Sat, 20 April 2024
Your Visitor Number :-   6986147
SuhisaverSuhisaver Suhisaver

ਕੀ ਧੀ-ਪੁੱਤ ਮਹਿਜ਼ ਮਾਪਿਆਂ ਦੀ ਇੱਜ਼ਤ ਜਮ੍ਹਾਂ ਰੱਖਣ ਵਾਲੇ ਬੱਚਤ ਖ਼ਾਤੇ ਹਨ ? - ਇਕਬਾਲ

Posted on:- 05-10-2012

suhisaver

ਪਰਿਵਾਰ ਦਾ ਸਰੂਪ ਕੋਈ ਬੱਝਿਆ ਹੋਇਆ ਸਰੂਪ ਹੈ। ਅਜਿਹਾ ਨਹੀਂ, ਇਹ ਬਹੁਤ ਹਾਲਤਾਂ ਵਿੱਚੋਂ ਗੁਜ਼ਰ ਕੇ ਇੱਥੇ ਤੱਕ ਆਇਆ ਹੈ । ਕਦੇ ਅਸੀਂ ਕਬੀਲਾ ਪਰਿਵਾਰ ਦੇ ਵਸਨੀਕ ਸਾਂ ਅਤੇ ਰਿਸ਼ਤੇ ਟੋਲੀ ਵਿਆਹਾਂ ਦੀ ਪ੍ਰੰਪਰਾ ਵਿੱਚੋਂ ਗੁਜ਼ਰੇ, ਬਹੁ-ਪਤੀ, ਬਹੁ-ਪਤਨੀ ਵਿਆਹ ਵੀ ਰਹੇ, ਕੁਲ ਦੇ ਸਾਰੇ ਹੱਕ ਮਾਤਰੀ ਵੀ ਰਹੇ, ਮਤਲਬ ਹਰ ਸਮੇਂ ਦਾ ਪਰਿਵਾਰ ਆਪਣੀ ਇੱਕ ਖਾਸ ਬਣਤਰ ਰੱਖਦਾ ਰਿਹਾ ਹੈ । ਪਰਿਵਾਰ ਦਾ ਸਰੂਪ ਅੱਜ ਵੀ ਵਿਕਾਸ ਵਿੱਚ ਹੀ ਹੈ, ਮਤਲਬ ਇਹ ਕੋਈ ਮਰੀ ਹੋਈ ਜੜ੍ਹ ਚੀਜ਼ ਨਹੀਂ ਇੱਕ ਪ੍ਰਵਾਹ ਹੈ, ਜਿਸ ਵਿੱਚ ਰਿਸ਼ਤੇ ਆਪਣਾ ਅਧਿਕਾਰ ਖੇਤਰ ਬਦਲਦੇ ਰਹੇ ਹਨ । ਬਹੁਤਾ ਪਿੱਛੇ ਜਾਣਾ ਇਸ ਥਾਂ ਵਾਜਿਬ ਨਹੀਂ, ਆਖਣ ਦਾ ਅਰਥ ਸਿਰਫ ਐਨਾ ਹੈ ਕਿ ਬੱਚਿਆਂ ਨਾਲ ਅਣਖ, ਇੱਜ਼ਤ ਦਾ ਜੁੜ ਜਾਣਾ ਅਤੀਤ ਦੇ ਪਰਿਵਾਰ ਦੇ ਸਰੂਪਾਂ ਵਿਚਲਾ ਹੀ ਇੱਕ ਪ੍ਰਭਾਵ ਹੈ ।

ਅੱਜ ਅਸੀਂ ਇੱਕੀਵੀਂ ਸਦੀ ਵਿੱਚ ਜਿਉਂ ਰਹੇ ਹਾਂ ਜਦ ਚਾਰੇ ਪਾਸੇ ਪੂੰਜੀ ਦੀ ਚੌਧਰ ਹੈ, ਪਰਿਵਾਰਾਂ ਵਿਚਲੇ ਉੱਪਭਾਵੁਕ ਤੁਅੱਸਬ ਤਿੱਤਰ-ਬਿੱਤਰ ਹੋ ਰਹੇ ਹਨ ਤੇ ਇਸ ਯੁੱਗ ਨੇ ਸੰਬੰਧਾਂ ਵਿਚਲੀ ਗਰਜ਼ (ਮਤਲਬਪ੍ਰਸਤੀ) ਨੂੰ ਪੂਰੀ ਤਰ੍ਹਾਂ ਨੰਗਿਆਂ ਕਰ ਦਿੱਤਾ ਹੈ । ਰਿਸ਼ਤਿਆਂ ਨੂੰ ਸਮਝਣ ਲਈ ਪੁਰਾਣੀ ਦ੍ਰਿਸ਼ਟੀ ਕਿਵੇਂ ਵੀ ਜਾਇਜ਼ ਨਹੀਂ । ਪਰ ਅੱਜ ਵੀ ਕਈ ਲੇਖਕਾਂ ਚਿੰਤਕਾਂ ਵੱਲੋਂ 'ਖਾਪ-ਪੰਚਾਇਤਾਂ' ਦੇ ਫੈਸਲਿਆਂ ਵਰਗੀਆਂ ਲਿਖਤਾਂ ਅਕਸਰ ਹੀ ਪੜ੍ਹਨ ਨੂੰ ਮਿਲ ਜਾਂਦੀਆਂ ਹਨ । ਲੇਖਕਾਂ ਵੱਲੋਂ ਅਕਸਰ ਹੀ ਲਿਖਿਆ ਜਾਂਦਾ ਹੈ ਕਿ ਧੀ-ਪੁੱਤ ਮਾਂ ਬਾਪ ਦੀ ਇੱਜ਼ਤ ਨਾਲ ਖੇਡ ਰਹੇ ਹਨ ।

ਅਸਲ ਗੱਲ ਇਹ ਨਹੀਂ ਕਿ ਕੋਈ ਵੀ ਧੀ-ਪੁੱਤ ਆਪਣੇ ਬਾਪ ਦੀ ਇੱਜ਼ਤ (ਪੱਗ) ਨਾਲ ਖੇਡਣ ਦਾ ''ਸ਼ੌਕ'' ਪਾਲੀ ਬੈਠਾ ਹੋਵੇ, ਜਿਸ ਵਾਪਰਦੇ ਦੁਖਾਂਤਾਂ ਦਾ ਜ਼ਿਕਰ ਕੀਤਾ ਜਾਂਦਾ ਹੈ, ਉਹ ਹਨ :- ਖੂਨ ਦੇ ਸੰਬੰਧਾਂ ਵਿੱਚ ਨਜਾਇਜ਼ ਤਾਅਲੁੱਕ, ਧੀ-ਪੁੱਤ ਦਾ ਆਪਣੀ ਮਰਜ਼ੀ ਨਾਲ ਜੀਵਨ ਸਾਥੀ ਚੁਨਣਾ ਅਤੇ ਧੀ ਦਾ ਮਾਂ-ਬਾਪ ਦੀ ਰਜ਼ਾਮੰਦੀ ਬਿਨ੍ਹਾਂ ਉੱਧਲ ਜਾਣਾ । ਇਹ ਵੀ ਗੌਰ ਕਰਨ ਯੋਗ ਗੱਲ ਹੈ ਉੱਧਲ ਜਾਣ ਦਾ ਸੰਕਲਪ ਸਿਰਫ ਧੀ ਨਾਲ ਹੀ ਕਿਉਂ ਜੋੜਿਆ ਹੋਇਆ ਹੈ ? ਇਹ ਸਭ ਕਿਉਂ ਵਾਪਰ ਰਿਹਾ ਹੈ, ਇਹ ਬਹੁਤ ਹੀ ਗੰਭੀਰ ਵਿਸ਼ਾ ਹੈ, ਇਸ ਮਸਲੇ ਦਾ ਅੰਤਿਮ ਹੱਲ 'ਤਾਲਿਬਾਨੀ ਹੁਕਮ' ਚਾੜ੍ਹਨ ਨਾਲ ਨਹੀਂ ਹੋਣ ਵਾਲਾ ।

ਕੁਝ ਲੋਕ ਇਨ੍ਹਾਂ ਵਰਤਾਰਿਆਂ ਨੂੰ ਵੱਡਿਆਂ ਦੀ ਅੱਖ ਦੀ ਸ਼ਰਮ ਦੇ ਘੱਟ ਜਾਣ ਨਾਲ ਜੋੜਕੇ ਦੇਖਦੇ ਹਨ । ਇੱਥੇ ਵੀ ਮਸਲਾ ਉਹੀ ਹੈ ਕਿ ਅਸੀਂ ਅਜੋਕੇ ਸਮੇਂ ਵਿੱਚ ਰਹਿਣ ਨੂੰ, ਇਸ ਵਿੱਚ ਰਹਿੰਦੇ ਹੋਏ ਵੀ ਕਬੂਲ ਨਹੀਂ ਕਰ ਰਹੇ ਜਿੱਥੇ ਸੰਬੰਧ ਪੂੰਜੀ ਨਿਰਧਾਰਿਤ ਕਰ ਰਹੀ ਹੈ, ਜਿਵੇਂ ਕਦੇ ਜਾਗੀਰ ਕਰਦੀ ਸੀ, ਤਦ ਔਰਤ ਨੂੰ ਜਾਗੀਰ ਮੰਨਣ ਦਾ ਸੰਕਲਪ ਵਜ਼ੂਦ ਵਿੱਚ ਸੀ ਤੇ ਅਣਖ ਦਾ ਸਵਾਲ ਸੀ ਕਿ ਕੋਈ ਤੁਹਾਡੀ ਜਾਗੀਰ ਖੋਹ ਲਵੇ ।

ਨੇੜਲੇ ਅਤੀਤ ਵਿੱਚ ਸਾਂਝੇ ਪਰਿਵਾਰ ਚਲਣ ਵਿੱਚ ਸਨ, ਜਿਵੇਂ ਦੂਰ ਅਤੀਤ ਵਿੱਚ ਕਬੀਲਾ ਪਰਿਵਾਰ । ਸਾਂਝੇ ਪਰਿਵਾਰਾਂ ਦੇ ਟੁੱਟਣ ਦਾ ਕਾਰਨ ਆਰਥਿਕਤਾ ਵਿੱਚ ਤਬਦੀਲੀ ਹੀ ਹੈ, ਜਿਸ ਨੂੰ ਛੂਹੇ ਬਿਨਾਂ ਤਹਿ ਤੱਕ ਨਹੀਂ ਜਾਇਆ ਜਾ ਸਕਦਾ, ਨਿੱਜੀ ਜਾਇਦਾਦ ਦੇ ਸੰਕਲਪ ਦੇ ਵਧਦੇ ਪ੍ਰਭਾਵ ਨੇ ਸਾਂਝੇ ਪਰਿਵਾਰ ਖੇਰੂ-ਖੇਰੂ ਕੀਤੇ ਹਨ । ਇਸ ਨਾਲ ਸਨਮਾਨ ਦੇ ਮਾਪ ਦੰਡ ਵੀ ਪੁਰਾਣੇ ਨਹੀਂ ਰਹੇ, ਅਧਿਆਪਕ ਜੋ ਕਦੇ ਗੁਰੂ ਸਨ ਅੱਜ ਨੌਕਰ ਹੋ ਗਏ, ਕਿਉਂਕਿ ਉਹ ਜਨਤਾ (ਸਾਡੇ) ਤੋਂ ਉਗਰਾਹੇ ਟੈਕਸਾਂ ਵਿੱਚੋਂ ਮੋਟੀਆਂ ਤਨਖਾਹਾਂ ਲੈ ਰਹੇ ਹਨ, ਇਹ ਸਭ ਵਿਦਿਆਰਥੀ ਜਾਣਦੇ ਹਨ, ਪਰਦਾਦਾਰੀ ਨਹੀਂ ਰਹੀ, ਸੋ ਸਨਮਾਨ ਦੀ ਜਗ੍ਹਾ ਹੱਕ ਆ ਗਿਆ, ਵਿਦਿਆਰਥੀ ਨੂੰ ਅਧਿਆਪਕ ਨੂੰ ਇਹ ਗੱਲ ਆਖ ਦੇਣ ਦਾ ਹੱਕ ਹੈ ਕਿ ਸਨਮਾਨ ਕਿਸ ਗੱਲ ਦਾ ? ਸੋ ਵੱਡਿਆਂ ਦੀ ਅੱਖ ਦੀ ਸ਼ਰਮ ਜੇ ਜਾਂਦੀ ਰਹੀ ਤਾਂ ਇਹ ਕੋਈ ਬੇ-ਨਿਯਮੀਂ ਜਾਂ ਵਿਕਲੋਤਰੀ ਘਟਨਾ ਨਹੀਂ ਹੈ, ਇਸਨੂੰ ਸਮੇਂ ਦੇ ਪ੍ਰਸੰਗ ਵਿੱਚ ਸਮਝਣਾ ਪਵੇਗਾ । ਸਾਂਝੇ ਪਰਿਵਾਰਾਂ ਦੇ ਆਪਣੇ ਸੁੱਖ ਵੀ ਸਨ ਤੇ ਆਪਣੇ ਦੁੱਖ ਵੀ ਉਸ ਸਮੇਂ ਦੇ ਹਿਸਾਬ ਨਾਲ । ਸਾਂਝੇ ਪਰਿਵਾਰਾਂ ਵਿੱਚ ਇੱਕ ਮਰਦ ਨੂੰ ਵਿਆਹੁਣਾ ਤੇ ਬਾਕੀ ਛੜੇ ਰੱਖਣੇ (ਜਾਗੀਰ ਦੇ ਲੋਭ ਵਿੱਚ) ਦੀ ਸ਼ਰਮਨਾਕ ਪ੍ਰੰਪਰਾ ਵੀ ਰਹੀ ਹੈ। ਖੈਰ ਇਹ ਗੱਲ ਵਿਸ਼ੇ ਤੋਂ ਦੂਰ ਚਲੀ ਜਾਵੇਗ। ਵਿਸ਼ੇ ਵੱਲ ਹੀ ਪਰਤਦੇ ਹਾਂ :

ਕਈ ਮੂੜ੍ਹ ਲੋਕਾਂ ਦਾ ਮੱਤ ਰਿਹਾ ਹੈ ਕਿ ਲੜਕੀ ਨੂੰ ਘਰੋਂ ਬਾਹਰ ਨਾ ਜਾਣ ਦਿੱਤਾ ਜਾਵੇ ਕਿਉਂਕਿ ਲੜਕੀ ਨੇ ਬੇਗਾਨੇ ਘਰ ਜਾਣਾ ਹੈ ਸੋ ਪੜ੍ਹਾ ਲਿਖਾਕੇ ਕੀ ਲੈਣਾ ਹੈ । ਇਸ ਤਰ੍ਹਾਂ ਉਹ ਬਾਹਰ ਫਿਰਦੇ ਮੁਸ਼ਟੰਡੇ ਮੁੰਡਿਆਂ ਤੋਂ ਬਚ ਸਕੇਗੀ । ਮਜ਼ੇ ਦੀ ਗੱਲ ਇਹ ਕਿ ਉਸਦਾ ਭਵਿੱਖ ਵਿੱਚ ਹੋਣ ਵਾਲਾ ਪਤੀ ਵੀ ਹਾਲੇ ਮੁਸ਼ਟੰਡਿਆਂ ਵਿੱਚ ਸ਼ਾਮਿਲ ਹੀ ਹੁੰਦਾ ਹੈ, ਜੋ ਬਾਪ ਦੀ ਚੋਣ ਤੋਂ ਬਾਅਦ ਇੱਕਦਮ ਸਾਊ ਖਾਨਦਾਨੀ ਮੁੰਡੇ ਵਿੱਚ ਪਰਿਵਰਤਿਤ ਹੋ ਜਾਂਦਾ ਹੈ।

ਕੁਝ ਅਜਿਹੇ ਵੀ ਹਨ ਜੋ ਇਹ ਰਾਇ ਵੀ ਦਿੰਦੇ ਹਨ ਕਿ ਘਰ ਆਇਆਂ 'ਤੇ ਵੀ ਪੂਰੀ ਨਜ਼ਰ ਰੱਖੀ ਜਾਵੇ, ਚਾਹੇ ਉਹ ਕੋਈ ਖੂਨ ਦੇ ਸੰਬੰਧ ਵਾਲਾ ਹੀ ਕਿਉਂ ਨਾ ਹੋਵੇ, ਮਤਲਬ ਵਿਸ਼ਵਾਸ ਨਾ ਕੀਤਾ ਜਾਵੇ । ਇਸ ਪਿੱਛੇ ਉਹ ਅਧਾਰ ਨੇੜਲੇ ਰਿਸ਼ਤਿਆਂ ਵਿੱਚ ਬਣ ਰਹੇ ਗਲਤ ਤਾਅਲੁਕ ਨੂੰ ਬਣਾਉਂਦੇ ਹਨ, ਜੋ ਅਕਸਰ ਅਖਬਾਰਾਂ ਆਦਿ ਵਿੱਚ ਖਬਰਾਂ ਦੇ ਜ਼ਰੀਏ ਸਾਡੇ ਤੱਕ ਪਹੁੰਚਦੇ ਹਨ, ਦੁਨੀਆਂ ਤੇ ਕੁਝ ਪਾਗਲ ਹਾਲੇ ਰਹਿਣਗੇ ਹੀ ਕਿਉਂਕਿ ਅਸੀਂ ਆਈਨੇ ਵਿਕਸਤ ਨਹੀਂ ਹੋਏ ਹਾਲੇ | ਜੇਕਰ ਇਸੇ ਆਧਾਰ 'ਤੇ ਹੀ ਚੱਲਿਆ ਜਾਵੇ ਤਾਂ ਅਖ਼ਬਾਰਾਂ ਵਿੱਚ 'ਬਾਪ ਵੱਲੋਂ ਲੰਮੇਂ ਅਰਸੇ ਤੱਕ ਧੀ ਨਾਲ ਬਲਾਤਕਾਰ' ਵਰਗੀ ਖ਼ਬਰ ਵੀ ਮਿਲਦੀ ਹੈ । ਤਾਂ ਕੀ ਸਾਨੂੰ ਇਹ ਸਿੱਖਿਆ ਵੀ ਦੇਣੀ ਪਵੇਗੀ ਕਿ ਕੋਈ ਵੀ ਧੀ ਆਪਣੇ ਬਾਪ ਤੇ ਵਿਸ਼ਵਾਸ਼ ਨਾ ਕਰੇ ? ਅਜਿਹੀਆਂ ਕੋਝੀਆਂ ਘਟਨਾਵਾਂ ਵਾਪਰਦੀਆਂ ਹਨ, ਪਰ ਇਨ੍ਹਾਂ ਦੇ ਅਧਾਰ 'ਤੇ ਪਰਿਵਾਰਾਂ ਵਿਚਲੇ ਵਿਸ਼ਵਾਸ਼ ਨੂੰ ਖੰਡਿਤ ਨਹੀਂ ਕੀਤਾ ਜਾ ਸਕਦਾ । ਸਗੋਂ ਸਾਨੂੰ ਉਹ ਕਾਰਨ ਲੱਭਣੇ ਪੈਣਗੇ ਜਿਨ੍ਹਾਂ ਕਾਰਨ ਇਹ ਸਭ ਵਾਪਰਦਾ ਹੈ । ਇਹਨਾਂ ਘਟਨਾਵਾਂ ਪਿੱਛੇ ਜਿਆਦਾ ਦੋਸ਼ੀ ਮਾਂ-ਬਾਪ ਹੀ ਹਨ, ਜੋ ਆਪਣੇ ਬੱਚਿਆਂ ਨੂੰ ਰਿਸ਼ਤਿਆਂ ਦੀ ਅਲਗ-ਅਲਗ ਪਹਿਚਾਣ ਅਤੇ ਅਹਿਮੀਅਤ ਨਹੀਂ ਸਮਝਾ ਸਕੇ । ਅਜਿਹੀਆਂ ਘਟਨਾਵਾਂ ਵਾਪਰਨ ਦੇ ਅਸਾਰ ਉੱ ਥੇ ਹੀ ਜਿਆਦਾ ਹਨ ਜਿੱਥੇ ਲੋਕ ਲੜਕੀ ਨੂੰ ਘਰ ਦੀ ਵਲਗਣ ਵਿੱਚ ਕੈਦ ਕਰਕੇ, ਬਾਹਰੀ ਮੁਸ਼ਟੰਡਿਆਂ ਤੋਂ ਬਚਾਉਣ ਦੇ ਹਤੈਸੀ ਹਨ । ਅਨਪੜਤਾ ਵੀ ਇਸ ਪਿਛਲਾ ਇੱਕ ਕਾਰਨ ਹੈ । ਮਾਂ-ਬਾਪ ਦੀ ਸਿੱਖਿਆ ਦੇਣ ਵਿੱਚ ਕੀਤੀ ਕੁਤਾਹੀ ਮੁੱਖ ਰੂਪ ਵਿੱਚ (ਪ੍ਰਧਾਨ ਰੂਪ ਵਿੱਚ) ਭਾਗੀਦਾਰ ਹੈ।

ਜਵਾਨੀ ਦੇ ਪਿਆਰ ਅਰਥਾਤ ਜੀਵਨ ਸਾਥੀ ਦੀ ਚੋਣ ਵੀ ਇਹ ਅਖੌਤੀ ਚੇਤਨ ਲੋਕਾਂ ਨੂੰ ਵੀ ਬਹੁਤ ਪ੍ਰੇਸ਼ਾਨ ਕਰਦੀ ਹੈ, ਇਹ ਇੱਕ ਪਾਸੇ ਮੁੰਡਿਆਂ ਨੂੰ ਧੋਖੋਬਾਜ਼ ਸਿੱਧ ਕਰਨ ਦੀ ਕੋਸ਼ਿਸ਼ ਵਿੱਚ ਜੁੱਟ ਜਾਂਦੇ ਹਨ ਤੇ ਦੂਜੇ ਪਾਸੇ ਇਸ ਕਰਮ ਲਈ ਸਿਰਫ ਧੀ ਹੀ ਕਸੂਰਵਾਰ ਹੈ, ਇਨ੍ਹਾ ਦੇ ਮਨ ਵਿੱਚ ਉਵੇਂ ਦਾ ਉਵੇਂ ਹੀ ਕਾਇਮ ਰਹਿੰਦਾ ਹੈ ।

ਸਦੀਆਂ ਪੁਰਾਣਾ ਕੂੜ-ਕਬਾੜ ਪਤਾ ਨਹੀਂ ਅਸੀਂ ਹੋਰ ਕਿੰਨਾਂ ਕੁ ਚਿਰ ਢੋਣ ਦੀ ਠਾਣ ਰੱਖੀ ਹੈ, ਅਖੇ “ਧੀ ਦੇ ਉੱਧਲ ਜਾਣ ਨਾਲ ਬਾਬਲ ਦੀ ਪਗੜੀ ਰੁਲ ਜਾਂਦੀ ਹੈ |” ਨਹੀਂ ਆਖਿਆ ਜਾ ਸਕਦਾ ਕਿ ਨਮੋਸ਼ੀ ਨਹੀਂ ਹੁੰਦੀ, ਪਰ ਇਹ ਨਮੋਸ਼ੀ ਪੁਰਾਣੀਆਂ ਧਾਰਨਾਵਾਂ ਨੂੰ ਅੱਜ ਵੀ (ਜਦ ਇਹ ਕਿਸੇ ਵੀ ਮਤਲਬ ਦੀਆਂ ਨਹੀਂ) ਸਿਰ 'ਤੇ ਚੁੱਕੀ ਰੱਖਣ ਕਾਰਨ ਹੈ । ਇਹ ਜਨੂਨ ਸ਼ਹਿਰੀ ਜ਼ਿੰਦਗੀ ਵਿੱਚੋਂ ਉਡਣ-ਛੂ ਹੋਣ ਲੱਗਾ ਹੈ । ਮਾਂ ਜਾਂ ਬਾਪ ਨੂੰ ਮਾਣ ਹੋਣਾ ਚਾਹੀਦਾ ਹੈ ਕਿ ਉਸਦੇ ਬੱਚੇ ਐਨੇ ਪਰਿਪੱਕ ਹੋ ਗਏ ਹਨ ਕਿ ਉਹ ਆਪਣਾ ਜੀਵਨ ਸਾਥੀ ਆਪ ਚੁਨਣ ਦੀ ਹਾਲਤ ਵਿੱਚ ਹਨ । ਜੇਕਰ ਧੀ-ਪੁੱਤ ਨੂੰ ਸਹੀ ਸਿੱਖਿਆ ਮਿਲੀ ਹੋਵੇ ਤੇ ਉਸਦੇ ਨਿੱਜੀ ਫੈਸਲਿਆਂ ਦਾ ਸਨਮਾਨ ਹੋਵੇ ਤਾਂ ਉਹ ਆਪਣੇ ਮਾਂ-ਬਾਪ ਨੂੰ ਆਪਣੇ ਹਰ ਰਿਸ਼ਤੇ ਬਾਰੇ ਦੱਸ ਦੇਣਗੇ ਤੇ ਉਧਾਲੇ ਆਦਿ ਗੈਰ-ਜ਼ਰੂਰੀ ਹੋ ਜਾਣਗੇ । ਉਧਾਲੇ ਦੇ ਪਿੱਛੇ ਧੀ-ਪੁੱਤ ਦੀ ਜੀਵਨ ਸਾਥੀ ਦੀ ਚੋਣ ਤੋਂ ਵੱਧ ਮਾਂ-ਬਾਪ ਦਾ ਬੇ-ਮਤਲਬ ਦਾ ਦਾਬਾ ਹੁੰਦਾ ਹੈ । ਖੁਦ ਨੂੰ ਸਭਿਅਤਾ ਦੇ ਸਮਰਥਕ ਲੇਖਕ ਮੰਨਦੇ ਹਨ ਕਿ ਪਿਆਰ ਰੂਹਾਂ ਦੀ ਸਾਂਝ ਦਾ ਨਾਮ ਹੈ, ਪਰ ਧੀ ਲਈ ਜੀਵਨ ਸਾਥੀ ਚੁਨਣ ਦਾ ਹੱਕ ਬਾਪ ਦੇ ਹੱਥ ਰੱਖਣ ਦੇ ਹਤੈਸ਼ੀ ਵੀ ਹਨ । ਇੰਝ ਉਹ ਅਚੇਤ ਰੂਪ ਵਿੱਚ ਦੋਗਲੀ ਸੋਚ ਵਾਲੇ ਹੋ ਜਾਂਦੇ ਹਨ, ਕਿਉਂਕਿ ਜੇ ਪਿਆਰ ਰੂਹਾਂ ਦੀ ਸਾਂਝ ਹੈ ਤਾਂ ਬਾਪ ਨੂੰ ਕੋਈ ਹੱਕ ਨਹੀਂ ਰਹਿੰਦਾ ਕਿ ਉਹ ਧੀ ਦੀ ਜਿਸ ਨਾਲ ਕੋਈ ਵੀ ਰੁਹਾਨੀ ਸਾਂਝ ਨਾ ਹੋਵੇ ਉਸ ਮੁੰਡੇ ਨਾਲ ਨਰੜ ਦੇਵੇ ਤੇ ਪਿਆਰ ਵਿਹੂਣੀ ਜਿਸਮਾਂ ਦੀ ਖੇਡ ਖੇਡਣ ਲਈ ਮਜ਼ਬੂਰ ਕਰੇ । ਇੱਕ ਬਾਪ ਧੀ ਨਾਲ ਆਪ ਬਲਾਤਕਾਰ ਕਰਦਾ ਹੈ ਤੇ ਦੂਜਾ ਸਮਾਜਿਕ ਰੀਤਾਂ ਰਸਮਾਂ ਦਾ ਅਡੰਬਰ ਰਚਕੇ ਇੱਕੀਵੀਂ ਸਦੀ ਵਿੱਚ ਵੀ ਕਿਸੇ ਨੌਜਵਾਨ ਨੂੰ ਧੀ ਨਾਲ ਬਲਾਤਕਾਰ ਕਰਨ ਦਾ ਸਰਟੀਫਿਕੇਟ ਦੇ ਦਿੰਦਾ ਹੈ, ਦੋਵਾਂ ਵਿੱਚ ਫਰਕ ਕਿੱਥੇ ਹੈ ? ਬਲਾਤਕਾਰ ਦਾ ਅਰਥ ਹੀ ਹੁੰਦਾ ਹੈ 'ਮਰਜ਼ੀ ਦੇ ਬਿਨਾਂ ਜਿਸਮਾਨੀ ਤਾਅਲੁਕ ।' ਰੂਹਾਂ ਦੀ ਸਾਂਝ ਵਾਲਾ ਸਾਥੀ ਜੇ ਲੜਕੀ ਨੂੰ ਦੋ ਦਿਨਾਂ ਵਿੱਚ ਤਲਾਕ ਦੇ ਦੇਵੇਗਾ, ਜਾਂ ਅੱਗੇ ਵੇਚ ਦੇਵੇਗਾ ਆਦਿ ਆਦਿ ਤਾਂ ਜਿਸ ਨਾਲ ਕੋਈ ਰੁਹਾਨੀ ਸਾਂਝ ਹੀ ਨਹੀਂ (ਵੱਡਿਆਂ ਨੇ ਸਿਰਫ ਘਰ, ਦੌਲਤ ਆਦਿ ਦੇਖਕੇ ਸਭ ਤਹਿ ਕੀਤਾ ਹੈ) ਜਿਸ ਲਈ ਲੜਕੀ ਭੋਗਣ ਵਾਲੀ ਵਸਤੂ ਮਾਤਰ ਹੈ, ਉਸਤੋਂ ਤਾਂ ਇਹੀ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਇਸ ਤੋਂ ਵੀ ਬੁਰੀ ਹਾਲਤ ਕਰੇਗਾ । ਤਲਾਕਾਂ ਦੇ ਮਾਮਲੇ ਵਿੱਚ ਵੀ ਦੇਖਣਾ ਬਣਦਾ ਹੈ ਕਿ ਕਿੰਨੇ ਅਜਿਹੇ ਰਿਸ਼ਤੇ ਅਦਾਲਤਾਂ ਵਿੱਚ ਟੁੱਟਦੇ ਹਨ, ਜੋ ਬਾਪ ਦੇ ਟੋਲੇ ਵਰ 'ਤੇ (ਅਰੇਂਜ਼ ਮੈਰਿਜ਼) ਅਧਾਰਿਤ ਹਨ, ਘਰਾਂ ਦੇ ਕਲੇਸ਼ਾਂ ਤੋਂ ਤਾਂ ਅਸੀਂ ਸਾਰੇ ਭਲੀ ਭਾਂਤ ਜਾਣੂ ਹੀ ਹਾਂ । ਰਹੀ ਗੱਲ ਪ੍ਰੇਮੀ ਵੱਲੋਂ ਅੱਗੇ ਵੇਚ ਦੇਣ ਦੀ, ਜਦ ਪਿਆਰ ਦਾ ਸੰਕਲਪ ਹਾਲੇ ਐਨਾ ਨਹੀਂ ਸੀ ਨਿੱਖਰਿਆ, ਔਰਤ ਤਾਂ ਤਦ ਵੀ ਕਈ ਕਈ ਥਾਵਾਂ 'ਤੇ ਵੇਚੀ ਜਾਂਦੀ ਰਹੀ ਹੈ । ਸਿਰਫ ਤੇ ਸਿਰਫ ਪਿਆਰ ਹੀ ਇੱਕ ਐਸਾ ਅਹਿਸਾਸ ਹੈ ਜੋ ਕਿਸੇ ਇਨਸਾਨ ਨੂੰ ਖਰੀਦਣ ਵੇਚਣ ਵਾਲੀ ਵਸਤੂ ਤੋਂ ਅਲਗ ਕਰਕੇ ਦੇਖਣ ਦੇ ਸਮਰੱਥ ਬਣਾ ਸਕਦਾ ਹੈ । ਧੀ-ਪੁੱਤ ਦਾ ਆਪਣੀ ਮਰਜ਼ੀ ਦਾ ਜੀਵਨ ਸਾਥੀ ਚੁਨਣਾ, ਹਰਗਿਜ਼ ਹਰਗਿਜ਼ ਜ਼ੁਰਮ ਨਹੀਂ, ਜਿਸ ਨਾਲ ਲੇਖਕਾਂ ਨੇ ਬਾਪ ਦੀ ਸ਼ਮਲੇ ਵਾਲੀ ਪੱਗ ਦਾ ਨੀਵਾਂ ਹੋਣਾ ਤੇ ਮਾਂ ਦੀ ਚੁੰਨੀ ਦਾ ਦਾਗੀ ਹੋਣਾ ਜੋੜ ਦਿੱਤਾ ਹੈ । ਚਾਹੀਦਾ ਇਹ ਹੈ ਕਿ ਜਵਾਨ ਧੀ- ਪੁੱਤ ਦੇ ਨਿੱਜੀ ਫੈਸਲੇ ਦਾ ਸਨਮਾਨ ਕਰਦੇ ਹੋਏ ਮਾਂ-ਬਾਪ ਆਪਣੀ ਔਲਾਦ ਦੇ ਹੱਕ ਵਿੱਚ ਖੜ੍ਹੇ ਹੋਣ ‘ਕਿਉਂਕਿ ਉਹ ਉਸ ਨੂੰ ਗਰਜ਼ ਰਹਿਤ ਪਿਆਰ ਕਰਦੇ ਹਨ’, ਆਦਮੀ ਸਮਾਜ ਨਾਲ ਬਾਅਦ ਵਿੱਚ ਪਹਿਲਾਂ ਆਪਣੇ ਬੱਚਿਆਂ ਨਾਲ ਸੰਬੰਧਿਤ ਹੁੰਦਾ ਹੈ । ਸ਼ਮਲੇ ਵਾਲੀ ਪੱਗ ਦੇ ਨੀਵੇਂ ਹੋਣ ਨੂੰ ਘੱਟੋ-ਘੱਟ ਜਵਾਨੀ ਦੇ ਨਿੱਜੀ ਫੈਸਲਿਆਂ 'ਤੇ ਨਾ ਲੱਦਿਆ ਜਾਵੇ । ਲਾਹਣਤ ਦੇ ਅਧਿਕਾਰੀ ਉਹ ਮਾਂ-ਬਾਪ ਹਨ ਜੋ ਬੱਚਿਆਂ ਲਈ ਖੁਦ ਜੀਵਨ ਸਾਥੀ ਟੋਲਦੇ ਫਿਰਦੇ ਹਨ ਜਿਨ੍ਹਾਂ ਨੇ ਆਪਣੀ ਧੀ-ਪੁੱਤ ਨੂੰ ਹਾਲੇ ਵੀ ਇਸ ਲਾਇਕ ਨਹੀਂ ਬਣਾਇਆ ਕਿ ਉਹ ਆਪਣਾ ਜੀਵਨ ਸਾਥੀ ਤਲਾਸ਼ ਕਰ ਸਕੇ ।

ਧੀ ਤੋਂ ਕਲਪਨਾ ਚਾਵਲਾ ਬਨਣ ਦੀ ਉਮੀਦ ਸੰਜੋਈ ਬੈਠਾ ਬਾਪ ਨਹੀਂ ਸੋਚ ਰਿਹਾ ਕਿ ਉਸਦੀ ਧੀ ਦਾ ਮਨ ਤਾਂ ਆਪਣੇ ਹਾਣੀ ਵਿੱਚ ਅਟਕਿਆ ਹੋਇਆ ਹੈ, ਜਿਸਨੂੰ ਉਹ 'ਚੋਰੀ ਦੇ ਗੁੜ੍ਹ' ਵਾਂਗ ਲੁਕਾਉਣ ਲਈ ਮਜਬੂਰ ਹੈ । ਗੌਰ ਕਰਨਾ 'ਚੋਰੀ ਦਾ ਗੁੜ੍ਹ' ਜ਼ਿਆਦਾ ਆਕਰਸ਼ਨ ਭਰਪੂਰ ਹੁੰਦਾ ਹੈ ਤੇ ਇਸ ਵਿੱਚੋਂ ਬਹੁਤ ਰੋਗ ਨਿਕਲਦੇ ਹਨ ਚੰਗਾ ਹੈ ਅੱਲੜ੍ਹ ਉਮਰ ਨੂੰ ਵੱਡਿਆਂ ਦਾ ਸਾਥ ਮਿਲ ਜਾਵੇ ਤਾਂ ਉਸਤੋਂ ਗਲਤ ਫੈਸਲੇ ਹੋਣ ਦੀ ਗੁੰਜ਼ਾਇਸ਼ ਮਿਟ ਜਾਵੇ । ਲੋੜ ਮਾਂ-ਬਾਪ ਤੇ ਬੱਚਿਆਂ ਦੇ ਸੰਬੰਧ ਨੂੰ ਦੋਸਤੀ ਦੇ ਪੱਧਰ 'ਤੇ ਲੈ ਆਉਣ ਦੀ ਹੈ ।

ਪੁਰਾਣਾ ਸਭ ਕੁਝ ਸਹੀ ਹੀ ਸੀ ਇਹ ਜ਼ਿੱਦ ਸਾਨੂੰ ਹਨ੍ਹੇਰੀਆਂ ਗਲੀਆਂ ਵਿੱਚ ਲੈ ਜਾਵੇਗੀ ਤੇ ਅਸੀਂ ਬਾਬਾ ਆਦਮ ਦੇ ਜਮਾਨੇ ਵੱਲ ਪਰਤਣ ਦਾ ਰਾਹ ਫੜ ਲਵਾਂਗੇ । ਜੋ ਵੀ ਚੰਗਾ ਨਵਾਂ ਆ ਰਿਹਾ ਹੈ, ਉਸਦੇ ਸਨਮਾਨ ਲਈ ਤਿਆਰ ਰਹਿਣਾ ਹੀ ਜਿਉਂਦੇ ਹੋਣ ਦਾ ਸਬੂਤ ਹੈ ਅਤੇ ਜ਼ਿੰਦਗੀ ਦੇ ਅੱਗੇ ਵਧਣ ਲਈ ਜ਼ਰੂਰੀ ਵੀ ।

ਕੁਝ ਲੇਖਾਂ ਵਿੱਚ ਮੋਬਾਇਲ ਅਤੇ ਟੀ ਵੀ  ਵਰਗੀਆਂ ਤਕਨੀਕਾਂ ਦੇ ਨੁਕਸਾਨ ਗਿਣਾਕੇ ਇਸ ਸਭ ਲਈ ਮੁੱਖ ਰੂਪ ਜ਼ਿੰਮੇਵਾਰ ਮੰਨਿਆਂ ਜਾਂਦਾ ਹੈ । ਨੁਕਸਾਨ ਹੈ ਵੀ ਹਨ ਇਹ ਸੱਚ ਹੈ, ਪਰ ਇਨ੍ਹਾਂ ਦੇ ਫਾਇਦੇ ਨੁਕਸਾਨ ਤੋਂ ਸਦਾ ਹੀ ਜ਼ਿਆਦਾ ਹਨ, ਜ਼ਰੂਰਤ ਸਿੱਖਿਆ ਦੇਣ ਦੀ ਹੈ ਕਿ ਇਨ੍ਹਾਂ ਨੂੰ ਕਿਵੇਂ ਵਰਤਣਾ ਹੈ ਤੇ ਬੱਚਿਆਂ ਨੂੰ ਇਨ੍ਹਾਂ ਦੀਆਂ ਹਾਨੀਆਂ ਤੋਂ ਸੁਚੇਤ ਕਰਨ ਦੀ ਜ਼ਰੂਰਤ ਹੈ ।

ਜਿੰਨਾ ਚਿਰ ਮਾਂ-ਬਾਪ ਬੱਚਿਆਂ ਨੂੰ ਵੀ ਆਪਣੀ ਪ੍ਰਾਪਰਟੀ (ਜਾਗੀਰ) ਦੀ ਤਰਾਂ ਦੇਖਣਗੇ, ਇਨ੍ਹਾਂ ਮਾਮਲਿਆਂ ਵਿੱਚ ਸ਼ਮਲੇ ਵਾਲੀਆਂ ਪੱਗਾਂ ਰੁਲਣ ਦਾ, ਚੁੰਨੀਆਂ ਦਾਗੀ ਹੋਣ ਦਾ ਸਿਲਸਿਲਾ ਬਣਿਆ ਰਹੇਗਾ । ਕਿਉਂਕਿ ਕਿਸੇ ਵੀ ਧੜਕਦੀ ਜਿੰਦਗੀ ਵਾਲੀ ਜਵਾਨੀ 'ਤੇ ਕੋਈ ਵੀ ਬਹੁਤਾ ਚਿਰ ਆਪਣੀ ਮਨ-ਮਰਜ਼ੀ ਦੇ ਕੋਟ (ਫੈਸਲੇ) ਨਹੀਂ ਟੰਗ ਸਕਦਾ । ਲੜਕੇ ਤੇ ਲੜਕੀਆਂ ਨੂੰ ਦੂਰ ਕਰ ਦੇਣਾ ਇਸ ਮਸਲੇ ਦਾ ਹੱਲ ਨਹੀਂ, ਸਗੋਂ ਗਲਤ ਤਾਅਲੁਕਾਂ ਦੇ ਰੋਗ ਨੂੰ ਸ਼ਹਿ ਦੇਣਾ ਹੈ । ਲੋੜ ਕੈਦ ਦੀ ਨਹੀਂ, ਚੇਤਨਾ ਵਿਕਸਤ ਕਰਨ ਦੀ ਹੈ, ਤਾਂ ਜੋ ਬੱਚੇ ਆਪਣਾ ਭਲਾ ਬੁਰਾ ਹਰ ਕਰਮ ਕਰਨ ਤੋਂ ਪਹਿਲਾਂ ਸੋਚ ਸਕਣ । ਇਹ ਮਾਂ-ਬਾਪ ਦੇ ਹੱਥ ਹੈ ।
ਸਾਡੇ ਲਈ ਸ਼ਰਮ ਦੀ ਗੱਲ ਹੈ ਅੱਜ ਵੀ ਹਾਲਾਤ ਬਕੌਲ ਸੁਰਜੀਤ ਪਾਤਰ ਦਾ ਸ਼ਿਅਰ :

ਇੱਕ ਕੈਦ ਚੋਂ ਦੂਜੀ ਕੈਦ 'ਚ ਪਹੁੰਚ ਗਈ ਏਂ,
ਕੀ ਖੱਟਿਆ ਮਹਿੰਦੀ ਲਾਕੇ ਵਟਣਾ ਮਲਕੇ ।



ਜਵਾਨੀ ਨੂੰ ਹੱਕ ਹੈ ਕਿ ਉਹ ਹਰ ਕੈਦ ਤੋੜ ਦੇਵੇ, ਤੇ ਉਸਦਾ ਇੱਕ ਫਰਜ਼ ਵੀ ਹੈ ਮਾਨ-ਬਾਪ ਦੇ ਦਿੱਤੇ ਸਨਮਾਨ ਦਾ ਆਦਰ ਕਰਨਾ ਕਿ ਜੇਕਰ ਮਾਂ-ਬਾਪ ਦੇ ਦਿੱਤੇ ਗਏ ਸਨਮਾਨ ਤੋਂ ਬਾਅਦ ਵੀ ਉਹ ਪਰਦਾਦਾਰੀ ਕਾਇਮ ਰਖਦੇ ਹਨ ਤਾਂ ਗੁਨਾਹਗਾਰ ਹਨ । ਉਹਨਾਂ ਦੇ ਮਨ ਵਿੱਚ ਪਿਆਰ ਨਹੀਂ ਜਰੂਰ ਕੋਈ ਹੋਰ ਰੋਗ ਪਨਪ ਰਿਹਾ ਹੈ, ਜਿਸ ਵਿੱਚ ਕੋਈ ਗੁਨਾਹ ਵਰਗਾ ਅਹਿਸਾਸ ਹੈ ਜੋ ਜ਼ਾਹਿਰ ਨਹੀਂ ਹੋਣਾ ਚਾਹੁੰਦਾ ।

ਹੀਰ-ਰਾਂਝਾ, ਸੱਸੀ-ਪੁੰਨੂ, ਸੋਹਣੀ-ਮਹੀਵਾਲ, ਮਿਰਜ਼ਾ-ਸਹਿਬਾਂ ਦੇ ਕਿੱਸੇ ਤਾਂ ਬੜੇ ਜੋਸ਼ ਓ ਖਰੋਸ਼ ਨਾਲ ਸੁਣੇ ਜਾਂਦੇ ਹਨ, ਪਰ ਇਸ ਪਿਆਰ ਦੇ ਸੰਬੰਧਾਂ ਨੂੰ ਹਕੀਕਤ ਵਿੱਚ ਵਾਪਰਦੇ ਦੇਖ ਬਜ਼ੁਰਗਾਂ ਦੇ (ਬਜ਼ੁਰਗਾਂ ਤੋਂ ਭਾਵ ਉਹ ਸਾਰੇ ਜੋ ਕਿਤੇ ਅਤੀਤ ਵਿੱਚ ਜਾਮ ਹੋ ਗਏ ਹਨ) ਪੈਰ ਕਿਉਂ ਕੰਬਣ ਲੱਗ ਜਾਂਦੇ ਹਨ ? ਉਪਰੋਕਤ ਸਾਰੇ ਕਿੱਸੇ ਦਸਦੇ ਹਨ ਕਿ ਪਿਆਰ ਨੂੰ ਸਨਮਾਨ ਨਾ ਦਿੱਤਾ ਗਿਆ ਤਾਂ ਉਧਾਲੇ ਨਹੀਂ ਰੁਕਣ ਲੱਗੇ । ਸਾਹਿਤ ਸਮਾਜ ਦਾ ਸ਼ੀਸ਼ਾ ਤਾਂ ਹੁੰਦਾ ਹੈ, ਫਕਤ ਮਨੋਰੰਜ਼ਨ ਦਾ ਸਾਧਨ ਨਹੀਂ । ਕਾਸ਼ ਜਿੰਨਾ ਸਨਮਾਨ ਅਸੀਂ 'ਹੀਰ ਵਾਰਿਸ ਸ਼ਾਹ' ਨੂੰ ਦਿੱਤਾ ਉਨਾਂ ਹੀ ਸਨਮਾਨ ਪਿਆਰ ਦੇ ਰਿਸ਼ਤਿਆਂ ਨੂੰ ਦਿੱਤਾ ਹੁੰਦਾ ਤੇ ਪਿਆਰ ਦੇ ਸੰਬੰਧਾਂ ਨੂੰ ਹਿਕਾਰਤ ਭਰੀ ਨਜ਼ਰ ਨਾਲ ਨਾ ਦੇਖਿਆ ਹੁੰਦਾ ਤਾਂ ਉਧਾਲੇ ਹੁਣ ਤੱਕ ਅਤੀਤ ਦਾ ਕੋਈ ਵਾਕਿਆ ਹੋ ਜਾਣੇ ਸਨ ।

'ਪਿਆਰ' ਤੇ 'ਵਿਸ਼ਵਾਸ’ ਜ਼ਿੰਦਗੀ ਦੇ ਧੁਰੇ ਹਨ, ਜੋ ਹਰ ਕੀਮਤ 'ਤੇ ਬਚਾਉਣੇ ਜ਼ਰੂਰੀ ਹਨ । ਜੇਕਰ ਮਾਂ-ਬਾਪ ਬੱਚਿਆਂ ਤੋਂ ਸਨਮਾਨ ਲੋੜਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਇੱਜ਼ਤ ਸਾਂਭਣ ਵਾਲੇ ਬੱਚਤ ਖਾਤੇ ਨਾ ਮੰਨਕੇ ਇੱਕ ਇਨਸਾਨ, ਉਨ੍ਹਾਂ ਦੀ ਸੁਤੰਤਰ ਨਿੱਜੀ ਜ਼ਿੰਦਗੀ, ਨਿੱਜੀ ਫੈਸਲਿਆਂ ਨੂੰ ਸਨਮਾਨ ਦੇਣ ਨੁੰ ਕਬੂਲ ਕਰਨਾ ਪਵੇਗਾ ਫਿਰ ਦਾਅਵਾ ਕੀਤਾ ਜਾ ਸਕਦਾ ਹੈ ਕਿ ਇੱਜਤ ਨਹੀਂ ਰੁਲੇਗੀ ਤੇ ਜਵਾਨੀ ਉਸਾਰੂ ਕੰਮਾਂ ਵੱਲ ਪ੍ਰੇਰਿਤ ਕੀਤੀ ਜਾ ਸਕੇਗੀ ।

ਈ-ਮੇਲ: iqbaldnl@gmail.com

Comments

harry

bahut sohna , ehi true hai . loki bhjde han es schai to

j.singh.1@kpnmail.nl

Joginder Singh Batth ਝੰਡੇ ਿਵੱਚ ਪਾਏ ਡੰਡੇ ਵਰਗਾ ਲੇਖ ਹੈ। ਿੲਸ ਮਸਲੇ ਤੇ ਿਜੰਨਾ ਵੀ ਿਲਖਿਆ ਜਾਵੇ ਥੋੜਾ ਹੈ। ਿਜੰਨਾ ਿਚਰ ਯੋਰਪ ਵਾਂਗ ਕੁੜੀ ਮੁੰਡੇ ਿਵੱਚ ਫ਼ਰਕ ਖਤਮ ਨਹੀਂ ਹੁੰਦਾ ੳੁਨਾ ਿਚਰ ਬਾਈ ਜੀ ਪੱਥਰ ਤੇ ਲਗਾਤਾਰ ਪਾਣੀ ਪਾਉਣਾ ਹੀ ਪੈਣਾ ਹੈ। ਬਾਕੀ ਿਜੰਨਾ ਿਚਰ ਯੋਰਪ ਵਾਂਗ ਹਰ ਿਕਸੇ ਦੀ ਸਮਾਿਜਕ ਸੁਰੱਿਖਆ ਬਨਾਮ ਆਰਿਥਕ ਆਮਤ ਿਰਭਰਤਾ ਨਹੀਂ ਹੈ ਉਨਾਂ ਿਚਰ ਬੱਚੇ ਮਾਂ ਬਾਪ ਦੀ ਿੲੱਜ਼ਤ ਮਾਨ ਸਨਮਾਨ ਬਨਾਮ ਜਾਿੲਦਾਤ ਬਣੇ ਰਹਣਗੇ। ਿਜੰਨਾ ਿਚਰ ਲੋਕ ਟੈਕਸ ਅਦਾ ਕਰਨਾ ਨਹੀਂ ਿਸੱਖਦੇ ਤੇ ਲੀਡਰ, ਲੋਕਾਂ ਤੋਂ ੳਗਰਾਿੲਅਾ ਟੈਕਸ ਆਪਣੇ ਬੱਿਚਆ ਬਨਾਮ ਪਰਜ਼ਾ ਦੇ ਸੁੱਖਾ ਸਹੁਲਤਾਂ ਤੇ ਲਾਉਣਾ ਨ੍ਹੀਂ ਿਸੱਖਦੇ ਹਾਲ ਿੲਹੋ ਹੀ ਰਹੇਗਾ। ਸਾਡੇ ਲੋਕ ਪੱਛਮ ਦਾ ਨਗੇਜ਼, ਤੇ ਅਯਾਸ਼ੀ ਤਾਂ ਬੜੀ ਅਸਾਨੀ ਨਾਲ ਵੇਖ ਲੈਂਦੈ ਹਨ ਪਰੰਤੰੂ ਯੋਰਪੀਨ ਲੋਕਾਂ ਬਨਾਮ ਪੱਛਮ ਦੀ ਕੰਮ ਪ੍ਤਤੀ ਵਫਾਦਾਰੀ ਤੇ ਜਵਾਬਦੇਈ ਦਾ ਸਬਕ ਿਕੳਂ ਨਹੀ ਿਸੱਖਦੇ,,? ਅੇਥੇ ਮਾਂ ਬਾਪ ਸਰਕਾਰ ਹੈ ਟੈਕਸ ਚੋਰੀ ਦੀ ਸਜਾ ਕਤਲ ਤੋਂ ਵੀ ਵੱਧ ਹੈ। ਕਤਲ ਦੀ ਸਜ਼ਾ ੭ ਸਾਲ ਹੈ ਟੈਕਸ ਚੌਰੀ ਿਵੱਚ ਬੰਦਾ ੧੦ ਸਾਲ ਵੀ ਕੁਰਕ ਹੋ ਬੱਝ ਸਕਦਾ ਹੈ। ਕਨੰੂਨ ਤੋੜਨ ਤੋਂ ਪਹਿਲਾਂ ਬੰਦਾ ਸੌਅ ਵਾਰ ਸੋਚਦਾ ਹੈ। ਮੈਂ ਕੁੜੀਆਂ ਦੇ ਿਵਆਹ ਕਰਨ ਦੇ ਹੱਕ ਿਵੱਚ ਨਹੀਂ ਹਾ। ਉਂਾ ਨੰੂ ਜੱਦੀ ਜਾਿੲਦਾਤ ਿਵੱਚ ਿਹਸੇਦਾਰੀ ਦੇ ਹੱਕ ਿਵੱਚ ਹਾਂ। ਿਜੱਦਣ ਿੲਹ ਹੱਕ ਅਸ਼ਲੀਅਤ ਿਵੱਚ ਹੋ ਿਗਆ ਿਫਰ ਿਕਸੇ ਭਰਾ ਜਾਂ ਮਾਂ ਬਾਪ ਨੰੂ ਕਰਜ਼ਾ ਚੁੱਕ ਕੇ ਆਪਣੀ ਧੀ ਭੈਣ ਦਾ ਿਵਆਹ ਨ੍ਹਹੀ ਕਰਨਾ ਪਵੇਗਾ। ਨਾ ਹੀ ਕਈ ਵਾਰੀ ਦੋ ਿਕਲਿਆ ਦੇ ਮਾਲਕ ਭਰਾਵਾਂ ਨੰੂ ਆਪਣੀ ਭੇਣ ਦੇ ਿਵਆਹ ਤੇ ਡੇੜ ਿਕੱਲਾ ਫੁਕਣਾ ਪਵੇਗਾ। ਜਦੋਂ ਜਾਿੲਦਾਤ ਿਵੱਚ ਿਹਸਾ ਬਰਾਬਰ ਘਰ ਦੀ ਤਰੱਕੀ ਬਨਾਮ ਘਰ ਦੇ ਕੰਮ ਿਵੱਚ ਵੀ ਿਹੱਸਾ ਬਰਾਬਰ ਿਫਰ ਕੌਣ ਕੌਣ ਕੁੜੀ ਤੇ ਕੌਣ ਮੁੰਡਾ।।? ਿਫਰ ਕੂੜੀਆਂ ਵੀ ਮੇਿਲਆ ਿਵੱਚ ਛਾਤੀ ਕੱਢ ਕੇ ਕੌਡੀ ਖੇਿਡਆ ਕਰਨਗੀਆਂ, ਿਜਵੇ ਯੋਰਪ ਿਵੱਚ ਬੀਚਾ ਅਤੇ ਸਪੋਰਟ ਕਲੱਬਾਂ ਿਵੱਚ ਕੁੜੀਆ ਮੁੰਿਡਆ ਵਾਂਗ ਟੌਪਲੈਸ ਿਵਚਰਦੀਆਂ ਹਨ। ਮੁਆਫੀ ਸਾਿਹਤ

ਇਕਬਾਲ

"ਮੁਆਫੀ ਸਹਿਤ" ਲਫ਼ਜ਼ ਤੰਗ ਕਰ ਰਹੇ ਹਨ ਕਿਉਂਕਿ ਕਮੈਂਟ ਕੁਝ ਅੰਦੇਸ਼ੇ ਖੜ੍ਹੇ ਕਰਨ ਵਾਲਾ ਹੈ ਜਿਵੇਂ ਕਿ "ਸਾਡੇ ਲੋਕ ਪੱਛਮ ਦਾ ਨਗੇਜ਼, ਤੇ ਅਯਾਸ਼ੀ ਤਾਂ ਬੜੀ ਅਸਾਨੀ ਨਾਲ ਵੇਖ ਲੈਂਦੈ ਹਨ ਪਰੰਤੰੂ ਯੋਰਪੀਨ ਲੋਕਾਂ ਬਨਾਮ ਪੱਛਮ ਦੀ ਕੰਮ ਪ੍ਤਤੀ ਵਫਾਦਾਰੀ ਤੇ ਜਵਾਬਦੇਈ ਦਾ ਸਬਕ ਿਕੳਂ ਨਹੀ ਿਸੱਖਦੇ,,? ਅੇਥੇ ਮਾਂ ਬਾਪ ਸਰਕਾਰ ਹੈ ਟੈਕਸ ਚੋਰੀ ਦੀ ਸਜਾ ਕਤਲ ਤੋਂ ਵੀ ਵੱਧ ਹੈ। ਕਤਲ ਦੀ ਸਜ਼ਾ ੭ ਸਾਲ ਹੈ ਟੈਕਸ ਚੌਰੀ ਿਵੱਚ ਬੰਦਾ ੧੦ ਸਾਲ ਵੀ ਕੁਰਕ ਹੋ ਬੱਝ ਸਕਦਾ ਹੈ। ਕਨੰੂਨ ਤੋੜਨ ਤੋਂ ਪਹਿਲਾਂ ਬੰਦਾ ਸੌਅ ਵਾਰ ਸੋਚਦਾ ਹੈ।"

Sukhwant Hundel

ਬਹੁਤ ਹੀ ਵਧੀਆ ਲੇਖ ਹੈ। ਅਤੇ ਅੱਜ ਦੇ ਸਮੇਂ ਦੀ ਲੋੜ ਵੀ।

Surinder Spera

ਬਹੁਤ ਵਧੀਆ ਇਕ਼ਬਾਲ ਜੀ, ਮੈਂ ਤੁਹਾਡੇ ਵਿਚਾਰਾਂ ਨਾਲ ਸਹਿਮਤ ਹਾਂ...

Maninder

Wdia lekh hai

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ