Fri, 19 April 2024
Your Visitor Number :-   6985056
SuhisaverSuhisaver Suhisaver

ਔਰਤ ਸਸ਼ਕਤੀਕਰਨ ਬਨਾਮ ਅਪਰਾਧੀਕਰਨ -ਗੁਰਤੇਜ ਸਿੱਧੂ

Posted on:- 22-11-2015

suhisaver

ਸਦੀਆਂ ਤੋਂ ਲਿਤਾੜੀ ਜਾ ਰਹੀ ਔਰਤ ਨੂੰ ਸਸ਼ਕਤੀਕਰਨ ਕਰਨਾ ਸਮੇਂ ਦੀ ਅਹਿਮ ਲੋੜ ਹੈ ਤੇ ਇਹ ਆਵਾਜ਼ ਕਾਫੀ ਲੰਬੇ ਸਮੇਂ ਤੋਂ ਸਮਾਜ ਸੁਧਾਰਕ ਤੇ ਸਿਆਸੀ ਆਗੂ ਬੁਲੰਦ ਕਰਦੇ ਆ ਰਹੇ ਹਨ। ਤਕਨਾਲੋਜੀ ਅਤੇ ਅਗਾਂਹਵਧੂ ਯੁੱਗ ਵਿੱਚ ਇਹ ਕਾਫੀ ਹੱਦ ਤੱਕ ਸੰਭਵ ਵੀ ਹੋ ਗਿਆ ਹੈ ਤੇ ਅਜੋਕੀ ਔਰਤ ਘਰ ਦੀ ਦਹਿਲੀਜ ਤੋਂ ਬਾਹਰ ਪੈਰ ਪਾ ਚੁੱਕੀ ਹੈ। ਹਰ ਪਹਿਲੂ ਦੇ ਦੋ ਪੱਖ ਹੁੰਦੇ ਹਨ ਤੇ ਕਿਸੇ ਇੱਕ ਪੱਖ ਨੂੰ ਨਕਾਰਿਆ ਨਹੀਂ ਜਾ ਸਕਦਾ। ਸਮਾਜ ਲਈ ਇੱਕ ਪੱਖ ਤਾਂ ਵਰਦਾਨ ਸਾਬਤ ਹੋਇਆ ਕਿ ਅਜੋਕੀ ਔਰਤ ਪੜ੍ਹੀ-ਲਿਖੀ ਹੋਣ ਕਾਰਨ ਮਰਦ ਪ੍ਰਧਾਨ ਸਮਾਜ ਵਿੱਚ ਮਰਦ ਦੇ ਬਰਾਬਰ ਖੜ੍ਹੀ ਹੋ ਗਈ ਹੈ ਤੇ ਹਰੇਕ ਖੇਤਰ ਵਿੱਚ ਆਪਣਾ ਯੋਗਦਾਨ ਵੀ ਦੇ ਰਹੀ ਹੈ। ਹਰ ਖੇਤਰ ਵਿੱਚ ਉਸ ਦੀ ਭਾਗੀਦਾਰੀ ਬਰਾਬਰ ਹੈ ਤੇ ਉਸ ਤੋ ਬਿਨਾਂ ਅੱਜ ਹਰ ਖੇਤਰ ਅਧੂਰਾ ਹੈ।

ਇਸ ਸਾਕਾਰਾਤਮਕ ਪੱਖ ਤੋਂ ਇਲਾਵਾ ਸਸ਼ਕਤੀਕਰਨ ਦੀ ਆੜ੍ਹ ਹੇਠਾਂ ਸਮਾਜ ਵਿਰੋਧੀ ਕੰਮਾਂ ਤੇ ਹਿੰਸਕ ਅਪਰਾਧਾਂ ਵਿੱਚ ਔਰਤ ਦੀ ਵੱਧਦੀ ਸ਼ਮੂਲੀਅਤ ਨੇ ਮਮਤਾ ਦੀ ਮੂਰਤ ਔਰਤ ਦਾ ਪੱਖ ਕਾਫੀ ਨਾਕਾਰਾਤਮਕ ਕੀਤਾ ਹੈ, ਜੋ ਦੇਸ਼ ਸਮਾਜ ਦੇ ਹਿੱਤ ਵਿੱਚ ਨਹੀਂ ਹੈ। ਪਿਛਲੇ ਦਿਨੀਂ ਜਬਲਪੁਰ ਵਿੱਚ ਇੱਕ ਔਰਤ ਨੇ ਆਪਣੀ ਬੱਚੀ ਨੂੰ ਇਸ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ ਕਿ ਉਹ ਬੱਚੀ ਉਸ ਦੇ ਚਾਰ ਸਾਲਾ ਪੁੱਤਰ ਦੀ ਪਰਵਰਿਸ਼ ਦੇ ਰਾਹ ਦਾ ਅੜਿੱਕਾ ਬਣਦੀ ਸੀ।

ਉਸ ਔਰਤ ਨੇ ਪਤਾ ਨਹੀਂ ਕਿਵੇਂ ਦਿਲ ਪੱਥਰ ਕਰਕੇ ਉਸ ਬੱਚੀ ਨੂੰ ਗੰਦੇ ਨਾਲੇ ਵਿੱਚ ਸੁੱਟਿਆ ਤੇ ਆਖਿਰ ਪੁਲਿਸ ਦੀ ਤਫਤੀਸ਼ ਨੇ ਇਸ ਰਾਜ ਤੋਂ ਪਰਦਾ ਚੁੱਕ ਦਿੱਤਾ। ਇਸ ਵਰਤਾਰੇ ਨੇ ਮਾਨਵਤਾ ਨੂੰ ਤਾਂ ਸ਼ਰਮਸਾਰ ਕੀਤਾ ਹੀ ਹੈ ਤੇ ਆਦਮਜਾਤ ਨੂੰ ਨਾਗਿਨ ਦੇ ਬਰਾਬਰ ਖੜ੍ਹਾ ਵੀ ਕੀਤਾ ਹੈ। ਇਸ ਤੋਂ ਇਲਾਵਾ ਨਿੱਜੀ ਹਿੱਤਾਂ ਦੀ ਪੂਰਤੀ ਖਾਤਰ ਔਰਤਾਂ ਦੁਆਰਾ ਕੀਤੀਆਂ ਜਾ ਰਹੀਆਂ ਹਿੰਸਕ ਵਾਰਦਾਤਾਂ ਵੀ ਕਿਸੇ ਤੋਂ ਲੁਕੀਆਂ ਹੋਈਆਂ ਨਹੀਂ ਹਨ। ਆਪਣੀ ਅੱਯਾਸ਼ੀ ਲਈ ਮਰਦ ਅਤੇ ਔਰਤ ਕਿਸੇ ਵੀ ਹੱਦ ਤੱਕ ਗਿਰ ਸਕਦੇ ਹਨ ਤੇ ਇਸ ਦੀ ਪ੍ਰਤੱਖ ਉਦਾਹਰਣ ਹਰ ਰੋਜ਼ ਨਸ਼ਰ ਹੁੰਦੀਆਂ ਖਬਰਾਂ ਹਨ। ਰਾਹ ਵਿੱਚ ਰੋੜ੍ਹਾ ਬਣਦੇ ਪੇਕੇ ਜਾਂ ਸਹੁਰੇ ਪਰਿਵਾਰ ਦੇ ਮੈਂਬਰਾਂ ਦਾ ਬੇਰਹਿਮੀ ਨਾਲ ਕਤਲ ਤੱਕ ਕੀਤਾ ਜਾਂਦਾ ਹੈ। ਸੱਚ-ਮੁੱਚ ਜ਼ੁਲਮ ਦੀਆਂ ਸ਼ਿਕਾਰ ਔਰਤਾਂ ਨੂੰ ਅਜਿਹੇ ਵਰਤਾਰੇ ਅਤੇ ਸ਼ੱਕੀ ਔਰਤਾਂ ਨੇ ਸ਼ਰਮਸਾਰ ਕੀਤਾ ਹੈ। ਆਮ ਤੇ ਭੋਲੇ-ਭਾਲੇ ਲੋਕਾਂ ਖਿਲਾਫ ਜਾਅਲਸਾਜੀ ਕਰਕੇ ਬਲੈਕਮੇਲ ਕਰਨ ਦਾ ਧੰਦਾ ਅੱਜ ਆਮ ਹੈ ਤੇ ਬੜੇ ਦੁੱਖ ਦੀ ਗੱਲ ਹੈ ਕਿ ਕਾਨੂੰਨ ਦੇ ਦਲਾਲਾਂ ਅਤੇ ਅਸਰ ਰਸੂਖ ਵਾਲਿਆਂ ਨੂੰ ਵੀ ਹਿੱਸਾ ਪੱਤੀ ਦਿੱਤਾ ਜਾਂਦਾ ਹੈ।

ਜਿਸਮ-ਫਰੋਸ਼ੀ ਵਿੱਚ ਲੱਗੀਆਂ ਜ਼ਿਆਦਾਤਰ ਔਰਤਾਂ ਆਪਣੇ ਅੱਡੇ ‘ਤੇ ਗ੍ਰਾਹਕਾਂ ਬੁਲਾ ਕੇ ਪੁਲਿਸ ਦੀ ਰੇਡ ਪਵਾਉਂਦੀਆਂ ਹਨ। ਪੁਲਿਸ ਨੂੰ ਬਣਦਾ ਹਿੱਸਾ ਦਿੱਤਾ ਜਾਂਦਾ ਹੈ ਅਤੇ ਲੋਕਾਂ ਨੂੰ ਬਦਨਾਮੀ ਦਾ ਡਰ ਵਿਖਾ ਕੇ ਮੋਟੀ ਕਮਾਈ ਕੀਤੀ ਜਾਂਦੀ ਹੈ। ਔਰਤਾਂ ਦੇ ਜਿਣਸੀ ਸੋਸ਼ਣ ਦੇ ਜ਼ਿਆਦਾਤਰ ਮਾਮਲਿਆਂ ਵਿੱਚ ਔਰਤਾਂ ਨੇ ਹੀ ਅਹਿਮ ਭੂਮਿਕਾ ਨਿਭਾਈ ਹੈ। ਕੁੱਝ ਮਰੀ ਜ਼ਮੀਰ ਵਾਲੀਆਂ ਔਰਤਾਂ ਦਰਿੰਦਿਆਂ ਨਾਲ ਮਿਲ ਕੇ ਕਿਸੇ ਦੀ ਆਬਰੂ ਆਪਣੇ ਹੱਥੀਂ ਤਾਰ-ਤਾਰ ਕਰਵਾਉਂਦੀਆਂ ਹਨ। ਹਰ ਰੋਜ਼ ਹੁੰਦੀਆਂ ਘਟਨਾਵਾਂ ਇਸ ਦੀ ਗਵਾਹੀ ਭਰਦੀਆਂ ਹਨ। ਨਸ਼ਿਆਂ, ਹੱਥਿਆਰਾਂ ਦੀ ਤਸਕਰੀ ਵਿੱਚ ਔਰਤਾਂ ਵੱਡੀ ਗਿਣਤੀ ਵਿੱਚ ਸਰਗਰਮ ਹਨ। ਫੈਜਾਬਾਦ ਵਿੱਚ ਇੱਕ ਔਰਤ ਬਾਰੇ ਇਹ ਖੁਲਾਸਾ ਬੜਾ ਹੈਰਾਨਕੁੰਨ ਸੀ ਕਿ ਸਮਾਜ ਵਿੱਚ ਇੱਜ਼ਤਦਾਰ ਬਣ ਕੇ ਹੱਥਿਆਰਾਂ ਦੀ ਤਸਕਰੀ ਦੇ ਤਾਰ ਦੂਜੇ ਸੂਬਿਆਂ ਤੱਕ ਜੁੜੇ ਹੋਏ ਸਨ। ਕਿਸੇ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਸਧਾਰਨ ਜਿਹੀ ਔਰਤ ਦਾ ਤਸਕਰ ਰੂਪ ਇੰਨਾ ਘਿਨਾਉਣਾ ਹੋਵੇਗਾ। ਹਰ ਰੋਜ਼ ਨਸ਼ਿਆਂ ਦੀ ਤਸਕਰੀ ਕਰਦੀਆਂ ਔਰਤਾਂ ਗਿ੍ਰਫਤਾਰ ਹੁੰਦੀਆਂ ਹਨ। ਨਸ਼ਿਆਂ ਦੀ ਤਸਕਰੀ ਲਈ ਵਰਤੇ ਜਾਂਦੇ ਤਰੀਕੇ ਇੰਨੇ ਸ਼ਰਮਸਾਰ ਕਰਨ ਵਾਲੇ ਹਨ ਜਿਨ੍ਹਾਂ ਨੂੰ ਇੱਥੇ ਬਿਆਨਣਾ ਮੁਸ਼ਕਲ ਹੀ ਨਹੀਂ, ਨਾ ਮੁਮਕਿਨ ਹੈ। ਜੰਮੂ ਕਸ਼ਮੀਰ ਵਿੱਚ ਦੁੱਖ ਤਾਰਨ ਏ ਮਿਲੀਟੈਂਟ ਨਾਮ ਹੇਠ ਦਹਿਸ਼ਤਗਰਦੀ ਵਿੱਚ ਔਰਤਾਂ ਸਰਗਰਮ ਹਨ।

ਮੁੰਬਈ ਪੁਲਿਸ ਅਨੁਸਾਰ 1993 ਦੇ ਬੰਬ ਧਮਾਕਿਆਂ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਦੀ ਸ਼ਮੂਲੀਅਤ ਸੀ। ਦੱਖਣੀ ਅਫਰੀਕਾ ਵਿੱਚ ਏਡਜ਼ ਸਬੰਧਿਤ ਔਰਤਾਂ ਨੇ ਬੰਦੂਕ ਦੀ ਨੋਕ ‘ਤੇ ਮਰਦਾਂ ਨਾਲ ਜ਼ਬਰਦਸਤੀ ਕੀਤੀ ਅਤੇ ਏਡਜ ਦੇ ਮਰੀਜ ਬਣਾ ਦਿੱਤਾ, ਜੋ ਇਨਸਾਨੀਅਤ ਦੇ ਮੂੰਹ ‘ਤੇ ਬਹੁਤ ਵੱਡੀ ਚਪੇੜ ਹੈ। ਵਿਸ਼ਵ ਪੱਧਰ ‘ਤੇ ਇਸ 21ਵੀਂ ਸਦੀ ਵਿੱਚ ਪਿਛਲੇ ਸਮੇਂ ਦੇ ਮੁਕਾਬਲੇ ਔਰਤਾਂ ਦੀ ਜ਼ੁਰਮਾਂ ਵਿੱਚ ਸ਼ਮੂਲੀਅਤ ਵਿੱਚ 200 ਫੀਸਦੀ ਵਾਧਾ ਹੋਇਆ ਹੈ। ਵਾਲ ਸਟਰੀਟ ਜਨਰਲ ਅਨੁਸਾਰ 1978-88 ਦੇ ਦਹਾਕੇ ਦੌਰਾਨ ਮਰਦਾਂ ਦੇ ਮੁਕਾਬਲੇ ਔਰਤਾਂ ਦੀ ਜ਼ੁਰਮ ਵਿੱਚ ਸ਼ਮੂਲੀਅਤ ਵਧੇਰੇ ਸੀ। ਮਰਦਾਂ ਦੀ ਜ਼ੁਰਮ ਵਿੱਚ 23 ਫੀਸਦੀ ਅਤੇ ਔਰਤਾਂ ਦੀ 41.5 ਫੀਸਦੀ ਸ਼ਮੂਲੀਅਤ ਸੀ। 1991 ਵਿੱਚ 34.3 ਫੀਸਦੀ, 2001 ਵਿੱਚ 23.9 ਫੀਸਦੀ ਅਤੇ 2009 ਵਿੱਚ 22.9 ਫੀਸਦੀ ਔਰਤਾਂ ਜ਼ੁਰਮ ਦੀ ਦੁਨੀਆਂ ਵਿੱਚ ਸਰਗਰਮ ਸਨ। ਕੌਮੀ ਅਪਰਾਧ ਰਿਕਾਰਡ ਬਿਊਰੋ ਦੇ 2010-12 (ਤਿੰਨ ਸਾਲਾਂ ਦੌਰਾਨ) ਅੰਕੜਿਆਂ ਅਨੁਸਾਰ 93 ਲੱਖ ਵੱਖ-ਵੱਖ ਜ਼ੁਰਮਾਂ ਤਹਿਤ ਗਿ੍ਰਫਤਾਰੀਆਂ ਹੋਈਆਂ।

ਮਹਾਂਰਾਸ਼ਟਰ ਦੇਸ਼ ਦਾ ਅਜਿਹਾ ਸੂਬਾ ਹੈ, ਜਿੱਥੇ ਸਭ ਤੋਂ ਜ਼ਿਆਦਾ ਔਰਤਾਂ ਜ਼ੁਰਮ ਦੀ ਦੁਨੀਆਂ ਵਿੱਚ ਸਰਗਰਮ ਹਨ। ਇੱਥੇ 90884 ਔਰਤਾਂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਗਿ੍ਰਫਤਾਰ ਕੀਤੀਆਂ ਗਈਆਂ। ਮਹਾਂਰਾਸ਼ਟਰ ਦੀ ਮਾਇਆ ਨਗਰੀ ਮੁੰਬਈ ਜਿੱਥੇ ਔਰਤਾਂ ਦਾ ਨਾਮ ਜ਼ੁਰਮ ਨਾਲ ਕਾਫੀ ਗੂੜ੍ਹਾ ਹੈ। ਇੱਥੇ 2010-12 ਦੌਰਾਨ 7264 ਔਰਤਾਂ ਨੂੰ ਜ਼ੁਰਮ ਤਹਿਤ ਗਿ੍ਰਫਤਾਰ ਕੀਤਾ ਗਿਆ। ਇਸੇ ਤਹਿਤ ਜਗਰਾਓਂ, ਨਾਸਿਕ ਅਤੇ ਅਹਿਮਦ ਨਗਰ ਵਿੱਚ ਕ੍ਰਮਵਾਰ 5384,5235,4986 ਔਰਤਾਂ ਨੇ ਜ਼ੁਰਮ ਕੀਤਾ।

ਇਸ ਤੋਂ ਇਲਾਵਾ ਮਹਾਂਰਾਸ਼ਟਰ ਵਿੱਚ ਪਤੀ ਜਾਂ ਹੋਰ ਰਿਸ਼ਤੇਦਾਰਾਂ ਨੂੰ ਜ਼ਾਲਮਾਮਨਾ ਢੰਗ ਨਾਲ ਕਤਲ ਕਰਨ ਦੇ ਦੋਸ਼ ਤਹਿਤ 2012 ਦੇ ਅੰਕੜਿਆਂ ਅਨੁਸਾਰ 9561 ਔਰਤਾਂ ਗਿ੍ਰਫਤਾਰ ਕੀਤੀਆਂ ਗਈਆਂ। ਇਸੇ ਤਰ੍ਹਾਂ ਦੰਗਿਆਂ, ਚੋਰੀ, ਧੋਖਾਧੜੀ, ਕਤਲ, ਅਗਵਾ, ਇਰਾਦਾ ਕਤਲ ਆਦਿ ਲਈ ਕ੍ਰਮਵਾਰ 5762, 1305, 859, 609, 296, 511 ਔਰਤਾਂ ਗਿ੍ਰਫਤਾਰ ਕੀਤੀਆਂ ਗਈਆਂ। ਮੁੰਬਈ ਪੁਲਿਸ ਦੇ ਡਿਪਟੀ ਕਮਿਸ਼ਨਰ ਧਨੰਜਯ ਕੁਲਕਰਣੀ ਅਨੁਸਾਰ ਬਹੁਤ ਘੱਟ ਔਰਤਾਂ ਜੇਲ੍ਹ ਵਿੱਚੋਂ ਰਿਹਾਅ ਹੋਣ ਉਪਰੰਤ ਸੰਸਾਧਨ ਸਮਾਜਿਕ ਜੀਵਨ ਵਿੱਚ ਵਾਪਸ ਆਉਂਦੀਆਂ ਹਨ, ਜਦਕਿ 99 ਫੀਸਦੀ ਅਪਰਾਧੀ ਔਰਤਾਂ ਖਤਰਨਾਕ ਤਰੀਕੇ ਨਾਲ ਜ਼ੁਰਮ ਦੀ ਦੁਨੀਆਂ ਵਿੱਚ ਵਾਪਸੀ ਕਰਦੀਆਂ ਹਨ, ਜਿੱਥੋਂ ਮੁੜਨਾ ਨਾ ਮੁਮਕਿਨ ਹੁੰਦਾ ਹੈ। ਦੇਸ਼ ਦੇ ਬਾਕੀ ਸੂਬਿਆਂ ਵਿੱਚ ਵੀ ਹਾਲਾਤ ਇਹੋ ਜਿਹੇ ਹਨ।

2010-12 ਦੌਰਾਨ ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਤਾਮਿਲਨਾਡੂ ਅਤੇ ਗੁਜਰਾਤ ਵਿੱਚ ਕ੍ਰਮਵਾਰ 57496, 49333,49066,41872 ਔਰਤਾਂ ਦੇ ਜ਼ੁਰਮ ਦੀ ਪੁਸ਼ਟੀ ਹੋਈ ਹੈ। ਸੱਚ-ਮੁੱਚ ਅੰਕੜੇ ਰੌਂਗਟੇ ਖੜ੍ਹੇ ਕਰਦੇ ਹਨ ਅਤੇ ਸਵਾਲ ਵੀ ਕਿ ਆਖਿਰ ਇਸ ਵਰਤਾਰੇ ਦਾ ਕਾਰਨ ਕੀ ਹੈ? ਕਾਰਨ ਆਰਥਿਕ-ਸਮਾਜਿਕ ਕੁੱਝ ਵੀ ਹੋ ਸਕਦਾ ਹੈ। ਪਦਾਰਥਵਾਦੀ ਸੋਚ ਅਤੇ ਅਨੈਤਿਕਤਾ ਵੀ ਇਸ ਦਾ ਅਹਿਮ ਕਾਰਨ ਹੈ। ਔਰਤ ਨਾਲ ਹੁੰਦੀ ਜ਼ਿਆਦਤੀ ਅਤੇ ਇਨਸਾਫ ਦੀ ਅਣਹੋਂਦ ਉਨ੍ਹਾਂ ਨੂੰ ਮਜ਼ਬੂਰਨ ਮੁਜ਼ਰਮ ਬਣਾ ਦਿੰਦੀ ਹੈ। ਫੂਲਨ ਦੇਵੀ ਨਾਲ ਹੋਈ ਜ਼ਿਆਦਤੀ ਜੋ ਇੱਕ ਖਾਸ ਵਰਗ ਵੱਲੋਂ ਕੀਤੀ ਗਈ ਸੀ।

ਅਸਰ ਰਸੂਖ ਦੇ ਕਾਰਨ ਮੁਲਜ਼ਮਾਂ ਨੂੰ ਕੋਈ ਸਜ਼ਾ ਨਹੀਂ ਮਿਲੀ। ਸਿੱਟੇ ਵੱਜੋਂ ਫੂਲਨ ਦੇਵੀ ਨੇ ਹੱਥਿਆਰ ਚੁੱਕ ਲਏ ਸਨ ਤੇ ਉਸੇ ਵਰਗ ਦੇ ਮਰਦਾਂ ਨੂੰ ਘਰੋਂ ਬਾਹਰ ਕੱਢ ਕੇ ਗੋਲੀਆਂ ਨਾਲ ਭੁੰਨ ਦਿੱਤਾ ਸੀ। ਨਸ਼ੇ ਸਮਾਜ ਵਿਰੋਧੀ ਅਨਸਰ ਗਰੀਬੀ ਅਤੇ ਰਾਤੋਂ-ਰਾਤ ਅਮੀਰ ਹੋਣ ਦੀ ਲਾਲਸਾ ਨੇ ਵੀ ਉਨ੍ਹਾਂ ਨੂੰ ਇਸ ਵਰਤਾਰੇ ਵਿੱਚ ਸ਼ਾਮਲ ਹੋਣ ਲਈ ਮਜ਼ਬੂਰ ਕੀਤਾ ਹੈ। ਜਬਰ ਜਿਨਾਹ, ਘਰੇਲੂ ਹਿੰਸਾ, ਦਾਜ ਵਿਰੋਧੀ ਕਾਨੂੰਨ ਵਿੱਚ ਸਖਤੀ ਕਾਰਨ ਸ਼ੱਕੀ ਤੇ ਖੁਦਗਰਜ਼ ਔਰਤਾਂ ਨੇ ਆਪਣੇ ਹਿੱਤ ਪੂਰੇ ਹਨ। ਇਸ ਸੰਵੇਦਨਸ਼ੀਲ ਮੁੱਦੇ ‘ਤੇ ਪ੍ਰਸ਼ਾਸਨ, ਸਮਾਜ ਅਤੇ ਸਿੱਖਿਆ ਸੰਸਥਾਵਾਂ ਲਾਮਬੰਦ ਹੋਣ। ਇਸ ਮਸਲੇ ਦੇ ਕਾਰਨਾਂ ਨੂੰ ਸਮਝਿਆ ਜਾਵੇ ਅਤੇ ਉਨ੍ਹਾਂ ਨੂੰ ਹੱਲ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣੇ ਚਾਹੀਦੇ ਹਨ। ਸਾਰਿਆਂ ਨੂੰ ਸਮਾਜ ਵਿੱਚ ਅਜਿਹੇ ਪ੍ਰਬੰਧ ਕਰਨ ਦੀ ਲੋੜ ਹੈ। ਮਮਤਾ ਦੀ ਮੂਰਤ ਔਰਤ ਜ਼ੁਰਮ ਦੀ ਗੰਦੀ ਦਲਦਲ ਵਿੱਚ ਨਾ ਧੱਸ ਸਕੇ। ਨੈਤਿਕ ਸਿੱਖਿਆ ਨੂੰ ਸਿੱਖਿਆ ਪ੍ਰਣਾਲੀ ਵਿੱਚ ਸ਼ਾਮਲ ਕਰਨਾ ਅਜੋਕੇ ਸਮੇਂ ਦੀ ਅਹਿਮ ਲੋੜ ਹੈ।

ਸੰਪਰਕ: +91 94641 72783

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ