Wed, 24 April 2024
Your Visitor Number :-   6995037
SuhisaverSuhisaver Suhisaver

'ਉੱਤਰ-ਸੱਚ' ਨਹੀਂ, ਨਿਰੋਲ ਝੂਠਾਂ ਦਾ ਦੌਰ -ਸੁਕੀਰਤ

Posted on:- 08-04-2017

ਯੂ ਪੀ ਵਿਚ ਭਾਜਪਾ ਦੀ 'ਸ਼ਾਨਦਾਰ' ਜਿਤ ਤੋਂ ਬਾਅਦ ਗਊ-ਰੱਖਿਆ ਅਤੇ ਬੁਚੜਖਾਨਿਆਂ ਨੂੰ ਬੰਦ ਕਰਨ ਦੇ ਸਵਾਲਾਂ ਉਤੇ ਜੋ ਕੁਝ ਵਾਪਰ ਰਿਹਾ ਹੈ ਉਹ ਬਹੁਤ ਕੋਝੀ ਅਤੇ ਖਤਰਨਾਕ ਹੋਣੀ ਵਲ ਇਸ਼ਾਰਾ ਕਰ ਰਿਹਾ ਹੈ।

ਪਿਛਲੇ ਦੋ ਸਾਤਿਆਂ ਵਿਚ ਉਤਰ ਪ੍ਰਦੇਸ਼  ਦੇ ਨਵੇਂ ਮੁਖ ਮੰਤਰੀ ਯੋਗੀ ਆਦਿਤਿਆਨਾਥ ਨੇ ਹੀ ਆਪਣੇ ਸੂਬੇ ਵਿਚ 'ਗੈਰ-ਕਾਨੂੰਨੀ' ਗਰਦਾਨ ਕੇ ਬੁਚੜਖਾਨੇ ਬੰਦ ਨਹੀਂ ਕਰਾਏ, ਗੁਜਰਾਤ ਸਰਕਾਰ ਨੇ ਵੀ  ਕਾਨੂੰਨ ਪਾਸ ਕੀਤਾ ਹੈ ਕਿ ਗਊ-ਹੱਤਿਆ ਲਈ ਸਜ਼ਾ ਉਮਰ ਕੈਦ ਹੋਵੇਗੀ। ਛਤੀਸਗੜ੍ਹ ਦੇ ਮੁਖ ਮੰਤਰੀ ਨੇ ਐਲਾਨ ਕੀਤਾ ਹੈ ਕਿ ਜੋ ਵੀ ਗੋ-ਹੱਤਿਆ ਦਾ ਦੋਸ਼ੀ ਪਾਇਆ ਜਾਵੇਗਾ, ਉਸਨੂੰ ਫਾਂਸੀ ਲਾਇਆ ਜਾਵੇਗਾ। ਉਸੇ ਹੀ ਸੂਬੇ ਦੇ ਇਕ ਭਾਜਪਾ ਵਿਧਾਇਕ ਨੇ ਬਿਆਨ ਦਿਤਾ ਹੈ ਕਿ ਜੋ ਵੀ ਗਊਆਂ ਨੂੰ ਬਣਦੀ ਇਜ਼ਤ ਨਹੀਂ ਦੇਵੇਗਾ, ਉਸਦੇ ਹਥ-ਪੈਰ ਤੋੜ ਦਿਤੇ ਜਾਣਗੇ। ਵਿਸ਼ਵ ਹਿੰਦੂ ਪਰਿਸ਼ਦ ਦੀ ਮੰਗ ਦਾ 'ਸਤਿਕਾਰ' ਕਰਦਿਆਂ ਝਾਰਖੰਡ ਦੀ ਸਰਕਾਰ ਨੇ ਵੀ ਸਾਰੇ 'ਗੈਰ-ਕਾਨੂੰਨੀ' ਬੁਚੜਖਾਨੇ ਬੰਦ ਕਰ ਦਿਤੇ ਹਨ।

ਪਰ ਵਿਚਾਰਨਯੋਗ ਸਵਾਲ ਇਸ ਵੇਲੇ  ਇਹ ਨਹੀਂ ਕਿ ਕੌਣ ਨਿਰਧਾਰਤ ਕਰੇਗਾ ਕਿ ਕਿਹੜਾ ਬੁਚੜਖਾਨਾ ਗੈਰ-ਕਾਨੂੰਨੀ ਹੈ ਤੇ ਕਿਹੜਾ ਨਹੀਂ, ਜਾਂ ਕੌਣ ਦਸੇਗਾ ਕਿ ਗਊਆਂ ਨੂੰ ਬਣਦੀ ਇਜ਼ਤ ਦੇਣ ਦੇ ਪੈਮਾਨੇ ਕੀ ਹਨ। ਸਵਾਲ ਇਸ ਵੇਲੇ ਇਹ ਹੈ ਕਿ ਇਹੋ ਜਿਹੇ ਗਊ-ਅਧਾਰਤ ਨਵ-ਰਾਸ਼ਟਰਵਾਦ ਦੇ ਆਧਾਰ ਉਤੇ ਜਿਹੜਾ ਮਾਹੌਲ ਸਿਰਜਿਆ ਜਾ ਰਿਹਾ ਹੈ, ਉਹ ਸਾਨੂੰ ਕਿਧਰ ਵਲ ਲਿਜਾ ਰਿਹਾ ਹੈ ?

ਡੇਢ ਸਾਲ ਪਹਿਲਾਂ ਉਤਰ ਪ੍ਰਦੇਸ਼ ਦੇ ਪਿੰਡ ਦਾਦਰੀ ਵਿਚ ਮੁਹੰਮਦ ਅਖਲਾਕ ਨੂੰ ਉਸਦੇ ਘਰ ਵਿਚ ਮਾਰ ਦਿਤਾ ਗਿਆ ਸੀ, ਕਿਉਂਕਿ ਉਸਦੇ ਫਰਿਜ ਵਿਚ ਗਊ-ਮਾਸ ਹੋਣ ਦੀ ਅਫ਼ਵਾਹ ਫੈਲਾਈ ਗਈ ਸੀ  । ਅਜੇ ਛੇ ਮਹੀਨੇ ਪਹਿਲਾਂ ਗੁਜਰਾਤ ਵਿਚ ਗੋ-ਰਖਿਆ ਦੇ ਨਾਂਅ ਉਤੇ ਮਰੇ ਜਾਨਵਰਾਂ ਦਾ ਚੰਮ ਲਾਹੁਣ ਵਾਲੇ ਦਲਿਤਾਂ ਦੀ ਜਨਤਕ ਤੌਰ ਉਤੇ ਚਮੜੀ ਉਧੇੜੀ ਗਈ ਸੀ। ਅਤੇ ਹੁਣ ਹਰਿਆਣਾ ਦੇ ਗਵਾਲੇ ਪਹਿਲੂ ਖਾਨ ਨੂੰ ਗੋ-ਹਤਿਆਰਾ ਕਹਿ ਕੇ ਰਾਜਸਥਾਨ ਦੇ ਸ਼ਹਿਰ ਬਹਿਰੋੜ ਵਿਚ ਮਾਰ ਮੁਕਾਇਆ ਗਿਆ ਹੈ ਜਦੋਂਕਿ ਉਹ ਕਿਸੇ ਪਸ਼ੂ ਮੰਡੀ ਤੋਂ ਆਪਣੀ ਡੇਰੀ ਲਈ ਲਵੇਰੀਆਂ ਖਰੀਦ ਕੇ ਲਿਆ ਰਿਹਾ ਸੀ।

ਇਹ ਸਾਰੀਆਂ ਨਿਹਾਇਤ ਦਿਲ-ਕੰਬਾਊ ਘਟਨਾਵਾਂ ਹਨ ਪਰ ਇਸ ਤੋਂ ਵੀ ਵਧ ਦਹਿਲਾਊ ਗੱਲ ਇਹ ਹੈ ਕਿ ਇਹ ਮੌਤਾਂ, ਇਹ ਜ਼ੁਲਮ, ਇਹ ਧੱਕੇਸ਼ਾਹੀ ਦਰਅਸਲ ਇਕ ਅਜਿਹੇ ਖਤਰਨਾਕ ਮਾਹੌਲ ਵਲ ਇਸ਼ਾਰਾ ਕਰਹੇ ਹਨ ਜਿਹੜਾ ਹੁਣ ਸਾਡੇ ਘਰਾਂ ਦੀਆਂ ਬਰੂਹਾਂ ਉਤੇ ਆਣ ਖੜੋਤਾ ਹੈ, ਸਾਡੇ ਵਾਤਾਵਰਣ ਵਿਚ ਜ਼ਹਿਰ ਘੋਲਣ ਲਗ ਪਿਆ ਹੈ। ਇਸ ਮਾਹੌਲ ਨੂੰ ਸਮਝਣ ਦੀ ਲੋੜ ਹੈ।
ਜਦੋਂ ਵੀ ਕਦੇ ਮਨੁਖ ਕਿਸੇ ਨਿਰੋਲ ਅਣਜਾਣੇ ਮਨੁਖ ਦਾ ਵੈਰੀ ਬਣਦਾ ਹੈ, ਕਿਸੇ ਅਜਿਹੇ ਵਿਅਕਤੀ ਨੂੰ ਕੋਹਣ ਤੋਂ ਝਿਜਕਦਾ ਨਹੀਂ, ਜਿਸਨੂੰ ਉਹ ਜਾਣਦਾ ਤਕ ਨਹੀਂ ਸੀ, ਤਾਂ ਉਸ ਅੰਦਰ ਆਪਣੀ ਫਿਤਰਤ ਕਾਰਨ ਉਪਜੀ ਨਹੀਂ, ਸਗੋਂ ਮਾਹੌਲ ਦੀ ਸਿਰਜੀ ਹੋਈ ਹਿੰਸਾ ਭੜਕ ਰਹੀ ਹੁੰਦੀ ਹੈ । ਉਹ ਇਕ ਅਜਿਹੀ ਨਫ਼ਰਤ ਵਿਚ ਅੰਨ੍ਹਾ ਹੋਇਆ ਹੁੰਦਾ ਹੈ ਜੋ ਉਸਦੇ ਅੰਦਰ ਸੀ ਨਹੀਂ, ਉਸਦੇ ਅੰਦਰ ਪੈਦਾ ਕੀਤੀ ਗਈ ਸੀ।

1947 , 1984, 2002 ਏਸੇ ਨਫ਼ਰਤ ਦੀਆਂ ਅਹਿਮ ਮਿਸਾਲਾਂ ਹਨ ਜੋ ਉਨ੍ਹਾਂ ਵੇਲਿਆਂ ਦੇ ਮਾਹੌਲ ਰਾਹੀਂ ਮਨੁਖ ਅੰਦਰ ਪੈਦਾ ਕੀਤੀ ਗਈ ਸੀ । ਜਦੋਂ ਭਰਾ-ਭਰਾ ਦਾ, ਹਮਸਾਇਆ-ਹਮਸਾਏ ਦਾ, ਇਕ ਫਿਰਕਾ ਦੂਜੇ ਫਿਰਕੇ ਦੇ ਖੂਨ ਦਾ ਪਿਆਸਾ ਹੋ ਗਿਆ ਸੀ । '47 ਵਿਚ ਲੱਖਾਂ ਲੋਕ ਮਾਰੇ ਗਏ, 1984 ਅਤੇ 2002 ਵਿਚ ਹਜ਼ਾਰਾਂ, ਪਰ ਇਨ੍ਹਾਂ ਫਸਾਦਾਂ ( ਤੇ ਇਹੋ ਜਿਹੇ ਅਣਗਿਣਤ ਹੋਰ ਮੁਕਾਬਲਤਨ ਛੋਟੇ ਫਸਾਦਾਂ ਦਾ)  ਸਾਂਝਾ ਸੂਤਰ ਹਮੇਸ਼ਾ ਇਹ ਰਿਹਾ ਹੈ ਕਿ  ਇਹ ਉਨ੍ਹਾਂ ਸਿਆਸਤਦਾਨਾਂ ਦੀਆਂ ਚਾਲਾਂ ਦਾ ਨਤੀਜਾ ਹੁੰਦੇ ਹਨ ਜੋ ਆਪਣੀਆਂ ਵਕਤੀ ਲੋੜਾਂ ਲਈ ਆਮ ਲੋਕਾਂ ਨੂੰ ਵਰਗਲਾ ਲੈਂਦੇ ਹਨ, 'ਹੋਰਨਾਂ' ਪ੍ਰਤੀ ਨਫ਼ਰਤ ਦਾ ਜ਼ਹਿਰ ਘੋਲ ਕੇ ਉਨ੍ਹਾਂ ਅੰਦਰ ਹਿੰਸਕ ਮਾਦਾ ਪੈਦਾ ਕਰਨ  ਵਿਚ ਕਾਮਯਾਬ ਹੋ ਜਾਂਦੇ ਹਨ।

ਅਸੀ ਮੁੜ ਅਜਿਹੇ ਹੀ ਨਫਰਤਾਂ ਦੇ ਦੌਰ ਦੀ ਸਿਰਜਣਾ ਦੇ ਨੰਗੇ ਚਿਟੇ ਉਪਰਾਲਿਆਂ ਦੇ ਸਮਿਆਂ ਵਿਚੋਂ ਲੰਘ ਰਹੇ ਹਾਂ। ਕਲ੍ਹ ਤਕ ਜੇ ਇਹ ਜਾਪਦਾ ਸੀ ਕਿ 'ਅਸਹਿਣਸ਼ੀਲਤਾ' ਦਾ ਦੌਰ ਹੈ, ਜਾਂ ਹਿੰਦੂਤਵ-ਵਾਦੀ ਰਾਸ਼ਟਰਵਾਦ ਦੀ ਚੜ੍ਹਤ ਦਾ ਦੌਰ ਹੈ, ਤਾਂ ਹਾਲੀਆ ਘਟਨਾਵਾਂ ਤੋਂ ਇਹ ਜਾਪਣ ਲਗ ਪਿਆ ਹੈ ਕਿ ਨਹੀਂ, ਇਹ ਤਾਂ ਸਾਫ਼-ਸਾਫ਼ ਫ਼ਿਰਕੂ ਨਫ਼ਰਤਾਂ ਬੀਜਣ, ਅਤੇ ਉਨ੍ਹਾਂ ਤੋਂ ਲਾਹਾ ਖੱਟਣ ਦੇ ਬੇਸ਼ਰਮ ਸਮਿਆਂ ਦਾ ਦੌਰ ਹੈ। ਲੋਕਾਂ ਦੀ ਮਾਨਸਕਤਾ ਨੂੰ 'ਅਸੀ ਲੋਕ ' ਅਤੇ 'ਦੂਜੇ ਲੋਕਾਂ' ਵਿਚ ਵੰਡ ਕੇ ਪੂਰੇ ਦੇਸ ਨੂੰ ਹੀ ਵੰਡਣ ਦੀਆਂ ਖਤਰਨਾਕ ਚਾਲਾਂ ਦੀ ਖੁਲ੍ਹ-ਖੇਡ ਦਾ ਸਮਾਂ ਹੈ।  ਬਹੁਗਿਣਤੀ ਦੇ ਅਸਲੀ ਨੁਮਾਇੰਦੇ ਹੋਣ ਦਾ ਢੌਂਗ ਰਚ ਕੇ ਘਟਗਿਣਤੀਆਂ ਨੂੰ ਦਬਾਉਣ-ਕੁਚਲਣ ਦੀ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਦਾ ਕਾਰਜ ਸ਼ੁਰੂ ਹੋ ਚੁਕਾ ਹੈ।

ਭਾਰਤ ਦੀ ਸਭ ਤੋਂ ਵੱਡੀ ਘਟਗਿਣਤੀ, ਮੁਸਲਮਾਨਾਂ ਨੂੰ ਗੁੱਠੇ ਲਾਉਣ ਦੇ ਇਨ੍ਹਾਂ ਉਪਰਾਲਿਆਂ ਦੀਆਂ ਇਹ ਕੋਸ਼ਿਸ਼ਾਂ  ਕੋਈ ਨਵੀਂ ਗਲ ਨਹੀਂ। ਸਗੋਂ ਇਸ ਕਿਸਮ ਦੀਆਂ  ਧੱਕੇਜ਼ੋਰੀਆਂ ਏਨੀਆਂ ਆਮ ਅਤੇ ਲਗਾਤਾਰ ਹੁੰਦੀਆਂ ਜਾ ਰਹੀਆਂ ਹਨ ਕਿ ਡਰ ਲਗਣ ਪਿਆ ਕੈ ਕਿ ਨਿਤ ਹੋਣ ਵਾਲੇ ਬਲਾਤਕਾਰਾਂ, ਜਾਂ ਭ੍ਰਿਸ਼ਟਾਚਾਰ ਦੇ ਕਿਸਿਆਂ ਵਾਂਗ ਭਾਰਤੀ ਮੁਸਲਮਾਨਾਂ ਨੂੰ ਨਪੀੜਨ ਦੀਆਂ ਨਿਤ ਨਵੀਂਆਂ ਖਬਰਾਂ ਸੁਣਨ ਦੇ ਵੀ ਲੋਕ ਹੁਣ ਆਦੀ ਹੁੰਦੇੇ ਜਾ ਰਹੇ ਹਨ। ਪਰ ਇਸ ਦੇ ਬਾਵਜੂਦ ਰਾਜਸਥਾਨ ਵਿਚ ਜਿਸ ਢੰਗ ਨਾਲ ਪਹਿਲੂ ਖਾਨ ਦੀ ਮੌਤ ਹੋਈ ਉਹ ਕੁਝ ਹੋਰ ਕਿਸਮ ਦੇ ਖਤਰਿਆਂ ਦੇ ਵੀ ਟੱਲ ਖੜਕਾ ਰਹੀ ਹੈ।

ਪਹਿਲੀ ਗੱਲ ਤਾਂ ਇਹ ਕਿ, ਪਸ਼ੂਆਂ ਨੂੰ ਲਿਜਾ ਰਹੇ ਵਾਹਨਾਂ ਨੂੰ ਰੋਕ ਕੇ 'ਗੋ-ਰਖਿਅਕਾਂ' ਨੇ ਸਭ ਤੋਂ ਪਹਿਲਾਂ ਸਾਰਿਆਂ ਦੇ ਨਾਂਅ ਪੁਛੇ। ਹਿੰਦੂ ਨਾਂਵਾਂ ਵਾਲਿਆਂ ਨੂੰ ਛਡ ਦਿਤਾ ਗਿਆ, ਅਤੇ ਮੁਸਲਮਾਨ ਨਾਂਵਾਂ ਵਾਲਿਆਂ ਨੂੰ ਰੋਕ ਲਿਆ ਗਿਆ। ਪੰਜਾਬ ਨੇ ਉਹ ਦਿਨ ਦੇਖੇ ਹੋਏ ਹਨ ਜਦੋਂ ਨਾਂਵਾਂ ਜਾਂ ਸਰੂਪ ਦੇ ਆਧਾਰ ਉਤੇ ਬਸਾਂ ਵਿਚੋਂ ਕੱਢ ਕੇ ਮੁਸਾਫ਼ਰਾਂ ਨੂੰ ਕੋਹਿਆ ਜਾਂਦਾ ਸੀ। ਇਸ ਇਤਿਹਾਸ ਤੋਂ ਵਾਕਫ਼ ਪੰਜਾਬੀਆਂ ਲਈ ਕਿਆਸ ਕਰ ਸਕਣਾ ਔਖਾ ਨਹੀਂ ਕਿ ਇਹ ਕਿਹੋ ਜਿਹੀ ਖਤਰਨਾਕ ਖੇਡ ਖੇਡੀ ਜਾ ਰਹੀ ਹੈ ਅਤੇ ਦੇਸ ਨੂੰ ਕਿਥੇ ਪੁਚਾ ਸਕਦੀ ਹੈ।

ਦੂਜੇ, ਮਿਲੀਆਂ ਰਿਪੋਰਟਾਂ ਮੁਤਾਬਕ ਪਹਿਲੂ ਖਾਨ ਨੂੰ ਪਹਿਲੋਂ ਤਾਂ ਇਹ ਕਹਿ ਕੇ ਛਡ ਦਿਤਾ ਗਿਆ ਕਿ ਤੂੰ ਬੁਢਾ ਆਦਮੀ ਹੈਂ, ਜਾ, ਭਜ ਜਾ।ਪਰ ਜਦੋਂ ਉਹ ਜਾਨ ਬਚਾਉਣ ਲਈ ਭਜਿਆ ਤਾਂ ਉਸ ਦੇ ਪਿਛੇ ਭਜ ਕੇ ਉਸਨੂੰ ਫੇਰ ਫੜਿਆ ਅਤੇ ਕੁਟਿਆ ਗਿਆ। ਅਤੇ ਏਸੇ ਕੁਟ ਕਾਰਨ ਉਸਦੀ ਮੌਤ ਹੋਈ। ਯਾਨੀ ਇਹ 'ਗੋ-ਰਖਿਅਕ' ਦਰਅਸਲ ਇਸ 'ਸ਼ਿਕਾਰ' ਨੂੰ 'ਪਹਿਲੋਂ ਭਜਾ ਕੇ ਫੇਰ ਮਾਰਨ' ਦੀ ਖੇਡ ਦਾ ਮਜ਼ਾ ਲੈ ਰਹੇ ਸਨ। ਗਊਆਂ ਦਾ ਤਾਂ ਐਂਵੇਂ ਬਹਾਨਾ ਹੀ ਸੀ, ਅਸਲ ਮਨਸ਼ਾ ਮੁਸਲਮਾਨਾਂ ਨੂੰ ਮਾਰ ਕੇ ਸੁਆਦ ਲੈਣ ਦੀ ਸੀ। ਉਂਜ ਵੀ, ਦੁਧਾਰੂ ਪਸ਼ੂ ਅਤੇ ਫੰਡਰ ਗਾਂ ਵਿਚਲੇ ਫ਼ਰਕ ਦੀ ਪਛਾਣ ਹਰ ਪੇਂਡੂ ਆਦਮੀ ਸੌਖਿਆਂ ਹੀ ਕਰ ਸਕਦਾ ਹੈ। ਨਾਲੇ ਪਹਿਲੂ ਖਾਨ ਕੋਲ ਤਾਂ ਪਸ਼ੂ-ਮੰਡੀ ਵਿਚੋਂ ਦੁਧਾਰੂ ਗਾਂ ਖਰੀਦਣ ਬਾਰੇ ਕਾਗਜ਼ ਵੀ ਮੌਜੂਦ ਸਨ। ਪਰ ਜੇ ਗੋ-ਰਖਿਅਕਾਂ ਦੀ ਮਨਸ਼ਾ ਅਤੇ ਮਾਨਸਕਤਾ ਹੀ 'ਮਲੇਛਾਂ' ਨੂੰ ਫੁੰਡਣ ਦੀ ਹੋਵੇ ਤਾਂ ਕਿਸੇ ਵੀ ਕਿਸਮ ਦੇ ਦਸਤਾਵੇਜ਼ ਨੂੰ ਉਨ੍ਹਾਂ ਪੜਤਾਲਣਾ ਹੀ ਕਾਹਨੂੰ ਸੀ!

ਤੀਜੀ, ਅਤੇ ਸ਼ਾਇਦ ਸਭ ਤੋਂ ਵਧ ਬੇਸ਼ਰਮੀ ਵਾਲੀ ਗੱਲ। ਘਟਨਾ ਵਾਪਰਨ ਦੇ ਤਿੰਨ ਦਿਨ ਮਗਰੋਂ, ਅਖਬਾਰਾਂ ਹੀ ਨਹੀਂ ਟੀ ਵੀ ਤਕ ਉਤੇ ਇਸ ਮੰਦਭਾਗੀ ਘਟਨਾ ਦੇ ਨਸ਼ਰ ਹੋਣ ਦੇ ਦੋ ਦਿਨ ਬਾਅਦ, ਪਾਰਲੀਮੈਂਟ ਵਿਚ ਪਾਰਲੀਮਾਨੀ ਅਤੇ ਘਟਗਿਣਤੀਆਂ ਦੇ ਰਾਜ ਮੰਤਰੀ ਮੁਖਤਾਰ ਅਬਾਸ ਨਕਵੀ ਨੇ ਇਹ ਬਿਆਨ ਦੇ ਮਾਰਿਆ, " ਜਿਸ ਤਰ੍ਹਾਂ ਦੀ ਘਟਨਾ ਪੇਸ਼ ਕੀਤੀ ਜਾ ਰਹੀ ਹੈ, ਇਹੋ ਜਿਹੀ ਕੋਈ ਘਟਨਾ ਜ਼ਮੀਨ 'ਤੇ ਹੋਈ ਹੀ ਨਹੀਂ"। ਜੇ ਪਾਰਲੀਮੈਂਟ ਵਿਚ ਖੜੋ ਕੇ ਮੰਤਰੀ ਸਾਹਿਬਾਨ ਇਹੋ ਜਿਹੇ ਬਿਆਨ ਦੇ ਸਕਦੇ ਹਨ, ਇੰਜ ਮੁਕਰ ਸਕਦੇ ਹਨ ਤਾਂ ਫੇਰ ਬਾਕੀ ਥਾਂਵਾਂ ਦੀ ਤਾਂ ਗਲ ਹੀ ਛਡੋ। ਸਿਆਸੀ ਜਲਸਿਆਂ ਜਾਂ ਮੀਡੀਏ ਵਿਚ ਵਿਚ ਤਾਂ ਜੋ ਮੂੰਹ ਆਵੇ, ਕਹੀ ਜਾਵੋ। ਕੋਈ ਰੋਕਣ-ਟੋਕਣ ਵਾਲਾ ਹੀ ਨਹੀਂ। ਸ਼ਾਇਦ ਇਹ ਤੱਥਾਂ ਨੂੰ ਤੋੜ ਮਰੋੜ ਕੇ ਬਣਾਏ ਜਾਂਦੇ 'ਉਤਰ-ਸਚ' ਤੋਂ ਵੀ ਅਗਾਂਹ ਦਾ ਜ਼ਮਾਨਾ ਹੈ: ਸੁਧੇ ਝੂਠਾਂ ਦਾ ਦੌਰ।

ਪਰ ਇਹ ਦੌਰ ਸਾਨੂੰ ਨਫ਼ਰਤਾਂ ਦੇ ਜਿਸ ਤੰਦੂਰ ਵਲ ਧਕ ਰਿਹਾ ਹੈ, ਉਹ ਹੁਣ ਤਪਿਆ ਪਿਆ ਹੈ। ਅਸੀ ਜਿਥੇ ਵੀ ਹਾਂ, ਜਿਸ ਵੀ ਸਿਆਸੀ ਵਿਚਾਰਧਾਰਾ ਜਾਂ ਧਾਰਮਕ ਅਕੀਦੇ ਵਾਲੇ ਹਾਂ, ਜੇ ਅਸੀ ਭਾਰਤ ਨੂੰ 'ਹਿੰਦੂ ਪਾਕਿਸਤਾਨ' ਬਣਨ ਤੋਂ ਬਚਾਉਣਾ ਹੈ ਤਾਂ ਸਾਨੂੰ ਚੌਕੰਨਿਆਂ ਰਹਿਣਾ ਪਵੇਗਾ ਕਿ ਕੋਈ ਵੀ ਇਸ ਤਪੇ ਹੋਏ ਤੰਦੂਰ ਵਿਚੋਂ ਆਪਣੀ ਸਿਆਸੀ ਰੋਟੀਆਂ ਨਾ ਸੇਕ ਸਕੇ, ਸਾਨੂੰ ਆਪਣੇ ਝੂਠਾਂ ਨਾਲ ਭਰਮਾ ਨਾ ਲਵੇ, ਸਾਡੇ ਵਿਚ ਵੰਡੀਆਂ ਨਾ ਪਾ ਸਕੇ। ਹੋਰ ਸਾਰੀਆਂ ਗੱਲਾਂ ਨੂੰ ਹਾਲ ਦੀ ਘੜੀ ਲਾਂਭੇ ਰਖ ਕੇ, ਇਸ ਦੌਰ ਵਿਚ ਭਾਰਤ ਦੇ ਮੂਲ ਸਰੂਪ ਨੂੰ ਬਚਾ ਕੇ ਰਖਣਾ ਸਮੇਂ ਦੀ ਫੌਰੀ ਅਤੇ ਪਹਿਲ ਮੰਗਦੀ ਲੋੜ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ