Fri, 19 April 2024
Your Visitor Number :-   6984720
SuhisaverSuhisaver Suhisaver

ਜੁਨੈਦ ਦੀ ਆਪਣੀ ਅੰਮੀ ਦੇ ਨਾਮ ਲਿਖੀ ਇੱਕ ਕਲਪਿਤ ਚਿੱਠੀ

Posted on:- 05-08-2017

 ( ਇਹ ਚਿੱਠੀ ਜੁਨੈਦ ਦੇ ਮਿੱਤਰ ਮੁਹੰਮਦ ਅਜਹਰੂਦੀਨ ਦੁਆਰਾ ਲਿਖੀ ਗਈ ਹੈ , ਜੋ ਹਿੰਦੂਤਵੀ ਦਹਿਸ਼ਤਗਰਦੀ ਖ਼ਿਲਾਫ਼ ਹੋਏ ਕਈ ਰੋਸ ਦਿਖਾਵਿਆਂ `ਚ ਪੜ੍ਹੀ ਜਾ ਚੁੱਕੀ ਹੈ )

                  ਮੇਰੀ ਪਿਆਰੀ ਅੰਮੀ ,

                  ਅਸਲਾਮ ਅਲੈਕੁਮ ਵਾ ਰਹਿਮਤੁੱਲਾਹੇ ਵਾ ਬਰਕਾਤੁਲਾ

            ਉਮੀਦ ਹੈ ਤੁਸੀਂ ਠੀਕ -ਠਾਕ ਹੋਵੋਗੇ , ਖੁਦਾ ਅੱਗੇ ਦੁਆ ਕਰਦਾ ਹਾਂ ਕਿ ਤੁਸੀਂ ਸਦਾ ਠੀਕ ਰਹੋ ।

          ਮਾਂ, ਮੈਂ ਆਪਣੇ ਅਸਲ ਘਰ ਪਹੁੰੰਚ ਗਿਆ ਹਾਂ । ਮੈਂ ਜੱਨਤ `ਚ ਹਾਂ । ਤੁਸੀਂ ਮੈਨੂੰ ਨਵੇਂ ਕਪੜਿਆਂ `ਚ ਦੇਖਣਾ ਚਾਹੁੰਦੇ ਸੀ , ਦੇਖੋ ਮੈਂ ਬਿਲਕੁਲ ਨਵੇਂ ਕੱਪੜੇ ਪਹਿਨੇ ਹੋਏ ਹਨ । ਤੁਸੀਂ ਕੱਪੜੇ ਖ਼ਰੀਦਣ ਲਈ ਮੈਨੂੰ ਦਿੱਲੀ ਭੇਜਿਆ ਸੀ , ਪਰ ਮੇਰਾ ਨਸੀਬ ਮੈਨੂੰ ਜੱਨਤ  ਲੈ ਆਇਆ । ਮੈਂ ਇਥੇ ਆਪਣੇ ਲਈ ਬਿਲਕੁਲ ਨਵਾਂ ਜੋੜਾ ਖ਼ਰੀਦਿਆ ਹੈ ।

      
ਮਾਂ ਮੈਂ ਇਥੇ ਬਹੁਤ ਖੁਸ਼ ਹਾਂ , ਇਥੇ ਭੀੜ ਦਾ ਡਰ  ਨਹੀਂ , ਨਾ ਇਥੇ ਕੋਈ ਭੇਦ -ਭਾਵ ਹੈ । ਮੈਂ ਜੱਨਤ ਦੇ ਬਗੀਚਿਆਂ `ਚ ਟਹਿਲਦਾ ਹਾਂ ਅਤੇ ਇੱਥੇ ਲੱਗੇ ਫ਼ਲ ਖਾਂਦਾ ਹਾਂ । ਇਹ ਦੱਸਣਾ ਤਾਂ ਭੁੱਲ ਹੀ ਗਿਆ ਕਿ ਦੂਜੇ ਸ਼ਹੀਦਾਂ ਨਾਲ ਮੈਂ ਇੱਥੇ ਈਦ ਮਨਾ ਰਿਹਾ ਹਾਂ । ਮੇਰੇ ਨਾਲ ਮੋਹਸਿਨ ਸ਼ੇਖ, ਮਿਨਹਾਜ ਅੰਸਾਰੀ ਅਤੇ ਕਈ ਹੋਰ ਹਨ । ਅਸੀਂ ਸਭ ਇੱਥੇ ਐਸ਼ੋ-ਆਰਾਮ ਨਾਲ ਰਹਿ ਰਹੇ ਹਾਂ । ਪਰ ਮਾਂ ਮੈਨੂੰ ਤੁਹਾਡੀ ਬਹੁਤ ਯਾਦ ਆਉਂਦੀ ਹੈ । ਮੈਂ ਆਪਣੇ ਭਰਾਵਾਂ ਨੂੰ ਵੀ ਨਹੀਂ ਭੁੱਲ ਪਾ ਰਿਹਾ । ਉਹਨਾਂ ਨੂੰ ਵੀ ਤਾਂ ਸੱਟਾਂ ਲੱਗੀਆਂ ਸਨ । ਭੀੜ ਨੇ ਸਾਨੂੰ ਸਭ ਨੂੰ ਚਾਕੂਆਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ । ਪਰ ਦੇਖ ਮਾਂ ਸਭ ਕੁਝ ਬਦਲ ਗਿਆ ਹੁਣ ਮੈਂ ਹਮੇਸ਼ਾ ਜਿੰਦਾ ਰਹਾਂਗਾ ।

ਮਾਂ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਤੁਸੀਂ ਨਵੇਂ ਕੱਪੜੇ ਨਹੀਂ ਪਹਿਨੋਗੇ । ਤੁਸੀਂ ਈਦ `ਤੇ ਸੇਵੀਆਂ ਵੀ ਨਹੀਂ ਬਣਾਓਗੇ । ਪਿਛਲੀਆਂ ਈਦਾਂ ਵਾਂਗ ਤੁਹਾਡੇ ਚਹਿਰੇ `ਤੇ ਖੁਸ਼ੀ ਨਹੀਂ ਹੋਵੇਗੀ ਕਿਉਂਕਿ ਮੈਂ ਤੁਹਾਡੇ ਕੋਲ ਨਹੀਂ ਹੋਵਾਂਗਾ । ਈਦ `ਤੇ ਕਿਸ ਲਈ ਤੁਸੀਂ ਸੇਵੀਆਂ ਬਣਾਉਣਗੇ ? ਕੌਣ ਨਵੇਂ ਕਪੜੇ ਪਹਿਨ ਕੇ ਤੁਹਾਨੂੰ ਖੁਸ਼ ਕਰਨ ਤੁਹਾਡੇ ਕੋਲ ਆਵੇਗਾ ? ਕੌਣ  ਘਰ ਦੇ ਆਲੇ -ਦੁਆਲੇ ਸ਼ਰਾਰਤਾਂ ਕਰਦਾ ਫਿਰੇਗਾ । ? ਤੁਸੀਂ ਹਮੇਸ਼ਾ ਮੈਨੂੰ ਨਵੇਂ ਕਪੜੇ ਖ਼ਰੀਦਣ ਭੇਜ ਦਿੰਦੇ ਸੀ ਤਾਂ ਕਿ ਮੈਂ ਲਾੜੇ ਦੀ ਤਰ੍ਹਾਂ ਸੋਹਣਾ ਲੱਗਾਂ, ਪਰ ਮੈਂ ਕੀ ਕਰਾਂ ਮਾਂ ਕਈ ਗੱਲਾਂ ਸਾਡੇ ਹੱਥ-ਵੱਸ ਨਹੀਂ ਹੁੰਦੀਆਂ ...ਤੁਸੀਂ ਮੈਨੂੰ ਮੇਰੇ ਨਵੇਂ ਕੱਪੜਿਆਂ `ਚ ਨਹੀਂ ਦੇਖ ਸਕੋਗੇ ।
       
ਮਾਂ , ਪ੍ਰੇਸ਼ਾਨ ਨਾ ਹੋਵੋ , ਜੱਨਤ `ਚ ਹੂਰਾਂ ਨਾਲ ਮੇਰਾ ਵਿਆਹ ਹੋ ਗਿਆ ਹੈ । ਤੁਸੀਂ ਮੈਨੂੰ ਦੇਖ ਕੇ ਬਹੁਤ ਖੁਸ਼ ਹੋਵੋਗੇ । ਪਹਿਲੂ ਖਾਨ ਤੇ ਅਖ਼ਲਾਕ ਵੀ ਮੇਰੀ ਬਾਰਾਤ `ਚ ਆਏ ਸਨ  ਪਰ ਮਾਂ ਤੁਸੀਂ ਇਹ ਸਭ ਗੱਲਾਂ ਬਾਰੇ ਨਾ ਸੋਚੋ । ਧਰਤੀ `ਤੇ ਜ਼ਿੰਦਗੀ ਬਹੁਤ ਛੋਟੀ ਹੁੰਦੀ ਹੈ । ਇਕ ਦਿਨ ਤੁਸੀਂ ਵੀ ਮੇਰੇ ਕੋਲ ਆਵੋਂਗੇ ਉਦੋਂ ਆਪਾਂ ਇਕੱਠੇ ਰਹਾਂਗੇ ।
        
ਮਾਂ ਮੈਨੂੰ ਤੁਹਾਡੇ ਤੋਂ ਇੱਕ ਸ਼ਿਕਾਇਤ ਹੈ , ਸੁਣੋਗੇ ਨਾ ?  ਤੁਸੀਂ ਝੂਠ ਬੋਲਦੇ ਸੀ ਕਿ ਹਿੰਦੂ ਅਤੇ ਮੁਸਲਮਾਨ ਭਾਈ -ਭਾਈ ਹਨ , ਲੇਕਿਨ ਜਦੋਂ ਭੀੜ ਮੈਨੂੰ ਮਾਰਨ ਆਈ ਕੋਈ ਮੈਨੂੰ ਬਚਾਉਣ ਨਹੀਂ ਆਇਆ । ਸਾਰੇ ਚੁੱਪਚਾਪ ਤਮਾਸ਼ਾ ਦੇਖਦੇ ਰਹੇ । ਮੈਂ ਮੱਦਦ ਲਈ ਕੁਰਲਾਉਂਦਾ ਰਿਹਾ ਪਰ ਲੋਕ ਮੈਨੂੰ ਬਚਾਉਣ ਦੀ ਥਾਂ ਮੇਰੇ ਲਹੂ -ਲੁਹਾਣ ਦੀ ਵੀਡੀਓ ਬਣਾਉਂਦੇ ਰਹੇ । ਕੀ ਕੋਈ ਆਪਣੇ ਭਾਈ ਨੂੰ ਮੌਤ ਦੇ ਮੂੰਹ ਜਾਂਦੇ  ਦੇਖਦਾ ਰਹੂਗਾ ? ਕੀ ਭਰਾ ਨਾਲ ਅਜਿਹਾ ਹੁੰਦਿਆਂ ਕੋਈ ਵੀਡੀਓ ਉਤਾਰਦਾ ਰਹੂਗਾ ? ਮਾਂ ਰੱਬ ਕਰਕੇ ਹੋਰ ਝੂਠ ਨਾ ਬੋਲੋ ; ਹੁਣ ਇਹ ਨਾ ਆਖਣਾ ਕਿ ਆਪਣੀ ਮੱਦਦ ਲਈ ਸਰਕਾਰ ਹੈ । ਹੁਣ ਤਾਂ ਤੁਸੀਂ ਵੀ ਦੇਖ ਲਿਆ ਹੋਣਾ ਕਿ ਮੋਦੀ ਜੀ ਨੇ ਮੇਰੀ ਮੌਤ `ਤੇ ਦੋ ਹਰਫ਼ ਤੱਕ ਨਹੀਂ ਆਖੇ ?
      
ਇਹ ਅਫਵਾਹ ਵੀ ਨਾ ਫੈਲਾਓ ਕਿ ਸਮਾਜ ਤੇ ਸਿਆਸਤ ਸਾਡੇ ਰਖਵਾਲੇ ਹਨ । ਆਪ  ਹੁਣ ਹਰ ਗੱਲ ਜਾਣਦੀ ਹੋ ਕੁਝ ਨੇਤਾ ਵਿਰੋਧ `ਚ ਨੇ ਕੁਝ ਨੂੰ ਇਫਤਾਰ ਪਾਰਟੀਆਂ ਤੋਂ ਵੇਹਲ ਨਹੀਂ ਮਿਲਦੀ ਕੁਝ ਸਿਆਸਤ ਦੇ ਗਲਿਆਰਿਆਂ `ਚ ਸੈਲਫੀਆਂ ਲੈਣ ਨਿਕਲੇ ਹਨ । ਕਿਸੇ ਨੂੰ ਵੀ ਤੁਹਾਡੀ ਜਾਂ ਮੇਰੀ ਪ੍ਰਵਾਹ ਨਹੀਂ ਹੈ । ਕੀ ਤੁਸੀਂ ਇਨਸਾਨ ਨਹੀਂ ਹੋ ? ਕੀ ਮੇਰੇ ਦਿਲ `ਚ ਕੁਰਾਨ -ਏ - ਪਾਕ ਨਹੀਂ ਹੈ ? ਤਾਂ ਫਿਰ ਕਿਓਂ ਨਹੀਂ ਉਹ ਸਾਡਾ ਹਾਲ ਪੁੱਛਣ ਆਉਂਦੇ ?
      ਠੀਕ ਹੈ ਮਾਂ ਇਸ ਗੱਲ ਨੂੰ ਇੱਥੇ ਹੀ ਛੱਡ ਦਿੰਦੇ ਹਾਂ ।
          
ਇੱਕ ਗੱਲ ਤੁਸੀਂ ਹਮੇਸ਼ਾ ਠੀਕ ਕਹਿੰਦੇ ਸੀ ਕਿ ਕੋਈ ਨਹੀਂ ਹੈ ਪਰ ਅੱਲ੍ਹਾ ਹੈ ਜਿਸਦੇ ਵੱਲ ਆਪਾਂ ਦੇਖ ਸਕਦੇ ਹਾਂ । ਕੀ ਤੁਸੀਂ ਦੇਖ ਪਾ ਰਹੇ ਹੋ ਮਾਂ ? ਦੁਖੀ ਉਸਦੀ ਛਾਂ `ਚ ਬੈਠੇ ਹੋਏ ਹਨ । ਇੱਥੇ ਕੋਈ ਸਾਨੂੰ ਪਾਕਿਸਤਾਨੀ ਨਹੀਂ ਕਹਿੰਦਾ । ਸਾਨੂੰ ਕੋਈ ਭਜਾਉਂਦਾ ਨਹੀਂ ਤੇ ਸ਼ੱਕ ਦੀ ਨਿਗਾਹ ਨਾਲ ਨਹੀਂ ਦੇਖਦਾ ।
           
ਪਹਿਲੂ ਖਾਨ ਨੂੰ ਆਪਣੀ ਬੁੱਢੀ ਮਾਂ ਦੀ ਬਹੁਤ ਯਾਦ ਆਉਂਦੀ ਹੈ , ਮੈਂ ਚਾਚਾ ਅਖ਼ਲਾਕ ਦੇ ਚਿਹਰੇ `ਤੇ ਮੌਜੂਦ ਦ੍ਰਿੜਤਾ ਨੂੰ ਦੇਖ ਸਕਦਾ ਹਾਂ । ਓਹਨੂੰ ਆਪਣੀ ਵਿਧਵਾ ਦੀ ਬਹੁਤ ਯਾਦ ਆਉਂਦੀ ਹੈ ਤੇ ਬੱਚਿਆਂ ਦੀ ਵੀ ; ਅਤੇ ਸੈਫ਼ਉਲ੍ਹਾ ਆਪਣੇ ਅੱਬੂ ਤੋਂ ਬਹੁਤ ਨਾਰਾਜ਼ ਹੈ । ਸਿਆਸੀ ਭੇੜੀਆਂ ਨੇ ਉਸਨੂੰ ਨੋਚ ਲਿਆ ਸੀ । ਉਸ ਤੇ ਗ਼ਲਤ ਇਲਜ਼ਾਮ ਲਗਾ ਕੇ ਮਾਰ ਦਿੱਤਾ । ਉਸ ਤੋਂ ਬਾਅਦ ਉਸਦੇ ਪਿਤਾ ਵਰਗਲਾ ਕੇ ਉਸਦੇ ਉਲਟ ਬਿਆਨ ਦਿਵਾਇਆ ਗਿਆ । ਮਾਂ ਲੋਕ ਬੜੇ ਅਜੀਬ ਸ਼ੈਅ ਹੁੰਦੇ ਨੇ ਮੇਰੇ ਕਤਲ `ਤੇ ਵੀ ਉਹ ਦੋ ਫਿਰਕਿਆਂ `ਚ ਵੰਡੇ ਗਏ । ਕੁਝ ਨੇ ਤੁਹਾਡੇ ਨਾਲ ਦੁੱਖ ਸਾਂਝਾ ਕੀਤਾ ਈਦ ਦੀ ਨਮਾਜ਼ ਵੀ ਕਾਲੀਆਂ ਪੱਟੀਆਂ ਬੰਨ੍ਹ ਕੇ ਪੜ੍ਹੀ ।ਕੁਝ ਨੇ ਉਹਨਾਂ ਖ਼ਿਲਾਫ਼ ਫਤਵੇ ਜਾਰੀ ਕੀਤੇ । ਬਹੁਤ ਸਾਰੇ ਲੋਕਾਂ ਨੇ ਫਤਵਿਆਂ ਦੀ ਪ੍ਰਵਾਹ ਕੀਤੇ ਬਿਨਾਂ ਇੰਝ ਕੀਤਾ ਅੱਲਾਹ ਉਹਨਾਂ ਨੂੰ ਨੇਕੀ ਕਰਨ ਦੀ ਹਿੰਮਤ ਬਖਸ਼ੇ । ਪਰ ਇਸ ਤਰ੍ਹਾਂ ਕਰਨ ਨਾਲ ਮੈਨੂੰ ਇਨਸਾਫ ਮਿਲੇਗਾ ?  ਕੀ ਇਹ ਸਭ ਕਰਨ ਨਾਲ ਤੁਹਾਡੀ ਖੁਸ਼ੀਆਂ ਵਾਪਸ ਆ ਜਾਣਗੀਆਂ ।
      
ਮੈਂ ਜਾਣਦਾ ਹਾਂ ਕਿ ਮੈਨੂੰ ਇਨਸਾਫ ਨਹੀਂ ਮਿਲਣਾ , ਨਾ ਹੀ ਤੁਹਾਡੇ ਚਿਹਰੇ ਦੀ ਮੁਸਕਰਾਹਟ ਵਾਪਸ ਆਉਣ ਵਾਲੀ ਹੈ  ਕਿਉਂਕਿ ਜਿਸ ਜੁਨੈਦ ਨੂੰ ਤੁਸੀਂ ਨਵੇਂ ਕੱਪੜੇ ਲੈਣ ਬਾਜ਼ਾਰ ਭੇਜਿਆ ਸੀ ਉਹ ਵਾਪਸ ਨਹੀਂ ਆਉਣਾ  ਕਿਉਂਕਿ ਸਾਡੇ ਨੇਤਾਵਾਂ ਨੂੰ , ਅਸਲ `ਚ ਸਾਡੇ ਨਹੀਂ ਤੁਹਾਡੇ ...... ਨੇਤਾਵਾਂ ਨੂੰ ਕੋਈ ਫਰਕ ਨਹੀਂ ਪੈਣ ਵਾਲਾ ।
                
ਮੇਰੇ ਚਲੇ ਜਾਣ ਦਾ ਭੋਰਾ ਵੀ ਗ਼ਮ ਨਾ ਕਰਨਾ ਅਤੇ ਰੋਣਾ ਨਹੀਂ ... ਕਿਉਂਕਿ ਮਰੇ ਹੋਏ ਲੋਕਾਂ ਲਈ ਰੋਇਆ ਜਾਂਦਾ ਹੈ ਮਗਰ ਮੈਂ ਤਾਂ ਅਮਰ ਹੋ ਗਿਆ ਹਾਂ । ਮੈਂ ਜਿੰਦਾ ਹਾਂ ।
                   
ਮੈਨੂੰ ਹਮੇਸ਼ਾ ਆਪਣੀਆਂ ਦੁਆਵਾਂ `ਚ ਯਾਦ ਕਰਨਾ ਤੇ ਕੁਰਾਨ ਦੀਆਂ ਆਇਤਾਂ ਨੂੰ ਦੁਹਰਾਉਂਦੇ ਰਹਿਣਾ ।
                                                         

                                                        ਹਾਫਿਜ਼ ਜੁਨੈਦ ਸ਼ਹੀਦ
                                         ਨਿਵਾਸ - ਜੱਨਤ ਉਲ ਫਿਰਦੌਸ

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ