ ਮਜ਼ਦੂਰਾਂ ਦੀ ਨਾ ਕੇਵਲ ਪਾਰਟੀ ਵੱਲ ਸੁਚੇਤ, ਸਗੋਂ ਗ਼ੈਰ ਪਾਰਟੀ ਦੀ ਅਤੇ ਸਭ ਤੋਂ ਘੱਟ ਸੁਚੇਤ ਔਰਤ ਮਜ਼ਦੂਰਾਂ ਦੀ ਸ਼ਮੂਲੀਅਤ ਦੀ ਲੋੜ ਹੈ। ਇੱਥੇ ਸੋਵੀਅਤ ਸੱਤਾ ਨੇ ਔਰਤ ਮਜ਼ਦੂਰਾਂ ਲਈ ਵਿਆਪਕ ਕਾਰਜ ਖੇਤਰ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ ।

ਸਾਨੂੰ ਸੋਵੀਅਤ ਰੂਸ ਨਾਲ ਦੁਸ਼ਮਣੀ ਰੱਖਣ ਵਾਲੀਆਂ ਤਾਕਤਾਂ ਵਿਰੁੱਧ, ਜਿਨ੍ਹਾਂ ਨੇ ਉਸ ਉੱਤੇ ਧਾਵਾ ਬੋਲਿਆ ਸੀ, ਸੰਘਰਸ਼ ’ਚ ਬੇਹੱਦ ਮੁਸ਼ਕਿਲਾਂ ਝੱਲਣੀਆਂ ਪਈਆਂ। ਸਾਨੂੰ ਯੁੱਧ ਦੇ ਖੇਤਰ ’ਚ ਉਹਨਾਂ ਸ਼ਕਤੀਆਂ ਵਿਰੁੱਧ, ਜਿਨ੍ਹਾਂ ਨੇ ਮਿਹਨਤਕਸ਼ਾਂ ਦੀ ਸੱਤਾ ਖ਼ਿਲਾਫ਼ ਯੁੱਧ ਛੇੜਿਆ ਹੈ, ਅਤੇ ਖਾਧ-ਖ਼ੁਰਾਕ ਦੀਆਂ ਚੀਜ਼ਾਂ ਦੇ ਖੇਤਰ ’ਚ ਮੁਨਾਫ਼ਾਖੋਰਾਂ ਵਿਰੁੱਧ ਲੜਨ ’ਚ ਮੁਸ਼ਕਿਲਾਂ ਝੱਲਣੀਆਂ ਪਈਆਂ, ਕਿਉਂਕਿ ਅਜਿਹੇ ਲੋਕਾਂ, ਮਿਹਨਤਕਸ਼ਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ, ਜੋ ਆਪਣੀ ਕਿਰਤ ਨਾਲ ਸਾਡੀ ਮਦਦ ਕਰਨ ਆਏ ਅਤੇ ਇੱਥੇ ਵੀ ਸੋਵੀਅਤ ਸੱਤਾ ਲਈ ਗ਼ੈਰ ਪਾਰਟੀ ਔਰਤ ਮਜ਼ਦੂਰ ਸਮੂਹਾਂ ਦੁਆਰਾ ਦਿੱਤੀ ਜਾਣ ਵਾਲੀ ਸਹਾਇਤਾ ਨਾਲ ਜ਼ਿਆਦਾ ਮੁੱਲਵਾਨ ਹੋਰ ਕੁੱਝ ਨਹੀਂ ਹੈ । ਉਹਨਾਂ ਨੂੰ ਇਹ ਜਾਣਨ ਦੇਈਏ ਕਿ ਪੁਰਾਣੇ ਬੁਰਜ਼ੂਆ ਸਮਾਜ ’ਚ ਰਾਜਨੀਤਕ ਗਤੀਵਿਧੀਆਂ ਲਈ, ਸ਼ਾਇਦ ਵਿਆਪਕ ਪਰੀਖਣ ਦੀ ਲੋੜ ਹੁੰਦੀ ਸੀ ਅਤੇ ਇਹ ਔਰਤਾਂ ਨੂੰ ਉਪਲਬਧ ਨਹੀਂ ਸੀ। ਪਰ ਸੋਵੀਅਤ ਲੋਕਤੰਤਰ ਜਿਮੀਂਦਾਰਾਂ, ਪੂੰਜੀਪਤੀਆਂ ਦੇ ਵਿਰੁੱਧ ਸੰਘਰਸ਼ ਨੂੰ, ਸ਼ੋਸ਼ਣ ਦੇ ਖ਼ਾਤਮੇ ਲਈ ਸੰਘਰਸ਼ ਨੂੰ ਆਪਣੀ ਰਾਜਨੀਤਕ ਗਤੀਵਿਧੀ ਦਾ ਪ੍ਰਮੁੱਖ ਕੰਮ ਨਿਰਧਾਰਤ ਕਰਦਾ ਹੈ ਅਤੇ ਇਸ ਲਈ ਸੋਵੀਅਤ ਲੋਕਤੰਤਰ ’ਚ ਔਰਤ ਮਜ਼ਦੂਰਾਂ ਲਈ ਉਸ ਰਾਜਨੀਤਕ ਕੰਮ ਖੇਤਰ ਦੇ ਦੁਆਰਾ ਖੋਲ ਦਿੱਤੇ ਗਏ ਹਨ, ਜੋ ਇਸ ਵਿੱਚ ਨਿਹਿਤ ਹੋਵੇਗਾ ਕਿ ਔਰਤਾਂ ਆਪਣੀ ਸੰਗਠਨ ਯੋਗਤਾ ਨਾਲ ਮਰਦਾਂ ਦੀ ਮਦਦ ਕਰੇ।

ਸਾਨੂੰ ਕੇਵਲ ਅਜਿਹੇ ਹੀ ਪੈਮਾਨੇ ’ਤੇ ਸੰਗਠਨਾਤਮਕ ਕੰਮ ਦੀ ਲੋੜ ਨਹੀਂ ਹੈ, ਜਿਸ ਵਿੱਚ ਲੱਖਾਂ ਸ਼ਾਮਲ ਹੋਣ। ਸਾਨੂੰ ਸਭ ਤੋਂ ਛੋਟੇ ਪੈਮਾਨੇ ’ਤੇ ਵੀ ਸੰਗਠਨਤਾਮਕ ਕੰਮ ਦੀ ਲੋੜ ਹੈ, ਜੋ ਔਰਤਾਂ ਨੂੰ ਵੀ ਕਿਰਤ ਦੀਆਂ ਸੰਭਾਵਨਾ ਉਸਦੇ ਵਿੱਚ ਅੰਦੋਲਨ ਚਲਾਉਣ ਦਾ ਹੋਵੇ। ਔਰਤਾਂ ਨੂੰ ਇਨ੍ਹਾਂ ਸਾਰਿਆਂ ’ਚ ਸਰਗਰਮ ਸ਼ਮੂਲੀਅਤ ਕਰਨੀ ਚਾਹੀਦੀ ਹੈ ਤਾਂ ਕਿ ਲਾਲ ਸੈਨਾ ਦੇਖੇ ਕਿ ਉਨ੍ਹਾਂ ਦੀ ਚਿੰਤਾ ਕੀਤੀ ਜਾ ਰਹੀ ਹੈ, ਉਸਦਾ ਖ਼ਿਆਲ ਰੱਖਿਆ ਜਾ ਰਿਹਾ ਹੈ। ਔਰਤਾਂ ਨਾਲ ਹੀ ਖਾਧ-ਖ਼ੁਰਾਕ ਦੀ ਵੰਡ, ਜਨਤਕ ਭੋਜਨ-ਪ੍ਰਬੰਧਾਂ ਦੇ ਸੁਧਾਰ, ਉਨ੍ਹਾਂ ਰਸੋਈਆਂ ਦੇ ਵਿਕਾਸ ਦੇ ਖੇਤਰ ’ਚ ਵੀ ਕੰਮ ਕਰ ਸਕਦੀ ਹੈ, ਜੋ ਪੀਤਰੋਗਾਰਦ ’ਚ ਇਸ ਸਮੇਂ ਇੰਨੇ ਵਿਆਪਕ ਰੂਪ ’ਚ ਸਥਾਪਿਤ ਹੋ ਚੁੱਕੇ ਹਨ।

ਠੀਕ ਇਨ੍ਹਾਂ ਖੇਤਰਾਂ ’ਚ ਔਰਤ ਮਜ਼ਦੂਰਾਂ ਦੀਆਂ ਗਤੀਵਿਧੀਆਂ ਅਸਲ ’ਚ ਸੰਗਠਨਤਾਮਕ ਮਹੱਤਵ ਪ੍ਰਾਪਤ ਕਰਦੀਆਂ ਹਨ। ਵੱਡੇ ਪ੍ਰਯੋਗਿਕ ਫਾਰਮਾਂ ਦੀ ਸਥਾਪਨਾ ਕਰਨ ਅਤੇ ਉਹਨਾਂ ਦੀ ਨਿਗਰਾਨੀ ਕਰਨ ਦੇ ਕੰਮ ’ਚ ਵੀ ਔਰਤਾਂ ਦੀ ਸ਼ਮੂਲੀਅਤ ਜ਼ਰੂਰੀ ਹੈ ਤਾਂ ਕਿ ਇਹ ਕੰਮ ਸਾਡੇ ਇੱਥੇ ਵੱਖੋ-ਵੱਖਰੇ ਢੰਗ ਦਾ ਨਾ ਹੋਵੇ। ਮਿਹਨਤਕਸ਼ ਔਰਤਾਂ ਦੀ ਇਸ ਕੰਮ ਦੀ ਵੱਡੀ ਤਦਾਦ ’ਚ ਸ਼ਮੂਲੀਅਤ ਦੇ ਬਿਨਾਂ ਉਸਨੂੰ ਪੂਰਾ ਨਹੀਂ ਕੀਤਾ ਸਕਦਾ। ਔਰਤ ਮਜ਼ਦੂਰ ਖਾਧ ਉਤਪਾਦਾਂ ਦੀ ਵੰਡ ਦੀ ਨਿਗਰਾਨੀ ਦੇ ਮਾਮਲੇ ’ਚ ਅਤੇ ਉਤਪਾਦਾਂ ਦੀ ਪ੍ਰਾਪਤੀ ਨੂੰ ਸੌਖਾ ਬਣਾਉਣ ਦੇ ਕਾਰਜ ਦੀ ਨਿਗਰਾਨੀ ਦੇ ਮਾਮਲੇ ’ਚ ਅਤਿਅੰਤ ਉਪਯੋਗੀ ਸਿੱਧ ਹੋ ਸਕਦੀ ਹੈ। ਇਹ ਕੰਮ ਗ਼ੈਰ ਪਾਰਟੀ ਔਰਤ ਮਜ਼ਦੂਰਾਂ ਲਈ ਪੂਰਨ ਹਾਸਲ ਕਰਨ ਯੋਗ ਹੈ। ਜਦਕਿ ਇਸ ਕਾਰਜ ਦੀ ਪੂਰਤੀ ਸਮਾਜਵਾਦੀ ਸਮਾਜ ਨੂੰ ਦਿ੍ਰੜ ਬਣਾਉਣ ’ਚ ਸਭ ਤੋਂ ਜ਼ਿਆਦਾ ਸਹਿਯੋਗ ਦੇਵੇਗੀ।

ਜ਼ਮੀਨ ਤੇ ਨਿੱਜੀ ਮਾਲਕੀ ਦਾ ਖ਼ਾਤਮਾ ਕਰਨ ਅਤੇ ਮਿੱਲਾਂ ਅਤੇ ਕਾਰਖ਼ਾਨਿਆਂ ਤੇ ਨਿੱਜੀ ਮਾਲਕੀ ਲੱਗਭਗ ਪੂਰੀ ਤਰ੍ਹਾਂ ਖ਼ਤਮ ਕਰਨ ਦੇ ਬਾਅਦ ਸੋਵੀਅਤ ਸੱਤਾ ਇਸ ਗੱਲ ਦਾ ਯਤਨ ਕਰ ਰਹੀ ਹੈ ਕਿ ਕੁੱਲ ਮਿਹਨਤਕਸ਼ ਨਾ ਕੇਵਲ ਪਾਰਟੀ ਵਾਲੇ, ਸਗੋਂ ਗ਼ੈਰ ਪਾਰਟੀ ਵਾਲੇ ਵੀ, ਨਾ ਕੇਵਲ ਮਰਦ, ਸਗੋਂ ਔਰਤਾਂ ਵੀ ਇਸ ਆਰਥਿਕ ਨਿਰਮਾਣ ’ਚ ਜੁਟ ਜਾਣ। ਸੋਵੀਅਤ ਸੱਤਾ ਦੁਆਰਾ ਸ਼ੁਰੂ ਕੀਤਾ ਗਿਆ ਇਹ ਕੰਮ ਕੇਵਲ ਅੱਗੇ ਤਦ ਹੀ ਵੱਧ ਸਕਦਾ ਹੈ, ਜਦ ਕੁੱਝ ਸੌ ਔਰਤਾਂ ਦੀ ਥਾਂ ਤੇ ਪੂਰੇ ਰੂਸ ’ਚ ਲੱਖਾਂ ਔਰਤਾਂ ਸ਼ਮੂਲੀਅਤ ਕਰਨਗੀਆਂ ਤਦ ਸਮਾਜਵਾਦ ਦਾ ਨਿਰਮਾਣ, ਸਾਨੂੰ ਯਕੀਨ ਹੈ, ਦਿ੍ਰੜ ਹੋ ਜਾਵੇਗਾ। ਤਦ ਮਿਹਨਤਕਸ਼ ਇਹ ਸਿੱਧ ਕਰਨਗੇ ਕਿ ਉਹ ਜ਼ਿਮੀਂਦਾਰਾਂ ਅਤੇ ਪੂੰਜੀਪਤੀਆਂ ਬਿਨਾਂ ਜੀਵਤ ਰਹਿ ਸਕਦੇ ਹਨ ਅਤੇ ਆਪਣੇ ਦੇਸ਼ ਦਾ ਪ੍ਰਬੰਧ ਖ਼ੁਦ ਕਰ ਸਕਦੇ ਹਨ। ਤਦ ਰੂਸ ’ਚ ਸਮਾਜਵਾਦ ਦਾ ਨਿਰਮਾਣ ਐਨੀ ਮਜ਼ਬੂਤ ਨੀਂਹ ’ਤੇ ਟਿਕਿਆ ਹੋਵੇਗਾ ਕਿ ਦੂਸਰੇ ਦੇਸ਼ਾਂ ’ਚ ਅਤੇ ਰੂਸ ਅੰਦਰ ਕੋਈ ਵੀ ਬਾਹਰੀ ਦੁਸ਼ਮਣ ਸੋਵੀਅਤ ਲੋਕਤੰਤਰ ਲਈ ਖ਼ਤਰਾ ਨਹੀਂ ਹੋਵੇਗਾ।

(23 ਸਤੰਬਰ, 1919)

Comments

Mandeep

'ਔਰਤ ਮੁਕਤੀ ਦਾ ਮਾਰਗ' ਪੁਸਤਕ ਚੋ

owedehons

http://onlinecasinouse.com/# casino slots http://onlinecasinouse.com/# - casino real money <a href="http://onlinecasinouse.com/# ">online casino gambling </a>

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ