Sat, 20 April 2024
Your Visitor Number :-   6986211
SuhisaverSuhisaver Suhisaver

ਫਿਲਮ ਪੀਕੇ ਅਤੇ ਮੈਸੇਂਜਰ ਆਫ ਗਾਡ ਦੇ ਪ੍ਰਸੰਗ ’ਚ - ਪਿ੍ਰਤਪਾਲ ਮੰਡੀਕਲਾਂ

Posted on:- 06-03-2015

suhisaver

ਮਸਲਾ ਵਿਚਾਰਾਂ ਦੀ ਆਜ਼ਾਦੀ ਦਾ

ਪਿਛਲੇ ਦਿਨੀਂ ਪੀਕੇ ਫਿਲਮ ਦੀ ਪਰਦਰਸ਼ਨੀ ਦੌਰਾਨ ਸਿਨੇਮਾਂ ਘਰਾਂ ਉਪਰ ਹਮਲੇ ਚਰਚਾ ਦਾ ਵਿਸ਼ਾ ਬਣੇ। ਇਸ ਦੇ ਨਾਲ ਹੀ ਡੇਰਾ ਸੱਚਾ ਸੌਦਾ ਦੇ ਮੁਖੀ ਦੀ ਫਿਲਮ ‘ਮੈਸੇਂਜਰ ਆਫ ਗਾਡ’ ਨੂੰ ਜਾਰੀ ਕਰਵਾਉਣ ਲਈ ਮੋਦੀ ਸਰਕਾਰ ਦਾ ਦਬਾਅ ਵੀ ਸਾਹਮਣੇ ਆਇਆ ਜਦੋਂ ਫਿਲਮ ਸੈਂਸਰ ਬੋਰਡ ਦੇ ਮੁਖੀ ਸਮੇਤ 10 ਮੈਬਰਾਂ ਨੇ ਆਪਣੇ ਅਹੁਦਿਆਂ ਤੋਂ ਤਿਆਗ ਪੱਤਰ ਦੇ ਦਿੱਤੇ। ਪੰਜਾਬ ਦੇ ਸਿੱਖ ਜਨੂਨੀਆਂ ਵੱਲੋਂ ਇਸ ਫਿਲਮ ਦੇ ਵਿਰੋਧ ਕਰਨ ’ਤੇ ਪੰਜਾਬ ਸਰਕਾਰ ਨੇ ਇਸ ਫ਼ਿਲਮ ਦੀ ਪਰਦੇ ’ਤੇ ਪੇਸ਼ ਕਰਨ ਉਪਰ ਪਾਬੰਦੀ ਲਗਾ ਦਿੱਤੀ। ਫਰਾਂਸ ਵਿੱਚ ਚਾਰਲੀ ਹੈਬਦੋ ਮੈਗਜ਼ੀਨ ਵੱਲੋਂ ਇਸਲਾਮਿਕ ਪੈਗੰਬਰ ਹਜ਼ਰਤ ਮੁਹੰਮਦ ਦੇ ਕਾਰਟੂਨ ਛਾਪਣ ਕਾਰਨ ਕੁਝ ਦਹਿਸ਼ਤਗਰਦਾਂ ਨੇ ਇਸ ਦੇ ਸੰਪਾਦਕ ਸਮੇਤ ਕਈ ਲੋਕ ਮਾਰ ਦਿੱਤੇ। ਜਿਥੇ ਇੱਕ ਪਾਸੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਕਾਰਨ ਵਿਚਾਰਾਂ ਉਪਰ ਬੰਦਸ਼ਾਂ ਲਾਉਣ ਦੀ ਮੰਗ ਉੱਠੀ ਉੱਥੇ ਵਿਚਾਰਾਂ ਦੀ ਆਜ਼ਾਦੀ ਲਈ ਕਿਸੇ ਵੀ ਬੰਦਸ਼ ਨੂੰ ਨਾ ਮਨਜ਼ੂਰ ਕਰਦੇ ਹੋਏ ਇਸ ਪਤਰਿਕਾ ਨੇ ਅਜਿਹੇ ਕਾਰਟੂਨ ਵਾਰ-ਵਾਰ ਛਾਪਣ ਦਾ ਐਲਾਨ ਕੀਤਾ।

ਸੰਸਾਰ ਪੱਧਰ ’ਤੇ ਲੋਕਾਂ ਅੰਦਰ ਵੱਡੇ ਟਕਰਾਅ ਅਤੇ ਲੋਕਾਂ ਦੀ ਭਾਈਚਾਰਕ ਏਕਤਾ ਦੇ ਤਾਰ-ਤਾਰ ਹੋਣ ਦੇ ਖਦਸ਼ੇ ਬਣ ਰਹੇ ਹਨ। ਅਜਿਹੇ ਸਮੇਂ ਲੋਕਾਂ ਦੇ ਉੱਜਲ ਭਵਿੱਖ ਲਈ ਜੂਝ ਰਹੇ ਕਾਰਕੁੰਨਾਂ ਲਈ ਵਿਚਾਰਾਂ ਦੀ ਆਜ਼ਾਦੀ ਦੇ ਸਵਾਲ ਨੂੰ ਸਪੱਸ਼ਟਤਾ ਨਾਲ ਲੋਕਾਂ ਅੱਗੇ ਰੱਖਣ ਅਤੇ ਉਹਨਾਂ ਦੀ ਆਜ਼ਾਦੀ ਉਪਰ ਰੋਕਾਂ ਖੜੀਆਂ ਕਰਨ ਵਾਲੇ ਤੱਤਾਂ ਨੂੰ ਲੋਕਾਂ ਸਾਹਮਣੇ ਨੰਗਾ ਕਰਨ ਦਾ ਕਾਰਜ ਦਰਪੇਸ਼ ਹੈ।

ਸਮਾਜਿਕ ਵਿਕਾਸ ਦੇ ਮੁੱਢਲੇ ਦੌਰ ਵਿੱਚ ਗਿਆਨ ਦੇ ਸੀਮਤ ਹੋਣ ਕਰਕੇ ਮਨੁੱਖ ਨੇ ਆਪਣੀ ਹੋਂਦ ਲਈ ਸਹਾਇਕ ਅਤੇ ਬਹੁਤ ਜ਼ਰੂਰੀ ਤੱਤਾਂ ਨੂੰ ਦੇਵਤਿਆਂ ਅਤੇ ਮਨੁੱਖ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਸ਼ਕਤੀਆਂ ਨੂੰ ਦੈਂਤਾਂ, ਜਮਦੂਤਾਂ ਜਾਂ ਰਾਕਸ਼ਾਂ ਦਾ ਨਾਮ ਦਿੱਤਾ। ਜਿਵੇਂ ਸੂਰਜ, ਹਵਾ ਅਤੇ ਮੀਂਹ, ਹੜਾਂ ਅਤੇ ਅੱਗ ਆਦਿ। ਜਿਵੇਂ ਜਿਵੇਂ ਮਨੁੱਖ ਕੁਦਰਤ ਨਾਲ ਸੰਘਰਸ਼ ਵਿੱਚ ਪਿਆ ਤਿਵੇਂ-ਤਿਵੇਂ ਇਹ ਕੁਦਰਤ ਦਾ ਥਾਹ ਪਾਉਂਦਾ ਗਿਆ। ਇਹ ਇਕੱਠਾ ਹੋ ਰਿਹਾ ਗਿਆਨ ਮਨੁੱਖੀ ਦਿਮਾਗ ਦੇ ਕਬਾੜ ਖੋਲ੍ਹਦਾ ਗਿਆ। ਮਨੁੱਖ ਬੇਹਤਰ ਸਮਾਜਿਕ ਤਬਦੀਲੀ ਲਈ ਨਵੇਂ ਵਿਚਾਰ ਸਿਰਜਣ ਦੇ ਸਮਰੱਥ ਹੁੰਦਾ ਜਾ ਰਿਹਾ ਹੈ ਪਰ ਉਸਦੀ ਕਿਰਤ ਦੀ ਲੁੱਟ ਕਰ ਰਹੀ ਪਰਜੀਵੀ ਜਮਾਤ ਇਸ ਗਿਆਨ ਤੋਂ ਮਿਲਣ ਵਾਲੀ ਰੋਸ਼ਨੀ ਤੋਂ ਤਰਹਿੰਦੀ ਹੈ। ਉਸਦੇ ਹਿੱਤ ਸਮਾਜ ਨੂੰ ਜਿਊਂ ਦਾ ਤਿਉਂ ਬਣਾਈ ਰੱਖਣ ਵਿੱਚ ਹਨ।

ਉਸਦੇ ਝੂਠ ਦਾ ਪੋਲ ਖੁੱਲਣ ਦਾ ਮਤਲਬ ਹੈ ਪਰਜੀਵੀ ਜਮਾਤ ਦਾ ਖਾਤਮਾ। ਉਸਦੇ ਹਿੱਤ ਹਨ ਕਿ ਸਮਾਜਿਕ ਅਗਿਆਨਤਾ ਨੂੰ ਬਣਾਈ ਰੱਖਿਆ ਜਾਵੇ। ਅਜਿਹੀਆਂ ਜਮਾਤਾਂ ਸਮਾਜ ਨੂੰ ਰੁਸ਼ਨਾਉਣ ਵਾਲੇ ਹਰ ਵਿਚਾਰ ਨੂੰ ਦਬਾਉਣ ਲਈ ਤੱਤਪਰ ਰਹਿੰਦੀਆਂ ਹਨ। ਜਮਾਤਾਂ ਵਿੱਚ ਵੰਡੇ ਸਮਾਜ ਵਿੱਚ ਹਾਕਮ ਜਮਾਤ ਦੇ ਵਿਚਾਰਾਂ ਨੂੰ ਹੀ ਲੋਕਾਂ ਦੀ ਬਹੁ ਗਿਣਤੀ ਸੱਚ ਕਰਕੇ ਮੰਨਦੀ ਹੈ। ਹਾਕਮ ਸਮਾਤ ਮੁੱਖ ਕਰਕੇ ਵਿਚਾਰਾਂ ਰਾਹੀਂ ਹੀ ਲੋਕਾਂ ਉਪਰ ਰਾਜ ਕਰਦੀ ਹੈ। ਲੁਟੇਰੀ ਜਮਾਤ ਲੋਕਾਂ ਵਿੱਚ ਇਹ ਡਰ ਭਰਦੀ ਹੈ ਕਿ ਕੁਝ (ਅਗਾਂਹਵਧੂ ਵਿਚਾਰਾਂ) ਤੱਤ ਲੋਕਾਂ ਦੇ ਜੀਵਨ ਢੰਗ, ਰੀਤੀ ਰਿਵਾਜ਼ਾਂ ਜਾ ਪੂਜਾ ਢੰਗਾਂ ਨੂੰ ਬਦਲਣ ਲਈ ਯਤਨਸ਼ੀਲ ਹਨ। ਲੋਕਾਂ ਨੂੰ ਇਹਨਾਂ ਤੱਤਾਂ ਤੋਂ ਸੁਚੇਤ ਰਹਿੰਦੇ ਹੋਏ ਅਜਿਹੇ ਵਿਚਾਰ ਸਮਾਜ ਵਿੱਚ ਪਣਪਣ ਹੀ ਨਹੀਂ ਦੇਣੇ ਚਾਹੀਂਦੇ।

ਸਿੱਟੇ ਵਜੋਂ ਵਿਸ਼ਾਲ ਅਣਭੋਲ ਜਨਸਮੂਹਾਂ ਨੂੰ ਆਪਣੇ ਪਿੱਛੇ ਲਾਕੇ ਹਾਕਮ ਜਮਾਤਾਂ ਅਜਿਹੇ ਵਿਚਾਰਾਂ ਉਪਰ ਭਰਵੇਂ ਹੱਲੇ ਕਰਦੀਆਂ ਹਨ। ਇਹਨਾਂ ਉਪਰ ਪਾਬੰਦੀਆਂ ਲਾਉਣ ਦਾ ਢੰਗ ਵੀ ਵਰਤਿਆ ਜਾਂਦਾ ਹੈ, ਜਿਸ ਤਰਾਂ ਤਸਲੀਮਾ ਨਸਰੀਨ ਦੀ ਪੁਸਤਕ। ਇਹ ਹਮਲਿਆਂ ਦਾ ਇੱਕ ਰੂਪ ਕਾਨੂੰਨੀ ਜਿਵੇਂ ਧਾਰਾ 295 ਏ (ਧਾਰਮਿਕ ਭਾਵਨਾਵਾਂ ਨੂੰ ਠੇਸ ਪਹੰਚਾਉਣਾ) ਦੀ ਵਰਤੋਂ ਕਰਨਾ ਹੈ ਜਿਵੇਂ ਵੈਨੀ ਡੋਨੀਅਰ ਅਤੇ ਮੁਰੂਗਨ ਪੇਰੂਮਲ ਦੀ ਲਿਖਤਾਂ ਨੂੰ ਰੋਕਣਾ ਜਾਂ ਗੈਰਕਾਨੂਨੀ ਢੰਗ ਜਿਵੇਂ ਪੀਕੇ ਫਿਲਮ ਅਤੇ ਅਜਿਹੀਆਂ ਹੋਰ ਫਿਲਮਾਂ ਦੀ ਪਰਦਰਸ਼ਨੀ ਬਜਰੰਗ ਦਲ ਸ਼ਿਵ ਸੈਨਾ ਵੱਲੋਂ ਰੋਕਣਾ। ਆਰ. ਐਸ. ਐਸ. ਦੇ ਕਾਰਕੁੰਨ ਦੀਨਾ ਨਾਥ ਬਤਰਾ ਵੱਲੋਂ ਧਾਰਾ 295ਏ ਵਰਤੋਂ ਨਾਲ ਦਬਾਅ ਬਣਾਕੇ ਵੈਨੀ ਡੋਨੀਅਰ ਦੀ ਲਿਖਤ ਅਲਟਰਨੇਟਿਵ ਹਿਸਟਰੀ ਆਫ ਹਿੰਦੂਜ ਦੇ ਪ੍ਰਕਾਸ਼ਕ ਪੈਂਗੂਅਨ ਪ੍ਰਕਾਸ਼ਨ ਨੂੰ ਇਸਦੀਆਂ ਕਾਪੀਆਂ ਸਾੜਨ ਲਈ ਮਜ਼ਬੂਰ ਕਰਨਾ। ਦੀਨਾ ਨਾਥ ਬਤਰਾ ਨੂੰ ਮੋਦੀ ਸਰਕਾਰ ਨੇ ਭਾਰਤੀ ਇਤਿਹਾਸ ਸੰਸਥਾ ਦਾ ਮੁਖੀ ਥਾਪ ਦਿੱਤਾ ਹੈ। ਪੰਜਾਬ ਵਿੱਚ ਨਾਟਕਕਾਰ ਕੀਰਤੀ ਕਿਰਪਾਲ ਦੀ ਟੀਮ ਦੇ ਛੋਟੇ ਛੋਟੇ ਕਲਾਕਾਰਾਂ ਅਤੇ ਰਜ਼ਬ ਅਲ਼ੀ ਦੇ ਕਾਵਿ ਸੰਗ੍ਰਹਿ ਛਾਪਣ ਵਾਲੇ ਲੇਖਕਾਂ ਪ੍ਰਕਾਸ਼ਕਾਂ ਉਪਰ ਵੀ ਭਾਵਨਾਵਾਂ ਭੜਕਾਉਣ ਦੇ ਦਰਜ਼ ਹੋਏ ਕੇਸ ਦਾ ਜਾਹਰਾ ਰੂਪ ਹਨ।

ਇਸ ਤੋਂ ਵੀ ਅੱਗੇ ਇਹ ਫ਼ਿਰਕੂ ਜਨੂੰਨੀ ਤੱਤਾਂ ਵੱਲੋਂ ਨਰਿੰਦਰ ਦਬੋਲਕਰ ਜਾਂ ਸੀਪੀਆਈ ਕਾਰਕੁਨ ਪਾਨਸਾਰੇ ਦਾ ਕਤਲ ਕਰਨਾ। ਅਜਿਹੇ ਸਮੇਂ ਹਾਕਮ ਚੁੱਪੀ ਸਾਧ ਕੇ ਅਜਿਹੇ ਸੰਗਠਨਾਂ ਜਾਂ ਕਾਤਲਾਂ ਵਿਰੁੱਧ ਕੋਈ ਕਾਰਵਈ ਨਾ ਕਰਕੇ ਅਜਿਹੇ ਤੱਤਾਂ ਨੂੰ ਹੱਲਾਸ਼ੇਰੀ ਦਿੰਦੇ ਹਨ। ਨਰਿੰਦਰ ਦਬੋਲਕਰ ਮਹਾਰਾਸ਼ਟਰ ਅੰਧਸ਼ਰਧਾ ਨਿਰਮੂਲਣ ਸੰਮਤੀ ਦੇ ਮੁਖੀ ਸਨ ਅਤੇ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚੋਂ ਕੱਢਣ ਲਈ ਸਰਗਰਮ ਸਨ। ਕਮਿਊਨਿਸਟ ਪਾਰਟੀ ਦੇ ਆਗੂ ਪਾਨਸਾਰੇ ‘ਕਰਕਰੇ ਦੇ ਕਾਤਲ ਕੌਣ’ ਉਪਰ ਬਹਿਸ ਜਥੇਬੰਦ ਕਰ ਰਹੇ ਸਨ। ਚੇਤੇ ਰਹੇ ਮਹਾਰਾਸਟਰ ਪੁਲਸ ਅਧਿਕਾਰੀ ਕਰਕਰੇ ਨੇ ਬੰਬ ਧਮਾਕਿਆਂ ਵਿੱਚ ਹਿੰਦੂ ਫ਼ਿਰਕਾਪ੍ਰਸਤਾਂ ਦੇ ਹੱਥ ਨੂੰ ਨੰਗਾ ਕੀਤਾ ਸੀ। ਅੰਧ ਵਿਸ਼ਵਾਸ ਨਾਲ ਲਬਰੇਜ “ਦੀ ਮੈਸੇਜ਼ਰ ਆਫ ਗਾਡ” ਫਿਲਮ ਨੂੰ ਰੀਲੀਜ਼ ਕਰਵਾਉਣ ਲਈ ਕੇਂਦਰ ਦੀ ਮੋਦੀ ਸਰਕਾਰ ਨੇ ਫਿਲਮ ਸੈਂਸਰ ਬੋਰਡ ਉਪਰ ਦਬਾਅ ਬਣਾਇਆ ਜਿਸਦੇ ਸਿੱਟੇ ਵਜੋਂ ਇਸ ਦੇ ਮੁਖੀ ਸਮੇਤ 10 ਮੈਂਬਰਾਂ ਨੇ ਤਿਆਗ ਪੱਤਰ ਦੇ ਦਿੱਤੇ। ਚੇਤੇ ਰਹੇ ਇਸ ਫਿਲਮ ਦੇ ਪਰਡਿਊਸਰ ਡੇਰਾ ਸੱਚਾ ਸੌਦਾ ਨੇ ਹਰਿਆਣਾ ਅਤੇ ਦਿੱਲੀ ਅਸੈਂਬਲੀ ਚੋਣਾਂ ਵਿੱਚ ਬੀਜੇਪੀ ਦੀ ਖੁੱਲੀ ਹਮਾਇਤ ਕੀਤੀ ਸੀ। ਇਥੇ ਉਸਦਾ ਮਕਸਦ ਫਿਲਮ ਜਾਰੀ ਕਰਵਾਉਣ ਦੇ ਨਾਲ ਨਾਲ ਆਪਣੇ ਉਪਰ ਬਣੇ ਹੋਏ ਕੇਸਾਂ ਨੂੰ ਰੱਦ ਕਰਵਾਉਣਾ ਹੈ। ਇਸ ਦੇ ਬਾਵਜੂਦ ਫਿਲਮ ਉਪਰ ਪਾਬੰਦੀ ਲਾਉਣਾ ਦਰੁਸਤ ਨਹੀਂ। ਅਜਿਹਾ ਢੰਗ ਮਸਲੇ ਉਪਰ ਖੁੱਲ੍ਹੀ ਵਿਚਾਰ ਚਰਚਾ ’ਤੇ ਰੋਕ ਬਣਦਾ ਹੈ।

ਲੋਕਾਂ ਦੇ ਆਪਣੇ ਢੰਗ ਨਾਲ ਜਿਊਣ, ਪੂਜਾ ਪਾਠ ਕਰਨ ਦੇ ਹੱਕ ਵਿੱਚ ਧੱਕੜ ਦਖਲਅੰਦਾਜੀ ਨੂੰ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਰੂਪ ਵਜੋਂ ਚਿਤਵਣਾ ਚਾਹੀਦਾ ਹੈ। ਉਹਨਾਂ ਦੇ ਇਸ ਹੱਕ ਦੀ ਰਾਖੀ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਪਿਛਾਂਹਖਿਚੂ ਤਾਕਤਾਂ ਲੋਕਾਂ ਵਿੱਚ ਵੰਡੀਆਂ ਪਾਉਣ ਲਈ ਘੱਟ ਗਿਣਤੀਆਂ ਦੇ ਇਸ ਹੱਕ ਨੂੰ ਪੈਰਾਂ ਥੱਲੇ ਰੋਲਣ ਤੋਂ ਬਾਜ ਨਹੀਂ ਆਉਂਦੀਆਂ। ਜਿਵੇਂ ਗਊ ਪੂਜਕ ਗਊ ਮਾਸ ਦੀ ਵਰਤੋਂ ਕਰਨ ਵਾਲਿਆਂ ਦੇ ਹੱਕ ਨੂੰ ਖੋਹਣ ਵਾਸਤੇ ਗਊ ਹੱਤਿਆ ਉਪਰ ਪਾਬੰਦੀ ਦੀ ਮੰਗ ਕਰਦੇ ਹਨ। ਜਮਹੂਰੀ ਸ਼ਕਤੀਆਂ ਨੂੰ ਇਸ ਦਾ ਵਿਰੋਧ ਕਰਦੇ ਹੋਏ ਇਹ ਗੱਲ ਉਭਾਰਨੀ ਚਾਹੀਂਦੀ ਹੈ ਕਿ ਕਿਸੇ ਗਊ ਪੂਜਕ ਨੂੰ ਗਊ ਮਾਸ ਖਵਾਉਣਾ ਜਾਂ ਉਸਦੇ ਧਾਰਮਿਕ ਸਥਾਨ ਨੇੜੇ ਇਸ ਦੀ ਹੱਤਿਆ ਕਰਨੀ-ਮਾਸ ਦੇ ਟੁਕੜੇ ਰੱਖਣੇ ਆਦਿਕ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਹੈ। ਪਰ ਗਊ ਮਾਸ ਦੀ ਵਰਤੋਂ ਕਰਨ ਵਾਲੇ ਵਰਗ ਉਪਰ ਇਸ ਦੀ ਵਰਤੋਂ ਨਾ ਕਰਨ ਲਈ ਦਬਾਅ ਪਾਉਣਾ ਧੱਕਾ ਹੈ।

ਪਿਛਾਂਹਖਿੱਚੂ ਸ਼ਕਤੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਧਾਰਨਾ ਨੂੰ ਅੱਗੇ ਸਮਾਜਿਕ ਸੰਵਾਦ ਦੇ ਖੇਤਰ ਤੱਕ ਖਿੱਚ ਲਿਆਉਂਦੀਆਂ ਹਨ। ਜਿਸ ਤਰਾ ਲੇਖਕਾਂ ਪ੍ਰਕਾਸ਼ਕਾਂ ਦੀਆਂ ਪੁਸਤਕਾਂ, ਕੀਰਤੀ ਕਿਰਪਾਲ ਦਾ ਨਾਟਕ ਰੱਬ ਜੀ ਥੱਲੇ ਆਊ, ਉਪਰ ਕੇਸ ਦਰਜ਼ ਕਰਨੇ ਜਾਂ ਪੀਕੇ ਫਿਲਮ ਦੀ ਪਰਦਰਸਨੀ ਉੱਪਰ ਹਮਲੇ, ਸਿੱਖ ਜਨੂਨੀਆਂ ਵੱਲੋਂ ਡੇਰਾ ਸੱਚਾ ਸੌਦਾ ਜਾਂ ਹੋਰ ਡੇਰਿਆਂ ਦੇ ਧਾਰਮਿਕ ਸਮਾਗਮਾਂ ਨੂੰ ਧੱਕੇ ਨਾਲ ਰੋਕਣਾ। ਅਸਲ ਵਿੱਚ ਇਹ ਸਮਾਜਿਕ ਸੰਵਾਦ ਨੂੰ ਰੋਕਣ ਦੀਆਂ ਕਾਰਵਾਈਆਂ ਹਨ। ਬਿਨਾਂ ਸ਼ੱਕ ਕੁੱਝ ਕੁ ਲਿਖਤਾਂ ਜਾਂ ਫਿਲਮਾਂ ਦੀ ਸਮੱਗਰੀ ਲੋਕ ਦੇ ਅਗਾਂਹਵਧੂ ਵਿਕਾਸ ਦੀ ਵਿਰੋਧੀ ਵੀ ਹੁੰਦੀ ਹੈ ਪਰ ਇਸ ਨੂੰ ਲੋਕਾਂ ਵੱਲੋਂ ਅਲੋਚਨਾ ਦੇ ਛੱਜ ਵਿੱਚ ਛੰਡ ਕੇ ਹੀ ਨਕਾਰਨਾ ਚਾਹੀਦਾ ਹੈ ਨਾ ਕਿ ਪਾਬੰਦੀ ਜਾ ਜਬਰੀ ਰੋਕਾਂ ਨਾਲ। ਜਬਰੀ ਰੋਕਾਂ ਨਾਲ ਪਿਛਾਂਹਖਿਚੂ ਤੱਤ ਅਸਲ ਵਿੱਚ ਲੋਕਾਂ ਦੀ ਜਿੰਦਗੀ ਸੁਧਾਰਨ ਦੇ ਯਤਨਾਂ ਨੂੰ ਰੋਕਣ ਲਈ ਯਤਨਸ਼ੀਲ ਹਨ। ਉਹ ਲੋਕਾ ਦੇ ਜਿਊਣ ਦੇ ਢੰਗ ਦੇ ਹੱਕ ਅਤੇ ਸਮਾਜਕ ਸੰਵਾਦ ਵਿੱਚ ਵਖਰੇਵੇਂ ਦੀ ਲਕੀਰ ਨੂੰ ਮੇਸਣ ਲਈ ਤੱਤਪਰ ਹਨ। ਉਹ ਘੱਟ ਗਿਣਤੀਆਂ ਦੇ ਜਿਊਣ ਦੇ ਹੱਕ ਵਿੱਚ ਵੀ ਧੱਕੜ ਦਖਲ ਅੰਦਾਜੀ ਕਰਦੇ ਹਨ ਅਤੇ ਸਮਾਜਿਕ ਸੰਵਾਦ ਨੂੰ ਕੁੰਡਾ ਮਾਰਨਾ ਚਾਹੁੰਦੇ ਹਨ।

ਪਿਛਾਂਹਖਿਚੂ ਸ਼ਕਤੀਆਂ ਵਿਚਾਰਾਂ ਦੀ ਆਜ਼ਾਦੀ ਦੀ ਦੁਰ ਵਰਤੋਂ ਕਰਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਸੱਚੀਓਂ ਠੇਸ ਵੀ ਪਹੁੰਚਾਉਂਦੀਆਂ ਹਨ ਅਤੇ ਸਮਾਜਿਕ ਸੰਵਾਦ ਦੇ ਰਾਹ ਵਿੱਚ ਰੋੜਾ ਬਣਦੀਆਂ ਹਨ। ਜਿਵੇਂ ਫਰਾਂਸ ਦੀ ਪੱਤਰਕਾ ਵੱਲੋਂ ਮੁਸਲਮ ਪੈਗੰਬਰ ਦੇ ਕਾਰਟੂਨ ਛਾਪਣਾ ਜਾਂ ਡੇਰਾ ਸੱਚਾ ਸੌਦਾ ਵੱਲੋਂ ਸਿੱਖ ਗੁਰੂ ਦਾ ਬਾਣਾ ਪਾਕੇ ਅਮਿ੍ਰਤ ਛਕਾਉਣ ਦੀ ਨਕਲ ਕਰਨਾ। ਅਜਿਹਾ ਕਰਕੇ ਇੱਕ ਪਾਸੇ ਅਜਿਹੇ ਤੱਤ ਜਾਂ ਸ਼ਕਤੀਆਂ ਲੋਕਾਂ ਦੇ ਜਮਾਤੀ ਏਕੇ ਨੂੰ ਸੰਨ ਮਾਰਦੀਆਂ ਹਨ ਅਤੇ ਨਾਲ ਹੀ ਹਕੂਮਤ ਲਈ ਵਿਚਾਰਾਂ ਦੀ ਆਜ਼ਾਦੀ ਉਪਰ ਬੰਦਸ਼ਾਂ ਲਾਉਣ ਦੇ ਬਹਾਨੇ ਮੁਹੱਈਆ ਕਰਦੀਆਂ ਹਨ। ਜਮਹੂਰੀ ਸ਼ਕਤੀਆਂ ਅਤੇ ਬੁਧੀਜੀਵੀਆਂ ਦਾ ਫਰਜ਼ ਹੈ ਕਿ ਇਹਨਾਂ ਤਾਕਤਾਂ ਨੂੰ ਲੋਕਾਂ ਚੋਂ ਨਿਖੇੜਿਆ ਜਾਵੇ ਅਤੇ ਦੂਸਰੇ ਬੰਨੇ ਇਹਨਾਂ ਉਪਰ ਕਾਤਲਾਨਾ ਹਮਲਿਆਂ ਜਾਂ ਇਹਨਾਂ ਦੇ ਪੈਰੋਕਾਰਾਂ ਦੀਆਂ ਸ਼ਾਤਮਈ ਇਕਤਰਤਾਵਾਂ ਨੂੰ ਧੱਕੇ ਨਾਲ ਰੋਕਣ ਦੇ ਯਤਨਾਂ ਦਾ ਵੀ ਵਿਰੋਧ ਕਰਨਾ ਚਾਹੀਂਦਾ ਹੈ। ਕਤਲ ਕਰਨ ਵਾਲੇ ਜਾਂ ਇਕਤਰਤਾਵਾਂ ਰੋਕਣ ਵਾਲੇ ਵੀ ਸਮਾਜਿਕ ਸੰਵਾਦ ਨੂੰ ਆਪਣੇ ਢੰਗ ਨਾਲ ਤਹਿ ਕਰਨਾ ਚਾਹੁੰਦੇ ਹਨ। ਆਜ਼ਾਦੀ ਦੀ ਨਜਾਇਜ਼ ਵਰਤੋਂ ਕਰਕੇ ਵੰਡੀਆਂ ਪਾਉਣ ਵਾਲੇ ਅਤੇ ਧੱਕੜ ਜਾਂ ਕਾਤਲਾਨਾ ਹਮਲਿਆਂ ਕਰਨ ਵਾਲਿਆਂ ਨੂੰ ਲੋਕਾਂ ਚੋਂ ਨਿਖੇੜਨਾ ਹੀ ਸਮਾਜਿਕ ਵਿਕਾਸ ਲਈ ਗਰੰਟੀ ਬਣੇਗਾ। ਉਹਨਾਂ ਉਪਰ ਪਾਬੰਦੀ ਦੀ ਹਮਾਇਤ ਕਰਨਾ ਅਸਲ ਵਿੱਚ ਪਿਛਾਂਹ ਖਿਚੂ ਸਕਤੀਆਂ ਦੇ ਮਨਸੂਬਿਆਂ ਦੇ ਹੱਕ ਵਿੱਚ ਭੁਗਤਣਾ ਹੋਵੇਗਾ।

ਤੱਤ ਰੂਪ ਵਿੱਚ ਕਹਿਣਾ ਹੋਵੇ ਤਾਂ ਅਜਿਹੇ ਸਮਾਜਿਕ ਸੰਵਾਦ ਜੋ ਜਮਾਤੀ ਏਕਤਾ ਨੂੰ ਆਂਚ ਪਹੁੰਚਾਏ ਬਿਨਾਂ ਪਿਛਾਂਹ ਖਿਚੂ ਧਾਰਨਾਵਾਂ ਦੀ ਅਗਾਂਹ ਵਧੂ ਪੜਚੋਲ ਕਰਨ ਅਤੇ ਸਮਾਜਿਕ ਵਿਕਾਸ ਵਿੱਚ ਹਿੱਸਾ ਪਾਉਣ ਵਾਲਖ ਸੰਵਾਦ ਨੂੰ ਹੀ ਵਿਚਾਰਾਂ ਦੀ ਆਜ਼ਾਦੀ ਲਈ ਪਰਖ ਦੀ ਕਸਵੱਟੀ ਦਾ ਪੈਮਾਨਾ ਮੰਨਿਆਂ ਜਾਣਾ ਚਾਹੀਦਾ ਹੈ। ਫਿਲਮ ਸੈਸਰ ਬੋਰਡ ਵਰਗੀਆਂ ਸੰਸਥਾਵਾਂ ਦੇ ਕੰਮ ਢੰਗ ਨੂੰ ਜਿਥੇ ਹੋਰ ਵੱਧ ਜਮਹੂਰੀ ਅਤੇ ਪਾਰਦਰਸ਼ੀ ਬਣਾਉਣ ਦੀ ਲੋੜ ਹੈ ਉੱਥੇ ਇਸ ਵਿੱਚ ਦਖਲ ਅੰਦਾਜ਼ੀ ਦਾ ਵੀ ਵਿਰੋਧ ਕਰਨ ਚਾਹੀਦਾ ਹੈ। ਇਤਿਹਾਸ ਦੀਆਂ ਸੰਸਥਾਵਾਂ ਦੇ ਮੁਖੀ ਜਾਂ ਮੈਂਬਰ ਨਿਯੁਕਤ ਕਰਨ ਦੀ ਪ੍ਰਕਿ੍ਰਆ ਦਾ ਜਮਹੂਰੀਕਰਨ ਕਰਨ ਦੀ ਲੋੜ ਹੈ। ਇਸ ਸਬੰਧ ਵਿੱਚ ਧਾਰਾ ਗੈਰ ਜਮਹੂਰੀ ਧਾਰਾ 295 ਏ ਨੂੰ ਰੱਦ ਕਰਵਾਉਣ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।

Comments

owedehons

cashman casino slots http://onlinecasinouse.com/# - cashman casino slots casino online <a href="http://onlinecasinouse.com/# ">best online casino </a> online casinos

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ