Fri, 19 April 2024
Your Visitor Number :-   6985021
SuhisaverSuhisaver Suhisaver

ਮੈਂ ਆਪਣਾ ਇਨਾਮ ਵਾਪਸ ਕਿਉਂ ਕਰ ਰਹੀ ਹਾਂ :ਅਰੁੰਧਤੀ ਰਾਏ

Posted on:- 06-11-2015

suhisaver

(ਨੋਟ/ ਮੋਦੀ ਦੀ ਅਗਵਾਈ ਵਾਲੀ ਭਾਜਪਾ ਹਕੂਮਤ ਦੇ ਚਲਦਿਆਂ ਦੇਸ਼ ਵਿੱਚ ਵੱਧ ਰਹੇ ਫਿਰਕੂ ਫਾਸੀਵਾਦੀ ਹਮਲੇ ਖਿਲਾਫ ਦੇਸ਼ ਦੇ ਅਗਾਂਹਵਧੂ ਬੁੱਧੀਜੀਵੀਆਂ ਦਾ ਆਪਣੇ ਸਰਕਾਰੀ ਮਾਣ ਸਨਮਾਣ ਵਾਪਸ ਕਰਕੇ ਵਿਰੋਧ ਪ੍ਰਗਟ ਕਰਨਾ ਇਕ ਸ਼ਲਾਘਾਯੋਗ ਕਦਮ ਹੈ। ਇਹ ਵਿਰੋਧ ਵਿਚਾਰ ਪ੍ਰਗਟਾਵੇ ਦੀ ਅਜ਼ਾਦੀ ਉੱਪਰ ਹੋ ਰਹੇ ਤਿੱਖੇ ਤੇ ਕਾਤਲਾਨਾ ਹਮਲਿਆਂ ਖਿਲਾਫ ਹੈ। ਵੱਖ ਵੱਖ ਭਸ਼ਾਵਾਂ ਦੇ ਲੇਖਕਾਂ, ਕਲਾਕਾਰਾਂ, ਇਤਿਹਾਸਕਾਰਾਂ ਤੇ ਵਿਗਿਆਨੀਆਂ ਨੇ ਦੇਸ਼ ਅੰਦਰ ਵੱਧ ਰਹੀ ਹਿੰਦੂਤਵੀ ਫਾਸੀਵਾਦੀ ਤਾਨਾਸ਼ਾਹੀ ਦੇ ਚਲਦਿਆਂ ਅਗਾਂਹਵਧੂ ਲੇਖਕਾਂ ਦੇ ਕੀਤੇ ਜਾ ਰਹੇ ਕਤਲ, ਇਤਿਹਾਸ, ਸਾਹਿਤ, ਸੱਭਿਆਚਾਰ ਦੇ ਭਗਵੇਂਕਰਨ ਖਿਲਾਫ ਅਤੇ ਹੱਕ, ਸੱਚ ਤੇ ਜਮਹੂਰੀਅਤ ਦੀ ਅਵਾਜ਼ ਨੂੰ ਜਬਰੀ ਬੰਦ ਕਰਨ ਦੇ ਰੋਸ ਵਜੋਂ ਆਪਣੇ ਸਨਮਾਣ ਵਾਪਸ ਕਰਨ ਦਾ ਫੈਸਲਾ ਲਿਆ ਹੈ।

ਇਹ ਕਦਮ ਇਨਸਾਫਪਸੰਦ ਲੋਕਾਂ ਦੇ ਕਾਫਲੇ ਸੰਗ ਦਲੇਰੀ ਨਾਲ ਖੜਨ ਦੇ ਐਲਾਨ ਹਨ। ਵਿਚਾਰ ਪ੍ਰਗਟਾਵੇ ਦੀ ਅਜਾਦੀ ਦੇ ਪੱਖ ‘ਚ ਅਤੇ ਫਿਰਕੂ ਹਮਲਿਆਂ ਖਿਲਾਫ ਲੇਖਕਾਂ, ਕਲਾਕਾਰਾਂ, ਇਤਿਹਾਸਕਾਰਾਂ ਤੇ ਵਿਗਿਅਨੀਆਂ ਦੇ ਇਹ ਨਿੱਡਰ ਤੇ ਇਤਿਹਾਸਕ ਯਤਨ ਫਿਰਕੂ ਤਾਕਤਾਂ ਤੇ ਉਨ੍ਹਾਂ ਨੂੰ ਸ਼ਹਿ ਦੇਣ ਵਾਲੀ ਮੋਦੀ ਦੀ ਅਗਵਾਈ ਵਾਲੀ ਭਾਜਪਾ ਹਕੂਮਤ ਦੇ ਮੂੰਹ ’ਤੇ ਕਰਾਰੀ ਚਪੇੜ ਹਨ। ਸਮਾਜ ਦੇ ਇਸ ਬੌਧਿਕ ਹਿੱਸੇ ਵੱਲੋਂ ਕੀਤੇ ਜਾ ਰਹੇ ਇਸ ਪ੍ਰਤੀਕਰਮ ਦਾ ਵਿਆਪਕ ਪ੍ਰਭਾਵ ਹਨੇਰੇ ਦਿਨਾਂ ‘ਚ ਚਾਨਣ ਦੇ ਛਿੱਟੇ ਵਰਗਾ ਹੈ। ਇਸ ਨੂੰ ਹੋਰ ਵੱਧ ਮਜ਼ਬੂਤ ਕਰਨ ਦੀ ਲੋੜ ਹੈ । /ਅਨੁਵਾਦਕ)

***

ਹਾਲਾਂਕਿ ਮੈਂ ਇਹ ਨਹੀਂ ਮੰਨਦੀ ਕਿ ਇਨਾਮ ਸਾਡੇ ਕੰਮ ਨੂੰ ਮਾਪਣ ਦਾ ਕੋਈ ਪੈਮਾਨਾ ਹੁੰਦੇ ਹਨ, ਮੈਂ ਵਾਪਸ ਕੀਤੇ ਗਏ ਪੁਰਸਕਾਰਾਂ ਦੇ ਵੱਧਦੇ ਢੇਰ ਵਿੱਚ 1989 ਵਿੱਚ ਸਭ ਤੋਂ ਉੱਤਮ ਪਟਕਥਾ ਲਈ ਜਿੱਤਿਆ ਆਪਣਾ ਰਾਸ਼ਟਰੀ ਇਨਾਮ ਜੋੜਨਾ ਚਾਹਾਂਗੀ। ਇਸ ਤੋਂ ਇਲਾਵਾ, ਮੈਂ ਇਹ ਵੀ ਸਪੱਸ਼ਟ ਕਰ ਦੇਣਾ ਚਾਹੁੰਦੀ ਹਾਂ ਕਿ ਮੈਂ ਇਹ ਇਨਾਮ ਇਸ ਲਈ ਵਾਪਸ ਨਹੀਂ ਕਰ ਰਹੀ ਹਾਂ ਕਿਉਂਕਿ ਮੈਂ ਮੌਜੂਦਾ ਸਰਕਾਰ ਦੁਆਰਾ ਪੋਸੀ ਜਾ ਰਹੀ ਉਸ ਚੀਜ਼ ਨੂੰ ਵੇਖਕੇ “ਹੈਰਾਨ” ਹਾਂ ਜਿਸਨੂੰ “ਵੱਧਦੀ ਅਸਹਿਣਸ਼ੀਲਤਾ” ਕਿਹਾ ਜਾ ਰਿਹਾ ਹੈ।

ਸਭ ਤੋਂ ਪਹਿਲਾਂ ਤਾਂ ਇਹ ਕਿ ਇਨਸਾਨਾਂ ਦੀ ਕੁੱਟ-ਕੁੱਟ ਕੇ ਹੱਤਿਆ, ਉਨ੍ਹਾਂ ਨੂੰ ਗੋਲੀ ਮਾਰਨ, ਜਲਾਕੇ ਮਾਰਨ ਅਤੇ ਉਨ੍ਹਾਂ ਦੀ ਸਮੂਹਿਕ ਹੱਤਿਆ ਲਈ ਅਸਹਿਣਸ਼ੀਲਤਾ ਗਲਤ ਸ਼ਬਦ ਹੈ। ਦੂਜਾ, ਭਵਿੱਖ ਵਿੱਚ ਕੀ ਹੋਣ ਵਾਲਾ ਹੈ ਇਸਦੇ ਕਈ ਸੰਕੇਤ ਸਾਨੂੰ ਪਹਿਲਾਂ ਹੀ ਮਿਲ ਚੁੱਕੇ ਸਨ, ਇਸ ਲਈ ਇਸ ਸਰਕਾਰ ਦੇ ਭਾਰੀ ਬਹੁਮਤ ਨਾਲ ਸੱਤਾ ਵਿੱਚ ਆਉਣ ਦੇ ਬਾਅਦ ਜੋ ਕੁਝ ਹੋਇਆ ਉਸਦੇ ਲਈ ਮੈਂ ਹੈਰਾਨ ਹੋਣ ਦਾ ਦਾਅਵਾ ਨਹੀਂ ਕਰ ਸਕਦੀ। ਤੀਸਰਾ, ਇਹ ਭਿਆਨਕ ਹੱਤਿਆਵਾਂ ਇੱਕ ਗੰਭੀਰ ਰੋਗ ਦਾ ਲੱਛਣ ਭਰ ਹਨ। ਜਿਉਂਦੇ-ਜਾਗਦੇ ਲੋਕਾਂ ਦੀ ਜ਼ਿੰਦਗੀ ਨਰਕ ਬਣਕੇ ਰਹਿ ਗਈ ਹੈ। ਕਰੋੜਾਂ ਦਲਿਤਾਂ, ਆਦਿਵਾਸੀਆਂ, ਮੁਸਲਮਾਨਾਂ ਅਤੇ ਈਸਾਈਆਂ ਦੀ ਪੂਰੀ-ਪੂਰੀ ਆਬਾਦੀ ਦਹਿਸ਼ਤ ਵਿੱਚ ਜੀਣ ਲਈ ਮਜਬੂਰ ਹੈ ਕਿ ਕੀ ਪਤਾ ਕਦੋਂ ਅਤੇ ਕਿਸ ਪਾਸਿਓਂ ਉਨ੍ਹਾਂ ਓੁੱਤੇ ਹਮਲਾ ਬੋਲ ਦਿੱਤਾ ਜਾਵੇ।

ਅੱਜ ਅਸੀਂ ਇੱਕ ਅਜਿਹੇ ਦੇਸ਼ ਵਿੱਚ ਰਹਿ ਰਹੇ ਹਾਂ ਜਿਸ ਵਿੱਚ ਨਵੀਂ ਵਿਵਸਥਾ ਦੇ ਠੱਗ ਅਤੇ ਗ੍ਰੋਹਬਾਜ਼ ਜਦੋਂ “ਗ਼ੈਰਕਾਨੂੰਨੀ ਹੱਤਿਆ” ਦੀ ਗੱਲ ਕਰਦੇ ਹਨ ਤਾਂ ਉਨ੍ਹਾਂ ਦਾ ਮਤਲਬ ਕਤਲ ਕਰ ਦਿੱਤੇ ਗਏ ਜਿਉਂਦੇ ਜਾਗਦੇ ਇਨਸਾਨਾਂ ਤੋਂ ਨਹੀਂ, ਮਾਰੀ ਗਈ ਇੱਕ ਕਾਲਪਨਿਕ ਗਾਂ ਤੋਂ ਹੁੰਦਾ ਹੈ। ਜਦੋਂ ਉਹ ਘਟਨਾ ਸਥਾਨ ਤੋਂ “ਫਾਰੇਂਸਿਕ ਜਾਂਚ ਲਈ ਪ੍ਰਮਾਣ” ਚੁੱਕਣ ਦੀ ਗੱਲ ਕਰਦੇ ਹਨ ਤਾਂ ਉਨ੍ਹਾਂ ਦਾ ਮਤਲਬ ਮਾਰੇ ਗਏ ਆਦਮੀ ਦੀ ਲਾਸ਼ ਤੋਂ ਨਹੀਂ, ਫਰਿੱਜ ਵਿੱਚ ਮੌਜੂਦ ਭੋਜਨ ਤੋਂ ਹੁੰਦਾ ਹੈ। ਅਸੀ ਕਹਿੰਦੇ ਹਾਂ ਕਿ ਅਸੀਂ “ਤਰੱਕੀ” ਕੀਤੀ ਹੈ ਲੇਕਿਨ ਜਦੋਂ ਦਲਿਤਾਂ ਦੀ ਹੱਤਿਆ ਹੁੰਦੀ ਹੈ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਜ਼ਿੰਦਾ ਸਾੜ ਦਿੱਤਾ ਜਾਂਦਾ ਹੈ ਤਾਂ ਹਮਲਾ ਝੱਲਣ, ਮਾਰੇ ਜਾਣ, ਗੋਲੀ ਖਾਧੇ ਜਾਣ ਜਾਂ ਜੇਲ੍ਹ ਜਾਏ ਬਿਨਾਂ ਅੱਜ ਕਿਹੜਾ ਲੇਖਕ ਬਾਬਾ ਸਾਹਿਬ ਅੰਬੇਡਕਰ ਦੀ ਤਰ੍ਹਾਂ ਖੁੱਲ ਕੇ ਕਹਿ ਸਕਦਾ ਹੈ ਕਿ, “ਹਿੰਦੁਤਵ ਦਹਿਸ਼ਤ ਅਛੂਤਾਂ ਲਈ ਇੱਕ ਅਸਲੀ ਕਾਲ ਕੋਠੜੀ ਹੈ?”

ਕੌਣ ਲੇਖਕ ਉਹ ਸਭ ਕੁਝ ਲਿਖ ਸਕਦਾ ਹੈ ਜੋ ਸਆਦਤ ਹਸਨ ਮੰਟੋ ਨੇ ‘ਅੰਕਲ ਸੈਮ ਲਈ ਪੱਤਰ’ ਵਿੱਚ ਲਿਖਿਆ? ਇਸ ਗੱਲ ਨਾਲ ਫਰਕ ਨਹੀਂ ਪੈਂਦਾ ਕਿ ਅਸੀਂ ਕਹੀ ਜਾ ਰਹੀ ਗੱਲ ਨਾਲ ਸਹਿਮਤ ਹਾਂ ਜਾਂ ਅਸਹਿਮਤ। ਜੇਕਰ ਸਾਨੂੰ ਆਜ਼ਾਦ ਵਿਚਾਰ ਪ੍ਰਗਟਾਵੇ ਦਾ ਅਧਿਕਾਰ ਨਹੀਂ ਹੋਵੇਗਾ ਤਾਂ ਅਸੀ ਬੌਧਿਕ ਕੁਪੋਸ਼ਣ ਤੋਂ ਪੀੜਿਤ ਇੱਕ ਸਮਾਜ ਵਿੱਚ, ਮੂਰਖਾਂ ਦੇ ਇੱਕ ਦੇਸ਼ ਵਿੱਚ ਬਦਲਕੇ ਰਹਿ ਜਾਵਾਂਗੇ। ਪੂਰੇ ਉੱਪ ਮਹਾਂਦੀਪ ਵਿੱਚ ਪਤਨ ਦੀ ਇੱਕ ਦੌੜ ਚੱਲ ਰਹੀ ਹੈ, ਜਿਸ ਵਿੱਚ ਨਵਾਂ ਭਾਰਤ ਵੀ ਜੋਸ਼ੋ ਖਰੋਸ਼ ਨਾਲ ਸ਼ਾਮਿਲ ਹੋ ਗਿਆ ਹੈ। ਇੱਥੇ ਵੀ ਹੁਣ ਸੈਂਸਰਸ਼ਿੱਪ ਭੀੜ ਨੂੰ ਆਉਟਸੋਰਸ ਕਰ ਦਿੱਤਾ ਗਿਆ ਹੈ।

ਮੈਨੂੰ ਬਹੁਤ ਖੁਸ਼ੀ ਹੈ ਕਿ ਮੈਨੂੰ (ਕਾਫ਼ੀ ਪਹਿਲਾਂ ਦੇ ਆਪਣੇ ਅਤੀਤ ਤੋਂ ਕਿਤੇ) ਇੱਕ ਰਾਸ਼ਟਰੀ ਇਨਾਮ ਮਿਲ ਗਿਆ ਹੈ, ਜਿਸਨੂੰ ਮੈਂ ਵਾਪਸ ਕਰ ਸਕਦੀ ਹਾਂ ਕਿਉਂਕਿ ਇਸ ਤੋਂ ਮੈਨੂੰ ਦੇਸ਼ ਦੇ ਲੇਖਕਾਂ, ਫਿਲਮਕਾਰਾਂ ਅਤੇ ਸਿਧਾਂਤਕਾਰਾਂ ਦੁਆਰਾ ਸ਼ੁਰੂ ਕੀਤੇ ਗਏ ਇੱਕ ਰਾਜਨੀਤਕ ਅੰਦੋਲਨ ਦਾ ਹਿੱਸਾ ਹੋਣ ਦਾ ਮੌਕਾ ਮਿਲ ਰਿਹਾ ਹੈ। ਉਹ ਇੱਕ ਪ੍ਰਕਾਰ ਦੀ ਵਿਚਾਰਕ ਬੇਰਹਿਮੀ ਅਤੇ ਸਾਡੀ ਸਾਮੂਹਿਕ ਬੌਧਿਕਤਾ ਉੱਤੇ ਹਮਲੇ ਦੇ ਵਿਰੁੱਧ ਉਠ ਖੜੇ ਹੋਏ ਹਨ।

ਜੇਕਰ ਇਸਦਾ ਮੁਕਾਬਲਾ ਅਸੀਂ ਹੁਣੇ ਨਹੀਂ ਕੀਤਾ ਤਾਂ ਇਹ ਸਾਨੂੰ ਟੁਕੜੇ-ਟੁਕੜੇ ਕਰ ਬਹੁਤ ਡੂੰਘੇ ਦਫ਼ਨ ਕਰ ਦੇਵੇਗਾ। ਮੇਰਾ ਮੰਨਣਾ ਹੈ ਕਿ ਕਲਾਕਾਰ ਅਤੇ ਬੁੱਧੀਜੀਵੀ ਇਸ ਸਮੇਂ ਜੋ ਕਰ ਰਹੇ ਹਨ ਉਹ ਬੇਮਿਸਾਲ ਹੈ ਜਿਸ ਦੀ ਇਤਿਹਾਸ ਵਿੱਚ ਕੋਈ ਮਿਸਾਲ ਨਹੀਂ ਹੈ। ਇਹ ਵੱਖਰੇ ਸਾਧਨਾਂ ਨਾਲ ਕੀਤੀ ਜਾ ਰਹੀ ਰਾਜਨੀਤੀ ਹੈ। ਇਸਦਾ ਹਿੱਸਾ ਹੋਣਾ ਮੇਰੇ ਲਈ ਗੌਰਵ ਦੀ ਗੱਲ ਹੈ। ਅਤੇ ਅੱਜ ਇਸ ਦੇਸ਼ ਵਿੱਚ ਜੋ ਹੋ ਰਿਹਾ ਹੈ, ਉਸ ਉੱਤੇ ਮੈਂ ਬਹੁਤ ਸ਼ਰਮਿੰਦਾ ਵੀ ਹਾਂ।

ਉਪਲੇਖ : ਰਿਕਾਰਡ ਲਈ ਇਹ ਵੀ ਦੱਸ ਦੇਵਾਂ ਕਿ 2005 ਵਿੱਚ ਕਾਂਗਰਸ ਦੀ ਸੱਤਾ ਦੌਰਾਨ ਮੈਂ ਸਾਹਿਤ ਅਕਾਦਮੀ ਸਨਮਾਨ ਠੁਕਰਾ ਦਿੱਤਾ ਸੀ। ਇਸ ਲਈ ਕਿ੍ਰਪਾ ਕਰਕੇ ਕਾਂਗਰਸ ਬਨਾਮ ਭਾਜਪਾ ਵਾਲੀ ਪੁਰਾਣੀ ਬਹਿਸ ਤੋਂ ਮੈਨੂੰ ਬਖਸ਼ਣਾ। ਹੁਣ ਗੱਲ ਇਸ ਸਭ ਤੋਂ ਕਾਫ਼ੀ ਅੱਗੇ ਨਿਕਲ ਗਈ ਹੈ। ਧੰਨਵਾਦ !

(ਅਨੁਵਾਦ: ਮਨਦੀਪ)
mandeepsaddowal@gmail.com

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ